14 December 2012

ਪਿੰਡ ਬਾਦਲ 'ਚ ਬੇਵਿਉਂਤੀਆਂ ਤੇ ਅੰਨ੍ਹੇਵਾਹ ਸਰਕਾਰੀ ਗਰਾਂਟਾਂ - ਵਿਕਾਸ ਦਾ ਮਿਆਰ ਜ਼ੀਰੋ ਲੈਵਲ 'ਤੇ ਪੁੱਜਿਆ

                                     ਪੰਚਾਇਤੀ ਰਾਜ ਵਿਭਾਗ ਦੀ ਕਾਰਜਪ੍ਰਣਾਲੀ ਮੁੜ ਸੁਆਲਾਂ ਦੇ ਘੇਰੇ 'ਚ  
      
 ਵੀ.ਆਈ.ਪੀ. ਦਿੱਖ ਵਾਲੇ ਛੱਪੜ ਦਾ ਨਵਾਂ ਉਸਾਰਿਆ ਰੈਂਪ 3-4 ਮਹੀਨਿਆਂ 'ਚ ਤਿੰਨ ਵਾਰ ਹੇਠਾਂ ਧੱਸਿਆ

                                                            ਇਕਬਾਲ ਸਿੰਘ ਸ਼ਾਂਤ
          ਲੰਬੀ : ਹਕੂਮਤੀ ਪਿੰਡ ਬਾਦਲ 'ਚ ਬੇਵਿਉਂਤੀਆਂ ਤੇ ਅੰਨ੍ਹੇਵਾਹ ਸਰਕਾਰੀ ਗਰਾਂਟਾਂ ਨੇ ਵਿਕਾਸ ਕਾਰਜਾਂ ਦੇ ਮਿਆਰ ਨੂੰ ਜ਼ੀਰੋ ਲੈਵਲ 'ਤੇ ਖੜ੍ਹਾ ਕੀਤਾ ਹੈ। ਪਿੰਡ 'ਚ ਬਠਿੰਡਾ ਰੋਡ 'ਤੇ ਬੱਸ ਸਟਾਪ ਦੇ ਨਾਲ ਬੜੀ ਸੁੰਦਰ ਚਾਰਦੀਵਾਰੀ ਅਤੇ ਰੰਗ-ਰੋਗਨ ਕਰਕੇ ਲਿਸ਼ਕਾਏ ਵੀ.ਆਈ.ਪੀ. ਛੱਪੜ 'ਚ ਪਸ਼ੂਆਂ ਦੀ ਆਵਾਜਾਈ ਲਈ ਨਵਾਂ ਬਣਾਇਆ ਰੈਂਪ ਕੁਝ ਮਹੀਨਿਆਂ 'ਚ ਤਿੰਨ ਵਾਰ ਹੇਠਾਂ ਧੱਸ ਚੁੱਕਿਆ ਹੈ। ਉਕਤ ਕਾਰਗੁਜਾਰੀ ਨੇ ਇੱਕ ਵਾਰ ਫਿਰ ਪੰਚਾਇਤ ਰਾਜ ਵਿਭਾਗ ਦੀ ਸਮੁੱਚੀ ਕਾਰਜ ਪ੍ਰਣਾਲੀ 'ਤੇ ਸੁਆਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪਿੰਡ ਮਿਠੜੀ ਬੁੱਧਗਿਰ 'ਚ ਛੱਪੜ ਦੀ ਚਾਰਦੀਵਾਰੀ ਅਤੇ ਨਿਕਾਸੀ ਪਾਈਪ ਸਿਸਟਮ 'ਚ ਘਟੀਆ ਦਰਜੇ ਦੀ ਮਟੀਰੀਅਲ ਅਤੇ ਬੇਵਿਉਂਤਾ ਨਿਰਮਾਣਾ ਕਾਰਜ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਹੋ ਚੁੱਕੀ ਹੈ। ਜਦੋਂਕਿ ਪਿੰਡ ਬੀਦੋਵਾਲੀ 'ਚ ਪੰਚਾਇਤੀ ਰਾਜ ਵਿਭਾਗ ਵੱਲੋਂ ਪਿੰਡ ਬੀਦੋਵਾਲੀ 'ਚ ਬਣਾਏ ਸਰਕਾਰੀ ਮੈਰਿਜ ਪੈਲੇਸ 'ਚ ਘਟੀਆ ਦਰਜੇ ਦਾ ਨਿਰਮਾਣ ਦਾ ਮਾਮਲਾ ਸੁਰਖੀਆਂ ਵਿਚ ਰਿਹਾ ਸੀ। 
           ਬਾਦਲ ਪਿੰਡ ਦੇ ਲੋਕਾਂ ਨੇ ਉਕਤ ਛੱਪੜ ਨੂੰ ਸੂਬੇ 'ਚ ਹੁਣ ਤੱਕ ਸਭ ਤੋਂ ਸੁੰਦਰ ਦਿਖ ਵਾਲਾ ਛੱਪੜ ਕਰਾਰ ਦਿੰਦਿਆਂ ਆਖਿਆ ਕਿ ਮੁੱਖ ਮੰਤਰੀ ਬਾਦਲ ਵੱਲੋਂ ਪਿੰਡ ਬਾਦਲ ਅਤੇ ਲੰਬੀ ਹਲਕੇ ਦੇ ਵਿਕਾਸ ਲਈ ਦਿੱਤੇ ਜਾ ਰਹੇ ਗਰਾਂਟਾਂ ਦੇ ਗੱਫ਼ਿਆਂ ਦੇ ਵੱਡੇ ਹਿੱਸੇ ਨੂੰ ਸਰਕਾਰੀ ਅਫ਼ਸਰ ਚੁੱਪ-ਗੜੁੱਪ ਛਕ ਜਾਂਦੇ ਹਨ, ਜਿਨ੍ਹਾਂ ਨੂੰ ਪਿੰਡ ਦੀ ਹਕੂਮਤ ਹੋਣ ਦੇ ਬਾਵਜੂਦ ਕੋਈ ਪੁੱਛਣ ਵਾਲਾ ਨਹੀਂ। 
ਪਿੰਡ ਦੇ ਵਾਸੀ ਹਰਮੇਸ਼ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਲੱਖਾਂ ਰੁਪਏ ਖਰਚ ਕੇ ਬਣਾਇਆ ਉਕਤ ਛੱਪੜ ਦਾ ਰੈਂਪ ਹੁਣ ਤੱਕ ਤਿੰਨ ਵਾਰ ਥਾਂ-ਥਾਂ ਤੋਂ ਬੈਠ ਚੁੱਕਿਆ ਹੈ ਪਰ ਹਕੂਮਤ ਜਾਂ ਪ੍ਰਸ਼ਾਸਨ ਵੱਲੋਂ ਇਸ ਵਾਰੇ ਕਿਸੇ ਅਧਿਕਾਰੀ ਜਾਂ ਠੇਕੇਦਾਰ ਖਿਲਾਫ਼ ਕਾਰਵਾਈ ਦੀ ਜ਼ਰੂਰਤ ਨਹੀਂ ਸਮਝੀ ਗਈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਆਖਿਆ ਕਿ ਆਮ ਜਨਤਾ ਦੇ ਹੱਕ-ਹਲਾਲ ਦੇ ਸਰਕਾਰੀ ਫੰਡਾਂ ਨੂੰ ਇੰਝ ਜਾਇਆ ਜਾਣ ਦੇਣ ਕਿੱਥੋਂ ਦੀ ਸਿਆਣਪ ਹੈ। 
          ਇਸ ਸਬੰਧ ਵਿਚ ਛੱਪੜ ਦੇ ਰੈਂਪ ਨੂੰ ਦਰੁੱਸਤ ਕਰਨ ਵਿਚ ਜੁਟੇ ਠੇਕੇਦਾਰ ਦੇ ਅਧੀਨ ਮਿਸਤਰੀ ਕਾਕਾ ਸਿੰਘ ਨੇ ਦੱਸਿਆ ਕਿ ਉਸਨੇ ਦੱਸਿਆ ਕਿ ਅਸੀਂ ਇਹ ਰੈਂਪ ਕਈ ਹਜ਼ਾਰ ਇੱਟਾਂ ਲਾ ਕੇ ਬਣਾਇਆ ਸੀ ਪਰ ਇਹ ਕੁਝ ਮਹੀਨੇ ਪਹਿਲਾਂ ਕਰੀਬ 6-6 ਇੰਚ ਬੈਠ ਗਿਆ ਸੀ। ਜਿਸਨੂੰ ਦਰੁੱਸਤ ਕਰ ਦਿੱਤਾ ਗਿਆ ਸੀ। ਪਤਾ ਨਹੀਂ ਕਿਵੇਂ ਹੁਣ ਫਿਰ ਬੈਠ ਗਿਆ। ਉਸਨੇ ਖਦਸ਼ਾ ਜਾਹਰ ਕੀਤਾ ਕਿ ਸ਼ਾਇਦ ਹੇਠੋਂ ਪਾਣੀ  ਰੈਂਪ ਵਿਚ ਘੁਸ ਜਾਂਦਾ ਹੈ ਜਿਸ ਕਰਕੇ ਇਹ ਦਿੱਕਤ ਪੈਦਾ ਹੁੰਦੀ ਹੈ। 
          ਬੱਸ ਅੱਡੇ 'ਤੇ ਸਵਾਰੀ ਦੀ ਉਡੀਕ 'ਚ ਖੜ੍ਹੇ ਨਛੱਤਰ ਸਿੰਘ ਨਾਂਅ ਦੇ ਵਿਅਕਤੀ ਨੇ ਵੀ.ਆਈ.ਪੀ. ਪਿੰਡ 'ਚ  ਅਜਿਹੇ ਘਟੀਆ ਨਿਰਮਾਣ ਕਾਰਜਾਂ ਲਈ ਹਕੂਮਤ ਦੀ ਢਿੱਲੀ ਕਾਰਜਪ੍ਰਣਾਲੀ ਅਤੇ 'ਮਿਲਵਰਣ' ਵਾਲੇ ਸੁਭਾਅ ਨੂੰ ਕਥਿਤ ਤੌਰ 'ਤੇ ਜੁੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਲੰਬੀ ਹਲਕੇ ਵਿਚ ਘਟੀਆ ਨਿਰਮਾਣ ਕਾਰਜਾਂ ਦੇ ਅਣਗਿਣਤ ਮਾਮਲੇ ਨਸ਼ਰ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਅਧਿਕਾਰੀ ਖਿਲਾਫ਼ ਵਿਭਾਗੀ ਜਾਂ ਸਰਕਾਰੀ ਐਕਸ਼ਨ ਹੋਣ ਦੀ ਖ਼ਬਰ ਨਹੀਂ ਸੁਣਨ ਨੂੰ ਮਿਲੀ, ਬਲਕਿ ਨਿੱਤ ਸੰਗਤ ਦਰਸ਼ਨਾਂ ਜਰੀਏ ਗਰਾਂਟਾਂ ਦੇ ਗੱਫ਼ਿਆਂ ਦੀ ਸੂਚੀ ਲਗਾਤਾਰ ਲੰਮੀ ਹੁੰਦੀ ਹੈ। 

ਇਸ ਸਬੰਧ ਵਿਚ ਪੰਚਾਇਤ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਪ੍ਰਵੀਨ ਗਾਂਧੀ ਨੇ ਸੰਪਰਕ ਕਰਨ 'ਤੇ ਉਕਤ ਛੱਪੜ ਦਾ ਰੈਂਪ ਬੈਠਣ ਬਾਰੇ ਜਾਣਕਾਰੀ ਹੋਣੋਂ ਇਨਕਾਰ ਕਰਦਿਆਂ ਆਖਿਆ ਕਿ ਤੁਸੀਂ ਖ਼ਬਰ ਨੂੰ ਨਾ ਛਾਪਿਓ ਸਿਰਫ਼ ਇੱਕ ਲੱਖ ਰੁਪਏ ਦਾ ਕੰਮ ਸੀ ਐਵੇਂ ਹੀ ਮੁੱਖ ਮੰਤਰੀ ਸਾਬ੍ਹ ਦੇ ਪਿੰਡ ਦੀ ਬਦਨਾਮੀ ਹੋਵੇਗੀ।  

03 November 2012

ਦੋ ਨੰਬਰ 'ਚ ਚੱਲ ਰਿਹੈ ਹਾਕਮਾਂ ਦੀ ਲੰਬੀ ਦਾ 'ਖਜ਼ਾਨਾ'


ਇਕਬਾਲ ਸਿੰਘ ਸ਼ਾਂਤ

ਲੰਬੀ : ਬੜੀ ਹੈਰਾਨੀ ਭਰ ਅਸਲੀਅਤ ਹੈ ਕਿ ਮੁੱਖ ਮੰਤਰੀ ਦੇ ਹਲਕੇ ਦੀ ਸਬ ਤਹਿਸੀਲ ਲੰਬੀ ਵਿਚ ਸਥਿਤ ਖਜ਼ਾਨਾ ਦਫ਼ਤਰ ਦੋ ਨੰਬਰ 'ਚ ਚੱਲ ਰਿਹਾ ਹੈ। ਜਿਸਦਾ ਸਰਕਾਰੀ ਕਾਗਜ਼ਾਂ ਵਿਚ ਕੋਈ ਵਜੂਦ ਨਹੀਂ ਹੈ ਤੇ ਹੁਣ ਇਹ ਸਿਰਫ਼ 'ਸਿਆਸਤ' ਦੇ ਮੌਖਿਕ ਹੁਕਮਾਂ ਦੇ ਸਹਾਰੇ ਚੱਲ ਰਿਹਾ ਹੈ। ਇਹ ਸਿਆਸੀ 'ਗਲਫਤਬਾਜ਼ੀ' ਦਾ ਸਿਰਾ ਹੈ ਕਿ ਵੀ.ਆਈ. ਪੀ. ਦੇ ਹਲਕੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਨਖ਼ਾਹਾਂ ਅਤੇ ਹੋਰ ਬਿੱਲਾਂ ਦੀ ਅਦਾਇਗੀ ਕਰਦੇ ਇਸ ਖ਼ਜਾਨਾ ਦਫ਼ਤਰ ਦੇ ਇੱਕ ਮਾਤਰ ਕਲਕਰ ਨੂੰ ਗਿੱਦੜਬਾਹਾ ਦੇ ਖਜ਼ਾਨਾ ਦਫ਼ਤਰ ਤੋਂ ਤਨਖ਼ਾਹ ਜਾਰੀ ਹੁੰਦੀ ਹੈ। ਇੱਥੇ ਤਾਇਨਾਤ ਕਰਮਚਾਰੀ ਨੂੰ ਅਮਲੇ ਦੀ ਅਣਹੋਂਦ ਕਰਕੇ ਲੰਬੀ ਦੇ ਨਾਲ-ਨਾਲ ਗਿੱਦੜਬਾਹਾ ਅਤੇ ਮਲੋਟ  ਦੇ ਖਜ਼ਾਨਾ ਦਫ਼ਤਰਾਂ ਵਿਚ 'ਮਗਜ਼ਮਾਰੀ' ਕਰਨੀ ਪੈਂਦੀ ਹੈ। ਸਰਕਾਰੀ ਰਿਕਾਰਡ ਵਿਚ ਇਸ ਖਜ਼ਾਨਾ ਦਫ਼ਤਰ 'ਚ ਕੋਈ ਅਸਾਮੀ ਮੰਨਜੂਰ ਨਹੀਂ ਹੈ ਅਤੇ ਇੱਥੋਂ ਸਿਰਫ਼ ਆਰਜ਼ੀ ਤੌਰ 'ਤੇ ਨਿਯੁਕਤ ਇੱਕ ਸਫ਼ਾਈ ਕਰਮਚਾਰੀ ਨੂੰ 45 ਸੌ ਰੁਪਏ ਮਿਹਨਤਾਣੇ ਵਜੋਂ ਜਾਰੀ ਹੁੰਦੇ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਹੁਤ ਪਹਿਲਾਂ ਤੱਕ ਲੰਬੀ 'ਚ ਮੰਜੂਰਸ਼ੁਦਾ ਖਜ਼ਾਨਾ ਦਫ਼ਤਰ ਸੀ ਜੋ ਕਿ ਬਾਅਦ 'ਚ ਬੰਦ ਹੋ ਗਿਆ ਸੀ। ਹੁਣ ਸਿਆਸੀ ਰੌਹਬ ਕਰਕੇ ਵਰ੍ਹਿਆਂ ਤੋਂ ਦੋ ਨੰਬਰ 'ਚ ਖਜ਼ਾਨਾ ਦਫ਼ਤਰ ਕੰਮ ਕਰ ਰਿਹਾ ਹੈ।

ਖਾਲੀ ਖਜ਼ਾਨੇ ਦੀ ਮਾਰ - 5ਵੇਂ ਤਨਖ਼ਾਹ ਕਮਿਸ਼ਨ ਦੀ ਦੂਜੀ ਕਿਸ਼ਤ ਦੇ ਬਕਾਏ ਜਾਰੀ 'ਚ ਕਰਨ 'ਚ 'ਫਾਡੀ' ਹੋਇਆ ਹਲਕਾ ਲੰਬੀ

30 ਫ਼ੀਸਦੀ ਬਕਾਏ ਅਤੇ ਬਿੱਲਾਂ ਸਮੇਤ 5-6 ਕਰੋੜ ਰੁਪਏ ਬਕਾਇਆ-ਈ.ਟੀ.ਟੀ. ਅਧਿਆਪਕਾਂ ਵੱਲੋਂ ਸੰਘਰਸ਼ ਦੀ ਚਿਤਾਵਨੀ


  -ਬਕਾਏ ਜਾਰੀ ਹੋਣ 'ਚ ਪਿਛਾਂਹ ਰਹਿਣ 'ਤੇ ਵੀ.ਆਈ.ਪੀ. ਅਮਲਾ ਹਾਕਮਾਂ 'ਤੇ ਔਖਾ-

                                                    ਇਕਬਾਲ ਸਿੰਘ ਸ਼ਾਂਤ
ਲੰਬੀ : 'ਸਿਆਸੀ ਤਾਕਤ' ਦੇ ਸਰਮਾਏ ਨਾਲ ਲਬੋ-ਲੱਬ ਹਲਕਾ ਲੰਬੀ ਦੇ ਬਹੁਗਿਣਤੀ ਪੈਨਸ਼ਨਰ ਅਤੇ ਸਰਕਾਰੀ ਕਰਮਚਾਰੀਆਂ 'ਤੇ ਪੰਜਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨ ''ਫਾਡੀ' ਸਾਬਤ ਹੋ ਰਿਹੈਸੂਬੇ ਭਰ ਦੇ ਪੈਨਸ਼ਨਰ ਪੰਜਵੇਂ ਤਨਖਾਹ ਕਮਿਸ਼ਨ ਦੀ ਤੀਜੀ ਕਿਸ਼ਤ ਦੇ ਬਕਾਏ ਲਈ ਸੰਘਰਸ਼ ਕੀਤਾ ਜਾ ਰਿਹੈਜਦੋਂਕਿ ਹਕੂਮਤੀ ਹਲਕੇ ਦੇ ਬਹੁਤੇ ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਦੂਜੀ ਕਿਸ਼ਤ ਦੇ 30 ਫ਼ੀਸਦੀ ਬਕਾਏ ਅਤੇ ਹੋਰ ਬਿੱਲ ਜਾਰੀ ਨਹੀਂ ਹੋ ਸਕੇਖਜ਼ਾਨਾ ਦਫ਼ਤਰ ਲੰਬੀ ਅਨੁਸਾਰ ਇਸ ਦਫ਼ਤਰ 'ਤੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ 5-6 ਕਰੋੜ ਰੁਪਏ ਬਕਾਇਆ ਹਨ 
            ਸੰਘਰਸ਼ ਦਾ ਲੰਮਾ ਪੈਂੜਾ ਤੈਅ ਕਰਕੇ ਪੈਰਾਂ ਸਿਰ ਹੋਏ ਈ.ਟੀ.ਟੀ. ਅਧਿਆਪਕ ਅਜੇ ਵੀ ਸਰਕਾਰੀ ਬੇਰੁੱਖੀ ਦੇ ਦਾਇਰੇ ਵਿਚ ਹਨ ਜਿਨ੍ਹਾਂ ਨੂੰ ਦੂਜੀ ਕਿਸ਼ਤ ਦਾ ਬਾਕਇਆ ਤਾਂ ਦੂਰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਹੀ ਨਹੀਂ ਮਿਲੀਆਂ ਸੂਬੇ ਦੀ ਮੰਦੀ ਆਰਥਿਕ ਹਾਲਤ ਦੇ ਬਾਵਜੂਦ ਅੰਨ੍ਹੇਵਾਹ ਵਿਕਾਸ ਗਰਾਂਟਾਂ ਦੇ ਗੱਫ਼ਿਆਂ ਦਾ ਆਨੰਦ ਮਾਨਣ ਵਾਲੇ ਹਲਕਾ ਲੰਬੀ ਦੇ ਖਜ਼ਾਨਾ ਦਫ਼ਤਰ ਵਿਚ ਬੀਤੀ 23 ਅਗਸਤ ਤੋਂ ਬਾਅਦ ਦੇ ਬਕਾਇਆ ਬਿੱਲਾਂ ਦੇ ਥੱਬੇ ਲੱਗੇ ਪਏ ਹਨ।  ਪਤਾ ਲੱਗਿਆ ਹੈ ਕਿ ਸਰਕਾਰ ਵੱਲੋਂ ਅਗਾਮੀ ਹੁਕਮਾਂ ਤੱਕ ਉਕਤ ਬਿੱਲਾਂ ਸਬੰਧੀ ਕੋਈ ਕਾਰਵਾਈ ਕਰਨ 'ਤੇ ਅਣਐਲਾਨੀ ਰੋਕ ਲਾਈ ਹੋਈ ਹੈਜਿਸ ਕਰਕੇ ਖਜ਼ਾਨਾ ਦਫ਼ਤਰ ਵਿਚ ਬਕਾਇਆ ਬਿੱਲਾਂ ਦੇ ਢੇਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ 
           ਲੰਬੀ ਦੇ ਖਜ਼ਾਨਾ ਦਫ਼ਤਰ ਅਧੀਨ ਸਿੱਖਿਆ ਵਿਭਾਗ, ਸਿਹਤ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਜਲ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗ ਆਉਂਦੇ ਹਨਵਿਭਾਗੀ ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਦੇ 23 ਡੀ.ਡੀ.ਓਜ਼ ਵਿਚੋਂ 21 ਡੀ.ਡੀ.ਓਜ਼ ਦੇ ਕਰੋੜਾਂ ਰੁਪਏ ਦੂਜੀ ਕਿਸ਼ਤ ਦੇ 30 ਫ਼ੀਸਦੀ ਬਕਾਏ ਸਮੇਤ ਹੋਰਨਾਂ ਬਕਾਏ ਵੀ ਸ਼ਾਮਲ ਹਨਇਸੇ ਤਰ੍ਹਾਂ ਸਿਹਤ ਵਿਭਾਗ ਬਾਦਲ ਅਤੇ ਲੰਬੀ, ਸੀ.ਡੀ.ਪੀ.ਓ ਦਫ਼ਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ 30 ਫ਼ੀਸਦੀ ਸਮੇਤ ਜੀ.ਪੀ.ਐਫ਼., ਮੈਡੀਕਲ ਬਿੱਲ, ਗਰੈਚਿਊਟੀ, ਜਨਰਲ ਏਰੀਅਰ, ਕਮਾਈ ਛੁੱਟੀ, ਪੈਨਸ਼ਨਾਂ ਦੇ ਬਕਾਏ ਸ਼ਾਮਲ ਹਨਜਿਨ੍ਹਾਂ ਦੇ ਉੱਪਰ ਹੁਕਮਾਂ ਕਰਕੇ ਅਦਾਇਗੀ ਸਬੰਧੀ ਖਜ਼ਾਨਾ ਵਿਭਾਗ ਨੇ ਚੁੱਪੀ ਵੱਟ ਰੱਖੀ ਹੈ 
         ਜਾਣਕਾਰੀ ਅਨੁਸਾਰ 1 ਜਨਵਰੀ 2006 ਦੀ ਸੋਧ ਅਨੁਸਾਰ ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਪੰਜਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਤਿੰਨ ਕਿਸ਼ਤਾਂ 'ਚ ਦੇਣ ਦਾ ਨਿਰਣਾ ਲਿਆ ਗਿਆ ਸੀਜਿਸ ਦੇ ਤਹਿਤ ਪਹਿਲੀ ਕਿਸ਼ਤ  '40 ਫ਼ੀਸਦੀ ਨਵੰਬਰ 2010 'ਚ ਅਤੇ ਦੂਜੀ ਕਿਸ਼ਤ 30 ਫ਼ੀਸਦੀ ਨਵੰਬਰ 2011 ਵਿਚ ਦੇਣ ਤੈਅ ਕੀਤੀ ਗਈ ਸੀ 
ਸਰਕਾਰੀ ਸੂਤਰਾਂ ਅਨੁਸਾਰ ਸੂਬੇ ਭਰ 'ਚ ਪੈਨਸ਼ਨਰਾਂ ਅਤੇ ਕਰਮਚਾਰੀਆਂ ਦੂਜੀ ਕਿਸ਼ਤ ਦੇ ਬਕਾਏ 23 ਅਗਸਤ ਤੱਕ ਕਢਵਾਏ ਜਾ ਚੁੱਕੇ ਹਨ ਅਤੇ ਤਿਉਹਾਰਾਂ ਦੇ ਸੀਜਨ ਵਿਚ ਨਵੰਬਰ 2012 ਨੂੰ ਬਕਾਇਆ ਤੀਜੀ ਕਿਸ਼ਤ ਦੀ ਉਡੀਕ 'ਚ ਹਨਪਰੰਤੂ ਵੀ.ਆਈ.ਪੀ. ਮਾਹੌਲ ਵਿਚ ਨੌਕਰੀ ਦਾ ਆਨੰਦ ਮਾਨਣ ਵਾਲੇ ਲੰਬੀ ਹਲਕੇ ਦੇ ਜ਼ਿਆਦਾਤਰ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਦੂਜੀ ਕਿਸ਼ਤ ਦੇ ਬਕਾਏ ਲਈ ਹੀ ਧੱਕੇ ਖਾ ਰਹੇ ਹਨ 
          ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰੀ ਸਿਸਟਮ ਵੱਲੋਂ ਆਪਣੇ ਆਰਥਿਕ ਮੰਦਵਾੜੇ ਨੂੰ ਲੁਕੋਣ ਨੂੰ ਖਜ਼ਾਨਾ ਦਫ਼ਤਰਾਂ ਵਿਚੋਂ ਬਿੱਲ ਅਪਲੋਡ ਲਈ ਵਰਤੇ ਜਾਂਦੇ ਸਰਵਰ ਫੇਲ੍ਹ ਕਰ ਦਿੱਤਾ ਗਿਆ ਸੀ ਤਾਂ ਜੋ ਬਿੱਲ ਦੀ ਇੰਦਰਾਜ ਨਾ ਹੋਣ ਕਰਕੇ ਕਰਮਚਾਰੀਆਂ ਦੇ ਬਕਾਏ ਸਬੰਧੀ ਬਿੱਲ ਖਜਾਨਾ ਦਫ਼ਤਰਾਂ ਵਿਚ ਮੇਜ਼ਾਂ 'ਤੇ ਰੁਲਦੇ ਰਹਿਣ ਅਤੇ ਬਕਾਇਆ ਦੇਣ ਲਈ ਸਰਕਾਰ ਕਟਿਹਰੇ 'ਚ ਨਾ ਆਵੇ 
           ਹਕੂਮਤੀ ਹਲਕੇ ਦੇ ਪੈਨਸ਼ਨਰ ਅਤੇ ਸਰਕਾਰੀ ਕਰਮਚਾਰੀਆਂ ਦੇ ਬਕਾਏ ਦੀ ਦੂਜੀ ਕਿਸ਼ਤ ਵੀ ਜਾਰੀ ਨਾ ਹੋਣ ਨਾਲ ਹਕੂਮਤ ਦੀ ਪ੍ਰਸ਼ਾਸਨਿਕ ਢਾਂਚੇ 'ਤੇ ਢਿੱਲੀ ਪੈਂਦੀ ਪਕੜ ਨੂੰ ਦਰਸ਼ਾਉਂਦੀ ਹੈਦੱਸਣਯੋਗ ਹੈ ਕਿ ਇਸ ਹਲਕੇ ਵਿਚ ਬਹੁਗਿਣਤੀ ਸਰਕਾਰੀ ਕਰਮਚਾਰੀ ਵਰਗ ਵਿਚੋਂ ਸੱਤਾ ਪੱਖ ਦੇ 'ਖਾਸਮ ਖਾਸ' ਅਤੇ 'ਵਰਕਰ' ਜਿਹਾ ਗੂੜ੍ਹਾ ਪ੍ਰਭਾਵ ਵੇਖਣ ਨੂੰ ਮਿਲਦਾ ਹੈਪਰੰਤੂ ਬਕਾਏ ਦੀ ਕਿਸ਼ਤ ਜਾਰੀ ਹੋਣ 'ਚ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਪਿਛਾਂਹ ਰਹਿਣ ਕਰਕੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ 
           ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਅਸਿੱਧੇ ਤੌਰ 'ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਗਰਾਂਟਾਂ ਦੇ ਗੱਫ਼ਿਆਂ 'ਚ ਹਮੇਸ਼ਾਂ ਮੋਹਰੀ ਰਹਿਣ ਵਾਲੇ ਲੰਬੀ ਹਲਕੇ 'ਚ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਕਮਿਸ਼ਨ ਦੀ ਕਿਸ਼ਤ ਜਾਰੀ ਕਰਨ 'ਚ ਬਾਕੀ ਸੂਬੇ ਨਾਲੋਂ ਪਿਛਾਂਹ ਰੱਖਣ ਨਾਲ ਖੇਤਰ ਦੇ ਵਕਾਰੀ ਰੁਤਬੇ ਨੂੰ ਧੱਕਾ ਲੱਗਿਆ ਹੈਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਅਕਾਲੀ ਸਰਕਾਰ 'ਚ ਲੰਬੀ ਹਲਕੇ ਦੇ ਕਰਮਚਾਰੀ ਵਰਗ ਦੀ ਅਣਗੌਲਿਆ ਕੀਤਾ ਗਿਆ ਹੈਉਨ੍ਹਾਂ ਕਿਹਾ ਕਿ ਬਕਾਏ ਨਾ ਮਿਲਣ ਕਰਕੇ ਡੀਜ਼ਲਪਟਰੋਲ ਅਤੇ ਗੈਸ ਦੀਆਂ ਕੀਮਤੀ ਵਧਣ ਕਰਕੇ 'ਮਹਿੰਗੀ' ਹੋਈ ਦੀਵਾਲੀ ਤੋਂ ਇਸ ਵਾਰ ਕਿਨਾਰਾ ਕਰਨਾ ਪੈ ਸਕਦਾ ਹੈ 

            ਇਸਤੋਂ ਇਲਾਵਾ ਤਰ੍ਹਾਂ ਸਿੱਖਿਆ ਵਿਭਾਗ ਵਿਚੋਂ ਸੇਵਾਮੁਕਤ ਹੋਏ ਲੈਕਚਰਾਰ ਧਰਮਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸੇਵਾ ਮੁਕਤ ਮੁੱਖ ਅਧਿਆਪਕ ਪਤਨੀ ਸੱਤਿਆਵੰਤੀ ਦੀ ਦੂਜੀ ਕਿਸ਼ਤ ਦਾ ਬਕਾਇਆ ਇੱਕ ਲੱਖ ਰੁਪਏ ਤੋਂ ਵੱਧ ਬਣਦਾ ਹੈਧਰਮਰਾਜ ਨੇ ਦੱਸਿਆ ਕਿ ਸ.ਸ. ਸਕੂਲ ਘੁਮਿਆਰਾ (ਸੈਕਟਰ ਸਕੂਲ) ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਲੰਬੀ ਵੱਲੋਂ ਖਜ਼ਾਨਾ ਦਫ਼ਤਰ ਲੰਬੀ ਵਿਖੇ ਦੂਜੀ ਕਿਸ਼ਤ ਦੇ ਬਿੱਲ ਜਮ੍ਹਾਂ ਕਰਵਾਏ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈਉਨ੍ਹਾਂ ਆਖਿਆ ਕਿ ਮਹਿੰਗਾਈ ਦੇ ਦੌਰ ਵਿਚ ਬੱਚਿਆਂ ਦੀ ਪੜ੍ਹਾਈ ਅਤੇ ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਉਕਤ ਕਿਸ਼ਤ ਨਾ ਮਿਲਣ ਕਰਕੇ ਉਨ੍ਹਾਂ ਅਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਿੱਲਿਆਂਵਾਲੀ ਤੋਂ 30 ਸਤੰਬਰ ਨੂੰ ਸੇਵਾਮੁਕਤ ਹੋਏ ਕਲਰਕ ਦਰਸ਼ਨ ਲਾਲ ਵੀ ਆਪਣੇ ਸਮੁੱਚੇ ਬਕਾਇਆਂ ਦੀ ਅਦਾਇਗੀ ਦੀ ਉਡੀਕ ਵਿਚ ਹੈ 
             ਈ.ਟੀ.ਟੀ. ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਮੁੱਖ ਮੰਤਰੀ ਦੇ ਹਲਕੇ ਵਿਚ ਸੰਗਤ ਦਰਸ਼ਨਾਂ ਦੇ ਨਾਲ ਕਰਮਚਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈਉਨ੍ਹਾਂ ਨੂੰ ਕਰਮਚਾਰੀ ਵਰਗ ਨੂੰ ਸਰਕਾਰੀ ਤੰਤਰ ਦਾ ਅਹਿਮ ਅੰਗ ਕਰਾਰ ਦਿੰਦਿਆਂ ਕਿ ਸਰਕਾਰ ਨੇ ਤਿੰਨ ਮਹੀਨੇ ਤੋਂ ਈ.ਟੀ.ਟੀ. ਅਧਿਆਪਕਾਂ ਦੀਆਂ ਤਨਖ਼ਾਹਾਂ ਰੋਕ ਰੱਖੀਆਂ ਹਨਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੁਲਾਈ ਦੀ ਤਨਖ਼ਾਹ ਦੇ ਨਾਲ 30 ਫ਼ੀਸਦੀ ਬਕਾਏ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਵੰਬਰ ਸ਼ੁਰੂ ਹੋ ਗਿਆ ਤੇ ਦੀਵਾਲੀ ਦਾ ਤਿਉਹਾਰ ਸਿਰ 'ਤੇ ਹੈ ਪਰ  ਬਕਾਏ ਦੇ ਜਾਰੀ ਹੋਣ ਦੀ ਕੋਈ ਉਮੀਦ ਨਹੀਂਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਤਨਖ਼ਾਹ ਅਤੇ 30 ਫ਼ੀਸਦੀ ਬਕਾਏ ਨਾ ਜਾਰੀ ਕੀਤੇ ਤਾਂ ਈ.ਟੀ.ਟੀ. ਅਧਿਆਪਕ ਅਤੇ ਹੋਰ ਜਥੇਬੰਦੀਆਂ ਨੂੰ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾਇਸ ਸਬੰਧ ਵਿਚ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ 23 ਅਗਸਤ ਤੋਂ ਪਹਿਲਾਂ ਦੇ ਬਕਾਏ ਅਤੇ ਬਿੱਲ ਜਾਰੀ ਹੋ ਚੁੱਕੇ ਹਨ ਜਦੋਂਕਿ ਉਸਤੋਂ ਬਾਅਦ ਦੇ ਬਕਾਇਆ ਬਿੱਲਾਂ ਲਈ ਉੱਪਰੋਂ ਅਜੇ ਨਵੀਂ ਹਦਾਇਤ ਨਹੀਂ  ਆਈ
98148-26100 / 93178-26100
E_mail : iqbal.shant@gmail.com









16 September 2012

ਘਪਲੇਬਾਜ਼ੀ ਦੀ ਮਾਰ ਹੇਠ ਲੰਬੀ ਹਲਕੇ 'ਚ ਘਰ-ਘਰ ਪੈਨਸ਼ਨ ਵੰਡਣ ਦਾ ਪਾਇਲਟ ਪ੍ਰਾਜੈਕਟ


   ਧਾਰਕਾਂ ਨੂੰ 250 ਤੋਂ 5 ਸੌ ਰੁਪਏ ਤੱਕ ਕੁੰਡੀ ਲਾ ਰਿਹਾ ਸੀ ਫਿਨੋ ਕੰਪਨੀ ਦਾ ਪੈਨਸ਼ਨ ਏਜੰਟ

ਪਰਚੀ ਦਾ ਰਕਮ ਦਰਸਾਉਂਦਾ ਹਿੱਸਾ ਫਾੜ ਦੇ ਪਾਇਆ ਜਾ ਰਿਹਾ ਸੀ ਰੱਬ ਦੇ ਮਾਰਿਆਂ ਦੀਆਂ ਅੱਖਾਂ 'ਚ ਘੱਟਾ 
                                                            
                                                            ਇਕਬਾਲ ਸਿੰਘ ਸ਼ਾਂਤ
ਲੰਬੀ, 15 ਤੰਬਰ : ਲੰਬੀ ਹਲਕੇ ਵਿਚ ਪੈਨਸ਼ਨਰਾਂ ਨੂੰ ਘਰ-ਘਰ ਪੈਨਸ਼ਨ ਪਹੁੰਚਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਫਿਨੋ ਕੰਪਨੀ ਦੇ ਸਹਾਰੇ ਉਲੀਕਿਆ ਪਾਇਲਟ ਪ੍ਰਾਜੈਕਟ ਹੀ ਮੁੱਢਲੇ ਤੌ'ਤੇ ਘਪਲੇਬਾਜ਼ੀ ਦੀ ਮਾਰ ਹੇਠ ਆ ਗਿਆ ਹੈਜਦੋਂਕਿ ਬਾਕੀ ਸੂਬੇ ਵਿਚ ਇਹ ਸਕੀਮ ਲਾਗੂ ਕੀਤੀ ਜਾਣੀ ਅਜੇ ਬਾਕੀ ਹੈ 
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਬਲਾਕ ਲੰਬੀ ਦੇ 10 ਹਜ਼ਾਰ 664 ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਧਾਰਕਾਂ ਦੇ ਲਈ 61 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਪੈਨਸ਼ਨ ਵਜੋਂ ਜ਼ਿਲ੍ਹਾ ਸਮਾਜ ਕਲਿਆਣ ਵਿਭਾਗ ਮੁਕਤਸਰ ਸਾਹਿਬ ਵੱਲੋਂ ਜਾਰੀ ਕੀਤੀ ਗਈ ਸੀਜਿਸ ਵਿੱਚੋਂ ਮੰਡੀ ਕਿਲਿਆਂਵਾਲੀ ਦੇ 515 ਪੈਨਸ਼ਨਧਾਰਕਾਂ ਨੂੰ ਦੋ ਲੱਖ 98 ਹਜ਼ਾਰ ਰੁਪਏ ਦੀ ਰਾਸ਼ੀ ਵੰਡੇ ਜਾਣ ਲਈ ਭੇਜੀ ਗਈ ਸੀ 
ਇਸਤੋਂ ਪਹਿਲਾਂ ਹਰਿਆਣਾ 'ਚ ਆਪਣੀ ਢਿੱਲੀ ਅਤੇ ਲਾਪਰਵਾਹ ਕਾਰਜ ਪ੍ਰਣਾਲੀ ਪੈਨਸ਼ਨਰਾਂ ਅਤੇ ਹੁੱਡਾ ਸਰਕਾਰ ਵਿਚਕਾਰ ਵੱਡਾ ਪਾੜਾ ਪੁਆਉਣ ਦੀ ਜੁੰਮੇਵਾਰ ਸਮਝੀ ਜਾਂਦੀ ਫਿਨੋ ਕੰਪਨੀ ਦੇ ਇੱਕ ਪੈਨਸ਼ਨ ਏਜੰਟ ਅਮਰਜੀਤ ਸਿੰਘ ਵੱਲੋਂ ਕੱਲ੍ਹ ਮੰਡੀ ਕਿਲਿਆਂਵਾਲੀ ਵਿੱਚ ਪੈਨਸ਼ਨ ਵੰਡ ਸਮੇਂ ਰੱਬ ਦੇ ਮਾਰੇ ਬਜ਼ੁਰਗ, ਵਿਧਵਾ ਅਤੇ ਅੰਗਹੀਣ ਪੈਨਸ਼ਨਰਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ 250 ਤੋਂ 500 ਰੁਪਏ ਤੱਕ ਪੈਨਸ਼ਨ ਘੱਟ ਦਿੱਤੀ ਗਈ 
ਉਕਤ ਮਾਮਲਾ ਸਾਹਮਣੇ ਆਉਣ 'ਤੇ ਮੰਡੀ ਕਿਲਿਆਂਵਾਲੀ ਦੇ ਭਾਜਪਾ ਨੇਤਾ ਸਤੀਸ਼ ਕਾਲਾ ਅਤੇ ਅਕਾਲੀ ਆਗੂ ਅਜੈ ਖਰੋੜ ਨੇ ਪੈਨਸ਼ਨਰਾਂ ਨੂੰ ਪੈਨਸ਼ਨ ਘੱਟ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਫਿਨੋ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀਜਿਸ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ 'ਤੇ ਆਧਾਰਤ ਟੀਮ ਵੱਲੋਂ ਪੜਤਾਲ ਦੌਰਾਨ ਘਪਲੇਬਾਜ਼ੀ ਦਾ ਅਸਲ ਭੇਤ ਸਾਹਮਣੇ ਆਇਆਜਿਸਦੇ ਅਨੁਸਾਰ ਫਿਨੋ ਕੰਪਨੀ ਵੱਲੋਂ ਪੈਨਸ਼ਨ ਏਜੰਟਾਂ ਨੂੰ ਪੈਨਸ਼ਨ ਵੰਡਣ ਲਈ ਮੁਹੱਈਆ ਮਸ਼ੀਨ ਵਿੱਚ ਪੈਨਸ਼ਨਰ ਦਾ ਸਮਾਰਟ ਕਾਰਡ ਪਾ ਕੇ ਉਸਦਾ ਫਿੰਗਰ ਪ੍ਰਿੰਟ ਲੈ ਲਿਆ ਜਾਂਦਾ ਹੈਜਿਸਦੇ ਉਪਰੰਤ ਪੈਨਸ਼ਨਰ ਨੂੰ ਪੈਨਸ਼ਨ ਦੀ ਰਕਮ ਅਤੇ ਮਸ਼ੀਨ ਵਿਚੋਂ ਨਿਕਲੀ ਇੱਕ ਰਸੀਦ ਦਿੱਤੀ ਜਾਂਦੀ ਹੈਜਿਸ 'ਤੇ  ਪੈਨਸ਼ਨਰ ਨੂੰ ਦਿੱਤੇ ਜਾਣ ਵਾਲੀ ਪੈਨਸ਼ਨ ਦੀ ਰਾਸ਼ੀ ਦਾ ਵੇਰਵਾ ਹੁੰਦਾ ਹੈਪਰੰਤੂ ਪੈਨਸ਼ਨ ਏਜੰਟ ਅਮਰਜੀਤ ਸਿੰਘ ਬੜੀ ਚੁਸਤੀ ਨਾਲ ਰਸੀਦਾਂ 'ਤੇ ਰਕਮ ਨੂੰ ਦਤਰਸਾਉਂਦੇ ਹਿੱਸੇ ਨੂੰ ਫਾੜ ਕੇ ਆਪਣੇ ਕੋਲ ਰੱਖ ਲੈਂਦਾ ਸੀਅਸਲੀਅਤ ਤੋਂ ਅਨਜਾਣ ਪੈਨਸ਼ਨ ਧਾਰਕ ਘੱਟ ਪੈਨਸ਼ਨ ਮਿਲਣ ਕਰਕੇ ਸੂਬਾ ਸਰਕਾਰ ਨੂੰ ਕੋਸਦੇ ਹੋਏ ਘਰ ਨੂੰ ਤੁਰ ਜਾਂਦੇ ਸਨਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਪੈਨਸ਼ਨ ਏਜੰਟ ਉਕਤ ਪਾਇਲਟ ਪ੍ਰਾਜੈਕਟ ਦੀ ਭਾਵਨਾ ਦੇ ਅਨੂਕੂਲ ਲੋਕਾਂ ਦੇ ਘਰ-ਘਰ ਜਾਣ ਦੀ ਬਜਾਏ ਮਹਾਸ਼ਾ ਮੁਹੱਲੇ ਵਿਚ ਪੰਚ ਮੰਗਤ ਰਾਏ ਗਰੋਵਰ ਦੇ ਘਰ ਬੈਠ ਕੇ ਪੈਨਸ਼ਨ ਵੰਡ ਰਿਹਾ ਸੀ 
ਪੜਤਾਲੀਆ ਟੀਮ ਦੇ ਪੁੱਜਣ ਤੋਂ ਪਹਿਲਾਂ ਅਮਰਜੀਤ ਸਿੰਘ ਨਾਂ ਦੇ ਪੈਨਸ਼ਨ ਏਜੰਟ ਨੇ ਆਮ ਜਨਤਾ ਦੇ ਨਾਲ-ਨਾਲ ਪੱਤਰਕਾਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਪੈਨਸ਼ਨ ਵਿਚੋਂ ਰੁਪਏ ਕੱਟਣ ਨੂੰ ਕੰਪਨੀ ਦੀ ਹਦਾਇਤਾਂ ਤਹਿਤ ਪੈਨਸ਼ਨਰਾਂ ਦਾ ਇੱਕ-ਇੱਕ ਲੱਖ ਰੁਪਏ ਦਾ ਬੀਮਾ ਕਰਨ ਦੀ ਗੱਲ ਆਖੀਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਤੱਕ ਉਕਤ ਏਜੰਟ ਵੱਲੋਂ ਲਗਪਗ 129 ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਵੰਡੀ ਗਈ ਸੀਜਿਨ੍ਹਾਂ ਵਿਚੋਂ ਤਿੰਨ ਦਰਜਨ ਦੇ ਕਰੀਬ ਪੈਨਸ਼ਨ ਧਾਰਕਾਂ ਨੂੰ ਬੀਮਾ ਕਰਨ ਦੀ ਆੜ ਵਿਚ ਘੱਟ ਪੈਸੇ ਦਿੱਤੇ ਗਏ 
ਮਾਮਲੇ ਦੀ ਪੜਤਾਲ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ, ਹਰਨੇਕ ਸਿੰਘ ਅਤੇ ਕੰਪਨੀ ਦੇ ਹਲਕਾ ਲੰਬੀ ਦੇ ਬਲਾਕ ਕੋ-ਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਡੂੰਘੀ ਜਾਂਚ ਉਪਰੰਤ ਉਕਤ ਕਰਮਚਾਰੀ ਵੱਲੋਂ ਕੀਤੀ ਘਪਲੇਬਾਜ਼ੀ ਖੁਲਾਸਾ ਕਰਦਿਆਂ ਉਸਨੇ ਸਿੱਧੇ ਤੌਰ 'ਤੇ ਦੋਸ਼ੀ ਕਰਾਰ ਦਿੱਤਾਕੰਪਨੀ ਦੇ ਉੱਚ ਅਧਿਕਾਰੀਆਂ ਦੇ ਖੁਲਾਸੇ ਪੜਤਾਲ ਉਪਰੰਤ ਅਮਰਜੀਤ ਸਿੰਘ ਨੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ ਦੇ ਸਨਮੁੱਖ ਪੈਨਸ਼ਨ ਧਾਰਕਾਂ ਦੀ ਹਾਜਰੀ ਵਿਚ ਫਿਨੋ ਕੰਪਨੀ ਦੇ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਬਣਦੀ ਪੈਨਸ਼ਨ ਦੇ 250 ਤੋਂ 500 ਰੁਪਏ ਦੀ ਕੁੰਡੀ ਲਾਈ ਸੀਉਸਨੇ ਖੁਦ ਨੂੰ ਨਿਰਦੇਸ਼ ਕਰਾਰ ਦਿੰਦਿਆਂ ਕਿਹਾ ਕਿ ਬਲਜੀਤ ਸਿੰੰਘ ਨੇ ਹੀ ਉਸਨੂੰ ਵਿਵਾਦ ਖੜ੍ਹਾ ਹੋਣ 'ਤੇ ਸੰਭਾਲ ਲੈਣ ਦੀ ਸਲਾਹ ਦਿੱਤੀ ਸੀ।   ਜਦੋਂਕਿ ਦੂਜੇ ਪਾਸੇ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਨੇ ਉਕਤ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਸਨੇ ਤਾਂ ਸਿਰਫ਼ ਚਾਹਵਾਨ ਪੈਨਸ਼ਨਰਾਂ ਦਾ ਸਲਾਨਾ ਬੀਮਾ ਕਰਕੇ 100 ਰੁਪਏ ਲੈਣ ਦੀ ਸਲਾਹ ਅਮਰ ਨੂੰ ਦਿੱਤੀ ਸੀ
ਇਸੇ ਦੌਰਾਨ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪੈਨਸ਼ਨਰਾਂ ਨੂੰ 250 ਤੋਂ ਲੈ ਕੇ 500 ਰੁਪਏ ਤੱਕ ਘੱਟ ਪੈਨਸ਼ਨ ਦਿੱਤੀ ਗਈ ਹੈਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਪੈਨਸ਼ਨ ਏਜੰਟ ਅਮਰਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈਜਦੋਂਕਿ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ ਕੀਤੀ ਜਾਵੇਗੀ 
ਸ੍ਰੀ ਵਾਸਤਵ ਨੇ ਦੱਸਿਆ ਕਿ ਅਪ੍ਰੈਲ-ਮਈ ਦੇ ਦੌਰਾਨ ਕੰਪਨੀ ਵੱਲੋਂ ਪ੍ਰਕ੍ਰਿਆ ਸ਼ੁਰੂ ਕਰਦੇ ਹੋਏ ਪੈਨਸ਼ਨਰਾਂ ਦੇ ਮੁਫ਼ਤ ਸਮਾਰਟ ਕਾਰਡ ਬਣਾਏ ਗਏ  ਸਨਉਸ ਸਮੇਂ ਵੀ ਉਕ ਪੈਨਸ਼ਨ ਏਜੰਟ ਨੇ ਨੇ 20-20 ਰੁਪਏ ਲੈ ਕੇ ਲੋਕਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਸਨਉਦੋਂ ਇਸਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀਮੰਡੀ ਕਿਲਿਆਂਵਾਲੀ ਦੇ ਅਕਾਲੀ ਆਗੂ ਅਜੈ ਖਰੋੜ, ਭਾਜਪਾ ਨੇਤਾ ਸਤੀਸ਼ ਕਾਲਾ, ਪੰੰਚ ਮੰਗਤ ਰਾਏ ਗਰੋਵਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੈਨਸ਼ਨ ਵੰਡਣ ਵਿੱਚ ਘਪਲੇਬਾਜ਼ੀ ਕਰਨ ਵਾਲੇ ਫਿਨੋ ਕਰਮਚਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ



       ਹਰਿਆਣਾ 'ਚ ਵੀ ਵਿਵਾਦਾਂ 'ਚ ਘਿਰੀ ਰਹੀ ਸੀ ਫਿਨੋ ਦੀ ਕਾਰਜ ਪ੍ਰਣਾਲੀ!  
ਲੰਬੀ, 15 ਸਤੰਬਰ : ਪੰਜਾਬ ਸਰਕਾਰ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੀ ਹੁੱਡਾ ਸਰਕਾਰ ਨੇ ਪੈਨਸ਼ਨ ਵੰਡਣ ਲਈ ਫਿਨੋ ਕੰਪਨੀ ਨਾਲ ਕਰਾਰ ਕੀਤਾ ਸੀਕੁਝ ਮਹੀਨਿਆਂ ਦੌਰਾਨ ਹੀ ਕੰਪਨੀ ਦੀ ਲਾਪਰਵਾਹੀ ਤੇ ਢਿੱਲੀ ਕਾਰਜਪ੍ਰਣੀ ਕਰਕੇ ਸਮੇਂ ਸਿਰ ਪੈਨਸ਼ਨ ਨਾ ਮਿਲਣ ਤੇ ਵੱਖ-ਵੱਖ ਤਕਨੀਕੀ ਖਾਮੀਆਂ ਕਰਕੇ ਪੈਨਸ਼ਨ ਧਾਰਕ ਸੂਬਾ ਸਰਕਾਰ ਖਿਲਾਫ਼ ਥਾਂ-ਥਾਂ ਸੜਕਾਂ 'ਤੇ ਉਤਰਨ ਨੂੰ ਮਜ਼ਬੂਰ ਹੋ ਗਏ ਸਨਜਿਸਦੇ ਉਪਰੰਤ ਹੁੱਡਾ ਸਰਕਾਰ ਨੇ ਪੰਜ ਮਹੀਨੇ ਦੀ ਬੇਵਜ੍ਹਾ ਬਦਨਾਮੀ ਅਤੇ ਖੱਜਲ ਖੁਆਰੀ ਝੱਲਣ ਉਪਰੰਤ ਪੈਨਸ਼ਨ ਵੰਡਾਉਣ ਦਾ ਕੰਮ ਮੁੜ ਤੋਂ ਨਗਰ ਪਾਲਿਕਾਂ ਨੂੰ ਸੌਂਪ ਕੇ ਸੁੱਖ ਦਾ ਸਾਂਹ ਲਿਆ ਸੀ 


02 September 2012

ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ ਦੇ ਦਲਿਤ ਪਰਿਵਾਰਾਂ ਵੱਲੋਂ ਹਿਜਰਤ ਦੀ ਚਿਤਾਵਨੀ

 ਮੁੱਖ ਮੰਤਰੀ ਵੱਲੋਂ 2-2 ਵਾਰ ਗਰਾਂਟਾਂ ਦੇਣ ਦੇ ਬਾਵਜੂਦ ਦਲਿਤ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋ ਸਕੀ
  -ਮੁਹੱਲੇ 'ਚ ਗੰਦੇ ਪਾਣੀ ਦਾ ਛੱਪੜ ਬਣਿਆ-
-ਗੰਦਗੀ ਅਤੇ ਬਦਬੂਦਾਰ ਮਾਹੌਲ 'ਚ ਜਿਉਣ ਲਈ ਮਜ਼ਬੂਰ ਵੀ.ਆਈ. ਪੀ. ਵੋਟਰ- 
  -ਦਲਿਤ ਪਰਿਵਾਰਾਂ ਦੇ ਕਾਫ਼ੀ ਗਿਣਤੀ ਲੋਕ ਮਲੇਰੀਆ ਦੀ ਮਾਰ ਹੇਠ-

                                               ਇਕਬਾਲ ਸਿੰਘ ਸ਼ਾਂਤ
ਲੰਬੀ : 2 ਸਤੰਬਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਈ ਵਾਰ ਲੱਖਾਂ ਰੁਪਏ ਦੀ ਗਰਾਂਟ ਦੇਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਉਂਦੇ ਜੀਅ ਨਰਕ ਜਿਹੇ ਹਾਲਤਾਂ 'ਚ ਜੀਵਨ ਬਸਰ ਕਰ ਰਹੇ ਖੇਤਰ ਦੇ ਪਿੰਡ ਭੁੱਲਰਵਾਲਾ ਦੇ ਦਲਿਤ ਮੁਹੱਲੇ 'ਚ ਵਸਦੇ ਵੱਡੀ ਗਿਣਤੀ ਦਲਿਤ ਪਰਿਵਾਰਾਂ ਨੇ ਪਿੰਡ ਵਿਚੋਂ ਹਿਜਰਤ ਕਰਨ ਦੀ ਚਿਤਾਵਨੀ ਦਿੱਤੀ ਹੈ। 
         ਦਲਿਤ ਮੁਹੱਲੇ ਵਿਹੜੇ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁੱਖ ਸੜਕ 'ਤੇ ਗੰਦਾ ਪਾਣੀ ਛੱਪੜ ਦਾ ਰੂਪ ਧਾਰਦਾ ਜਾ ਰਿਹਾ ਹੈ। ਇਸ ਖੜ੍ਹੇ ਪਾਣੀ ਵਿਚ ਪਨਪ ਰਹੇ ਮੱਛਰਾਂ ਕਰਕੇ ਕਾਫ਼ੀ ਗਿਣਤੀ ਲੋਕ ਮਲੇਰੀਆ ਅਤੇ ਹੋਰ ਗੰਭੀਰ ਬੀਮਾਰੀਆਂ ਨਾਲ ਪੀੜਤ ਹੋ ਚੁੱਕੇ ਹਨ। ਬਦਬੂਦਾਰ ਮਾਹੌਲ ਕਰਕੇ ਲੋਕਾਂ ਦਾ ਖਾਣ-ਪੀਣਾ, ਸੋਣਾ, ਘਰਾਂ 'ਚ ਰਹਿਣ ਦੇ ਇਲਾਵਾ ਸਾਂਹ ਤੱਕ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਖੜ੍ਹੇ ਪਾਣੀ ਨੇ ਮਕਾਨਾਂ ਨੂੰ ਨੁਕਸਾਨ ਪਹੰਚਾਉਣਾ ਸ਼ੁਰੂ ਕਰ ਦਿੱਤਾ ਹੈ।  
ਪਿੰਡ ਦੇ ਲੋਕਾਂ ਅਨੁਸਾਰ ਸਰਮਾਏਦਾਰਾਂ ਵੱਲੋਂ ਮੁਰੱਬਾਬੰਦੀ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਬਾਗਾਂ ਵਾਲੇ ਖਾਲ ਨੂੰ ਬੰਦ ਕਰਨ ਕਰਕੇ ਦਲਿਤ ਮੁਹੱਲੇ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਜਦੋਂਕਿ ਸਰਮਾਏਦਾਰਾਂ ਵੱਲੋਂ ਆਪਣੇ ਮੁਹੱਲੇ ਦੇ ਪਾਣੀ ਦਾ ਨਿਕਾਸ ਪਾਈਪਾਂ ਰਾਹੀ ਪਿੰਡ ਤੋਂ ਬਾਹਰਲੇ ਸਮੇ ਨਾਲੇ ਵਿੱਚ ਕਰ ਦਿੱਤਾ ਗਿਆ ਹੈ।
          ਪਿੰਡ ਵਾਸੀਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਲਿਤ ਮੁਹੱਲੇ ਦੇ ਬੋਹੜ ਤੋਂ ਲੈ ਕੇ ਛੱਪੜ ਤੱਕ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ ਪਰ ਉਸਦਾ ਬਾਅਦ ਕੋਈ ਖੋਜ-ਖੁਰਾ ਹੀ ਨਹੀਂ ਲੱਭਿਆ ਅਤੇ  ਉਹ ਗਰਾਂਟ ਗੰਦੇ ਪਾਣੀ ਦੇ ਹੇਠਾਂ ਦੱਬੀ ਗਈ। ਇਸਦੇ ਉਪਰੰਤ ਮੁੱਖ ਮੰਤਰੀ ਨੇ 5 ਲੱਖ ਰੁਪਏ ਦੀ ਗਰਾਂਟ  ਪੰਚਾਇਤੀ ਰਾਜ ਵਿਭਾਗ ਨੂੰ ਗੰਦੇ ਅਤੇ ਬਰਸਾਤੀ ਪਾਣੀ ਨਿਕਾਸੀ ਦੇ ਹੱਲ ਲਈ ਦਿੱਤੇ ਗਏ ਸਨ। ਹਾਕਮਾਂ ਵੱਲੋਂ ਦੋ-ਦੋ ਵਾਰ ਗਰਾਂਟ ਦੇਣ ਦੇ ਬਾਵਜੂਦ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਨਾ ਹੋਣਾ ਸਮੁੱਚੇ ਸਰਕਾਰੀ ਤੰਤਰ ਦੀ ਨਿਕੰਮੀ ਅਤੇ ਲਾਪਰਵਾਹ ਕਾਰਗੁਜਾਰੀਆਂ ਦੀ ਪੋਲ੍ਹ ਖੋਲਣ ਲਈ ਕਾਫ਼ੀ ਹੈ। 
ਪ੍ਰਸ਼ਾਸਨਿਕ ਲਾਪਰਵਾਹੀ ਦੇ ਸ਼ਿਕਾਰ ਪਿੰਡ ਭੁੱਲਰਵਾਲਾ ਦੇ ਭਾਰੀ ਗਿਣਤੀ ਦਲਿਤ ਲੋਕਾਂ ਕੌਰ ਸਿੰਘ, ਤੇਜਾ ਸਿੰਘ, ਬੂਟਾ ਸਿੰਘ, ਰਾਜ ਸਿੰਘ, ਗੁਰਾਂ ਸਿੰਘ, ਰਾਜਾ ਸਿੰਘ, ਇਕਬਾਲ ਸਿੰਘ ਅਤੇ ਜੱਸਾ ਸਿੰਘ, ਸੁਖਮੰਦਰ ਸਿੰਘ, ਜਸਕਰਨ ਸਿੰਘ, ਗੁਰਨੇਕ ਸਿੰਘ ਅਤੇ ਸੁਭਾਸ਼ ਸਿੰਘ ਸਮੇਤ ਦਰਜਨਾਂ ਹੋਰ ਵਿਅਕਤੀਆਂ ਨੇ ਦੱਸਿਆ ਕਿ ਦਹਾਕਿਆਂ ਤੋਂ ਚੱਲਦੇ ਬਾਗਾਂ ਵਾਲੇ ਖਾਲ ਨੂੰ ਬੰਦ ਕਰਵਾ ਕੇ ਮੁਹੱਲਾ ਵਾਸੀਆਂ ਦਾ ਜਿਉਣਾ ਦੂਭਰ ਕਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ  ਨਿਕਾਸ ਬੰਦ ਹੋਣ ਨਾਲ ਘਰਾਂ ਦਾ ਗੰਦਾ ਪਾਣੀ ਅਤੇ ਬਰਸਾਤੀ ਪਾਣੀ ਗਲੀਆਂ ਵਿੱਚ ਰੁਕ ਗਿਆ ਹੈ। ਗੰਦੇ ਪਾਣੀ ਦੇ ਰੁਕਣ ਨਾਲ ਲੋਕ ਮਲੇਰੀਆ ਅਤੇ ਹੋਰ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦਾ ਨਿਕਾਸੀ ਨਾ ਹੋਣ ਕਰਕੇ ਖੜ੍ਹੇ ਪਾਣੀ ਵਿਚੋਂ ਬਦਬੂ ਅਤੇ ਮੱਛਰ ਪਨਪ ਰਹੇ ਹਨ। ਬਦਬੂ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਰਾਜਾ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਕਿਹਾ ਕਿ ਢਿੱਡ ਭਰਨ ਨੂੰ ਰੋਟੀ ਖਾਣੀ ਪੈਂਦੀ ਹੈ ਪਰ ਇੱਥੇ ਮਾਰਦੀ ਬਦਬੂ ਨੇ ਜਿਉਂਦੇ ਜੀਅ ਨਰਕ ਵਿਖਾ ਦਿੱਤਾ ਹੈ। ਉਸਨੇ ਕਿਹਾ ਕਿ ਖ਼ਬਰਾਂ ਵਿਚ ਵੀ.ਆਈ. ਪੀ ਵੋਟਰਾਂ ਦਾ ਰੁਤਬਾ ਰੱਖਣ ਦੀ ਜ਼ਮੀਨੀ ਹਕੀਕਤ ਇਸ ਵੀ.ਆਈ.ਪੀ. 'ਖਿਤਾਬ' ਤੋਂ ਕੋਹਾਂ ਦੂਰ ਹੈ। 
             ਕੌਰ ਸਿੰਘ ਨਾਂ ਦੇ ਬਜ਼ੁਰਗ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਲਿਤ ਮੁਹੱਲੇ ਦੇ ਪਾਣੀ ਦਾ ਨਿਕਾਸ ਲਈ ਕਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਉਨ੍ਹਾਂ ਗਰਾਂਟਾਂ ਵਿੱਚੋਂ ਇੱਕ ਪੈਸਾ ਵੀ ਇਸ ਕੰਮ 'ਤੇ ਖਰਚ ਨਹੀਂ ਹੋਇਆ। ਉਨ੍ਹਾਂ ਆਖਿਆ ਜ਼ਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੇ ਮੁਹੱਲੇ ਵਿਚ ਲੋਕ ਨਵੀਂ ਰਿਸ਼ਤੇਦਾਰੀ ਪਾਉਣਾ ਤਾਂ ਦੂਰ ਪੁਰਾਣੇ ਰਿਸ਼ਤੇਦਾਰ ਮਿਲਣ ਆਉਣੋਂ ਕਤਰਾਉਂਦੇ ਹਨ। 
           ਜਸਵੀਰ ਕੌਰ, ਚਰਨੋ ਕੌਰ ਅਤੇ ਦਲਬੀਰ ਕੌਰ ਨੇ ਵੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਗੀ ਯੁਕਤ ਮਾਹੌਲ ਤੋਂ ਖਹਿੜਾ ਛੁਡਵਾਉਣ ਦੇ ਰੌਂਅ ਵਿਚ ਆਖਿਆ ਕਿ ਸਭ ਤੋਂ ਜ਼ਿਆਦਾ ਮੰਦੀ ਹਾਲਤ ਮੁਹੱਲੇ ਦੀਆਂ ਔਰਤਾਂ ਦੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਘਰ ਵਿਚ ਰਹਿਣਾ ਹੁੰਦਾ ਹੈ। ਮੁਹੱਲੇ ਦੇ ਸਾਹਮਣੇ 'ਚ ਵਸਦੇ ਕਿਸਾਨ ਪਰਿਵਾਰ ਦੀ ਔਰਤ ਦਲਬੀਰ ਕੌਰ ਨੇ ਆਖਿਆ ਕਿ ਗੰਦੇ ਪਾਣੀ ਵੱਲੋਂ  ਉਨ੍ਹਾਂ ਦਾ ਬੂਹਾ ਪੂਰੀ ਤਰ੍ਹਾਂ ਮੱਲਣ ਕਰਕੇ ਉਹ ਘਰ ਵਿਚ ਆਉਣਾ-ਜਾਣਾ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਦੋਂਕਿ ਨੀਂਹਾਂ 'ਚ ਵੜਨ ਕਰਕੇ ਮਕਾਨ ਦੀਆਂ ਕੰਧਾਂ ਥਾਂ-ਥਾਂ ਤੋਂ ਪਾੜ ਚੁੱਕੀਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਇੱਥੇ ਆਪਾ ਭਵਿੱਖ ਸੁਰੱਖਿਅਤ ਨਹੀਂ ਜਾਪਦਾ। 
              ਇਸ ਮੌਕੇ ਲੋਕਾਂ ਨੇ ਪਿੰਡ ਦੇ ਅਕਾਲੀ ਸਰਪੰਚ ਇਕਬਾਲ ਸਿੰਘ 'ਤੇ ਖੁੱਲ੍ਹੇਆਮ ਦਲਿਤ ਮੁਹੱਲੇ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਆਖਿਆ ਕਿ ਸਰਪੰਚ ਨੇ ਜਮੀਂਦਾਰਾਂ ਦੇ ਘਰਾਂ ਦੇ ਨਿਕਾਸੀ ਦਾ ਪ੍ਰਬੰਧ ਕਰਵਾ ਦਿੱਤਾ ਪਰ ਉਨ੍ਹਾਂ ਨਾਲ ਵਿਤਕਰੇਬਾਜ਼ੀ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਕਢਵਾਇਆ ਜਾ ਰਿਹਾ ਹੈ। 
            ਮੁਹੱਲਾ ਵਾਸੀਆਂ ਨੇ ਇਕਸੁਰ ਵਿਚ ਆਖਿਆ ਕਿ ਮੁੱਖ ਮੰਤਰੀ ਸੀ ਬਾਦਲ ਦੇ ਹੱਥੀਂ ਦਿੱਤੀ ਗਰਾਂਟ ਉਨ੍ਹਾਂ ਤੱਕ ਨਾ ਪਹੁੰਚਣ ਲੱਗਣ ਕਰਕੇ ਉਨ੍ਹਾਂ ਦਾ ਸਮੁੱਚੇ ਤਾਣੇ-ਬਾਣੇ ਤੋਂ ਵਿਸ਼ਵਾਸ ਉੱਠ ਗਿਆ ਹੈ। ਅਜਿਹੇ ਵਿਚ ਉਨ੍ਹਾਂ ਕੋਲ ਪਿੰਡ ਭੁੱਲਰਵਾਲਾ ਤੋਂ ਹਿਜਰਤ ਕਰਕੇ ਹਰਿਆਣਾ ਜਾਂ ਰਾਜਸਥਾਨ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ।   
               ਮੁਹੱਲਾ ਵਾਸੀਆਂ ਨੇ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਰਾਂਟਾਂ ਦੀਆਂ ਵਿਜੀਲੈਂਸ ਪੜਤਾਲ ਦੀ ਮੰਗ ਕਰਦਿਆਂ ਕਿਹਾ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਹੱਲੇ ਦੇ ਬਰਸਾਤੀ ਅਤੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਹਿਜਰਤ ਜਿਹਾ ਫੈਸਲਾਕੁੰਨ ਕਦਮ ਚੁੱਕਣ ਨੂੰ ਮਜ਼ਬੂਰ ਹੋਣਗੇ। 
             ਇਸ ਸਬੰਧ ਵਿਚ ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਾਂਧੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਕਾਸੀ ਲਈ ਸਹੀ ਥਾਂ ਨਾ ਮਿਲਣ ਕਰਕੇ ਗਰਾਂਟ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਵਾਪਸ ਭੇਜ ਦਿੱਤੀ ਗਈ ਹੈ। 


                              ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਾਈ ਗੁਹਾਰ
    ਪਿੰਡ ਭੁੱਲਰਵਾਲਾ ਦੇ ਦਲਿਤਾਂ ਨੇ ਗਰਾਟਾਂ ਜਾਰੀ ਹੋਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਨਸਾਫ਼ ਲਈ ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਅਨੂਸੂਚਿਤ ਜਾਤੀ-ਜਨਜਾਤੀ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਮੀਨੀ ਹਾਲਾਤਾਂ ਦੀਆਂ ਫੋਟੋਆਂ ਸਮੇਤ ਪੱਤਰ ਲਿਖ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੋਈ ਹੈ ਜਿਨ੍ਹਾਂ 'ਤੇ ਅਜੇ ਤੱਕ ਕਾਰਵਾਈ ਹੋਣ ਦੇ ਨਿਸ਼ਾਨ ਨਹੀਂ ਮਿਲੇ। 


                                      ਵੋਟਾਂ ਤੋਂ ਪਹਿਲੇ ਦੇ ਰੋਸ ਪ੍ਰਗਟਾਵੇ ਦੀ ਮਿਲ ਰਹੀ ਸਜ਼ਾ! 
ਮੰਨਿਆ ਜਾ ਰਿਹਾ ਹੈ ਕਿ ਪਿੰਡ ਭੁੱਲਰਵਾਲਾ ਦੇ ਦਲਿਤ ਮੁੱਖ ਮੰਤਰੀ ਮੂਹਰੇ ਵਿਕਾਸ ਦੀ ਹਕੀਕਤ ਬਿਆਨ ਕਰਨ ਦੀ ਕੋਸ਼ਿਸ਼ ਦੀ ਸਜ਼ਾ ਭੁਗਤ ਰਹੇ ਹਨ। ਬੀਤੀ 4 ਜਨਵਰੀ 2012 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ 'ਚ ਚੋਣ ਜਲਸੇ ਦੌਰਾਨ ਪਿੰਡ ਦੇ ਅਸਲ ਦੀ ਵਿਕਾਸ ਦਾ ਸ਼ੀਸ਼ਾ ਵਿਖਾਉਣ ਪੁੱਜੇ ਕੁਝ ਦਲਿਤ ਨੌਜਵਾਨਾਂ ਨੂੰ ਪੁਲਿਸ ਅਤੇ ਪਿੰਡ ਦੇ ਅਕਾਲੀ ਵਰਕਰਾਂ ਨੇ ਧੱਕੇਲ ਕੇ ਪਾਸੇ ਕਰ ਦਿੱਤਾ। ਜਿਸਦੇ ਉਪਰੰਤ ਪਿੰਡ ਦੇ ਦਲਿਤਾਂ ਨੇ ਮੀਡੀਆ ਸਾਹਮਣੇ ਮੁਦੇ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਭੜਾਸ ਕੱਢੀ ਸੀ। ਲੋਕਾਂ ਅਨੁਸਾਰ ਹੁਣ ਉਹ ਕਥਿਤ ਤੌਰ 'ਤੇ 'ਫੰਡਖਾਊ ਲਫਟੈਣ' ਦਲਿਤਾਂ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਵਿਚ ਅੜਿੱਕਾ ਹਨ। 


98148-26100
93178-26100

ਇਸ ਖ਼ਬਰ ਨਾਲ ਸਬੰਧਤ ਪੁਰਾਣੀ ਰਿਪੋਰਟ ਪੜ੍ਹਨ ਲਈ ਹੇਠਲੇ ਲਿੰਕ 'ਤੇ ਕਲਿੱਕ ਕਰੋ।


20 August 2012

ਮੁੱਖ ਮੰਤਰੀ ਬਾਦਲ ਦੇ ਸੰਗਤ ਦਰਸ਼ਨ ਤੋਂ ਹੁੰਦੀ 'ਠੇਕੇਦਾਰਾਂ' 'ਚ ਖੁਸ਼ੀ ਦੀ ਲਹਿਰ

''ਓਹ ਕਾਕਾ, ਛੱਡੋ ਪੁਰਾਣੇ ਕੰਮ, ਹੋਰ ਪੈਸੇ ਲੈ ਲਓ, ਪਰ ਬੱਸ ਰੌਲਾ ਨਾ ਪਾਉ''
ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਗਸਤ : ਰਵਾਇਤ ਅਨੁਸਾਰ ਮੁੱਖ ਮੰਤਰੀ ਬਾਦਲ ਲੰਬੀ ਹਲਕੇ ਵਿਚ ਸੰਗਤ ਦਰਸ਼ਨਾਂ ਸਮਾਗਮਾਂ ਦੌਰਾਨ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਲੱਖਾਂ-ਕਰੋੜਾਂ ਰੁਪਏ ਦੀਆਂ ਗਰਾਟਾਂ 'ਪਾਣੀ' ਵਾਂਗ ਵੰਡਦੇ ਹਨਮੁੱਖ ਮੰਤਰੀ ਦੀ ਇਸ ਖੁੱਲ੍ਹ ਦਿਲੀ ਤੋਂ ਆਮ ਪੇਂਡੂਆਂ ਨਾਲੋਂ ਕਈ ਗੁਣਾ ਜ਼ਿਆਦਾ ਪ੍ਰਸ਼ਾਸਨ ਤੰਤਰ ਅਤੇ 'ਠੇਕੇਦਾਰ' ਸਫ਼ੈਦਪੋਸ਼ ਵਰਗ ਵੱਧ ਖੁਸ਼ ਵਿਖਾਈ ਦਿੰਦਾ ਹੈਜਿਨ੍ਹਾਂ ਨੇ ਅਜਿਹੇ ਵਿਕਾਸ ਫੰਡਾਂ ਵਿਚੋਂ ਕਥਿਤ ਤੌਰ 'ਤੇ ਮਲਾਈਆਂ ਛਕਣੀਆਂ ਹੁੰਦੀਆਂ ਹਨਬੀਤੇ ਦਿਨ੍ਹੀਂ ਪਿੰਡ ਮਿਠੜੀ ਬੁੱਧਗਿਰ ਵੀ ਮੁੱਖ ਮੰਤਰੀ ਸ੍ਰੀ ਬਾਦਲ ਦੇ ਹੁਕਮਾਂ 'ਤੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਲਿਫ਼ਟ ਪੰਪ ਅਤੇ ਚਾਰਦੀਵਾਰੀ ਦੀ ਉਸਾਰੀ ਵਿਚ ਪੜਤਾਲ ਦੌਰਾਨ ਸਿੱਧੇ ਤੌਰ 'ਤੇ ਘਪਲੇਬਾਜ਼ੀ ਨਸ਼ਰ ਹੋਈ ਸੀ 
ਸੂਝਵਾਨ ਲੋਕਾਂ ਵਿਚ ਰੋਸ ਹੈ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਜਾਂਦੀਆਂ ਲੱਖਾਂ-ਕਰੋੜਾਂ ਰੁਪਏ ਦੀਆਂ ਗਰਾਂਟਾਂ ਸਹੀ ਅਰਥ  'ਤੇ ਨਹੀਂ ਲੱਗਦੀਆਂਮੁੱਖ ਮੰਤਰੀ ਦੇ ਮੂਹਰੇ 'ਮਿਸ਼ਕਮੂਹਣੇ' ਬਣੇ ਖਲੋਤੇ ਨੌਕਰਸ਼ਾਹਾਂ ਵੱਲੋਂ ਗਰਾਂਟਾਂ ਦੇ ਜ਼ਿਆਦਾਤਰ ਹਿੱਸੇ ਨੂੰ ਠੇਕੇਦਾਰਾਂ ਨਾਲ ਸਿੱਧੇ-ਅਸਿੱਧੇ ਤੌਰ 'ਤੇ ਰਲ-ਮਿਲ ਕੇ 'ਥਾਂ-ਠਿਕਾਣੇ' ਲਾ ਦਿੱਤਾ ਜਾਂਦਾ ਹੈਲੰਬੀ ਹਲਕੇ ਦਾ ਇਤਿਹਾਸ ਗਵਾਹ ਹੈ ਕਿ ਅਕਾਲੀ ਸਰਕਾਰ ਦੌਰਾਨ ਇੱਥੇ ਨਾ ਕਦੇ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਪੜਤਾਲ ਹੋਈ ਹੈ ਅਤੇ ਨਾ ਹੀ ਕਿਸੇ ਨੂੰ ਨੁਕਸਦਾਰ ਜਾਂ ਘਪਲੇਬਾਜ਼ੀ ਲਈ ਜੁੰਮੇਵਾਰ ਠਹਿਰਾ ਕੇ ਉਸਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਕਿਉਂਕਿ ਇੱਥੇ ''ਓਹ ਕਾਕਾ, ਛੱਡੋ ਪੁਰਾਣੇ ਕੰਮ, ਹੋਰ ਪੈਸੇ ਲੈ ਲਓ, ਪਰ ਬੱਸ ਰੌਲਾ ਨਾ ਪਾਉ'' ਦੇ ਕਥਨਾਂ ਦਾ ਬੋਲਬਾਲਾ ਹੈ 



ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਕਰਕੇ 'ਵਿਕਾਸ ਗੱਫ਼ਿਆਂ' ਦੀ ਸੂਚੀ ਤਿਆਰ ਕਰਨ 'ਚ ਜੁਟਿਆ ਸਰਕਾਰੀ ਤੰਤਰ 
ਲੰਬੀ, 20 ਅਗਸਤ : ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਫ਼ਤਰ ਦੇ ਨੁਮਾਇੰਦੇ ਹਲਕੇ ਦੇ ਪਿੰਡਾਂ ਵਿਚ ਵੰਡੇ ਜਾਣ ਵਾਲੇ 'ਵਿਕਾਸ ਗੱਫ਼ਿਆਂ' ਦੀਆਂ ਸੂਚੀਆਂ ਤਿਆਰ ਕਰਨ ਵਿਚ ਜੁਟ ਗਏ ਹਨਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਗਸਤ ਦੇ ਅਖੀਰਲੇ ਹਫ਼ਤੇ ਵਿਧਾਨਸਭਾ ਖੇਤਰ ਦੇ 16 ਪਿੰਡਾਂ ਵਿਚ ਦੋ ਰੋਜ਼ਾ ਸੰਗਤ ਦਰਸ਼ਨ ਕੀਤੇ ਜਾਣੇ ਹਨ

ਸੰਗਤ ਦਰਸ਼ਨ ਦੀਆਂ ਤਿਆਰੀਆਂ ਵਜੋਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ. ਅਵਤਾਰ ਸਿੰਘ ਵਣਵਾਲਾ, ਮੁੱਖ ਮੰਤਰੀ ਦੇ ਓ.ਐਸ.ਡੀ. ਗੁਰਚਰਨ ਸਿੰਘ ਅਤੇ ਸਹਿਕਾਰੀ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਦੀਪ ਸਿੰਘ ਨੇ ਖੇਤਰ ਦੇ ਪਿੰਡ ਧੌਲਾ, ਥਰਾਜਵਾਲਾ, ਲਾਲਬਾਈ, ਲਾਲਬਾਈ ਉੱਤਰੀ, ਚਨੂੰ, ਚਨੂੰ ਪੂਰਬੀ, ਬੀਦੋਵਾਲੀ ਅਤੇ ਮਾਨ ਪਿੰਡਾਂ ਦਾ ਦੌਰਾ ਕਰਨ ਪਿੰਡਾਂ ਵਿਚ ਸਾਂਝੀਆਂ ਥਾਵਾਂ 'ਤੇ ਲੋਕਾਂ ਦੀਆਂ ਸਾਂਝੀਆਂ ਮੰਗਾਂ ਦੀ ਸੂਚੀ ਤਿਆਰ ਕੀਤੀ 
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਗ ਦਰਸ਼ਨ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਦੀ ਸੂਚੀ ਤਿਆਰ ਕੀਤੀ ਤਾਂ ਜੋ ਮੁੱਖ ਮੰਤਰੀ ਦੇ ਦੌਰੇ ਸਮੇਂ ਇਹ ਮੰਗਾਂ ਪੂਰੀਆਂ ਪ੍ਰੋਜੈਕਟ ਰਿਪੋਰਟਾਂ ਸਮੇਤ ਉਨ੍ਹਾਂ ਦੇ ਸਨਮੁੱਖ ਰੱਖੀਆ ਜਾ ਸਕਣ ਅਤੇ ਮੁੱਖ ਮੰਤਰੀ ਪੰਜਾਬ ਮੌਕੇ ਤੇ ਹੀ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਗ੍ਰਾਂਟ ਜਾਰੀ ਕਰ ਸਕਣ 
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕ ਭਲਾਈ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਉਨ੍ਹਾਂ ਪੀਣ ਵਾਲੇ ਪਾਣੀ, ਜਲ ਨਿਕਾਸੀ, ਗੱਲੀਆਂ ਨਾਲੀਆਂ, ਅਨਾਜ ਮੰਡੀ, ਸਿੱਖਿਆ, ਸੜਕਾਂ ਆਦਿ ਸਬੰਧੀ ਪ੍ਰਾਪਤ ਮੰਗਾਂ ਸਬੰਧੀ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਵਿਸਥਾਰਤ ਰਿਪੋਰਟਾਂ ਤਿਆਰ ਕੀਤੀਆਂ ਜਾਣਉਨ੍ਹਾਂ ਬੇਘਰੇ ਲੋਕਾਂ ਸਬੰਧੀ ਵੀ ਸੂਚੀ ਇੱਕਤਰ ਕੀਤੇ ਜਾਣ ਦੇ ਨਿਰਦੇਸ਼ ਦਿੰਦਿਆਂ ਸੂਚੀ ਵਿਚ ਸਿਰਫ਼ ਯੋਗ ਵਿਅਕਤੀਆਂ ਨੂੰ ਹੀ ਸ਼ਾਮਲ ਕੀਤੇ ਜਾਣ ਯਕੀਨੀ ਬਣਾਉਣ ਲਈ ਆਖਿਆਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਲੋਕ ਮਸਲਿਆਂ ਦੇ ਨਬੇੜੇ ਲਈ ਪਿੰਡਾਂ ਦੇ ਦੌਰੇ ਕੀਤੇ ਜਾਣਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਪਿੰਡਾਂ ਵਿਚ ਸੁਵਿਧਾ ਕੈਂਪ ਲਗਾਏ ਜਾਣਗੇ 
ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਨਵਲ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ: ਰਾਜਵਿੰਦਰ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰਪਾਲ ਕੌਰ, ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਸ੍ਰੀ ਸ਼ਾਮ ਬਿਹਾਰੀ ਕਾਂਸਲ, ਕਾਰਜਕਾਰੀ ਇੰਜੀਨੀਅਰ (ਪੰਚਾਇਤੀ ਰਾਜ) ਸ੍ਰੀ ਪ੍ਰਵੀਨ ਗਾਂਧੀ, ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ, ਐਸ.ਓ.ਆਈ. ਦੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਧੌਲਾ ਅਤੇ ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਵੀ ਮੌਜੂਦ ਸਨ 
 
 

16 July 2012

-ਮੁੱਖ ਮੰਤਰੀ ਬਾਦਲ ਦੀ ਵਿਕਾਸ ਪ੍ਰਤੀ ਸੁਹਿਰਦ ਸੋਚ 'ਤੇ ਭਾਰੂ ਭ੍ਰਿਸ਼ਟ ਸਰਕਾਰੀ ਤੰਤਰ-


       -ਮੌਨਸੂਨ ਦਾ ਪਹਿਲਾ ਹੱਲਾ ਨਾ ਝੱਲ ਸਕਿਆ ਬੀਦੋਵਾਲੀ ਦਾ ਤਾਜਾ ਉਸਾਰਿਆ ਪੰਚਾਇਤੀ ਮੈਰਿਜ ਪੈਲੇਸ-
                             ਪਾਣੀ ਲੀਕ ਹੋਣ ਕਰਕੇ ਮੈਰਿਜ਼ ਪੈਲੇਸ ਹਾਲ ਦੀ ਸਿਲਿੰਗ ਦੋ ਥਾਵਾਂ ਤੋਂ ਡਿੱਗੀ 
                                                       ਇਕਬਾਲ ਸਿੰਘ ਸ਼ਾਂਤ
       ਡੱਬਵਾਲੀ : ਆਪਣੇ ਰਵਾਇਤੀ ਹਲਕੇ ਲੰਬੀ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਪ੍ਰਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਹਿਰਦ ਸੋਚ ਨੂੰ ਭ੍ਰਿਸ਼ਟ ਅਤੇ ਲਾਪਰਵਾਹ ਸਰਕਾਰੀ ਢਾਂਚਾ ਖੇਰੂੰ-ਖੇਰੂੰ ਕਰਨ ਵਿਚ ਰੁੱਝਿਆ ਹੋਇਆ ਹੈ। ਸਰਕਾਰੀ ਤੰਤਰ ਦੀ ਨਲਾਇਕੀ ਅਤੇ ਭ੍ਰਿਸ਼ਟ ਕਾਰਜਪ੍ਰਣਾਲੀ ਦਾ ਪ੍ਰਤੱਖ ਸਬੂਤ ਬੀਤੀ ਰਾਤ ਹਲਕੇ ਦੇ ਪਿੰਡ ਬੀਦੋਵਾਲੀ ਵਿਖੇ ਵੇਖਣ ਨੂੰ ਮਿਲਿਆ। ਜਿੱਥੇ ਕੱਲ੍ਹ ਦੇਰ ਸ਼ਾਮ ਮੌਨਸੂਨ ਦੀ ਪਹਿਲੀ ਹਲਕੀ ਜਿਹੀ ਬਰਸਾਤ ਨਾਲ ਪੰਚਾਇਤੀ ਰਾਜ ਵਿਭਾਗ ਵੱਲੋਂ 35 ਲੱਖ ਰੁਪਏ ਦੀ ਲਾਗਤ ਨਾਲ ਤਾਜ਼ਾ ਉਸਾਰੇ ਗਏ ਮੈਰਿਜ਼ ਪੈਲੇਸ ਦੀ ਛੱਤ ਲੀਕ ਹੋਣ ਕਰਕੇ ਪੈਲੇਸ ਦੇ ਹਾਲ ਦੀ ਛੱਤ 'ਤੇ ਲੱਖਾਂ ਰੁਪਏ ਦੀ ਕੀਮਤ ਨਾਲ ਕੀਤੀ ਸਿਲਿੰਗ ਦੇ ਲਗਭਗ 6-7 ਫੁੱਟ ਦੇ ਟੁਕੜੇ ਦੋ ਥਾਵਾਂ ਤੋਂ ਜ਼ਮੀਨ 'ਤੇ ਹੇਠਾਂ ਆ ਡਿੱਗੇ। 
ਹੈਰਾਨੀ ਦੀ ਗੱਲ ਹੈ ਕਿ ਪੰਚਾਇਤੀ ਰਾਜ ਵਿਭਾਗ ਵੱਲੋਂ ਅਜੇ ਪਰਸੋਂ ਹੀ ਇਸ ਨਵੇਂ ਉਸਾਰੇ ਮੈਰਿਜ ਪੈਲੇਸ ਦੀ ਚਾਬੀਆਂ ਨੂੰ ਪਿੰਡ ਦੇ ਸਰਪੰਚ ਨੂੰ ਸੌਂਪੀਆਂ ਗਈਆਂ ਹਨ। ਇਸ ਹਾਲ ਵਿਚ ਅਜੇ ਤੱਕ ਇਹ ਵਿਆਹ ਜਾਂ ਕੋਈ ਹੋਰ ਸਮਾਗਮ ਵੀ ਨਹੀਂ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਨਾਲ ਲਿੱਬੜੇ ਤੰਤਰ ਦੀ ਦੇਖ-ਰੇਖ ਹੇਠ ਬਣਿਆ ਇਹ ਮੈਰਿਜ ਪੈਲੇਸ ਆਪਣੇ ਅੰਜਾਮ ਦੇ ਪੁੱਜਣ ਦੇ ਕਗਾਰ 'ਤੇ ਆ ਪੁੱਜਿਆ ਹੈ। ਛੱਤ ਦੀ ਸਿਲਿੰਗ Àੁੱਖਡਣ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਕੱਲ੍ਹ ਐਤਵਾਰ ਨੂੰ ਮੈਰਿਜ ਪੈਲੇਸ ਦੇ ਹਾਲ ਵਿਚ ਹੋਣ ਵਾਲੇ ਇੱਕ ਸਮਾਗਮ ਲਈ ਸਾਫ਼-ਸਫ਼ਾਈ ਲਈ ਪਿੰਡ ਦੇ ਲੋਕ ਪੁੱਜੇ। ਜਿੱਥੇ ਮੈਰਿਜ ਪੈਲੇਸ ਦੀ ਛੱਤ ਦੀ ਹਾਲਤ ਵੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 
       ਬਾਹਰੋਂ ਅਤੇ ਅੰਦਰੋਂ ਖੂਬ ਰੰਗ-ਰੋਗਨ ਕਰਕੇ ਲਿਸ਼ਕਾਏ ਗਏ 80 ਗੁਣਾ 60 ਫੁੱਟੇ ਹਾਲ ਦੇ ਨਿਰਮਾਣ ਕਾਰਜ ਨੂੰ ਬਹੁਲੱਖੀ ਲਾਗਤ ਦੇ ਬਾਵਜੂਦ ਸੁਚੱਜਤਾ ਨਾਲ ਕਰਨ ਦੀ ਬਜਾਏ ਬੜੀ ਲਾਪਰਵਾਹ ਅਤੇ ਕੰਮ ਚਲਾਊ ਢੰਗ ਨਾਲ ਕੀਤਾ ਗਿਆ ਹੈ ਕਿ ਜਿਸਨੂੰ ਅਨਜਾਣ ਤੋਂ ਅਨਜਾਣ ਵਿਅਕਤੀ ਵੀ ਨੁਕਸਾਂ ਉਂਗਲਾਂ 'ਤੇ ਗਿਣਵਾ ਸਕਦਾ ਹੈ। ਛੱਤ ਦੀ ਉੱਬੜ-ਖਾਬੜ, ਬੇਤਰਤੀਬੀ ਭਰਪੂਰ ਅਤੇ ਹੇਠਲੇ ਦਰਜੇ ਦੀ ਸਿਲਿੰਗ ਨਿਰਮਾਣ ਕਾਰਜ ਵਿਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਨੂੰ ਸਿੱਧੇ ਤੌਰ 'ਤੇ ਨਸ਼ਰ ਕਰਦੀ ਹੈ। ਇਸਦੇ ਇਲਾਵਾ ਮੈਰਿਜ਼ ਪੈਲੇਸ ਦੀ ਦਿੱਖ ਨੂੰ ਆਧੁਨਿਕਤਾ ਭਰਿਆ ਦਰਸ਼ਾਉਣ ਲਈ ਵੱਡੇ-ਵੱਡੇ ਹਰੇ ਸ਼ੀਸ਼ਿਆਂ ਨੂੰ ਫਿੱਟ ਕਰਨ ਇੰਨਾ ਕੰਮ-ਚਲਾਊ  ਕਾਰਜ ਕੀਤਾ ਗਿਆ ਹੈ ਕਿ ਸ਼ੀਸ਼ਿਆਂ ਦੇ ਫਰੇਮ ਦੇ ਆਲੇ-ਦੁਆਲੇ ਖਾਲੀ ਦਰਜਾਂ ਨੂੰ ਭਰਨ ਦੀ ਲੋੜ ਨਹੀਂ ਸਮਝੀ ਗਈ ਅਤੇ ਉਨ੍ਹਾਂ 'ਤੇ ਰੰਗ ਕਰ ਦਿੱਤਾ ਗਿਆ। ਇਸਦੇ ਇਲਾਵਾ ਮੈਰਿਜ ਪੈਲੇਸ ਹਾਲ ਦੇ ਮੂਹਰੇ ਪੋਰਚ ਦੇ ਫਰਸ਼ 'ਤੇ ਲਾਇਆ ਮਹਿੰਗੇ ਭਾਅ ਦਾ ਪੱਥਰ ਵੀ ਟੁੱਟ ਮੁੱਢਲੇ ਤੌਰ 'ਤੇ ਹੀ ਟੁੱਟ ਚੁੱਕਿਆ ਹੈ। ਹਾਲਤ ਇਹ ਹੈ ਕਿ ਹਾਲ ਦੇ ਅਲਮੀਨੀਅਮ ਮੁੱਖ ਦਰਵਾਜੇ ਤਾਲਾ ਖਰਾਬ ਹੋਣ ਕਰਕੇ ਹੱਥੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਬੰਦ ਕੀਤਾ ਹੋਇਆ ਸੀ। 
ਪਿੰਡ ਬੀਦੋਵਾਲੀ ਦੇ ਵਾਸੀ ਸੂਰਤ ਸਿੰਘ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਛੱਤ ਦੀ ਹਾਲਤ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਭੇਜੇ ਫੰਡਾਂ ਦੀ ਦੁਰਦਸ਼ਾ ਦੀ ਕਹਾਣੀ ਨੂੰ ਨਵੇਂ ਉਸਾਰੇ ਮੈਰਿਜ ਪੈਲੇਸ ਦੀ ਹਾਲਤ ਬਾਖੂਬੀ ਬਿਆਨ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ 35 ਲੱਖ ਰੁਪਏ ਨਾਲ ਉਸਾਰੇ ਮੈਰਿਜ ਪੈਲੇਸ ਦਾ ਲਗਪਗ ਸਾਰਾ ਕੰਮ ਕੰਮ ਚਲਾਊ ਅਤੇ ਘਟੀਆ ਦਰਜੇ ਦਾ ਕੀਤਾ ਗਿਆ ਹੈ ਜਿਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। 
        ਇਸ ਸਬੰਧ ਵਿਚ ਜਦੋਂ ਪਿੰਡ ਦੇ ਸਰਪੰਚ ਗੁਰੇਤਜ ਸਿੰਘ ਨਾਲ ਸੰਪਰਕ ਕਰਕੇ ਮੈਰਿਜ ਪੈਲੇਸ ਦੀ ਛੱਤ ਤੋਂ ਸਿਲਿੰਗ ਡਿੱਗਣ ਬਾਰੇ ਪੁੱਛਿਆ ਗਿਆ ਤਾਂ ਉਸਦਾ ਜਵਾਬ ਸੀ ਕਿ ''ਮੈਂ ਆਪਣੇ ਪਰਿਵਾਰ ਨੂੰ ਪਾਲਾਂ ਜਾਂ ਪਿੰਡ ਦੇ ਕੰਮਾਂ 'ਤੇ ਹੀ ਤੁਰਿਆ ਫਿਰਾਂ ਅਤੇ ਮੇਰੀ ਕੋਈ ਸੁਣਵਾਈ ਨਹੀਂ।''
ਨਿਰਮਾਣ ਕਾਰਜ ਦੇ ਜੇ.ਈ. ਸ੍ਰੀ ਜੱਗਾ ਨੂੰ ਸਿਫ਼ਤ ਭਰੇ ਸ਼ਬਦਾਂ ਮੈਰਿਜ ਪੈਲੇਸ ਦੇ ਉਸਾਰੀ ਕਾਰਜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪਰਸੋਂ ਹੀ ਸਰਪੰਚ ਨੂੰ ਚਾਬੀ ਸੌਂਪੀ ਹੈ। ਸਿਲਿੰਗ ਦੇ ਡਿੱਗਣ ਬਾਰੇ ਪੁੱਛੇ ਜਾਣ 'ਤੇ ਝੇਂਪਦਿਆਂ ਦੱਸਿਆ ਕਿ ਬਠਿੰਡਾ ਦੇ ਕਾਰੀਗਰਾਂ ਨੇ ਕੰਮ ਕੀਤਾ ਸੀ। ਰੋਟੀ ਖਾਣ ਦਾ ਬਹਾਨਾ ਲਾ ਕੇ ਫੋਨ ਕੱਟ ਗਏ।
         ਜਦੋਂਕਿ ਜ਼ਿਲ੍ਹਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਉਕਤ ਨਵੇਂ ਉਸਾਰੇ ਮੈਰਿਜ ਪੈਲੇਸ ਦੀ ਹਾਲਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। 

08 July 2012

'ਓਪਰੀ ਵਾਅ' ਦੇ ਡਰੋਂ ਮਿੱਡੂਖੇੜਾ ਦੇ ਬਾਸ਼ਿੰਦੇ ਖੌਫ਼ਜਦਾ'

                     - ਨਿਰਾ ਅੰਧਵਿਸ਼ਵਾਸ -
              ਬਚਾਅ ਲਈ ਦਲਿਤ ਤੇ ਮੇਘਵਾਲ ਮੁਹੱਲੇ 'ਚ ਘਰਾਂ ਮੂਹਰੇ ਪਾਥੀਆਂ ਦੀ ਧੂਣੀਆਂ ਬਾਲੀਆਂ
               ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ : 'ਬੰਦੇ ਖਾਣੀ' ਨਹਿਰ ਰਾਜਸਥਾਨ ਕੈਨਾਲ ਦੀ ਜੜ੍ਹ 'ਚ ਸਥਿਤ ਪਿੰਡ ਮਿੱਡੂਖੇੜਾ 'ਤੇ ਕੋਈ ਕੁਦਰਤੀ ਕਰੋਪੀ 'ਓਪਰੀ ਵਾਅ' ਵਾਪਰਨ ਦੇ ਡਰੋਂ ਇੱਥੋਂ ਦੇ ਬਾਸ਼ਿੰਦੇ ਕਾਫ਼ੀ ਖੌਫ਼ਜਦਾ ਹਨਪਿੰਡ ਦੇ ਦਲਿਤ ਵਿਹੜੇ ਅਤੇ ਮੇਘਵਾਲ ਮੁਹੱਲੇ ਵਿਚ ਲੋਕਾਂ ਵੱਲੋਂ ਆਪਣੇ ਘਰਾਂ ਮੂਹਰੇ ਪਾਥੀਆਂ ਦੀ ਧੂਣੀਆਂ ਬਾਲ ਕੇ ਅਤੇ ਕੁੱਜੇ 'ਚ ਪਾਣੀ ਰੱਖ ਕੇ ਇਸ 'ਓਪਰੀ ਵਾਅ' ਤੋਂ ਬਚਣ ਦਾ ਯਤਨ ਕੀਤਾ ਜਾ ਰਿਹਾ ਹੈਹਾਲਾਂਕਿ ਪਿੰਡ ਦੀ ਪੜ੍ਹੀ-ਲਿਖੀ ਅਤੇ ਸੂਝਵਾਨ ਵਸੋਂ ਇਸਨੂੰ ਮਹਿਜ਼ ਅੰਧ ਵਿਸ਼ਵਾਸ ਅਤੇ ਝੂਠੀ ਅਫ਼ਵਾਹ ਕਰਾਰ ਦੇ ਰਹੀ ਹੈ 
ਉਕਤ 'ਓਪਰੀ ਵਾਅ' ਬਾਰੇ ਸੂਚਨਾ ਮਿਲਣ 'ਤੇ ਪਿੰਡ ਪੁੱਜੇ ਪੱਤਰਕਾਰਾਂ ਨੇ ਵੇਖਿਆ ਕਿ ਪਿੰਡ ਦੇ ਦਲਿਤ ਵਿਹੜੇ ਅਤੇ ਮੇਘਵਾਲ ਮੁਹੱਲੇ ਵਿਚ ਲਗਪਗ ਹਰੇਕ ਘਰ ਮੂਹਰੇ ਪਾਥੀਆਂ ਦੀ ਧੂਣੀ ਵਲ ਰਹੀ ਸੀ ਜਾਂ ਫਿਰ ਲੋਕ ਧੂਣੀ ਬਾਲ ਕੇ ਆਉਣ ਵਾਲੀ ਮੁਸੀਬਤ ਤੋਂ ਅਗਾਊਂ ਰੋਕ ਲਾਉਣ ਦੇ ਮਨਸ਼ੇ ਨਾਲ ਧੂਣੀਆਂ ਵਾਲ ਰਹੇ ਸਨ 

ਮੇਘਵਾਲ ਮੁੱਹਲੇ ਵਿਚ ਆਪਣੇ ਘਰ ਦੀ ਦਹਿਲੀਜ 'ਤੇ ਪਾਥੀਆਂ ਦੀ ਧੂਣੀ ਬਾਲ ਰਹੇ ਖੇਤ ਮਜ਼ਦੂਰ ਪਤੀ-ਪਤਨੀ ਜੱਗਾ ਸਿੰਘ 'ਪ੍ਰੇਮੀ' ਅਤੇ ਮਨਜੀਤ ਕੌਰ ਨੂੰ ਜਦੋਂ ਉਕਤ ਧੂਣੀ ਦੇ ਬਾਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਤਾਂ ਖੋਤੋਂ ਝੋਨਾ  ਲਾ ਕੇ ਪਰਤੇ ਸਨ ਜਦੋਂ ਪਿੰਡ ਦੇ ਹੋਰਨਾਂ ਘਰਾਂ ਮੂਹਰੇ ਧੂਣੀ ਬਲਦੀ ਵੇਖੀ ਤਾਂ ਉਨ੍ਹਾਂ ਨੇ ਵੀ ਆਪਣੇ ਬਚਾਅ ਲਈ ਧੂਣੀ ਵਾਲ ਦਿੱਤੀ, ਬਾਕੀ ਹੋਰ ਉਨ੍ਹਾਂ ਨੂੰ ਕੁਝ ਨਹੀਂ ਪਤਾਇਸਦੇ ਤਰ੍ਹਾਂ ਬਾਬਾ ਰਾਮਦੇਵ ਮੰਦਰ ਦੇ ਨੇੜੇ ਰਹਿੰਦੀ 80 ਸਾਲਾ ਬਜ਼ੁਰਗ ਔਰਤ ਮਨਭਰੀ ਨੂੰ ਧੂਣੀ ਬਾਰੇ ਪੁੱਛਣ 'ਤੇ ਕਿਹਾ ਕਿ ਕੱਲ੍ਹ ਤੋਂ ਪਿੰਡ ਵਿਚ ਕੁਦਰਤੀ ਕਰੋਪੀ ਤੋਂ ਬਚਾਅ ਲਈ ਧੂਣੀ ਵਾਲਣ ਦੀ ਗੱਲ ਚੱਲ ਰਹੀ ਹੈਜਦੋਂ ਸੁਨੂੰ ਧੂਣੀ ਦੇ ਮੰਤਵ ਬਾਰੇ ਪੂੱਛਿਆ ਤਾਂ ਉਸਨੇ ਕਿਹਾ ਕਿ ਕੋਈ 20 ਕੁ ਸਾਲ ਪਹਿਲਾਂ ਪਿੰਡ ਵਿਚ ਕ੍ਰੋਪੀ ਕਰਕੇ ਧੂਣੀ ਵਾਲੀ ਗਈ ਸੀਉਸਨੇ ਦੱਸਿਆ ਪੁਰਾਣੀ ਰਵਾਇਤ ਅਨੁਸਾਰ ਘਰ ਮੂਹਰੇ ਧੂੰਆਂ ਕਰਨ ਨਾਲ 'ਓਪਰੀ ਵਾਅ' ਟਲ ਜਾਦੀ ਹੈਇਸੇ ਤਰ੍ਹਾਂ ਇੱਕ ਕਰਿਆਣੇ ਦੇ ਦੁਕਾਨਦਾਰ ਓਮਪ੍ਰਕਾਸ਼ ਨੇ ਕਿਹਾ ਕਿ ਉਕਤ ਆਫਤ ਬਾਰੇ ਗੁਰਦੁਆਰੇ ਵਾਲੇ ਬਾਬੇ ਨੇ ਸੂਚਨਾ ਦਿੱਤੀ ਸੀ 
ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਕੱਲ੍ਹ ਦੁਪਿਹਰ ਤੋਂ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਇਹ ਅਫ਼ਵਾਹ ਫੈਲੀ ਹੋਈ ਹੈਜਦੋਂਕਿ ਇੱਕ ਬਜ਼ੁਰਗ ਬਚਿੱਤਰ ਸਿੰਘ ਨੇ ਕਿਹਾ ਕਿ ''ਕੁਦਰਤੀ ਆਫਤ ਦਾ ਤਾਂ ਪਤਾ ਨ੍ਹੀਂ ਚਲੋ ਧੂਣੀਆਂ ਨਾਲ ਮੱਛਰ ਹੀ ਮਰ ਜਾਣਗੇ'' ਇਸ ਬਾਰੇ ਪੁੱਛੇ ਜਾਣ 'ਤੇ ਪਿੰਡ ਦੇ ਲੋਕ ਕੋਈ ਢੁੱਕਵਾਂ ਜਵਾਬ ਨਾ ਦੇ ਸਕੇਪਰ ਉਕਤ 'ਓਪਰੀ ਵਾਅ' ਦੇ ਬਾਰੇ ਹੋਰ ਘੋਖ ਕਰਨ 'ਤੇ ਪਤਾ ਲੱਗਿਆ ਕਿ ਇਹ ਕੁਦਰਤੀ ਆਫਤ ਸ਼ਨੀਵਾਰ ਰਾਤ ਨੂੰ ਨਾਜਰ ਉਰਫ਼ ਗੁੱਗੇ ਦੀ ਦੁਕਾਨ ਕੋਲੋਂ ਸ਼ੁਰੂ ਹੋਵੇਗੀ ਅਤੇ ਪੂਰੇ ਵਿਹੜੇ ਅਤੇ ਆਲੇ-ਦੁਆਲੇ ਨੂੰ ਆਪਣੇ ਨਾਲ ਉਡਾ ਲੈ ਜਾਵੇਗੀਇਸਤੋਂ ਬਚਾਅ ਲਈ ਗੁੱਗੇ ਨੇ ਅੱਜ ਚੌਲਾਂ ਦਾ ਭੰਡਾਰਾ ਲਾਇਆ ਹੋਇਆ ਹੈ ਅਤੇ ਗੁਰਦੁਆਰੇ ਵਿਚ ਸਹਿਜ ਪਾਠ ਵੀ ਆਰੰਭ ਕੀਤਾ ਗਿਆ ਹੈ 
ਇਸ ਸਬੰਧ ਵਿਚ ਜਦੋਂ ਗੁੱਗੇ ਨਾਲ ਸੰਪਰਕ ਕੀਤਾ ਤਾਂ ਉਹਨੇ ਕਿਹਾ ''ਉਹਨੂੰ ਕਿਸੇ ਵਰੋਲੇ ਜਾਂ ਓਪਰੀ ਵਾਅ ਬਾਰੇ ਨਹੀਂ ਪਤਾ ਉਹਨੇ ਤਾਂ ਬਾਬਾ ਵਾਲਮੀਕ ਜੀ ਦੇ ਨਮਿਤ ਚੌਲਾਂ ਦਾ ਭੰਡਾਰਾ ਲਾਇਆ ਹੈ, ਜੋ ਕਿ ਉਹ ਸਮੇਂ-ਸਮੇਂ 'ਤੇ ਲਾਉਂਦਾ ਰਹਿੰਦਾ ਹੈਉਸਦੇ ਗੁਆਂਢੀ ਦੁਕਾਨਦਾਰ ਜੀਤ ਨੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਉਸਨੇ ਸੁਣਿਆ ਹੈ ਕਿ ਬੇਗ ਰਾਜ ਦੀ ਦੁਕਾਨ ਤੋਂ ਲੈ ਕੇ ਗੁੱਗੇ ਦੀ ਦੁਕਾਨ ਤੱਕ ਕੁਦਰਤੀ ਆਫ਼ਤ ਆਉਣੀ ਹੈ ਜਿਹਨੇ ਸਭ ਕੁਝ ਖ਼ਤਮ ਕਰ ਦੇਣਾ ਹੈਪਿੰਡ ਦੇ ਲੋਕਾਂ ਮੁਤਾਬਕ ਇਹ ਆਫ਼ਤ (ਓਪਰੀ ਵਾਅ) ਸ਼ਨੀਵਾਰ ਰਾਤ ਨੂੰ ਆਉਣੀ ਹੈ 
ਇਸ ਮਾਮਲੇ ਵਿਚ ਇੱਕ ਪੱਖ ਇਹ ਵੀ ਸੁਣਨ ਨੂੰ ਮਿਲਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਮਿੱਡੂਖੇੜਾ ਵਿਚ ਵੱਖ-ਵੱਖ ਚਾਰ ਮੌਤਾਂ ਹੋ ਚੁੱਕੀਆਂ ਹਨਇਸਦੇ ਇਲਾਵਾ ਅੰਧਵਿਸ਼ਵਾਸ ਤੋਂ ਪੀੜਤ ਸਮਾਜਕ ਵਰਤਾਰੇ ਦੇ ਤਹਿਤ ਇੱਕ ਪਰਿਵਾਰ ਦੇ 4 ਬੱਚਿਆਂ ਸਮੇਤ 9 ਜੀਆਂ ਨੂੰ ਕਥਿਤ ਤੌਰ 'ਤੇ ਓਪਰੀ ਵਾਅ (ਕਸਰ) ਹੋ ਗਈ ਸੀਜਿਨ੍ਹਾਂ ਨੇ ਬਠਿੰਡਾ ਤੋਂ ਕਿਸੇ ਸਾਧ ਨੂੰ ਬੁਲਵਾ ਕੇ 10 ਹਜ਼ਾਰ ਰੁਪਏ ਪ੍ਰਤੀ ਜੀਅ 'ਓਪਰੀ ਵਾਅ' ਕਢਵਾਈ ਗਈਪਿੰਡ ਦੇ ਨੰਬਰਦਾਰ ਗੁਰਪ੍ਰੀਤ ਸਿੰਘ ਕੁਲਾਰ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿੰਡ 'ਤੇ ਮਾੜਾ ਸਮਾਂ ਚੱਲ ਰਿਹਾ ਹੈ ਕੁਝ ਕੁ ਦਿਨਾਂ 'ਚ ਚਾਰ ਮੌਤਾਂ ਹੋ ਚੁੱਕੀਆਂ ਹਨਪਿੰਡ ਵਿਚ ਚਰਚਾ ਹੈ ਕਿ ਬਾਬੇ ਦੀ ਪੀੜਤ ਪਰਿਵਾਰ ਤੋਂ ਅਜੇ ਤੱਕ 30 ਹਜ਼ਾਰ ਰੁਪਏ ਦੀ ਉਗਰਾਹੀ ਬਕਾਇਆ ਹੈ 
ਪਿੰਡ ਦੇ ਗੁਰਦੁਆਰੇ ਦੇ ਗੰਰਥੀ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਲ੍ਹ ਗੁਰਦੁਆਰੇ 'ਚ ਪਿੰਡ ਦੀ ਸੁੰਖ-ਸ਼ਾਂਤੀ ਲਈ ਸਹਿਜ ਪਾਠ ਦਾ ਪ੍ਰਕਾਸ਼ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਕਿਸੇ ਕੁਦਰਤੀ ਆਫਤ ਦੀ ਗੱਲ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਰਸੋਂ ਪਿੰਡ 'ਚ ਇੱਕ ਸਾਧ ਆਇਆ ਸੀ ਜਿਹਦੇ ਬਾਅਦ ਲੋਕਾਂ ਨੇ ਘਰਾਂ ਮੂਹਰੇ ਧੂਣੀ ਬਾਲ ਲਈ।  
ਪਿੰਡ ਦੇ ਸੂਝਵਾਨ ਵਿਅਕਤੀ ਫਲਾਵਰ ਸਿੰਘ ਨੇ ਦੱਸਿਆ ਕਿ 21ਵੀਂ ਸਦੀ 'ਚ ਵੀ ਲੋਕਾਂ ਦੀ ਸੋਚ 18ਵੀਂ ਸਦੀ ਤੋਂ ਅਗਾਂਹ ਨਹੀਂ ਲੰਘੀਉਨ੍ਹਾਂ ਧੂਣੀ ਬਾਲਣ ਅਤੇ ਕਿਸੇ ਕੁਦਰਤੀ ਆਫ਼ਤ ਦੀ ਗੱਲ ਨੂੰ ਬੇਤੁੱਕਾ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਵਿਗਿਆਨਕ ਯੁੱਗ ਵਿਚ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਨੂੰ ਬਚਣਾ ਚਾਹੀਦਾ ਹੈ