07 September 2013

ਅਨਾਥਾਂ ਵਰਗੇ ਹਾਲਾਤਾਂ 'ਚ ਹੈ ਹਕੂਮਤੀ ਕਦਮਾਂ ਨੂੰ ਅਹਿਸਾਸ ਕਰਨ ਵਾਲੀ ਪੰਨੀਵਾਲਾ ਫੱਤਾ ਦੀ ਦਾਣਾ ਮੰਡੀ




-ਅੰਨ੍ਹੇਵਾਹ ਨਜਾਇਜ਼ ਕਬਜ਼ੇ, ਟੁੱਟੀ-ਫੁੱਟੀ ਚਾਰਦੀਵਾਰੀ, ਟੁੱਟੇ ਅਤੇ ਜੰਗਾਲ ਖਾਦੇ ਸ਼ੈੱਡਾਂ, ਝਾੜੀਆਂ ਦੀ ਭਰਮਾਰ

-ਉੱਚੀਆਂ ਝਾੜੀਆਂ ਦਾ ਲੁਕੋਅ ਹੈਲੀਪੈਡ 'ਤੇ ਵੀ.ਵੀ.ਆਈ. ਸੁਰੱਖਿਆ 'ਚ ਸੰਨ੍ਹ ਦੇ ਖ਼ਦਸ਼ੇ ਦਾ ਪੈਗਾਮ

                                   ਇਕਬਾਲ ਸਿੰਘ ਸ਼ਾਂਤ
ਲੰਬੀ :ਮਹੀਨੇ-ਮੱਸਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਦਮਾਂ ਦਾ ਅਹਿਸਾਸ ਕਰਨ ਵਾਲੀ ਹਕੂਮਤੀ ਹਲਕੇ ਲੰਬੀ ਦੇ ਪਿੰਡ ਪੰਨੀਵਾਲਾ ਫੱਤਾ ਦੀ ਨਵੀਂ ਦਾਣਾ ਮੰਡੀ ਦੀ ਸੁਵੱਲੀਆਂ ਹਕੂਮਤੀ ਨਜ਼ਰਾਂ ਨਾ ਪੈਣ ਕਰਕੇ ਹਾਲਤ ਅਨਾਥਾਂ ਜਿਹੀ ਹੋ ਕੇ ਰਹਿ ਗਈ ਹੈ। ਲੱਖਾਂ-ਕਰੋੜਾਂ ਰੁਪਏ ਸਲਾਨਾ ਆਮਦਨੀ ਦੇ ਬਾਵਜੂਦ ਦਾਣਾ ਮੰਡੀ ਦੇ ਰਕਬੇ 'ਚ ਵੱਡੇ ਪੱਧਰ 'ਤੇ ਨਜਾਇਜ਼ ਕਬਜ਼ੇ, ਟੁੱਟੀ-ਫੁੱਟੀ ਚਾਰਦੀਵਾਰੀ, ਟੁੱਟੇ ਅਤੇ ਜੰਗਾਲ ਖਾਦੇ ਸ਼ੈੱਡਾਂ, ਝਾੜੀਆਂ ਨਾਲ ਭਰਿਆ ਆਲਾ-ਦੁਆਲਾ ਦਾਣਾ ਮੰਡੀ ਦੀ ਮੰਦਭਾਗੀ ਕਿਸਮਤ ਤੇ ਸਰਕਾਰੀ ਅਣਗਰਜ਼ੀ ਨੂੰ ਬਾਖੂਬੀ ਦਰਸ਼ਾਉਂਦਾ ਹੈ।
      ਕਰੀਬਨ 37 ਏਕੜ ਰਕਬੇ 'ਚ 1981-82 ਵਿਚ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਹੱਥੀਂ ਲੋਕਾਂ ਨੂੰ ਸਮਰਪਿਤ ਹੋਈ ਦਾਣਾ ਮੰਡੀ (ਸਬ ਯਾਰਡ) ਦੇ ਮੌਜੂਦਾ ਹਾਲਾਤ ਇੰਨੇ ਬਦਤਰ ਹਨ ਕਿ ਵਰ੍ਹਿਆਂ ਤੋਂ ਪੰਜਾਬ ਮੰਡੀ ਬੋਰਡ ਵੱਲੋਂ ਕਰੋੜਾਂ ਰੁਪਏ ਦੀ ਸਲਾਨਾ ਆਮਦਨ ਦੇ ਬਾਵਜੂਦ ਸਾਂਭ-ਸੰਭਾਲ ਨਾ ਹੋਣ ਕਰਕੇ ਸ਼ੈੱਡ ਤਾਂ ਥਾਂ-ਥਾਂ ਟੁੱਟ ਹੀ ਗਏ। ਬਲਕਿ ਸ਼ੈੱਡਾਂ ਦੇ ਲੋਹੇ ਦੇ ਖੰਭਿਆਂ ਦੀਆਂ ਨੀਂਹਾਂ ਦੇ ਸਰੀਏ ਵੀ ਬਾਹਰ ਨਿੱਕਲ ਆਏ ਹਨ। ਮਾਰਕੀਟ ਕਮੇਟੀ ਮਲੋਟ ਦੇ ਅਮਲੇ ਦੀ ਬੇਪਰਵਾਹ ਕਾਰਜ ਪ੍ਰਣਾਲੀ ਸਦਕਾ ਸ਼ੈੱਡ ਹੁਣ ਪਸ਼ੂਆਂ ਦਾ ਵਾੜਾ ਅਤੇ ਕੰਬਾਇਨਾਂ ਦੀ ਵਰਕਸ਼ਾਪਾਂ ਦਾ ਰੂਪ ਧਾਰ ਚੁੱਕੇ ਹਨ ਅਤੇ ਚਾਰਦੀਵਾਰੀ ਜਗ੍ਹਾ-ਜਗ੍ਹਾਂ ਟੁੱਟੀ ਪਈ ਹੈ। 
ਇਸਨੂੰ ਵੀ ਵੀ.ਆਈ.ਪੀ. ਵੋਟਾਂ ਨੂੰ ਸਹੇਜਣ ਦਾ ਸਿਲਾ ਆਖਿਆ ਜਾਵੇ ਤਾਂ ਕੋਈ ਕੁਥਾਂਹ ਨਹੀਂ ਹੋਵੇਗਾ ਕਿ ਦਾਣਾ ਮੰਡੀ ਦੇ ਰਕਬੇ 'ਚ ਵਰ੍ਹਿਆਂ ਤੋਂ ਅੱਧੀ ਦਰਜਨ ਦੇ ਕਰੀਬ ਪੱਕੀਆਂ ਦੁਕਾਨਾਂ ਉਸਰੀਆਂ ਹੋਈਆਂ ਹਨ ਅਤੇ ਮੰਡੀ ਦੇ ਅੰਦਰ ਖੁੱਲ੍ਹੇਆਮ ਦਰਜਨ ਭਰ ਪਰਿਵਾਰਾਂ ਨੇ ਬੜੀ ਤਰਤੀਬੀ ਨਾਲ ਜਗ੍ਹਾ -ਜਗ੍ਹਾ ਕਮਰੇ ਅਤੇ ਝੁੱਗੀਆਂ ਪਾ ਕੇ ਪੱਕੀਆਂ ਰਿਹਾਇਸ਼ਾਂ ਬਣਾ ਲਈਆਂ ਹਨ। ਕਬਜ਼ਾਧਾਰਕ ਪਰਿਵਾਰਕ ਦਾਣਾ ਮੰਡੀ ਅੰਦਰੇ ਮੁੱਖ ਰਸਤੇ ਨੂੰ ਵਿਹੜੇ ਵਜੋਂ ਵਰਤਦੇ ਹਨ।  
       ਬੱਸ ਇੱਥੇ ਹੀ ਨਹੀਂ ਹੁੰਦੀ ਸਰਕਾਰੀ ਜ਼ਮੀਨ ਦੀ ਹਿੱਕ 'ਤੇ ਬਣੇ ਇਨ੍ਹਾਂ ਮਕਾਨਾਂ 'ਚ ਬਕਾਇਦਾ ਬਿਜਲੀ ਦੇ ਕੁਨੈਕਸ਼ਨ ਚੱਲ ਰਹੇ ਹਨ। ਹੋਰ ਤਾਂ ਹੋਰ ਦਾਣਾ ਮੰਡੀ ਦਾ ਉਦਘਾਟਨ ਪੱਥਰ ਵੀ ਨਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ਦੀਆਂ ਕੰਧਾਂ ਹੇਠਾਂ ਦੱਬ ਚੁੱਕਿਆ ਹੈ। ਸਰਕਾਰੀ ਬੇਰੁੱਖੀ ਕਰਕੇ ਦਾਣਾ ਮੰਡੀ 'ਚ ਕੱਟੀਆਂ ਦੁਕਾਨਾਂ ਵੀ ਨਹੀਂ ਉਸਰ ਸਕੀਆਂ। 
ਦਾਣਾ ਮੰਡੀ ਪੰਨੀਵਾਲਾ ਫੱਤਾ 'ਚ ਪੁੱਜੇ ਪੱਤਰਕਾਰਾਂ ਨੇ ਵੇਖਿਆ ਕਿ ਦਾਣਾ ਮੰਡੀ ਘੱਟ ਅਤੇ ਕਿਸੇ ਉੱਜੜੇ ਸ਼ਹਿਰ ਦੀ ਵੀਰਾਨ ਚਾਰਗਾਹ ਵੱਧ ਜਾਪ ਰਹੀ ਸੀ। ਜਿਸਦੇ ਬਹੁਗਿਣਤੀ ਰਕਬੇ ਵਿਚ ਗੰਦਗੀ, 5-5 ਫੁੱਟ ਉੱਚੀਆਂ ਝਾੜੀਆਂ ਸਨ।
       ਟੁੱਟੇ ਸ਼ੈੱਡ ਅਤੇ ਖੇਰੂੰ-ਖੇਰੂੰ ਹੋਏ ਪਰਨਾਲੇ ਦਾਣਾ ਮੰਡੀ 'ਚ ਸਥਿਤ ਹਕੂਮਤੀ ਹੈਲੀਪੈਡ ਨੂੰ ਖੁਦ ਲਈ 'ਨਿਕੰਮਾ' ਕਰਾਰ ਦਿੰਦਿਆਂ ਨਜ਼ਰ ਆ ਰਹੇ ਸਨ। ਸ਼ੈੱਡਾਂ ਹੇਠਾਂ ਕੰਬਾਇਨ ਦਰੁੱਸਤ ਕਰਵਾ ਰਹੇ ਮਹਿੰਦਰ ਸਿੰਘ, ਰਾਜ ਸਿੰਘ ਅਤੇ ਕਾਕੂ ਸਿੰਘ ਵਗੈਰਾ ਨੇ ਦੱਸਿਆ ਕਿ ਦਾਣਾ ਮੰਡੀ ਦੀ ਮੰਦੀ ਹਾਲਤ ਨੇ ਪੰਨੀਵਾਲਾ ਫੱਤਾ ਦੇ ਵਿਕਾਸ ਅਤੇ ਦਿੱਖ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਉਨ੍ਹਾਂ ਵੱਡੀਆਂ-ਵੱਡੀਆਂ ਝਾੜੀਆਂ ਵਿਖਾਉਂਦਿਆਂ ਆਖਿਆ ਕਿ ਇ੍ਹਨਾਂ ਦੀ ਓਟ ਨੂੰ ਲੋਕ ਪਖਾਨੇ, ਨਸ਼ਿਆਂ ਅਤੇ ਹੋਰ ਗੈਰ ਸਮਾਜਿਕ ਕਾਰਜਾਂ ਲਈ ਵਰਤਦੇ ਹਨ। ਦਾਣਾ ਮੰਡੀ 'ਚ ਵਰ੍ਹਿਆਂ ਪਹਿਲਾਂ ਬਣੇ ਅੱਧੇ-ਅਧੂਰੇ ਵਾਟਰ ਵਰਕਸ ਦੀ ਵਿਸ਼ਾਲ ਟੈਂਕੀ ਹੁਣ ਗੰਦੇ ਪਾਣੀ ਦੇ ਛੱਪੜ ਦਾ ਰੂਪ ਧਾਰ ਕੇ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ। 
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦਾਣਾ ਮੰਡੀ 5-5 ਫੁੱਟ ਉੱਚੀਆਂ ਝਾੜੀਆਂ ਦਾ ਲੁਕੋਅ ਮੁੱਖ ਮੰਤਰੀ ਦੀ ਸੁਰੱਖਿਆ ਲਈ ਆਮ ਸਮਾਗਮ 'ਚ ਖੱਲ੍ਹਾਂ-ਖੁੰਜਿਆਂ ਤੱਕ ਦੀ ਫਰੋਲਾ-ਫਰੋਲੀ ਕਰਨ ਵਾਲੇ ਸੁਰੱਖਿਆ ਤੰਤਰ ਦੀ ਨਿਗਾਹ ਤੋਂ ਕਿਵੇਂ ਵਾਂਝਾ ਰਹਿ ਗਿਆ। ਜਿਨ੍ਹਾਂ ਦੀ ਸੰਘਣੀ ਓਟ ਕਿਸੇ ਵੀ ਸਮੇਂ ਵੀ.ਵੀ.ਆਈ. ਸੁਰੱਖਿਆ 'ਚ ਸੰਨ੍ਹ ਦਾ ਪੈਗਾਮ ਬਣ ਸਕਦੀ ਹੈ। 
ਇਸਤੋਂ ਇਲਾਵਾ ਬੱਸ ਸਟਾਪ 'ਤੇ ਖੜ੍ਹੇ ਇੱਕ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਨਿਗਾਹ ਹੇਠਾਂ ਚੱਲਦੀ ਇਸ ਦਾਣਾ ਮੰਡੀ 'ਚ ਕਿਸਾਨਾਂ ਲਈ ਕੋਈ ਸੁਵਿਧਾ ਨਹੀਂ ਹੈ। ਜਿਨਸਾਂ ਦੇ ਸੀਜਨ 'ਚ ਇੱਥੇ ਪੀਣ ਲਈ ਪਾਣੀ ਅਤੇ ਬੈਠਣ ਲਈ ਢੁਕਵੇਂ ਇੰਤਜਾਮ ਨਾ ਹੋਣ ਕਰਕੇ ਕਿਸਾਨ ਵੱਡੇ ਪੱਧਰ 'ਤੇ ਖੱਜਲ-ਖੁਆਰ ਹੁੰਦੇ ਹਨ। ਉਨ੍ਹਾਂ ਆਖਿਆ ਕਿ ਮੀਂਹਾਂ ਦੌਰਾਨ ਸ਼ੈੱਡਾਂ ਹੇਠਾਂ ਰੱਖੀ ਫਸਲ ਥਾਂ-ਥਾਂ ਸ਼ੈੱਡਾਂ ਦੇ ਟੁੱਟੇ ਹੋਣ ਕਰਕੇ ਦੀ ਸੂਰਤ ਭਿੱਜ ਕੇ ਬਰਬਾਦ ਹੋ ਜਾਂਦੀ ਹੈ।  ਇਸਤੋਂ ਇਲਾਵਾ ਇੱਕ ਹੋਰ ਵਿਅਕਤੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਨਜਾਇਜ਼ ਕਬਜ਼ੇ ਵੀ ਵਿਭਾਗ ਅਮਲੇ ਦੀ ਕਥਿਤ ਮਿਲੀਭੁਗਤ ਅਤੇ ਸਿਆਸੀ ਸ਼ਹਿ ਹੇਠਾਂ ਕਰਵਾਏ ਗਏ ਹਨ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਪਿਛਲੇ ਦਿਨ੍ਹੀਂ ਪੰਜਾਬ ਮੰਡੀ ਬੋਰਡ ਵੱਲੋਂ ਨਜਾਇਜ਼ ਕਬਜ਼ਾ ਧਾਰਕਾਂ ਨੂੰ ਨੋਟਿਸ ਜਾਰੀ ਕਰਕੇ ਕਾਗਜ਼ਾਂ ਦਾ ਬੁੱਤਾ ਸਾਰਿਆ ਗਿਆ ਹੈ। ਉਂਝ ਇੱਥੋਂ ਦੀ ਸਾਂਭ-ਸੰਭਾਲ ਲਈ ਇੱਕ ਮੰਡੀ ਸੁਪਰਵਾਈਜ਼ਰ ਵੀ ਨਿਯੁਕਤ ਕੀਤਾ ਹੋਇਆ ਹੈ। 
      ਦੂਜੇ ਪਾਸੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਜੈਪਾਲ ਸਿੰਘ ਬਰਾੜ ਨੇ ਉਕਤ ਨਵੀਂ ਦਾਣਾ ਮੰਡੀ (ਸਬ ਯਾਰਡ) ਨੂੰ ਖਾਸੇ ਮੁਨਾਫ਼ੇ ਵਾਲਾ ਵਾਲਾ ਦੱਸਦਿਆਂ ਆਖਿਆ ਕਿ ਦਾਣਾ ਮੰਡੀ ਦੇ ਖ਼ਰਾਬੇ ਦੀ ਦਰੁੱਸਤ ਲਈ ਕੋਈ ਪੈਸਾ ਨਹੀਂ ਖਰਚਿਆ ਗਿਆ ਹੈ।ਜਦੋਂਕਿ ਨਜਾਇਜ਼ ਕਬਜ਼ਿਆਂ ਹਟਾਉਣ ਦੀ ਜੁੰਮੇਵਾਰੀ ਕਾਲੋਨਾਈਜ਼ਰ ਵਿਭਾਗ ਦੇ ਅਧੀਨ ਹੈ।