11 July 2016

ਹਰਸਿਮਰਤ ਬਾਦਲ ਦੇ ‘ਸਾਂਸਦ ਆਦਰਸ਼ ਗਰਾਮ’ ਮਾਨ ਦੀ ਹਾਲਤ ਨੇ ਕੀਤਾ ‘ਆਦਰਸ਼’ ਸ਼ਬਦ ‘ਬੇਮਾਇਨੇ’

- ਆਦਰਸ਼ ਪਿੰਡ ਦੇ ਬਰਸਾਤੀ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਫਾਈਲਾਂ ਹੇਠਾਂ ਦੱਬੇ 
- ਰੂੜ੍ਹੀਆਂ, ਗਲੀਆਂ ’ਚ ਗਾਰਾ ਅਤੇ ਕਾਈ ਦਾ ਭਰਿਆ ਛੱਪੜ ਹਕੀਕਤ ਨੂੰ ਕਰਦੇ ਬਿਆਂ

ਇਕਬਾਲ ਸਿੰਘ ਸ਼ਾਂਤ
         ਲੰਬੀ : ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਵਜਾਰਤ ’ਚ ਅਹਿਮ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੁਣਿਆ ‘ਸਾਂਸਦ ਆਦਰਸ਼ ਗਰਾਮ ਮਾਨਾ ਡੇਢ ਸਾਲ ਮਗਰੋਂ ਵੀ ‘ਆਦਰਸ਼’ ਨਹੀਂ ਹੋ ਸਕਿਆ। ਆਦਰਸ਼ ਪਿੰਡ ਵਿੱਚ ਵਿਕਾਸ ਅਤੇ ਸੁਧਾਰ ਪੱਖੋਂ ਲੰਬੀ ਹਲਕੇ ਦੇ ਆਮ ਪਿੰਡਾਂ ਤੋਂ ਕਿਸੇ ਪੱਖੋਂ ਬਿਹਤਰੀ ਨਹੀਂ ਵਿਖਾਈ ਦਿੰਦੀ। 
          ਪਿੰਡ ਦੇ ਬਾਹਰਲੇ ਪਾਸੇ ਬੰਬੀਹਾ ਰੋਡ ’ਤੇ ਛੱਪੜ ਭਰ ਕੇ ਬਣਾਏ ਜਿੰਮ ਖਾਨਾ, ਪੰਚਾਇਤ ਘਰ, ਵਾਲੀਵਾਲ ਗਰਾਊਂਡ ਅਤੇ 62 ਲੱਖ ਰੁਪਏ ਦੀ ਲਾਗਤ ਵਾਲੇ ਛੈੱਡ ’ਤੇ ਆਧਾਰਤ ਕਮਿਊਨਿਸਟ ਸੈਂਟਰ ਨੂੰ ‘ਆਦਰਸ਼ ਵਿਕਾਸ’ ਗਰਦਾਨਿਆ ਜਾ ਰਿਹਾ ਹੈ। ਬਿਨ੍ਹਾਂ ਚਾਰਦੀਵਾਰੀ ਵਾਲਾ ਕਮਿਊਨਿਟੀ ਸੈਂਟਰ ਮੀਂਹ-ਝੱਖੜ ਜਾਂ ਧੁੱਪ ਤੋਂ ਬਚਾਅ ਲਈ ਰੱਤੀ ਭਰ ਵੀ ਸਮਰਥ ਨਹੀਂ। ਪਿੰਡ ਦੇ ਬਾਹਰਲੇ ਪਾਸੇ ਕੀਤੇ ਇਸ ਵਿਕਾਸ ਦਾ ਬੁਨਿਆਦੀ ਲੋੜਾਂ ਲਈ ਜੂਝਦੇ ਲੋਕਾਂ ਨੂੰ ਬੁਨਿਆਦੀ ਪੱਖੋਂ ਕੋਈ ਸਿੱਧਾ ਲਾਹਾ ਨਹੀਂ। 
         ਆਦਰਸ਼ ਹੋਣ ਲਈ ਗਰਾਮ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ ਪਰ ਹੁਣ ਘਰ-ਘਰ ਸ਼ਰਾਬ ਦੇ ਨਜਾਇਜ਼ ਠੇਕੇ ਖੁੱੱਲ੍ਹ ਗਏ ਹਨ। ਨਜਾਇਜ਼ ਸ਼ਰਾਬ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ। 
ਆਦਰਸ਼ ਪਿੰਡ ਦੇ ਬਾਸ਼ਿੰਦੇ ਅੱਜ ਵੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਗੁਆਂਢੀ ਪਿੰਡ ਬਾਦਲ ’ਤੇ ਮੁਨਹੱਸਰ ਹਨ। ਕਿਰਸਾਨੀ ਕਿੱਤੇ ਦਾ ਅਹਿਮ ਅਦਾਰਾ ਸਹਿਕਾਰੀ ਸੁਸਾਇਟੀ ਵੀ ਤੁਰਦੀ ਫਿਰਦੀ ‘ਫੇਰੀ ਵਾਲੀ’ ਹਾਲਤ ਵਿੱਚ ਹੈ। ਜਿਸਨੂੰ ਆਪਣੇ ਸੰਦ ਅਤੇ ਸਾਜੋ-ਸਮਾਨ ਸਾਂਭਣ ਲਈ ਗੋਦਾਮ ਤਾਂ ਦੂਰ ਲੋੜੀਂਦਾ ਦਫ਼ਤਰ ਤੱਕ ਨਸੀਬ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਕਾਰੀ ਸਕੀਮ ‘ਸਵੱਛਤਾ ਮੁਹਿੰਮ’ ਦਾ ਪਿੰਡ ਮਾਨਾ ਅੰਦਰ ਕਿਧਰੇ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਪਿੰਡ ਦੀਆਂ ਬਹੁਗਿਣਤੀ ਗਲੀਆਂ ਅਤੇ ਚੌਰਾਹਿਆਂ ’ਤੇ ਰੂੜ੍ਹੀਆਂ ਦੇ ਢੇਰ ਅਤੇ ਛੱਪੜ ਦਾ ਹਰਾ ਕਾਈ ਵਾਲਾ ਪਾਣੀ ਪਿੰਡ ਦੇ ਹਕੀਕੀ ਹਾਲਾਤਾਂ ਨੂੰ ਖੁਦ-ਬ-ਖੁਦ ਬਿਆਨ ਕਰਦੇ ਹਨ। ਪਿੰਡ ਨੂੰ ਹਰਿਆ-ਭਰਿਆ ਕਰਨ ਕੇਂਦਰੀ ਮੰਤਰੀ ਦੀ
ਪ੍ਰੇਰਨਾ ਸਕਦਾ ਲਗਾਏ ਸੈਂਕੜੇ ਪੌਦਿਆਂ ਵਿਚੋਂ ਬਹੁਗਿਣਤੀ ਸਰਕਾਰੀ ਅਣਦੇਖੀ ਅਤੇ ਪਿੰਡਾਂ ਵਾਸੀਆਂ ਵੱਲੋਂ ਸਾਂਭ ਦੀ ਥੁੜ ਕਰਕੇ ਪਰਵਾਨ ਚੜ੍ਹਨ ਤੋਂ ਪਹਿਲਾਂ ਆਪਣੀ ਹੋਣੀ ਹੰਢਾ ਗਏ। ਪਿੰਡ ਦੇ ਛੱਪੜ ਵਿੱਚੋਂ ਕੱਢੀ ਗਾਰ ਦੇ ਢੇਰ ਸਮੱਸਿਆਵਾਂ ਨੂੰ ਵਧਾ ਰਹੇ ਹਨ। ਚਿੱਕੜ ਅਤੇ ਗਾਰੇ ਨਾਲ ਭਰੀ ਫਿਰਨੀ ਆਪਣੀ ਦਿੱਖ ਸੁਧਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਦਮਾਂ ਦੀ ਆਹਟ ਲੋਚਦੀ ਹੈ। ਹਾਲਾਂਕਿ ਪਿੰਡ ਮਾਨ ਵਿੱਚ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ਵਾਂਗ 8 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਣਾ ਹੈੈ। ਜਿਸ ਤਹਿਤ ਸਿਰਫ਼ 10-11 ਗਲੀਆਂ ਹੀ ਸੀਮੇਂਟਿਡ ਹੋ ਸਕੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਅਜੇ ਅਧੂਰੀਆਂ ਹਨ। 

          ਪਿੰਡ ਦੀ ਹਾਲਤ ਬਿਆਨਦੀ ਹੈ ਕਿ ਆਦਰਸ਼ ਪਿੰਡ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਵੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਦੌਰਿਆਂ ਤੱਕ ਹੀ ਮਹਿਜ਼ ਦਸਤਾਵੇਜੀ ਹੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਖਾਣਾਪੂਰਤੀ ਲਈ ਉਨ੍ਹਾਂ ਨਾਲ ਮੀਟਿੰਗ ਕਰਕੇ ਕੇਂਦਰੀ ਮੰਤਰੀ ਮੂਹਰੇ ਨੰਬਰ ਬਣਾਉਣ ਨੂੰ ਤਰਜੀਹ ਦਿੰਦੇ ਹਨ। 
          ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਦਰਸ਼ ਪਿੰਡ ’ਚ ਵਿਕਾਸ ਕਿਧਰੇ ਵਿਖਾਈ ਨਹੀਂ ਦੇ ਰਿਹਾ। ਰਾਤਾਂ ਨੂੰ ਹਨ੍ਹੇਰੇ ਦੂਰ ਕਰਨ ਲਈ ਆਈਆਂ ਸੋਲਰ ਲਾਈਟਾਂ ਵੀ ਵੱਡਿਆਂ ਦੇ ਘਰਾਂ ਦੇ ਬੂਹੇ ਰੁਸ਼ਨਾਉਣ ਤੱਕ ਸੀਮਤ ਹਨ ਅਤੇ ਗਰੀਬਾਂ ਦੇ ਗਲੀ-ਦਰਵਾਜੇ ਅਜੇ ਵੀ ਹਨ੍ਹੇਰਿਆਂ ਦੇ ਵੱਸ ਪਏ ਹੋਏ ਹਨ। ਗੁਰਦੁਆਰਾ ਖੇਤਰ ਵਿੱਚ ਭਰਦੇ ਬਰਸਾਤੀ ਪਾਣੀ ਦੀ ਛੱਪੜ ਵਿੱਚੋਂ ਟਿਊਬਵੈੱਲਾਂ ਰਾਹੀਂ ਨਿਕਾਸੀ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਗੁਆਚ ਗਈ। ਪ੍ਰਸ਼ਾਸਨ ਤਾਂ ਆਦਰਸ਼ ਪਿੰਡ ਪ੍ਰਤੀ ਇੰਨਾ ਜਾਗਰੂਕ ਹੈ ਕਿ ਡੇਢ ਹਫ਼ਤੇ ਪਹਿਲਾਂ ਪਾਣੀ ਸਪਲਾਈ ਪਾਈਪਾਂ ਦੀ ਦਰੁੱਸਤੀ ਲਈ ਗਊਸ਼ਾਲਾ ਮੂਹਰੇ ਚੌਰਸਤੇ ’ਤੇ ਪੁੱਟੇ ਡੂੁੰਘੇ ਟੋਏ ਅੱਜ ਜਿਉਂ ਦੀ ਤਿਉਂ ਹਨ। 
ਮਾਨਾ ਦੇ ਆਦਰਸ਼ ਪਿੰਡ ਚੁਣੇ ਜਾਣ ਮਗਰੋਂ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਤੱਕ ਲਗਪਗ 5 ਫੇਰੇ ਲਗਾ ਕੇ ਪਿੰਡ ਦੇ ਨੈਣ ਨਕਸ਼ ਬਦਲਣ ਲਈ ਉਪਰਾਲੇ ਕਰ ਚੁੱਕੇ ਹਨ। ਉਂਝ ਅੌਰਤਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਲਗਪਗ 3 ਦਰਜਨ ਅੌਰਤਾਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਤਹਿਤ ਕਈ ਅੌਰਤਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ। 28 ਮਈ 2015 ਨੂੰ  ਆਦਰਸ਼ ਪਿੰਡ ਮਾਨ ’ਚ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਕਾਫ਼ੀ ਕੋਸ਼ਿਸ਼ਾਂ ਬਾਅਦ ਵੀ ਆਦਰਸ਼ ਪਿੰਡ ਦੇ ਲੋਕਾਂ ਨੂੰ ਸੋਚ ਅਤੇ ਸਾਫ਼-ਸਫ਼ਾਈ ਪੱਖੋਂ ਆਦਰਸ਼ ਬਣਾਉਣ ਵਿੱਚ ਸਫ਼ਲਤਾ ਤੋਂ ਬੇਹੱਦ ਪਿੱਛੇ ਰਹੇ ਹਨ।  
             ਪਿੰਡ ਦੇ ਅਕਾਲੀ ਸਰਪੰਚ ਤੇਜਾ ਸਿੰਘ ਕਹਿਣਾ ਸੀ ਕਿ ਆਦਰਸ਼ ਮਾਨਾ ਵਿੱਚ ਸਰਕਾਰ ਨੇ ਕਮਿਊਨਿਟੀ ਸੈਂਟਰ, ਪੰਚਾਇਤ ਘਰ ਅਤੇ ਜਿੰਮ ਖਾਨਾ ਬਣਾਇਆ ਹੈ। ਗਲੀਆਂ-ਨਾਲੀਆਂ ਬਣਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਸਾਰੀਆਂ ਗਲੀਆਂ ਬਣਨਗੀਆਂ। ਉਨ੍ਹਾਂ ਫਿਰਨੀ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਨਜਾਇਜ਼ ਕਬਜ਼ੇ ਹੋਣ ਕਰਕੇ ਸੜਕ ਨਵੀਂ ਨਹੀਂ ਬਣ ਰਹੀ।