31 July 2018

ਕਾਂਗਰਸ ਦੀ ਅੱਖ ਲੰਬੀ ਦੇ ਪੰਚਤੰਤਰ ’ਤੇ, ਅਕਾਲੀਆਂ ਦੀਆਂ ਕਾਂਗਰਸੀ ਪੱਤਿਆਂ ’ਤੇ

- ਰਾਖਵੇਂਕਰਨ, ਡੌਪ ਟੈਸਟ ੇ ਮੈਟ੍ਰਿਕ ਪਾਸ ਸ਼ਰਤਾਂ ਬਾਰੇ ਭੰਬਲਭੂਲਾ ਬਰਕਰਾਰ
- ਅਕਾਲੀ ਸਰਪੰਚਾਂ ਵਾਂਗ ਮਲਾਈ ਛਕਣ ਦੀ ਚਾਹਤ ’ਚ ਕਾਂਗਰਸੀ ਸਰਪੰਚੀਆਂ ਲਈ ਉਤਾਵਲੇ
- ਕਾਂਗਰਸ ਵੀ ਅਕਾਲੀ ਦਲ ਵਾਂਗ ਪਿੰਡ ਪੱਧਰੀ ਧੜੇਬੰਦੀ ਦੀ ਸ਼ਿਕਾਰ
                                                
                                                          ਇਕਬਾਲ ਸਿੰਘ ਸ਼ਾਂਤ 
ਲੰਬੀ: ਸਾਬਕਾ ਵੀ.ਆਈ.ਪੀ ਹਲਕੇ ਲੰਬੀ ’ਚ ਐਤਕੀਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤੀ ਚੋਣ ਦ੍ਰਿਸ਼ ਦੀ ਤਾਣੀ ਨੂੰ ਰਾਖਵੇਂਕਰਨ ਅਤੇ ਨਵੀਂ ਨੀਤੀ ਦੀਆਂ ਅਣਖੁੱਲੀਆਂ ਪਰਤਾਂ ਨੇ ਹਾਲ ਦੀ ਘੜੀ ਬਰੇਕਾਂ ਲਾਈਆਂ ਹੋਈਆਂ ਹਨ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ’ਚ ਡੇਢ ਸਾਲ ਪਹਿਲਾਂ ਤੱਕ ਇੱਕ ਸਿਆਸੀ ਇਸ਼ਾਰੇ ਨਾਲ ਬੇਤਰਤੀਬੇ ਹੱਥਾਂ ’ਤੇ ਵੀ ਚੌਧਰਾਂ ਦੀ ਕਿਸਮਤੀ ਲਕੀਰ ਉਕਰ ਜਾਂਦੀਆਂ ਹਨ। ਇੱਥੇ ਪੰਚਾਇਤੀ ਚੋਣਾਂ ਲਈ ਪਿੰਡਾਂ ਵਿੱਚ ਪਿਛਲੇ ਕਰੀਬ ਛੇ ਮਹੀਨੇ ਤੋਂ ਉਮੀਦਵਾਰੀ ਲਈ ਉੱਛਲ-ਕੁੱਦ ਦਾ ਦੌਰ ਮਘ ਰਿਹਾ ਹੈ। ਸਰਪੰਚ ਉਮੀਦਵਾਰੀ ਲਈ ਰਾਖਵੇਂਕਰਨ, ਡੌਪ ਟੈਸਟ ਅਤੇ
ਮੈਟ੍ਰਿਕ ਪਾਸ ਹੋਣ ਦੀਆਂ ਲਾਜਮੀ ਸ਼ਰਤਾਂ ਦੇ ਭੰਬਲਭੂਲੇ ਕਰਕੇ ਸਮੀਕਰਣਾਂ ਸਵੇਰੇ-ਸ਼ਾਮ ਬਦਲ ਰਹੇ ਹਨ। ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਜ਼ਮੀਨੀ ਪੱਧਰ ’ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੰਦਰਖਾਤੇ ਹੋਮ ਵਰਕ ਚੱਲ ਰਿਹਾ ਹੈ। ਉਥੇ ਚੋਣ ਲੜਨ ਦੇ ਚਾਹਵਾਨ ਆਪਣੇ ਪ੍ਰਤੀ ਮਾਹੌਲ ਬਣਾਉਣ ਵਿੱਚ ਜੁਟੇ ਹੋਏ ਹਨ। ਦੋ-ਢਾਈ ਮਹੀਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਸਰਵੇਖਣਾਂ ਰਾਹੀਂ ਜ਼ੋਰ ਅਜਮਾਇਸ਼ ਦਾ ਮੁੱਢਲਾ ਪੜਾਅ ਲੰਘ ਚੁੱਕਿਆ ਹੈ। ਪਤਾ ਲੱਗਿਆ ਹੈ ਕਿ ਉਮੀਦਵਾਰੀ ਦੇ ਕਈ ਚਾਹਵਾਨਾਂ ਨੇ ਮਾਹੌਲ ਬਣਾਉਣ ਅਤੇ ਪਰਖਣ ਲਈ ਸ਼ਰਾਬ-ਕਬਾਬ ਦੇ ਹਫ਼ਤਾਵਾਰੀ ਦੌਰ ਚਲਾ ਰੱਖੇ ਹਨ। ਪੇਂਡੂ ਸੱਥਾਂ ’ਤੇ ਸਰਪੰਚੀ-ਪੰਚੀ ਲਈ ਖੁੰਢ ਚਰਚਾ ’ਚ ਆਪੋ-ਆਪਣਿਆਂ ਲਈ ਪ੍ਰਚਾਰ ਤਾਂ ਹੁੰਦਾ ਹੈ ਪਰ ਗੱਲ ਸਰਕਾਰੀ ਨੀਤੀ ਦੇ ਐਲਾਨ ’ਤੇ ਰੁੱਕ ਜਾਂਦੀ ਹੈ। ਲੰਬੀ ਹਲਕੇ ਵਿੱਚ ਤਕਰੀਬਨ 82 ਪੰਚਾਇਤਾਂ ਹਨ। ਜਿਨ੍ਹਾਂ ’ਚ ਬੀਤੇ ਹਫ਼ਤੇ ਫਾਰਗ ਹੋਈਆਂ ਪੰਚਾਇਤਾਂ ਵਿੱਚੋਂ ਸਿਰਫ਼ ਖਿਉਵਾਲੀ ਤੇ ਭੁੱਲਰਵਾਲਾ ਦੀਆਂ ਦੋ ਪੰਚਾਇਤਾਂ ਕਾਂਗਰਸੀ ਝੰਡੇ ਹੇਠ ਝੂਲੀਆਂ। ਬਾਕੀ ਸਾਰੀਆਂ ਪੰਚਾਇਤਾਂ ਅਕਾਲੀ ਦਲ ਦੇ ਨੀਲੇ ਬਾਣੇ ਹੇਠਾਂ ਸਨ। ਹੁਣ ਲੰਬੀ ਪਿੰਡ ਦੀਆਂ ਦੋ ਪੰਚਾਇਤਾਂ ਨੂੰ ਵਾਪਸ ਇਕੱਠਾ ਕਰ ਦਿੱਤਾ ਗਿਆ ਹੈ।
          ਉਮੀਦਵਾਰੀ ਲਈ ਡੌਪ ਟੈਸਟ ਦੇ ਖਦਸ਼ੇ ਤਹਿਤ ਉਮੀਦਵਾਰੀ ਦੇ ਚਾਹਵਾਨ ਦਾਰੂ ਅਤੇ ਕਾਲੀ ਨਾਗਣੀ ਦਾ ਮੋਹ ਤਿਆਗ ਟੈਸਟ ਸਮੇਂ ਉਸਦੀ ਕਾਟ ਭਾਲਣ ’ਚ ਜੁਟੇ ਹਨ। ਵੀ.ਆਈ.ਪੀ ਹਲਕੇ ਦੇ ‘ਪੰਚਤੰਤਰ’ ’ਤੇ ਸੱਤਾ ਪੱਖ ਕਾਂਗਰਸ ਨੇ ਨਿਗਾਹਾਂ ਟਿਕਾ ਰੱਖੀਆਂ ਹਨ। ਲੰਬੀ ਹਲਕੇ ’ਚ ਬਹੁਗਿਣਤੀ ਕਾਂਗਰਸੀ ਵਰਕਰ ਅਤੇ ਆਗੂ ਸਰਪੰਚੀ/ਸੰਮਤੀ ਚੋਣਾਂ ਸਬੰਧੀ ਮਸ਼ਕਾਂ ਕਸੀ ਬੈਠੇ ਹਨ। ਦੂਜੇ ਪਾਸੇ ਅਕਾਲੀ ਦਲ (ਬ) ਨੇ ਰਵਾਇਤੀ ਅੰਦਾਜ਼ ’ਚ ਹਾਲ ਦੀ ਘੜੀ ਚੁੱਪ ਵੱਟ ਕੇ ਕਾਂਗਰਸੀ ਪੱਤਿਆਂ ’ਤੇ ਬਾਜ਼ ਅੱਖ ਰੱਖੀ ਹੋਈ ਹੈ। 
          ਬਹੁਤੇ ਪਿੰਡਾਂ ’ਚ ਸੱਤਾ ਪੱਖ ਕਾਂਗਰਸ ਵੀ ਅਕਾਲੀ ਦਲ ਵਾਂਗ ਅੰਦਰੂਨੀ ਧੜੇਬੰਦੀ ਦੀ ਸ਼ਿਕਾਰ ਹੈ। ਅਕਾਲੀ ਦਲ ਵਾਂਗ ਵਿਧਾਇਕੀ ਮੜ੍ਹਕ ਵਾਲੀ ਸਰਪੰਚ ਦੀ ਰੀਝ ਕਈ ਕਾਂਗਰਸੀਆਂ ਦੇ ਮਨਾਂ ਵਿੱਚ ਹੈ। ਰਿਪੋਰਟਾਂ ਅਨੁਸਾਰ ਕਈ ਥਾਂ ਅਕਾਲੀ ਕਾਰਕੁੰਨ ਪਿਛਲੇ ਚੋਣਾਂ ਵਾਲੇ ‘ਕਾਂਗਰਸੀ ਫਾਰਮੂਲੇ’ ਤਹਿਤ ਕਿਸੇ ਕਾਂਗਰਸੀ ਨੂੰ ਉਮੀਦਵਾਰ ਐਲਾਨ ਕੇ ਪੰਚਾਇਤ ’ਤੇ ਕਬਜ਼ਾ ਕਰਨ ਦੇ ਰੌਂਅ ਵਿੱਚ ਹਨ। ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸੀਆਂ ਨੇ ਖੁੱਡੀਆਂ ਮਹਾ ਸਿੰਘ ’ਚ ਇਸੇ ਫਾਰਮੂਲੇ ਨਾਲ ਆਪਣੀ ਚੌਧਰ ਕਾਇਮ ਕੀਤੀ ਸੀ। ਇਸ ਫਾਰਮੂਲੇ ਤਹਿਤ ਕਾਫ਼ੀ ਪਿੰਡਾਂ ਅੰਦਰ ਅਕਾਲੀ-ਕਾਂਗਰਸੀ ਜੁੰਡਲੀਆਂ ਦੇ ਸਿਰ ਜੁੜੇ ਵਿਖਾਈ ਦਿੰਦੇ ਹਨ। ਇੱਕ ਸਤਾਪੱਖੀ ਮੌਕਾਪ੍ਰਸਤ ਜੁੰਡਲੀ ਵੀ ਖੁਦ ਲਈ ਨਵੀਂ ਸਿਆਸੀ ਜ਼ਮੀਨ ਬਣਾਉਣ ਖਾਤਰ ਪੁਰਾਣਿਆਂ ਦੀ ਓਟ ਹੇਠ ਪਿੰਡਾਂ ’ਚ ਵਰਕਰਾਂ ਨੂੰ ਸਰਪੰਚੀ ਦੇ ਖਵਾਬ ਵਿਖਾ ਰਹੀ ਹੈ। ਕਾਂਗਰਸੀ ਸੂਤਰਾਂ ਅਨੁਸਾਰ ਲੰਬੀ ਹਲਕੇ ’ਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਸਿਰਫ਼ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦੇ ਪੱਧਰ ’ਤੇ ਹੀ ਹੋਣਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ‘ਦੁੱਖ-ਸੁੱਖ’ ਦੌਰਿਆਂ ਨਾਲ ਅਕਾਲੀ ਸਫ਼ਾਂ ਹਲਕੇ ’ਚ ਪਹਿਲਾਂ ਤੋਂ ਪੰਚਾਇਤੀ ਚੋਣਾਂ ਲਈ ਸਰਗਰਮ ਹਨ। ਦੂਜੇ ਪਾਸੇ ਬਾਬਾ ਬੋਹੜ ਦੇ ਮੁਕਾਬਲੇ ਸੱਤਾ ਪੱਖ ਕਾਂਗਰਸ ਜਨਤਕ ਰਾਬਤੇ ਵਿੱਚ ਬੇਹੱਦ ਪਿਛਾਂਹ ਹੈ। ਕਰੀਬ 22 ਹਜ਼ਾਰ ਵੋਟਾਂ ਲੈ ਕੇ ਵਿਧਾਨਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਦਾ ਕਾਰਨ ਬਣਨ ਵਾਲੀ ‘ਆਪ’ ਦੀ ਭੂਮਿਕਾ ਪੰਚਾਇਤੀ ਚੋਣਾਂ ’ਚ ਕਾਫ਼ੀ ਮਾਇਨੇ ਰੱਖੇਗੀ। 
          ਪਿੰਡਾਂ ’ਚ ਕਈ ਨਵੇਂ ਖਿਡਾਰੀ ਧੜੇ ਕਾਇਮ ਕਰਨ ’ਚ ਜੁਟੇ ਹਨ ਤਾਂ ਕਈ ਦੂਜਿਆਂ ਦੀ ਖੇਡ ਵਿਗਾੜਨ ਲਈ ਵੀ ਸਰਗਰਮ ਹਨ। ਅੱਜ ਕੱਲ੍ਹ ਪੇਂਡੂ ਮਾਹੌਲ ’ਚ ਆਪਣੇ ਚਿਹਰਿਆਂ ਅਤੇ ਜੀਭਾਂ ’ਤੇ ਵਕਤੀ ਮਿਠਾਸ ਵਾਲੇ ਵਿਅਕਤੀਆਂ ਨੂੰ ਸਰਪੰਚੀ ਅਤੇ ਪੰਚੀ ਦੇ ਚਾਹਵਾਨਾਂ ਵਜੋਂ ਵੇਖਿਆ ਜਾ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ ਸਿਆਸੀ ਦਬਦਬੇ ਨਾਲ ਹਲਕੇ ’ਚ ਪੰਚਤੰਤਰ ਦੀ ਚੌਧਰ ਅਕਾਲੀਆਂ ਹੱਥ ਹੀ ਰਹੀ। 
           ਬਹੁਤੇ ਅਕਾਲੀ ਸਰਪੰਚਾਂ ਨੇ ਪੂਰੇ ਦਹਾਕੇ ’ਚ ਸਿਆਸੀ ਅਤੇ ਆਰਥਿਕ ਬੁੱਲ੍ਹਿਆਂ ਨੂੰ ਰੱਜਵੇਂ ਅਤੇ ਮਨਚਾਹੇ ਢੰਗ ਨਾਲ ਮਾਣਿਆ। ਕਈ ਪਿੰਡਾਂ ’ਚ ਕਈ ਅਕਾਲੀ ਜਰਨੈਲ ਬਿਨ੍ਹਾਂ ਸਰਪੰਚੀ ਦੇ ਪੰਚਾਇਤ ਦਾ ਰਾਜਕਾਜ਼ ਭੋਗਦੇ ਰਹੇ ਅਤੇ ਚੁਣੇ ਸਰਪੰਚ ਸਿਰਫ਼ ਰਬੜ ਦੀ ਮੁਹਰ ਬਣ ਕੇ ਰਹਿ ਗਏ। ਹਾਲਾਂਕਿ ਵੋਟ ਜੰਗ ’ਚ ਸੱਤਾ ਪੱਖ ਹੋਣ ਦੇ ਬਾਦਲਾਂ ਦੇ ਹਲਕੇ ’ਚ ਕਾਂਗਰਸੀਆਂ ਦੀ ਦਾਲ ਗਲਣੀ ਅੌਖੀ ਜਾਪਦੀ ਹੈ ਪਰ ਆਮ ਆਦਮੀ ਪਾਰਟੀ ਦੀ ਮੌਜੂਦਗੀ ਅਤੇ ਪਿੰਡ ਪੱਧਰ ਦੇ ਸਮੀਕਰਣ ਅਤੇ ਰਾਖਵੇਂਕਰਨ ਦੀ ਸੂਚੀ ਜਿੱਤ-ਹਾਰ ਦਾ ਮਾਹੌਲ ਤੈਅ ਕਰਨਗੇ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਅਕਾਲੀਆਂ ਦੀ ਬੁਰਛਾਗਰਦੀ ਤੋਂ ਦੁਖੀ ਲੋਕ ਕਾਂਗਰਸੀ ਪੰਚਾਇਤੀ ਚੁਣਨ ਲਈ ਕਾਹਲੇ ਹਨ ਅਤੇ ਕਾਂਗਰਸ ਵਰਕਰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ, ਪਰ ਬੱਸ ਸਰਕਾਰੀ ਨੀਤੀ ਨਸ਼ਰ ਹੋਣ ਦੀ ਉਡੀਕ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਸੀ ਕਿ ਲੰਬੀ ਹਲਕੇ ’ਚ ਅਕਾਲੀ ਦਲ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ। ਜੇਕਰ ਨਿਰਪੱਖ ਚੋਣਾਂ ਹੋਈਆਂ ਤਾਂ ਅਕਾਲੀ ਦਲ ‘ਕਲੀਨ ਸਵੀਪ’ ਕਰੇਗਾ। ਕਾਂਗਰਸ ਸਰਕਾਰ ਦੀ ਮਾੜੀਆਂ ਨੀਤੀਆਂ ਕਰਕੇ ਚਹੁੰਪਾਸੇ ਮਾਹੌਲ ਵੀ ਅਕਾਲੀ ਪੱਖੀ ਹੈ। ਆਪ ਦੇ ਹਲਕਾ ਇੰਚਾਰਜ਼ ਜਸਵਿੰਦਰ ਸਿੰਘ ਫਤੂਹੀਵਾਲਾ ਨੇ ਆਖਿਆ ਕਿ ਆਪ ਕਈ ਪਿੰਡਾਂ ’ਚ ਚੋਣ ਲੜੇਗੀ। ਇਸ ਬਾਰੇ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ ਹੈ।  
98148-26100/93178-26100