27 December 2016

ਰਾਜਸਥਾਨ ਨੇ ਪੰਜਾਬੀਆਂ ਦੀਆਂ ਜੜ੍ਹਾਂ ਸੁਕਾਈਆਂ

ਰਾਜਸਥਾਨ ’ਚ ਸਿੱਖ ਆਬਾਦੀ 10 ਲੱਖ; ਸਰਕਾਰੀ ਕਾਲਜਾਂ ’ਚ ਪੰਜਾਬੀ ਲੈਕਚਰਰ ਦੀ ਆਸਾਮੀ ਇੱਕ ਵੀ ਨਹੀਂ
- ਸਰਕਾਰੀ ਸਕੂਲਾਂ ’ਚ ਵੀ ਅਧਿਆਪਕਾਂ ਦੀ ਥੁੜ; ਪੰਜਾਬੀ ਵਿਸ਼ੇ ਦੇ ਵਿਦਿਆਰਥੀ ਸੰਸਕ੍ਰਿਤ ਪੜ੍ਹਨ ਨੂੰ ਮਜ਼ਬੂਰ
- ਪੰਜਾਬੀ ਅਧਿਆਪਕਾਂ ਲਈ ਟੈਸਟ ਨਾ ਹੋਣ ਕਰਕੇ ਪ੍ਰੀਖਿਆਰਥੀਆਂ ਵੱਲੋਂ 26 ਨੂੰ ਹੜਤਾਲ ਦੀ ਚਿਤਾਵਨੀ 

                                                                ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਪੰਜਾਬ ਦੇ ਪਾਣੀਆਂ ਸਹਾਰੇ ਆਪਣੀਆਂ ਜੜ੍ਹਾਂ ਨੂੰ ਹਰਾ ਕਰਨ ਵਾਲੇ ਗੁਆਂਢੀ ਸੂਬੇ ਰਾਜਸਥਾਨ ਨੇ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਸੁਕਾ ਰੱਖੀਆਂ ਹਨ। ਰਾਜਸਥਾਨ ਦੇ ਕਿਸੇ ਸਰਕਾਰੀ ਕਾਲਜ ਵਿੱਚ ਪੰਜਾਬੀ ਵਿਸ਼ੇ ਦਾ ਕੋਈ ਲੈਕਚਰਾਰ ਨਹੀਂ ਹੈ। ਹੁਣ ਸਿਰਫ਼ ਇੱਕ ਕਾਲਜ ਵਿੱਚ ਪੰਜਾਬੀ ਲੈਕਚਰਾਰ ਦਾ ਅਸਾਮੀ ਮਨਜੂਰ ਹੋਈ ਹੈ। ਜਦੋਂ ਕਿ ਲਗਪਗ ਸਾਢੇ 6 ਕਰੋੜ ਆਬਾਦੀ
ਵਾਲੇ ਸਮੁੱਚੇ ਰਾਜਸਥਾਨ ’ਚ 10 ਲੱਖ ਸਿੱਖ ਵਸੋਂ ਹੈ। ਜਦੋਂ ਕਿ ਪੰਜਾਬੀਆਂ ਦੀ ਗਿਣਤੀ ਢਾਈ-ਤਿੰਨ ਗੁਣਾ ਹੈ। ਇਹ ਹੈਰਾਨੀਜਨਕ ਖੁਲਾਸਾ ਸੂਚਨਾ ਅਧਿਕਾਰ ਜਾਣਕਾਰੀ ਰਾਹੀਂ ਹੋਇਆ ਹੈ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਬਲਜਿੰਦਰ ਸਿੰਘ ਮੋਰਜੰਡ ਵੱਲੋਂ ਮੰਗੀ ਸੂਚਨਾ ਦੇ ਜਵਾਬ ਵਿੱਚ ਕਾਲਜ ਸਿੱਖਿਆ ਰਾਜਸਥਾਨ ਦੇ ਸੰਯੁਕਤ ਨਿਦੇਸ਼ਕ (ਐਚ.ਆਰ.ਡੀ) ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵਿਭਾਗ ਦੇ ਅਧੀਨ ਕਿਸੇ ਕਾਲਜ ਵਿੱਚ ਪੰਜਾਬੀ ਵਿਸ਼ੇ ਦੀ ਅਸਾਮੀ ਮਨਜੂਰ ਨਹੀਂ ਪਰ ਹੁਣ ਇੱਕ ਕਾਲਜ ’ਚ ਅਸਾਮੀ ਮਨਜੂਰ ਹੋਈ ਹੈ। ਜਿਸ ਦੀ ਚੋਣ ਸਬੰਧੀ ਵੀ ਰਾਜਸਥਾਨ ਲੋਕ ਸੇਵਾ ਕਮਿਸ਼ਨ ਨੂੰ ਪੱਤਰ ਭੇਜਿਆ ਜਾਣਾ ਹੈ। ਇੱਕ ਹੋਰ ਸੂਚਨਾ ਤਹਿਤ ਸਿਰਫ਼ ਗੰਗਾਨਗਰ ਜ਼ਿਲ੍ਹੇ ਦੇ ਸਰਕਾਰੀ ਕਾਲਜਾਂ ਵਿੱਚ ਪੰਜਾਬੀ ਵਿਸ਼ੇ ਦੇ 432 ਵਿਦਿਆਰਥੀ ਹਨ। ਕਾਲਜ ਸਿੱਖਿਆ ਦੇ ਸੰਯੁਕਤ ਨਿਦੇਸ਼ਕ (ਪੀ.ਐਂਡ ਸੀ) ਵੱਲੋਂ ਜਾਰੀ ਅੰਕੜੇ ਅਨੁਸਾਰ ਵਿੱਦਿਅਕ ਸ਼ੈਸ਼ਨ 2016-17 ’ਚ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਸ੍ਰੀ ਗੰਗਾਨਗਰ ’ਚ ਪੰਜਾਬੀ ਵਿਸ਼ੇ ਦੇ 257 ਵਿਦਿਆਰਥੀ ਹਨ। ਸਰਕਾਰੀ ਕਾਲਜ ਕਰਣਪੁਰ ’ਚ 95 ਅਤੇ ਸਰਕਾਰੀ ਗਰਲਜ ਕਾਲਜ ਸਾਦੁਲਸ਼ਹਿਰ ’ਚ 80 ਵਿਦਿਆਰਥਣਾਂ ਹਨ। ਜ਼ਮੀਨੀ ਹਕੀਕਤ ਹੈ ਕਿ ਪੰਜਾਬੀ ਵਿਸ਼ੇ ਦਾ ਲੈਕਚਰਾਰ ਨਾ ਹੋਣ ਕਰਕੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੀ ਪੜ੍ਹਾਈ ਰੱਬ ਆਸਰੇ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ’ਚ ਪੰਜਾਬੀ ਵਿਸ਼ੇ ਲਈ ਕੋਈ ਪ੍ਰੋਫੈਸਰ ਭਰਤੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਰਾਜਸਥਾਨ ਵਿੱਚ ਲਗਭਗ 30 ਕਾਲਜ ਅਜਿਹੇ ਹਨ ਜਿੰਨਾ ਵਿੱਚ ਪੰਜਾਬੀ ਵਿਸ਼ੇ ’ਚ ਬੀ.ਏ ਅਤੇ ਐਮ.ਏ ਦੀ ਪੜ੍ਹਾਈ ਕਰ ਰਹੇ ਰਹੇ ਹਨ। ਰਾਜਸਥਾਨ ਸਰਕਾਰ ਦੇ ਪੰਜਾਬੀ ਪ੍ਰਤੀ ਮਾਰੂ ਰਵੱਈਏ ਖਿਲਾਫ਼ ਰਾਜਸਥਾਨੀ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਦੁਖਾਂਤ ਹੈ ਕਿ ਰਾਜਸਥਾਨ ਦੇ ਬੇਆਬਾਦ ਟਿੱਬਿਆਂ ਨੂੰ ਆਪਣੇ ਖੂਨ ਪਸੀਨੇ ਨਾਲ ਖੁਸ਼ਹਾਲ ਬਣਾਉਣ ਵਾਲੇ ਸਿੱਖਾਂ ਦੀ ਭਾਸ਼ਾਈ ਹੋਂਦ ਨੂੰ ਬਰਕਰਾਰ ਰੱਖਣ ਲਈ ਰਾਜਸਥਾਨ ਸਰਕਾਰ ਨੇ ਕਦੇ ਕੋਈ ਉਪਰਾਲਾ ਨਹੀਂ ਕੀਤਾ। ਸੂਬੇ ਦੇ ਲਗਪਗ ਡੇਢ ਦਰਜਨ ਜ਼ਿਲ੍ਹਿਆਂ ਜੈਪੁਰ, ਬੀਕਾਨੇਰ, ਕੋਟਾ, ਭਰਤਪੁਰ, ਚੁਰੂ ਅਤੇ ਬੂੰਦੀ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ 40-40, 50-50 ਹਜ਼ਾਰ ਦੇ ਕਰੀਬ ਸਿੱਖ ਵਸਦੇ ਹਨ। ਇਸਦੇ ਇਲਾਵਾ ਪੰਜਾਬ ਦੇ ਨਾਲ ਖਹਿੰਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਸਿੱਖ ਵਸਦੇ ਹੈ। ਰਾਜਸਥਾਨ ’ਚ ਉੱਚ ਸਿੱਖਿਆ ਦੇ ਨਾਲ-ਨਾਲ ਸਕੂਲੀ ਸਿੱਖਿਆ ਵਿੱਚ ਵੀ ਪੰਜਾਬੀ ਭਾਸ਼ਾ ਦੀ ਹਾਲਤ ਕੁਝ ਜ਼ਿਆਦਾ ਵਧੀਆ ਨਹੀਂ ਹੈ। ਰਾਜਸਥਾਨ ’ਚ ਸਿੱਖ ਵਸੋਂ ’ਚ ਮੋਹਰੀ ਮੰਨੇ ਜਾਂਦੇ ਜ਼ਿਲ੍ਹਾ ਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਕ੍ਰਮਵਾਰ 147 ਅਤੇ 87 ਸਰਕਾਰੀ ਸਕੂਲਾਂ ’ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਜ਼ਰੂਰਤ ਹੈ। 
               ਨਿਯਮਾਂ ਮੁਤਾਬਕ 20 ਵਿਦਿਆਰਥੀ ਹੋਣ ’ਤੇ ਸਬੰਧਤ ਵਿਸ਼ੇ ਦਾ ਅਧਿਆਪਕ ਹੋਣਾ ਲਾਜਮੀ ਹੈ ਪਰ ਪੰਜਾਬੀ ਵਿਦਿਆਰਥੀਆਂ ਦੀ ਲੋੜੀਂਦੀ ਸਮੱਰਥਾ ਦੇ ਬਾਅਦ ਵੀ ਸੰਸਕ੍ਰਿਤ ਵਿਸ਼ੇ ਦੇ ਅਧਿਆਪਕ ਪੰਜਾਬੀ ਵਿਦਿਆਰਥੀਆਂ ’ਤੇ ਥੋਪੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਦੀ ਸਪਲਾਈ ਵੀ ਸਿਰਫ਼ 3-4 ਫ਼ੀਸਦੀ ਹੀ ਭੇਜੀ ਜਾ ਰਹੀ ਹੈ। ਪੰਜਾਬੀ ਭਾਸ਼ਾ ਦੀ ਬਦਕਿਸਮਤੀ ਹੈ ਕਿ ਜੋਧਪੁਰ ਹਾਈਕੋਰਟ ਵੱਲੋਂ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ’ਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਟੈਸਟ ਨਵੇਂ ਸਿਰਿਓਂ ਕਰਵਾਉਣ ਦੇ ਹੁਕਮਾਂ ਦੇ 8-9 ਮਹੀਨੇ ਬਾਅਦ ਅੱਜ ਟੈਸਟ ਨਹੀਂ ਹੋ ਸਕਿਆ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਦਾ ਕਹਿਣਾ ਹੈ ਕਿ ਅਦਾਲਤੀ ਫੈਸਲੇ ਨੂੰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਲਾਗੂ ਨਾ ਕਰਨ ਖਿਲਾਫ਼ ਟੈਸਟ ਦੇ ਪ੍ਰੀਖਿਆਰਥੀਆਂ ਨੇ 26 ਦਸੰਬਰ ਤੋਂ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। 
              ਦੁਨੀਆਂ ਭਰ ਦੇ ਸਿੱਖਾਂ ਅਤੇ ਪੰਜਾਬੀ ਭਾਸ਼ਾ ਦੇ ਮੁਦਈ ਅਖਵਾਉਂਦੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੀ ਪੰਜਾਬੀ ਭਾਸ਼ਾ ਦੀ  ਤਰਜਮਾਨੀ ਲਈ ਦੋਹਰਾ ਵਤੀਰਾ ਰੱਖਦੀ ਹੈ। ਦਿੱਲੀ ’ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਕਾਲੀ ਦਲ ਨੇ ਖੂਬ ਰੌਲਾ ਪਾਇਆ ਪਰ ਰਾਜਸਥਾਨ ’ਚ ਭਾਈਵਾਲ ਭਾਜਪਾ ਦੀ ਸਰਕਾਰ ਹੋਣ ਕਰਕੇ ਪੰਜਾਬੀ ਭਾਸ਼ਾ ਦੀ ਗੁਆਚੀ ਹੋਂਦ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਦਾ ਕਹਿਣਾ ਸੀ ਕਿ ਰਾਜਸਥਾਨ ਵਿੱਚ ਸਕੂਲਾਂ-ਕਾਲਜਾਂ ਵਿੱਚ ਜ਼ਮੀਨੀ ਪੱੱਧਰ ’ਤੇ ਪੰਜਾਬੀ ਭਾਸ਼ਾ ਨੂੰ ਨੇਸਤੋ-ਨਾਬੂਦ ਕਰਨ ਜਿਹੇ ਹਾਲਾਤ  ਭਾਜਪਾ ਸਰਕਾਰ ਦੀ ਸੰਘਵਾਦੀ ਨੀਤੀ ਦਾ ਹਿੱਸਾ ਹਨ।
   
ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਅਦਾਲਤੀ ਫੈਸਲੇ ਮਗਰੋਂ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਟੈਸਟ ਛੇਤੀ ਕਰਵਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਰਾਜਸਥਾਨ ਦੇ ਸਰਕਾਰੀ ਕਾਲਜਾਂ ’ਚ ਇੱਕ ਵੀ ਪੰਜਾਬੀ ਲੈਕਚਰਰ ਦੀ ਅਸਾਮੀ ਨਾ ਹੋਣ ਬਾਰੇ ਅਗਿਆਨਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਬੜਾ ਗੰਭੀਰ ਮਸਲਾ ਹੈ ਅਤੇ ਇਸਨੂੰ ਸਰਕਾਰ ਦੇ ਧਿਆਨ ’ਚ ਲਿਆ ਕੇ ਅਸਾਮੀਆਂ ਸਥਾਪਿਤ ਕਰਵਾਈਆਂ ਜਾਣਗੀਆਂ। 
 
      ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੰੂਗਰ ਨੇ ਕਿਹਾ ਕਿ ਮੈਨੂੰ ਰਾਜਸਥਾਨ ਦੇ ਕਾਲਜਾਂ ’ਚ ਪੰਜਾਬੀ ਵਿਸ਼ੇ ਦੀ ਅਣਹੋਂਦ ਬਾਰੇ ਜਾਣਕਾਰੀ ਨਹੀਂ ਸੀ ਅਤੇ ਉਹ ਕੱਲ੍ਹ ਹੀ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਾਲਜਾਂ ’ਚ ਪੰਜਾਬੀ ਵਿਸ਼ੇ ਦੀਆਂ ਅਸਾਮੀਆਂ ਸਥਾਪਿਤ ਕਰਨ ਦੀ ਮੰਗ ਕਰਨਗੇ। ਪੰਜਾਬੀ ਭਾਸ਼ਾ ਨਾਲ ਵਿਤਕਰੇ ਸਬੰਧੀ ਰਾਜਸਥਾਨ ਦੇ ਉੱਚ ਸਿੱਖਿਆ ਮੰਤਰੀ ਕਿਰਨ ਮਹੇਸ਼ਵਰੀ ਅਤੇ ਸਿੱਖਿਆ ਮੰਤਰੀ ਵਾਸੂਦੇਵ ਦੇਵਨਾਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਈ ਵਾਰ ਫੋਨ ਕਰਨ ’ਤੇ ਦੋਵੇਂ ਮੰਤਰੀਆਂ ਨਾਲ ਸੰਪਰਕ ਨਹੀਂ ਬਣ ਸਕਿਆ। ਪੰਜਾਬੀ ਭਾਸ਼ਾ ਦੀ ਗੱਲ ਸੁਣਨ ’ਤੇ ਵਾਸੂਦੇਵ ਦੇਵਨਾਨੀ ਦੇ ਪੀ.ਏ. ਤਾਂ ਮੰਤਰੀ ਬਹੁਤ ਬਿਜ਼ੀ ਹਨ ਆਖ ਕੇ ਫੋਨ ਕੱਟ ਗਏ। 98148-26100 / 93178-26100

10 December 2016

ਮੁੱਖ ਮੰਤਰੀ ਬਾਦਲ ਨੇ 77352 ਵੋਟਾਂ ਪੱਕੀਆਂ ਕਰਨ ਨੂੰ ਖੇਡੀ 42 ਕਰੋੜੀ ਖੇਡ

- ਮੁੱਖ ਮੰਤਰੀ ਬਾਦਲ ਨੇ ਆਪਣਾ  ਮਹਿਲ’ ਪੁਖ਼ਤਾ ਰੱਖਣ ਲਈ ਗਰੀਬਾਂ ਦੇ ‘ਕੱਚੇ ਮਕਾਨਾਂ’ ਦਾ ਸਹਾਰਾ ਲਿਆ 
- ਸੇਮ ਦੀ ਓਟ ’ਚ ਅਖ਼ਤਿਆਰੀ ਕੋਟੇ ’ਚੋਂ 25784 ਪਰਿਵਾਰਾਂ ਨੂੰ ਮਕਾਨ ਮੁਰੰਮਤ ਲਈ 15-15 ਹਜ਼ਾਰ ਰੁਪਏ 
- 498 ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਲਈ 60-60 ਹਜ਼ਾਰ ਦੀ ਸੌਗਾਤ

                                                               ਇਕਬਾਲ ਸਿੰਘ ਸ਼ਾਂਤ
ਲੰਬੀ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਵਿੱਚ ਹੋਣ ਵਾਲੇ ਤਿਕੋਣੇ ਮੁਕਾਬਲੇ ’ਚ ਆਪਣਾ ਸਿਆਸੀ ਮਹਿਲ ਪੁਖ਼ਤਾ ਰੱਖਣ ਲਈ ਗਰੀਬਾਂ ਦੇ ਕੱਚੇ ਮਕਾਨਾਂ ਦਾ ਸਹਾਰਾ ਲੈ ਰਹੇ ਹਨ। ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਦੀਆਂ ਛੋਟੀਆਂ ਬੱਚਤਾਂ ਵਾਲੇ ਫੰਡ ਵਿਚੋਂ ਸੇਮ ਪ੍ਰਭਾਵਿਤ ਖੇਤਰ ਦੀ ਓਟ ਵਿੱਚ ਕੱਚੇ ਮਕਾਨਾਂ ਦੀ ਮੁਰੰਮਤ ਅਤੇ ਨਵੇਂ ਮਕਾਨਾਂ ਲਈ
ਲਗਪਗ 42 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ। ਜਿਸ ਵਿੱਚ 25784 ਪਰਿਵਾਰਾਂ ਨੂੰ ਪ੍ਰਤੀ ਮਕਾਨ ਮੁਰੰਮਤ ਲਈ 15 ਹਜ਼ਾਰ ਰੁਪਏ ਦੀ ਰਕਮ ਦਿੱਤੀ ਗਈ ਹੈ। ਜਦੋਂ ਕਿ ਲਗਪਗ 498 ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਖਾਤਰ 60 ਹਜ਼ਾਰ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਅੰਨ੍ਹੇ ਦੀਆਂ ਰਿਊੜੀਆਂ ਵਾਂਗ ਬੇਜ਼ਮੀਨੇ ਅਤੇ ਬੇਘਰੇ ਲੋਕਾਂ ਨੂੰ ਵਿੱਤੀ ਮੱਦਦ ਦੇ ਨਾਂਅ ਉੱਪਰ ਸਰਕਾਰੀ ਫੰਡ ਵੰਡਣ ਦਾ ਸਿਲਸਿਲਾ ਵੱਡੇ ਪੱਧਰ ’ਤੇ ਜਾਰੀ ਹੈ। ਜਿਸਦੇ ਚੋਣ ਜ਼ਾਬਤਾ ਲੱਗਣ ਤੱਕ ਜਾਰੀ ਰਹਿਣ ਤੱਕ ਉਮੀਦ ਹੈ। ਸਰਕਾਰੀ ਅਮਲਾ ਦਿਨ-ਰਾਤ ਗਰਾਂਟ ਦੇ ਚੈੱਕ ਬਣਾਉਣ ਤੇ ਸੂਚੀਆਂ ਦੇ ਵਿਸਥਾਰ ਵਿੱਚ ਰੁੱਝਿਆ ਹੋਇਆ ਹੈ।
          ਮੁੱਖ ਮੰਤਰੀ ਦੇ ਸਿਆਸੀ ਵਿਰੋਧੀ ਮਕਾਨਾਂ ਦੀ ਮੁਰੰਮਤ ਵਜੋਂ ਖਰਚੇ 42 ਕਰੋੜ ਰੁਪਏ ਨੂੰ ਸਰਕਾਰੀ ਫੰਡਾਂ ਨਾਲ ਵੋਟਾਂ ਦੀ ਕਥਿਤ ਅਗਾਊਂ ਖਰੀਦ ਦੱਸ ਰਹੇ ਹਨ। ਜਦੋਂ ਕਿ ਸੱਤਾ ਪੱਖ ਅਕਾਲੀ ਦਲ ਇਸਨੂੰ ਮਾੜੀ ਹਾਲਤ ਮਕਾਨ ’ਚ ਵੇਲਾ ਲੰਘਾ ਰਹੇ ਲੋਕਾਂ ਦੀ ਇਖ਼ਲਾਕੀ ਮੱਦਦ ਦੱਸ ਰਿਹਾ ਹੈ। ਜੇਕਰ ਵਿਰੋਧੀਆਂ ਦੀ ਮੰਨੀਏ ਤਾਂ ਅਕਾਲੀ ਦਲ ਨੇ ਹਲਕੇ ’ਚ ਲੋਕਮਨਾਂ ਦੇ ਵਿਰੋਧ ਨੂੰ ਮੱਠਾ ਪਾਉਣ ਲਈ ਸੱਤਾ ਪੱਖ ਘਰ-ਘਰ ਇਸ ਸਕੀਮ ਰਾਹੀਂ ਅਕਾਲੀ ਦਲ ਨੇ ਕਰੀਬ 77352 ਵੋਟਾਂ ਨੂੰ ਸਰਕਾਰੀ ਫੰਡ ਨਾਲ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। 
           ਇਸ ਸਕੀਮ ਨੂੰ ਮੁਰੰਮਤ ਅਤੇ ਨਵੇਂ ਮਕਾਨਾਂ ਦੇ ਲਾਭਪਾਤਰੀਆਂ ਦੀ ਸੂਚੀ ਨੋਡਲ ਅਫਸਰਾਂ ਤੋਂ ਪੜਤਾਲ ਉਪਰੰਤ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਬਾਵਜੂਦ ਇੱਕ ਮਕਾਨ ਵਿੱਚ ਰਹਿੰਦੇ ਤਿੰਨ-ਤਿੰਨ ਪਰਿਵਾਰਾਂ ਨੂੰ ਵੀ ਮਕਾਨ ਮੁਰੰਮਤ ਲਈ 15-15 ਹਜ਼ਾਰ ਰੁਪਏ ਦੇ 3-3 ਚੈੱਕ ਵੰਡ ਦਿੱਤੇ ਗਏ। ਕਣਸੋਆਂ ਹਨ ਕਿ ਬੇਘਰਿਆਂ ਲਈ ਸਕੀਮ ’ਚ ਕਈ ਵੱਡੇ ਘਰ ਵਾਲੇ ਵੀ ਹੱਥ ਧੋ ਗਏ ਹਨ। ਬਹੁਤ ਸਾਰੇ ਹਕੀਕੀ ਲੋੜਵੰਦ ਇਸ ਮੱਦਦ ਤੋਂ ਵਾਂਝੇ ਫ਼ਿਰਦੇ ਹਨ। ਜਿਸ ਕਾਰਨ ਬਹੁਤੇ ਲੋਕਾਂ ਵਿੱਚ ਰੋਸ ਵੀ ਪਨਪ ਰਿਹਾ ਹੈ। ਪਤਾ ਲੱਗਿਆ ਹੈ ਕਿ ਵੋਟਾਂ ਤੱਕ ਦੀ ਸਾਂਝ ਸਬੰਧੀ ਪੱਕੀ ਗੱਲਬਾਤ ਹੋਣ ਮਗਰੋਂ ਹੀ ਸੂਚੀ ਵਿੱਚ ਨਾਂਅ ਪਾਏ ਜਾਂਦੇ ਹਨ। 
            ਮਕਾਨ ਮੁਰੰਮਤ ਦੀ ਸੂਚੀ ਵਿੱਚ ਸਭ ਤੋਂ ਵੱਧ 850 ਲਾਭਪਾਤਰੀ ਪਿੰਡ ਮਹਿਣਾ, ਮੰਡੀ ਕਿੱਲਿਆਂਵਾਲੀ ’ਚ 785, ਪਿੰਡ ਕਿੱਲਿਆਂਵਾਲੀ ’ਚ 722, ਭੀਟੀਵਾਲਾ ’ਚ 617, ਵੜਿੰਗਖੇੜਾ ’ਚ 527, ਸਿੱਖਵਾਲਾ 430, ਮਿੱਡੂਖੇੜਾ ’ਚ 448, ਪਿੰਡ ਲੰਬੀ ’ਚ 536, ਤਰਮਾਲਾ ’ਚ 431, ਚੰਨੂ ’ਚ 338, ਡੱਬਵਾਲੀ ਮਲਕੋ ਕੀ ’ਚ 454, ਵਣਵਾਲਾ ਅੰਨੂ ’ਚ 498, ਪਿੰਡ ਬਾਦਲ ’ਚ 113 ਅਤੇ ਸੰਸਦ ਆਦਰਸ਼ ਗਰਾਮ ਮਾਨ ’ਚ 300, ਭੁੱਲਰਵਾਲਾ ’ਚ 568, ਕੱਖਾਂਵਾਲੀ ’ਚ 203, ਢਾਣੀ ਤੇਲਿਆਂਵਾਲੀ ’ਚ 109, ਮਿਠੜੀ ਬੁੱਧਗਿਰ ’ਚ 202, ਮਾਹੂਆਣਾ ’ਚ 294,  ਸਿੰਘੇਵਾਲਾ ’ਚ 554, ਫਤੂਹੀਵਾਲਾ ’ਚ 398, ਫੁੱਲੂਖੇੜਾ ’ਚ 339, ਫੱਤਾਕੇਰਾ ’ਚ 232, ਖੁੱਡੀਆਂ ਗੁਲਾਬ ਸਿੰਘ ’ਚ 368, ਖੁੱਡੀਆਂ ਮਹਾਂ ਸਿੰਘ ’ਚ 279, ਪੰਜਾਵਾ ’ਚ 357, ਰਸੂਲਪੁਰ ਕੇਰਾ ’ਚ 375 ਅਤੇ ਆਧਨੀਆਂ ’ਚ 279, ਮਾਹਣੀਖੇੜਾ ’ਚ 150, ਰੋੜਾਂਵਾਲੀ ’ਚ 275, ਕੰਦੂਖੇੜਾ ’ਚ 247, ਭਾਈ ਕਾ ਕੇਰਾ ’ਚ 670, ਅਰਨੀਵਾਲਾ ਵਜੀਰਾ ’ਚ 131, ਘੁਮਿਆਰਾ ’ਚ 75, ਢਾਣੀ ਸਿੰਘੇਵਾਲਾ ’ਚ 39, ਧੌਲਾ ’ਚ 50 ਪਰਿਵਾਰ ਸ਼ਾਮਲ ਹਨ। ਸੂਚੀ ਅਨੁਸਾਰ ਸੇਮ ਪ੍ਰਭਾਵਿਤ ਪਿੰਡ ਫਤਿਹਪੁਰ ਮਨੀਆਂ ’ਚ ਕਿਸੇ ਵੀ ਗਰੀਬ ਦੇ ਮਕਾਨ ਨੂੰ ਮੁਰੰਮਤ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਦਾ ਮਕਾਨ ਬਣਾਉਣ ਵਾਲਾ ਹੈ। ਇਸੇ ਤਰ੍ਹਾਂ ਨਵੇਂ ਮਕਾਨਾਂ ਦੀ ਸੂਚੀ ’ਚ ਚੰਨੂ ਪੂਰਬੀ ’ਚ 145 ਨਵੇਂ ਮਕਾਨ ਬਣਾਉਣ ਲਈ 60-60 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਉਥੇ ਮੁੱਖ ਮੰਤਰੀ ਦੇ ਪਿੰਡ ਬਾਦਲ ’ਚ 8 ਨਵੇਂ ਮਕਾਨ, ਖਿਉਵਾਲੀ ’ਚ 19,  ਲੰਬੀ ’ਚ 28, ਭੀਟੀਵਾਲਾ ’ਚ 20 ਪਰਿਵਾਰਾਂ ਨੂੰ ਨਵੇਂ ਮਕਾਨਾਂ ਦੀ ਸੌਗਾਤ ਦਿੱਤੀ ਗਈ ਹੈ। ਹਾਲਾਂਕਿ ਭੁੱਲਰਵਾਲਾ, ਰੋੜਾਂਵਾਲੀ, ਸਹਿਣਾਖੇੜਾ, ਵੜਿੰਗਖੇੜਾ, ਘੁਮਿਆਰਾ, ਮਿੱਡੂਖੇੜਾ, ਕੰਦੂਖੇੜਾ, ਪਿੰਡ ਕਿੱਲਿਆਂਵਾਲੀ, ਮਹਿਣਾ, ਚੰਨੂ, ਮਾਹੂਆਣਾ, ਦਿਉਣਖੇੜਾ, ਚੰਨੂ, ਢਾਣੀ ਤੇਲਿਆਂਵਾਲੀ, ਖੇਮਾਖੇੜਾ, ਦੋਵੇਂ ਖੁੱਡੀਆਂ ਸਮੇਤ ਹਾਕੂਵਾਲਾ, ਫੱਤਾਕੇਰਾ, ਭਾਈਕੇਰਾ, ਪੰਜਾਵਾ, ਰਸੂਲਪੁਰ ਕੇਰਾ ’ਚ ਕਿਸੇ ਪਰਿਵਾਰ ਨੂੰ ਨਵਾਂ ਮਕਾਨ ਬਣਾਉਣ ਦੀ ਜ਼ਰੂਰਤ ਨਹੀਂ ਹੈ। 
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਕਾਇਦਾ ਨਿਰਪੱਖ ਸਰਵੇ ਰਾਹੀਂ ਪੂਰੀ ਪਾਰਦਰਸ਼ਿਤਾ ਨਾਲ ਲੋੜਵੰਦ ਪਰਿਵਾਰਾਂ ਦੀ ਹਾਲਤ ਦੇ ਮੱਦੇਨਜ਼ਰ ਮਕਾਨਾਂ ਦੀ ਮੁਰੰਮਤ ਅਤੇ ਨਵੇਂ ਮਕਾਨ ਦੀ ਸੂਚੀ ਤਿਆਰ ਕੀਤੀ ਹੈ। ਜਿਸ ਵਿੱਚ ਊਣਤਾਈ ਦੀ ਕੋਈ ਗੁੰਜਾਇਸ਼ ਨਹੀਂ। 
ਸੱਤਾ ਪੱਖ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾੜੀ ਹਾਲਤ ਮਕਾਨਾਂ ’ਚ ਵਸਦੇ ਲੋੜਵੰਦ ਪਰਿਵਾਰਾਂ ਨੂੰ ਮਜ਼ਬੂਤ ਛੱਤ ਦੇਣ ਦੇ ਇਰਾਦੇ ਨਾਲ ਮੁਰੰਮਤ ਅਤੇ ਨਵੇਂ ਮਕਾਨ ਲਈ ਫੰਡ ਦੇ ਕੇ ਇਖ਼ਲਾਕੀ ਫਰਜ਼ ਨਿਭਾਇਆ ਹੈ। 
  ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਲੰਬੀ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋੜਵੰਦ ਪਰਿਵਾਰਾਂ ਦੀ ਮੱਦਦ ਦੇ ਨਾਂਅ ’ਤੇ ਆਪਣੇ ਅਖ਼ਤਿਆਰੀ ਕੋਟੇ ਦੀ ਦੁਰਵਰਤੋਂ ਕਰ ਰਹੇ ਹਨ। ਖੁੱਡੀਆਂ ਨੇ ਕਿਹਾ ਕਿ ਲੰਬੀ ਹਲਕੇ ’ਚ ਸਰਕਾਰ ਦੇ 40-42 ਕਰੋੜ ਖਰਚ ਕੇ ਅਕਾਲੀ ਦਲ ਵੋਟਾਂ ਦੀ ਅਗਾਊਂ ਖਰੀਦ ਕਰ ਰਿਹਾ ਹੈ।   98148-26100 / 93178-26100
   
 

16 October 2016

‘ਕਸਾਈਪੁਣੇ’ ਵਾਲੀ ਕਰਤੂਤ ਦਾ ਮਾਲਕ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਲੰਬੀ

* ਪੁਲਸੀਆ ਡਾਂਗਾਂ ਦੇ ਭੁੱਜੇ ਜਖ਼ਮੀ 4 ਸੁਵਿਧਾ ਕਾਮਿਆਂ ਦੇ ਬਿਨ੍ਹਾਂ ਫੀਸ ਐਕਸਰੇ ਅਤੇ ਟੈਸਟਾਂ ਤੋਂ ਕੋਰੀ ਨਾਂਹ
* ਜਖ਼ਮੀਆਂ ਦੇ ਸਿਰਾਂ ਤੇ ਛਾਤੀ ’ਤੇ ਹਨ ਸੱਟਾਂ 
* ਸੁਵਿਧਾ ਕਰਮਚਾਰੀਆਂ ਨੂੰ ਨਹੀਂ ਦਿੱਤੀ ਢੁੱਕਵੀਂ ਸਿਹਤ ਸੇਵਾ

                                                   ਇਕਬਾਲ ਸਿੰਘ ਸ਼ਾਂਤ
      ਲੰਬੀ: ਡਾਕਟਰੀ ਪੇਸ਼ੇ ਦੀਆਂ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕਰਕੇ  ਲੰਬੀ ਦਾ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ‘ਕਸਾਈਪੁਣੇ’ ’ਤੇ ਉੱਤਰ ਆਇਆ ਹੈ। ਕੱਲ੍ਹ ਪੁਲਸੀਆ ਡਾਂਗਾਂ ਦਾ ਭੋਜਣ ਬਣੇ ਸੁਵਿਧਾ ਕਰਮਚਾਰੀਆਂ ਦੇ ਭੁੱਜੇ ਪਿੰਡੇ ’ਤੇ ਮੱਲ੍ਹਮ ਲਾਉਣ ਦੀ ਜਗ੍ਹਾ ਸਿਹਤ ਕੇਂਦਰ ਦੇ ਅਮਲੇ ਨੇ ਬਿਨ੍ਹਾਂ ਸਰਕਾਰੀ ਫੀਸ ਦੇ ਐਕਸਰੇ ਅਤੇ ਟੈਸਟ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਕੱਲ੍ਹ ਰਾਤ ਤੋਂ ਜ਼ੇਰੇ ਇਲਾਜ 4 ਗੰਭੀਰ ਜਖ਼ਮੀ ਸੁਵਿਧਾ ਕਰਮਚਾਰੀਆਂ ਨੂੰ ਕੋਈ ਢੁੱਕਵੀਂ ਸਿਹਤ ਸੇਵਾ ਨਹੀਂ ਦਿੱਤੀ ਗਈ। ਸੁਵਿਧਾ ਕਾਮਿਆਂ ਦੇ ਬਟੂਏ ਬਾਦਲ ਪਿੰਡ ’ਚ ਲਾਠੀਚਾਰਜ਼ ਦੌਰਾਨ ਭੱਜ-ਦੌੜ ’ਚ ਡਿੱਗ ਪਏ ਸਨ। ਬਲਵਿੰਦਰ ਸਿੰਘ ਮੋਗਾ ਦੇ ਸਿਰ ਅਤੇ ਲੱਤਾਂ ’ਤੇ ਗੰਭੀਰ ਜਖ਼ਮ ਹਨ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਮੋਗਾ ਦੀ ਛਾਤੀ, ਬਾਂਹ ਅਤੇ ਪਿੱਠ ’ਤੇ ਕਾਫ਼ੀ ਸੱਟਾਂ ਹਨ। ਸੁਖਮੰਦਰ ਮੋਗਾ ਅਤੇ ਰਾਕੇਸ਼ ਮੁਕਤਸਰ ਦੇ ਵੀ ਸਰੀਰਾਂ ’ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਹਨ। ਜਿਨ੍ਹਾਂ ਦੇ ਇਲਾਜ ਲਈ ਐਕਸਰੇ ਦੀ ਜ਼ਰੂਰਤ ਹੈ। 
ਜਸਪ੍ਰੀਤ ਸਿੰਘ ਮੋਗਾ ਨੇ ਦੱਸਿਆ ਕਿ ਕੱਲ੍ਹ ਲਾਠੀਚਾਰਜ਼ ਮਗਰੋਂ ਉਹ 108 ਐੈਂਬੂਲੈਂਯ ਨੂੰ ਖੁਦ ਬੁਲਾ ਕੇ ਸਿਹਤ ਕੇਂਦਰ ਲੰਬੀ ’ਚ ਇਲਾਜ ਖਾਤਰ ਪੁੱਜੇ ਸਨ। ਰਾਤ ਸਮੇਂ ਜਖ਼ਮੀਆਂ ਨੂੰ ਤਕਲੀਫ਼ ਹੋਣ ’ਤੇ ਡਾਕਟਰਾਂ ਨੇ ਆਖਿਆ ਕਿ ਤੁਸੀਂ ਹਸਪਤਾਲ ’ਚ ਦਾਖਲ ਨਹੀਂ ਹੋ ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਮੋਗਾ ਨੇ ਕਿਹਾ ਕਿ ਡਾਕਟਰਾਂ ਨੇ ਕੱਲ੍ਹ ਸਿਰਫ਼ ਇੱਕ-ਇੱਕ ਦਰਦਨਿਵਾਰਕ ਟੀਕਾ ਲਾਉਣ ਉਪਰੰਤ ਉਨ੍ਹਾਂ ਦੇ ਜਖ਼ਮਾਂ ’ਤੇ ਪੱਟੀਆਂ ਵੀ ਨਹੀਂ ਕੀਤੀਆਂ। ਜਸਪ੍ਰੀਤ ਸਿੰਘ ਮੋਗਾ ਨੇ ਕਿਹਾ ਕਿ ਜਦੋਂ ਸਿਰ ’ਤੇ ਵੱਜੀਆਂ ਡਾਂਗਾਂ ਬਾਰੇ ਐਕਸਰੇ ਕਰਨ ਲਈ ਆਖਿਆ ਤਾਂ ਹਸਪਤਾਲ ਦਾ ਅਮਲਾ ਉਨ੍ਹਾਂ ਤੋਂ ਐਕਸਰੇ ਦੀ ਫੀਸ ਮੰਗਣ ਲੱਗ ਪਿਆ। ਉਸਨੇ ਕਿਹਾ ਕਿ ਲਾਠੀਚਾਰਜ਼ ਵਿੱਚ ਉਨ੍ਹਾਂ ਦੇ ਬਟੂਏ ਡਿੱਗ ਪਏ ਸਨ ਅਤੇ ਹੁਣ ਉਨ੍ਹਾਂ ਦੀ ਜੇਬ ’ਚ ਕੋਈ ਪੈਸਾ ਨਹੀਂ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਤੋਂ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਬਾਦਲਾਂ ਦੇ ਜੱਦੀ ਹਲਕੇ ਦੇ ਡਾਕਟਰਾਂ ਵਿੱਚ ਵੀ ਕੋਈ ਇਨਸਾਨੀਅਤ ਨਾਂਅ ਦੀ ਕੋਈ ਚੀਜ਼ ਨਹੀਂ। ਜ਼ਖ਼ਮੀਆਂ ਦੇ ਸਿਰ, ਛਾਤੀ ’ਤੇ ਡਾਂਗਾਂ ਦੇ ਜਖ਼ਮਾਂ ਕਰਕੇ ਤੇਜ਼ ਦਰਦ ਹੈ ਪਰ ਹਸਪਤਾਲ ਦੇ ਅਮਲੇ ਨੇ ਬਿਨ੍ਹਾਂ ਫੀਸ ਤੋਂ ਐਕਸਰੇ ਕਰਨੋਂ ਨਾਂਹ ਕਰ ਦਿੱਤੀ ਅਤੇ ਅੱਜ ਸਾਢੇ 10 ਵਜੇ ਦੋ-ਦੋ ਗੋਲੀਆਂ ਦੇ ਕੇ ਬੁੱਤਾ ਸਾਰ ਦਿੱਤਾ ਗਿਆ।
ਜਸਪ੍ਰੀਤ ਨੇ ਕਿਹਾ ਕਿ ਸਿਹਤ ਕੇਂਦਰ ਲੰਬੀ ’ਚ ਇਲਾਜ ਨਾ ਹੋਣ ਕਜਕੇ ਕੁਝ ਸੁਵਿਧਾ ਕਰਮਚਾਰੀ ਤਾਂ ਆਪਣੇ ਇਲਾਜ ਲਈ ਨਿੱਜੀ ਹਸਪਤਾਲ ਦਾ ਰੁੱਖ ਕਰ ਗਏ। ਯੂਨੀਅਨ ਦੀ ਲੀਡਰਸ਼ਿਪ ਨੇ ਕਿਹਾ ਕਿ ਸਿਹਤ ਕੇਂਦਰ ਲੰਬੀ ’ਚ ਦਾਖਲ 4 ਸੁਵਿਧਾ ਕਰਮਚਾਰੀਆਂ ਦੀ ਡਾਕਟਰਾਂ ਵੱਲੋਂ ਕੋਈ ਵੀ ਦੇਖ-ਰੇਖ ਨਹੀਂ ਕੀਤੀ ਜਾ ਰਹੀ। ਉਹ ਮੁਲਾਜ਼ਮ ਦਰਦ ਨਾਲ ਕੁਰਲਾ ਰਹੇ ਹਨ ਪਰ ਉਨ੍ਹਾਂ ਦੀਆਂ ਡਾਕਟਰ ਵੀ ਆਪਣਾ ਫਰਜ਼ ਭੁੱਲ ਕੇ ਪੰਜਾਬ ਸਰਕਾਰ ਦੀ ਤਾਨਾਸ਼ਾਹੀ ਰਾਜ ਦੇ ਸ਼ਿਕਾਰ ਹੋ ਗਏ ਹਨ। ਯੂਨੀਅਨ ਆਗੂਆਂ ਅਨੁਸਾਰ ਲਾਠੀਚਾਰਜ਼ ਉਪਰੰਤ ਪ੍ਰਵੀਨ ਕੁਮਾਰ ਅਤੇ ਅਭਿਸ਼ੇਕ ਅਰੋੜਾ ਵਗੈਰਾ ਲਾਪਤਾ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸ਼ਨ ਸੁਵਿਧਾ ਮੁਲਾਜ਼ਮਾਂ ’ਤੇ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਧੱਕੇ ਨਾਲ ਚੁੱਕ ਕੇ ਅਣਪਛਾਤੀ ਜਗਾ ’ਤੇ ਲੈ ਕੇ ਜਾ ਰਹੀ ਹੈ। ਜਨਰਲ ਸਕੱਤਰ ਸੱਤਪਾਲ ਸਿੰਘ ਨੇ ਕਿਹਾ ਕਿ ਸੁਵਿਧਾ ਕਰਮੀਆਂ ਵਿੱਚ ਪੰਜਾਬ ਸਰਕਾਰ ਇਸ ਵਤੀਰੇ ਕਾਰਣ ਸੁਵਿਧਾ ਮੁਲਾਜ਼ਮਾਂ ਵਿੱਚ ਰੋਸ਼ ਵਧਦਾ ਜਾ ਰਿਹਾ ਹੈ। ਸੁਵਿਧਾ ਮੁਲਾਜ਼ਮ ਇਨ੍ਹਾਂ ਡਾਗਾਂ ਸੋਟਿਆਂ ਦੀ ਕੋਈ ਪ੍ਰਵਾਹ ਨਹੀਂ ਕਰਨਗੇ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਜਾਰੀ ਰਖੱਣਗੇ। ਇਹ ਧਰਨਾ ਹੁਣ ਲੰਬੀ ਹਲਕੇ ਦੇ ਅਧੀਨ ਪੈਂਦੇ ਪਿੰਡ ਰਾਏ ਕਲਾ ਵਿਖੇ ਜਾਰੀ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੂਤਰਾਂ ਅਨੁਸਾਰ ਪੁਲੀਸ ਨੇ ਕੱਲ੍ਹ 95 ਅੌਰਤ ਸੁਵਿਧਾਂ ਕਰਮਚਾਰੀਆਂ ਨੂੰ ਛੱਡ ਦਿੱਤਾ ਸੀ। ਕੱਲ੍ਹ ਲਾਠੀਚਾਰਜ਼ ਉਪਰੰਤ ਪੁਰਸ਼ ਅਤੇ ਅੌਰਤ ਸੁਵਿਧਾ ਕਰਮਚਾਰੀਆਂ ਦੀ ਭਾਲ ’ਚ ਵੱਡੀ ਗਿਣਤੀ ਪਰੇਸ਼ਾਨ ਮਾਪੇ ਇੱਧਰ-ਉੱਧਰ ਭਟਕਦੇ ਰਹੇ।

ਪੜਤਾਲ ਕਰਵਾ ਕੇ ਕਾਰਵਾਈ ਕਰਾਂਗੇ : ਜਿਆਣੀ
ਸਿਹਤ ਕੇਂਦਰ ਲੰਬੀ ’ਚ ਜਖ਼ਮੀ ਸੁਵਿਧਾ ਕਾਮਿਆਂ ਦੇ ਇਲਾਜ ਵਿੱਚ ਊਣਤਾਈ ਬਾਰੇ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਸੁਵਿਧਾ ਕਰਮਚਾਰੀ ਝੂਠ ਬੋਲਦੇ ਹਨ, ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੇਵਾਵਾਂ ਸਭ ਤੋਂ ਵਧੀਆ ਹਨ। ਫਿਰ ਵੀ ਉਹ ਸ਼ਿਕਾਇਤ ਆਉਣ ’ਤੇ ਪੜਤਾਲ ਕਰਵਾ ਕੇ ਕਾਰਵਾਈ ਕਰਾਂਗੇ। ਇਸੇ ਦੌਰਾਨ ਐਸ.ਐਮ.ਓ. ਡਾ. ਰੀਟਾ ਗੁਪਤਾ ਨੇ ਕਿਹਾ ਕਿ ਸਿਰਫ਼ ਐਕਸੀਡੈਂਟ ਕੇਸ ’ਚ ਐਕਸਰੇ ਦੀ ਫੀਸ ਨਹੀਂ ਲਈ ਜਾਂਦੀ ਪਰ ਐਮ.ਐਲ.ਸੀ. ਮਾਮਲਿਆਂ ’ਚ ਐਕਸਰੇ ਫੀਸ ਲਈ ਜਾਂਦੀ ਹੈ। ਉਨ੍ਹਾਂ ਇਲਾਜ ’ਚ ਅਣਗਹਿਲੀ ਦੇ ਦੋਸ਼ਾਂ ਨੂੰ ਖਾਰਜ ਕੀਤਾ। 98148-26100 / 93178-26100

28 September 2016

ਦਰਵੇਸ਼ ਸਿਆਸਤਦਾਨ ਜਥੇਦਾਰ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਸਰਗਰਮ ਸਿਆਸਤ ਚ ਪਾਏ ਪੈਰ

- ਲੰਬੀ ਹਲਕੇ ’ਚ ਪਿਤਾ ਗੁਰਮੀਤ ਖੁੱਡੀਆਂ ਦੀ ਹਮਾਇਤ ’ਚ ਵਿੱਢੀ ਡੋਰ-ਟੂ-ਡੋਰ ਮੁਹਿੰਮ
ਦੇਸ਼ ਖਾਤਰ ਬਿਹਤਰ ਕਰਨ ਦੇ ਜਜ਼ਬਾ ਤਹਿਤ ਵਿਦੇਸ਼ੀ ਧਰਤੀ ਨੂੰ ਆਖਿਆ ‘ਅਲਵਿਦਾ’

                                                         ਇਕਬਾਲ ਸਿੰਘ ਸ਼ਾਂਤ
        ਲੰਬੀ : ਦਰਵੇਸ਼ ਸਿਆਸਤਦਾਨ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਵੀ ਸਰਗਰਮ ਸਿਆਸਤ ਵਿੱਚ ਪੈਰ ਪਾ ਦਿੱਤੇ। 27 ਸਾਲਾ ਸੁਮੀਤ ਆਪਣੇ ਪਿਤਾ ਅਤੇ ਲੰਬੀ ਹਲਕੇ ਤੋਂ ਸੰਭਾਵੀ ਕਾਂਗਰਸ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਉਹ ਪਿਛਲੇ ਵਰ੍ਹੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਤੋਂ ਹਿਸਟਰੀ ’ਚ ਡਿਗਰੀ ਲੈ ਕੇ ਪਰਤਿਆ ਹੈ। ਆਪਣੇ ਸੰਸਦ ਮੈਂਬਰ ਸਵਰਗੀ ਦਾਦਾ ਅਤੇ ਪਿਤਾ ਵਾਂਗ ਨਿੱਘੇ ਸੁਭਾਅ ਅਤੇ ਹਲੀਮੀਅਤ ਦਾ ਧਨੀ ਸੁਮੀਤ ਵੀ ਲੋਕ ਪੱਖੀ, ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਦਾ ਮੁਦਈ ਹੈ। ਲੰਬੀ ਦੇ ਹਲਕੇ ਸਰਾਵਾਂ ਜੈਲ ’ਚ ਖੁਦ ਆਪਣੀ ਟੀਮ ਸਮੇਤ ਵੋਟਰਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਬਣਾ ਰਿਹਾ ਹੈ। ਲੰਬੀ ਹਲਕੇ ’ਚ ਖੁੱਡੀਆਂ ਪਰਿਵਾਰ ਦੇ ਸਮਰਥਕ ਨੌਜਵਾਨਾਂ ਦੀਆਂ ਤਿੰਨ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸ ਸਰਕਾਰ ਬਣਾਉਣ ਲਈ ਪ੍ਰਤੀ ਪ੍ਰੇਰਿਤ ਕਰ ਰਹੀਆਂ ਹਨ। 
          ਜ਼ਿਕਰਯੋਗ ਹੈ ਕਿ ਪੰਜਾਬ ਪਬਲਿੱਕ ਸਕੂਲ ਨਾਭਾ ਦੇ ਹੈੱਡ ਬੁਆਏ ਦੇ ਇਲਾਵਾ ਬੈਸਟ ਡਿਵੇਟਰ ਅਤੇ ਬੈਸਟ ਐਨ.ਸੀ.ਸੀ. ਕੈਡਿਟ ਹੋਣ ਦਾ ਮਾਣ ਰੱਖਦਾ ਯੂ.ਪੀ.ਐਸ.ਸੀ ਦੀ ਪ੍ਰੀਖਿਆ ਰਾਹੀਂ ਪ੍ਰਸ਼ਾਸਨਿਕ ਸੇਵਾ ਕਰਨ ਦਾ ਚਾਹਵਾਨ ਹੈ। ਉਸਨੇ ਰਾਜਨੀਤੀ ਵਿੱਚ ਪ੍ਰਵੇਸ਼ ਬਾਰੇ ਆਖਿਆ ਕਿ ਮੌਜੂਦਾ ਹਾਲਾਤਾਂ ਵਿੱਚ ਜਥੇਦਾਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਲੀ ਲੋਕਪੱਖੀ ਰਾਜਨੀਤੀ ਦੀ ਲੋੜ ਹੈ। ਸੁਮੀਤ ਦਾ ਛੋਟਾ ਭਰਾ ਅਮੀਤ ਖੁੱਡੀਆਂ ਪਹਿਲਾਂ ਹੀ ਐਨ.ਐਸ.ਯੂ.ਆਈ. ਦਿੱਲੀ ਸਟੇਟ ਦਾ ਜਨਰਲ ਸਕੱਤਰ ਹੈ ਅਤੇ ਕਾਂਗਰਸ ਦੇ ਕੌਮੀ ਲੀਡਰਾਂ ਨਾਲ ਚੰਗਾ ਰਾਬਤਾ ਰੱਖਦਾ ਹੈ। 
         ਸੁਮੀਤ ਵੋਟਰਾਂ ਨੂੰ ਵੋਟਰਾਂ ਨੂੰ ਆਪਣਾ ਪਰਿਚੈ ਦਿੰਦਿਆਂ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਵਾਲੀ ਬੇਦਾਗ ਰਾਜਨੀਤੀ ਨੂੰ ਮੌਕਾ ਦੇ ਕੇ ਜਰੀਏ ਕਦਰਾਂ-ਕੀਮਤਾਂ ਵਾਲਾ ਮਾਹੌਲ ਸਿਰਜਣ ਲਈ ਪ੍ਰੇਰਦਾ ਹੈ। ਉਹ ਲੋਕਾਂ ਨੂੰ ਆਖਦਾ ਕਿ ਸਰਕਾਰਾਂ ਦੀਆਂ ਸਹੂਲਤਾਂ ਅਤੇ ਸਕੀਮਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਹਨ ਪਰ ਉਹ ਸਿਆਸਤਦਾਨਾਂ ਦੇ ਭ੍ਰਿਸ਼ਟ ਰਵੱਈਏ ਕਰਕੇ ਜਨਤਾ ਤੱਕ ਅੱਧੀਆਂ ਵੀ ਨਹੀਂ ਪਹੁੰਚਦੀਆਂ। ਸੁਮੀਤ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਫਰੀਦਕੋਟ ਤੋਂ ਸੰਸਦ ਮੈਂਬਰ ਰਹੇ ਜਥੇਦਾਰ ਜਗਦੇਵ ਸਿੰੰਘ ਖੁੱਡੀਆਂ ਦੀ ਪਾਰਦਰਸ਼ੀ ਰਾਜਨੀਤੀ ਨੂੰ ਚੇਤੇ ਕਰਵਾਉਂਦਾ ਅਤੇ ਆਪਣੇ ਹਮਉਮਰਾਂ ਨੂੰ ਆਪਣੇ ਦਾਦੇ ਦੀਆਂ ਸਾਫ਼ਗੋਈ ਅਤੇ ਸਿਆਸੀ ਚਿੱਟਤਾ ਦੀ ਪੜ੍ਹਤ ਗਿਣਾਉਂਦਾ ਹੈ। ਉਹ ਆਖਦਾ ਕਿ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਦਹਾਕਿਆਂ ਬਾਅਦ ਵੀ ਪਾਕ-ਸਾਫ਼ ਹੈ ਜਿਸਦੀ ਹਿੰਦੁਸਤਾਨ ਸਮੇਤ ਅਮਰੀਕਾ ਅਤੇ ਕੈਨੇਡਾ ਜਿਹੇ ਮੁਲਕਾਂ ਵੱਖਰੀ ਪਛਾਣ ਹੈ। ਉਹ ਲੋਕਾਂ ਨੂੰ ਅਕਾਲੀ ਸਰਕਾਰ ਦੇ ਸਾਢੇ 9 ਸਾਲ ਰਾਜ ’ਚ ਫੈਲੀ ਗੁੰਡਾਗਰਦੀ ਅਤੇ ਨਸ਼ੇ ਦੀ ਬੀਮਾਰੀ ਪ੍ਰਤੀ ਚੇਤੰਨ ਕਰਦਾ ਹੈ ਅਤੇ
ਚੰਗੇ ਭਵਿੱਖ ਲਈ ਕਾਂਗਰਸ ਨੂੰ ਲਿਆਉਣ ਦੀ ਅਪੀਲ ਕਰਦਾ ਹੈ। ਜਵਾਨੀ ’ਚ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਦੇਸ਼ ਲਈ ਕੁਝ ਬਿਹਤਰ ਜਜ਼ਬਾ ਰੱਖਦਾ ਸੁਮੀਤ ਆਪਣੇ ਪਿਤਾ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਂਗਰਸ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਦੱਸਦਾ ਕਿ ਉਨ੍ਹਾਂ ਨੂੰ ਜਿਤਾਉਣ ਨਾਲ ਲੰਬੀ ਹਲਕੇ ਵਿੱਚ ਆਮ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਪਿੰਡਾਂ ’ਤੇ ਕਬਜ਼ਿਆਂ ਦੇ ਮਾਹੌਲ ਤੋਂ ਜਨਤਾ ਨੂੰ ਛੁਟਕਾਰਾ ਮਿਲੇਗਾ। ਸੁਮੀਤ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਕਾਰਕੁੰਨਾਂ ਦੀ ਤਿੰਨ ਟੀਮਾਂ ਲੰਬੀ ਹਲਕੇ ਤੇ ਘਰ-ਘਰ ਜਾਣਗੀਆਂ ਅਤੇ ਵੋਟਰਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ ਮੁੱਦਿਆਂ ਦੇ ਡਟਵੇਂ ਸੰੰਘਰਸ਼ ਖੁੱੱਡੀਆਂ ਪਰਿਵਾਰ ਨੂੰ ਹਮਾਇਤ ਦੀ ਅਪੀਲ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ ਐਤਕੀਂ ਲੋਕਾਂ ’ਚ ਗੁੱਸਾ ਅਤੇ ਰੋਸ ਲੰਬੀ ’ਚ ਅਕਾਲੀ ਦਲ ਦੇ ਗੜ੍ਹ ਨੂੰ ਢਹਿ-ਢੇਰੀ ਕਰ ਦੇਵੇਗਾ। -98148-26100 / 93178-26100 

ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਦੇ 92 ਸਾਲਾ ਕਿਸਾਨ ਦਾ ਦੁਖਾਂਤ

- ਜ਼ਮੀਨ ਦੇ 3-3  ’ਤੇ ਹੋਣ ਬਾਅਦ 35 ਵਰ੍ਹਿਆਂ ਤੋਂ ਖੇਤਾਂ ’ਚ ਦਾਖਲਾ ਬਣਿਆ ਪਾਕਿਸਤਾਨ ਦੀ ਸਰਹੱਦ
- ਜ਼ਮੀਨੀ ਘਪਲਾ: ਸਰਮਾਏਦਾਰ ਕਿਸਾਨਾਂ ਨੇ ਢਾਈ ਕਿਲੋਮੀਟਰ ਲੰਬੀ ਪਹੀ ਖੇਤਾਂ ’ਚ ਰਲਾਈ
- ਇੱਕ ਸਰਮਾਏਦਾਰ ਤਾਂ ਪਹੀ ’ਤੇ ਕਬਜ਼ਾ ਕਰਕੇ ਵਿਖਾਉਂਦਾ ਬੰਦੂਕ 
- ਮਾਈਨਰ ’ਤੇ ਪੁੱਲ ਬਾਰੇ ਪਿਛਲੇ ਸੰਗਤ ਦਰਸ਼ਨ ਦੀ ਦੋ ਲੱਖ ਰੁਪਏ ਦੀ ਗਰਾਂਟ ਦੀ ਉੱਗ-ਸੁੱਘ ਨਹੀਂ

                                                          ਇਕਬਾਲ ਸਿੰਘ ਸ਼ਾਂਤ
   ਲੰਬੀ: ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਲੰਬੀ ’ਚ 92 ਸਾਲਾ ਕਿਸਾਨ ਮੱਲ ਸਿੰਘ ਦੇ ਪਰਿਵਾਰ ਦਾ ਦੁਖਾਂਤ ਹੈ ਕਿ ਤਿੰਨ-ਤਿੰਨ ਖੇਤਾਂ ਅੰਦਰ ਤੱਕ ਪੱੁਜਣਾ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਤੁੱਲ ਹੋਇਆ ਪਿਆ ਹੈ। 35 ਵਰ੍ਹਿਆਂ ਤੋਂ ਸਰਮਾਏਦਾਰ ਕਿਸਾਨਾਂ ਦੇ ਉਸਦੇ ਖੇਤਾਂ ਨੂੰ ਲੱਗਦੀਆਂ ਪਹੀਆਂ (ਰਸਤੇ) ’ਤੇ ਕਬਜ਼ੇ ਕਰਕੇ ਇਹ ਪਰਿਵਾਰ ਆਪਣੀ ਜ਼ਮੀਨ ’ਚੋਰਾਂ ਵਾਂਗ ਵੜਦਾ ਹੈ ਜਾਂ ਬਾਜੀਗਰਾਂ ਵਾਂਗ ਮਾਈਨਰ ਤੋਂ ਰੱਖੇ ਬਿਜਲਈ ਖੰਭੇ ਵਾਂਗ ਲੰਘਣ ਨੂੰ ਮਜ਼ਬੂਰ ਹੈ। ਇਹ ਮਾਮਲਾ ਅੱਜ ਭੁੱਲਰਵਾਲਾ ਵਿਖੇ
ਸੰਗਤ ਦਰਸ਼ਨ ਵਿੱਚ ਬਜ਼ੁਰਗ ਕਿਸਾਨ ਮੱਲ ਸਿੰਘ ਨੇ ਸੰਗਤ ਦਰਸ਼ਨ ’ਚ ਬੜੀ ਗਰੀਬੀ ਦਾਅਵੇ ਨਾਲ ਉਠਾਇਆ ਤਾਂ ਮੁੱਖ ਮੰਤਰੀ ਬਾਦਲ ਵੀ ਉਸਦੀ ਦਾਸਤਾਂ ਸੁਣ ਦੇ ਹੈਰਾਨ ਰਹਿ ਗਏ। ਮੱਲ ਸਿੰਘ ਨੇ ਖੁਲਾਸਾ ਕੀਤਾ ਕਿ ਕੱਖਾਂਵਾਲੀ ਮਾਈਨਰ ਨੇੜੇ ਕੰਦੂਖੇੜਾ ਨੂੰ ਜਾਂਦੀ ਕਰੀਬ ਢਾਈ ਕਿਲੋਮੀਟਰ ਲੰਮੀ ਕੱਚੀ ਪਹੀ ਦਾ ਸਰਮਾਏਦਾਰ ਕਿਸਾਨਾਂ ਨੇ ਵਜੂਦ ਖ਼ਤਮ ਉਸਨੂੰ ਜ਼ਮੀਨ ਵਿੱਚ ਵਾਹ ਲਿਆ ਹੈ। ਜਿਸ ਕਰਕੇ ਉਹ ਕੱਖਾਂਵਾਲੀ ਮਾਈਨਰ ਲਾਗਲੇ ਰਸਤੇ ਤੋਂ ਸਿਰਫ਼ 4 ਏਕੜ ਦੂਰ ਆਪਣੇ ਖੇਤ ’ਚ ਦੂਜੇ ਕਿਸਾਨਾਂ ਦੀ ਮਿੰਨਤਾਂ ਕਰਕੇ ਵੜਣਾ ਪੈਂਦਾ ਹੈ। ਇਸੇ ਰਕਬੇ ਕੋਲ ਮਾਈਨਰ ’ਤੇ ਪੁੱਲ ਨਾ ਹੋਣ ਕਰਕੇ ਦੂਜੇ ਕੰਢੇ ਆਪਣੇ ਖੇਤ ਵਿੱਚ ਜਾਣ ਲਈ ਕਰੀਬ ਦੋ ਕਿਲੋਮੀਟਰ ਲੰਬਾ ਪੈਂੜਾ ਤੈਅ ਕਰਨਾ ਪੈਂਦਾ ਹੈ। ਮਾਈਨਰ ’ਤੇ ਰੱਖੇ ਇੱਕ ਬਿਜਲਈ ਖੰਭੇ ਨੂੰ ਇਸ ਪਰਿਵਾਰ ਨੇ ਆਵਾਜਾਈ ਦਾ ਜਰੀਆ ਬਣਾਇਆ ਹੋਇਆ ਹੈ ਜਿਸ ਤੋਂ ਲੰਘਦੇ ਸਮੇਂ ਬਜ਼ੁਰਗ ਮੱਲ ਸਿੰਘ ਦਾ ਪਰਿਵਾਰ ਵਾਰ ਸੱਟਾਂ ਖਾ ਚੁੱਕਿਆ ਹੈ। ਸੰਗਤ ਦਰਸ਼ਨੀ ਗਰਾਂਟਾਂ ਦਾ ਕੋਰਾ ਸੱਚ ਹੈ ਕਿ ਪਿਛਲੇ ਸੰਗਤ ਦਰਸ਼ਨ ਵਿੱਚ ਮੁੱਖ ਮੰਤਰੀ ਨੇ ਮੱਲ ਸਿੰਘ ਦੀ ਮੰਗ ’ਤੇ ਕੱਖਾਂਵਾਲੀ ਮਾਈਨਰ ’ਤੇ ਪੁੱਲ ਲਈ 2 ਲੱਖ ਰੁਪਏ ਜਾਰੀ ਕੀਤੇ ਸਨ। ਜਿਨ੍ਹਾਂ ਦੀ ਹੋਂਦ ਜਾਂ ਅਣਹੋਂਦ ਦਾ ਅਜੇ ਤੱਕ ਧਹੁ ਠਿਕਾਣਾ ਨਹੀਂ। 
         ਮੱਲ ਸਿੰਘ ਅਨੁਸਾਰ ਇਸੇ ਤਰ੍ਹਾਂ ਹਾਕੂਵਾਲਾ ਸੜਕ ’ਤੇ ਪੈਂਦੇ ਉਸਦੇ ਖੇਤ ਦੀ ਪਹੀ ’ਤੇ ਵੀ ਇੱਕ ਸਰਮਾਏਦਾਰ ਦਾ ਕਬਜ਼ਾ ਹੈ। ਜਿਸਤੋਂ ਲੰਘਣ ਸਮੇਂ ਉਹ ਬੰਦੂਕ ਵਿਖਾ ਕੇ ਡਰਾਉਂਦਾ ਹੈ। ਹੋਰ ਤਾਂ ਹੋਰ ਇੱਕ ਭੁੱਲਰਵਾਲਾ ਦੇ ਇੱਕ ਅਕਾਲੀ ਚੌਧਰੀ ਦੇ ਇਸ਼ਾਰੇ ’ਤੇ ਪਹੀ ’ਤੇ ਟਿਊਬਵੈੱਲ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਮੱਲ ਸਿੰਘ ਨੇ ਬਹਾਵਵਾਲਾ ਡਰੇਨ ’ਤੇ ਕੰਢੇ ਪਹੀ ਕੱਚੀ ਹੋਣ ਕਰਕੇ ਮੀਂਹਾਂ ਮਿੱਟੀ ਡਰੇਨ ਵਿੱਚ ਰੁੜ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਖੇਤ ਤੱਕ ਪਹੁੰਚਣ ਲਈ ਨਾਲ ਮਜ਼ਬੂਰੀ ’ਚ ਪਹੀ ਲਾਗਲੇ ਖੇਤਾਂ ਦੀ ਵਿਚੋਂ ਲੰਘਣਾ ਪੈਂਦਾ ਹੈ। ਜਿਸ ਕਰਕੇ ਸਬੰਧਤ ਖੇਤਾਂ ਵਾਲੇ ਕਿਸਾਨ ਉਨ੍ਹਾਂ ’ਤੇ ਗੁੱਸਾ ਜਾਹਰ ਕਰਦੇ ਹਨ। ਮੱਲ ਸਿੰਘ ਨੇ ਮੁੱਖ ਮੰਤਰੀ ਦੇ ਨਾਲ ਬੈਠੇ ਪਿੰਡ ਦੇ ਇੱਕ ਅਕਾਲੀ ਆਗੂ ਨੂੰ ਉਸਦੀ ਹੋਣੀ ’ਚ ਹਿੱਸੇਦਾਰ ਕਰਾਰ ਦਿੱਤਾ ਤਾਂ ਮੁੱਖ ਮੰਤਰੀ ਸ੍ਰੀ ਬਾਦਲ ਨੇ ਤੁਰੰਤ ਸਿੰਚਾਈ ਵਿਭਾਗ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਨ੍ਹਾ ਕਿਸੇ ਦਬਾਅ ਦੇ ਬਜ਼ੁਰਗ ਦੀ ਸਮੱਸਿਆ ਦੇ ਮੌਕੇ ਦਾ ਜਾਇਜ਼ਾ ਲੈਣ। ਬਾਅਦ ਵਿੱਚ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੱਤਰਕਾਰ ਨੂੰ ਮੱਲ ਸਿੰਘ ਨੇ ਮੌਕੇ ਦੀ ਸਥਿਤੀ ਵਿਖਾਉਂਦਿਆਂ ਕਿਹਾ ਕਿ ਸੱਤਾ ਪੱਖ ਦੇ ਆਗੂ ਦੀ ਸ਼ਹਿ ’ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਹ ਲਾਂਘੇ ਲਈ ਬੇਹੱਦ ਅੌਖੇ ਹਨ। ਮੱਲ ਸਿੰਘ ਨੇ ਵਿਖਾਇਆ ਕਿ ਅਬੋਹਰ ਰੋਡ ਦੇ ਦੂਜੇ ਬੰਨ੍ਹੇ ਕੱਸੀ ਦੇ ਨਾਲ 4 ਕਰਮਾਂ ਦੀ ਪਹੀ ਕੱਖਾਂਵਾਲੀ ਤੱਕ ਜਾਂਦੀ ਹੈ ਪਰ ਉਹ ਸੜਕ ਦੇ ਦੂਜੇ ਪਾਸੇ ਕੰਦੂਖੇੜਾ ਤੱਕ ਪਹੀ ਦਾ ਵਜੂਦ ਖ਼ਤਮ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵੀ ਉਸਦੀ ਸਮੱਸਿਆ ਨੂੰ ਜਾਇਜ਼ ਦੱਸਦਿਆਂ ਮਾਲ ਵਿਭਾਗ ਤੋਂ ਰਿਕਾਰਡ ਕਢਵਾਉਣ ਦੀ ਸਲਾਹ ਦਿੱਤੀ। ਭੁੱਲਰਵਾਲਾ ’ਚ ਸੰਗਤ ਦਰਸ਼ਨ ਮੌਕੇ ਕਈ ਹੋਰਨਾਂ ਕਿਸਾਨ ਟੇਲਾਂ ਅਤੇ ਮੋਘਿਆਂ ਬਾਰੇ ਪਿੰਡ ਦੇ ਅਕਾਲੀ ਚੌਧਰੀ ਖਿਲਾਫ਼ ਮੁੱਖ ਮੰਤਰੀ ਸਾਹਮਣੇ ਭੜਾਸ ਕੱਢਦੇ ਵਿਖਾਈ ਦਿੱਤੇ। ਨਹਿਰੀ ਵਿਭਾਗ ਦੇ ਐਸ.ਡੀ.ਓ. ਪਵਨ ਬਿਸ਼ਨੋਈ ਨੇ ਕਿਹਾ ਕਿ ਪਿਛਲੇ ਸੰਗਤ ਦਰਸ਼ਨ ’ਚ ਮੱਲ ਸਿੰਘ ਦੇ ਖੇਤਾਂ ਕੋਲ ਕੱਖਾਂਵਾਲੀ ਮਾਈਨਰ ’ਤੇ ਪੁੱਲ ਬਾਰੇ ਗਰਾਂਟ ਉਨ੍ਹਾਂ ਦੇ ਵਿਭਾਗ ਕੋਲ ਲਈ ਪੁੱਜੀ ਸ਼ਾਇਦ ਇਹ ਗਰਾਂਟ ਪੰਚਾਇਤ ਨੂੰ ਭੇਜੀ ਗਈ ਹੋਵੇ।  iqbal.shant@gmail.com, 98148-26100 / 93178-26100

16 August 2016

ਆਜ਼ਾਦੀ ਦਾ ਅਹਿਸਾਸ

                                                      ਇਕਬਾਲ ਸਿੰਘ ਸ਼ਾਂਤ
ਆਜ਼ਾਦੀ ਇੱਕ ਦਿਹਾੜਾ ਹੀ ਨਹੀਂ ਇੱਕ ਭਾਵਨਾ ਅਤੇ ਅਹਿਸਾਸ ਵੀ ਹੈ। ਜਿਸਨੂੰ ਸਧਾਰਨ ਬੰਦੇ ਲਈ ਮੁਕਾ ਦਿੱਤਾ ਗਿਆ ਹੈ। ਅੱਜ ‘ਆਜ਼ਾਦੀ’ ਇੱਕ ਅਜਿਹੇ ਸ਼ਰਾਬੀ ਪਤੀ ਜਿਹੀ ਬਣ ਕੇ ਰਹਿ ਗਈ ਜਿਹੜਾ ਰਾਤ ਨੂੰ ਆਪਣੀ ਸਰੀਰਕ ਭੁੱਖ ਲਈ ਪਤਨੀ ਨੂੰ ਅਪੱਣਤ ਵਿਖਾਉਂਦਾ ਹੈ ਪਰ ਦਿਨ ਸਮੇਂ ਉਸਦੇ ਤੇਵਰ ਇਸਦੇ ਬਿਲਕੁੱਲ ਉਲਟ ਹੁੰਦੇ ਹਨ। ਉੱਚੀਆਂ ਸਫ਼ੀਲਾਂ ’ਤੇ ਬੈਠੇ ‘ਸਿਆਸਤਦਾਨਾਂ’ ਨੇ ਸਾਜਿਸ਼ਨ ਆਜ਼ਾਦੀ ਦੇ ਅਹਿਸਾਸ ਮਾਰ ਦਿੱਤੇ ਹਨ ਅਤੇ ਭਾਵਨਾਵਾਂ ਧਾਰਮਿਕ ਕਰ ਦਿੱਤੀਆਂ ਹਨ। ਇਖਲਾਕ ਨੂੰ ਕਿੱਤਾਮੁਖੀ ਕਰ ਦਿੱਤਾ ਅਤੇ ਜਮੀਰ ਅਤੇ ਗੈਰਤਾਂ ਮੁਫ਼ਤਖੋਰੀ ਦੇ ਵੱਸ ਪਾ ਦਿੱਤੀਆਂ। ਸਧਾਰਨ ਬੰਦੇ ਦੇ ਵਿਕਾਸ ਦੇ ਨਾਂਅ ’ਤੇ ਸਧਾਰਨ ਬੰਦੇ ਦਾ ਹੀ ਸਭ ਕੁਝ ‘ਖੋਹਿਆ’ ਜਾ ਰਿਹਾ ਹੈ। 
ਹਕੀਕਤ ’ਚ ‘ਆਜ਼ਾਦੀ’ ਲਫ਼ਜ਼ ਦੇ ਬੜੇ ਡੂੰਘੇ ਮਾਇਨੇ ਹਨ। ਆਜ਼ਾਦੀ ਦੇ ਨਾਲ ਹਰ ਬਾਸ਼ਿੰਦੇ, ਪੰਛੀ ਅਤੇ ਪਰਿੰਦੇ ਅਤੇ ਮਾਤ-ਭੂਮੀ ਦੇ ਕਣ-ਕਣ ਦੀ ਆਸ ਵੀ ਜੁੜੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ‘‘ਉਹ ਆਜ਼ਾਦ ਫਿਜ਼ਾ ਅੰਦਰੀਂ ਪਰਵਾਜ਼ ਭਰੇ। ਉਸ ਕੋਲ ਰਹਿਣ ਲਈ ਰੈਣ-ਬਸੇਰਾ ਹੋਵੇ, ਕਰਨ ਲਈ ਕਿੱਤਾ ਅਤੇ ਸਿਰ ਉਠਾ ਕੇ ਜਿਉਣ ਲਈ ਮਾਹੌਲ ਹੋਵੇ।’’ ਅੱਜ ਉਹ ਆਪਣੇ ਇਸ ਸੁਪਨੇ ਦੀ ਪੂਰਤੀ ਲਈ ਹਰ ਪਲ ਸੋਚਦਾ ਹੈ, ਸੁਪਨੇ ਬੁਣਦਾ ਹੈ ਅਤੇ ਪੂਰੇ ਯਤਨ ਵੀ ਜੁਟਾਉਂਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹਰ ਮੁਲਕ, ਹਰ ਜਾਤ-ਧਰਮ ਅਤੇ ਫਿਰਕੇ ਦਾ ਮਨੁੱਖ ਇਸੇ ‘ਅਹਿਸਾਸ’ ਨਾਲ ਸਾਹਾਂ ਦੀ ਉਮੀਦ ਨੂੰ ਅਗਾਂਹ ਵਧਾਉਂਦਾ ਹੈ ਕਿ ਉਸਦੀ ਮਿਹਨਤ ਸਦਕਾ ਤਰੱਕੀ ਅਤੇ ਖੁਸ਼ਹਾਲੀ ਦੇ ਦਿਨ ਆਉਣਗੇ। ਅੱਜ ਆਜ਼ਾਦ ਭਾਰਤ ’ਚ ਸਧਾਰਨ ਬੰਦੇ ਦੇ ਹੱਥ-ਪੱਲੇ ਕੁਝ ਨਜ਼ਰ ਪੈਂਦਾ ਆਉਂਦਾ। ਵੱਡੀਆਂ ਸੜਕਾਂ, ਚੌੜੇ ਪੁੱਲਾਂ ਅਤੇ ਉੱਚੀਆਂ ਇਮਾਰਤਾਂ ਨੂੰ ਮੁਲਕ ਦਾ ‘ਵਿਕਾਸ’ ਅਤੇ ਖੁਸ਼ਹਾਲੀ ਦਰਸਾਇਆ ਜਾ ਰਿਹਾ ਹੈ। ਅਜੋਕੇ ਦੌਰ ਦਾ ਸੜਕੀ ਵਿਕਾਸ ਅੰਗਰੇਜ਼ਾਂ ਵਾਂਗ ਭਾਰਤੀ ਸਿਆਸਤਦਾਨਾਂ ਦੇ ‘ਠਰਕ’ ਦਾ ਜਰੀਆ ਹੈ। ਜਿਨ੍ਹਾਂ ’ਤੇ ਚੱਲਣ ਖਾਤਰ ਵੀ ਸਧਾਰਨ ਬੰਦੇ ਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ। ਸਧਾਰਨ ਬੰਦੇ ਲਈ ਆਜ਼ਾਦੀ ਦੇ ਹਾਲਾਤ ਅੰਗਰੇਜ਼ ਰਾਜ ਤੋਂ ਵੀ ਮਾੜੇ ਹੋਏ ਪਏ ਹਨ। ਸਧਾਰਨ ਬੰਦਾ ਲਗਾਤਾਰ ਬਦਹਾਲੀ ਵੱਲ ਧੱਕਣ ਵਾਲੀਆਂ ਸਰਕਾਰੀ ਨੀਤੀਆਂ ’ਚ ਉਲਝ ਕੇ ਰਹਿ ਗਿਆ ਹੈ। ਮਹਿੰਗਾਈ ਨੇ ਆਮ ਬੰਦੇ ਦੀ ‘ਮੱਤ’ ਮਾਰ ਕੇ ਰੱਖ ਦਿੱਤੀ ਹੈ ਅਤੇ ਕਮਾਈ ਦੇ ਬਹੁਗਿਣਤੀ ਵਸੀਲੇ ਸਿਆਸਤਦਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਸਿੱਖਿਆ ਦੀ ਪਰਪੱਕ ਡੂੰਘਾਈ ਤੋਂ ਖੁਣੇ ਪੜ੍ਹੇ-ਲਿਖੇ ਲੋਕ ਸਿਰਫ਼ (ਸੂਟਡ-ਬੂਟਡ ਮਜ਼ਦੂਰ) 10-12 ਹਜ਼ਾਰ ਵਾਲੀ ਨਿਗੁਣੀਆਂ ਤਨਖ਼ਾਹਾਂ ’ਤੇ ਸੀਮਤ ਹੋ ਕੇ ਰਹਿ ਗਏ ਹਨ। ਉਸ ਕੋਲੋਂ ਮਾਰੂ ਸਰਕਾਰੀ ਨੀਤੀਆਂ ਅਤੇ ਚੰਗੇ-ਬੁਰੇ ਨੂੰ ਪਰਖਣ ਦੀ ਸ਼ਕਤੀ ‘ਨਿਪੁੰਸਕ’ ਕਰ ਦਿੱਤੀ ਗਈ ਹੈ। ਜਨਤਾ ਲਈ ਫੋਕੀਆਂ ਨੀਤੀਆਂ ਉਸਾਰ ਕੇ ਰਾਜ ਨੇਤਾ ਅਤੇ ਅਫਸਰਾਂ ਦੇ ਘਰ ‘ਵੱਡੇ’ ਹੋ ਰਹੇ ਹਨ। ਪੰਜਾਬ ਵਿੱਚ ਸੰਗਤ ਦਰਸ਼ਨ ਸਮਾਗਮ ਦਾ ਵਰਤਾਰਾ ਵੀ ਇਸੇ ਅਮਲ ਦੀ ਤਰਜ਼ਮਾਨੀ ਕਰਦਾ ਹੈ। ਪੰਜਾਬ ਦਾ ਰਾਜ-ਭਾਗ ਅੱਜ ਵਪਾਰੀ ਸੋੋਚ ਦੇ ਕਬਜ਼ੇ ਹੇਠਾਂ ਹੈ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਹੈ ਪਰ ਨਸ਼ਿਆਂ ਦੇ ਕਥਿਤ ਤਸਕਰ ਭੋਲਾ ਜਿਹੇ ਲੋਕ ਅਦਾਲਤਾਂ ਵਿਚੋਂ ਬਰੀ ਹੋ ਰਹੇ ਹਨ। ਨਸ਼ਿਆਂ ਦੇ ਦੋਸ਼ਾਂ ’ਚ ਘਿਰੇ ਲੋਕ ਮੁੱਛਾਂ ਨੂੰ ਵੱਟ ਦੇ ਕੇ ਆਜ਼ਾਦੀ ਦਾ ਅਹਿਸਾਸ ਮਾਣ ਰਹੇ ਹਨ। ਆਮ ਬੰਦਾ ਮਹਿਸੂਸ ਕਰਦਾ ਹੈ ਕਿ ਥਾਣੇ-ਕਚਿਹਰੀਆਂ ਵਿਚੋਂ ਇਨਸਾਫ਼ ਮਿਲਣਾ ਅੰਗਰੇਜ਼ਾਂ ਨਾਲੋਂ ਵੀ ਮਾੜਾ ਹੋ ਗਿਆ ਹੈ। ਥਾਣੇ-ਦਫ਼ਤਰਾਂ ਵਿੱਚ ਦੁਕਾਨ ਵਾਂਗ ਇਨਸਾਫ਼ ‘ਮੁੱਲ’ ਵਿਕਦਾ ਹੈ। 
ਅੱਜ ਹਿੰਦੁਸਤਾਨ ਦੀ ਆਜ਼ਾਦੀ, ਸਿੱਖ ਧਰਮ ’ਤੇ ਜੱਟ ਸਿੱਖਾਂ ਦੇ ਕਬਜ਼ੇ ਵਾਂਗ ਸਫ਼ੈਦਪੋਸ਼ ਸਿਆਸਤ ਅਤੇ ਵੱਡੇ ਸਨਅਤਕਾਰਾਂ ਦੀ ਜਗੀਰ ਬਣ ਚੁੱਕੀ ਹੈ। ਜਿਹੜੇ ਆਪਣੇ ਫਾਇਦੇ ਅਤੇ ਮੁਫ਼ਾਦਾਂ ਲਈ ਜਨਤਾ ਦੇ ਰਹਿਣ-ਸਹਿਣ ਅਤੇ ਸੋਚ-ਵਿਚਾਰ ਤੱਕ ਨੂੰ ਮਨ-ਮੁਤਾਬਕ ਢਾਲ ਰਹੇ ਹਨ। ਕੁਝ ਵਰਗਾਂ ਨੂੰ ਲੋਕ-ਸਹੂਲਤਾਂ ਦੀ ਓਟ ’ਚ ‘ਮੁਫ਼ਤ’ ਦਾ ਸਵਾਦ ਪਾ ਕੇ ਮਿਹਨਤ ਦੀ ਆਦਤ ਖ਼ਤਮ ਕੀਤੀ ਜਾ ਰਹੀ ਹੈ। ਟੀ.ਵੀ ਸੀਰੀਅਲਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਜਿਨ੍ਹਾਂ ’ਤੇ ਸਰਕਾਰਾਂ ਕੋਲ ਕੋਈ ਸੈਂਸਰ ਨਹੀਂ। 
   
ਚੋਣ-2017 ਦੇ ਬਰੂਹਾਂ ’ਤੇ ਖੜ੍ਹੀ ਪੰਜਾਬ ਦੀ ਸਿਆਸਤ ਨੂੰ ਲੋਕ ਮੁੱਦਿਆਂ ਨਾਲ ਵਾਹ-ਵਾਸਤਾ ਨਹੀਂ ਜਾਪ ਰਿਹਾ। ਰਾਜਸੀ ਆਗੂ ਅਸਲ ਮੁੱਦਿਆਂ ਅਤੇ ਜਨਤਾ ਦੀਆਂ ਹਕੀਕੀ ਸਮੱਸਿਆਵਾਂ ਨੂੰ ਪਛਾਨਣ ਦੀ ਬਜਾਏ ਇੱਕ-ਦੂਜੇ ’ਤੇ ਤੋਹਮਤਾਂ ਅਤੇ ਦਬਕੇ ਮਾਰਨ ਤੱਕ ਸੀਮਤ ਰਹਿ ਗਏ ਹਨ। ਸੂਬਾ ਨਸ਼ੇ ਅਤੇ ਆਰਥਿਕ ਨੀਤੀਆਂ ਦੀ ਮਾਰ ਹੇਠਾਂ ਹੈ, ਕਿਸੇ ਨੂੰ ਫ਼ਿਕਰ ਨਹੀਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕੁੜੀਆਂ ਦੀਆਂ ਇੱਜਤਾਂ ਰੁਲ ਰਹੀਆਂ ਹਨ। ਰਾਜ ਨੇਤਾਵਾਂ ਦੇ ਫਰਜੰਦਾਂ ਦਾ ਰਹਿਣ-ਸਹਿਣ ਰਜਵਾੜਿਆਂ ਨਾਲੋਂ ਅਗਾਂਹ ਟੱਪ ਗਿਆ ਹੈ। ਜਦੋਂਕਿ ਵੱੜੀ ਗਿਣਤੀ ਜਨਤਾ ਅੱਜ ਬੇਸਹਾਰਾ ਰੁਲਦੀ ਫਿਰਦੀ। ਮਨ ਰੋਂਦਾ ਹੇ ਸੜਕਾਂ ’ਤੇ ਰੇਲਵੇ ਫਾਟਕਾਂ ਦੇ ਕੰਢੇ ਭੱਜ-ਭੱਜ ਕੇ ਰਾਹਗੀਰਾਂ ਦੇ ਤਰਲੇ ਕਰਦੇ ਵੇਖ ਕੇ, ਜਿਹੜੇ ਨਿੱਕੀ ਉਮਰੇ ਗੁਰਬਤ ਦੇ ਪਸੀਨੇ ਦੀਆਂ ਪਰਤਾਂ ਚੜ੍ਹੇ ਚਿਹਰਿਆਂ ਨਾਲ ਛੱਲੀਆਂ ਅਤੇ ਮੱਕੀ ਵਾਲੇ ਫੁੱਲੇ (ਪੌਪਕਾਰਨ) ਖਰੀਦਣ ਦੀਆਂ ਅਰਜੋਈਆਂ ਕਰਦੇ ਹਨ। ਅਜਿਹੇ ’ਚ ਲਾਜਮੀ ਸਿੱਖਿਆ ਅਧਿਕਾਰਾਂ ਅਤੇ ਬਾਲ ਮਜ਼ਦੂਰੀ ਕਾਨੂੰਨ ਬਣਾਉਣ ’ਤੇ ਲਾਹਣਤਾਂ ਪਾਉਣ ਨੂੰ ਜੀਅ ਕਰਦਾ ਹੈ ਕਿ ਆਜ਼ਾਦੀ ਦੀ ਭਾਵਨਾ ਅਜਿਹੀ ਨਹੀਂ ਸੀ ਅਤੇ ਨਾ ਉਸਦੇ ਅਹਿਸਾਸ। ਜਿਨ੍ਹਾਂ ਦੀ ਜ਼ਿੰਦਗੀ ਦੀ ਸਵੇਰ ਢਿੱਡ ਦੀ ਅੱਗ ਬੁਝਾਉਣ ਅਤੇ ਸਿਰ ਦੀ ਛੱਤ ਟੋਲਣ ’ਚ ਰੁਲ ਗਈ ਹੈ।
ਮੇਰੇ ਸੁਤੰਤਰਤਾ ਸੇਨਾਨੀ ਪਿਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਆਖਿਆ ਕਰਦੇ ਸਨ ਕਿ ‘‘ਗਰੀਬ ਦਾ ਢਿੱਡ 10-20 ਹਜ਼ਾਰ ਨਾਲ ਰੱਜ ਸਕਦਾ ਹੈ ਪਰ ਲੀਡਰਾਂ ਦਾ ਢਿੱਡ ਸਾਰੇ ਜਹਾਨ ਨੂੰ ਖਾ ਕੇ ਵੀ ਨਹੀਂ ਭਰ ਸਕਦਾ।’’ ਅੱਖੀਂ ਵੇਖਿਆ ਵਰਤਾਰਾ ਹੈ ਕਿ ਮੁਲਕ ’ਚ ਪੰਜ ਸਾਲਾਂ ਦੀ ਸਿਆਸੀ ‘ਚੌਧਰ’ ਸੈਂਕੜੇ ਕਰੋੜ ਦੀ ਰਿਆਸਤ ਉਸਰ ਦਿੰਦੀ ਹੈ। ਜੇਕਰ ਦਸ ਸਾਲਾਂ ਦਾ ਰਾਜਭਾਗ ਟੱਕਰ ਜਾਵੇ ਤਾਂ ਸੂਬੇ ਦੇ ਸਾਹਾਂ ’ਤੇ ਕਬਜ਼ਾ ਹੋ ਜਾਂਦਾ ਹੈ। 25-30 ਸਾਲਾਂ ਵਾਲੇ ਦੀ ਕਮਾਈ ਬਾਰੇ ਤਾਂ ਰੱਬ ਹੀ ਜਾਣਦਾ ਹੈ ਜਾਂ ਮੰ...ੀ ਬੋਰਡ ਦੇ ਉੱਚੀਆਂ ਮੁੱਛਾਂ ਵਾਲੇ ਬਰਾ... ਸਾਹਿਬ, ਪੰਚਾਇਤੀ ਰਾਜ ਜਾਂ ਡਰੇਨੇਜ ਵਾਲੇ ਫਲਾਣੇ ਸਾਬ੍ਹ। ਕੌੜਾ ਸੱਚ ਹੈ ਕਿ ਸਧਾਰਨ ਵਿਅਕਤੀ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਇੱਕ ਚੰਗਾ ਘਰ ਵੀ ਨਹੀਂ ਉਸਰ ਸਕਦਾ ਤਾਂ ਫਿਰ ਇਹ ਕਾਹਦੀ ਆਜ਼ਾਦੀ ਅਤੇ ਕਿਹੋ-ਜਿਹਾ ਅਹਿਸਾਸ। ਅੱਜ ਅਸੀਂ ਬਰਾਂਡਿਡ ਕੱਪੜਿਆਂ, ਫਾਸਟ ਫੂਡ ਅਤੇ ਮਹਿੰਗੇ ਮੋਬਾਇਲਾਂ ਨੂੰ ਆਜ਼ਾਦੀ ਦਾ ਨਾਂਅ ਦੇ ਰਹੇ ਹਾਂ ਪਰ ਇਹ ਤਾਂ ਵੱਡਿਆਂ ਦਾ ਫੈਲਾਇਆ ਜਾਲ ਹੈ ਤੁਹਾਡੀ ਹੱਕ-ਸੱਚ ਦੀ ਕਮਾਈ ਨੂੰ ਪਲਾਂ ’ਚ ਖੋਰਨ ਦਾ। ਸਰਕਾਰੀ ਨੀਤੀਆਂ ਅਤੇ ਆਜ਼ਾਦੀ ’ਤੇ ਵੱਡਿਆਂ ਦੇ ਕਬਜ਼ੇ ਕਰਕੇ ਗੁਆਚੇ ਅਹਿਸਾਸਾਂ ’ਚ ਸਧਾਰਨ ਵਿਅਕਤੀ ਅੱਜ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਤੋਂ ਦੂਰ ਹੋ ਗਿਆ ਹੈ। 
ਆਮ ਸਧਾਰਨ ਵਿਅਕਤੀ ਨੂੰ ਆਜ਼ਾਦੀ ਦਾ ਅਹਿਸਾਸ ਹਾਸਲ ਕਰਨ ਲਈ ਕੁਦਰਤੀ ਕਰਿਸ਼ਮੇ ਨੂੰ ਉਡੀਕਣ ਨਾਲੋਂ ਖੁਦ ਨੂੰ ਸਿੱਖਿਆ, ਸਿਹਤ, ਪਰਿਵਾਰ ਅਤੇ ਸਮਾਜ ਪੱਖੋਂ ਪਰਿਪੂਰਨ ਲਈ ਅੱਜ ਸਾਨੂੰ ਖੁਦ ਨੂੰ ਉਸ ਸੁਪਨੇ ਨਾਲ ਜੋੜਨ ਦੀ ਲੋੜ ਹੈ ਜਿਸ ਨਾਲ ਸਾਡੇ ਨਾਇਕਾਂ-ਸੂਰਮਿਆਂ ਨੇ ਚੜ੍ਹਦੀ ਉਮਰੇ ਉਚੇਰੇ ਆਦਰਸ਼ਾਂ ਲਈ ਫਾਂਸੀ ਦੇ ਰੱਸੇ ਚੁੰਮੇ। 
                                                                                                                   098148-26100/93178-26100

11 July 2016

ਹਰਸਿਮਰਤ ਬਾਦਲ ਦੇ ‘ਸਾਂਸਦ ਆਦਰਸ਼ ਗਰਾਮ’ ਮਾਨ ਦੀ ਹਾਲਤ ਨੇ ਕੀਤਾ ‘ਆਦਰਸ਼’ ਸ਼ਬਦ ‘ਬੇਮਾਇਨੇ’

- ਆਦਰਸ਼ ਪਿੰਡ ਦੇ ਬਰਸਾਤੀ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਫਾਈਲਾਂ ਹੇਠਾਂ ਦੱਬੇ 
- ਰੂੜ੍ਹੀਆਂ, ਗਲੀਆਂ ’ਚ ਗਾਰਾ ਅਤੇ ਕਾਈ ਦਾ ਭਰਿਆ ਛੱਪੜ ਹਕੀਕਤ ਨੂੰ ਕਰਦੇ ਬਿਆਂ

ਇਕਬਾਲ ਸਿੰਘ ਸ਼ਾਂਤ
         ਲੰਬੀ : ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਵਜਾਰਤ ’ਚ ਅਹਿਮ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੁਣਿਆ ‘ਸਾਂਸਦ ਆਦਰਸ਼ ਗਰਾਮ ਮਾਨਾ ਡੇਢ ਸਾਲ ਮਗਰੋਂ ਵੀ ‘ਆਦਰਸ਼’ ਨਹੀਂ ਹੋ ਸਕਿਆ। ਆਦਰਸ਼ ਪਿੰਡ ਵਿੱਚ ਵਿਕਾਸ ਅਤੇ ਸੁਧਾਰ ਪੱਖੋਂ ਲੰਬੀ ਹਲਕੇ ਦੇ ਆਮ ਪਿੰਡਾਂ ਤੋਂ ਕਿਸੇ ਪੱਖੋਂ ਬਿਹਤਰੀ ਨਹੀਂ ਵਿਖਾਈ ਦਿੰਦੀ। 
          ਪਿੰਡ ਦੇ ਬਾਹਰਲੇ ਪਾਸੇ ਬੰਬੀਹਾ ਰੋਡ ’ਤੇ ਛੱਪੜ ਭਰ ਕੇ ਬਣਾਏ ਜਿੰਮ ਖਾਨਾ, ਪੰਚਾਇਤ ਘਰ, ਵਾਲੀਵਾਲ ਗਰਾਊਂਡ ਅਤੇ 62 ਲੱਖ ਰੁਪਏ ਦੀ ਲਾਗਤ ਵਾਲੇ ਛੈੱਡ ’ਤੇ ਆਧਾਰਤ ਕਮਿਊਨਿਸਟ ਸੈਂਟਰ ਨੂੰ ‘ਆਦਰਸ਼ ਵਿਕਾਸ’ ਗਰਦਾਨਿਆ ਜਾ ਰਿਹਾ ਹੈ। ਬਿਨ੍ਹਾਂ ਚਾਰਦੀਵਾਰੀ ਵਾਲਾ ਕਮਿਊਨਿਟੀ ਸੈਂਟਰ ਮੀਂਹ-ਝੱਖੜ ਜਾਂ ਧੁੱਪ ਤੋਂ ਬਚਾਅ ਲਈ ਰੱਤੀ ਭਰ ਵੀ ਸਮਰਥ ਨਹੀਂ। ਪਿੰਡ ਦੇ ਬਾਹਰਲੇ ਪਾਸੇ ਕੀਤੇ ਇਸ ਵਿਕਾਸ ਦਾ ਬੁਨਿਆਦੀ ਲੋੜਾਂ ਲਈ ਜੂਝਦੇ ਲੋਕਾਂ ਨੂੰ ਬੁਨਿਆਦੀ ਪੱਖੋਂ ਕੋਈ ਸਿੱਧਾ ਲਾਹਾ ਨਹੀਂ। 
         ਆਦਰਸ਼ ਹੋਣ ਲਈ ਗਰਾਮ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ ਪਰ ਹੁਣ ਘਰ-ਘਰ ਸ਼ਰਾਬ ਦੇ ਨਜਾਇਜ਼ ਠੇਕੇ ਖੁੱੱਲ੍ਹ ਗਏ ਹਨ। ਨਜਾਇਜ਼ ਸ਼ਰਾਬ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ। 
ਆਦਰਸ਼ ਪਿੰਡ ਦੇ ਬਾਸ਼ਿੰਦੇ ਅੱਜ ਵੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਗੁਆਂਢੀ ਪਿੰਡ ਬਾਦਲ ’ਤੇ ਮੁਨਹੱਸਰ ਹਨ। ਕਿਰਸਾਨੀ ਕਿੱਤੇ ਦਾ ਅਹਿਮ ਅਦਾਰਾ ਸਹਿਕਾਰੀ ਸੁਸਾਇਟੀ ਵੀ ਤੁਰਦੀ ਫਿਰਦੀ ‘ਫੇਰੀ ਵਾਲੀ’ ਹਾਲਤ ਵਿੱਚ ਹੈ। ਜਿਸਨੂੰ ਆਪਣੇ ਸੰਦ ਅਤੇ ਸਾਜੋ-ਸਮਾਨ ਸਾਂਭਣ ਲਈ ਗੋਦਾਮ ਤਾਂ ਦੂਰ ਲੋੜੀਂਦਾ ਦਫ਼ਤਰ ਤੱਕ ਨਸੀਬ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਕਾਰੀ ਸਕੀਮ ‘ਸਵੱਛਤਾ ਮੁਹਿੰਮ’ ਦਾ ਪਿੰਡ ਮਾਨਾ ਅੰਦਰ ਕਿਧਰੇ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਪਿੰਡ ਦੀਆਂ ਬਹੁਗਿਣਤੀ ਗਲੀਆਂ ਅਤੇ ਚੌਰਾਹਿਆਂ ’ਤੇ ਰੂੜ੍ਹੀਆਂ ਦੇ ਢੇਰ ਅਤੇ ਛੱਪੜ ਦਾ ਹਰਾ ਕਾਈ ਵਾਲਾ ਪਾਣੀ ਪਿੰਡ ਦੇ ਹਕੀਕੀ ਹਾਲਾਤਾਂ ਨੂੰ ਖੁਦ-ਬ-ਖੁਦ ਬਿਆਨ ਕਰਦੇ ਹਨ। ਪਿੰਡ ਨੂੰ ਹਰਿਆ-ਭਰਿਆ ਕਰਨ ਕੇਂਦਰੀ ਮੰਤਰੀ ਦੀ
ਪ੍ਰੇਰਨਾ ਸਕਦਾ ਲਗਾਏ ਸੈਂਕੜੇ ਪੌਦਿਆਂ ਵਿਚੋਂ ਬਹੁਗਿਣਤੀ ਸਰਕਾਰੀ ਅਣਦੇਖੀ ਅਤੇ ਪਿੰਡਾਂ ਵਾਸੀਆਂ ਵੱਲੋਂ ਸਾਂਭ ਦੀ ਥੁੜ ਕਰਕੇ ਪਰਵਾਨ ਚੜ੍ਹਨ ਤੋਂ ਪਹਿਲਾਂ ਆਪਣੀ ਹੋਣੀ ਹੰਢਾ ਗਏ। ਪਿੰਡ ਦੇ ਛੱਪੜ ਵਿੱਚੋਂ ਕੱਢੀ ਗਾਰ ਦੇ ਢੇਰ ਸਮੱਸਿਆਵਾਂ ਨੂੰ ਵਧਾ ਰਹੇ ਹਨ। ਚਿੱਕੜ ਅਤੇ ਗਾਰੇ ਨਾਲ ਭਰੀ ਫਿਰਨੀ ਆਪਣੀ ਦਿੱਖ ਸੁਧਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਦਮਾਂ ਦੀ ਆਹਟ ਲੋਚਦੀ ਹੈ। ਹਾਲਾਂਕਿ ਪਿੰਡ ਮਾਨ ਵਿੱਚ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ਵਾਂਗ 8 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਣਾ ਹੈੈ। ਜਿਸ ਤਹਿਤ ਸਿਰਫ਼ 10-11 ਗਲੀਆਂ ਹੀ ਸੀਮੇਂਟਿਡ ਹੋ ਸਕੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਅਜੇ ਅਧੂਰੀਆਂ ਹਨ। 

          ਪਿੰਡ ਦੀ ਹਾਲਤ ਬਿਆਨਦੀ ਹੈ ਕਿ ਆਦਰਸ਼ ਪਿੰਡ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਵੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਦੌਰਿਆਂ ਤੱਕ ਹੀ ਮਹਿਜ਼ ਦਸਤਾਵੇਜੀ ਹੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਖਾਣਾਪੂਰਤੀ ਲਈ ਉਨ੍ਹਾਂ ਨਾਲ ਮੀਟਿੰਗ ਕਰਕੇ ਕੇਂਦਰੀ ਮੰਤਰੀ ਮੂਹਰੇ ਨੰਬਰ ਬਣਾਉਣ ਨੂੰ ਤਰਜੀਹ ਦਿੰਦੇ ਹਨ। 
          ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਦਰਸ਼ ਪਿੰਡ ’ਚ ਵਿਕਾਸ ਕਿਧਰੇ ਵਿਖਾਈ ਨਹੀਂ ਦੇ ਰਿਹਾ। ਰਾਤਾਂ ਨੂੰ ਹਨ੍ਹੇਰੇ ਦੂਰ ਕਰਨ ਲਈ ਆਈਆਂ ਸੋਲਰ ਲਾਈਟਾਂ ਵੀ ਵੱਡਿਆਂ ਦੇ ਘਰਾਂ ਦੇ ਬੂਹੇ ਰੁਸ਼ਨਾਉਣ ਤੱਕ ਸੀਮਤ ਹਨ ਅਤੇ ਗਰੀਬਾਂ ਦੇ ਗਲੀ-ਦਰਵਾਜੇ ਅਜੇ ਵੀ ਹਨ੍ਹੇਰਿਆਂ ਦੇ ਵੱਸ ਪਏ ਹੋਏ ਹਨ। ਗੁਰਦੁਆਰਾ ਖੇਤਰ ਵਿੱਚ ਭਰਦੇ ਬਰਸਾਤੀ ਪਾਣੀ ਦੀ ਛੱਪੜ ਵਿੱਚੋਂ ਟਿਊਬਵੈੱਲਾਂ ਰਾਹੀਂ ਨਿਕਾਸੀ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਗੁਆਚ ਗਈ। ਪ੍ਰਸ਼ਾਸਨ ਤਾਂ ਆਦਰਸ਼ ਪਿੰਡ ਪ੍ਰਤੀ ਇੰਨਾ ਜਾਗਰੂਕ ਹੈ ਕਿ ਡੇਢ ਹਫ਼ਤੇ ਪਹਿਲਾਂ ਪਾਣੀ ਸਪਲਾਈ ਪਾਈਪਾਂ ਦੀ ਦਰੁੱਸਤੀ ਲਈ ਗਊਸ਼ਾਲਾ ਮੂਹਰੇ ਚੌਰਸਤੇ ’ਤੇ ਪੁੱਟੇ ਡੂੁੰਘੇ ਟੋਏ ਅੱਜ ਜਿਉਂ ਦੀ ਤਿਉਂ ਹਨ। 
ਮਾਨਾ ਦੇ ਆਦਰਸ਼ ਪਿੰਡ ਚੁਣੇ ਜਾਣ ਮਗਰੋਂ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਤੱਕ ਲਗਪਗ 5 ਫੇਰੇ ਲਗਾ ਕੇ ਪਿੰਡ ਦੇ ਨੈਣ ਨਕਸ਼ ਬਦਲਣ ਲਈ ਉਪਰਾਲੇ ਕਰ ਚੁੱਕੇ ਹਨ। ਉਂਝ ਅੌਰਤਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਲਗਪਗ 3 ਦਰਜਨ ਅੌਰਤਾਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਤਹਿਤ ਕਈ ਅੌਰਤਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ। 28 ਮਈ 2015 ਨੂੰ  ਆਦਰਸ਼ ਪਿੰਡ ਮਾਨ ’ਚ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਕਾਫ਼ੀ ਕੋਸ਼ਿਸ਼ਾਂ ਬਾਅਦ ਵੀ ਆਦਰਸ਼ ਪਿੰਡ ਦੇ ਲੋਕਾਂ ਨੂੰ ਸੋਚ ਅਤੇ ਸਾਫ਼-ਸਫ਼ਾਈ ਪੱਖੋਂ ਆਦਰਸ਼ ਬਣਾਉਣ ਵਿੱਚ ਸਫ਼ਲਤਾ ਤੋਂ ਬੇਹੱਦ ਪਿੱਛੇ ਰਹੇ ਹਨ।  
             ਪਿੰਡ ਦੇ ਅਕਾਲੀ ਸਰਪੰਚ ਤੇਜਾ ਸਿੰਘ ਕਹਿਣਾ ਸੀ ਕਿ ਆਦਰਸ਼ ਮਾਨਾ ਵਿੱਚ ਸਰਕਾਰ ਨੇ ਕਮਿਊਨਿਟੀ ਸੈਂਟਰ, ਪੰਚਾਇਤ ਘਰ ਅਤੇ ਜਿੰਮ ਖਾਨਾ ਬਣਾਇਆ ਹੈ। ਗਲੀਆਂ-ਨਾਲੀਆਂ ਬਣਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਸਾਰੀਆਂ ਗਲੀਆਂ ਬਣਨਗੀਆਂ। ਉਨ੍ਹਾਂ ਫਿਰਨੀ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਨਜਾਇਜ਼ ਕਬਜ਼ੇ ਹੋਣ ਕਰਕੇ ਸੜਕ ਨਵੀਂ ਨਹੀਂ ਬਣ ਰਹੀ।

30 April 2016

ਕੁਰੂਕਸ਼ੇਤਰ ਦਾ ਮੈਦਾਨ ਬਣੀ ਬਾਦਲਾਂ ਦੀ ਰਿਹਾਇਸ਼

- ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਦੀ ਪੱਗ ਲਾਹ ਕੇ ਮਾਰੇ ਠੁੱਡੇ, ਕੀਤੀ ਮਾਰ-ਕੁੱਟ

- ਮੁੱਖ ਮੰਤਰੀ ਦੀ ਰਿਹਾਇਸ਼ ’ਚ ਸੁਖਬੀਰ ਨਾਲ ਮੀਟਿੰਗ ਮਗਰੋਂ ਲਾਬੀ ’ਚ ਵਾਪਰੀ ਘਟਨਾ

- ਪ੍ਰਧਾਨ ਖਿਲਾਫ਼ ਬੇਭਰੋਸਗੀ ਮਤੇ ਬਾਰੇ ਸੁਖਬੀਰ ਦੇ ਸੱਦੇ ’ਤੇ ਪਿੰਡ ਬਾਦਲ ਪੁੱਜੇ ਸਨ ਕੌਂਸਲਰਾਂ ਦੇ ਦੋਵੇਂ ਧੜੇ 

- ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ   


                                                        ਇਕਬਾਲ ਸਿੰਘ ਸ਼ਾਂਤ
        ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ ਚੌਧਰ ਦੇ ਨਸ਼ੇ ਅਤੇ ਧੜੇਬੰਦੀਆਂ ’ਚ ਗ੍ਰਸੇ ਅਕਾਲੀਆਂ ਲਈ ਕੁਰੂਕਸ਼ੇਤਰ ਦਾ ਮੈਦਾਨ ਬਣ ਗਈ ਹੈ। ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੀਨੀਅਰ ਮੀਤ
ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਵਿਚਕਾਰ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਅੰਦਰ ਹੋਏ ਘਮਸਾਨ ਅਤੇ ਮਾਰ-ਕੁੱਟ ’ਚ ਸਿੱਖੀ ਦੀ ਸ਼ਾਨ ‘ਦਸਤਾਰ’ ਪੈਰਾਂ ਦੇ ਠੁੱਡਿਆਂ ਦਾ ਸ਼ਿਕਾਰ ਹੋ ਗਈ। ਇਸ ਟਕਰਾਅ ’ਚ ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ ਹੋ ਗਿਆ । ਘਟਨਾ ਸਮੇਂ ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਰਿਹਾਇਸ਼ ’ਤੇ ਮੌਜੂਦ ਸਨ ਅਤੇ ਸਮੁੱਚਾ ਘਟਨਾਕ੍ਰਮ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਾਲੇ ਕਮਰੇ ’ਚ ਬਾਹਰ ਲਾੱਬੀ ’ਚ ਵਾਪਰਿਆ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਅਮਲੇ ਨੇ ਵੀ ਘਸਮਾਨ ਨੂੰ ਰੋਕਣ ਲਈ ਕੋਈ ਤਰੱਦਦ ਨਹੀਂ ਕੀਤਾ ਅਤੇ ਮੀਤ ਪ੍ਰਧਾਨ ਅਤੇ ਕੌਂਸਲਰ ਦੀ ਮਾਰ-ਕੁੱਟ ਮਗਰੋਂ ਪ੍ਰਧਾਨ ਧੜਾ ਉਥੋਂ ਖਿਸਕ ਗਿਆ।
           ਅੱਜ ਨਗਰ ਕੌਂਸਲ ਮਾਨਸਾ ਦੀ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੇ ਖਿਲਾਫ਼ ਬੇਭਰੋਸਗੀ ਮਤੇ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਸੰਤੁਸ਼ਟ ਕੌਂਸਲਰਾਂ ਅਤੇ ਪ੍ਰਧਾਨ ਦੇ ਧੜਿਆਂ ਨੂੰ ਮਸਲੇ ਦੇ ਹੱਲ ਲਈ ਸੱਦਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਮਾਨਸਾ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਸੀਨੀਅਰ ਮੀਤ ਪ੍ਰਧਾਨਗੀ ਉੱਪਰ ਸੱਤਾ ਪੱਖ ਅਕਾਲੀ ਦਲ ਦਾ ਕਬਜ਼ਾ ਹੈ। ਬੀਤੀ ਅਪ੍ਰੈਲ ਨੂੰ 22 ਕੌਂਸਲਰਾਂ ਨੇ ਮੌਜੂਦਾ ਪ੍ਰਧਾਨ ਖਿਲਾਫ਼ ਨਗਰ ਕੌਂਸਲ ਮਾਨਸਾ ’ਚ ਕਥਿਤ ਬੇਨਿਯਮੀਆਂ ਦੇ ਦੋਸ਼ ਮੜ੍ਹਦਿਆਂ ਬੇਭਰੋਸਗੀ ਮਤਾ ਲਿਆਂਦਾ ਸੀ। 27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ’ਚ ਅਕਾਲੀ ਦਲ ਦੇ 15 ਕੌਂਸਲਰਾਂ ਵਿਚੋਂ ਲਗਪਗ 10 ਨੇ ਮੌਜੂਦਾ ਪ੍ਰਧਾਨ ਖਿਲਾਫ਼ ਝੰਡਾ ਬੁਲੰਦ ਕੀਤਾ ਹੋਇਆ ਹੈ। ਬਾਗੀ ਅਕਾਲੀ ਕੌਂਸਲਰ ਆਪਣੇ ਨਾਲ ਕੌਂਸਲਰਾਂ ਦੀ 22 ਹਮਾਇਤ ਦਾ ਦਾਅਵਾ ਕਰਦੇ ਹਨ।
          ਸੁਖਬੀਰ ਸਿੰਘ ਬਾਦਲ ਦੇ ਸੱਦੇ ’ਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਅਕਾਲੀ ਕੌਂਸਲਰ ਸਮੇਤ ਪਿੰਡ ਬਾਦਲ ਪੁੱਜੇ ਹੋਏ ਸਨ। ਬਾਅਦ ਦੁਪਿਹਰ ਕਰੀਬ 12 ਵਜੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ’ਤੇ ਆਧਾਰਤ ਦੋਵੇਂ ਧੜਿਆਂ ਨਾਲ ਸਾਂਝੀ ਮੀਟਿੰਗ ਕੀਤੀ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਮੌਜੂਦਾ ਪ੍ਰਧਾਨ ਦੇ ਸਮੇਂ ’ਚ ਹੱਡਾ ਰੋੜੀ ਦੇ ਟੈਂਡਰ ਦੇਣ ਅਤੇ ਰੱਦ ਕਰਨ ਤੋਂ ਲੈ ਕੇ ਬੱਸ ਸਟੈਂਡ ਦੀ ਦਾਖਲਾ ਪਰਚੀ ਦੇ ਠੇਕੇ ਸਮੇਤ ਸਮੁੱਚੀ ਵਿੱਥਿਆ ਉਪ ਮੁੱਖ ਮੰਤਰੀ ਦੇ ਸਨਮੁੱਖ ਬਿਆਨ ਕੀਤੀ। ਮੀਟਿੰਗ ’ਚ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੀ ਮੌਜੂਦ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਅੌਰਤਾਂ ਕੌਂਸਲਰਾਂ ਨੇ ਰਾਮਪੁਰਾ ਦੀ ਇੱਕ ਅੌਰਤ ਵੱਲੋਂ ਬੇਵਜ੍ਹਾ ਨਿੱਤ ਨਗਰ ਕੌਂਸਲ ਆ ਕੇ ਉਨ੍ਹਾਂ ਨਾਲ ਬੇਵਜ੍ਹਾ ਗੈਰਮਿਆਰੀ ਸ਼ਬਦਾਵਲੀ ਵਰਤਣ ਦੀ ਦਾਸਤਾਂ ਵੀ ਸੁਣਾਈ। ਉਪ ਮੁੱਖ ਮੰਤਰੀ ਨੇ ਕੌਂਸਲਰਾਂ ਨੇ ਪੜਤਾਲ ਕਰਵਾ ਕੇ 5 ਮਈ ਤੱਕ ਫੈਸਲਾ ਕਰਨ ਦਾ ਭਰੋਸਾ ਦਿਵਾਇਆ। ਸੂਤਰਾਂ ਅਨੁਸਾਰ ਦੋਵੇਂ ਧੜਿਆਂ ’ਚ ਸੁਖਬੀਰ ਬਾਦਲ ਸਾਹਮਣੇ ਭਖਵੀਂ ਬਹਿਸਬਾਜ਼ੀ ਵੀ ਹੋਈ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਸਾਰੇ ਜਣੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਕਮਰੇ ’ਚੋਂ ਬਾਹਰ ਨਿਕਲੇ ਤਾਂ ਲਾਬੀ ’ਚ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਤਲਖੀ ਨਾਲ ਉਸਨੂੰ (ਗੁਰਮੇਲ) ਨੂੰ ਕਿਹਾ ‘ਤੈਨੂੰ ਮੈਨੂੰ ਜ਼ਰੂਰ ਗਰਾਂਟਾਂ ਦੱਸੂਗਾਂ।’’ ਗੁਰਮੇਲ ਨੇ ਦੱਸਿਆ ਕਿ ਇੰਨੇ ’ਚ ਪ੍ਰਧਾਨ ਦੇ 5-6 ਸਾਥੀਆਂ ਨੇ ਉਸ ’ਤੇ ਹਮਲਾ ਕਰ ਕੇ ਜੱਫ਼ਾ ਪਾ ਲਿਆ ਅਤੇ ਪ੍ਰਧਾਨ ਬਲਵਿੰਦਰ ਸਿੰਘ ਨੇ ਉਸਦੀ ਪੱਗ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ ਅਤੇ ਉਸਨੂੰ ਠੁੱਡੇ ਮਾਰਨ ਲੱਗਿਆ। ਇੰਨੇ ’ਚ ਪ੍ਰਧਾਨ ਦੇ ਭਤੀਜੇ ਜਸਪਾਲ ਸਿੰਘ ਕਾਲਾ ਨੇ ਉਸਨੂੰ ਗਲੋਂ ਫੜ ਲਿਆ ਅਤੇ ਸਾਰਿਆਂ ਨੇ ਉਸਦੀ ਰੱਜਵੀਂ ਮਾਰ-ਕੁੱਟ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਵਾਰਡ 21 ਦੇ ਕੌਂਸਲਰ ਮਨਦੀਪ ਸਿੰਘ ਗੋਰਾ ਉਸਨੂੰ ਬਚਾਇਆ ਲਈ ਮੂਹਰੇ ਆਇਆ ਤਾਂ ਵਿਅਕਤੀਆਂ ਨੇ ਉਸਦੇ ਕੜਾ ਮਾਰ ਕੇ ਜਖ਼ਮੀ ਕਰ ਦਿੱਤਾ ਅਤੇ ਮਾਰ-ਕੁੱਟ ਵੀ ਕੀਤੀ। ਗੁਰਮੇਲ ਸਿੰਘ ਅਨੁਸਾਰ ਉਸਨੇ ਤੁਰੰਤ ਕਮਰੇ ਅੰਦਰ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਲਾਹੀ ਪੱਗ ਅਤੇ ਕੀਤੀ ਮਾਰ- ਕੱੁੱਟ ਬਾਰੇ ਦੱਸਿਆ। ਜਿਸ ’ਤੇ ਉਨ੍ਹਾਂ ਡੀ.ਆਈ.ਜੀ. ਅਤੇ ਐਸ.ਐਸ.ਪੀ. ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਜਖ਼ਮੀ ਕੌਂਸਲਰ ਮਨਦੀਪ ਸਿੰਘ ਗੋੋਰਾ ਨੇ ਸਰਕਾਰੀ ਸਿਹਤ ਕੇਂਦਰ ਲੰਬੀ ’ਚ ਇਲਾਜ ਲਈ ਲਿਜਾਇਆ ਗਿਆ। 
             ਨਗਰ ਕੌਂਸਲ ਮਾਨਸਾ ਦੇ ਕੌਂਸਲਰ ਮਨਦੀਪ ਸਿੰਘ ਗੋਰਾ, ਗੁਰਦੀਪ ਸਿੰਘ ਸੇਖੋਂ, ਰਮੇਸ਼ ਰਾਜੀ, ਬਖਸ਼ੀਸ਼ ਸਿੰਘ, ਮਹਿੰਦਰ ਕੌਰ ਢਿੱਲੋਂ ਅਤੇ ਜਗਰਾਜ ਸਿੰਘ ਦਰਾਕਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਨਗਰ ਕੌਂਸਲ ਮਾਨਸਾ ’ਚ ਹਨ੍ਹੇਰਗਰਦੀ ਮੱਚੀ ਹੋਈ ਹੈ ਅਤੇ ਉਸਨੂੰ ਨਿੱਜੀ ਜਗੀਰ ਵਾਂਗ ਚਲਾਇਆ ਜਾ ਰਿਹਾ ਹੈ। ਕੌਂਸਲਰਾਂ ਦੀ ਕਿਸੇ ਕੰਮ ’ਚ ਕੋਈ ਪੁੱਛ-ਪ੍ਰਤੀਤ ਨਹੀਂ। ਉਨ੍ਹਾਂ ਕਿਹਾ ਕਿ ਹੱਡਾ ਰੋੜੀ ਦਾ ਟੈਂਡਰ ਪਹਿਲਾਂ ਸਖ਼ਤ ਸ਼ਰਤਾਂ ਤਹਿਤ ਲਗਪਗ 70 ਹਜ਼ਾਰ ਰੁਪਏ ਮਹੀਨੇ ’ਚ ਦਿੱਤਾ ਗਿਆ ਪਰ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹੱਡਾ ਰੋਡੀ ਦੀ ਕਮਾਈ ਨਿੱਜੀ ਹੱਥਾਂ ’ਚ ਜਾ ਰਹੀ ਹੈ। ਬਾਗੀ ਅਕਾਲੀ ਕੌਂਸਲਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਚ ਕੌਂਸਲਰਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਪ੍ਰਧਾਨ ਬਲਵਿੰਦਰ ਸਿੰਘ ਆਪਣੇ ਨਾਲ ਵਿਉਂਤਬੰਦੀ ਤਹਿਤ ਲੜਨ ਲਈ ਆਪਣੇ ਪਿੰਡ ਮਾਖਾ ਚਹਿਲਾਂ ਸਮੇਤ ਹੋਰਨਾਂ ਪਿੰਡਾਂ ਤੋਂ ਬੰਦੇ ਲੈ ਕੇ ਆਇਆ ਸੀ। ਕੌਂਸਲਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਵੇਂ ਰਾਹ ਲਈ ਮਜ਼ਬੂਰ ਹੋ ਸਕਦੇ ਹਨ। 
             ਇਸ ਸਮੁੱਚੇ ਘਟਨਾਕ੍ਰਮ ਬਾਰੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨਾਲ ਮੋਬਾਇਲ ’ਤੇ ਬਹੁਤ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। ਦੂਜੇ ਪਾਸੇ ਲੰਬੀ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਗੁਰਮੇਲ ਸਿੰਘ ਦੀ ਸ਼ਿਕਾਇਤ ਮਿਲੀ ਹੈ। ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 
ਬਾਦਲਾਂ ਦੀ ਰਿਹਾਇਸ਼ ’ਤੇ ਵਾਪਰੀ ਘਰ ’ਚ ਘਟਨਾ ਨੇ ਜਾਹਰ ਕਰ ਦਿੱਤਾ ਹੈ ਕਿ 9 ਵਰ੍ਹਿਆਂ ਦਾ ਰਾਜਭਾਗ ਹੰਢਾ ਚੁੱਕੇ ਅਕਾਲੀ ’ਚ ਹੁਣ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਸਿਆਸੀ ਰੌਹਬਦਾਬ ਦੇ ਮਾਇਨੇ ਹੁਣ ਪਹਿਲਾਂ ਵਾਲੇ ਨਹੀਂ ਰਹੇ। ਆਮ ਜਨਤਾ ਇਸ ਘਟਨਾਕ੍ਰਮ ਨੂੰ ਆਮ ਆਦਮੀ ਪਾਰਟੀ ਦੇ ਵਧਦੇ ਰੁਝਾਨ ਵੀ ਜੋੜ ਕੇ ਵੇਖ ਰਹੀ ਹੈ ।                                                                                                                                  98148-26100 / 93178-26100

‘ਬਿਨ੍ਹਾਂ ਕੁੜੀ ਵਾਲੇ ਜਵਾਈਆਂ’ ਨੇ ਤੋੜਿਆ ਪੰਜਾਬ ਦੀ ਕਿਰਸਾਨੀ ਦਾ ਲੱਕ

                                                      ਇਕਬਾਲ ਸਿੰਘ ਸ਼ਾਂਤ
         ਲੰਬੀ : ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਸੂਬੇ ਦੇ ਨਿਘਰ ਰਹੀ ਕਿਰਸਾਨੀ ਦੇ ‘ਖਸਮ’ ਬਣੇ ‘ਬਿਨ੍ਹਾਂ ਕੁੜੀ ਵਾਲੇ ਜਵਾਈ’ ਭਾਵ ਬੇਲੋੜੀਂਦੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਦੀ ਵਾਧੂ ਖਰੀਦ ਬਾਰੇ ਕਿਸਾਨਾਂ ਨੂੰ ਜਗਾ ਰਿਹਾ ਹੈ। ਪੰਜਾਬ ਖੇਤੀਬਾੜੀ ਮਰਦਮਸ਼ੁਮਾਰੀ 2010-11 ਮੁਤਾਬਕ ਕੁੱਲ 10.53 ਲੱਖ ਕਿਰਸਾਨੀ ਵਿਚੋਂ ਪੰਜਾਬ ’ਚ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਗਿਣਤੀ 9.83 ਲੱਖ ਹੈ। ਜਿਨ੍ਹਾਂ ਕੋਲ 4.85 ਲੱਖ ਟਰੈਕਟਰ ਹਨ। ਜਦੋਂ ਸੂਬੇ ’ਚ 39.67 ਲੱਖ ਹੈਕਟੇਅਰ ਵਾਹੀਯੋਗ ਰਕਬਾ ਹੈ। ਹੈਰਾਨੀ ਦੀ ਗੱਲ ਹੈ ਕਿ ਸੂਬੇ ’ਚ ਵੱਡੀ ਕਿਸਾਨੀ ਸਿਰਫ਼ 70 ਹਜ਼ਾਰ ਦੇ ਲਗਪਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਤਾਬਕ ਸੂਬੇ ਹਰ ਕਿਸਾਨ ’ਤੇ ਅੌਸਤ 3.5 ਲੱਖ ਰੁਪਏ ਕਰਜ਼ਾ ਹੈ ਜਿਸ ਵਿਚੋਂ ਜ਼ਿਆਦਾਤਰ ਖੇਤੀਬਾੜੀ ਮਸ਼ੀਨਰੀ ਨਾਲ  ਕਰਜ਼ਾ ਦੱਸਿਆ ਜਾਂਦਾ ਹੈ। ਐਗਰੋ ਸਹਿਕਾਰਤਾ ਵਿਭਾਗ ‘ਖੇਤੀ ਸੇਵਾ ਕੇਂਦਰ’ ਸਕੀਮ ਨੂੰ ਉਭਾਰ ਕੇ ਸਹਿਕਾਰੀ ਖੇਤੀ ਮਸ਼ੀਨਰੀ ਪ੍ਰਣਾਲੀ ਨੂੰ ਪ੍ਰਚੱਲਤ ਕਰਨ ਦੇ ਰੌਂਅ ਵਿੱਚ ਹੈ।
          ਖੇਤੀਬਾੜੀ ਮਾਹਰਾਂ ਅਨੁਸਾਰ ਸੂਬੇ ’ਚ ਫੋਕੀ ਟੌਹਰ ਤੇ ਸੁੱਕੀ ਸਰਦਾਰੀ ਲਈ ਬੇਲੋੜੀਂਦੇ ਟਰੈਕਟਰ ਖਰੀਦਣ ਦਾ ਰੁਝਾਨ ਵੀ ਕਿਰਸਾਨੀ ਦੇ ਨਿਘਾਰ ਦਾ ਭਖਵਾਂ ਕਾਰਨ ਹੈ। 5 ਏਕੜ ਤੋਂ ਘੱਟ ਰਕਬੇ ਵਾਲੇ ਕਿਸਾਨ ਵੱਡਿਆਂ ਦੀ ਰੀਸ ਨਾਲ ਇਸ ਮਾਰੂ ਰੁਝਾਨ ਦੇ ਹੇਠਾਂ ਆ ਕੇ ਆਪਣੇ ਘਰ ਲਿਆ ਕੇ ਬੰਨ੍ਹੇ ਚਿੱਟੇ ਹਾਥੀਆਂ ਰੂਪੀ ਟਰੈਕਟਰਾਂ ਕਰਕੇ ਵਧਦੇ ਵਿਆਜ਼ੂ ਝੌਰੇ ’ਚ ਸਾਂਹ ਮੁਕਾ ਰਹੇ ਹਨ। 
ਪੰਜਾਬ ਦਾ ਦੁਖਾਂਤ ਹੈ ਕਿ ਨੌਜਵਾਨ ਮੁੰਡੇ-ਕੁੜਿਆਂ ਦੇ ਰਿਸ਼ਤੇ ਲਈ ਕਿਸਾਨ ਵਿਹੜੇ ’ਚ ਖੜੇ੍ਹ ਟਰੈਕਟਰ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ, ਪਰੰਤੂ ਹਕੀਕਤ ’ਚ ਇਹ ਗੈਰਲੋੜੀਂਦੇ ਟਰੈਕਟਰ ਅਤੇ ਵਾਧੂ ਮਸ਼ੀਨਰੀ ਜੱਟਾਂ ਲਈ ਮੌਤ ਦਾ ਫੰਦਾ ਬਣ ਰਹੇ ਹਨ। ਨਿਘਰੇ ਹਾਲਾਤਾਂ ਦੇ ਬਾਅਦ ਵੀ ਚਿੱਟੇ ਕੱਪੜਿਆਂ, ਵੱਡੀਆਂ ਗੱਡੀਆਂ, ਸਮਾਰਟ ਫੋਨਾਂ ਦੇ ਕਲਾਵੇ ’ਚ ਆਇਆ ਪੰਜਾਬ ਦਾ ਕਿਸਾਨ ਅਤੇ ਕਿਸਾਨਾਂ ਦੀ ਨਵੀਂ ਪੌਦ ਹਕੀਕਤ ਵੱਲ ਤਿਆਰ ਨਹੀਂ। ਇਹ ਵੀ ਹਕੀਕਤ ਤੋਂ ਜੁਦਾ ਨਹੀਂ ਕਿ ਸੂਬੇ ਦੀਆਂ ਟਰੈਕਟਰ ਮੰਡੀਆਂ ’ਚ ਵਿਕਣ ਪੁੱਜੇ ਬੈਂਕ ਕਰਜ਼ੇ ਨਾਲ ਖਰੀਦੇ ਟਰੈਕਟਰ ਹੁੰਦੇ ਹਨ। 
         
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕਾਫ਼ੀ ਸਮੇਂ ਤੋਂ ਸੰਗਤ ਦਰਸ਼ਨਾਂ ’ਚ ਕਿਸਾਨੀ ਨੂੰ ਸਹਿਕਾਰੀ ਖੇਤੀ ਨੂੰ ਉਤਸਾਹਤ ਕਰਨ ਲਈ ਪ੍ਰੇਰਦੇ ਆ ਰਹੇ ਹਨ। ਹਾਲਾਂਕਿ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ‘ਖੇਤੀ ਸੇਵਾ ਕੇਂਦਰ’ ਨਾਂਅ ਦੀ ਹਾਂ-ਪੱਖੀ ਸਕੀਮ ਨੂੰ ਪੰਜਾਬ ਦੇ ਸਿਰਫ਼ ਦੁਆਬੇ ਖੇਤਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਜਦੋਂ ਕਿ ਮਾਲਵਾ ਅਤੇ ਮਾਝਾ ਖੇਤਰ ’ਚ ਸਹਿਕਾਰਤਾ ਸਕੀਮ ਨੂੰ ਸਿਰਫ਼ 4-5 ਫ਼ੀਸਦੀ ਹੀ ਹੁੰਗਾਰਾ ਮਿਲਿਆ ਹੈ। ਇਸਦਾ ਮੁੱਖ ਕਾਰਨ ਪੇਂਡੂ ਭਾਈਚਾਰੇ ’ਚ ਬੇਤੁੱਕੀ ਸਿਆਸੀ-ਕਮ-ਸਮਾਜਿਕ ਹੈਂਕੜਪੁਣੇ ਕਰਕੇ ਧੜੇਬੰਦੀਆਂ ਦੱਸੀਆਂ ਜਾਂਦੀਆਂ ਹਨ। ਜਿਨ੍ਹਾਂ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨ ਬਿਨ੍ਹਾਂ ਵਜ੍ਹਾ ਪਿਸਦੇ ਆ ਰਹੇ ਹਨ। ਪੰਜਾਬ ’ਚ ਲਗਾਤਾਰ ਵਧਦੀਆਂ ਕਿਸਾਨ ਖੁਦਕੁਸ਼ੀਆਂ ਲਈ ਆੜ੍ਹਤੀ ਕਰਜ਼ੇ ਦੇ ਨਾਲ-ਨਾਲ ਬੇਲੋੜੀਂਦੇ ਖੇਤੀ ਮਸ਼ੀਨਰੀ ਦੇ ਕਰਜ਼ੇ ਦੀ ਅਹਿਮ ਭੂਮਿਕਾ ਹੈ। ਅੰਕੜਿਆਂ ਅਨੁਸਾਰ ਪੰਜਾਬ ’ਚ ਬੀਤੇ ਵਰ੍ਹੇ 2015 ’ਚ ਲਗਪਗ 2000 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਸਨ। ਜਦੋਂ ਮਾਰਚ ਮਹੀਨੇ ’ਚ ਇੱਕੋ ਦਿਨ 56 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਹਨ।
               ਅਜਿਹੇ ’ਚ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਨੇ ਕਿਰਸਾਨੀ ਨੂੰ ਕਰਜ਼ੇ ਦੇ ਖੁਦਕੁਸ਼ੀਆਂ ਦੇ ਜੰਜਾਲ ਵਿਚੋਂ ਕੱਢਣ ਲਈ ਜ਼ਮੀਨੀ ਪੱਧਰ ’ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਤੱਕ ਪਹੁੰਚਣ ਦੀ ਨੀਤੀ ਘੜੀ ਹੈ, ਤਾਂ ਜੋ ਪੰਜ ਦਰਿਆਵਾਂ ਧਰਤੀ ਨੂੰ ਸਹਿਕਾਰਤਾ ਦੇ ਰਾਹ ਪਾ ਕੇ ਨਵੇਂ ਸਿਰਿਓਂ ਆਰਥਿਕ ਪੱਖੋਂ ਖੁਸ਼ਹਾਲ ਕੀਤਾ ਜਾ ਸਕੇ। ਵਿਭਾਗ ਨੇ ਕਿਸਾਨਾਂ ’ਚ ਸਹਿਕਾਰਤਾ ਜਰੀਏ ਸਾਂਝੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ’ਚ ਕੈਂਪਾਂ ਲਗਾ ਕੇ ਸਹਿਕਾਰੀ ਖੇਤੀ ਲਈ ਕਿਸਾਨਾਂ ਨੂੰ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ। ਸਾਂਸਦ ਆਦਰਸ਼ ਗਰਾਮ ਮਾਨਾ, ਕੰਗਣਖੇੜਾ ਅਤੇ ਰੱਤਾ ਖੇੜਾ ਵਿਖੇ ਕੈਂਪਾਂ ਦੌਰਾਨ ਵਿਭਾਗ ਦੇ ਸਹਾਇਕ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਂਝੀ ਖੇਤੀ ਮਸ਼ੀਨਰੀ ਦੇ ਲਾਹੇ ਗਿਣਾਉਂਦਿਆਂ ਆਖਿਆ ਕਿ ਛੋਟੀ ਕਿਸਾਨਾਂ ਨੂੰ ਨਵੇਂ ਸਿਰਿਓਂ ਪੈਰਾਂ ਸਿਰ ਲਈ ਸਹਿਕਾਰੀ ਖੇਤੀ ਵਰਦਾਨ ਹੋ ਸਕਦੀ ਹੈ। ਇਸ ਨਾਲ ਜਿੱਥੇ ਕਿਸਾਨ ਗੈਰ ਲੋੜੀਂਦੇ
ਬੈਂਕ ਕਰਜ਼ੇ ਅਤੇ ਮਸ਼ੀਨਰ ਦੇ ਵਾਧੂ ਰੱਖਰਖਾਅ ਤੋਂ ਬਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੇਵਾ ਕੇਂਦਰ ’ਚ ਸੁਸਾਇਟੀ ਦੇ ਮੈਂਬਰ ਦੇ ਕਿਸਾਨਾਂ ਨੂੰ ਨਾਮਾਤਰ ਕਿਰਾਇਆ ਦੇ ਕੇ ਖੇਤੀ ਲਈ ਮੁਫ਼ਤ ’ਚ ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ ਮੁਹੱਈਆ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀ ਗਠਿਤ ਕਰਕੇ ਰਜਿਸਟਰਡ ਕਰਵਾ ਕੇ ਸਾਂਝੀ ਖੇਤੀ ਮਸ਼ੀਨਰੀ ਨੂੰ ਉਤਸਾਹਤ ਕਰਨ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਕਰਜ਼ੇ ਨਾਲ ਖਰੀਦੇ ਗੈਰਲੋੜੀਂਦੇ ਟਰੈਕਟਰ ਅਤੇ ਮਸ਼ੀਨਰੀ ਪੰਜਾਬ ਦੀ ਕਿਰਸਾਨੀ ਲਈ ਕਬਰ ਪੁੱਟਣ ਦੇ ਹਾਲਾਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਮਸ਼ੀਨਰੀ ਜਰੀਏ ਕਿਸਾਨ ਵਿਆਜ਼ ਦੇ 50 ਫ਼ੀਸਦੀ ਹਿੱਸੇ ਨਾਲ ਹੀ ਆਪਣੀ ਖੇਤੀ ਧੰਦੇ ਨੂੰ ਵਧੀਆ ਢੰਗ ਚਲਾ ਸਕਦੇ ਹਨ।
ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੇ ਐਮ.ਡੀ. ਕਾਹਨ ਸਿੰਘ ਪੰਨੂ ਨੇ ਆਖਿਆ ਕਿ ਪੰਜਾਬ ’ਚ ਸਾਂਝੀ ਮਸ਼ੀਨਰੀ ਰਾਹੀਂ ਖੇਤੀਬਾੜੀ ਕਰਨ ਨਾਲ ਸੂਬੇੇ ਦੀ ਖੇਤੀਬਾੜੀ ਦੀ ਦਸ਼ਾ ਅਤੇ ਦਿਸ਼ਾ ’ਚ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ। 


            ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ
ਭਾਕਿਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਵਦੇਵ ਸਿੰਘ ਕੋਕਰੀਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਜਲ ਸਕੱਤਰ ਲਛਮਣ ਸੇੇਵੇਵਾਲਾ ਦਾ ਕਹਿਣਾ ਹੈ ਕਿ ਖੇਤੀ ਨੂੰ ਨੌ-ਬਰ-ਨੌ ਕਰਨ ਲਈ ਸਰਕਾਰ ਦੇ ਅਸਲੀਅਤ ’ਚ ਗੰਭੀਰ ਹੋਣ ਅਤੇ ਖੇਤੀ ਸੇਵਾ ਕੇਂਦਰ ਸਕੀਮ ਦੇ ਸਿਆਸਤ ਰਹਿਤ ਹੋਣ ਨਾਲ ਜ਼ਮੀਨੀ ਪੱਧਰ ’ਤੇ ਫਾਇਦਾ ਪੁੱਜ ਸਕਦਾ ਹੈ। ਕੋਕਰੀਕਲਾਂ ਨੇ ਖਦਸ਼ਾ ਜਾਹਰ ਕੀਤਾ ਕਿ ਸਰਕਾਰ ਕਿਰਸਾਨੀ ਪ੍ਰਤੀ ਪਹਿਲਾਂ ਵੀ ਗੰਭੀਰ ਨਹੀਂ ਸੀ ਅਤੇ ਹੁਣ ਵੀ ਗੰਭੀਰ ਨਹੀਂ ਹੈ। ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ ਹਨ।            98148-26100 / 93178-26100


22 April 2016

ਨਵੇਂ ਸੂਟ-ਬੂਟ ’ਚ ਆਵੇਗੀ ਆਟਾ-ਦਾਲ ਸਕੀਮ ਦੀ ਕਣਕ

          ਸਕੀਮ ਹੇਠਲੀ ਕਣਕ ’ਚ ਹੇਰਾ-ਫੇਰੀ ’ਤੇ ਨੱਥ ਪਾਉਣ ਦੇ ਮੰਤਵ ਨਾਲ ਗੱਟਿਆਂ ਨੂੰ ਦਿੱਤੀ ਵੱਖਰੀ ਪਛਾਣ

                                                ਇਕਬਾਲ ਸਿੰਘ ਸ਼ਾਂਤ
ਲੰਬੀ : ਨਵੀਂ ਆਟਾ ਦਾਲ ਸਕੀਮ ਅਤੇ ਕੌਮੀ ਖਾਦ ਸੁਰੱਖਿਆ ਐਕਟ (ਐਨ.ਐਫ.ਐਸ.ਏ) ਦੀ ਕਣਕ ਨਵੇਂ ਸੂਟ-ਬੂਟ ’ਚ ਲਾਭਪਾਤਰੀਆਂ ਤੱਕ ਪੁੱਜਿਆ ਕਰੇਗੀ। ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕਾਲਾਬਾਜ਼ਰੀ/ਹੇਰਾ-ਫੇਰੀ ਨੂੰ ਰੋਕਣ ਲਈ ਆਟਾ ਦਾਲ ਸਕੀਮ ਦੀ ਕਣਕ ਲਈ ਵੱਖਰੀ ਪਛਾਣ ਵਾਲੇ ਪਲਾਸਟਿਕ ਦੇ ਗੱਟੇ ਤਿਆਰ ਕਰਵਾਏ ਹਨ। ਜ਼ਿਨ੍ਹਾਂ ਦੀ ਪਹਿਲਾਂ ਵਾਂਗ ਸਮੱਰਥਾ 30-30 ਕਿਲੋ ਪਵੇਗੀ। ਨਵੀਂ ਲੁੱਕ ਵਾਲੇ ਗੱਟਿਆਂ ’ਚ ਖਰੀਦ ਏਜੰਸੀ ਪਨਗਰੇਨ ਜਰੀਏ ਦਾਣਾ ਮੰਡੀਆਂ ’ਚ ਕਣਕ ਭਰਵਾਈ ਜਾ ਰਹੀ ਹੈ। ਆਟਾ ਦਾਲ ਸਕੀਮ ਨੂੰ ਨਵੀਂ ਲੁੱਕ ਦੇਣ ਲਈ ਬਣਵਾਏ ਨਵੇਂ ਸਫ਼ੈਦ ਗੱੱਟਿਆਂ ’ਤੇ ਉਚੇਚੇ ਤੌਰ ’ਤੇ ਨੀਲੀ ਬੈਕਗਰਾਊਂਡ ਉੱਪਰ ਕਣਕ ਦੀ ਕੀਮਤ 2/- ਪ੍ਰਤੀ ਕਿਲੋ ਵੱਡ ਆਕਾਰੀ ਲਿਖੀ ਗਈ ਹੈ। ਇਸਦੇ ਇਲਾਵਾ ਗੱਟਿਆਂ ’ਤੇ ‘ਕੋਈ ਘਰ ਨਾ ਸੋਵੇ ਭੁੱਖਾ’ ਵਾਕ ਲਿਖ ਕੇ ਸਕੀਮ ਦੀ ਮੂਲ ਭਾਵਨਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਕੀਮ ’ਚ ਪਾਰਦਰਸ਼ਿਤਾ ਬਰਕਰਾਰ ਰੱਖਣ ਲਈ ਗੱਟਿਆਂ ਦਾ ਵਜ਼ਨ ਅਤੇ ਕੀਮਤ ਵੀ ਬਕਾਇਦਾ ਤੌਰ ’ਤੇ ਦਰਸਾਈ ਗਈ ਹੈ। 
ਸਰਕਾਰੀ ਸੂਤਰਾਂ ਅਨੁਸਾਰ ਸੂਬੇ ਦੇ ਵੀ.ਆਈ.ਪੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਸਲਾਨਾ 3.60 ਲੱਖ ਕੁਇੰਟਲ ਕਣਕ ਆਟਾ ਦਾਲ ਸਕੀਮ ਅਤੇ (ਐਨ.ਐਫ.ਐਸ.ਏ) ਤਹਿਤ ਵੰਡੀ ਜਾਂਦੀ ਹੈ। ਜ਼ਿਲ੍ਹੇ ਦੇ 5 ਬਲਾਕਾਂ ’ਚ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ-ਕਮ-ਪਨਗ੍ਰੇਨ ਵੱਲੋਂ ਜ਼ਿਲ੍ਹੇ ’ਚ ਪੰਜ ਜਗ੍ਹਾ ਸਟੋਰ ਕੀਤੀ ਜਾਵੇਗੀ। ਹੁਣ ਤੱਕ ਜ਼ਿਲ੍ਹੇ ’ਚ ਖਰੀਦ ਏਜੰਸੀ ਕੋਲ ਨਵੇਂ ਰੰਗ-ਰੂਪ ਵਾਲੇ 5 ਲੱਖ ਖਾਲੀ ਗੱਟੇ ਪਹੁੰਚ ਚੁੱਕੇ ਹਨ। 
ਮੰਨਿਆ ਜਾ ਰਿਹਾ ਹੈ ਕਿ ਜਿੱਥੇ ਨਿਵੇਕਲੀ ਪਛਾਣ ਵਾਲੇ ਨਵੇਂ ਗੱਟਿਆਂ ਕਰਕੇ ਆਟਾ ਦਾਲ ਸਕੀਮ ਨੂੰ ਜ਼ਮੀਨੀ ਵੰਡਕਾਰਾਂ ਦੀਆਂ ਕਥਿਤ ਹੇਰਾ-ਫੇਰੀਆਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ, ਗਰੀਬਾਂ ਰੇਖਾ ਨਾਲ ਜੁੜੇ ਲਾਭਪਾਤਰੀਆਂ ਤੱਕ ਸੌ ਫ਼ੀਸਦੀ ਪਹੁੰਚਣ ਦੀ ਆਸ ਬੱਝੇਗੀ। ਗੱਟਿਆਂ ਉੱਪਰ ਉਕਤ ਸਕੀਮ ’ਚ ਪੰਜਾਬ ਸਰਕਾਰ ਦੀ ਨਵੀਂ ਆਟਾ-ਦਾਲ ਸਕੀਮ ਅਤੇ ਕੇਂਦਰ ਸਰਕਾਰ ਦੇ ਐਨ.ਐਸ.ਐਫ਼.ਏ (ਕੌਮੀ ਖਾਦ ਸੁਰੱਖਿਆ ਐਕਟ) ਦੀ ਭਾਈਵਾਲੀ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਜਿਵੇਂ ਕਿ ਨਿੱਤ ਹੀ ਆਟਾ-ਦਾਲ ਸਕੀਮ ਤਹਿਤ ਘਟੀਆ ਅਤੇ ਨਾ-ਖਾਣਯੋਗ ਕਣਕ ਆਉਣ ਦੀਆਂ ਸ਼ਿਕਾਇਤਾਂ ਨਸ਼ਰ ਹੁੰਦੀਆਂ ਹਨ। ਅਜਿਹੇ ’ਚ ਪਨਗ੍ਰੇਨ ਨੇ ਗੱਟਿਆਂ ਵਿੱਚ ਕਣਕ ਭਰਤੀ ਸਮੇਂ ਸਿਲਾਈ ਹੇਠਾਂ ਸਬੰਧਤ ਆੜ੍ਹਤੀਏ ਦੀਆਂ ਸਲਿੱਪਾਂ ਲਗਾਉਣੀਆਂ ਲਾਜਮੀ ਕੀਤੀਆਂ ਗਈਆਂ ਹਨ, ਤਾਂ ਜੋ ਕਣਕ ਦੇ ਖ਼ਰਾਬ ਹੋਣ ਜਾਂ ਵਜ਼ਨ ਵਿੱਚ ਹੇਰ-ਫ਼ੇਰ ਹੋਣ ’ਤੇ ਜਵਾਬਤਲਬੀ ਕੀਤੀ ਜਾ ਸਕੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਲਾਭਪਾਤਰੀਆਂ ਲਈ ਪਨਗ੍ਰੇਨ ਵੱਲੋਂ ਆਟਾ ਦਾਲ ਸਕੀਮ ਲਈ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਵਿੱਚੋਂ ਇੱਕ ਲੱਖ ਗੱਟਾ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਿਸਨੂੰ ਪਿੰਡ ਫਤੂਹੀਵਾਲਾ-ਸਿੰਘੇਵਾਲਾ ਨੇੜਲੇ ਇੱਕ ਸ਼ੈਲਰ ’ਚ ਸਟੋਰ ਕੀਤਾ ਜਾਵੇਗਾ। ਉਂਝ ਆਟਾ-ਦਾਲ ਸਕੀਮ ਦੇ 30 ਕਿਲੋ ਵਾਲੇ ਗੱਟਿਆਂ ਦੀ ਸਫ਼ਾਈ/ਭਰਵਾਈ ਦੇ ਖਰਚੇ ਨੂੰ ਲੈ ਕੇ ਕੁਝ ਦਿਨਾਂ ਤੋਂ ਆੜ੍ਹਤੀਆਂ ਨਾਲ ਖਿੱਚੋਤਾਣ ਜਾਰੀ ਸੀ। ਆੜ੍ਹਤੀਆਂ ਅਨੁਸਾਰ ਸਰਕਾਰ ਇਸ ਗੱਟੇ ਦੀ ਸਫ਼ਾਈ ਸਬੰਧੀ 2.13 ਰੁਪਏ ਆੜ੍ਹਤੀਆਂ ਨੂੰ ਦੇਣ ਲਈ ਰਾਜੀ ਹੋ ਗਈ ਹੈ। ਨਵੀਂ ਪਛਾਣ ਵਾਲੇ ਗੱਟਿਆਂ ਨਾਲ ਆਮ ਲਾਭਪਾਤਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਰਹਿਤ ਹੋਣ ਦੀ ਆਸ ਬੱਝੀ ਹੈ, ਉਥੇ ਨਵੇਂ ਮਾਹੌਲ ’ਚ ਜ਼ਮੀਨੀ ਜ਼ਮੀਨੀ ਵੰਡਕਾਰਾਂ ਨੂੰ ਸਿੱਧੇ ਤੌਰ ’ਤੇ ਆਟਾ ਦਾਲ ਦੀ ਕਣਕ ’ਚ ਕਥਿਤ ਹੇਰਾ-ਫੇਰੀ ਕਰਨੀ ਕਾਫ਼ੀ ਹੱਦ ਤੱਕ ਆਰਥਿਕ ਪੱਖੋਂ ਮਹਿੰਗੀ ਹੋ ਜਾਵੇਗੀ। ਜ਼ਿਲ੍ਹਾ ਫੂਡ ਸਪਲਾਈ ਅਫਸਰ-ਕਮ-ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਪਰਮਜੀਤ ਸਿੰਘ ਧਮੀਜਾ ਨੇ ਆਖਿਆ ਕਿ ਆਟਾ ਦਾਲ ਸਕੀਮ ਦੀ ਕਣਕ ’ਚ ਹੇਰਾ-ਫੇਰੀਆਂ ਰੋਕਣ ਲਈ ਸਰਕਾਰ ਵੱਲੋਂ ਛਪਵਾਈ ਵਾਲੇ ਗੱਟੇ ਸ਼ੁਰੂ ਕੀਤੇ ਗਏ ਹਨ। ਜਿਸ ਨਾਲ ਊਣਤਾਈਆਂ ਨੂੰ ਨੱਥ ਪਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲਗਪਗ 12 ਲੱਖ ਗੱਟੇ ਕਣਕ ਦੀ ਲਾਭਪਾਤਰੀਆਂ ਨੂੰ ਵੰਡੀ ਜਾਂਦੀ ਹੈ ਅਤੇ ਹੁਣ ਤੱਕ 5 ਲੱਖ ਖਾਲੀ ਕਣਕ ਭਰਵਾਈ ਲਈ ਵਿਭਾਗ ਕੋਲ ਪੁੱਜ ਚੁੱਕੇ ਹਨ। 




   ਪੈਨਸ਼ਨ/ਰਾਸ਼ਨ ਦੀ ਅਗਾਊਂ ਸੂਚਨਾ ਐਸ.ਐਮ.ਐਸ. ਜਰੀਏ ਮਿਲੇ 
ਜਨਤਕ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਇੰਨ-ਬਿੰਨ ਪਹੁੰਚਾਉਣ ਲਈ ਮੋਬਾਇਲ ਐਸ.ਐਮ.ਐਸ ਦਾ ਸਹਾਰਾ ਲੈਣ ਦੀ ਮੰਗ ਉੱਠਣ ਲੱਗੀ ਹੈ। ਆਮ ਜਨਤਾ ਅਨੁਸਾਰ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਅਤੇ ਸਰਕਾਰੀ ਰਾਸ਼ਨ ਡੀਪੂਆਂ ਦੇ ਰਾਸ਼ਨ ਦੀ ਸੂਚਨਾ ਮੋਬਾਇਲ ਫੋਨ ’ਤੇ ਐਸ.ਐਮ.ਐਸ ਜਰੀਏ ਲਾਭਪਾਤਰੀਆਂ ਨੂੰ ਪਹੁੰਚਣੀ ਚਾਹੀਦੀ ਹੈ, ਤਾਂ ਜੋ ਹੱਕਦਾਰਾਂ ਨੂੰ ਪੈਨਸ਼ਨ ਅਤੇ ਰਾਸ਼ਨ ਲੈਣ ਤੋਂ ਪਹਿਲਾਂ ਹੀ ਪੈਨਸ਼ਨ ਦੀ ਰਕਮ ਅਤੇ ਮਿਲਣ ਵਾਲੇ ਰਾਸ਼ਨ ਦੇ ਵਜ਼ਨ ਸਬੰਧੀ ਇੰਨ-ਬਿੰਨ ਜਾਣਕਾਰੀ ਮਿਲ ਸਕੇ। ਸਰਕਾਰ ਦੀ ਮੰਦੀ ਹਾਲਤ ਕਰਕੇ ਕਈ-ਕਈ ਮਹੀਨਿਆਂ ਬਾਅਦ ਪੈਨਸ਼ਨ ਇਕੱਠੀ ਆਉਂਦੀ ਹੈ ਅਤੇ ਬਹੁਤੇ ਮਾਮਲਿਆਂ ’ਚ ਲਾਭਪਾਤਰੀ ਕੁੰਡੀ ਲੱਗ ਜਾਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਐਸ.ਐਮ.ਐਸ. ਸਰਵਿਸ ਨਾਲ ਆਮ ਜਨਤਾ ’ਚ ਜਾਗਰੂਕਤਾ ਅਤੇ ਜਨਤਕ ਸੇਵਾਵਾਂ ’ਚ ਹੇਰਾ-ਫੇਰੀਆਂ ਕਰਨ ਵਾਲਿਆਂ ’ਤੇ ਨਕੇਲ ਕਸੀ ਜਾਵੇਗੀ। 

98148-26100 / 93178-26100







14 April 2016

ਅਕਾਲੀ ਦਲ ਦੀ ਵਿਸਾਖੀ ਕਾਨਫਰੰਸ ਵਾਲੀ ਸਕੂਲ ਬੱਸ ਨੇ ਬਾਦਲਾਂ ਦੇ ਘਰ ’ਤੇ ਕੀਤੀ ਚੜ੍ਹਾਈ

ਪਿੰਡ ਬਾਦਲ ’ਚ ਰਾਤ ਪੌਨੇ 11 ਵਜੇ ਰਾਧਾ ਵਾਟਿਕਾ ਸਕੂਲ ਖੰਨਾ ਦੀ ਬੱਸ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਨਾਲ ਟਕਰਾਈ
- ਬੱਸ ਡਾਈਵਰ ਵਾਲ-ਵਾਲ ਸਚ ਗਿਆ, ਡੀਵਾਈਡਰ ਨੇ ਪਾਇਆ ਪੰਗਾ

                                                             ਇਕਬਾਲ ਸਿੰਘ ਸ਼ਾਂਤ
ਲੰਬੀ : ਅਕਾਲੀਆਂ ਦੀ ਵਿਸਾਖੀ ਕਾਨਫਰੰਸ ਲਈ ਵਗਾਰ ’ਤੇ ਆਈ ਸਕੂਲ ਬੱਸ ਨੇ ਕਾਨਫਰੰਸ ਦੀ ਬਜਾਏ ਬਾਦਲਾਂ ਦੇ ਘਰ ’ਤੇ ਹੀ ਚੜ੍ਹਾਈ ਕਰ ਦਿੱਤੀ। ਲੰਘੀ ਰਾਤ ਖੰਨਾ ਦੇ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਬੱਸ ਬੇਕਾਬੂ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਦੀ ਪਿੰਡ ਬਾਦਲ ਨਿੱਜੀ ਰਿਹਾਇਸ਼ ਦੀ ਕੰਧ ਵਿੱਚ ਜਾ ਵੱਜੀ। ਘਟਨਾ ’ਚ ਬੱਸ ਡਾਈਵਰ ਵਾਲ-ਵਾਲ ਸਚ ਗਿਆ। 
ਘਟਨਾ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਰਿਹਾਇਸ਼ ਅੰਦਰ ਮੌਜੂਦ ਸਨ। ਇਹ ਘਟਨਾ ਕਰੀਬ ਪੌਨੇ 11 ਵਜੇ ਵਾਪਰੀ। ਸਕੂਲ ਬੱਸ ਨੰਬਰ ਪੀ.ਬੀ 10-ਡੀ ਐਮ/7848 ਦਾ ਡਰਾਵੀਵਰ ਬੱਸ ’ਤੇ ਰੋਟੀ ਖਾਣ ਲਈ ਪਿੰਡ ਖਿਉਵਾਲੀ ਦੇ ਢਾਬੇ ਨੂੰ ਜਾ ਰਿਹਾ ਸੀ। ਇਸ ਘਟਨਾ ’ਚ ਬੱਸ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਸਥਿਤ ਫੁੱਲਾਂ ਦੀ ਕਿਆਰੀ ਵਾਲੀ ਛੋਟੀ ਕੰਧ ਨੂੰ ਤੋੜਦੀ ਹੋਈ ਕਿਲ੍ਹਾਨੁਮਾ ਮੁੱਖ ਕੰਧ ਨਾਲ ਟਕਰਾ ਗਈ। ਹਾਲਾਂਕਿ ਬੱਸ ਵੱਜਣ ਨਾਲ ਮਜ਼ਬੂਤ ਮੁੱਖ ਕੰਧ ਦਾ ਨੁਕਸਾਨ ਨਹੀਂ ਹੋ ਸਕਿਆ। ਸਕੂਲ ਬੱਸ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਉਣ ਕਰਕੇ ਸੁਰੱਖਿਆ ’ਤੇ ਤਾਇਨਾਤ ਪੁਲੀਸ ਅਮਲੇ ਨੂੰ ਭਾਜੜ ਪੈ ਗਈ। ਪੁਲੀਸ ਅਮਲੇ ਨੇ ਘਟਨਾ ’ਚ ਵਾਲ-ਵਾਲ ਬਚੇ ਡਰਾਈਵਰ ਨੂੰ ਬਾਹਰ ਕੱਢਿਆ। ਗਿੱਦੜਬਾਹੇ ਥਾਣੇ ਦੇ ਏ.ਐਸ.ਆਈ ਗੁਰਤੇਜ ਸਿੰਘ ਅਤੇ ਹੋਰ ਅਮਲੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਈ ਬੱਸ ਵਿਸਾਖੀ ਕਾਨਫਰੰਸ ਲਈ ਆਈ ਸੀ ਅਤੇ ਉਸਦਾ ਪਟਰੋਲ ਪੰਪ ’ਤੇ ਠਹਿਰਾਅ ਸੀ। ਜਿਸਦਾ ਡਰਾਈਵਰ ਰੋਟੀ ਖਾਣ ਜਾ ਰਿਹਾ ਸੀ।  
ਘਟਨਾ ਦਾ ਕਾਰਨ ਪਿੰਡ ਬਾਦਲ ’ਚ ਬਾਦਲਾਂ ਦੀ ਰਿਹਾਇਸ਼ ਦੇ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਕਰੀਬ 250 ਮੀਟਰ ਤੱਕ ਸੜਕ ਵਿਚਕਾਰ ਡੀਵਾਈਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪੁਲੀਸ ਅਮਲੇ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਡੀਵਾਈਡਰ ਨਾ ਹੋਣ ਕਰਕੇ ਰਾਤ ਸਮੇਂ ਖਾਲੀ ਸੜਕ ਵਿਚਕਾਰ ਆ ਰਿਹਾ ਬੱਸ ਡਰਾਈਵਰ ਬਾਦਲਾਂ ਦੇ ਬੂਹੇ ਤੋਂ ਥੋੜ੍ਹੀ ਅਗਾਂਹ ਸੜਕ ਡੀਵਾਈਡਰ ਨੂੰ ਵੇਖ ਕੇ ਬੌਖਲਾ ਗਿਆ ਅਤੇ ਹਾਦਸੇ ਤੋਂ ਬਚਾਅ ਦੀ ਕੋਸ਼ਿਸ਼ ’ਚ ਬੱਸ ਤੋਂ ਸੰਤੁਲਨ ਗੁਆ ਬੈਠਿਆ। ਹਾਦਸਾਗ੍ਰਸਤ ਸਕੂਲ ਬੱਸ ਨੂੰ ਪੁਲੀਸ ਲੰਬੀ ਥਾਣੇ ਲੈ ਗਈ। ਹਾਲਾਂਕਿ ਹਾਕਮਾਂ ਦੀ ਕੰਧਾਂ ਨਾਲ ਪੰਗਾ ਲੈਣ ਵਾਲੀ ਬੱਸ ਅਤੇ ਬੱਸ ਡਰਾਈਵਰ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਦੀ ਉਮੀਦ ਨਹੀਂ ਜਾਪਦੀ। ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਅਕਾਲੀਆਂ ਦੀ ਵਿਸਾਖੀ ਕਾਨਫਰੰਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 100 ਸਕੂਲ ਬੱਸਾਂ ਲੰਬੀ ਹਲਕੇ ’ਚ ਕਥਿਤ ‘ਵਗਾਰ’ ਪੁੱਜੀਆਂ ਹੋਈਆਂ ਸਨ। ਜਿਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਦੇ ਡੀ.ਟੀ.ਓਜ਼ ਰਾਹੀਂ ਅਕਾਲੀ ਦਲ ਦੀ ਕਾਨਫਰੰਸ ਸਬੰਧੀ ਵਗਾਰ ’ਤੇ ਲਿਆਂਦਾ ਦੱਸਿਆ ਜਾਂਦਾ ਹੈ। ਲੰਬੀ ਹਲਕੇ ਦੇ ਪਿੰਡਾਂ ’ਚੋਂ ਕਾਨਫਰੰਸ ’ਚ ਵਰਕਰਾਂ ਨੂੰ ਲਿਜਾਣ ਲਈ ਰਾਤ ਕੱਟ ਰਹੇ ਰਾਏਕੋਟ ਪਬਲਿੱਕ ਸਕੂਲ ਰਾਏਕੋਟ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਆਖਿਆ ਕਿ ਸਕੂਲ ਪ੍ਰਬੰਧਕਾਂ ਨੇ ਡੀ.ਟੀ.ਓ ਦੇ ਹੁਕਮਾਂ ’ਤੇ ਅਕਾਲੀ ਦਲ ਦੀ ਕਾਨਫਰੰਸ ਲਈ ਸਕੂਲ ਬੱਸਾਂ ਭੇਜੀਆਂ ਹਨ। ਡਰਾਈਵਰਾਂ ਨੇ ਕਿਹਾ ‘‘ਅਸੀਂ ਕਿਹੜਾ ਪਹਿਲੀ ਵਾਰ ਲੰਬੀ ਹਲਕੇ ’ਚ ਆਏ ਹਾਂ, ਮਾਘੀ ਕਾਨਫਰੰਸ ਮੌਕੇ ਵੀ ਅਸੀਂ ਅਕਾਲੀ ਵਰਕਰਾਂ ਨੂੰ ਬੱਸਾਂ ’ਚ ਢੋਹ ਕੇ ਲੈ ਗਏ ਸੀ।’’ ਬੱਸਾਂ ਦੇ ਕਿਰਾਏ ਅਤੇ ਤੇਲ ਸਬੰਧੀ ਪੁੱਛਣ ’ਤੇ ਉਨ੍ਹਾਂ ਪਾਸਾ ਵੱਟਦਿਆਂ ਕਿਹਾ ਕਿ ‘‘ਤੁਹਾਨੂੰ ਵੀ ਪਤਾ ਈ ਸਰਕਾਰਾਂ ਦੇ ਕੰਮ ਕਿਵੇਂ ਚੱਲਦੇ ਆ, ਅਸੀਂ ਤਾਂ ਮੁਲਾਜਮ ਹਾਂ।’’  
ਇਸੇ ਤਰ੍ਹਾਂ ਲੰਬੀ ਹਲਕੇ ਵਿਚੋਂ ਕਾਂਗਰਸ ਪਾਰਟੀ ਵੱਲੋਂ 65 ਬੱਸਾਂ ਅਤੇ 30 ਕਰੂਜਰ ਗੱਡੀਆਂ ’ਤੇ ਕਾਰਕੁੰਨ ਵਿਸਾਖੀ ਕਾਰਨਫਰੰਸ ਵਿੱਚ ਪੁੱਜੇ। ਇਸਦੇ ਇਲਾਵਾ ਹੁਣ ਤੱਕ ਜਨਤਾ ਦੇ ਆਪ-ਮੁਹਾਰੇ ਰੈਲੀਆਂ ’ਚ ਪੁੱਜਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਵਿਸਾਖੀ ਕਾਨਫਰੰਸ ’ਚ ਕਿਰਾਏ ’ਤੇ ਲਗਪਗ 40 ਬੱਸਾਂ/ਵਹੀਕਲ ਲਿਜਾਣ ਦੀਆਂ ਕਣਸੋਆਂ ਹਨ। ਹਾਲਾਂਕਿ ‘ਆਪ’ ਦੇ ਲੋਕਸਭਾ ਬਠਿੰਡਾ ਆਬਜਰਵਰ ਰੋਮੀ ਭਾਟੀ ਨੇ ਕਾਨਫਰੰਸ ਕਿਰਾਏ ’ਤੇ ਬੱਸਾਂ/ਵਹੀਕਲ ਲਿਜਾਣ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਆਪ ਕੋਲ ਬੱਸਾਂ ਕਿਰਾਏ ’ਤੇ ਲਿਜਾਣ ਜੋਗੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਤਾਂ ਅਕਾਲੀਆਂ ਅਤੇ ਕਾਂਗਰਸੀਆਂ ਦੀ ਬੱਸਾਂ ਜਾਂ ਫਿਰ ਆਪਣੇ ਟਰੈਕਟਰ ’ਤੇ ਬੈਠ ਕੇ ਰੈਲੀ ’ਚ ਪੁੱਜੇ ਸਨ। ਲੰਬੀ ਥਾਣੇ ਦੇ ਕਾਰਜਕਾਰੀ ਮੁਖੀ ਮੋਹਣ ਲਾਲ ਨੇ ਕਿਹਾ ਪਿੰਡ ਬਾਦਲ ’ਚ ਘਟਨਾ ਉਪਰੰਤ ਸੜਕੀ ਆਵਾਜਾਈ ਨੂੰ ਵਿਘਨ ਰਹਿਤ ਕਰਨ ਲਈ ਸਕੂਲ ਬੱਸ ਮੌਕੇ ਤੋਂ ਹਟਵਾ ਕੇ ਲੰਬੀ ਥਾਣੇ ਲੈ ਆਂਦੀ ਸੀ।  98148-26100 / 93178-26100

06 April 2016

ਮਾੜੀ ਹੋਈ ਸੁਖਬੀਰ ਬਾਦਲ ਨਾਲ

-  ਗੀਤ ਸੁਣਨ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਨੂੰ ਸੰਬੋਧਨ ਕਰਨੋਂ ਰੋਕਿਆ 
- ਢਾਈ ’ਚ ਖ਼ਤਮ ਕਰਨਾ ਪਿਆ ਭਾਸ਼ਨ

ਇਕਬਾਲ ਸਿੰਘ ਸ਼ਾਂਤ
ਲੰਬੀ : ਬਾਦਲਾਂ ਦੇ ਗੜ੍ਹ ਲੰਬੀ ’ਚ ਮਕਬੂਲ ਲੋਕ ਗਾਇਕ ਲਾਭ ਹੀਰਾ ਦੀ ਗਾਇਕੀ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਢਾਈ ਮਿੰਟ ਵੀ ਬੋਲਣ ਨਾ ਦਿੱਤਾ। ਲੰਬੀ ਹਲਕੇ ਦੇ ਇਤਿਹਾਸ ’ਚ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਪ੍ਰਮੁੱਖ ਮੈਂਬਰ ਨੂੰ ਸਟੇਜ ’ਤੇ ਅਜਿਹੇ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਕੱਲ੍ਹ ਦੇਰ ਸ਼ਾਮ ਲੰਬੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਜ ਭਲਾਈ ਸੰਸਥਾ ਵੱਲੋਂ 9ਵਾਂ ਸੱਭਿਆਚਾਰਕ ਮੇਲਾ
ਕਰਵਾਇਆ ਸੀ। ਜਿਸ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਸੱਭਿਆਚਾਰਕ ਮੇਲਾ ਬੜੇ ਸੁਚੱਜੇ ਮਾਹੌਲ ਵਿੱਚ ਚੱਲ ਰਿਹਾ ਸੀ। ਲੋਕ ਗਾਇਕਾ ਅਨਮੋਲ ਗਗਨ ਮਾਨ ਦੀ ਪੇਸ਼ਕਾਰੀ ਉਪਰੰਤ ਪ੍ਰਬੰਧਕਾਂ ਨੇ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲਗਾ ਕੇ ਉਪ ਮੁੱਖ ਮੰਤਰੀ ਨੂੰ ਛੇਤੀ ਫਾਰਗ ਕਰਨ ਦੇ ਲਿਹਾਜ਼ ਨਾਲ ਉਨ੍ਹਾਂ ਦਾ ਸੰਬੋਧਨ ਅਤੇ ਹੋਰਨਾਂ ਮਹਿਮਾਨਾਂ ਨੂੰ ਸਨਮਾਨਤ ਕਰਵਾਉਣ ਸ਼ੁਰੂ ਦਿੱਤੇ। ਜਦੋਂ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨੇ ਤਕਰੀਰ ਵਿੱਢੀ ਤਾਂ ਉਸੇ ਦੌਰਾਨ ਗਾਇਕ ਲਾਭ ਹੀਰਾ ਵੀ ਗਾਇਕਾਂ ਵਾਲੀ ਸਟੇਜ ’ਤੇ ਪੁੱਜ ਗਿਆ। ਜਿਸ ’ਤੇ ਪਹਿਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲੱਗਣ ਤੋਂ ਤ੍ਰਭਕੇ ਕਾਫ਼ੀ ਗਿਣਤੀ ਦਰਸ਼ਕ ਉੱਚੀ ਚੀਕਾਂ ਮਾਰ-ਮਾਰ ਕੇ ਸੁਖਬੀਰ ਨੂੰ ਆਖਣ ਲੱਗੇ ਕਿ ‘ਤੁਸੀਂ ਆਪਣਾ ਭਾਸ਼ਨ ਬੰਦ ਕਰ ਦਿਓ ਅਤੇ ਅਸੀਂ ਲਾਭ ਹੀਰਾ ਨੂੰ ਸੁਣਨ ਆਏ ਹਾਂ।’ ਅਚਨਚੇਤ ਪੈਦਾ ਹੋਏ ਅਣਕਿਆਸੇ ਹਾਲਾਤਾਂ ’ਚ ਸੁਖਬੀਰ ਸਿੰਘ ਬਾਦਲ ਨੇ ਮਾਹੌਲ ਦਾ ਰੁੱਖ ਬਦਲਣ ਲਈ ਆਖਿਆ ਕਿ ‘ਮੈਂ ਵੀ ਤੁਹਾਡੇ ਵਾਂਗ ਇੱਥੇ ਗਾਣੇ ਸੁਣਨ ਹੀ ਆਇਆ ਹਾਂ। ਲਗਪਗ ਢਾਈ ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਟਿਕਾਉਣ ਦੇ ਲਹਿਜ਼ੇ ’ਚ ਕਿਹਾ ਕਿ ਛੇਤੀ ਪਿੰਡ ਬਾਦਲ ’ਚ ਮੇਲਾ ਕਰਵਾ ਸਾਰੇ ਗਾਇਕਾਂ ਨੂੰ ਬੁਲਾ ਕੇ ਤੁਹਾਨੂੰ ਖੁਸ਼ ਕਰ ਦਿਆਂਗੇ ਪਰ ਨੌਜਵਾਨਾਂ ਦੇ ਲਾਭ ਹੀਰਾ ਪ੍ਰਤੀ ਖਿੱਚ ਮੂਹਰੇ ਉਪ ਮੁੱਖ ਮੰਤਰੀ ਅਗਲੇ ਚਾਰ-ਮਹੀਨਿਆਂ ’ਚ 200 ਕਰੋੜ ਰੁਪਏ ’ਚ ਹਲਕੇ ਦੇ ਸਾਰੇ ਪਿੰਡਾਂ ਦਾ ਵਿਕਾਸ ਕਰਵਾ ਕੇ ਦੀ ਨਕਸ਼-ਨੁਹਾਰ ਬਦਲਣ ਦੀ ਗੱਲ ਆਖ ਕੇ ਆਪਣੇ ਸ਼ਬਦਾਂ ਨੂੰ ਵਿਰਾਮ ਦੇ ਗਏ। ਸੁਖਬੀਰ ਦੇ ਭਾਸ਼ਨ ਦੌਰਾਨ ਅਵਤਾਰ ਸਿੰਘ
ਵਣਵਾਲਾ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਨੌਜਵਾਨਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਮੇਲੇ ’ਚ ਲਾਭ ਹੀਰਾ ਸਮੇਤ ਹੋਰਨਾਂ ਗਾਇਕਾਂ ਨੂੰ ਸੁਣਨ ਲਈ ਸੰਗਰੂਰ ਤੋਂ ਟਰੱਕ ਭਰ ਕੇ ਲੋਕ ਆਏ ਸਨ। ਸਮਾਗਮ ’ਚ ਸੁਖਬੀਰ ਨਾਲ ਸਟੇਜ ’ਤੇ ਚੜ੍ਹਨ ਦੀ ਸੂਚੀ ’ਚ ਸੂਚੀ ਨਾ ਸ਼ਾਮਲ ਹੋਣ ਕਰਕੇ ਸਾਬਕਾ ਅਕਾਲੀ ਸਰਪੰਚ ਦੀ ਸੁਖਬੀਰ ਦੇ ਸੁਰੱਖਿਆ ਅਮਲੇ ਨਾਲ ਕਾਫ਼ੀ ਦੇਰ ਤੱਕ ਕਸ਼ਮਕਸ਼ ਚੱਲੀ। ਜਿਸਨੂੰ ਮੇਲੇ ’ਚ ਮੌਜੂਦ ਸਮੁੱਚੀ ਭੀੜ ਨੇ ਅੱਖੀ ਵਾਚਿਆ।  ਇਸ ਨੌਵੇਂ ਸਭਿਆਚਾਰਕ ਮੇਲੇ ਵਿਚ ਸਭ ਤੋਂ ਪਹਿਲਾਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਗਿਰਝਾਂ’ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਵੱਲੋਂ ਪੇਸ਼ ਕੀਤਾ ਗਿਆ, ਜੋ ਵੱਖ-ਵੱਖ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਚੇਤਨ ਕਰਦਾ ਹੈ। ਨਾਟਕ ਤੋਂ ਬਾਅਦ ਸਿਕੰਦਰ ਸਲੀਮ, ਅਨਮੋਲ ਗਗਨ ਮਾਨ ਅਤੇ ਲਾਭ ਹੀਰਾ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਮਾਲਵਾ ਸਾਹਿਤ ਸਭਿਆਚਾਰ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਡਾ. ਗੁਰਸੇਵਕ ਸਿੰਘ ਲੰਬੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। - 98148-26100