24 March 2017

ਸਿਆਸੀ ਭਲਵਾਨਾਂ ਦੇ ਪਿੰਡ ਬਾਦਲ ’ਚ ਸੁਰਾਂ ਦੇ ਜਾਦੂਗਰਾਂ ਦਾ ਵਾਸਾ

* ਕਲੀਆਂ ਦੇ ਬਾਦਸ਼ਾਹ ਦੇ ਭਾਣਜੇ ਦਾ ਪੁੱਤ ‘ਖੁਦਾ ਬਖ਼ਸ਼’ ਇੰਡੀਅਨ ਆਈਡਲ ਸ਼ੋਅ ਦੇ ਫਾਈਨਲ ’ਚ
* ਖੁਦਾ ਬਖ਼ਸ਼ ਦੀ ਭੈਣ ਅਫਸਾਨਾ ਕਲਰਜ਼ ਟੀ.ਵੀ ਦੇ ਰਾਇਜਿੰਗ ਸਟਾਰ ਸ਼ੋਅ ’ਚ ਟੌਪ 14 ’ਚ
* ਸ਼ੋਅ ਦੀ ਸ਼ੂਟਿੰਗ ਲਈ ਪਿੰਡ ਬਾਦਲ ਪੁੱਜਣ ’ਤੇ ਲੋਕਾਂ ਨੇ ਮੋਢਿਆਂ ’ਤੇ ਚੁੱਕਿਆ


ਇਕਬਾਲ ਸਿੰਘ ਸ਼ਾਂਤ
         ਲੰਬੀ: ਸਿਆਸੀ ਭਲਵਾਨਾਂ ਦੀ ਜਰਖ਼ੇਜ਼ ਧਰਤੀ ਪਿੰਡ ਬਾਦਲ ’ਤੇ ਸੁਰਾਂ ਦੇ ਜਾਦੂਗਰਾਂ ਦਾ ਵੀ ਵਾਸਾ ਹੈ। ਇੱਥੋਂ ਦੇ ਗਰੀਬ ਪਰਿਵਾਰ ਦਾ ਨੌਜਵਾਨ ਖੁਦਾ ਬਖ਼ਸ਼ ਸੋਨੀ ਟੀ.ਵੀ ਦੇ ਗਾਇਕੀ ਮੁਕਾਬਲਿਆਂ ਦੇ ਇੰਡੀਅਨ ਆਈਡਲ ਸ਼ੋਅ ਦੇ ਫਾਈਨਲ ’ਚ ਪੁੱਜ
ਗਿਆ ਹੈ। ਉਸਦੀ ਭੈਣ ਅਫਸਾਨਾ ਕਲਰਜ਼ ਟੀ.ਵੀ ਦੇ ਰਾਇਜਿੰਗ ਸਟਾਰ ਸ਼ੋਅ ’ਚ ਟੌਪ 14 ’ਚ ਪੁੱਜ ਚੁੱਕੀ ਹੈ। ਟੀ.ਵੀ. ਸ਼ੋਅ ਨਾਲ ਕਰੋੜਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆਂ ਖੁਦਾ ਬਖ਼ਸ਼, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਸਕੇ ਭਾਣਜੇ ਗਾਇਕ ਸੀਰਾ ਖ਼ਾਨ ਦਾ ਫਰਜੰਦ ਹੈ। ਸੀਰਾ ਖ਼ਾਨ ਦੀ ਮਾਂ ਰਸੀਦਾ ਬੇਗਮ ਕੁਲਦੀਪ ਮਾਣਕ ਦੀ ਸਕੀ ਭੈਣ ਹੈ। ਗਾਇਕੀ ਰਾਹੀਂ ਛੋਟੀ ਉਮਰੇ ਮਕਬੂਲੀਅਤ ਦੀ ਵੱਡੀ ਦਾਤ ਹਾਸਲ ਕਰਨ ਵਾਲਾ ਖੁਦਾ ਬਖ਼ਸ਼ ਖੇਤਰ ਦਾ ਪਹਿਲਾ ਗਾਇਕ ਹੈ।
           ਉਸਦੇ ਪਿਤਾ ਮਰਹੂਮ ਗਾਇਕ ਸੀਰਾ ਖ਼ਾਨ ਨੇ 2003 ਤੱਕ ਆਪਣੀ ਪਤਨੀ ਆਸ਼ਾ ਬੇਗਮ ਨਾਲ ਦੋਗਾਣਿਆਂ ’ਚ ਕਾਫ਼ੀ ਮਕਬੂਲੀਅਤ ਖੱਟੀ ਸੀ। ਇਸ ਦੋਗਾਣਾ ਜੋੜੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਜਲਸਿਆਂ ਵਿੱਚ ਖੂਬ ਗਾਇਆ। 21 ਸਾਲਾ ਖੁਦਾ ਬਖ਼ਸ਼ ਦੀ ਮਾਂ ਆਸ਼ਾ ਖ਼ਾਨ ਨੇ ਇੱਕ ਪੁੱਤਰ ਤੇ 5 ਧੀਆਂ ਨੂੰ ਬਾਦਲ
ਖ਼ਾਨਦਾਨ ਦੇ ਘਰਾਂ ਵਿੱਚ ਘਰੇਲੂ ਕੰਮਕਾਜ਼ ਕਰਕੇ ਪਰਵਾਣ ਚੜ੍ਹਾਇਆ। ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਸ਼ਾ ਬੇਗਮ ਨੇ ਗੁਰਦੁਆਰੇ ’ਚ ਰੋਟੀਆਂ ਵੀ ਪਕਾਈਆਂ। 3 ਧੀਆਂ ਰਜੀਆ ਸੁਲਤਾਨ, ਰਫ਼ਤਾਰ ਤੇ ਅਫਸਾਨਾ ਗਾਇਕੀ ਨੂੰ ਕਿੱਤੇ ਪੱਖੋਂ ਅਪਣਾ ਚੁੱਕੀਆਂ ਹਨ। ਰਫ਼ਤਾਰ ਕੌਰ ਦਾ ਗੋਇਲ ਮਿਊਜਿਕ ਕੰਪਨੀ ਵੱਲੋਂ ਕੈਸਿਟ ਆ ਚੁੱਕੀ ਹੈ। ਅਫਸਾਨਾ ਖ਼ਾਨ 2013 ’ਚ ਵੋਇਸ ਆਫ਼ ਪੰਜਾਬ ਮੁਕਾਬਲੇ ਵਿੱਚ ਟੋਪ-5 ਵਿੱਚ ਰਹਿ ਚੁੱਕੀ ਹੈ। ਖੁਦਾ ਬਖ਼ਸ਼ ਫਾਈਨਲ ਮੁਕਾਬਲੇ ’ਚ ਪੁੱਜਣ ਮਗਰੋਂ ਕੱਲ੍ਹ ਰਾਤ ਪਿੰਡ ਬਾਦਲ ਪੁੱਜਿਆ। ਸ਼ੋਅ ਦਾ ਫਾਈਨਲ 2 ਅਪਰੈਲ ਨੂੰ ਹੋਣਾ ਹੈ। ਕੱਲ੍ਹ ਰਾਤ 9 ਵਜੇ ਖੁਦਾ ਬਖ਼ਸ਼ ਨੂੰ ਬਠਿੰਡਾ ਤੋਂ ਕਾਰਾਂ ਦੇ ਕਾਫ਼ਲੇ ਵਿੱਚ ਢੋਲ ਢਮੱਕੇ ਨਾਲ ਪਿੰਡ ਲਿਆਂਦਾ ਗਿਆ।
ਦਿਲ ਖਿੱਚਵੀਂ ਆਵਾਜ਼ ਰਾਹੀਂ ਮਕਬੂਲ ਹੋਏ ਖੁਦਾ ਬਖ਼ਸ਼ ਨੂੰ ਕੱਲ੍ਹ ਰਾਤ ਪਿੰਡ ਵਾਸੀ ਮੋਢਿਆਂ ’ਤੇ ਚੁੱਕੀ ਫਿਰਦੇ ਰਹੇ ਅਤੇ ਪਿੰਡ ’ਚ ਮੇਲੇ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਪਿੰਡ ਦੇ ਦਸਮੇਸ਼ ਵਿੱਦਿਅਕ ਅਦਾਰੇ ’ਚ ਉਸਦਾ ਸਨਮਾਨ ਵੀ ਕੀਤਾ ਗਿਆ। ਸੈਲਫ਼ੀਆਂ ਦੇ ਸ਼ੌਕੀਨਾਂ ਨੇ ਫੋਟੋਆਂ ਖਿਚਵਾ ਕੇ ਫੇਸਬੁੱਕ ’ਤੇ ਅਪਲੋਡ ਕਰਨ ਦੀ ਧੁੱਕੀ ਕੱਢੀ ਹੋਈ ਹੈ। ਫਾਈਨਲ ਮੁਕਾਬਲੇ ਲਈ ਖੁਦਾ ਬਖ਼ਸ਼ ਦੀ ਬਾਦਲ ’ਚ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟਿੰਗ ਹੋਈ। ਖੁਦਾ ਬਖਸ਼ ਦਾ ਕਹਿਣਾ ਹੈ ਕਿ ਉਸ ਦੇ ਮਰਹੂਮ ਪਿਤਾ ਗਾਇਕ ਸੀਰਾ ਖਾਨ ਦਾ ਸੁਫ਼ਨਾ ਸੀ ਕਿ ਖੁਦਾ ਬਖ਼ਸ਼ ਮੁੰਬਈ ਜਾ ਕੇ ਗਾਇਕੀ ਦੇ ਖੇਤਰ ਵਿੱਚ ਨਾਮ ਕਮਾਵੇ, ਉਹ ਸੁਪਨਾ ਅੱਜ ਪੂਰਾ ਹੋ ਰਿਹਾ ਹੈ। ਖੁਦਾ ਬਖ਼ਸ਼ ਗਾਇਕੀ ਉਨ੍ਹਾਂ ਦੇ ਪਰਿਵਾਰ ਦੇ ਖੂਨ ਵਿੱਚ
ਹੀ ਹੈ। ਉਨ੍ਹਾਂ ਦੇ ਪਿਤਾ ਗਾਇਕ ਸਨ, ਉਹ ਵੀ ਗਾਇਕ ਹੈ ਅਤੇ ਭੈਣਾਂ ਵੀ ਗਾਇਕ ਹਨ। ਪਰ ਗਰੀਬੀ ਦੇ ਚੱਲਦੇ ਕਦੇ ਇਸ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਨਾ ਮਿਲ ਸਕਿਆ ਸੀ। ਆਪਣੀ ਜਿੱਤ ਪੂਰੀ ਤਰ੍ਹਾ ਆਸਵੰਦ ਖੁਦਾ ਬਖ਼ਸ਼ ਅਨੁਸਾਰ ਉਹ ਆਪਣੀ ਮਾਤਾ ਦੀ ਮਿਹਨਤ ਸਦਕਾ ਇਸ ਮੁਕਾਮ ’ਤੇ ਪੁੱਜਿਆ ਹੈ। ਆਸ਼ਾ ਖ਼ਾਨ ਨੇ ਕਿਹਾ ਕਿ ਕੁਦਰਤ ਨੇ ਉਨ੍ਹਾਂ
ਦੀ ਸੁਣ ਲਈ ਹੈ ਖੁਦਾ ਬਖ਼ਸ਼ ਅਤੇ ਅਫਸਾਨਾ ਪਿੰਡ ਬਾਦਲ ਅਤੇ ਪੂਰੇ ਪੰਜਾਬ ਦਾ ਨਾਂਅ ਅਵਾਜ਼ ਦੀ ਦੁਨੀਆਂ ’ਚ ਰੌਸ਼ਨ ਕਰਨਗੇ।

    ਫਾਈਨਲ ’ਚ ਭਿੜਨਗੇ ਖੁਦਾ ਬਖ਼ਸ਼ ਨਾਲ ਰੋਹਿਤ ਤੇ ਏਲਵੀ

ਇੰਡੀਅਨ ਆਈਡਲ ਸ਼ੋਅ ਵਿੱਚ ਮਾਲਵਿਕਾ ਸੁੰਦਰ ਦੇ ਮੁਕਾਬਲੇ ਤੋਂ ਬਾਹਰ ਹੋਣ ਮਗਰੋਂ ਪਿੰਡ ਬਾਦਲ ਦਾ ਖੁਦਾ ਬਖਸ਼, ਵਿਸ਼ਾਖਾਪਟਨਮ ਦਾ ਏਲਵੀ ਰੇਵੰਤ ਅਤੇ ਹੈਦਰਾਬਾਦ ਦਾ ਪੀ.ਵੀ.ਐਨ.ਐਸ ਰੋਹਿਤ ਹੁਣ ਟੌਪ ਥ੍ਰੀ ਵਿੱਚ ਬਾਕੀ ਹਨ। ਇਨ੍ਹਾਂ ਤਿੰਨਾ ਵਿਚਕਾਰ ਇੰਡੀਅਨ ਆਇਡਲ ਬਣਨ ਲਈ ਫ਼ਸਵਾਂ ਮੁਕਾਬਲਾ ਹੋਵੇਗਾ। ਤਿੰਨੇ ਪ੍ਰਤੀਭਾਗੀਆਂ ਵਿਚੋਂ ਖੁਦਾ ਬਖ਼ਸ਼ ਉਮਰ ’ਚ ਛੋਟਾ ਹੈ। ਫਾਈਨਲ ਮੁਕਾਬਲਾ 2 ਅਪਰੈਲ ਨੂੰ ਹੋਣਾ ਹੈ। 

                                           

ਕਾਂਗਰਸੀਆਂ ਨੂੰ ਰੜਕ ਰਹੇ ਬਾਦਲਾਂ ਦੇ ਜ਼ਿਲ੍ਹੇ ’ਚ ਖਾਕੀ ਸਫ਼ਾਂ ’ਚੋਂ ਅਕਾਲੀਆਂ ਦੇ ਪੀਲੇ ਬਾਣੇ ਵਾਲੇ ਝਲਕਾਰੇ

- ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਪੁਲੀਸ ’ਚ ਫੇਰਬਦਲ ਦੀ ਤਿਆਰੀ!
- ਥਾਣੇ ਚੌਕੀਆਂ ’ਚ ਕਾਂਗਰਸੀਆਂ ਨੂੰ ਸਰਕਾਰ ਵਾਲੀ ‘ਫਿਲਿੰਗ’ ਨਹੀਂ ਮਿਲਣ ਲੱਗੀ
- ਬਾਦਲ ਦੀ ਸੁਰੱਖਿਆ ਛਤਰੀ ਦੀ ਓਟ ’ਚ ਹੁੰਦਾ ਭਾਰੀ ਗਿਣਤੀ ਅਮਲਾ ਤਾਇਨਾਤ

ਇਕਬਾਲ ਸਿੰਘ ਸ਼ਾਂਤ
        ਲੰਬੀ: ਬਾਦਲਾਂ ਦੇ ਜ਼ਿਲ੍ਹੇ ਵਿੱਚ ਖਾਕੀ ਸਫ਼ਾਂ ਵਿਚੋਂ ਅਕਾਲੀਆਂ ਦੇ ਪੀਲੇ ਬਾਣੇ ਵਾਲੇ ਝਲਕਾਰੇ ਕਾਂਗਰਸੀਆਂ ਨੂੰ ਰੜਕ ਰਹੇ ਹਨ। ਜਿਸ ਕਰਕੇ ਸੱਤਾ ਪ੍ਰਾਪਤੀ ਦੇ ਹਫ਼ਤੇ ਬਾਅਦ ਵੀ ਕਾਂਗਰਸੀਆਂ ਨੂੰ ਥਾਣੇ ਚੌਕੀਆਂ ਵਿੱਚ ਸਰਕਾਰ ਵਾਲੀ ਪੂਰੀ ‘ਫਿਲਿੰਗ’ ਨਹੀਂ ਮਿਲ ਰਹੀ। ਸੂਤਰਾਂ ਅਨੁਸਾਰ ਅਕਾਲੀਆਂ ਦੀ ਸਰਕਾਰੇ-ਦਰਬਾਰੇ ਬੁੱਕਤ ਘਟਾਉਣ ਲਈ ਜ਼ਿਲ੍ਹੇ ਅੰਦਰ ਪੁਲੀਸ ਤੰਤਰ ਵਿੱਚ ਵੱਡਾ ਫੇਰ-ਬਦਲ ਹੋਣ ਦੀਆਂ ਤਿਆਰੀਆਂ ਹਨ। ਜਿਸ ਤਹਿਤ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜ਼ਾਂ ਦੀ ਫ਼ੇਰਬਦਲ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਦਸ ਸਾਲਾਂ ’ਚ ਅਜਿਹਾ ਮਾਹੌਲ ਸੀ ਕਿ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ਼ਾਂ ਨੂੰ ਥਾਣੇ-ਚੌਕੀਆਂ ਦੇ ਬੂਹੇ
ਚੜ੍ਹਨ ਤੋਂ ਪਹਿਲਾਂ ਅਕਾਲੀ ਜਥੇਦਾਰਾਂ ਦੀ ਹਾਜ਼ਰੀ ਭਰਨੀ ਪੈਂਦੀ ਸੀ। ਜਿਸ ਨਾਲ ਜਨਤਕ ਤੌਰ ’ਤੇ ਪੁਲੀਸ ਦੀ ਦਿੱਖ ਪੀਲੇ ਬਾਣੇ ’ਚ ਰੰਗੀ ਮਹਿਸੂਸ ਹੋਣ ਲੱਗੀ ਸੀ। ਜ਼ਿਲ੍ਹਾ ਸ੍ਰੀ ਮੁਕਤਸਰ ਦੇ ਲਗਭਗ ਥਾਣਿਆਂ ਚੌਕੀ ਵਿੱਚ ਅਕਾਲੀ ਸਰਕਾਰ ਸਮੇਂ ਦੇ ਅਫ਼ਸਰ ਅਤੇ ਅਮਲਾ ਤਾਇਨਾਤ ਹਨ। ਜਿਨ੍ਹਾਂ ਦੀ ਅਕਾਲੀ ਤੋਂ ਅੱਖ ਸ਼ਰਮ ਅਤੇ ਸਾਂਝਾਂ ਕਿਸੇ ਤੋਂ ਲੁਕੀਆਂ ਨਹੀਂ। ਬਹੁਗਿਣਤੀ ਥਾਣੇਦਾਰਾਂ ਅਤੇ ਇੰਚਾਰਜ਼ਾਂ ਦੀਆਂ ਅਕਾਲੀਆਂ ਪ੍ਰਤੀ ‘ਵਫ਼ਾਦਾਰੀਆਂ’ ਤਾਂ ਜੱਗਜਾਹਰ ਹਨ। ਸੂਤਰਾਂ ਅਨੁਸਾਰ ਖਾਕੀ ਸਿਸਟਮ ਨੂੰ ਅਗਲੇ ਦਿਨਾਂ ਵਿੱਚ ਗਰਾਂਟਾਂ ਅਤੇ ਹੋਰ ਕਾਰਜਾਂ ਦੀਆਂ ਪੜਤਾਲ ਸਮੇਂ ਸੂਚਨਾਵਾਂ ਅਗਾਊਂ ਤੌਰ ’ਤੇ ਲੀਕ ਹੋਣ ਦਾ ਖਦਸ਼ਾ ਹੈ। ਅਜਿਹੇ ਵਿੱਚ ਅਧਿਕਾਰੀ ਪੱਧਰ ’ਤੇ ਇਸ ਫੇਰਬਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਥਾਣੇਦਾਰ ਅਤੇ ਚੌਕੀ ਇੰਚਾਰਜ਼ਾਂ ਉਪਰੰਤ ਹੇਠਲੇ ਸਟਾਫ਼ ਦੀ ਵਾਰੀ ਆਉਣੀ ਹੈ। ਸੂਤਰ ਆਖਦੇ ਹਨ ਕਿ ਲੰਬੀ ਹਲਕੇ ’ਚ ਬਾਦਲਾਂ ਦੇ ਨੇੜਲੇ ਅਖਵਾਉਂਦੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀਆਂ ਨਿਯੁਕਤੀਆਂ ਦੂਰ-ਦੁਰਾਡੇ ਹੋਣ ਦਾ ਖਦਸ਼ਾ ਹੈ। ਜਿਨ੍ਹਾਂ ਵਿਚੋਂ ਕਈਆਂ ਨੇ ਕਾਂਗਰਸੀਆਂ ਦੇ ਬੂਹਿਆਂ ’ਤੇ ਆਨ੍ਹੇ-ਬਹਾਨੇ ਗੇੜੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦੋਂ ਕਿ ਕਈ ਆਪਣੀਆਂ ਵਫ਼ਾਦਾਰੀਆਂ ਨੂੰ ਕਾਇਮ ਰੱਖਣ ਦੇ ਰੌਂਅ ਵਿੱਚ ਹਨ ਪਰ ਸਮੇਂ ਦੀ ਬਦਲੀ ਫਿਜ਼ਾ ਮੁਤਾਬਕ ਚਿਹਰਿਆਂ ਦੇ ਭਾਵ ਲੁਕੋਣ ਦੀ ਕੋਸ਼ਿਸ਼ ਕਰ ਰਹੇ ਹਨ। 
     ਲੰਬੀ ਹਲਕੇ ਵਿੱਚ ਪੁਲੀਸ ਸਮੇਤ ਸਾਰੇ ਵਿਭਾਗਾਂ ਵਿੱਚਲੇ 70 ਫ਼ੀਸਦੀ ਅਮਲੇ ਦੀ ਅਕਾਲੀ ਪੱਖੀ ਕਾਰਜਪ੍ਰਣਾਲੀ ਸਦਕਾ ਅਕਾਲੀ ਜਥੇਦਾਰਾਂ ਦੀ ਆਪਹੁਦਰੀਆਂ ਅਤੇ ਮਨਆਈਆਂ ਵਿੱਚ ਵਾਧਾ ਹੋ ਸਕਿਆ ਸੀ। ਜਿਨ੍ਹਾਂ ਦੀਆਂ ਕਣਸੋਆਂ ਸਦਕਾ ਜਥੇਦਾਰ ਸਿਸਟਮ ਦੀ ਘੁੰਡੀਆਂ ਨੂੰ ਵਾਚ ਕੇ ਆਪਣੀ ਅਮੀਰਤ ਦੇ ਝੰਡੇ ਗੱਡ ਸਕੇ। 
     ਸੂਤਰਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ’ਚ ਧੰਨਵਾਦੀ ਦੌਰੇ ਹੱਦੋਂ-ਵੱਧ ਟਰੈਫ਼ਿਕ ਅਮਲੇ ਦੀ ਓਟ ਹੇਠ ਸਰਕਾਰ ਵਾਲੀ ‘ਫਿਲਿੰਗ’ ਦਿੱਤੇ ਜਾਣ ਕਣਸੋਆਂ ਸਰਕਾਰ ਕੋਲ ਪੁੱਜੀਆਂ ਹਨ। ਅੱਜ ਵੀ ਧੰਨਵਾਦੀ ਦੌਰੇ ਮੌਕੇ ਮੰਡੀ ਕਿੱਲਿਆਂਵਾਲੀ ’ਚ ਰੱਦ ਹੋਏ ਧੰਨਵਾਦੀ ਜਲਸੇ ਵਾਲੀਆਂ ਜਗ੍ਹਾ ’ਤੇ ਟਰੈਫ਼ਿਕ ਅਮਲੇ ਕਰੀਬ 3-4 ਦਰਜਨ ਮਰਦ-ਅੌਰਤ ਪੁਲੀਸ ਮੁਲਾਜਮ ਤਾਇਨਾਤ ਸਨ। ਉਂਝ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਵੱਲੋਂ ਜੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਸੂਬੇ ’ਚ ਸਾਬਕਾ ਅਕਾਲੀ ਮੰਤਰੀਆਂ ਦੀ ਸੁਰੱਖਿਆ ਕਟੌਤੀ ਕੀਤੀ ਗਈ ਹੈ। ਇਸਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਨੂੰ ਸੁਰੱਖਿਆ ਦੀ ਓਟ ਹੇਠ ਵੀ.ਆਈ.ਪੀ ਟ੍ਰੀਟਮੈਂਟ ਬਾਰੇ ਆਮ ਜਨਤਾ ਵਿੱਚ ਚਰਚਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਸ ਵਰ੍ਹਿਆਂ ਦਾ ਥਕੇਵੇਂ ਭਰੀਆਂ ਲੰਮੀਆਂ ਤਾਇਨਾਤੀਆ ਤੋਂ ਹੰਭਿਆ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਪੱਧਰ ਦਾ ਪੁਲੀਸ ਅਮਲਾ ਬਾਦਲਾਂ ਦੇ ਰਾਹਾਂ ਦੀਆਂ ਅੰਨ੍ਹੇਵਾਹ ਡਿਊਟੀ ਕਰ-ਕਰ ਕੇ ਖਿਝਿਆ ਪਿਆ ਹੈ। ਜਿਨ੍ਹਾਂ ਨੂੰ ਸਵੇਰੇ 11 ਵਜੇ ਦੇ ਪ੍ਰੋਗਰਾਮ ਲਈ ਤੜਕੇ 4 ਵਜੇ ਉਠਾ ਕੇ ਸੜਕਾਂ ਕੰਢੇ ਖੜ੍ਹਾ ਕਰ ਦਿੱਤਾ ਜਾਂਦਾ ਸੀ। ਹੁਣ ਤਾਂ ਸੜਕਾਂ ਕੰਢੇ ਪੁਲੀਸ ਕਰਮਚਾਰੀ ਵੀ ਪੱਤਰਕਾਰਾਂ ਨੂੰ ਪੁੱਛਦੇ ਹਨ ‘‘ਬਾਈ ਜੀ, ਨਵਾਂ ਸੂਰਜ ਆ ਗਿਆ ਪਰ ਸਾਡੀ ਚੰਦਰੀ ਨਵੀਂ ਸਵੇਰ ਨਾ ਆਈ ।’’ 98148-26100 / 93178-26100








16 March 2017

ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਫਤਰ ਦਾ ਚਾਰਜ ਸੰਭਾਲਿਆ-ਕੈਬਨਿਟ ਦੀ ਪਹਿਲੀ ਮੀਟਿੰਗ ਸ਼ਨੀਵਾਰ ਨੂੰ

* ਸ਼ਨੀਵਾਰ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਕਈ ਮਹੱਤਵਪੂਰਨ ਫੈਸਲੇ ਲਵੇਗੀ ਸਰਕਾਰ
* ਪਹਿਲ ਵਾਲਾ ਏਜੰਡਾ : ਕਰਜਾ ਮੁਆਫੀ, ਸਨਅਤਾਂ ਦੀ ਮੁੜ ਬਿਹਤਰੀ ਅਤੇ ਰੁਜ਼ਗਾਰ 
                                                    
                                      ਬੁਲੰਦ ਸੋਚ ਬਿਊਰੋ 
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਧਰਮਾਂ ਦੀਆਂ ਪ੍ਰਾਰਥਨਾਵਾਂ ਵਿਚਾਲੇ ਵੀਰਵਾਰ ਨੂੰ ਇਥੇ ਪੰਜਾਬ ਸਕਤਰੇਤ ’ਚ ਆਪਣੇ ਨਵੇਂ ਦਫਤਰ ਦਾ ਚਾਰਜ ਸੰਭਾਲ ਲਿਆ। ਇਸ ਦੌਰਾਨ ਜਿਵੇਂ ਹੀ ਉਹ ਆਪਣੇ ਨਵੇਂ ਗਠਿਤ ਮੰਤਰੀ ਮੰਡਲ ਦੇ ਕਈ ਸਾਥੀਆਂ, ਵਿਧਾਇਕਾਂ ਤੇ ਨਜ਼ਦੀਕੀ ਸਹਿਯੋਗੀਆਂ ਦੇ ਦਲ ਨਾਲ ਪੰਜਾਬ ਦੇ 26ਵੇਂ ਮੁੱਖ ਮੰਤਰੀ
ਦੇ ਦਫਤਰ ਦੀ ਦੂਜੀ ਮੰਜਿਲ ’ਤੇ ਪਹੁੰਚੇ, ਸ੍ਰੀਮਦ ਭਗਵਦ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਤੇ ਬਾਈਬਲ ਦੇ ਪਵਿੱਤਰ ਭਜਨ ਗੂੰਜਣ ਲੱਗੇ। ਕੈਪਟਨ ਅਮਰਿੰਦਰ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਗੌਰਵਮਈ ਦਫਤਰ ਸੰਭਾਲਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 2002 ਤੋਂ 2007 ਵਿਚਾਲੇ ਬਤੌਰ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਸ ਦਫਤਰ ਸੰਭਾਲਿਆ ਸੀ। ਇਸ ਲੜੀ ਹੇਠ, ਹਾਲੇ ’ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਜਿਵੇਂ ਹੀ ਕੈਪਟਨ ਅਮਰਿੰਦਰ ਨੇ ਸਕਤਰੇਤ ’ਚ ਕਦਮ ਰੱਖਿਆ, ਮੰਨੋ ਜਿਵੇਂ ਤਿਊਹਾਰ ਜਿਹਾ ਮਹੌਲ ਬਣ ਗਿਆ। ਇਸ ਤੋਂ ਪਹਿਲਾਂ, ਸਵੇਰੇ ਕੈਪਟਨ ਅਮਰਿੰਦਰ ਨੇ ਮੰਤਰੀ ਮੰਡਲ ਦੇ 9 ਮੈਂਬਰਾਂ ਨਾਲ ਪੰਜਾਬ ਭਵਨ ’ਚ ਕਈ ਪਤਵੰਤੇ ਵਿਅਕਤੀਆਂ ਦੀ ਮੌਜ਼ੂਦਗੀ ’ਚ ਅਹੁਦੇ ਦੀ ਸਹੁੰ ਚੁੱਕੀ ਸੀ, ਜਿਨ੍ਹਾਂ ਪਤਵੰਤਿਆਂ ’ਚ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਨ। 
       ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਾਰਿਆਂ ਚੋਣ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹਨ ਅਤੇ ਇਸ ਦਿਸ਼ਾ ’ਚ, ਉਨ੍ਹਾਂ ਦੀ ਸਰਕਾਰ ਸ਼ਨੀਵਾਰ (18 ਮਾਰਚ) ਨੂੰ ਤੈਅ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਕਈ ਮਹੱਤਵਪੂਰਨ ਫੈਸਲੇ ਲਵੇਗੀ। ਉਨ੍ਹਾਂ ਨੇ ਚਾਰ ਹਫਤਿਆਂ ਅੰਦਰ ਸੂਬੇ ਤੋਂ ਨਸ਼ੇ ਦੀ ਸਮੱਸਿਆ ਦਾ ਖਾਤਮਾ ਕਰਨ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰਨ ਸਬੰਧੀ ਆਪਣਾ ਵਾਅਦਾ ਵੀ ਦੁਹਰਾਇਆ, ਜਿਹੜਾ ਵਚਨ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਏਜੰਡੇ ਦੇ ਮੁੱਖ ਪ੍ਰੋਗਰਾਮਾਂ ’ਚ ਕਿਸਾਨਾਂ ਦੀ ਕਰਜਾ ਮੁਆਫੀ, ਉਦਯੋਗਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨਾ ਤੇ ਰੋਜ਼ਗਾਰ ਪੈਦਾ ਕਰਨਾ ਵੀ ਸ਼ਾਮਿਲ ਹਨ, ਜਿਨ੍ਹਾਂ ’ਤੇ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨਾਲ ਹੋਰਨਾਂ ਤੋਂ ਇਲਾਵਾ, ਸੂਬੇ ਦੇ ਕੈਬਨਿਟ ਮੰਤਰੀਆਂ ’ਚ ਬ੍ਰਹਮ ਮੋਹਿੰਦਰਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਜ ਮੰਤਰੀ ਰਜੀਆ ਸੁਲਤਾਨਾ, ਵਿਧਾਇਕਾਂ ’ਚ ਗੁਰਮੀਤ ਸਿੰਘ ਰਾਣਾ ਸੋਢੀ, ਰਾਜ ਕੁਮਾਰ ਵੇਰਕਾ, ਪਰਮਿੰਦਰ ਸਿੰਘ ਪਿੰਕੀ, ਵਿਜੈ ਇੰਦਰ ਸਿੰਗਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਭਿੰਦਰ ਸਿੰਘ ਸੁਖਸਰਕਾਰੀਆ ਤੇ ਗੁਰਕੀਰਤ ਕੋਟਲੀ, ਸੁਖਪਾਲ ਸਿੰਘ ਭੁੱਲਰ ਤੇ ਪੰਜਾਬ ਦੇ ਸਾਬਕਾ ਮੰਤਰੀ ਮੋਹਿੰਦਰ ਸਿੰਘ ਕੇਪੀ, ਸਾਬਕਾ ਵਿਧਾਇਕਾਂ ’ਚ ਕੇਵਲ ਸਿੰਘ ਢਿਲੋਂ ਤੇ ਰਣਜੀਤ ਸਿੰਘ ਛੱਜਲਵੰਡੀ ਸਮੇਤ ਨਵੇਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਸੁਰੇਸ਼ ਅਰੋੜਾ ਵੀ ਸਨ। 

ਬਾਬਾ ਬੋਹੜ ਲੈਣ ਲੱਗਿਆ ਕੈਪਟਨ ਨਾਲ ਪੰਗੇ

* ਅਮਰਿੰਦਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੇਂਦਰ ਦਾ ਵਿਖਾਇਆ 'ਰੌਹਬ'
* ਬਾਦਲ ਵੱਲੋਂ ਛੇਤੀ ਪਾਣੀਆਂ ਦੀ ਵੱਡੀ ਲੜਾਈ ਵਿੱਢਣ ਦੇ ਸਕੇਤ
* ਬੋਲੇ ਕੁਬੋਲ: ਅਖੇ ਖੁਦ ਰੋਜ਼ ਸ਼ਰਾਬ ਛਕਣ ਵਾਲਾ ਹੋਰਾਂ ਦਾ ਨਸ਼ਾ ਕਿਵੇਂ ਛੁਡਾਊ

                                                         ਇਕਬਾਲ ਸਿੰਘ ਸ਼ਾਂਤ
ਲੱਬੀ: ਮੁੱਖ ਮੰਤਰੀ ਦੇ ਅਹੁਦੇ ਤੋਂ ਵਿਧਾਇਕੀ ਤੱਕ ਸੀਮਤ ਹੋਏ ਪ੍ਰਕਾਸ਼ ਸਿੰਘ ਬਾਦਲ ਦੇ ਕਾਂਗਰਸ ਦੀ ਇਤਿਹਾਸਕ ਜਿੱਤ ਗਲਿਓਂ ਹੇਠੋਂ ਨਹੀਂ ਉੱਤਰਦੀ ਜਾਪਦੀ। ਬਾਬਾ ਬੋਹੜ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਰੋਧੀ ਸੁਰਾਂ ਵਾਲੀ ਰਾਜਨੀਤੀ 'ਤੇ ਉੱਤਰ ਆਏ ਹਨ। ਉਨ੍ਹਾਂ ਛੇਤੀ ਹੀ ਪੰਜਾਬ ਦੇ ਪਾਣੀਆਂ ਲਈ ਵੱਡੀ ਲੜਾਈ ਵਿੱਢਣ ਦੇ ਸੰਕੇਤ ਵੀ ਦਿੱਤੇ ਹਨ। ਅੱਜ ਲੰਬੀ ਹਲਕੇ 'ਚ ਵੱਡੀ ਜਿੱਤ ਲਈ ਪ੍ਰਕਾਸ਼ ਸਿੰਘ ਬਾਦਲ ਧੰਨਵਾਦੀ ਦੌਰੇ ਤਹਿਤ ਵਰਕਰਾਂ ਦੇ ਮੁਖਾਤਬ ਹੋਏ। ਸਿਆਸੀ ਮਾਹਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਦੇ ਤਿੱਖੇ ਤੇਵਰ ਸਿਆਸੀ ਰਣਨੀਤੀ ਤਹਿਤ ਅਮਰਿੰਦਰ ਸਰਕਾਰ ਦਾ
ਧਿਆਨ ਸ਼ੁਰੂਆਤੀ ਦੌਰ 'ਚ ਹੀ ਵਿਕਾਸ ਤੋਂ ਹਟਾ ਕੇ ਪਾਣੀਆਂ ਦੇ ਲੜਾਈ 'ਚ ਉਲਝਾਉਣ ਵਾਲੇ ਹਨ। ਤਾਂ ਜੋ ਸਰਕਾਰ ਕਾਰਗੁਜਾਰੀ ਪੱਖੋਂ ਅਕਾਲੀ ਦਲ ਤੋਂ ਬਿਹਤਰ ਨਾ ਸਾਬਤ ਹੋ ਸਕੇ। ਕੁਝ ਬਾਦਲ ਨੇ ਨਵੇਂ ਸੁਰਾਂ ਨੂੰ ਕਰਾਰੀ ਹਾਰ ਉਪਰੰਤ ਅਕਾਲੀ ਦਲ ਅੰਦਰੋਂ ਪ੍ਰਧਾਨਗੀ ਤਬਦੀਲੀ ਬਾਰੇ ਉੱਠਣ ਵਾਲੇ ਸੁਰਾਂ ਦੀ ਦਿਸ਼ਾ ਬਦਲਣ ਅਤੇ ਵਰਕਰਾਂ ਦੇ ਜੋਸ਼ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਵੀ ਦੱਸ ਰਹੇ ਹਨ। ਉਂਝ ਚੋਣ ਨਤੀਜਿਆਂ ਉਪਰੰਤ ਬਾਦਲ ਨੇ ਪੰਜਾਬ ਦੇ ਹਿੱਤਾਂ ਲਈ ਅਮਰਿੰਦਰ ਸਿੰਘ ਨੂੰ ਸਾਰਥਿਕ ਸਹਿਯੋਗ ਦਾ ਐਲਾਨ ਕੀਤਾ ਸੀ। ਪਰ ਅੱਜ ਚਾਰ ਦਿਨਾਂ ਉਪਰੰਤ ਬਾਦਲ ਦੇ ਸ਼ਬਦਾਂ ਤੋਂ ਅਕਾਲੀ ਦਲ ਦਾ ਸਰਕਾਰੀ ਪ੍ਰਤੀ ਨਜ਼ਰੀਆ ਅਤੇ ਰਣਨੀਤੀ ਝਲਕਣ ਲੱਗੀ ਹੈ।

          ਉਨ੍ਹਾਂ ਅੱਜ ਪਿੰਡ ਬਾਦਲ ਤੋਂ ਧੰਨਵਾਦੀ ਦੌਰੇ ਦਾ ਆਗਾਜ਼ ਕਰਦਿਆਂ ਧੌਲਾ, ਚੰਨੂ, ਲਾਲਬਾਈ, ਲੰਬੀ, ਗੱਗੜ ਸਮੇਤ 13 ਪਿੰਡਾਂ ਦੇ ਗੁਰਦੁਆਰਿਆਂ ਆਦਿ 'ਚ ਧੰਨਵਾਦੀ ਜਲਸਿਆਂ ਕੀਤੇ। ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ ਨੂੰ 'ਚੰਗੀ ਸਬਜ਼ੀ' ਅਤੇ ਕਾਂਗਰਸ ਸਰਕਾਰ ਨੂੰ 'ਚਟਣੀ' ਕਰਾਰ ਦਿੱਤਾ ਅਤੇ ਕਿਹਾ ਕਿ ਤੁਸੀਂ ਪੰਜ ਸਾਲ ਲੰਘਾ ਲਓ ਫਿਰ 25 ਸਾਲ ਆਪਣਾ ਹੀ ਰਾਜ ਰਹਿਣਾ ਹੈ। ਸਾਬਕਾ ਮੁੱਖ ਮੰਤਰੀ ਅੱਜ ਪੂਰੀ ਤਿਆਰੀ ਨਾਲ ਲੋਕ ਕਚਿਹਰੀ 'ਚ ਨਿੱਤਰਦਿਆਂ ਕਾਂਗਰਸ ਸਰਕਾਰ ਦਾ ਵਜ਼ਨ ਹੌਲਾ ਕਰਨ ਦੀ ਮਨਸ਼ਾ ਆਖਿਆ ਕਿ ਭਾਵੇਂ ਅਮਰਿੰਦਰ ਸਿੰਘ ਸਰਕਾਰ ਕੋਲ ਸੀਟਾਂ ਪੱਖੋਂ ਬਹੁਮਤ ਹੈ ਪਰ ਉਸਨੂੰ ਸਿਰਫ਼ 38.5 ਫ਼ੀਸਦੀ ਲੋਕਾਂ ਨੇ ਹੀ ਪਸੰਦ ਕੀਤਾ ਹੈ। ਪੰਜਾਬ 'ਚ 57-58 ਫ਼ੀਸਦੀ ਲੋਕ ਕਾਂਗਰਸ ਖਿਲਾਫ਼ ਭੁਗਤੇ ਹਨ। ਸ੍ਰੀ ਬਾਦਲ ਨੇ ਅਮਰਿੰਦਰ ਸਰਕਾਰ ਪ੍ਰਤੀ ਦਬਾਅ ਵਾਲਾ ਲਹਿਜ਼ਾ ਵਰਤਦਿਆਂ ਕਿਹਾ ਕਿ ਕੇਂਦਰ ਵਿੱਚ ਸਾਡੀ ਭਾਈਵਾਲੀ ਵਾਲੀ ਨਰਿੰਦਰ ਮੋਦੀ ਸਰਕਾਰ ਹੈ, ਹਰਸਿਮਰਤ ਕੌਰ ਕੇਂਦਰੀ ਵਜਾਰਤ 'ਚ ਮੰਤਰੀ ਐ, ਅਸੀਂ ਹਰ ਪੱਖੋਂ ਕਾਂਗਰਸ ਨਾਲੋਂ ਤਕੜੇ ਹਾਂ। ਉਨ੍ਹਾਂ ਪੰਜਾਬ ਦੀ ਸਮੁੱਚੀ ਅਫਸਰਸ਼ਾਹੀ ਨਾਲ ਨੇੜਤਾ ਨੂੰ ਦਰਸਾਉਂਦਿਆਂ ਕਿਹਾ ਕਿ ਮੈਂ ਬੀਤੇ 20 ਸਾਲਾਂ 'ਚੋਂ 15 ਸਾਲ ਮੁੱਖ ਮੰਤਰੀ ਰਿਹਾ ਹਾਂ, ਅਫਸਰ ਅਮਰਿੰਦਰ ਸਿੰਘ ਨਾਲੋਂ ਮੇਰੀ ਵੱਧ ਗੱਲ ਮੰਨਦੇ ਹਨ। ਕਾਂਗਰਸ ਤਾਂ ਅਖ਼ਬਾਰਾਂ 'ਚ ਖ਼ਬਰਾਂ ਲਗਵਾਉਣ ਵਾਲੀ ਪਾਰਟੀ ਹੈ ਜਿਸਦਾ ਜ਼ਮੀਨ ਜੁੜੇ ਕਾਰਜਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਬਾਕੀ ਅਮਰਿੰਦਰ ਨੇ ਕਿਧਰੇ ਆਉਣਾ ਨਹੀਂ ਜਾਣਾ ਨਹੀਂ। ਮੈਂ 24 ਘੰਟੇ ਤੁਰਿਆ ਫਿਰਦਾ ਸਾਂ। ਉਨ੍ਹਾਂ ਨਿੱਜੀ ਨਿਖੇਧੀ ਵਾਲੀ ਸਿਆਸਤ ਦਾ ਵਿਰੋਧ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਤਾਂ ਖੁਦ ਰੋਜ਼ਾਨਾ ਸ਼ਰਾਬ ਪੀਂਦੇ ਹਨ ਅਤੇ ਉਹ ਹੋਰਾਂ ਦਾ ਨਸ਼ਾ ਕਿਵੇਂ ਛੁਡਵਾ ਦੇਣਗੇ। ਆਮ ਆਦਮੀ ਵਾਲਾ ਭਗਵੰਤ ਮਾਨ ਤਾਂ ਆਖਦੇ ਰੋਜ਼ਾਨਾ ਦੋ ਬੋਤਲਾਂ ਪੀ ਜਾਂਦਾ ਹੈ ਜਿਸਦੀ ਸ਼ਰਾਬ ਦੀ ਆਦਤ ਦੇ ਚਰਚੇ ਤਾਂ ਸੰਸਦ ਵਿੱਚ ਹੁੰਦੇ ਹਨ। 
           ਉਨ੍ਹਾਂ ਵਰਕਰਾਂ ਨੂੰ ਪਾਣੀਆਂ ਦੀ ਵੱਡੀ ਲੜਾਈ ਲਈ ਕਸਰਕੱਸੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਹੈ ਅਤੇ ਅਕਾਲੀ ਦਲ ਨੇ ਪੰਜਾਬ ਦੀ ਲੜਾਈ ਲੜੀ ਹੈ। ਪੱਤਰਕਾਰਾਂ ਵੱਲੋਂ 2-3 ਮਹੀਨੇ 'ਚ ਪਾਣੀਆਂ ਦੀ ਵੱਡੀ ਲੜਾਈ ਆਉਣ ਦਾ ਕਾਰਨ ਪੁੱਛਣ 'ਤੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਪੰਜਾਬ ਦਾ ਵੱਡਾ ਮਸਲਾ ਹੈ ਅਤੇ ਸੂਬੇ ਦਾ ਭਵਿੱਖ ਜੁੜਿਆ ਹੈ। ਜਦੋਂ ਸੁਪਰੀਮ ਕੋਰਟ ਵੱਲੋਂ ਨਹਿਰ ਉਸਾਰੀ ਦੇ ਨਿਰਦੇਸ਼ਾਂ ਵੱਲ ਬਾਦਲ ਦਾ ਧਿਆਨ ਦਿਵਾਇਆ ਤਾਂ ਬਾਦਲ ਨੇ ਕਿਹਾ ਕਿ ''ਅਸੀਂ ਤਾਂ ਡਟਾਂਗੇ ਜੀ।'' 
ਸਾਬਕਾ ਮੁੱਖ ਮੰਤਰੀ ਨੇ ਬਣਨ ਵਾਲੀ ਕਾਂਗਰਸ ਸਰਕਾਰ 'ਤੇ ਅਗਾਊਂ ਹਮਲਾ ਕਰਦਿਆਂ ਕਿਹਾ ਕਿ ਆਉਂਦੇ ਸਾਰ ਅਮਰਿੰਦਰ ਸਿੰਘ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਹਰ ਸਾਲ ਟੈਕਸਾਂ ਅਤੇ ਹੋਰ ਵਸੀਲਿਆਂ ਤੋਂ ਆਮਦਨ ਹੁੰਦੀ ਹੈ ਜਿਸ ਨਾਲ ਸਰਕਾਰ ਦੇ ਵਿਕਾਸ ਅਤੇ ਖਰਚੇ ਚੱਲਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਸਰਕਾਰ ਖਜ਼ਾਨੇ ਵਿੱਚ ਕਿੰਨਾ ਫੰਡ ਛੱਡ ਕੇ ਗਈ ਹੈ ਤਾਂ ਇਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਅਕਾਲੀ ਸਰਕਾਰ ਵੱਲੋਂ ਜਾਇਦਾਦਾਂ ਵੇਚ ਕੇ ਪ੍ਰਾਜੈਕਟਾਂ 'ਤੇ ਲਾਉਣ ਬਾਰੇ ਸੁਆਲ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਚਲਾਉਣ ਦਾ ਤਜ਼ੁਰਬਾ ਸਿਰਫ਼ ਸਾਡੇ ਕੋਲ ਹੈ, ਇਹ ਤਾਂ ਵਿਕਾਸ 'ਚ ਖੜੋਤ ਪਾਉਣ ਨੂੰ ਆਏ ਹਨ। 


  ''ਕਾਕਾ, ਮੈਂ ਤਾਂ ਤੇਰੇ ਘਰੇ ਰਾਤ ਕੱਟਣ ਨੂੰ ਤਿਆਰ ਹਾਂ''
ਚੰਨੂ 'ਚ  ਨੌਜਵਾਨ ਲਖਵਿੰਦਰ ਸਿੰਘ ਨੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਰੋਕ 'ਤੇ ਆਖਿਆ ਕਿ ਮੈਂ ਤੁਹਾਨੂੰ ਪਿੰਡ ਦੇ ਗਰੀਬਾਂ ਨੂੰ ਧੱਕੇਸ਼ਾਹੀਆਂ ਅਤੇ ਚੈੱਕ ਦੀ ਬਾਂਦਰਵੰਡ ਬਾਰੇ ਸਰਕਾਰ ਸਮੇਂ ਗੁਹਾਰ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ। ਹਰ ਵਾਰ ਉਸਨੂੰ ਪਿਛਾਂਹ ਧੱਕਿਆ ਜਾਂਦਾ ਰਿਹਾ। ਜਿਸ 'ਤੇ ਬਾਦਲ ਹੁਰਾਂ ਨੇ ''ਕਾਕਾ, ਹੁਣ ਤਾਂ ਮੈਂ ਤਾਂ ਤੇਰੇ ਘਰੇ ਰਾਤ ਕੱਟਣ ਨੂੰ ਤਿਆਰ ਹਾਂ। ਮੈਂ ਕਦੇ ਕਿਸੇ ਨੂੰ ਮਿਲਣੋਂ ਨਾਂਹ ਨਹੀਂ ਕੀਤੀ।'' ਬਾਅਦ 'ਚ ਲਖਵਿੰਦਰ ਨੇ ਕਿਹਾ ਕਿ ਇੱਕ ਵਾਰ ਤਾਂ ਉਸਦੀ ਅਵਾਜ਼ ਦਬਵਾਉਣ ਉਸਨੂੰ ਵੱਡੀ ਗੱਡੀ ਤਾੜ ਦਿੱਤਾ ਗਿਆ। ਮਲਟੀਪਰਪਜ਼ ਹੈਲਥਵਰਕਰ ਦੀ ਡਿਪਲੋਮਾ ਧਾਰਕ ਲਖਵਿੰਦਰ ਦਾ ਕਹਿਣਾ ਸੀ ਕਿ ਬਾਦਲ ਵੱਲੋਂ ਨੌਕਰੀ ਨਾ ਦੇਣ ਕਰਕੇ ਉਹ ਅਜੇ ਤੱਕ ਵਿਆਹਿਆ ਨਹੀਂ ਜਾ ਸਕਿਆ। 

08 March 2017

ਚੋਣ ਲਾਟਰੀ : ਸਿਆਸੀ ਆਲ੍ਹਣਿਆਂ ’ਚ ਪਰਤਣ ਲੱਗੇ ਚੋਣ ਪਰਿੰਦੇ

  ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਚੋਣ ਲਾਟਰੀ ਦੇ ਨਤੀਜੇ ਦੀ ‘ਸੱਜਰੀ ਸਵੇਰ’ ਚੜ੍ਹਦੀ ਵੇਖ ਚੋਣ ਪਰਿੰਦੇ ਆਪਣੇ ਸਿਆਸੀ ਆਲ੍ਹਣਿਆਂ ’ਚ ਪੁੱਜਣ ਲੱਗੇ ਹਨ। ਸਿਆਸਤ ਦੇ ਸ਼ਾਹ ਅਸਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕੱਲ੍ਹ ਆਪਣੇ ਜੱਦੀ ਪਿੰਡ ਬਾਦਲ ਵਾਪਸ ਆ ਗਏ। ਉਹ ਆਪਣੇ ਸਿਆਸੀ ਕਿਲ੍ਹੇ ਪਿੰਡ ਬਾਦਲ ਤੋਂ ਚੋਣ ਨਤੀਜਿਆਂ ’ਤੇ ਨਜ਼ਰਾਂ ਰੱਖਣਗੇ।
ਜਾਣਕਾਰਾਂ ਅਨੁਸਾਰ ਸ੍ਰੀ ਬਾਦਲ ਹਰੇਕ ਚੋਣ ਨਤੀਜੇ ਸਮੇਂ ਪਿੰਡ ਬਾਦਲ ਵਿੱਚ ਰਹਿਣ ਨੂੰ ‘ਲੱਕੀ’ ਮੰਨਦੇ ਹਨ। ਉਨ੍ਹਾਂ ਅਮਰੀਕਾ ’ਚ ਸਿਹਤ ਜਾਂਚ ਮਗਰੋਂ ਪਿੰਡ ਬਾਲਾਸਰ ਫਾਰਮ ਹਾਊਸ ’ਚ ਛੁੱਟੀਆਂ ਬਿਤਾਈਆਂ। ਮੁੱਖ ਮੰਤਰੀ ਬਾਦਲ ਦੇ ਜੀਵਨ ਦੀ ਬੇਹੱਦ ਫਸਵੀਂ 11ਵੀਂ ਸੂਬਾਈ ਚੋਣ ਦਾ ਨਤੀਜਾ 11 ਮਾਰਚ ਦੇ ਸੂਰਜ ਦੀ ਟਿੱਕੀ ਨਾਲ ਜੁੜਿਆ ਹੈ। ਜਿਉਂ-ਜਿਉਂ ਨਤੀਜੇ ਦਾ ਸਮਾਂ ਘਟ ਰਿਹਾ ਹੈ ਉਮੀਦਵਾਰਾਂ ਅਤੇ ਸਮਰਥਕਾਂ ਦੇ ਕਲੇਜੇ ਪਾਟਣ ਨੂੰ ਹੋ ਰਹੇ ਹਨ। ਲੰਬੀ ਸੀਟ ’ਤੇ ਪੰਜਾਬ ਸਮੇਤ ਸਮੁੱਚੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹਨ। ਜੀਵਨ ਸਿਖ਼ਰ ’ਤੇ ਐਤਕੀਂ ਦਾ ਚੋਣ ਪ੍ਰਚਾਰ ਵੱਡੇ ਬਾਦਲ ਲਈ ਅਕਾਲੀ ਜਥੇਦਾਰਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਕਾਫ਼ੀ ਨਾਮੋਸ਼ੀ ਭਰਿਆ ਰਿਹਾ। ਉਂਝ ਵੱਡੇ ਬਾਦਲ ਨੇ ਆਪਣੇ ਜੀਵਨ ’ਚ ਕਦੇ ਵਿਧਾਨਸਭਾ ਚੋਣ ਨਹੀਂ ਹਾਰੀ। ਇਸ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਜਰਨੈਲ ਸਿੰਘ ਨਾਲ ਤਿਕੋਨੇ ਸਿਆਸੀ ਭੇੜ ’ਚ ਜਿੱਤ-ਹਾਰ ਦਾ ਫ਼ਰਕ ਉਂਗਲਾਂ ’ਤੇ ਗਿਣਨ ਵਾਂਗ ਬਣਿਆ ਪਿਆ ਹੈ। ਬਾਦਲ ਦੀ ਰਵਾਇਤੀ ਚੁੱਪੀ ਵਿਰੋਧੀਆਂ ਦੇ ਸੀਨੇ ਦੀ ਕੁਲਝਣ ਨੂੰ ਵਧਾ ਰਹੀ ਹੈ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਨਤੀਜੇ ਨੇ ਵਿਰੋਧੀਆਂ ਦੇ ਮੂੰਹ 11 ਮਾਰਚ ਤੱਕ ਸਿਉਂ ਜਿਹੇ ਦਿੱਤੇ ਹਨ। ਸਿਆਸੀ ਮਾਹਰ ਦਿੱਲੀ ਅਤੇ ਪੰਜਾਬ ਦੇ ਸਿਆਸੀ ਮਾਹੌਲ ’ਚ ਜ਼ਮੀਨ ਅਸਮਾਨ ਦਾ ਅੰਤਰ ਮੰਨਦੇ ਹਨ। 
ਪਿੰਡ ਬਾਦਲ ਪਰਤਣ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੁਝ ਵਰਕਰਾਂ ਨਾਲ ਮੁਲਾਕਾਤ ਕੀਤੀ। ਪਿੰਡ ਬਾਦਲ ’ਚ ਇੱਕ-ਦੋ ਪਰਿਵਾਰਾਂ ਵਿੱਚ ਮੌਤਾਂ ਕਰਕੇ ਦੁੱਖ ਪ੍ਰਗਟ ਕਰਨ ਲਈ ਗਏ। ਇਸ ਦੌਰਾਨ ਦੋ-ਤਿੰਨ ਅਕਾਲੀ ਉਮੀਦਵਾਰ ਵੀ ਮੁੱਖ ਮੰਤਰੀ ਬਾਦਲ ਨਾਲ ਮੁਲਾਕਾਤ ਲਈ ਪੁੱਜੇ। 
ਲੰਬੀ ਸੀਟ ਤੋਂ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਗੜ੍ਹ ਵਿੱਚ ਵੰਗਾਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਵੀ 9 ਮਾਰਚ ਨੂੰ ਸ਼ਾਮ ਪਿੰਡ ਬਾਦਲ ਪੁੱਜ ਰਹੇ ਹਨ, ਜੋ ਕਿ ਲੰਬੀ ਹਲਕੇ ’ਚ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੇ ਮੁੱਖ ਸਿਪਹਸਾਲਾਰ ਸਨ। ਜਿਨ੍ਹਾਂ ਮਹੇਸ਼ਇੰਦਰ-ਖੁੱਡੀਆਂ ਧੜੇ ਦੇ ਸਹਿਯੋਗ ਨਾਲ ਚੋਣ ਮੁਹਿੰਮ ਨੂੰ ਸਿਖ਼ਰ ’ਤੇ ਪਹੁੰਚਾਇਆ। ਕਾਂਗਰਸੀ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵੀ ਦਿੱਲੀ ਵਿਖੇ ਪਰਿਵਾਰਕ ਰੁਝੇਂਵਿਆਂ ਅਤੇ ਸਿਆਸੀ-ਸਮਾਜਿਕ ਸਰਗਰਮੀਆਂ ਨਿਪਟਾ ਕੇ 10 ਮਾਰਚ ਨੂੰ ਲੰਬੀ ਹਲਕੇ ’ਚ ਚੋਣ ਨਤੀਜੇ ਲਈ ਪੁੱਜ ਜਾਣਗੇ। ਉਂਝ ਜਰਨੈਲ ਸਿੰਘ ਵੋਟਾਂ ਉਪਰੰਤ ਕਈ ਦਿਨ ਬਾਅਦ ਤੱਕ ਵਰਕਰਾਂ ਨਾਲ ਮੁਲਾਕਾਤ ਕਰਕੇ ਪ੍ਰਚਾਰ ’ਚ ਪਾਏ ਯੋਗਦਾਨ ਲਈ ਹੌਂਸਲਾ ਅਫਜਾਈ ਕਰਦੇ ਰਹੇ ਹਨ। ਅਕਾਲੀ ਦਲ (ਅ) ਦੇ ਅੰਮ੍ਰਿਤਸਰ ਦੇ ਉਮੀਦਵਾਰ ਬਲਜਿੰਦਰ ਸਿੰਘ ਮੋਰਜੰਡ ਵੀ ਆਪਣੇ ਜੱਦੀ ਸੂਬੇ ਰਾਜਸਥਾਨ ਦੌਰੇ ਮਗਰੋਂ ਐਤਵਾਰ ਨੂੰ ਲੰਬੀ ਹਲਕੇ ’ਚ ਪਰਤ ਆਏ ਹਨ। ਉੱਧਰ ਚੋਣ ਪ੍ਰਸ਼ਾਸਨ ਨੇ ਲੰਬੀ ਹਲਕੇ ਦੇ ਵੋਟਾਂ ਦੀ ਗਿਣਤੀ ਲਈ ਮਿਮਿਟ ਮਲੋਟ ਵਿੱੱਚ ਵੱਡੇ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਅੱਜ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੀ.ਕੇ ਸਿੰਘ ਨੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। 

‘ਰਾਮ ਦੀ ਸਾਰ ਲੈਣ ਪੁੱਜਿਆ ਲਛਮਣ’
ਪੁੱਤਰਾਂ ਦੇ ਸਹੇੜੇ ਦੁਫੇੜੇ ਬਾਅਦ ਵੀ ‘ਰਾਮ-ਲਛਮਣ’ ਅਖਵਾਉਂਦੇ ਪਾਸ਼ ਅਤੇ ਦਾਸ ਕਦੇਂ-ਕਦਾਈਂ ਦੁੱਖ-ਸੁੱਖ ਸਾਂਝੇ ਕਰ ਹੀ ਲੈਂਦੇ ਹਨ। ਗੁਰਦਾਸ ਸਿੰਘ ਬਾਦਲ (ਦਾਸ) ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ (ਪਾਸ਼) ਦੇ ਅਮਰੀਕਾ ਤੋਂ ਸਿਹਤ ਜਾਂਚ ਉਪਰੰਤ
ਬਾਦਲ ਪਿੰਡ ਪੁੱਜਣ ’ਤੇ ਅੱਜ ਸੁੱਖ-ਸਾਂਦ ਪੁੱਛਣ ਲਈ ਗਏ। ਸਵੇਰੇ ਸਵਾ 10 ਵਜੇ ਬਾਦਲਾਂ ਦੀ ਰਿਹਾਇਸ਼ ’ਤੇ ਦਾਸ ਨੇ ਪਾਸ਼ ਨਾਲ 10-12 ਮਿੰਟ ਸਾਂਝੇ ਕੀਤੇ। ਪਤਾ ਲੱਗਿਆ ਹੈ ਕਿ ਦੋਵੇਂ ਭਰਾ ਧੱੁਪੇ ਲਾੱਨ ’ਚ ਇਕੱਲੇ ਬੈਠੇ ਰਹੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੀ ਰਿਹਾਇਸ਼ ’ਤੇ ਮੌਜੂਦ ਸਨ ਪਰ ਉਹ ਆਪਣੇ ਚਾਚੇ ਨੂੰ ਮਿਲਣ ਲਈ ਖਾਤਰ ਬਾਹਰ ਆਉਣ ਨੂੰ ਤਰਜੀਹ ਨਹੀਂ ਦਿੱਤੀ। ਸੂਤਰ ਅਨੁਸਾਰ ਉਦੋਂ ਅੰਦਰ ਕੋਠੀ ’ਚ ਸੁੱਤੇ ਹੋਏ ਹਨ। ਜ਼ਿਕਰਯੋਗ ਹੈ ਕਿ ਗੁਰਦਾਸ ਬਾਦਲ ਹਮੇਸ਼ਾਂ ਆਪਣੇ ਭਰਾ ਨਾਲ ਦੁਫੇੜ ਪੈਣ ਲਈ ਭਤੀਜੇ ਸੁਖਬੀਰ ਸਿੰਘ ਬਾਦਲ ਨੂੰ ਜੁੰਮੇਵਾਰ ਦੱਸਦੇ ਰਹੇ ਹਨ। ਗੁਰਦਾਸ ਸਿੰਘ ਬਾਦਲ ਦੇ ਨਜ਼ਦੀਕੀਆਂ ਅਨੁਸਾਰ ਦਾਸ ਜੀ ਭਰਾ ਵਜੋਂ ਬਾਦਲ ਸਾਬ੍ਹ ਦੀ ਸਿਹਤਯਾਬੀ ਪੁੱਛਣ ਲਈ ਗਏ ਸਨ।

07 March 2017

ਬਾਦਲਾਂ ਦੀ 'ਮੁਫ਼ਤ-ਮੁਫ਼ਤ-ਮੁਫ਼ਤ' ਖੇਡ ਨੇ ਵਿਗਾੜੀਆਂ ਆਦਤਾਂ

*  ਸਰਕਾਰੀ ਪਾਣੀ ਨੂੰ ‘ਪ੍ਰਾਹੁਣਿਆਂ’ ਵਾਂਗ ਵਰਤਣ ਵਾਲੇ ‘ਮੁਫ਼ਤਖ਼ੋਰਾਂ’ ਨੇ ਜਲ ਸਪਲਾਈ ਦੀ ਲੱਸੀ ਕੱਢੀ
*  ਦੋ ਤੋਂ ਸਵਾ 3 ਰੁਪਏ ਰੋਜ਼ਾਨਾ ਬਚਾਉਣ ਵਾਲੇ ਲੋਕ ਹੁਣ ਖਰੀਦੇ ਰਹੇ 3-3 ਸੌ ਰੁਪਏ ਪਾਣੀ ਦੇ ਟੈਂਕ
*  ਵੀ.ਆਈ.ਪੀ. ਹਲਕੇ ’ਚ ਜਲ ਸਪਲਾਈ ਦੇ ਡਿਫਾਲਟਰਾਂ ਅਤੇ ਨਜਾਇਜ਼ ਕੁਨੈਕਸ਼ਨਾਂ ਦੀ 80 ਤੋਂ 90 ਫ਼ੀਸਦੀ

                                                                ਇਕਬਾਲ ਸਿੰਘ ਸ਼ਾਂਤ
ਲੰਬੀ: ਸਰਕਾਰੀ ਪਾਣੀ ਨੂੰ ‘ਪ੍ਰਾਹੁਣਿਆਂ’ ਵਾਂਗ ਵਰਤਣ ਵਾਲੇ ‘ਮੁਫ਼ਤਖ਼ੋਰ’ ਖਪਤਕਾਰਾਂ ਨੇ ਸਮੁੱਚੇ ਪੇਂਡੂ ਜਲ ਸਪਲਾਈ ਢਾਂਚੇ ਦੀ ਲੱਸੀ ਕੱਢ ਕੇ ਰੱਖ ਦਿੱਤੀ। ਪਿੰਡਾਂ ਵਿੱਚ ਵਾਟਰ ਵਰਕਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਲੋਕ ਸੌ ਤੋਂ ਡੇਢ ਸੌ ਗੁਣਾ ਖਰਚ ਕੇ ਤਿੰਨ-ਤਿੰਨ ਸੌ ਰੁਪਏ ’ਚ ਪ੍ਰਤੀ ਟੈਂਕ ਪਾਣੀ ਖਰੀਦ ਰਹੇ ਹਨ ਅਤੇ ਕਈ ਰਜਵਾਹਿਆਂ ਤੋਂ ਪਾਣੀ ਲਿਆ ਰਹੇ ਹਨ। ਦੂਜੇ ਪਾਸੇ ਘਰੇ ਟੂਟੀ ਰਾਹੀਂ ਆਉਂਦੇ ਪੇਂਡੂ ਜਲ ਸਪਲਾਈ ਦਾ ਬਿੱਲ ਸਿਰਫ਼ 2 ਤੋਂ ਸਵਾ ਤਿੰਨ ਰੁਪਏ ਰੋਜ਼ਾਨਾ ਪੈਂਦਾ ਹੈ। ਬਹੁ-ਗਿਣਤੀ
ਲੋਕਾਂ ਨੇ ਅਕਾਲੀ ਸਰਕਾਰ ਦੇ ਮੁਫ਼ਤ ਬਿਜਲੀ-ਪਾਣੀ ਦੇ ਸੁਆਦ ’ਚ ਜਲ ਸਪਲਾਈ ਦੇ ਪਾਣੀ ਨੂੰ ਮੁਫ਼ਤ ਦਾ ਮਾਲ ਸਮਝ ਲਿਆ। ਜਲ ਅਤੇ ਸੈਨੀਟੇਸ਼ਨ ਵਿਭਾਗ ਦਾ ਘਰੇਲੂ ਜਲ ਸਪਲਾਈ ਦਾ ਪ੍ਰਤੀ ਮਹੀਨਾ ਬਿੱਲ 60 ਰੁਪਏ ਮਹੀਨਾ ਹੈ ਅਤੇ ਪੰਚਾਇਤਾਂ ਦੇ ਅਧੀਨ ਵਾਟਰ ਵਰਕਸਾਂ ਵਿੱਚ ਸੌ ਰੁਪਏ ਪਤੀ ਮਹੀਨਾ ਬਿੱਲ ਹੈ। ਲੰਬੀ ਹਲਕੇ ਵਿੱਚ ਕਰੀਬ ਤਿੰਨ ਦਰਜਨ ਵਾਟਰ ਵਰਕਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਹੋਏ ਹਨ। ਦਿਨੋਂ ਦਿਨ ਮੌਸਮ ’ਚ ਗਰਮੀ ਵਧਣ ਕਰਕੇ ਪਾਣੀਆਂ ਲੋੜਾਂ ਵਧ ਰਹੀਆਂ ਹਨ। ਅਜਿਹੇ ਵਿੱਚ ਪਾਣੀ ਦੀ ਥੁੜ ’ਚ ਘਰੇਲੂ ਜ਼ਰੂਰਤਾਂ ਵਿੱਚ ਦਿੱਕਤਾਂ ਵਧ ਰਹੀਆਂ ਹਨ। ਕਾਫ਼ੀ ਗਿਣਤੀ ਲੋਕ ਪਾਣੀ ਦੇ ਬਿੱਲ ਭਰਨ ਦੀ ਪੈਰਵੀ ਵੀ ਕਰਦੇ ਹਨ। ਜਦੋਂ ਕਿ ਆਮ ਲੋਕਾਂ ਦਾ ਪੰਚਾਇਤਾਂ ਅਤੇ ਵਿਭਾਗ ’ਤੇ ਬਿੱਲ ਉਗਰਾਹੀ ਨਾ ਕਰਨ ਦਾ ਗੁੱਸਾ ਵੀ ਨਿੱਕਲ ਰਿਹਾ ਹੈ। ਲੰਬੀ ਹਲਕੇ ’ਚ ਵੋਟਾਂ ਨੇੜੇ ਹੋਣ ਕਰਕੇ ਪੰਚਾਇਤਾਂ ਅਤੇ ਵਿਭਾਗ ਨੇ ਕਾਫ਼ੀ ਸਮੇਂ ਪਾਣੀ ਬਿੱਲ ਉਗਰਾਹੁਣ ਤੋਂ ਪਾਸਾ ਵੱਟੀ ਰੱਖਿਆ। ਮੁਫ਼ਤਖ਼ੋਰੀ ਦੇ ਸ਼ੌਂਕੀਨ ਬਣੇ ਹਲਕੇ ਦੇ ਵੀ.ਆਈ.ਪੀ. ਵੋਟਰ ਕੀਮਤੀ ਜਲ ਸਪਲਾਈ ਦੀ ਖੁੱਲੇ੍ਹਆਮ ਦੁਰਵਰਤੋਂ ਦੇ ਆਦੀ ਬਣੇ ਗਏ।
ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਲੰਬੀ ਸਬਡਿਵੀਜਨ ਦੇ 24 ਪਿੰਡਾਂ ਵਿਚੋਂ 10 ਵਾਟਰ ਵਰਕਸਾਂ ਦਾ ਚਾਰਜ਼ ਵਿਭਾਗ ਕੋਲ ਹੈ। 14 ਪਿੰਡਾਂ ਦੀ ਜਲ ਸਪਲਾਈ ਪੰਚਾਇਤਾਂ ਕੋਲ ਹਨ। ਵਿਭਾਗ ਹੇਠਲੇ ਤਿੰਨ ਵਾਟਰ ਵਰਕਸ ਲੰਬੀ, ਸ਼ੇਰਾਂਵਾਲੀ, ਧੌਲਾ-ਕਿੰਗਰਾ ਦੇ ਕੁਨੈਕਸ਼ਨ ਕੱਟੇ ਹੋਏ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਅਧੀਨ 10 ਪਿੰਡਾਂ ’ਚ ਲਗਪਗ 28 ਸੌ ਕੁਨੈਕਸ਼ਨ ਹਨ। ਜਿਨ੍ਹਾਂ ਤੋਂ ਲਗਪਗ 77 ਲੱਖ ਰੁਪਏ ਦੇ ਬਿੱਲਾਂ ਦੀ ਉਗਰਾਹੀ ਬਾਕੀ ਹੈ। ਸੂਤਰਾਂ ਅਨੁਸਾਰ ਹਰ ਪਿੰਡ ’ਚ ਸੈਂਕੜੇ ਕੁਨੈਕਸ਼ਨ ਨਜਾਇਜ਼ ਹਨ ਅਤੇ ਵਿਭਾਗ ਜਾਂ ਪੰਚਾਇਤਾਂ ਦੀ ਉਨ੍ਹਾਂ ਵੱਲ ਤੱਕਣ ਦੀ ਜੁਰੱਅਤ ਨਹੀਂ। ਲੰਬੀ ਦੀ ਅੌਰਤ ਅਕਾਲੀ ਸਰਪੰਚ ਦੇ ਪਤੀ ਸੁਖਵੰਤ ਸਿੰਘ ਅਨੁਸਾਰ ਲੰਬੀ ’ਚ ਲਗਪਗ 3 ਸੌ ਨਜਾਇਜ਼ ਕੁਨੈਕਸ਼ਨ ਹਨ ਅਤੇ 90 ਫ਼ੀਸਦੀ ਜਾਇਜ਼ ਕੁਨੈਕਸ਼ਨ ਧਾਰਕਾਂ ਵਿੱਚ ਪਾਣੀ ਬਿੱਲਾਂ ਦੇ ਡਿਫਾਲਟਰ ਹਨ। ਇਹ ਪਤਾ ਲੱਗਿਆ ਹੈ ਕਿ ਇੱਕ-ਇੱਕ ਘਰ ਨੇ ਦੋ-ਦੋ ਤਿੰਨ ਕੁਨੇਕਸ਼ਨ ਨਜਾਇਜ਼ ਲਗਵਾਏ ਹੋਏ ਹਨ। ਅਜਿਹੇ ਹਾਲਾਤ ਲੰਬੀ ਹਲਕੇ ਦੇ ਲਗਪਗ ਹਰੇਕ ਪਿੰਡ ਵਿੱਚ ਬਣੇ ਹੋਏ ਹਨ। ਹਲਕੇ ਤੋਂ ਸਭ ਤੋਂ ਵੱਡੇ ਕਸਬੇ ਰੂਪੀ ਪਿੰਡ ਮੰਡੀ ਕਿੱਲਿਆਂਵਾਲੀ ’ਚ ਕਰੀਬ 982 ਜਾਇਜ਼ ਕੁਨੈਕਸ਼ਨ ਅਤੇ ਇੱਕ 17-18 ਸੌ ਕੁਨੈਕਸ਼ਨ ਨਜਾਇਜ਼ ਹਨ। ਕੁਨੈਕਸ਼ਨ ਧਾਰਕਾਂ ਵੱਲ ਵਿਭਾਗ ਦੇ 33 ਲੱਖ ਰੁਪਏ ਪਾਣੀ ਬਿੱਲ ਬਕਾਇਆ ਹਨ। ਜਦੋਂ ਕਿ 56 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਮੰਡੀ ਕਿੱਲਿਆਂਵਾਲੀ ਵਾਟਰ ਵਰਕਸ ਦਾ ਪ੍ਰਤੀ ਮਹੀਨੇ ਬਿਜਲੀ ਬਿੱਲ ਕਰੀਬ 1.80 ਲੱਖ ਆਉਂਦਾ ਹੈ। ਪਾਣੀ ਬਿੱਲਾਂ ਦੀ ਉਗਰਾਹੀ ਸਿਰਫ਼ 30-35 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਕਸਬੇ ’ਚ
ਕੁਨੈਕਸ਼ਨ ਧਾਰਕ ਆਂਢ-ਗੁਆਂਢ ’ਚ ’ਚ ਨਜਾਇਜ਼ ਕੁਨੈਕਸ਼ਨ ਵੇਖ ਪਾਣੀ ਬਿੱਲ ਭਰਨ ਤੋਂ ਮੁਨਕਰ ਹਨ। ਵਿਭਾਗ ਅਕਾਲੀ ਦਲ ਦੇ ਆਗੂਆਂ ਦੀ ਧੱਕੜਪੁਨੇ ਮੂਹਰੇ ਦਸ ਸਾਲ ਤੱਕ ਪੂੱਛਾਂ ਦੱਬ ਕੇ ਵੇਲਾ ਲੰਘਾਉਂਦਾ ਆ ਰਿਹਾ ਹੈ। ਇਸ ਸਬਡਿਵੀਜਨ ’ਚ ਮੰਡੀ ਕਿੱਲਿਆਂਵਾਲੀ, ਭੀਟੀਵਾਲਾ, ਵੜਿੰਗਖੇੜਾ, ਫਤੂਹੀਵਾਲਾ, ਸਿੰਘੇਵਾਲਾ, ਢਾਣੀ ਸਿੰਘੇਵਾਲਾ, ਢਾਣੀ ਤੇਲਿਆਂਵਾਲੀ ਵਗੈਰਾ ਦੇ ਕੁਨੈਕਸ਼ਨ ਕੱਟੇ ਹੋਏ ਹਨ। ਬਿੱਲ ਉਗਰਾਹੀ ਪੱਖੋਂ ਜਲ ਸਪਲਾਈ ਸਿਸਟਮ ਦੇ ਫੇਲ੍ਹ ਹੋਣ ਦਾ ਕਾਰਨ ਪੰਚਾਇਤ ਉੱਪਰ ਵਿਭਾਗ ਦਾ ਡੰਡਾ ਨਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਹੈਰਾਨੀ ਭਰਿਆ ਤੱਥ ਹੈ ਵਿਭਾਗ ਕੋਲ ਪੰਚਾਇਤਾਂ ਅਧੀਨ ਵਾਟਰ ਵਰਕਸਾਂ ਦੇ ਜਾਇਜ਼-ਨਜਾਇਜ਼ ਪਾਣੀ ਕੁਨੈਕਸ਼ਨਾਂ ਦੀ ਗਿਣਤੀ, ਡਿਫਾਲਟਰਾਂ ਵਗੈਰਾ ਦੇ ਅੰਕੜੇ ਪੱਖੋਂ ਪੂਰੀ ਤਰ੍ਹਾਂ ਖਾਲੀ ਹਨ। 21 ਪਿੰਡਾਂ ਦੀ ਜਲ ਸਪਲਾਈ ਪੰਚਾਇਤਾਂ ਅਧੀਨ ਹੈ। ਮੰਡੀ ਕਿੱਲਿਆਂਵਾਲੀ ’ਚ ਕੁਝ ਲੋਕਾਂ ਨੇ ਨਜਾਇਜ਼ ਕੁਨੈਕਸ਼ਨਾਂ ਖਿਲਾਫ਼ ਮੁਹਿੰਮ ਵਿੱਢੀ ਸੀ ਪਰ ਸੱਤਾਪੱਖੀ ਦਬਾਅ ਮੂਹਰੇ ਗੱਲ ਉਥੇ ਹੀ ਦਬ ਗਈ। ਪਿੰਡ ਲੁਹਾਰਾ ਦੀ ਅੌਰਤ ਅਮਨਦੀਪ ਕੌਰ ਨੇ ਪਾਣੀ ਦੀ ਸਹੂਲਤ ਬਰਕਰਾਰ ਰੱਖਣ ਲਈ ਬਿੱਲ ਭਰਨ ਦੀ ਵਕਾਲਤ ਕੀਤੀ ਅਤੇ 5-6 ਮਹੀਨੇ ਤੋਂ ਕੋਈ ਬਿੱਲ ਲੈਣ ਨਹੀਂ ਆਇਆ। ਸਾਨੂੰ ਸੌ ਰੁਪਏ ਪ੍ਰਤੀ ਮਹੀਨਾ ਪਾਣੀ ਬਿੱਲ ਦੇਣਾ ਸੌਖਾ ਹੈ ਇਹ ਕੋਈ ਵੱਡੀ ਰਕਮ ਨਹੀਂ। ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਵਾ 3 ਰੁਪਏ ਰੋਜ਼ਾਨਾ ਨਹਿਰੀ ਪਾਣੀ ਘਰ ਬੈਠਿਆਂ ਮਿਲਣਾ ਤਾਂ ਸਵਰਗ ਜਿਹੀ ਸਹੂਲਤ ਹੈ ਪਰ ਲੋਕ ਅਣਗਹਿਲੀ ਅਤੇ ਥੋੜ੍ਹੇ ਲਾਲਚ ਕਰਕੇ ਇਸ ਸਹੂਲਤ ਦਾ ਘਾਣ ਕਰ ਰਹੇ ਹਨ। ਸੁਰਿੰਦਰ ਕੌਰ ਨਾਮਕ ਬਜ਼ੁਰਗ ਅੌਰਤ ਨੇ ਕਿਹਾ ਕਿ ਵੱਡੇ ਵੱਡੇ ਬੰਦੇ ਬਿਜਲੀ ਦੇ ਬਿੱਲ ਨਹੀਂ ਭਰਦੇ ਅਤੇ ਅਕਾਲੀ ਸਰਕਾਰ ਨੇ ਲੋਕਾਂ ਨੂੰ ਬਿਜਲੀ ਮੁਫ਼ਤ, ਪਾਣੀ ਮੁਫ਼ਤ, ਆਹ ਮੁਫ਼ਤ, ਓਹ ਮੁਫ਼ਤ ਦਾ ਸੁਭਾਅ ਪਾ ਕੇ ਸਾਰਾ ਪੰਗਾ ਪਾਇਆ ਹੈ। ਹੁਣ ਲੋਕ ਭੁਗਤਣਗੇ ਜਦੋਂ ਇਕੱਠਾ ਬਿੱਲ ਭਰਨਾ ਪਿਆ। ਸਰਕਾਰ ਲੋਕਾਂ ਵੱਲੋਂ ਪੀਤੇ ਪਾਣੀ ਦਾ ਬਿੱਲ ਕਦੋਂ ਤੱਕ ਭਰੂ।
ਵਾਟਰ ਵਰਕਸ ਨੂੰ ਜਾਂਦੀ ਪਾਈਪ ਦੀ ਹੋਦੀ ਵਿਚੋਂ ਪਾਣੀ ਭਰਦੇ ਨੌਜਵਾਨਾਂ ਨੇ ਐਵੇਂ ਮੁਫ਼ਤ ਮੁਫ਼ਤ ਵਾਲਾ ਪੰਗਾ ਪਾ ਰੱਖਿਐ ਸਵੇਰ ਤੋਂ ਸਾਇਕਲ ’ਤੇ ਪਾਣੀ ਢੋਹ-ਢੋਹ ਕੇ ਕਮਲੇ ਹੋ ਗਏ। ਕਾਮਰੇਡ ਸੁਖਪਾਲ ਸਿੰਘ ਲੰਬੀ ਨੇ ਕਿਹਾ ਕਿ ਮੁਫ਼ਤਖ਼ੋਰੀ ਦਾ ਆਦਤ ਪਹਿਲਾਂ ਪਹਿਲਾਂ ਚੰਗੀ ਲੱਗਦੀ ਸੀ ਪਰ ਹੁਣ ਇਹ ਭੱਠਾ ਬਿਠਾਉਣ ਲੱਗੀ ਹੈ। ਲੋਕ ਸਰਕਾਰਾਂ ਦੀ ਮਿੱਠੀਆਂ ਗੋਲੀਆਂ ਦੇ ਅੜਿੱਕੇ ਚੜ੍ਹ ਕੇ ਬੁਨਿਆਦੀ ਸਹੁੂਲਤਾਂ ਦਾ ਘਾਣ ਕਰ ਰਹੇ ਹਨ। ਲੰਬੀ ਅਤੇ ਮੰਡੀ ਕਿੱਲਿਆਂਵਾਲੀ ਸਬਡਿਵੀਵਨ ਦੇ ਐਸ.ਡੀ.ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਬਿਜਲੀ ਬਿੱਲਾਂ ਦੀ ਕਿਸ਼ਤਾਂ ਵਗੈਰਾ ਭਰ ਕੇ ਜਨਤਾ ਨੂੰ ਪਾਣੀ ਸੰਕਤ ਤੋਂ ਬਚਾਉਣ ਲਈ ਵਾਟਰ ਵਰਕਸਾਂ ਦੇ ਕੁਨੈਕਸ਼ਨ ਚਾਲੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਣੀ ਬਿੱਲ ਉਗਰਾਹੀ ਦੀ ਮੁਹਿੰਮ ਵਿੱਢ ਕੇ ਜਲ ਸਪਲਾਈ ਸਕੀਮ ਨੂੰ ਆਰਥਿਕ ਪੱਖੋਂ ਮੁੜ ਲੀਹ ’ਤੇ ਲਿਆਂਦਾ ਜਾਵੇਗਾ। ਜਿਸ ਵਿੱਚ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੋਵੇਗੀ। 

90 ਫ਼ੀਸਦੀ ਉਗਰਾਹੀ ਨਾਲ ਖਿਉਵਾਲੀ ਅੱਵਲ
ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਖਾਤੇ ਖਿਉਵਾਲੀ ਇਕਲੌਤਾ ਅੱਵਲ ਪਿੰਡ ਹੈ। ਜਿੱਥੋਂ ਦੇ 90 ਫ਼ੀਸਦੀ ਕੁਨੈਕਸ਼ਨ ਧਾਰ ਬਿੱਲ ਭਰਨ ਨੂੰ ਤਰਜੀਹ ਦਿੰਦੇ ਹਨ। ਦੂਜੇ ਹਲਕੇ ਦੇ ਹੋਰਨਾਂ ਪਿੰਡਾਂ ’ਚ 80-90 ਫ਼ੀਸਦੀ ਡਿਫ਼ਾਲਟਰ ਅਤੇ ਨਜਾਇਜ਼ ਕੁਨੇੈਕਸ਼ਨ ਹਨ।

ਡੱਬਵਾਲੀ ਦਾ ਸਰਕਾਰੀ ਕਾਲਜ ਬਣਿਆ ਰਾਸ਼ਟਰੀ ਸਵੈਸੇਵਕ ਸੰਘ ਗਤੀਵਿਧੀਆਂ ਦਾ ਕੇਂਦਰ

- ਵਿਵੇਕਾਨੰਦ ਵਿਚਾਰ ਮੰਚ ਜਰੀਏ ਵਿਦਿਆਰਥੀਆਂ ਦਾ ਹੋ ਰਿਹਾ ਭਗਵਾਕਰਨ
- ਵਿਚਾਰ ਮੰਚ ਦੇ ਮੈਂਬਰਾਂ ਨੂੰ ਸਰਕਾਰੀ ਖਰਚੇ ’ਤੇ ਜੈਪੂਰ ਟੂਰ, ਬਾਕੀਆਂ ਨੂੰ ਦੁਤਕਾਰ
- ਪਿੰ੍ਰੰਸੀਪਲ ਦੀ ਕਾਰਜਪ੍ਰਣਾਲੀ ਵਿਵਾਦਾਂ ’ਚ : ਲੈਚਕਰਾਰਾਂ/ ਵਿਦਿਆਰਥੀਆਂ ਨੇ ਲਗਾਏ ਗੰਭੀਰ ਦੋਸ਼
- ਡੱਬਵਾਲੀ ਦੀ ਐਸ.ਡੀ.ਐਮ. ਕੋਲ ਪੜਤਾਲ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ-ਡਾ. ਬੀ.ਆਰ ਅੰਬਦੇਕਰ ਸਰਕਾਰੀ ਕਾਲਜ (ਪਿੰਡ ਡੱਬਵਾਲੀ) ਦੇ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਕਾਲਜ ਨੂੰ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ) ਦੀਆਂ ਗਤੀਵਿਧੀਆਂ ਦਾ ਕੇਂਦਰ ਬਣਾਉਣ ਲਈ ਵਿਵਾਦਾਂ ਵਿੱਚ ਘਿਰ ਗਏ ਹਨ। ਕਾਰਜਕਾਰੀ ਪ੍ਰਿੰਸੀਪਲ ਵੱਲੋਂ ਗਠਿਤ ਵਿਵੇਕਾਨੰਦ ਵਿਚਾਰ ਮੰਚ ਸਦਕਾ ਵਿਦਿਆਰਥੀਆਂ ਨੂੰ ‘ਹਿੰਦੂ’ ਅਤੇ ‘ਗੈਰ-ਹਿੰਦੂ’ ਵਿੱਚ ਵੰਡੇ ਗਏ ਹਨ। ਵਿਵੇਕਾਨੰਦ ਵਿਚਾਰ ਮੰਚ ਦਾ ਮੈਂਬਰ ਬਣਨ ਨੂੰ ‘ਚੰਗੇ ਵਿਦਿਆਰਥੀ’ ਦਾ ਰੁਤਬਾ ਮਿਲਦਾ ਹੈ ਅਤੇ ਮੰਚ ਤੋਂ ਦੂਰੀ
ਰੱਖਣ ਵਾਲੇ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਕਾਰਜ: ਪ੍ਰਿੰਸੀਪਲ ਦੀ ਕਥਿਤ ਨਾ-ਸਹਿਨਯੋਗ ਮੰਦੀ ਸ਼ਬਦਾਵਲੀ ਅਤੇ ਹੇਠਲੇ ਦਰਜੇ ਦੇ ਵਿਵਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਰਾਕੇਸ਼ ਵਧਵਾ ਦੀ ਕਾਰਜਪ੍ਰਣਾਲੀ ਤੋਂ ਤੰਗ ਸੈਂਕੜੇ ਵਿਦਿਆਰਥੀ ਅੱਜ ਟਰੈਕਟਰ ਟਰਾਲੀਆਂ ’ਤੇ ਭਰ ਕੇ ਐਸ.ਡੀ.ਐਮ. ਡੱਵਬਾਲੀ ਸੰਗੀਤਾ ਤੇਤਰਵਾਲ ਕੋਲ ਪੁੱਜ ਗਏ ਅਤੇ ਲਿਖਤੀ ਸ਼ਿਕਾਇਤ ਸੌਂਪੀ। ਇਸਤੋਂ ਪਹਿਲਾਂ ਕਾਲਜ ’ਚ ਕਾਫ਼ੀ ਹੰਗਾਮਾ ਹੋਇਆ। ਹਾਲਾਂਕਿ ਕਾਲਜ ’ਚ ਵਿਚਾਰ ਮੰਚ ਦੇ ਕੁਝ ਵਿਦਿਆਰਥੀ ਰਾਕੇਸ਼ ਵਧਵਾ ਦੀ ਹਮਾਇਤ ’ਤੇ ਡਟੇ ਵਿਖਾਈ ਦਿੱਤੇ। ਕਾਲਜ ਦੇ ਪੱਕੇ ਲੈਕਚਰਾਰਾਂ ਨੇ ਪਹਿਲਾਂ ਹੀ ਕਾਰਜਕਾਰੀ ਪ੍ਰਿੰਸੀਪਲ ’ਤੇ ਗੰਭੀਰ ਦੋਸ਼ਾਂ ਵਾਲੀ ਸ਼ਿਕਾਇਤ ਸਰਕਾਰ ਨੂੰ ਭੇਜੀ ਹੋਈ ਹੈ। ਜਿਸਦੀ ਪੜਤਾਲ ਐਸ.ਡੀ.ਐਮ ਕੋਲ ਹੈ। ਬੀਤੇ ਦਿਨ੍ਹੀਂ ਲੈਕਚਰਾਰਾਂ ਨੇ ਪੜਤਾਲ ਤਹਿਤ ਆਪਣੇ ਬਿਆਨ ਦਰਜ ਕਰਵਾਏ ਸਨ। ਅੱਜ ਬਾਅਦ ਦੁਪਿਹਰ ਕਾਰਜਕਾਰੀ ਪ੍ਰਿੰਸੀਪਲ ਆਪਣਾ ਪੱਖ ਰੱਖਣ ਲਈ ਐਸ.ਡੀ.ਐਮ ਦਫਤਰ ਪਹੁੰਚੇ। ਅੱਜ ਅਹਿਤਿਆਤ ਵਜੋਂ ਕਾਲਜ ਕੈਂਪਸ ’ਚ ਪੁਲਿਸ ਤਾਇਨਾਤ ਰਹੀ। ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਐਸ.ਡੀ.ਐਮ ਕੋਲ ਜਾਣੋਂ ਰੋਕਣ ਲਈ ਮੁੱਖ ਗੇਟ ਨੂੰ ਜਿੰਦਰਾ ਵੀ ਲਗਵਾ ਦਿੱਤਾ।
ਕਾਲਜ ਕੈਂਪਸ ਦੀ ਇਮਾਰਤ ਦੇ ਮੱਥੇ ਤੋਂ ਆਰ.ਐਸ.ਐਸ ਦੇ ਝਲਕਾਰੇ ਵੱਜਦੇ ਹਨ। ਜਿੱਥੇ ਆਰ.ਐਸ.ਐਸ ਦੇ ਬਾਨੀ ਮਾਧਵ ਸ਼ਿਵਰਾਓ ਗੋਵਲਕਰ ਦੀ ਤਸਵੀਰ ਅਤੇ ਧਰਮ ਲਈ ਜਿਉਣ ਅਤੇ ਸਮਾਜ ਲਈ ਜਿਉਣ.. ਪ੍ਰੇਰਦਾ ਜਿਹਾ ਭਾਵਨਾਤਮਿਕ ਸ਼ਬਦਾਂ ਵਾਲਾ ਵੱਡਾ ਹੋਰਡਿੰਗ ਲਗਾਇਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਰਾਕੇਸ਼ ਵਧਵਾ ਦਾ ਪਰਿਵਾਰ ਮੁੱਢ ਤੋਂ ਭਾਜਪਾ ਅਤੇ ਆਰ.ਐਸ.ਐਸ ਨਾਲ ਜੁੜਿਆ ਹੋਇਆ ਹੈ। ਉਹ ਖੁਦ ਆਰ.ਐਸ.ਐਸ ਦੀ ਕਾਲਜ ਵਿਦਿਆਰਥੀ ਸ਼ਾਖਾ ਦੇ ਮੁਖੀ ਹਨ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਆਰ.ਐਸ.ਐਸ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉੁਨ੍ਹਾਂ ਦਾ ਛੋਟਾ ਭਰਾ ਵਿਜੈ ਵਧਵਾ ਜ਼ਿਲ੍ਹਾ ਸਿਰਸਾ ਭਾਜਪਾ ਦਾ ਮਹਾਂ ਮੰਤਰੀ ਹੈ।
ਵਿਦਿਆਰਥੀਆਂ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਦਾ ਰਵੱਈਆ ਵਿਦਿਆਰਥਣਾਂ ਪ੍ਰਤੀ ਬੇਹੱਦ ਮਾੜਾ, ਅਵਿਵਹਾਰਕ ਅਤੇ ਪੱਖਪਾਤੀ ਹੈ। ਪ੍ਰਿੰਸੀਪਲ ਵਿਦਿਆਰਥੀਆਂ ਵਿੱਚ ਵਿਚਾਰਧਾਰਾ ਦੇ ਆਧਾਰ ਵੰਡੀਆ ਪਾ ਦਿੱਤੀਆਂ ਹਨ। ਕਾਲਜ ’ਚ ਵਿਦਿਆਰਥੀਆਂ ਲਈ ਬੁੱਧਵਾਰ ਅਤੇ ਸ਼ਨੀਵਾਰ ਨੂੰ ਬੇਵਜ੍ਹਾ ਡਰੈੱੈਸ ਕੋਡ ਲਾਗੂ ਕੀਤਾ ਹੋਇਆ ਹੈ। ਵਿਦਿਆਰਥੀਆ ਨੇ ਡਰੱੈਸ ਨਾ ਪਾਉਣ ’ਤੇ ਉਨ੍ਹਾਂ ਨੂੰ ਪੇਪਰ ਵਿੱਚੋਂ ਉਠਾ ਦਿੱਤਾ ਜਾਂਦਾ ਹੈ। ਕਾਲਜ ਕੈਂਪਸ ਵਿੱਚ ਮੋਬਾਇਲ ਚਲਾਉਣ ’ਤੇ 5 ਸੌ ਰੁਪਏ ਜੁਰਮਾਨ ਜਾਂ ਆਰ.ਐਸ.ਐਸ. ਸ਼ਾਖਾ ’ਚ ਜਾਣ ਲਈ ਆਖਿਆ ਜਾਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰੀ ਖਰਚ ’ਤੇ ਜੈਪੁਰ ਟੂਰ ’ਤੇ ਲਿਜਾਏ ਗਏ 44 ਵਿਦਿਆਰਥੀਆਂ ਵਿਚੋਂ 40 ਵਿਵੇਕਾਨੰਦ ਵਿਚਾਰ ਮੰਚ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਵਿਚਾਰ ਮੰਚ ਦੇ ਮੈਂਬਰਾਂ ਨੂੰ ਹਰ ਸਹੂਲਤ ਦਿੱਤੀ ਜਾਂਦੀ ਹੈ ਅਤੇ  ਦੂਜਿਆਂ ਨੂੰ ਦੁਤਕਾਰਿਆ ਅਤੇ ਮੰਦੀ ਭਾਸ਼ਾ ਤੱਕ ਬੋਲੀ ਜਾਂਦੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਕਤ ਪ੍ਰਿੰਸੀਪਲ ਵਿਚਾਰ ਮੰਚ ਦਾ ਮੈਂਬਰ ਨਾ ਬਣਨ ਵਾਲੀਆਂ ਵਿਦਿਆਰਥਣਾਂ ਨੂੰ ਕਥਿਤ ਤੌਰ ’ਤੇ ਘੋੜੀ ਅਤੇ ਗਧੀ ਤੱਕ ਸੰਬੋਧਨ ਕਰਕੇ ਜਲੀਲ ਕਰਦੇ ਹਨ। ਸ਼ਿਕਾਇਤ ਵਿੱਚ ਆਖਿਆ ਕਿ ਰਾਕੇਸ਼ ਵਧਵਾ ਭੁਗੋਲ ਵਿਸ਼ੇ ਦੇ ਲੈਕਚਰਾਰ ਹਨ। ਉਨ੍ਹਾਂ ਕੋਲ ਪ੍ਰਿੰਸੀਪਲ ਦਾ ਅਡੀਸ਼ਨਲ ਚਾਰਜ ਹੈ। ਉਹ ਭੂਗੋਲ ਵਿਸ਼ੇ ਦੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਨਹੀਂ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਦੀਆਂ ਕਲਾਸਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿੱਖ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਹਿੰਦੂ ਧਰਮ ਦਾ ਹਰ ਦਿਨ ਤਿਉਹਾਰ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ ਦੀ ਕਦੇ ਗੱਲ ਵੀ ਨਹੀਂ ਕੀਤੀ ਜਾਂਦੀ ਹੈ। 
ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਦੀਆਂ ਮਨਮਾਨੀਆਂ ਅਤੇ ਤਾਨਾਸ਼ਾਹੀ ਖਿਲਾਫ ਕਾਲਜ ਦੇ ਪੱਕੇ ਲੈਕਚਰਾਰਾਂ ਨੇ ਉੱਚ ਸਿੱਖਿਆ ਵਿਭਾਗ ਦੇ ਨਿਦੇਸ਼ਕ ਕੋਲ ਸ਼ਿਕਾਇਤ ਭੇਜੀ ਹੋਈ ਹੈ। ਜਿਸ ਪ੍ਰਿੰਸੀਪਲ ’ਤੇ ਵਿਦਿਆਰਥੀਆਂ ਦੇ ਸਾਹਮਣੇ ਲੈਕਚਰਾਰਾਂ ਨੂੰ ਜਮਾਤਾਂ ਵਿੱੱਚ ਜਲੀਲ ਕਰਨਾ, ਲੈਕਚਰਾਰਾਂ ਨੂੰ ਧਮਕਾਉਣਾ, ਟੀਚਰ ਸਟਾਫ ਨੂੰ ਆਪਣੇ ਘਰੇਲੂ ਕੰਮ ਲਈ ਇਸਤੇਮਾਲ ਕਰਨਾ, ਪੂਰੇ ਸਟਾਫ ਦੀ ਚੁਗਲੀ ਕਰਨਾ, ਕਾਲਜ ’ਚ ਲਗਾਈ ਗਈ ਸਬਜ਼ੀ ਨੂੰ ਆਪਣੇ ਘਰ ਲੈ ਜਾਣਾ ਜਿਹੇ ਗੰਭੀਰ ਦੋਸ਼ ਲਗਾਏ ਸਨ।


ਅਸੀਂ ਪ੍ਰੈਸ਼ਰ ਨਹੀਂ ਪਾਉਂਦੇ ਪ੍ਰੇਰਿਤ ਕਰਦੇ ਹਾਂ
ਦੂਜੇ ਪਾਸੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਨੇ ਸਮੁੱਚੇ ਦੋਸ਼ ਬੇਬੁਨਿਆਦ ਕਰਾਰ ਦਿੰਦਿਆਂ ਉਹ ਖੁਦ ਆਰ.ਐਸ.ਐਸ ਦੀ ਕਾਲਜ ਵਿਦਿਆਰਥੀ ਸ਼ਾਖ਼ਾ ਦੇ ਪ੍ਰਮੁੱਖ ਹਨ। ਵਿਚਾਰ ਮੰਚ ਰਾਹੀਂ ਵਿਦਿਆਰਥੀਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ। ਲੈਕਚਰਰ ਵਿਦਿਆਰਥੀਆਂ ਨੂੰ ਭੜਕਾ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਵਧਵਾ ਨੇ ਕਿਹਾ ਕਿ ਅਸੀਂ ਆਰ.ਐਸ.ਐਸ ਨਾਲ ਜੁੜਨ ਲਈ ਵਿਦਿਆਰਥੀਆਂ ’ਤੇ ਪ੍ਰੈਸ਼ਰ ਨਹੀਂ ਪਾਉਂਦੇ ਸਿਰਫ਼ ਪ੍ਰੇਰਿਤ ਕਰਦੇ ਹਾਂ। ਉਂਝ ਤੁਸੀਂ ਕਦੇ ਸ਼ਾਖਾ ਵਿੱਚ ਆ ਕੇ ਦੇਖੋ ਕਿੰਨਾ ਵਧੀਆ ਮਾਹੌਲ ਹੁੰਦਾ ਐ ਉੱਥੇ। 

ਮਨਮਰਜ਼ੀ ਦੀ ਵਿਚਾਰਧਾਰਾ ਲਾਗੂ ਕਰਨਾ ਗਲਤ
ਡੱਬਵਾਲੀ ਦੀ ਐਸ.ਡੀ.ਐਮ. ਸੰਗੀਤਾ ਤੇਤਰਵਾਲ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕਿਸੇ ਸੰਗਠਨ ਜਾਂ ਆਪਣੀ ਮਨਮਰਜ਼ੀ ਦੀ ਵਿਚਾਰਧਾਰਾ ਲਾਗੂ ਕਰਨਾ ਗਲਤ ਹੈ। ਪ੍ਰਿੰਸੀਪਲ ਦੇ ਖਿਲਾਫ ਅੱਜ ਵਿਦਿਆਰਥੀਆਂ ਨੇ ਸ਼ਿਕਾਇਤ ਦਿੱਤੀ ਹੈ। ਪ੍ਰਿੰਸੀਪਲ ਦੇ ਬਿਆਨ ਲਏ ਗਏ ਹਨ।