28 September 2016

ਦਰਵੇਸ਼ ਸਿਆਸਤਦਾਨ ਜਥੇਦਾਰ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਸਰਗਰਮ ਸਿਆਸਤ ਚ ਪਾਏ ਪੈਰ

- ਲੰਬੀ ਹਲਕੇ ’ਚ ਪਿਤਾ ਗੁਰਮੀਤ ਖੁੱਡੀਆਂ ਦੀ ਹਮਾਇਤ ’ਚ ਵਿੱਢੀ ਡੋਰ-ਟੂ-ਡੋਰ ਮੁਹਿੰਮ
ਦੇਸ਼ ਖਾਤਰ ਬਿਹਤਰ ਕਰਨ ਦੇ ਜਜ਼ਬਾ ਤਹਿਤ ਵਿਦੇਸ਼ੀ ਧਰਤੀ ਨੂੰ ਆਖਿਆ ‘ਅਲਵਿਦਾ’

                                                         ਇਕਬਾਲ ਸਿੰਘ ਸ਼ਾਂਤ
        ਲੰਬੀ : ਦਰਵੇਸ਼ ਸਿਆਸਤਦਾਨ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਵੀ ਸਰਗਰਮ ਸਿਆਸਤ ਵਿੱਚ ਪੈਰ ਪਾ ਦਿੱਤੇ। 27 ਸਾਲਾ ਸੁਮੀਤ ਆਪਣੇ ਪਿਤਾ ਅਤੇ ਲੰਬੀ ਹਲਕੇ ਤੋਂ ਸੰਭਾਵੀ ਕਾਂਗਰਸ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਉਹ ਪਿਛਲੇ ਵਰ੍ਹੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਤੋਂ ਹਿਸਟਰੀ ’ਚ ਡਿਗਰੀ ਲੈ ਕੇ ਪਰਤਿਆ ਹੈ। ਆਪਣੇ ਸੰਸਦ ਮੈਂਬਰ ਸਵਰਗੀ ਦਾਦਾ ਅਤੇ ਪਿਤਾ ਵਾਂਗ ਨਿੱਘੇ ਸੁਭਾਅ ਅਤੇ ਹਲੀਮੀਅਤ ਦਾ ਧਨੀ ਸੁਮੀਤ ਵੀ ਲੋਕ ਪੱਖੀ, ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਦਾ ਮੁਦਈ ਹੈ। ਲੰਬੀ ਦੇ ਹਲਕੇ ਸਰਾਵਾਂ ਜੈਲ ’ਚ ਖੁਦ ਆਪਣੀ ਟੀਮ ਸਮੇਤ ਵੋਟਰਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਬਣਾ ਰਿਹਾ ਹੈ। ਲੰਬੀ ਹਲਕੇ ’ਚ ਖੁੱਡੀਆਂ ਪਰਿਵਾਰ ਦੇ ਸਮਰਥਕ ਨੌਜਵਾਨਾਂ ਦੀਆਂ ਤਿੰਨ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸ ਸਰਕਾਰ ਬਣਾਉਣ ਲਈ ਪ੍ਰਤੀ ਪ੍ਰੇਰਿਤ ਕਰ ਰਹੀਆਂ ਹਨ। 
          ਜ਼ਿਕਰਯੋਗ ਹੈ ਕਿ ਪੰਜਾਬ ਪਬਲਿੱਕ ਸਕੂਲ ਨਾਭਾ ਦੇ ਹੈੱਡ ਬੁਆਏ ਦੇ ਇਲਾਵਾ ਬੈਸਟ ਡਿਵੇਟਰ ਅਤੇ ਬੈਸਟ ਐਨ.ਸੀ.ਸੀ. ਕੈਡਿਟ ਹੋਣ ਦਾ ਮਾਣ ਰੱਖਦਾ ਯੂ.ਪੀ.ਐਸ.ਸੀ ਦੀ ਪ੍ਰੀਖਿਆ ਰਾਹੀਂ ਪ੍ਰਸ਼ਾਸਨਿਕ ਸੇਵਾ ਕਰਨ ਦਾ ਚਾਹਵਾਨ ਹੈ। ਉਸਨੇ ਰਾਜਨੀਤੀ ਵਿੱਚ ਪ੍ਰਵੇਸ਼ ਬਾਰੇ ਆਖਿਆ ਕਿ ਮੌਜੂਦਾ ਹਾਲਾਤਾਂ ਵਿੱਚ ਜਥੇਦਾਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਲੀ ਲੋਕਪੱਖੀ ਰਾਜਨੀਤੀ ਦੀ ਲੋੜ ਹੈ। ਸੁਮੀਤ ਦਾ ਛੋਟਾ ਭਰਾ ਅਮੀਤ ਖੁੱਡੀਆਂ ਪਹਿਲਾਂ ਹੀ ਐਨ.ਐਸ.ਯੂ.ਆਈ. ਦਿੱਲੀ ਸਟੇਟ ਦਾ ਜਨਰਲ ਸਕੱਤਰ ਹੈ ਅਤੇ ਕਾਂਗਰਸ ਦੇ ਕੌਮੀ ਲੀਡਰਾਂ ਨਾਲ ਚੰਗਾ ਰਾਬਤਾ ਰੱਖਦਾ ਹੈ। 
         ਸੁਮੀਤ ਵੋਟਰਾਂ ਨੂੰ ਵੋਟਰਾਂ ਨੂੰ ਆਪਣਾ ਪਰਿਚੈ ਦਿੰਦਿਆਂ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਵਾਲੀ ਬੇਦਾਗ ਰਾਜਨੀਤੀ ਨੂੰ ਮੌਕਾ ਦੇ ਕੇ ਜਰੀਏ ਕਦਰਾਂ-ਕੀਮਤਾਂ ਵਾਲਾ ਮਾਹੌਲ ਸਿਰਜਣ ਲਈ ਪ੍ਰੇਰਦਾ ਹੈ। ਉਹ ਲੋਕਾਂ ਨੂੰ ਆਖਦਾ ਕਿ ਸਰਕਾਰਾਂ ਦੀਆਂ ਸਹੂਲਤਾਂ ਅਤੇ ਸਕੀਮਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਹਨ ਪਰ ਉਹ ਸਿਆਸਤਦਾਨਾਂ ਦੇ ਭ੍ਰਿਸ਼ਟ ਰਵੱਈਏ ਕਰਕੇ ਜਨਤਾ ਤੱਕ ਅੱਧੀਆਂ ਵੀ ਨਹੀਂ ਪਹੁੰਚਦੀਆਂ। ਸੁਮੀਤ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਫਰੀਦਕੋਟ ਤੋਂ ਸੰਸਦ ਮੈਂਬਰ ਰਹੇ ਜਥੇਦਾਰ ਜਗਦੇਵ ਸਿੰੰਘ ਖੁੱਡੀਆਂ ਦੀ ਪਾਰਦਰਸ਼ੀ ਰਾਜਨੀਤੀ ਨੂੰ ਚੇਤੇ ਕਰਵਾਉਂਦਾ ਅਤੇ ਆਪਣੇ ਹਮਉਮਰਾਂ ਨੂੰ ਆਪਣੇ ਦਾਦੇ ਦੀਆਂ ਸਾਫ਼ਗੋਈ ਅਤੇ ਸਿਆਸੀ ਚਿੱਟਤਾ ਦੀ ਪੜ੍ਹਤ ਗਿਣਾਉਂਦਾ ਹੈ। ਉਹ ਆਖਦਾ ਕਿ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਦਹਾਕਿਆਂ ਬਾਅਦ ਵੀ ਪਾਕ-ਸਾਫ਼ ਹੈ ਜਿਸਦੀ ਹਿੰਦੁਸਤਾਨ ਸਮੇਤ ਅਮਰੀਕਾ ਅਤੇ ਕੈਨੇਡਾ ਜਿਹੇ ਮੁਲਕਾਂ ਵੱਖਰੀ ਪਛਾਣ ਹੈ। ਉਹ ਲੋਕਾਂ ਨੂੰ ਅਕਾਲੀ ਸਰਕਾਰ ਦੇ ਸਾਢੇ 9 ਸਾਲ ਰਾਜ ’ਚ ਫੈਲੀ ਗੁੰਡਾਗਰਦੀ ਅਤੇ ਨਸ਼ੇ ਦੀ ਬੀਮਾਰੀ ਪ੍ਰਤੀ ਚੇਤੰਨ ਕਰਦਾ ਹੈ ਅਤੇ
ਚੰਗੇ ਭਵਿੱਖ ਲਈ ਕਾਂਗਰਸ ਨੂੰ ਲਿਆਉਣ ਦੀ ਅਪੀਲ ਕਰਦਾ ਹੈ। ਜਵਾਨੀ ’ਚ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਦੇਸ਼ ਲਈ ਕੁਝ ਬਿਹਤਰ ਜਜ਼ਬਾ ਰੱਖਦਾ ਸੁਮੀਤ ਆਪਣੇ ਪਿਤਾ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਂਗਰਸ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਦੱਸਦਾ ਕਿ ਉਨ੍ਹਾਂ ਨੂੰ ਜਿਤਾਉਣ ਨਾਲ ਲੰਬੀ ਹਲਕੇ ਵਿੱਚ ਆਮ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਪਿੰਡਾਂ ’ਤੇ ਕਬਜ਼ਿਆਂ ਦੇ ਮਾਹੌਲ ਤੋਂ ਜਨਤਾ ਨੂੰ ਛੁਟਕਾਰਾ ਮਿਲੇਗਾ। ਸੁਮੀਤ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਕਾਰਕੁੰਨਾਂ ਦੀ ਤਿੰਨ ਟੀਮਾਂ ਲੰਬੀ ਹਲਕੇ ਤੇ ਘਰ-ਘਰ ਜਾਣਗੀਆਂ ਅਤੇ ਵੋਟਰਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ ਮੁੱਦਿਆਂ ਦੇ ਡਟਵੇਂ ਸੰੰਘਰਸ਼ ਖੁੱੱਡੀਆਂ ਪਰਿਵਾਰ ਨੂੰ ਹਮਾਇਤ ਦੀ ਅਪੀਲ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ ਐਤਕੀਂ ਲੋਕਾਂ ’ਚ ਗੁੱਸਾ ਅਤੇ ਰੋਸ ਲੰਬੀ ’ਚ ਅਕਾਲੀ ਦਲ ਦੇ ਗੜ੍ਹ ਨੂੰ ਢਹਿ-ਢੇਰੀ ਕਰ ਦੇਵੇਗਾ। -98148-26100 / 93178-26100 

ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਦੇ 92 ਸਾਲਾ ਕਿਸਾਨ ਦਾ ਦੁਖਾਂਤ

- ਜ਼ਮੀਨ ਦੇ 3-3  ’ਤੇ ਹੋਣ ਬਾਅਦ 35 ਵਰ੍ਹਿਆਂ ਤੋਂ ਖੇਤਾਂ ’ਚ ਦਾਖਲਾ ਬਣਿਆ ਪਾਕਿਸਤਾਨ ਦੀ ਸਰਹੱਦ
- ਜ਼ਮੀਨੀ ਘਪਲਾ: ਸਰਮਾਏਦਾਰ ਕਿਸਾਨਾਂ ਨੇ ਢਾਈ ਕਿਲੋਮੀਟਰ ਲੰਬੀ ਪਹੀ ਖੇਤਾਂ ’ਚ ਰਲਾਈ
- ਇੱਕ ਸਰਮਾਏਦਾਰ ਤਾਂ ਪਹੀ ’ਤੇ ਕਬਜ਼ਾ ਕਰਕੇ ਵਿਖਾਉਂਦਾ ਬੰਦੂਕ 
- ਮਾਈਨਰ ’ਤੇ ਪੁੱਲ ਬਾਰੇ ਪਿਛਲੇ ਸੰਗਤ ਦਰਸ਼ਨ ਦੀ ਦੋ ਲੱਖ ਰੁਪਏ ਦੀ ਗਰਾਂਟ ਦੀ ਉੱਗ-ਸੁੱਘ ਨਹੀਂ

                                                          ਇਕਬਾਲ ਸਿੰਘ ਸ਼ਾਂਤ
   ਲੰਬੀ: ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਲੰਬੀ ’ਚ 92 ਸਾਲਾ ਕਿਸਾਨ ਮੱਲ ਸਿੰਘ ਦੇ ਪਰਿਵਾਰ ਦਾ ਦੁਖਾਂਤ ਹੈ ਕਿ ਤਿੰਨ-ਤਿੰਨ ਖੇਤਾਂ ਅੰਦਰ ਤੱਕ ਪੱੁਜਣਾ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਤੁੱਲ ਹੋਇਆ ਪਿਆ ਹੈ। 35 ਵਰ੍ਹਿਆਂ ਤੋਂ ਸਰਮਾਏਦਾਰ ਕਿਸਾਨਾਂ ਦੇ ਉਸਦੇ ਖੇਤਾਂ ਨੂੰ ਲੱਗਦੀਆਂ ਪਹੀਆਂ (ਰਸਤੇ) ’ਤੇ ਕਬਜ਼ੇ ਕਰਕੇ ਇਹ ਪਰਿਵਾਰ ਆਪਣੀ ਜ਼ਮੀਨ ’ਚੋਰਾਂ ਵਾਂਗ ਵੜਦਾ ਹੈ ਜਾਂ ਬਾਜੀਗਰਾਂ ਵਾਂਗ ਮਾਈਨਰ ਤੋਂ ਰੱਖੇ ਬਿਜਲਈ ਖੰਭੇ ਵਾਂਗ ਲੰਘਣ ਨੂੰ ਮਜ਼ਬੂਰ ਹੈ। ਇਹ ਮਾਮਲਾ ਅੱਜ ਭੁੱਲਰਵਾਲਾ ਵਿਖੇ
ਸੰਗਤ ਦਰਸ਼ਨ ਵਿੱਚ ਬਜ਼ੁਰਗ ਕਿਸਾਨ ਮੱਲ ਸਿੰਘ ਨੇ ਸੰਗਤ ਦਰਸ਼ਨ ’ਚ ਬੜੀ ਗਰੀਬੀ ਦਾਅਵੇ ਨਾਲ ਉਠਾਇਆ ਤਾਂ ਮੁੱਖ ਮੰਤਰੀ ਬਾਦਲ ਵੀ ਉਸਦੀ ਦਾਸਤਾਂ ਸੁਣ ਦੇ ਹੈਰਾਨ ਰਹਿ ਗਏ। ਮੱਲ ਸਿੰਘ ਨੇ ਖੁਲਾਸਾ ਕੀਤਾ ਕਿ ਕੱਖਾਂਵਾਲੀ ਮਾਈਨਰ ਨੇੜੇ ਕੰਦੂਖੇੜਾ ਨੂੰ ਜਾਂਦੀ ਕਰੀਬ ਢਾਈ ਕਿਲੋਮੀਟਰ ਲੰਮੀ ਕੱਚੀ ਪਹੀ ਦਾ ਸਰਮਾਏਦਾਰ ਕਿਸਾਨਾਂ ਨੇ ਵਜੂਦ ਖ਼ਤਮ ਉਸਨੂੰ ਜ਼ਮੀਨ ਵਿੱਚ ਵਾਹ ਲਿਆ ਹੈ। ਜਿਸ ਕਰਕੇ ਉਹ ਕੱਖਾਂਵਾਲੀ ਮਾਈਨਰ ਲਾਗਲੇ ਰਸਤੇ ਤੋਂ ਸਿਰਫ਼ 4 ਏਕੜ ਦੂਰ ਆਪਣੇ ਖੇਤ ’ਚ ਦੂਜੇ ਕਿਸਾਨਾਂ ਦੀ ਮਿੰਨਤਾਂ ਕਰਕੇ ਵੜਣਾ ਪੈਂਦਾ ਹੈ। ਇਸੇ ਰਕਬੇ ਕੋਲ ਮਾਈਨਰ ’ਤੇ ਪੁੱਲ ਨਾ ਹੋਣ ਕਰਕੇ ਦੂਜੇ ਕੰਢੇ ਆਪਣੇ ਖੇਤ ਵਿੱਚ ਜਾਣ ਲਈ ਕਰੀਬ ਦੋ ਕਿਲੋਮੀਟਰ ਲੰਬਾ ਪੈਂੜਾ ਤੈਅ ਕਰਨਾ ਪੈਂਦਾ ਹੈ। ਮਾਈਨਰ ’ਤੇ ਰੱਖੇ ਇੱਕ ਬਿਜਲਈ ਖੰਭੇ ਨੂੰ ਇਸ ਪਰਿਵਾਰ ਨੇ ਆਵਾਜਾਈ ਦਾ ਜਰੀਆ ਬਣਾਇਆ ਹੋਇਆ ਹੈ ਜਿਸ ਤੋਂ ਲੰਘਦੇ ਸਮੇਂ ਬਜ਼ੁਰਗ ਮੱਲ ਸਿੰਘ ਦਾ ਪਰਿਵਾਰ ਵਾਰ ਸੱਟਾਂ ਖਾ ਚੁੱਕਿਆ ਹੈ। ਸੰਗਤ ਦਰਸ਼ਨੀ ਗਰਾਂਟਾਂ ਦਾ ਕੋਰਾ ਸੱਚ ਹੈ ਕਿ ਪਿਛਲੇ ਸੰਗਤ ਦਰਸ਼ਨ ਵਿੱਚ ਮੁੱਖ ਮੰਤਰੀ ਨੇ ਮੱਲ ਸਿੰਘ ਦੀ ਮੰਗ ’ਤੇ ਕੱਖਾਂਵਾਲੀ ਮਾਈਨਰ ’ਤੇ ਪੁੱਲ ਲਈ 2 ਲੱਖ ਰੁਪਏ ਜਾਰੀ ਕੀਤੇ ਸਨ। ਜਿਨ੍ਹਾਂ ਦੀ ਹੋਂਦ ਜਾਂ ਅਣਹੋਂਦ ਦਾ ਅਜੇ ਤੱਕ ਧਹੁ ਠਿਕਾਣਾ ਨਹੀਂ। 
         ਮੱਲ ਸਿੰਘ ਅਨੁਸਾਰ ਇਸੇ ਤਰ੍ਹਾਂ ਹਾਕੂਵਾਲਾ ਸੜਕ ’ਤੇ ਪੈਂਦੇ ਉਸਦੇ ਖੇਤ ਦੀ ਪਹੀ ’ਤੇ ਵੀ ਇੱਕ ਸਰਮਾਏਦਾਰ ਦਾ ਕਬਜ਼ਾ ਹੈ। ਜਿਸਤੋਂ ਲੰਘਣ ਸਮੇਂ ਉਹ ਬੰਦੂਕ ਵਿਖਾ ਕੇ ਡਰਾਉਂਦਾ ਹੈ। ਹੋਰ ਤਾਂ ਹੋਰ ਇੱਕ ਭੁੱਲਰਵਾਲਾ ਦੇ ਇੱਕ ਅਕਾਲੀ ਚੌਧਰੀ ਦੇ ਇਸ਼ਾਰੇ ’ਤੇ ਪਹੀ ’ਤੇ ਟਿਊਬਵੈੱਲ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਮੱਲ ਸਿੰਘ ਨੇ ਬਹਾਵਵਾਲਾ ਡਰੇਨ ’ਤੇ ਕੰਢੇ ਪਹੀ ਕੱਚੀ ਹੋਣ ਕਰਕੇ ਮੀਂਹਾਂ ਮਿੱਟੀ ਡਰੇਨ ਵਿੱਚ ਰੁੜ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਖੇਤ ਤੱਕ ਪਹੁੰਚਣ ਲਈ ਨਾਲ ਮਜ਼ਬੂਰੀ ’ਚ ਪਹੀ ਲਾਗਲੇ ਖੇਤਾਂ ਦੀ ਵਿਚੋਂ ਲੰਘਣਾ ਪੈਂਦਾ ਹੈ। ਜਿਸ ਕਰਕੇ ਸਬੰਧਤ ਖੇਤਾਂ ਵਾਲੇ ਕਿਸਾਨ ਉਨ੍ਹਾਂ ’ਤੇ ਗੁੱਸਾ ਜਾਹਰ ਕਰਦੇ ਹਨ। ਮੱਲ ਸਿੰਘ ਨੇ ਮੁੱਖ ਮੰਤਰੀ ਦੇ ਨਾਲ ਬੈਠੇ ਪਿੰਡ ਦੇ ਇੱਕ ਅਕਾਲੀ ਆਗੂ ਨੂੰ ਉਸਦੀ ਹੋਣੀ ’ਚ ਹਿੱਸੇਦਾਰ ਕਰਾਰ ਦਿੱਤਾ ਤਾਂ ਮੁੱਖ ਮੰਤਰੀ ਸ੍ਰੀ ਬਾਦਲ ਨੇ ਤੁਰੰਤ ਸਿੰਚਾਈ ਵਿਭਾਗ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਨ੍ਹਾ ਕਿਸੇ ਦਬਾਅ ਦੇ ਬਜ਼ੁਰਗ ਦੀ ਸਮੱਸਿਆ ਦੇ ਮੌਕੇ ਦਾ ਜਾਇਜ਼ਾ ਲੈਣ। ਬਾਅਦ ਵਿੱਚ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੱਤਰਕਾਰ ਨੂੰ ਮੱਲ ਸਿੰਘ ਨੇ ਮੌਕੇ ਦੀ ਸਥਿਤੀ ਵਿਖਾਉਂਦਿਆਂ ਕਿਹਾ ਕਿ ਸੱਤਾ ਪੱਖ ਦੇ ਆਗੂ ਦੀ ਸ਼ਹਿ ’ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਹ ਲਾਂਘੇ ਲਈ ਬੇਹੱਦ ਅੌਖੇ ਹਨ। ਮੱਲ ਸਿੰਘ ਨੇ ਵਿਖਾਇਆ ਕਿ ਅਬੋਹਰ ਰੋਡ ਦੇ ਦੂਜੇ ਬੰਨ੍ਹੇ ਕੱਸੀ ਦੇ ਨਾਲ 4 ਕਰਮਾਂ ਦੀ ਪਹੀ ਕੱਖਾਂਵਾਲੀ ਤੱਕ ਜਾਂਦੀ ਹੈ ਪਰ ਉਹ ਸੜਕ ਦੇ ਦੂਜੇ ਪਾਸੇ ਕੰਦੂਖੇੜਾ ਤੱਕ ਪਹੀ ਦਾ ਵਜੂਦ ਖ਼ਤਮ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵੀ ਉਸਦੀ ਸਮੱਸਿਆ ਨੂੰ ਜਾਇਜ਼ ਦੱਸਦਿਆਂ ਮਾਲ ਵਿਭਾਗ ਤੋਂ ਰਿਕਾਰਡ ਕਢਵਾਉਣ ਦੀ ਸਲਾਹ ਦਿੱਤੀ। ਭੁੱਲਰਵਾਲਾ ’ਚ ਸੰਗਤ ਦਰਸ਼ਨ ਮੌਕੇ ਕਈ ਹੋਰਨਾਂ ਕਿਸਾਨ ਟੇਲਾਂ ਅਤੇ ਮੋਘਿਆਂ ਬਾਰੇ ਪਿੰਡ ਦੇ ਅਕਾਲੀ ਚੌਧਰੀ ਖਿਲਾਫ਼ ਮੁੱਖ ਮੰਤਰੀ ਸਾਹਮਣੇ ਭੜਾਸ ਕੱਢਦੇ ਵਿਖਾਈ ਦਿੱਤੇ। ਨਹਿਰੀ ਵਿਭਾਗ ਦੇ ਐਸ.ਡੀ.ਓ. ਪਵਨ ਬਿਸ਼ਨੋਈ ਨੇ ਕਿਹਾ ਕਿ ਪਿਛਲੇ ਸੰਗਤ ਦਰਸ਼ਨ ’ਚ ਮੱਲ ਸਿੰਘ ਦੇ ਖੇਤਾਂ ਕੋਲ ਕੱਖਾਂਵਾਲੀ ਮਾਈਨਰ ’ਤੇ ਪੁੱਲ ਬਾਰੇ ਗਰਾਂਟ ਉਨ੍ਹਾਂ ਦੇ ਵਿਭਾਗ ਕੋਲ ਲਈ ਪੁੱਜੀ ਸ਼ਾਇਦ ਇਹ ਗਰਾਂਟ ਪੰਚਾਇਤ ਨੂੰ ਭੇਜੀ ਗਈ ਹੋਵੇ।  iqbal.shant@gmail.com, 98148-26100 / 93178-26100