18 April 2011

ਕਾਂਗਰਸ ਦੀ ਵਿਸਾਖੀ ਕਾਨਫਰੰਸ ਨੇ ਹਾਕਮ ਧਿਰ ਨੂੰ ਚਿੰਤਾ 'ਚ ਡੋਬਿਆ

                     ਰਾਜ ਦੀ ਖੁਫ਼ੀਆ ਏਜੰਸੀ ਨੇ ਮੇਲੇ ਬਾਅਦ ਕੀਤੀ ਜਗਾਹ ਦੇ ਪੈਮਾਇਸ
           ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਝਾੜ ਝੰਭ ਕੀਤੀ
    ਵਿਸਾਖੀ ਦੇ ਮੇਲੇ ਤੇ ਤਲਵੰਡੀ ਸਾਬੋ ਵਿਖੇ ਹੋਈ ਕਾਂਗਰਸ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਮਿਲੇ ਉਤਸ਼ਾਹਜਨਕ ਹੁੰਗਾਰੇ ਨੇ ਹਾਕਮ ਧਿਰ ਨੂੰ ਇਸ ਕਦਰ ਚਿੰਤਾ ਵਿੱਚ ਡੋਬ ਦਿੱਤਾ ਹੈ, ਕਿ ਅਸਲੀਅਤ ਦਾ ਵਿਸਲੇਸਣ ਕਰਵਾਉਣ ਲਈ ਰਾਜ ਦੀ ਖੁਫ਼ੀਆ ਏਜੰਸੀ ਤੋਂ ਵਿਰੋਧੀ ਧਿਰ ਦੇ ਸਮਾਗਮ ਵਾਲੀ ਥਾਂ ਦੀ ਪੈਮਾਇਸ਼ ਕਰਵਾਉਣ ਤੋਂ ਇਲਾਵਾ ਅਕਾਲੀ ਕਾਨਫਰੰਸ ਨੂੰ ਮਿਲੇ ਮੱਠੇ ਹੁੰਗਾਰੇ ਦੀ ਵਜ•ਾ ਕਾਰਨ ਮਾਲਵੇ ਨਾਲ ਸਬੰਧਤ ਆਪਣੇ ਆਗੂਆਂ ਦੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਫ਼ੀ ਝਾੜ ਝੰਭ ਕਰਨ ਦੀ ਵੀ ਇਤਲਾਹ ਮਿਲੀ ਹੈ।
ਇਹ ਯਕੀਨੀ ਬਣਾਉਣ ਲਈ ਕਿ ਦਲ ਤੋਂ ਵੱਖ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ 27 ਮਾਰਚ ਨੂੰ ਖਟਕੜ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਤੋਂ ਵੀ ਵੱਡਾ ਇਕੱਠ ਜੋੜ ਕੇ ਵਰਕਰਾਂ ਵਿੱਚ ਆਈ ਨਿਰਾਸਤਾ ਨੂੰ ਦੂਰ ਕਰਨ ਤੋਂ ਇਲਾਵਾ ਕਾਂਗਰਸ ਦੀ ਹਾਲਤ ਵੀ ਪਾਣੀ ਤੋਂ ਪਤਲੀ ਹੋ ਜਾਵੇ, ਸ੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਭਾਈ ਡੱਲ ਸਿੰਘ ਦੀਵਾਨ ਹਾਲ ਦੀ ਬਜਾਏ ਆਪਣੀ ਕਾਨਫਰੰਸ ਮੇਲੇ ਤੋਂ ਬਾਹਰ ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿਖੇ ਆਯੋਜਤ ਕਰਨ ਦਾ ਫੈਸਲਾ ਲਿਆ ਸੀ। ਇੱਥੇ ਹੀ ਬੱਸ ਨਹੀਂ ਬਲਕਿ ਆਪਣੇ ਅਸਰ ਰਸੂਖ ਰਾਹੀਂ ਇਹ ਵੀ ਪੁਖਤਾ ਪ੍ਰਬੰਧ ਕਰ ਲਏ ਸਨ, ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਪਾਰਟੀ ਨੂੰ ਰਾਜਸੀ ਕਾਨਫਰੰਸ ਲਈ ਜਗਾਹ ਅਲਾਟ ਨਾ ਕਰੇ।
ਹਾਕਮ ਧਿਰ ਦੀ ਇਸ ਸਤਰੰਜੀ ਚਾਲ ਨੂੰ ਇੱਕ ਚਣੌਤੀ ਵਜੋਂ ਲੈਂਦਿਆਂ ਕਾਂਗਰਸ ਪਾਰਟੀ ਨੇ ਜਿੱਥੇ ਖੜੀ ਕਣਕ ਵਾਲੀ ਦਸ ਏਕੜ ਜਮੀਨ ਠੇਕੇ ਤੇ ਲੈ ਲਈ, ਉੱਥੇ ਆਪਣੀ ਕਾਨਫਰੰਸ ਦੀ ਸਫ਼ਲਤਾ ਯਕੀਨੀ ਬਣਾਉਣ ਵਾਸਤੇ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਣਇੰਦਰ ਸਿੰਘ ਅਤੇ ਤਲਵੰਡੀ ਸਾਬੋ ਦੇ ਵਿਧਾਇਕ ਸ੍ਰੀ ਜੀਤਮੁਹਿੰਦਰ ਸਿੰਘ ਸਿੱਧੂ ਨੇ ਦਿਨ ਰਾਤ ਇੱਕ ਕਰ ਦਿੱਤਾ। ਹਾਲਾਂਕਿ ਕਾਂਗਰਸ ਦੀ ਰੈਲੀ ਨੂੰ ਅਸਫ਼ਲ ਬਣਾਉਣ ਦੀ ਮਨਸਾ ਨਾਲ ਪੁਲਿਸ ਨੇ ਉੱਥੇ ਜਾਣ ਵਾਲੀਆਂ ਬੱਸਾਂ ਕਾਰਾਂ ਆਦਿ ਦਾ ਨਿਰਧਾਰਤ ਰੂਟ ਤਬਦੀਲ ਕਰਕੇ ਹੋਰ ਦਿਸਾਵਾਂ ਵੱਲ ਮੋੜਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਬਾਵਜੂਦ ਇਸਦੇ ਭੀੜ ਏਨੀ ਜਿਆਦਾ ਜੁੜ ਗਈ ਕਿ ਉਸਨੇ ਨਾ ਸਿਰਫ ਅਕਾਲੀ ਦਲ ਦੇ ਇਕੱਠ ਤੋਂ ਵੱਡਾ ਰੂਪ ਧਾਰਨ ਕਰ ਲਿਆ, ਬਲਕਿ ਆਪਣਿਆਂ ਤੇ ਵਿਰੋਧੀਆਂ ਨੂੰ ਵੀ ਦੰਗ ਕਰਕੇ ਰੱਖ ਦਿੱਤਾ। ਜਿਸਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਤੋਂ ਲੈ ਕੇ ਜਗਮੀਤ ਬਰਾੜ ਤੱਕ ਦੇ ਸੀਨੀਅਰ ਆਗੂਆਂ ਨੇ ਰਣਇੰਦਰ ਤੇ ਜੀਤ ਮੁਹਿੰਦਰ ਜੋੜੀ ਦੀ ਜਥੇਬੰਦਕ ਕੁਸਲਤਾ ਦੀ ਰੱਜ ਕੇ ਤਾਰੀਫ਼ ਕੀਤੀ। ਇੱਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ ਦਾ ਇਕੱਠ ਲੋਕ ਸਭਾ ਹਲਕਾ ਬਠਿੰਡਾ ਤੱਕ ਹੀ ਸੀਮਤ ਸੀ।
ਜਿੱਥੋਂ ਤੱਕ ਹਾਕਮ ਅਕਾਲੀ ਦਲ ਦਾ ਸੁਆਲ ਹੈ ਇਸਦੀ ਕਾਨਫਰੰਸ ਦੀ ਸਫ਼ਲਤਾ ਲਈ ਮੁੱਖ ਜੁਮੇਵਾਰੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥ ਲੈ ਰੱਖੀ ਸੀ। ਵਿਸਾਖੀ ਤੋਂ ਪਹਿਲਾਂ ਮਾਲਵਾ ਖਿੱਤੇ ਦੇ ਫੇਰੇ ਲਾਉਣ ਤੋਂ ਇਲਾਵਾ ਉਹਨਾਂ ਗੱਡੀਆਂ ਆਦਿ ਦੇ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਸਨ। ਦਲ ਦੇ ਅੰਦਰਲੇ ਸੂਤਰਾਂ ਅਨੁਸਾਰ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਲਈ ਮਾਲਵੇ ਤੋਂ ਇਲਾਵਾ ਦੂਜੇ ਖਿੱਤਿਆਂ ਦੇ ਆਗੂਆਂ ਦੀਆਂ ਵੀ ਸੇਵਾਵਾਂ ਲਈਆਂ ਗਈਆਂ ਸਨ। ਹਾਲਾਂਕਿ ਦਲ ਦਾ ਟੀਚਾ ਇੱਕ ਲੱਖ ਦੀ ਰੈਲੀ ਕਰਨ ਦਾ ਸੀ, ਲੇਕਿਨ ਉਤਸ਼ਾਹ ਇਸ ਕਦਰ ਮੱਠਾ ਰਿਹਾ ਕਿ ਕਾਂਗਰਸ ਦੀ ਰੈਲੀ ਦੇ ਮੁਕਾਬਲੇ ਅਕਾਲੀ ਦਲ ਦੀ ਕਾਨਫਰੰਸ ਕਾਫ਼ੀ ਬੌਣੀ ਜਾਪਦੀ ਸੀ। ਇੱਥੇ ਹੀ ਬੱਸ ਨਹੀਂ ਬਲਕਿ ਜਦ ਦਲ ਦੇ ਸ੍ਰਪਰਸਤ ਤੇ ਮੁੱਖ ਮੰਤਰੀ ਸ੍ਰ: ਬਾਦਲ ਸੰਬੋਧਨ ਕਰਨ ਲਈ ਉੱਠੇ ਤਾਂ ਉਹਨਾਂ ਦੇ ਪੰਡਾਲ ਵਿੱਚ ਗਿਣਤੀ ਅੱਧ ਤੱਕ ਹੀ ਰਹਿ ਗਈ ਸੀ।
ਭਾਵੇਂ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਵਿਚਾਰਾਂ ਵਿੱਚ ਕਾਫ਼ੀ ਫਰਕ ਹੈ, ਲੇਕਿਨ ਇੱਕ ਗੱਲ ਪੂਰੀ ਤਰ•ਾਂ ਸਪਸ਼ਟ ਹੋ ਗਈ ਕਿ ਇਸ ਵਾਰ ਵਿਸਾਖੀ ਦਾ ਮੇਲਾ ਦੋਵੇਂ ਸਾਢੂ ਲੁੱਟ ਕੇ ਲੈ ਗਏ, ਕਿਉਂਕਿ ਜਿੱਥੇ ਕੈਪਟਨ ਸਭ ਤੋਂ ਵੱਡੀ ਕਾਂਨਫਰੰਸ ਦੇ ਪ੍ਰਮੁੱਖ ਬੁਲਾਰੇ ਸਨ ਉਥੇ ਸ੍ਰ: ਮਾਨ ਆਪਣੇ ਅਹਿਦ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਬੂਤਰੇ ਤੇ ਵਿਸਾਖੀ ਦਾ ਸੰਦੇਸ ਦੇ ਕੇ ਸਿੱਖ ਭਾਈਚਾਰੇ ਗਰਮ ਸੁਭਾ ਵਾਲੇ  ਹਿੱਸੇ ਦੀ ਵਾਹ ਵਾਹ ਖੱਟਣ ਵਿੱਚ ਸਫ਼ਲ ਹੋ ਗਏ।
ਦੋਵਾਂ ਪਾਸਿਆਂ ਤੋਂ ਪਈ ਇਸ ਮਾਰ ਨੇ ਅਕਾਲੀ ਦਲ ਬਾਦਲ ਨੂੰ ਡਾਢੀ ਚਿੰਤਾ ਤੇ ਨਿਰਾਸਤਾ ਵਿੱਚ ਡੋਬ ਕੇ ਰੱਖ ਦਿੱਤੈ, ਵੋਟ ਰਾਜਨੀਤੀ ਦੇ ਲਿਹਾਜ ਨਾਲ ਮਾਨ ਦਲ ਦੇ ਮੁਕਾਬਲੇ ਕਿਉਂਕਿ ਕਾਂਗਰਸ ਪਾਰਟੀ ਨੂੰ ਮਿਲਿਆ ਉਤਸ਼ਾਹ ਜਨਕ ਹੁੰਗਾਰਾ ਕਿਤੇ ਵੱਧ ਮਹੱਤਵ ਰਖਦਾ ਹੈ, ਇਸ ਲਈ ਅਸਲੀਅਤ ਕੀ ਹੈ ਇਹ ਜਾਣਨ ਲਈ ਸਰਕਾਰ ਨੇ ਤੱਥਾਂ ਸਮੇਤ ਆਪਣੇ ਖੁਫ਼ੀਆ ਤੰਤਰ ਤੋਂ ਵਿਸਥਾਰ ਪੂਰਵਕ ਰਿਪੋਰਟ ਤਲਬ ਕਰ ਲਈ। ਇਸ ਮਕਸਦ ਵਾਸਤੇ ਖੁਫ਼ੀਆ ਕਰਮਚਾਰੀਆਂ ਨੇ ਸੁਭਾ ਤੋਂ ਲੈ ਕੇ ਕੱਲ ਦੇਰ ਸ਼ਾਮ ਤੱਕ ਕਾਂਗਰਸ ਦੀ ਕਾਨਫਰੰਸ ਵਾਲੀ ਥਾਂ ਦੀ ਕਈ ਵਾਰ ਪੈਮਾਇਸ਼ ਕੀਤੀ ਤਾਂ ਕਿ ਭੀੜ ਦੀ ਗਿਣਤੀ ਦਾ ਹਿਸਾਬ ਕਿਤਾਬ ਲਾਇਆ ਜਾ ਸਕੇ। ਦਲ ਦੇ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਕਾਨਫਰੰਸ ਨੂੰ ਮਿਲੇ ਮੱਠੇ ਹੁੰਗਾਰੇ ਤੋਂ ਖ਼ਫਾ ਹੋਏ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਮਾਲਵੇ ਨਾਲ ਸਬੰਧਤ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਵੀ ਕਾਫ਼ੀ ਝਾੜ ਝੰਭ ਕੀਤੀ।
ਵਿਸਾਖੀ ਮੇਲੇ ਮੌਕੇ ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਮਿਲੇ ਵਿਆਪਕ ਹੁੰਗਾਰੇ ਨੂੰ ਜੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਦੇਖਿਆ ਪਰਖਿਆ ਜਾਵੇ ਤਾਂ ਇਹ ਅਕਾਲੀ ਦਲ ਲਈ ਸੁਭ ਸੰਕੇਤ ਨਹੀਂ, ਕਿਉਂਕਿ ਮੁੱਖ ਮੰਤਰੀ ਵੱਲੋਂ ਆਪਣੇ ਭਤੀਜੇ ਵਿਰੁੱਧ ਚੱਲ ਰਹੀ ਮੁਹਿੰਮ ਦੀ ਕਮਾਂਡ ਖ਼ੁਦ ਆਪਣੇ ਹੱਥ ਲੈਣ ਦੇ ਬਾਵਜੂਦ ਵੀ ਅਜੇ ਤੱਕ ਮਨਪ੍ਰੀਤ ਬਾਦਲ ਦੀ ਵਧ ਰਹੀ ਕਾਗ ਨੂੰ ਠੱਲ• ਨਹੀਂ ਪੈ ਰਹੀ।
-ਬੀ. ਐਸ. ਭੁੱਲਰ-
ਲੇਖਕ ਉਘੇ ਪੱਤਰਕਾਰ ਹਨ

13 April 2011

ਲੰਬੀ 'ਚ ਨੌਜਵਾਨ 'ਤੇ ਅਣਮਨੁੱਖੀ ਤਸ਼ੱਦਦ ਕਰਕੇ ਕੀਤੀ ਸਬ ਇੰਸਪੈਕਟਰ ਅਤੇ ਤਿੰਨ ਪੁਲਿਸ ਮੁਲਾਜਮਾਂ ਨੇ ਚੋਰੀ ਦੀ ਤਫਤੀਸ਼

                                                                    -ਹਾਕਮਾਂ ਦੇ ਹਲਕੇ ਦੀ ਖਾਕੀ ਦੀ ਕਰਤੂਤ-
              -ਮਿਰਚਾਂ ਵਾਲੇ ਪਾਣੀ ਨਾਲ ਭਰੀ ਬਾਲਟੀ 'ਚ ਸਿਰ ਡੁਬੋਇਆ-ਢੂਈ 'ਤੇ ਚੜ੍ਹ ਕੇ ਮਾਰ-ਕੁੱਟ ਦਾ ਦੋਸ਼ -
              

                                                                                         -ਇਕਬਾਲ ਸਿੰਘ ਸ਼ਾਂਤ-
               ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਵਿਖੇ ਇੱਕ ਗੈਸ Âਜੇਂਸੀ 'ਚ ਹੋਈ ਚੋਰੀ ਦੀ ਤਫਤੀਸ਼ ਦੌਰਾਨ ਥਾਣਾ ਲੰਬੀ ਦੇ ਇੱਕ ਸਬ ਇੰਸਪੈਕਟਰ, ਤਿੰਨ ਹੈੱਡ ਕਾਂਸਟੇਬਲਾਂ ਅਤੇ ਗੈਸ Âਜੇਂਸੀ ਮਾਲਕ ਵੱਲੋਂ ਗੈਸ Âਜੇਂਸੀ ਦੇ ਇੱਕ ਕਰਮਚਾਰੀ ਦੀ ਕਥਿਤ ਤੌਰ 'ਤੇ ਮਾਰ-ਕੁੱਟ ਕਰਨ ਤੇ ਉਸਨੂੰ ਬੜ੍ਹੀ ਬੇਰਹਿਮੀ ਨਾਲ ਅਣਮਨੁੱਖੀ ਤਸੀਹੇ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
             ਇਹ ਹੈਰਾਨਕੁੰਨ ਕਾਰਨਾਮਾ ਵੀ ਸੂਬੇ ਦੇ ਹਾਕਮਾਂ ਦੀ 'ਲਾਡਲੀ' ਲੰਬੀ ਪੁਲਿਸ ਦੇ ਹਿੱਸੇ ਹੀ ਆਉਂਦਾ ਹੈ ਕਿ ਜਿਸਨੇ ਇੱਕ ਚੋਰੀ ਨੂੰ ਕਢਵਾਉਣ ਲਈ 'ਥਰਡ ਡਿਗਰੀ' ਜਿਹੀ ਵਰਤੋਂ ਕਰਦਿਆਂ ਇੱਕ ਬੇਕਸੂਰ ਨੌਜਵਾਨ ਨੂੰ ਨਾ ਸਿਰਫ਼ ਨੰਗਾ ਕਰਕੇ ਮਾਰਿਆ-ਕੁੱਟਿਆ ਗਿਆ, ਬਲਕਿ ਉਸਦੇ ਹੱਥ ਪਿੱਛੇ ਬੰਨ੍ਹ ਕੇ ਉਸਦਾ ਸਿਰ ਮਿਰਚਾ ਮਿਲੇ ਪਾਣੀ ਨਾਲ ਭਰੀ ਬਾਲਟੀ 'ਚ ਡੁਬੋ ਦਿੱਤਾ ਗਿਆ। ਜਦੋਂ ਇੰਨੇ ਨਾਲ ਸਬਰ ਨਹੀਂ ਆਇਆ ਤਾਂ ਦੋ ਪੁਲਿਸ ਮੁਲਾਜਮ ਉਸੇ ਹਾਲਤ 'ਚ ਉਸਦੀ ਢੂਈ 'ਤੇ ਚੜ੍ਹ ਗਏ।
                  ਪਿੰਡ ਲੰਬੀ ਦੇ ਵਸਨੀਕ ਪਰਮਜੀਤ ਸਿੰਘ ਪੁੱਤਰ ਸੋਹਣ ਲਾਲ ਨੇ ਇੱਕ ਬਿਆਨ ਹਲਫੀਆ ਦੇ ਕੇ ਦੋਸ਼ ਲਗਾਇਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ਪੈਟਰੋਲੀਅਮ ਦੀ ਰਣਜੀਤ ਗੈਸ ਏਜੰਸੀ ਲੰਬੀ 'ਤੇ ਬਤੌਰ ਸੇਵਾਦਾਰ ਕੰਮ ਕਰਦਾ ਸੀ ਤੇ ਦਫ਼ਤਰ ਦੀ ਚਾਬੀ ਵੀ ਉਸ ਕੋਲ ਹੁੰਦੀ ਸੀ ਤੇ ਉਹ ਰੋਜ਼ਾਨਾ ਸਵੇਰੇ 7 ਵਜੇ ਦਫ਼ਤਰ ਖੋਲ੍ਹਦਾ ਸੀ। ਉਸਨੇ ਦੱਸਿਆ ਕਿ ਬੀਤੀ 9 ਅਪਰੈਲ 2011 ਰੋਜ਼ਾਨਾ ਵਾਂਗ ਉਸਨੇ ਦਫ਼ਤਰ ਖੋਲ੍ਹਿਆ ਤੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਦਫ਼ਤਰ ਦਾ ਏ.ਸੀ. ਡਿੱਗਿਆ ਪਿਆ ਸੀ ਤੇ ਕੰਪਿਊਟਰਾਂ ਦੀਆਂ 2 ਐਲ. ਸੀ. ਡੀਜ਼ ਅਤੇ ਦੋ ਗੈਸ ਸਿਲੰਡਰ ਅਤੇ ਹੋਰ ਸਮਾਨ ਗਾਇਬ ਸੀ। ਜਿਸ 'ਤੇ ਉਸਨੇ ਗੈਸ ਏਜੰਸੀ ਦੇ ਮਾਲਕ ਪਵਨਪਾਲ ਕੁਮਾਰ ਨੂੰ ਫੋਨ 'ਤੇ ਸੂਚਨਾ ਦਿੱਤੀ। ਜਿਸਦੇ ਲਗਭਗ ਦੋ ਘੰਟਿਆਂ ਬਾਅਦ ਪਵਨਪਾਲ ਕੁਮਾਰ ਮੌਕੇ 'ਤੇ ਪਹੁੰਚ ਗਿਆ ਤੇ ਉਸਨੇ ਲੰਬੀ ਪੁਲਿਸ ਨੂੰ ਮੌਕੇ 'ਤੇ ਬੁਲਾ ਲਿਆ। ਲੰਬੀ ਥਾਣੇ ਦੇ ਇੱਕ ਐਸ. ਆਈ. ਸਮੇਤ ਪੁਲਿਸ ਟੀਮ ਵਗੈਰਾ ਨੇ ਆਪਣੀ ਤਫਤੀਸ਼ ਆਰੰਭ ਕਰ ਦਿੱਤੀ ਤੇ ਸ਼ਾਮ ਦੇ ਕਰੀਬ 6:30 ਵਜੇ ਗੈਸ ਏਜੰਸੀ ਮਾਲਾਕ ਪਵਨਪਾਲ ਕੁਮਾਰ ਆਪਣੇ ਨਾਲ ਪੁਲਿਸ ਮੁਲਾਜਮਾਂ ਨੂੰ ਸਮੇਤ ਦਫ਼ਤਰ ਪੁੱਜਿਆ ਤੇ ਜ਼ਬਰਦਸਤੀ ਮੈਨੂੰ (ਪਰਮਜੀਤ) ਅਤੇ ਬਾਕੀ ਏਜੰਸੀ ਕਰਮਚਾਰੀਆਂ ਨੂੰ ਆਪਣੇ ਨਾਲ ਲੰਬੀ ਥਾਣੇ 'ਚ ਲੈ ਗਏ, ਜਿਥੇ ਉਕਤ ਸਬ ਇੰਸਪੈਕਟਰ, ਤਿੰਨ ਪੁਲਿਸ ਮੁਲਾਜਮ ਅਤੇ ਏਜੰਸੀ ਮਾਲਕ ਵੱਲੋਂ ਚੋਰੀ ਮਨਾਉਣ ਲਈ ਡਰਾ ਧਮਕਾ ਕੇ ਦਬਾਅ ਪਾਇਆ ਜਾਣ ਲੱਗਿਆ ਤੇ ਉਨ੍ਹਾਂ 'ਤੇ ਚੋਰੀ ਦੇ ਦੋਸ਼ ਲਾਉਂਦੇ ਹੋਏ ਕਹਿਣ ਲੱਗੇ ਕਿ 'ਤੁਸੀਂ ਚੋਰੀ ਕੀਤੀ ਹੈ ਤੇ ਸਮਾਨ ਦੇ ਦਿਓ'। ਪਰਮਜੀਤ ਸਿੰਘ ਨੇ ਕਿਹਾ ਕਿ 'ਅਸੀਂ ਕਿਹਾ ਕਿ ਏਜੰਸੀ ਨਾਲ ਸਾਡਾ ਰੁਜ਼ਗਾਰ ਜੁੜਿਆ ਹੋਇਆ ਤੇ ਅਸੀਂ ਚੋਰੀ ਤਾਂ ਦੂਰ ਦੀ ਗੱਲ ਇਸ ਬਾਰੇ ਸੋਚਣਾ ਵੀ ਪਾਪ ਸਮਝਦੇ ਹਾਂ।'
                 ਪਰਮਜੀਤ ਨੇ ਦੋਸ਼ ਲਗਾਇਆ ਕਿ ਪੁੱਛਗਿੱਛ ਦੌਰਾਨ ਬਾਕੀ ਏਜੰਸੀ ਕਰਮਚਾਰੀਆਂ ਨੂੰ ਤਾਂ ਵਾਪਸ ਭੇਜ ਦਿੱਤਾ ਗਿਆ ਪਰ ਇੱਕ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲਾਂ ਨੇ ਕਥਿਤ ਤੌਰ 'ਤੇ ਜ਼ਬਰਦਸਤੀ ਉਸਦੇ ਕੱਪੜੇ ਉਤਾਰ ਦਿੱਤੇ ਅਤੇ ਉਸਨੂੰ ਦੇ ਕੁਆਟਰਾਂ ਵਿੱਚ ਲੈ ਗਏੇ ਉਥੇ ਲਿਜਾ ਕੇ ਹੱਥ ਪਿੱਛੇ ਕਰਕੇ ਬੰਨ੍ਹ ਦਿੱਤੇ। ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਇਸਦੇ ਉਪਰੰਤ ਉਕਤ ਵਿਅਕਤੀਆਂ ਨੇ ਕਥਿਤ ਤੌਰ 'ਤੇ ਇੱਕ ਬਾਲਟੀ ਵਿੱਚ ਪਾਣੀ ਤੇ ਮਿਰਚਾਂ ਪਾ ਕੇ ਉਸਦਾ ਸਿਰ ਵਿੱਚ ਡੁਬੋ ਦਿੱਤਾ ਅਤੇ ਉਕਤ ਪੁਲਿਸ ਮੁਲਾਜਿਮ ਉਸਦੀ ਢੁਈ ਉੱਤੇ ਚੱੜ੍ਹ ਗਏ। ਪਰਮਜੀਤ ਨੇ ਦੱਸਿਆ ਕਿ ਉਸਦੀਆਂ ਅੱਖਾਂ ਵਿੱਚ ਮਿਰਚਾਂ ਵਾਲਾ ਪਾਣੀ ਪੈਣ ਕਰਕੇ ਉਸਦੀ ਚੀਖਾਂ ਨਿੱਕਲ ਗਈਆਂ। ਜਿਸ 'ਤੇ ਪੁਲਿਸ ਮੁਲਾਜਮਾਂ ਨੇ ਬੜੀ ਬੇਰਹਿਮੀ ਨਾਲ ਪਰਮਜੀਤ ਦੀ ਮਾਰ-ਕੁੱਟ ਕੀਤੀ ਅਤੇ ਧਮਕੀਆਂ ਦਿੱੱਤੀਆਂ ਕਿ ਜੇਕਰ ਉਸਨੇ ਚੋਰੀ ਹੋਇਆ ਸਮਾਨ ਨਾਂ ਦਿੱਤਾ ਤਾਂ ਤੇਰੇ ਚੱਡੇ ਪਾੜ੍ਹ ਦਿਆਂਗੇ ਅਤੇ ਤੇਰੇ ਘੋਟਾ ਵੀ ਲਾਵਾਂਗੇ। ਜਿਸ 'ਤੇ ਪਰਮਜੀਤ ਨੇ ਰੋਂਦੇ ਕੁਰਲਾਉਂਦੇ ਹੋਏ ਖੁਦ ਦੇ ਬੇਕਸੂਰ ਹੋਣ ਦੇ ਲੱਖ ਵਾਸਤੇ ਪਾਏ ਪਰ ਉਹ ਜਾਲਮ ਮਾਹੌਲ ਵਿਚ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ। ਉਸਨੇ ਦੋਸ਼ ਲਗਾਇਆ ਕਿ ਉਹ ਮਾਰ-ਕੁੱਟ ਦੇ ਨਿਸ਼ਾਨਾਂ ਨੂੰ ਮਿਟਾਉਣ ਖਾਤਰ ਥਾਣੇ ਵਿਚ ਨੁਹਾਇਆ ਵੀ ਗਿਆ।
               ਪਰਮਜੀਤ ਸਿੰਘ ਨੇ ਦੱਸਿਆ ਕਿ ਇਸਦੇ ਉਪਰੰਤ ਏਜੰਸੀ ਮਾਲਕ ਪਵਨਪਾਲ ਕੁਮਾਰ, ਸਬ ਇੰਸਪੈਕਟਰ ਤੇ ਪੁਲਿਸ ਮੁਲਾਜਮ ਉਸਨੂੰ ਗੈਸ ਏਜੰਸੀ ਦੇ ਗੋਦਾਮ 'ਚ ਲੈ ਗਏ ਅਤੇ ਉੱਥੇ ਧੱਕੇ ਨਾਲ ਉਸਨੂੰ ਸ਼ਰਾਬ ਪਿਆ ਕੇ ਫਿਰ ਮਾਰ-ਕੁੱਟ ਕੀਤੀ ਤੇ ਜ਼ਬਰਦਸਤੀ ਕੀਤੀ ਤੇ ਧਮਕਾਇਆ ਕਿ ਜੇਕਰ ਮਾਰ-ਕੁੱਟ ਬਾਰੇ ਕੋਈ ਗੱਲ ਕੀਤੀ ਤਾਂ ਝੂਠੇ ਕੇਸ ਵਿਚ ਫਸਾ ਦਿਆਂਗੇ। ਪਰਮਜੀਤ ਦੇ ਭਰਾ ਧਨਰਾਜ ਨੇ ਦੱਸਿਆ ਕਿ ਉਸਦੇ ਪਿਤਾ ਸੋਹਣ ਲਾਲ, ਤਾਇਆ ਮੋਤੀ ਰਾਮ ਅਤੇ ਉਹ 3-4 ਹੋਰ ਵਿਅਕਤੀ ਨੂੰ ਨਾਲ ਲੈ ਕੇ ਏਜੰਸੀ ਗੋਦਾਮ ਵਿਚ ਗਏ ਜਿੱਥੇ ਪੁਲਿਸ ਵਾਲਿਆਂ ਨੇ ਪਹਿਲਾਂ ਤਾਂ ਨਾਲ ਪਰਮਜੀਤ ਨੂੰ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਕਥਿਤ ਤੌਰ 'ਤੇ ਕੋਰੇ ਕਾਗਜ਼ਾਂ 'ਤੇ ਦਸਤਖ਼ਤ ਕਰਵਾਉਣ ਉਪਰੰਤ ਘਰ ਭੇਜ ਦਿੱਤਾ। ਜਿਸਦੇ ਉਪਰੰਤ ਸਵੇਰੇ ਉਸਨੂੰ ਜਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਲੰਬੀ ਵਿਚ ਲਿਜਾਇਆ ਗਿਆ।
                  ਪਰਮਜੀਤ ਸਿੰਘ ਨੇ ਪੱਤਰਕਾਰਾਂ ਦੇ ਸਨਮੁੱਖ ਭਰੀਆਂ ਅੱਖਾਂ ਨਾਲ ਆਪਣੀ ਹੱਡ-ਬੀਤੀ ਗੋਡਿਆਂ 'ਤੇ ਵੱਜੀ ਸੱਟਾਂ ਵਿਖਾਉਂਦੇ ਹੋਏ ਦੱਸਿਆ ਕਿ ਉਸਨੂੰ ਵਗੈਰ ਕਿਸੇ ਸਬੂਤ ਦੇ ਇਸ ਲਈ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਕਿ ਉਸਦੇ ਕੋਲ ਦਫ਼ਤਰ ਦੀਆਂ ਚਾਬੀਆਂ ਹੁੰਦੀਆਂ ਸਨ। ਉਸਨੇ ਕਿਹਾ ਕਿ ਜਦੋਂਕਿ ਮੌਕੇ ਦੇ ਹਾਲਾਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਚੋਰੀ ਏ। ਸੀ। ਵਾਲੇ ਰੌਸ਼ਨਦਾਨ ਜਰੀਏ ਕੀਤੀ ਗਈ ਹੈ ।
                  ਉਸਨੇ ਮੰਗ ਕੀਤੀ ਕਿ ਉਸ 'ਤੇ ਕਥਿਤ ਤੌਰ 'ਤੇ ਬੇਵਜ੍ਹਾ ਅੰਨ੍ਹਾ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਅਤੇ ਸਮਾਜਿਕ ਤੌਰ 'ਤੇ ਜਲੀਲ ਕਰਨ ਵਾਲੇ ਸਬ ਇੰਸਪੈਕਟਰ, ਤਿੰਨ ਪੁਲਿਸ ਮੁਲਾਜਮਾਂ ਤੇ ਗੈਸ ਏਜੰਸੀ ਮਾਲਕ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸਨੂੰ ਇਨਸਾਫ਼ ਦਿਵਾਇਆ। ਇਸੇ ਦੌਰਾਨ ਅੱਜ ਵੱਡੀ ਤਾਦਾਦ ਵਿਚ ਪਿੰਡ ਲੰਬੀ ਦੇ ਦਰਜਨਾਂ ਲੋਕ ਪਰਮਜੀਤ ਸਿੰਘ ਨੂੰ ਜਖ਼ਮੀ ਹਾਲਤ ਵਿਚ ਲੰਬੀ ਥਾਣੇ ਲੈ ਕੇ ਗਏ ਅਤੇ ਕਥਿਤ ਦੋਸ਼ੀ ਅਧਿਕਾਰੀਆਂ ਤੇ ਗੈਸ ਏਜੰਸੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
              ਦੂਜੇ ਪਾਸੇ ਐਸ। ਆਈ। ਬੰਤਾ ਸਿੰਘ ਨੇ ਤਸ਼ੱਦਦ ਸਬੰਧੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਸੀਂ ਸਿਰਫ਼ ਗੈਸ ਏਜੰਸੀ ਦੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤੇ ਅਜਿਹਾ ਕਰਨਾ ਨਾ ਹੀ ਕਾਨੂੰਨਨ ਜਾਇਜ਼ ਹੈ ਤੇ ਨਾ ਅਜਿਹਾ ਕਾਰਾ ਕਰਨ ਵਾਲਾ ਮੇਰਾ ਕਿਰਦਾਰ ਹੈ। ਜਦੋਂਕਿ ਗੈਸ ਏਜੰਸੀ ਦੇ ਮਾਲਕ ਪਵਨਪਾਲ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਸੰਪਰਕ ਨਹੀਂ ਬਣ ਸਕਿਆ।
              ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਨਿਰਪੱਖ ਪੜਤਾਲ ਕਰਵਾ ਕੇ ਸੱਚਾਈ ਸਾਹਮਣੇ ਆਉਣ 'ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

10 April 2011

ਚੌਟਾਲਿਆਂ ਦੀ ਪ੍ਰੇਰਣਾ ਨਾਲ ਅਕਾਲੀ ਬਣੇ ਵਿਅਕਤੀ ਅਕਾਲੀ ਸਰਪੰਚ ਦੇ ਪਤੀ ਦੀ ਧੱਕੇਸ਼ਾਹੀ ਦਾ ਸ਼ਿਕਾਰ

-ਇਕ਼ਬਾਲ ਸਿੰਘ ਸ਼ਾਂਤ-

ਮੁੱਖ ਮੰਤਰੀ ਪੰਜਾਬ ਦੇ ਹਲਕੇ ਲੰਬੀ ਦੇ ਪਿੰਡ ਵੜਿੰਗਖੇੜਾ ਵਿਚ ਸਾਲ 2007 ਦੀਆਂ ਵਿਧਾਨਸਭਾ ਚੋਣਾਂ ਸਮੇਂ ਹਰਿਆਣੇ ਦੇ ਚੌਟਾਲਾ ਪਰਿਵਾਰ ਦੀ ਪ੍ਰੇਰਣਾ ਸਦਕਾ ਕਾਂਗਰਸ ਨੂੰ ਤਿਆਗ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਵਿਅਕਤੀਆਂ ਨੂੰ ਪਿੰਡ ਦੀ ਮਹਿਲਾ ਅਕਾਲੀ ਸਰਪੰਚ ਦੇ ਅਕਾਲੀ ਆਗੂ ਪਤੀ ਵੱਲੋਂ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਅਤੇ ਹਰਿਆਣਾ ਨਾਲ ਖਹਿੰਦੇ ਪੰਜਾਬ ਦੇ ਸਰਹੱਦੀ ਪਿੰਡ ਵੜਿੰਗਖੇੜਾ ਦੀ 25 ਏਕੜ ਪੰਚਾਇਤੀ ਜ਼ਮੀਨ ਨੂੰ ਕਈ ਵਰਿ•ਆਂ ਤੋਂ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ 5 ਕਿਸਾਨਾਂ ਧਰਮਪਾਲ, ਰਾਮ ਕਰਨ, ਜੱਗਾ ਸਿੰਘ, ਜਸਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 9 ਅਪ੍ਰੈਲ 2010 ਨੂੰ ਸਰਕਾਰੀ ਅਨੂਸਾਰ ਖੁੱਲੀ ਬੋਲੀ ਵਿਚ 5-5 ਏਕੜ ਪੰਚਾਇਤੀ ਜ਼ਮੀਨ 87 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 36 ਹਜ਼ਾਰ ਰੁਪਏ ਤੱਕ ਠੇਕੇ 'ਤੇ ਲਈ ਸੀ। ਸੱਤਾ ਪੱਖ ਅਕਾਲੀ ਦਲ ਨਾਲ ਸਬੰਧਤ ਉਕਤ ਕਿਸਾਨਾਂ ਨੇ ਆਖਿਆ ਕਿ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਦੇਣ ਸਮੇਂ ਪੰਚਾਇਤ ਵੱਲੋਂ ਉਕਤ ਰਕਬੇ ਵਿਚ ਨਹਿਰੀ ਪਾਣੀ ਘੱਟ ਲੱਗਦਾ ਹੋਣ ਕਰਕੇ ਨਰਮੇ ਦੀ ਫਸਲ ਤੋਂ ਪੰਚਾਇਤੀ ਜ਼ਮੀਨ ਨੂੰ ਸਰਹਿੰਦ ਫੀਡਰ ਤੋਂ ਲਿਫ਼ਟ ਪੰਪ ਦਾ ਪਾਣੀ ਪਹੁੰਚਦਾ ਕਰਕੇ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ ਪਰ ਨਰਮੇ ਦੀ ਫਸਲ ਪੱਕਣ ਤੱਕ ਸਰਪੰਚ ਦੇ ਅਕਾਲੀ ਆਗੂ ਪਤੀ ਗੁੱਡੂ ਸਿੰਘ, ਜੋ ਕਿ ਖੁਦ ਹੀ ਪੰਚਾਇਤੀ ਕੰਮ ਵਿਚ ਪੂਰੀ ਤਰਾਂ ਦਖਲਅੰਦਾਜ਼ੀ ਰੱਖਦਾ ਹੈ, ਨੇ ਉਕਤ ਮਾਮਲੇ ਬਾਰੇ ਕੋਈ ਠੋਸ ਕਦਮ ਨਹੀਂ ਪੁੱਟਿਆ। ਚੌਧਰੀ ਧਰਮਪਾਲ ਨੇ ਕਿਹਾ ਕਿ ਗੁੱਡੂ ਸਿੰਘ ਵੱਲੋਂ ਇੱਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਨਰਮੇ ਦੀ ਫ਼ਸਲ ਮੌਕੇ ਕੱਚੇ ਖਾਲ ਨੂੰ ਕਥਿਤ ਤੌਰ 'ਤੇ ਢੁਆ ਦਿੱਤੇ ਜਾਣ ਕਰਕੇ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਕਿਸਾਨ ਰਾਮਕਰਨ ਨੇ ਕਿਹਾ ਕਿ ਲਿਫ਼ਟ ਪੰਪਾਂ ਦਾ ਪਾਣੀ ਨਾ ਮਿਲਣ ਅਤੇ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਉਨਾਂ ਦੀ ਨਰਮੇ ਦੀ ਫ਼ਸਲ ਦਾ ਝਾੜ ਸਿਰਫ਼ 11-12 ਮਨ ਪ੍ਰਤੀ ਏਕੜ ਤੱਕ ਰਹਿ ਗਿਆ। ਚੌਧਰੀ ਧਰਮਪਾਲ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਵਾਰ-ਵਾਰ ਮਿੰਨਤਾਂ ਕਰਨ ਦੇ ਉਪੰਰਤ ਪੰਚਾਇਤ ਨੇ ਠੇਕੇ ਦੇ 6 ਮਹੀਨੇ ਲੰਘ ਜਾਣ ਬਾਅਦ 23 ਅਕਤੂਬਰ 2010 ਨੂੰ ਲਿਫ਼ਟ ਪੰਪ ਦੀ ਪਾਈਪਾਂ ਪੁਆ ਦਿੱਤੀਆਂ ਪਰ ਸਾਨੂੰ ਠੇਕੇ ਤੋਂ ਭਜਾਉਣ ਦੀਆਂ ਕੋਝੀਆਂ ਕਾਰਵਾਈਆਂ ਲਗਾਤਾਰ ਜਾਰੀ ਰਹੀਆਂ। ਜਿਸਦੇ ਤਹਿਤ ਅਕਾਲੀ ਆਗੂ ਗੁੱਡੂ ਸਿੰਘ ਨੇ ਇੱਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਤਕਰੀਬਨ ਡੇਢ ਮਹੀਨੇ ਪਹਿਲਾਂ ਲਿਫ਼ਟ ਪੰਪ ਦੀਆਂ ਦੋਵੇਂ ਘੜੋਈਆਂ ਢਾਹ ਦਿੱਤੀਆਂ। ਜਿਸ ਦੇ ਨਤੀਜੇ ਵਜੋਂ ਪਾਣੀ ਨਾ ਪਹੁੰਚਣ ਕਰਕੇ ਕਣਕ ਦੀ ਫ਼ਸਲ ਸੁੱਕਣ ਕਿਨਾਰੇ ਪੁੱਜ ਗਈ ਤੇ ਉਨ•ਾਂ ਨੂੰ ਮਹਿੰਗੇ ਭਾਅ ਦਾ ਡੀਜਲ ਖਰਚ ਕੇ ਟਿਊਬਵੱੈਲ ਦੇ ਪਾਣੀ ਰਾਹੀਂ ਆਪਣੀ ਫ਼ਸਲਾਂ ਪਾਲਣੀਆਂ ਪਈਆਂ ਤੇ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਕਣਕ ਦੇ ਝਾੜ 'ਤੇ ਪਿਆ ਹੈ। ਜਦੋਂਕਿ ਪਿੰਡ ਦੇ ਇੱਕ ਹੋਰ ਕਿਸਾਨ ਸਵਰਨ ਸਿੰਘ ਨੇ ਕਿਹਾ ਕਿ ਇਹ ਘੜੋਈਆਂ (ਹਾਉਦੀਆਂ) ਪੰਚਾਇਤ ਨੇ ਬਣਵਾਈਆਂ ਸਨ ਅਤੇ ਪੰਚਾਇਤ ਨੇ ਢੁਆ ਦਿੱਤੀਆਂ। ਚੌਧਰੀ ਧਰਮਪਾਲ ਹੁਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਹੁਰਾਂ ਵੱਲੋਂ ਸਿਰੋਪਾਓ ਦਿੱਤੇ ਜਾਣ ਦੀ ਫੋਟੋਆਂ ਵਿਖਾਉਂਦਿਆਂ ਕਿਹਾ ਕਿ ਅਸੀਂ ਵੀ ਅਕਾਲੀ ਦਲ ਦੇ ਨਿਸ਼ਠਾਵਾਨ ਵਰਕਰਾਂ ਹਾਂ ਤੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਪਰਿਵਾਰ ਦੀ ਪ੍ਰੇਰਣਾ ਸਦਕਾ ਕਾਂਗਰਸ ਨਾਲੋਂ ਨਾਤਾ ਤੋੜ ਕੇ ਸੱਤਾ ਪੱਖ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ ਪਰ ਗੁੱਡੂ ਸਿੰਘ ਦੀਆਂ ਕਥਿਤ ਧੱਕੇਸ਼ਾਹੀਆਂ ਕਰਕੇ ਸਾਡਾ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਇਹ ਮਾਮਲਾ ਆਪਣੇ ਨਾਨਕੇ ਪਿੰਡ ਵਿਖੇ ਚੌਟਾਲਾ ਪਰਿਵਾਰ ਕੋਲ ਵੀ ਲੈ ਕੇ ਜਾਵਾਂਗੇ। ਇਨ•ਾਂ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਪੰਚਾਇਤ ਜ਼ਮੀਨ ਵਿਚ ਸਾਨੂੰ ਹੋਏ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਪਿਛਲਾ ਵਰੇ ਦੇ ਠੇਕੇ ਦੀ ਰਕਮ ਵਿਚ ਹੀ ਇਸ ਸਾਲ ਵੀ ਜ਼ਮੀਨ ਵਾਹੁਣ ਲਈ ਦਿਤੀ ਜਾਵੇ। ਚੌਧਰੀ ਧਰਮਪਾਲ ਨੇ ਕਿਹਾ ਕਿ ਸਰਪੰਚ ਦੇ ਪਤੀ ਦੀਆਂ ਕਥਿਤ ਧੱਕੇਸ਼ਾਹੀਆਂ ਕਰਕੇ ਪਾਣੀ ਸਹੀ ਢੰਗ ਨਾਲ ਨਾ ਲੱਗਣ ਕਰਕੇ ਉਨਾਂ ਨੂੰ ਮੁਨਾਫ਼ੇ ਦੀ ਥਾਂ ਪੱਲਿਓਂ ਨੁਕਸਾਨ ਵੀ ਝੱਲਣਾ ਪਿਆ। ਧਰਮਪਾਲ ਨੇ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਦੁਬਾਰਾ ਬੋਲੀ ਮੌਕੇ ਵੱਲੋਂ ਘੜੋਈਆਂ (ਹਾਉਦੀਆਂ) ਢਾਹੁਣ ਉਪਰੰਤ ਸਾਡੇ ਵੱਲੋਂ ਪੁੱਛਣ 'ਤੇ ਗੁੱਡੂ ਸਿੰਘ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਾ ਦਿੰਦਿਆਂ ਕਿਹਾ 'ਪੰਚਾਇਤੀ ਜ਼ਮੀਨ ਤਾਂ 100 ਫ਼ੀਸਦੀ ਵੀਰਾਨੀ ਹੈ ਤੁਸੀਂ ਜ਼ਮੀਨ ਰੱਖਣੀ ਹੈ ਤਾਂ ਰੱਖੋ ਨਹੀਂ ਨਾ ਮੈਂ ਖੁਦ ਜ਼ਮੀਨ ਵਾਹ ਲਵਾਂਗੇ ਮੇਰੇ ਕੋਲ ਆਪਣਾ ਟਰੈਕਟਰ ਵੀ ਹੈਗਾ।' ਦੂਜੇ ਪਾਸੇ ਸਰਪੰਚ ਦੇ ਪਤੀ ਗੁੱਡੂ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਚਾਇਤ ਨੇ ਘੜੋਲੀਆਂ ਬਣਵਾਈਆਂ ਸਨ, ਪਰ ਧਰਮਪਾਲ ਵਗੈਰਾ ਖੁਦ ਘੜੋਈਆਂ (ਹਾਉਦੀਆਂ) ਢਾਹ ਕੇ ਦੋਸ਼ ਮੇਰੇ 'ਤੇ ਮੜ ਰਹੇ ਹਨ। ਉਨਾਂ ਕਿਹਾ ਕਿ ਮੇਰੀ ਪੰਚਾਇਤੀ ਜ਼ਮੀਨ ਲੈਣ ਵਿਚ ਕੋਈ ਦਿਲਚਸਪੀ ਨਹੀਂ ਹੈ ਮੈਨੂੰ ਸਿਰਫ਼ ਖੱਜਲ-ਖੁਆਰ ਕਰਨ ਲਈ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।

07 April 2011

ਮੁੱਖ ਮੰਤਰੀ ਬਾਦਲ ਦਾ ਨਿੱਜੀ ਸਕੱਤਰ ਵੀ ਝੱਲ ਰਿਹੈ ਸੇਮ ਦੀ ਮਾਰ


- ਇਕ਼ਬਾਲ ਸਿੰਘ ਸ਼ਾਂਤ -

ਪੰਜਾਬ ਦੇ ਬਹੁਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ 'ਚ ਰੁੱਝੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਿੱਜੀ ਹਲਕੇ ਲੰਬੀ ਵਿਚ ਸੇਮ ਦਾ ਸੰਤਾਪ ਜਿੱਥੇ ਆਮ ਲੋਕਾਂ ਦੇ ਜੀਵਨ ਦਾ ਇੱਕ ਕੌੜਾ ਅੰਗ ਬਣ ਗਿਆ ਹੈ। ਉਥੇ ਸੂਬੇ ਦੀਆਂ ਵਿਕਾਸ ਪੱਖੀ ਦਿਸ਼ਾਵਾਂ ਤੈਅ ਹੋਣ ਦੇ ਆਦਾਨ-ਪ੍ਰਦਾਨ ਵਿਚ ਮੁੱਖ ਮੰਤਰੀ ਨਾਲ ਅਹਿਮ ਭੂਮਿਕਾ ਨਿਭਾਉਣ ਵਾਲਾ ਉਨ੍ਹਾਂ ਦਾ ਇੱਕ ਨਿੱਜੀ ਸਕੱਤਰ ਵੀ ਸੇਮ ਦੀ ਮਾਰ ਨੂੰ ਝੱਲ ਰਿਹਾ ਹੈ। ਜਿਸਦਾ ਲਗਭਗ 8-9 ਏਕੜ ਰਕਬਾ ਸੇਮ ਕਰਕੇ ਬਰਬਾਦ ਹੋ ਚੁੱਕਿਆ ਹੈ।

ਮੁੱਖ ਮੰਤਰੀ ਦੇ ਨਿੱਜੀ ਸਕੱਤਰ ਗੁਰਚਰਨ ਸਿੰਘ ਵਾਸੀ ਡੱਬਵਾਲੀ ਢਾਬ ਜਿਨਾਂ ਦੀ ਪਰਿਵਾਰਕ ਜ਼ਮੀਨ ਪਿੰਡ ਸ਼ਾਮ ਖੇੜਾ ਦੇ ਰਕਬੇ ਵਿਚ ਪੈਂਦੀ ਹੈ। ਪਿਛਲੇ ਕਈ ਸਾਲਾਂ ਤੋਂ ਸੇਮ ਦੀ ਮਾਰ ਹੇਠ ਹੈ। ਇਸ ਗੱਲ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਪਿੰਡ ਸ਼ਾਮ ਖੇੜਾ ਵਿਖੇ ਪੁੱਜੇ ਪੱਤਰਕਾਰਾਂ ਨੂੰ ਪਿੰਡ ਦੇ ਲੋਕਾਂ ਨੇ ਸੇਮ ਦੀ ਮਾਰ ਆਪਣਾ ਦੁਖੜਾ ਰੋਂਦਿਆਂ ਕਿਹਾ ਪਿੰਡ ਦੀ ਲਗਭਗ 200 ਏਕੜ ਜ਼ਮੀਨ ਸੇਮ ਦੀ ਮਾਰ ਹੇਠ ਆ ਚੁੱਕੀ ਹੈ ਤੇ ਉਨ੍ਹਾਂ ਕੋਲ ਹੋਰ ਆਮਦਨ ਦਾ ਕੋਈ ਸਾਧਨ ਨਹੀਂ। ਭਾਵੇਂ ਮੁੱਖ ਮੰਤਰੀ ਵੱਲੋਂ ਸੱਤਾ ਵਿਚ ਆਉਣ ਦੇ ਬਾਅਦ ਸੇਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਕੁਝ ਪਿੰਡਾਂ ਵਿਚ ਜ਼ਮੀਂਦੋਜ਼ ਪਾਈਪਾਂ ਜਿਹੇ ਪ੍ਰਾਜੈਕਟ ਆਰੰਭ ਕਰਨ ਦੇ ਬਾਵਜੂਦ ਸੇਮ 'ਤੇ 10 ਫ਼ੀਸਦੀ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਅਜਿਹੇ ਵਿਚ ਮੁੱਖ ਮੰਤਰੀ ਦੇ ਜੱਦੀ ਹਲਕੇ ਵਿਚੋਂ ਸੇਮ ਖ਼ਤਮ ਕਰਨ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਜਦੋਂਕਿ ਅਗਾਮੀ ਵਿਧਾਨਸਭਾ ਚੋਣਾਂ ਵਿਚ ਸਿਰਫ਼ 10-11 ਮਹੀਨਿਆਂ ਦਾ ਸਮਾਂ ਬਾਕੀ ਬਚਿਆ ਹੈ। ਪਿੰਡ ਸ਼ਾਮਖੇੜਾ ਦੇ ਕਿਸਾਨ ਸੁਰਜਨ ਸਿੰਘ, ਰੇਸ਼ਮ ਸਿੰਘ, ਗੱਜਣ ਸਿੰਘ, ਨਿਹਾਲ ਸਿੰਘ, ਸਰਦਾਰਾ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ, ਜੀਤ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ- ਦਹਾਕਿਆਂ ਤੋਂ ਸੇਮ ਕਰਕੇ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਉੱਪਰੋਂ ਮਹਿੰਗਾਈ ਨੇ ਲੱਕ ਤੋੜ ਰੱਖਿਆ ਹੈ। ਪਰ ਸਰਕਾਰ ਵੱਲੋਂ ਸੇਮ ਪ੍ਰਭਾਵਿਤ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਨੂੰ ਸਿਰਫ਼ ਲਾਰਿਆਂ ਤੋਂ ਸਿਵਾਏ ਕੁਟ ਹਾਸਲ ਨਹੀਂ ਹੋ ਸਕਿਆ।


ਇਸੇ ਦੌਰਾਨ ਪਿੰਡ ਦੇ ਇੱਕ ਕਿਸਾਨ ਨੇ ਸਰਕਾਰ ਨਾਲ ਇਸ ਸਮੱਸਿਆ ਬਾਬਤ ਗੁਹਾਰ ਲਾਉਣ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਸਾਡੀ ਤਾਂ ਹਾਕਮਾਂ ਨੂੰ ਵੋਟਾਂ ਵੇਲੇ ਯਾਦ ਆਉਂਦੀ ਹੈ। ਫਿਰ ਅਸੀਂ ਸ਼ਾਇਦ ਐਤਕੀਂ ਕੁਝ ਸੁਣਵਾਈ ਹੋ ਜਾਵੇ ਦੀ ਆਸ 'ਤੇ ਵੋਟਾਂ ਪਾ ਦਿੰਦੇ ਹਾਂ। ਉਨਾਂ ਕਿਹਾ ਕਿ ਅਫਸਰਸ਼ਾਹੀ ਇੰਨੀ ਕੁ ਭਾਰੂ ਹੋ ਨਿੱਬੜੀ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਬਹੁਤੀ ਪਰਵਾਹ ਵੀ ਨਹੀਂ ਕੀਤੀ ਜਾਂਦੀ। ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੇ ਪਿੰਡਾਂ ਵਿਚ ਸੇਮ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪ੍ਰਸ਼ਾਸਨ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਲਈ ਗਈ ਸੀ ਪਰ ਇੱਕ ਸਾਲ ਤੋਂ ਵੱਧ ਸਮਾਂ ਲੰਘ ਜਾਣ ਉਪਰੰਤ ਕਿਸਾਨਾਂ ਨੂੰ ਮੁਆਵਜਾ ਨਹੀਂ ਨਸੀਬ ਹੋਇਆ।


ਉਕਤ ਬੇਬਾਕ ਜਿਹੇ ਕਿਸਾਨ ਨੇ ਆਖਿਆ ਜਦੋਂ ਮੁੱਖ ਮੰਤਰੀ ਦੀ ਨਿੱਜੀ ਸਕੱਤਰ ਗੁਰਚਰਨ ਸਿੰਘ ਸੇਮ ਦਾ ਹੱਲ ਨਹੀਂ ਕਢਵਾ ਸਕਿਆ ਜਿਹੜਾ 24 ਘੰਟੇ ਮੁੱਖ ਮੰਤਰੀ ਦੇ ਨੇੜੇ ਰਹਿੰਦਾ ਹੈ ਤਾਂ ਸਾਡੀ ਤਾਂ ਬਿਸਾਤ ਹੀ ਕਿਆ ਹੈ। ਉਸਨੇ ਕਿਹਾ ਅਸੀਂ ਜਿਉਂਦੇ ਜੀਅ ਮਰਿਆਂ ਨਾਲ ਭੈੜੇ ਹੋ ਚੁੱਕੇ ਹਾਂ ਤੇ ਤੰਗੀਆਂ ਤੁਰਸੀਆਂ ਨਾਲ ਭਰਪੂਰ ਜ਼ਿੰਦਗੀ ਕਰਕੇ ਖੁਸ਼ਹਾਲੀ ਇੱਕ ਸੁਫ਼ਨਾ ਬਣ ਕੇ ਰਹਿ ਗਈ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸੇਮ ਨਾਲੇ ਕਢਵਾਏ ਪਰ ਸਹੀ ਲੇਵਲ ਨਾ ਹੋਣ ਕਰਕੇ ਕਰੋੜਾਂ ਖਰਚਣ ਦੇ ਬਾਵਜੂਦ ਸੇਮਨਾਲੇ ਬੇਅਰਥ ਹਨ।

ਮੁੱਖ ਮੰਤਰੀ ਦੇ ਹਲਕੇ ਦੇ ਦਰਜਨਾਂ ਪਿੰਡ ਪੰਜਾਵਾ, ਕੱਖਾਂਵਾਲੀ, ਵਣਵਾਲਾ, ਸ਼ਾਮਖੇੜਾ, ਚਨੂੰ, ਮਾਹੂਆਣਾ, ਤੱਪਾਖੇੜਾ, ਦਿਉਣਖੇੜਾ, ਮਿੱਡੂਖੇੜਾ ਅਤੇ ਫੱਤਾਕੇਰਾ ਸਮੇਤ ਵੱਖ-ਵੱਖ ਪਿੰਡ ਸੇਮ ਤੋਂ ਪ੍ਰਭਾਵਿਤ ਹਨ। ਜਦੋਂਕਿ ਮਾਨਾ, ਬੀਦੋਵਾਲੀ ਨੂੰ ਸੇਮ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ ਜਿੱਥੋਂ ਪਿੰਡ ਬਾਦਲ ਵੀ ਹੁਣ ਕੋਈ ਬਹੁਤਾ ਦੂਰ ਨਹੀਂ।


ਮੁੱਖ ਮੰਤਰੀ ਦੇ ਨਿੱਜੀ ਸਕੱਤਰ ਗੁਰਚਰਨ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਲੰਬੀ ਹਲਕੇ ਸੇਮ ਦੇ ਖਾਤਮੇ ਲਈ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਵੀ ਕਾਫ਼ੀ ਰਕਬਾ ਸੇਮ ਦੀ ਮਾਰ ਹੇਠ ਹੈ ਉਨ੍ਹਾਂ ਹੱਸਦਿਆਂ ਕਿਹਾ ਕਿ ਆਹੋ ਜੀ, ਮੇਰੀ ਵੀ ਜ਼ਮੀਨ ਸੇਮ ਹੇਠਾਂ। ਇਹ ਸਭ ਕੁਝ ਮਾਹਣੀਖੇੜਾ ਦੇ ਨਜ਼ਦੀਕ ਡਰੇਨ ਦਾ ਪੱਧਰ Àੱਚਾ ਹੋਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਬਾਬਤ ਕੋਈ ਉਪਰਾਲਾ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਗੁਰਚਰਨ ਸਿੰਘ ਨੇ ਕਿਹਾ ਕਿ ਚੀਫ਼ ਨੂੰ ਆਖਿਆ ਹੈ ਉਹ ਪ੍ਰਾਜੈਕਟ ਬਣਾ ਕੇ ਠੀਕ ਕਰਵਾ ਦੇਣਗੇ।

ਇਸ ਪੂਰੇ ਮਾਮਲੇ ਵਿਚ ਸੋਚਣ ਦਾ ਵਿਸ਼ਾ ਹੈ ਕਿ ਜਦੋਂ ਮੁੱਖ ਮੰਤਰੀ ਦੇ ਇੱਕ ਨਿੱਜੀ ਸਕੱਤਰ ਤੱਕ ਦਾ ਰਕਬਾ ਸੇਮ ਦੀ ਮਾਰ ਹੇਠ ਹੋਣਾ ਸਰਕਾਰ ਲਈ ਬੇਹੱਦ ਮੰਦਭਾਗੀ ਗੱਲ ਹੈ। ਜਿਸਦਾ ਸੁਧਾਰ ਹੋਣ ਨਾਲ ਪੂਰੇ ਪਿੰਡ ਦੀ ਲਗਭਗ 200 ਏਕੜ ਜ਼ਮੀਨ ਦੀ ਹਾਲਤ ਸੁਧਰ ਸਕਦੀ ਹੈ। ਇਹ ਵੀ ਕਹਿਣਾ ਕੁਥਾਹ ਨਹੀਂ ਕਿ ਮੁੱਖ ਮੰਤਰੀ ਦੇ ਬੇਹੱਦ ਨੇੜਲੇ ਵਿਅਕਤੀਆਂ ਵਿਚੋਂ ਇੱਕ ਗਿਣੇ ਜਾਂਦੇ ਗੁਰਚਰਨ ਸਿੰਘ ਦੇ ਕਹਿਣ 'ਤੇ ਪਿਛਲੇ ਸਾਲਾਂ ਵਿਚ ਸੇਮ ਨਾਲੇ ਦਾ ਮਹਿਜ ਪੱਧਰ ਨੀਵਾਂ ਕਰਨ ਦਾ ਪ੍ਰਾਜੈਕਟ ਨਹੀਂ ਬਣ ਸਕਿਆ। ਵੇਖਣਾ ਹੁਣ ਇਹ ਹੈ ਕਿ ਇੱਥੇ ਇੱਛਾਸ਼ਕਤੀ ਦੀ ਘਾਟ ਹੈ ਜਾਂ ਕੁਝ ਸੰਵਾਰਨ ਦਾ ਜ਼ਜਬਾ ਨਹੀਂ। 98148-26100/093178-26100