14 December 2012

ਪਿੰਡ ਬਾਦਲ 'ਚ ਬੇਵਿਉਂਤੀਆਂ ਤੇ ਅੰਨ੍ਹੇਵਾਹ ਸਰਕਾਰੀ ਗਰਾਂਟਾਂ - ਵਿਕਾਸ ਦਾ ਮਿਆਰ ਜ਼ੀਰੋ ਲੈਵਲ 'ਤੇ ਪੁੱਜਿਆ

                                     ਪੰਚਾਇਤੀ ਰਾਜ ਵਿਭਾਗ ਦੀ ਕਾਰਜਪ੍ਰਣਾਲੀ ਮੁੜ ਸੁਆਲਾਂ ਦੇ ਘੇਰੇ 'ਚ  
      
 ਵੀ.ਆਈ.ਪੀ. ਦਿੱਖ ਵਾਲੇ ਛੱਪੜ ਦਾ ਨਵਾਂ ਉਸਾਰਿਆ ਰੈਂਪ 3-4 ਮਹੀਨਿਆਂ 'ਚ ਤਿੰਨ ਵਾਰ ਹੇਠਾਂ ਧੱਸਿਆ

                                                            ਇਕਬਾਲ ਸਿੰਘ ਸ਼ਾਂਤ
          ਲੰਬੀ : ਹਕੂਮਤੀ ਪਿੰਡ ਬਾਦਲ 'ਚ ਬੇਵਿਉਂਤੀਆਂ ਤੇ ਅੰਨ੍ਹੇਵਾਹ ਸਰਕਾਰੀ ਗਰਾਂਟਾਂ ਨੇ ਵਿਕਾਸ ਕਾਰਜਾਂ ਦੇ ਮਿਆਰ ਨੂੰ ਜ਼ੀਰੋ ਲੈਵਲ 'ਤੇ ਖੜ੍ਹਾ ਕੀਤਾ ਹੈ। ਪਿੰਡ 'ਚ ਬਠਿੰਡਾ ਰੋਡ 'ਤੇ ਬੱਸ ਸਟਾਪ ਦੇ ਨਾਲ ਬੜੀ ਸੁੰਦਰ ਚਾਰਦੀਵਾਰੀ ਅਤੇ ਰੰਗ-ਰੋਗਨ ਕਰਕੇ ਲਿਸ਼ਕਾਏ ਵੀ.ਆਈ.ਪੀ. ਛੱਪੜ 'ਚ ਪਸ਼ੂਆਂ ਦੀ ਆਵਾਜਾਈ ਲਈ ਨਵਾਂ ਬਣਾਇਆ ਰੈਂਪ ਕੁਝ ਮਹੀਨਿਆਂ 'ਚ ਤਿੰਨ ਵਾਰ ਹੇਠਾਂ ਧੱਸ ਚੁੱਕਿਆ ਹੈ। ਉਕਤ ਕਾਰਗੁਜਾਰੀ ਨੇ ਇੱਕ ਵਾਰ ਫਿਰ ਪੰਚਾਇਤ ਰਾਜ ਵਿਭਾਗ ਦੀ ਸਮੁੱਚੀ ਕਾਰਜ ਪ੍ਰਣਾਲੀ 'ਤੇ ਸੁਆਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪਿੰਡ ਮਿਠੜੀ ਬੁੱਧਗਿਰ 'ਚ ਛੱਪੜ ਦੀ ਚਾਰਦੀਵਾਰੀ ਅਤੇ ਨਿਕਾਸੀ ਪਾਈਪ ਸਿਸਟਮ 'ਚ ਘਟੀਆ ਦਰਜੇ ਦੀ ਮਟੀਰੀਅਲ ਅਤੇ ਬੇਵਿਉਂਤਾ ਨਿਰਮਾਣਾ ਕਾਰਜ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਹੋ ਚੁੱਕੀ ਹੈ। ਜਦੋਂਕਿ ਪਿੰਡ ਬੀਦੋਵਾਲੀ 'ਚ ਪੰਚਾਇਤੀ ਰਾਜ ਵਿਭਾਗ ਵੱਲੋਂ ਪਿੰਡ ਬੀਦੋਵਾਲੀ 'ਚ ਬਣਾਏ ਸਰਕਾਰੀ ਮੈਰਿਜ ਪੈਲੇਸ 'ਚ ਘਟੀਆ ਦਰਜੇ ਦਾ ਨਿਰਮਾਣ ਦਾ ਮਾਮਲਾ ਸੁਰਖੀਆਂ ਵਿਚ ਰਿਹਾ ਸੀ। 
           ਬਾਦਲ ਪਿੰਡ ਦੇ ਲੋਕਾਂ ਨੇ ਉਕਤ ਛੱਪੜ ਨੂੰ ਸੂਬੇ 'ਚ ਹੁਣ ਤੱਕ ਸਭ ਤੋਂ ਸੁੰਦਰ ਦਿਖ ਵਾਲਾ ਛੱਪੜ ਕਰਾਰ ਦਿੰਦਿਆਂ ਆਖਿਆ ਕਿ ਮੁੱਖ ਮੰਤਰੀ ਬਾਦਲ ਵੱਲੋਂ ਪਿੰਡ ਬਾਦਲ ਅਤੇ ਲੰਬੀ ਹਲਕੇ ਦੇ ਵਿਕਾਸ ਲਈ ਦਿੱਤੇ ਜਾ ਰਹੇ ਗਰਾਂਟਾਂ ਦੇ ਗੱਫ਼ਿਆਂ ਦੇ ਵੱਡੇ ਹਿੱਸੇ ਨੂੰ ਸਰਕਾਰੀ ਅਫ਼ਸਰ ਚੁੱਪ-ਗੜੁੱਪ ਛਕ ਜਾਂਦੇ ਹਨ, ਜਿਨ੍ਹਾਂ ਨੂੰ ਪਿੰਡ ਦੀ ਹਕੂਮਤ ਹੋਣ ਦੇ ਬਾਵਜੂਦ ਕੋਈ ਪੁੱਛਣ ਵਾਲਾ ਨਹੀਂ। 
ਪਿੰਡ ਦੇ ਵਾਸੀ ਹਰਮੇਸ਼ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਲੱਖਾਂ ਰੁਪਏ ਖਰਚ ਕੇ ਬਣਾਇਆ ਉਕਤ ਛੱਪੜ ਦਾ ਰੈਂਪ ਹੁਣ ਤੱਕ ਤਿੰਨ ਵਾਰ ਥਾਂ-ਥਾਂ ਤੋਂ ਬੈਠ ਚੁੱਕਿਆ ਹੈ ਪਰ ਹਕੂਮਤ ਜਾਂ ਪ੍ਰਸ਼ਾਸਨ ਵੱਲੋਂ ਇਸ ਵਾਰੇ ਕਿਸੇ ਅਧਿਕਾਰੀ ਜਾਂ ਠੇਕੇਦਾਰ ਖਿਲਾਫ਼ ਕਾਰਵਾਈ ਦੀ ਜ਼ਰੂਰਤ ਨਹੀਂ ਸਮਝੀ ਗਈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਆਖਿਆ ਕਿ ਆਮ ਜਨਤਾ ਦੇ ਹੱਕ-ਹਲਾਲ ਦੇ ਸਰਕਾਰੀ ਫੰਡਾਂ ਨੂੰ ਇੰਝ ਜਾਇਆ ਜਾਣ ਦੇਣ ਕਿੱਥੋਂ ਦੀ ਸਿਆਣਪ ਹੈ। 
          ਇਸ ਸਬੰਧ ਵਿਚ ਛੱਪੜ ਦੇ ਰੈਂਪ ਨੂੰ ਦਰੁੱਸਤ ਕਰਨ ਵਿਚ ਜੁਟੇ ਠੇਕੇਦਾਰ ਦੇ ਅਧੀਨ ਮਿਸਤਰੀ ਕਾਕਾ ਸਿੰਘ ਨੇ ਦੱਸਿਆ ਕਿ ਉਸਨੇ ਦੱਸਿਆ ਕਿ ਅਸੀਂ ਇਹ ਰੈਂਪ ਕਈ ਹਜ਼ਾਰ ਇੱਟਾਂ ਲਾ ਕੇ ਬਣਾਇਆ ਸੀ ਪਰ ਇਹ ਕੁਝ ਮਹੀਨੇ ਪਹਿਲਾਂ ਕਰੀਬ 6-6 ਇੰਚ ਬੈਠ ਗਿਆ ਸੀ। ਜਿਸਨੂੰ ਦਰੁੱਸਤ ਕਰ ਦਿੱਤਾ ਗਿਆ ਸੀ। ਪਤਾ ਨਹੀਂ ਕਿਵੇਂ ਹੁਣ ਫਿਰ ਬੈਠ ਗਿਆ। ਉਸਨੇ ਖਦਸ਼ਾ ਜਾਹਰ ਕੀਤਾ ਕਿ ਸ਼ਾਇਦ ਹੇਠੋਂ ਪਾਣੀ  ਰੈਂਪ ਵਿਚ ਘੁਸ ਜਾਂਦਾ ਹੈ ਜਿਸ ਕਰਕੇ ਇਹ ਦਿੱਕਤ ਪੈਦਾ ਹੁੰਦੀ ਹੈ। 
          ਬੱਸ ਅੱਡੇ 'ਤੇ ਸਵਾਰੀ ਦੀ ਉਡੀਕ 'ਚ ਖੜ੍ਹੇ ਨਛੱਤਰ ਸਿੰਘ ਨਾਂਅ ਦੇ ਵਿਅਕਤੀ ਨੇ ਵੀ.ਆਈ.ਪੀ. ਪਿੰਡ 'ਚ  ਅਜਿਹੇ ਘਟੀਆ ਨਿਰਮਾਣ ਕਾਰਜਾਂ ਲਈ ਹਕੂਮਤ ਦੀ ਢਿੱਲੀ ਕਾਰਜਪ੍ਰਣਾਲੀ ਅਤੇ 'ਮਿਲਵਰਣ' ਵਾਲੇ ਸੁਭਾਅ ਨੂੰ ਕਥਿਤ ਤੌਰ 'ਤੇ ਜੁੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਲੰਬੀ ਹਲਕੇ ਵਿਚ ਘਟੀਆ ਨਿਰਮਾਣ ਕਾਰਜਾਂ ਦੇ ਅਣਗਿਣਤ ਮਾਮਲੇ ਨਸ਼ਰ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਅਧਿਕਾਰੀ ਖਿਲਾਫ਼ ਵਿਭਾਗੀ ਜਾਂ ਸਰਕਾਰੀ ਐਕਸ਼ਨ ਹੋਣ ਦੀ ਖ਼ਬਰ ਨਹੀਂ ਸੁਣਨ ਨੂੰ ਮਿਲੀ, ਬਲਕਿ ਨਿੱਤ ਸੰਗਤ ਦਰਸ਼ਨਾਂ ਜਰੀਏ ਗਰਾਂਟਾਂ ਦੇ ਗੱਫ਼ਿਆਂ ਦੀ ਸੂਚੀ ਲਗਾਤਾਰ ਲੰਮੀ ਹੁੰਦੀ ਹੈ। 

ਇਸ ਸਬੰਧ ਵਿਚ ਪੰਚਾਇਤ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਪ੍ਰਵੀਨ ਗਾਂਧੀ ਨੇ ਸੰਪਰਕ ਕਰਨ 'ਤੇ ਉਕਤ ਛੱਪੜ ਦਾ ਰੈਂਪ ਬੈਠਣ ਬਾਰੇ ਜਾਣਕਾਰੀ ਹੋਣੋਂ ਇਨਕਾਰ ਕਰਦਿਆਂ ਆਖਿਆ ਕਿ ਤੁਸੀਂ ਖ਼ਬਰ ਨੂੰ ਨਾ ਛਾਪਿਓ ਸਿਰਫ਼ ਇੱਕ ਲੱਖ ਰੁਪਏ ਦਾ ਕੰਮ ਸੀ ਐਵੇਂ ਹੀ ਮੁੱਖ ਮੰਤਰੀ ਸਾਬ੍ਹ ਦੇ ਪਿੰਡ ਦੀ ਬਦਨਾਮੀ ਹੋਵੇਗੀ।