23 December 2018

ਜਦੋਂ ਮਿਕਸ ਹੋ ਗਿਆ ਚਿੱਟਾ ਅਤੇ ਨੀਲਾ ਸਿਆਸੀ ਬਾਣਾ...

*  ਅਕਾਲੀ ਦਲ ਦੀ ਸ਼ਤਰੰਜੀ ਬਿਸਾਤ ’ਚ ਉਲਝ ਕਾਂਗਰਸੀ ਦੇ ਸਾਹਮਣੇ ਡਟੇ ਕਾਂਗਰਸੀ 
* ਕਾਂਗਰਸੀ ਸਰਪੰਚ ਬਣਨ ਲਈ ਉਤਾਵਲੇ, ਅਕਾਲੀ ਦਲ ਦੀ ਨਜ਼ਰ ਪੰਚਾਂ ’ਤੇ 
* ਅਖੌਤੀ ਸਿਆਸੀ ਸਲਾਹਕਾਰ ਅਤੇ ਚਹੇਤਾ ਪੱਤਰੇ ਵਾਚ ਗਏ
                                                    
                                                          ਇਕਬਾਲ ਸਿੰਘ ਸ਼ਾਂਤ 
ਲੰਬੀ: ਬਾਦਲਾਂ ਦੇ ਹਲਕੇ ਲੰਬੀ ਵਿੱਚ ਸਰਪੰਚੀ ਦੀ ਚਾਹਤ ਨੇ ਅਕਾਲੀ ਅਤੇ ਕਾਂਗਰਸੀ ਸਿਆਸਤ ਰਲਗਡ ਕਰ ਦਿੱਤੀ ਹੈ। ਸਰਪੰਚੀਆਂ ਦੇ ਗੇੜ ’ਚ ਸਿਆਸੀ ਵਫ਼ਾਦਾਰੀਆਂ ਦਾ ਅੰਦਾਜ਼  ਬਦਲ ਗਿਆ ਹੈ। ਭਾਈਚਾਰੇ, ਜਾਤਾਂ, ਗੋਤਾਂ ਅਤੇ ਪੱਤੀਆਂ ਦੇ ਆਧਾਰ ਮੂਹਰੇ ‘ਨੀਲੇ’ ਅਤੇ ‘ਚਿੱਟੇ’ ਦਾ ਫ਼ਰਕ ਫ਼ਿੱਕਾ ਪੈ ਗਿਆ ਹੈ। ਸਰਪੰਚੀ ਦੀ ਦੌੜ ’ਚ ਬੇਲਗਾਮ ਹੋਏ ਕਾਂਗਰਸੀਆਂ ਨੇ ਅਕਾਲੀਆਂ ਦੀ ਮੱਦਦ ਨਾਲ ਕਾਂਗਰਸੀਆਂ ਖਿਲਾਫ਼ ਹੀ ਝੰਡੇ ਗੱਡ ਦਿੱਤੇ ਹਨ। ਹਲਕੇ ਦੇ ਬਹੁਤੇ ਪਿੰਡਾਂ ’ਚ ਅਕਾਲੀ ਪਿੱਛੇ ਰਹਿ ਕੇ ਕਾਂਗਰਸੀਆਂ ਜਰੀਏ ਆਪਣੀ ਸਿਆਸੀ ਗੇਮ ਘੁੰਮਾ ਰਹੇ ਹਨ। ਕਾਂਗਰਸੀ ਦਾ ਜ਼ਿਆਦਾ ਧਿਆਨ ਸਿਰਫ਼ ਸਰਪੰਚੀਆਂ
ਵੱਲ ਹੈ। ਜਿਸ ਤਹਿਤ ਕਾਂਗਰਸ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ ’ਚ ਦੋ ਧੜਿਆਂ ’ਚ ਵੰਡੀ ਗਈ। ਦੂਜੇ ਪਾਸੇ ਅਕਾਲੀ ਦਲ ਪੰਚਾਇਤੀ ਕੰਮਕਾਜ਼ ’ਤੇ ਕਮਾਂਡ ਬਣਾਉਣ ਲਈ ਸਰਪੰਚਾਂ ਨਾਲੋਂ ਬਹੁਗਿਣਤੀ ਪੰਚ ਉਮੀਦਵਾਰ ਨੂੰ ਜਿਤਾਉਣ ’ਤੇ ਜ਼ੋਰ ਲਗਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਬੀ ਹਲਕੇ ’ਚ ਵਿਰੋਧੀਆਂ ਪਾਰਟੀ ਦੇ ਸਰਪੰਚ ’ਤੇ ਦਾਅ ਖੇਡਣ ਦੀ ਪਿਰਤ ਪੰਜ ਸਾਲ ਪਹਿਲਾਂ ਕਾਂਗਰਸੀਆਂ ਨੇ ਸ਼ੁਰੂ ਕੀਤੀ ਸੀ, ਜਿਸਨੂੰ ਐਤਕੀਂ ਅਕਾਲੀਆਂ ਨੇ ਅਪਣਾ ਲਿਆ । ਲੰਬੀ ਹਲਕੇ ’ਚ ਵੜਿੰਗਖੇੜਾ, ਭੀਟੀਵਾਲਾ, ਬਲੋਚਕੇਰਾ, ਆਧਨੀਆਂ, ਭਾਗੂ, ਡੱਬਵਾਲੀ ਰਹੁੜਿਆਂਵਾਲੀ, ਸਹਿਣਾਖੇੜਾ, ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾਂ ਸਿੰਘ, ਭਗਵਾਨਪੁਰਾ, ਤੱਪਾਖੇੜਾ ਅਤੇ ਖੇਮਾਖੇੜਾ ਆਦਿ ’ਚ ਸਰਪੰਚੀ ਚੋਣ ਵਿੱਚ ਕਾਂਗਰਸੀਆਂ ਹੀ ਕਾਂਗਰਸੀਆਂ ਖਿਲਾਫ਼ ਖੜ੍ਹੇ ਹੋਏ ਹਨ। ਕਾਂਗਰਸ ਲੀਡਰਸ਼ਿਪ ਪਿੰਡਾਂ ’ਚ ਕਾਂਗਰਸੀਆਂ ਦੇ ਟਾਕਰੇ ਰੋਕਣ ’ਚ ਬੇਵੱਸ ਸਾਬਤ ਹੋਈ। ਇਸ ਨਾਲ ਬਾਦਲਾਂ ਦੇ ਸਿਆਸੀ ਗੜ੍ਹ ’ਚ ਕਾਂਗਰਸ ਸਫ਼ਾਂ ਦੀ ਗੈਰ ਵਿਉਂਤਬੱਧ ਨੀਤੀ ਉਜਾਗਰ ਹੋਈ ਹੈ। ਜਦੋਂਕਿ ਅਕਾਲੀ ਦਲ ਨੇ ਇੱਕ-ਇੱਕ ਪੰਚ ’ਤੇ ਵੀ ਬਾਜ਼ ਅੱਖਾਂ ਨਾਲ ਨੀਤੀ ਤੈਅ ਕੀਤੀ। ਪੰਚਾਇਤੀ ਚੋਣਾਂ ਦੇ ਮੌਜੂਦਾ ਹਾਲਾਤਾਂ ਤਹਿਤ ਅਗਾਮੀ ਲੋਕਸਭਾ ਚੋਣਾਂ ’ਚ ਲੰਬੀ ’ਚ ਕਾਂਗਰਸ ਜੜ੍ਹਾਂ ਨੂੰ ਵੱਡਾ ਖੋਰਾ ਲੱਗਣ ਦੇ ਆਸਾਰ ਹਨ। ਪਿੰਡ ਬਲੋਚਕੇਰਾ ’ਚ ਕਾਂਗਰਸ ਆਗੂ ਸੁਖਬੀਰ ਸਿੰਘ ਬਲੋਚਕੇਰਾ ਅਤੇ ਕਾਂਗਰਸ ਆਗੂ ਸੰਤੋਖ ਸਿੰਘ ਭੁੱਲਰ ਵਕੀਲ ਦੀਆਂ ਪਤਨੀਆਂ ਚੋਣ ਆਹਮੋ-ਸਾਹਮਣੇ ਹਨ। ਅਰਨੀਵਾਲਾ ਵਜੀਰਾਂ ਵਿੱਚ ਤਾਂ ਤਿੰਨ ਕਾਂਗਰਸੀ ਸਰਪੰਚ ਉਮੀਦਵਾਰ ਖੜ੍ਹੇ ਹੋਏ ਹਨ। ਇੱਕ ਪਿੰਡ ’ਚ ਤਾਂ ਅਕਾਲੀਆਂ ਨੇ ਸੀਨੀਅਰ ਕਾਂਗਰਸੀ ਆਗੂ ਦੇ ਸੀਰੀ ਨੂੰ ਹੀ ਸਰਪੰਚ ਖੜ੍ਹਾ ਕਰ ਦਿੱਤਾ ਸੀ। 
ਮੰਡੀ ਕਿੱਲਿਆਂਵਾਲੀ ’ਚ ਕਾਂਗਰਸ ਪਾਰਟੀ ਨੂੰ ਸਰਪੰਚੀ ਉਮੀਦਵਾਰ ਦੀ ਭਾਲ ’ਚ ਵੱਡੀ ਮਸ਼ੱਕਤ ਕਰਨੀ ਪਈ। ਕਸਬੇ ਦੀਆਂ ਸਮੁੱਚੀਆਂ ਯੂਨੀਅਨਾਂ ’ਤੇ ਕਾਬਜ਼ ਪੇਂਡੂ ਕਾਂਗਰਸੀਆਂ ਦੀਆਂ ਕਾਰਗੁਜਾਰੀ ਤੇ ਲੀਡਰਸ਼ਿਪ ਦੀ ਅਣਦੇਖੀ ਕਾਰਨ ਨਾਰਾਜ਼ ਟਕਸਾਲੀ ਕਾਂਗਰਸੀ ਆਗੂ ਅਤੇ ਅਹੁਦੇਦਾਰ ਸਰਪੰਚੀ ਲੜਨ ਤੋਂ ਪਾਸਾ ਵੱਟ ਗਏ। ਇੱਕ ਅਖੌਤੀ ਸਿਆਸੀ ਸਲਾਹਕਾਰ ਆਪਣੇ ਇੱਕ ਚਹੇਤੇ ਨੂੰ ਸਾਲ ਭਰ ਤੋਂ ਸਰਪੰਚ ਬਣਾਉਣ ਦੇ ਦਮਗੱਜੇ ਭਰਦਾ ਰਿਹਾ ਪਰ ਹੁਣ ਸਲਾਹਕਾਰ ਅਤੇ ਚਹੇਤਾ ਦੋਵੇਂ ਪੱਤਰੇ ਵਾਚ ਗਏ। ਕਈ ਪਿੰਡਾਂ ’ਚ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਵੀ ਆਹਮੋ-ਸਾਹਮਣੇ ਹਨ ਪਰ ਉਨ੍ਹਾਂ ’ਚ ਕਾਂਗਰਸੀ ਸਫ਼ਾ ਆਪਣੇ ਵਿਰੋਧੀ ਕਾਂਗਰਸੀ ਨੂੰ ਠਿੱਬੀ ਲਗਾਉਣ ਲਈ ਅਕਾਲੀਆਂ ਨਾਲ ਮੂੰਹ ਜੋੜੀ ਬੈਠੀਆਂ ਹਨ। ਵੜਿੰਗਖੇੜਾ ’ਚ ਸਾਬਕਾ ਕਾਂਗਰਸ ਸਰਪੰਚ ਦਰਸ਼ਨ ਸਿੰਘ ਦੀ ਪਤਨੀ ਅਤੇ ਕਾਂਗਰਸ ਆਗੂ ਧਰਮ ਸਿੰਘ ਦੀ ਨੂੰਹ ਆਹਮੋ-ਸਾਹਮਣੇ ਹਨ। ਹਾਕੂਵਾਲਾ ਵਿਖੇ ਕਾਂਗਰਸ ਆਗੂ ਜਥੇਦਾਰ ਬਚਿੱਤਰ ਸਿੰਘ ਅਤੇ ਕਾਂਗਰਸ ਆਗੂ ਗੁਰਦੀਪ ਸਿੰਘ ਦੀਆਂ ਪਤਨੀਆਂ ਆਹਮੋ-ਸਾਹਮਣੇ ਹਨ। ਇੱਕ ਸੀਨੀਅਰ ਅਕਾਲੀ ਲੀਡਰ ਨੇ ਅਕਾਲੀ ਸਰਪੰਚੀ ਉਮੀਦਵਾਰੀਆਂ ਬਾਰੇ ਪੁੱਛੇ ਜਾਣ ’ਤੇ ਦੋ-ਤਿੰਨ ਪਿੰਡਾਂ ਦੇ ਕਾਂਗਰਸੀ ਉਮੀਦਵਾਰਾਂ ਨੂੰ ਅਕਾਲੀ ਉਮੀਦਵਾਰਾਂ ਵਜੋਂ ਗਿਣਵਾਇਆ। ਦੂਜੇ ਪਾਸੇ ਕਾਂਗਰਸੀਆਂ ਦੇ ਆਹਮੋ-ਸਾਹਮਣੇ ਡਟਣ ਬਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਹੀ ਇਤਨਾ ਹੈ ਕਿ ਉਹ ਹੁੰਮ-ਹੁੰਮਾ ਚੋਣਾਂ ਵਿੱਚ ਡਟ ਗਏ ਗਏ ਹਨ। 

                                  ਰਲੇਵੇਂ ਵਾਲੀ ਸਰਬਸੰਮਤੀ ਫੇਲ੍ਹ
ਲੰਬੀ ਹਲਕੇ ਦੇ ਅਤਿ ਸੰਵੇਦਨਸ਼ੀਲ ਪਿੰਡ ਭੀਟੀਵਾਲੀ ਦੀ ਸਰਪੰਚੀ ਵਿੱਚ ਸਰਬਸੰਮਤੀ ਕਾਂਗਰਸੀਆਂ ਦੇ ਆਪਸੀ ਦਵੇਸ਼ ਕਾਰਨ ਸਿਆਸੀ ਟਾਕਰੇ ਵਿੱਚ ਬਦਲ ਗਈ। ਲੰਬੀ ਹਲਕੇ ’ਚ ਅਤਿ ਸੰਵੇਦਲਨਸ਼ੀਲ ਪਿੰਡ ਭੀਟੀਵਾਲਾ ’ਚ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਅਤੇ ਕਾਂਗਰਸ ਦੇ ਕੁਲਵੰਤ ਸਿੰਘ ਅਤੇ ਪਵਨਦੀਪ ਸਿੰਘ ਮੈਦਾਨ ਵਿੱਚ ਉੱਤਰੇ ਸਨ। ਨਾਮਜ਼ਗੀ ਕੇਂਦਰ ਖਿਉਵਾਲੀ ’ਚ ਕਾਂਗਰਸ ਆਗੂ ਪਵਨਦੀਪ ਸਿੰਘ ਨੂੰ ਪਹਿਲਾਂ ਸਰਪੰਚ ਬਣਾ ਕੇ ਬਾਅਦ ’ਚ ਅਕਾਲੀ ਆਗੂ ਜਗਤਾਰ ਸਿੰਘ ਨਾਲ ਢਾਈ-ਢਾਈ ਸਾਲ ਦੀ ਸਰਬਸੰਮਤੀ ਬਣ ਗਈ ਸੀ। ਉਸੇ ਦੌਰਾਨ ਸਰਬਸੰਮਤੀ ਦੀ ਗੇਮ ’ਚੋਂ ਲਾਂਭੇ ਕੀਤੇ ਤੀਜੇ ਉਮੀਦਵਾਰ ਕੁਲਵੰਤ ਸਿੰਘ ਨੇ ਉਕਤ ਸਰਬਸੰਮਤੀ ਨੂੰ ਦੋਵੇਂ ਉਮੀਦਵਾਰਾਂ ਦੀ ਪਹਿਲਾਂ ਤੋਂ ਮਿਲੀਭੁਗਤ ਦੱਸਦਿਆਂ ਚੋਣ ਮੈਦਾਨ ’ਚ ਡਟੇ ਰਹਿਣ ਦਾ ਐਲਾਨ ਕਰ ਦਿੱਤਾ। ਪਵਨਦੀਪ ਨੂੰ ਜਗਤਾਰ ਧੜੇ ਦੀ ਹਮਾਇਤ ਦੱਸੀ ਜਾਂਦੀ ਹੈ। ਜਗਤਾਰ ਸਿੰਘ ਨੇ ਪਵਨਦੀਪ ਸਿੰਘ ਦੀ ਹਮਾਇਤ ’ਚ ਕਾਗਜ਼ ਵਾਪਸ ਲੈ ਲਏ। ਪਤਾ ਲੱਗਿਆ ਹੈ ਕਿ ਪਿੰਡ ਵਾਸੀਆਂ ਨੂੰ ਉਕਤ ਸਰਬਸੰਮਤੀ ਦਾ ਪਹਿਲਾਂ ਤੋਂ ਖਦਸ਼ਾ ਸੀ। ਇਸੇ ਕਰਕੇ ਕੁਲਵੰਤ ਸਿੰਘ ਮੈਦਾਨ ’ਚ ਉਤਰਿਆ ਸੀ। ਸਹਾਇਕ ਰਿਟਰਨਿੰਗ ਅਫਸਰ ਜੱਸਾ ਸਿੰਘ ਨੇ ਕਿਹਾ ਕਿ ਭੀਟੀਵਾਲਾ ’ਚ ਪਵਨਦੀਪ ਸਿੰਘ ਅਤੇ ਕੁਲਵੰਤ ਸਿੰਘ ਚੋਣ ਮੈਦਾਨ ਵਿੱਚ ਹਨ। 


16 December 2018

ਟਾਕੀਆਂ ਸਿਉਣ ਲਈ ਕਿੰਨੂਆਂ ’ਚੋਂ ਕੱਢੇ ਰਹੇ ‘ਰਸ’

                                                    ਇਕਬਾਲ ਸਿੰਘ ਸ਼ਾਂਤ
ਡੱਬਵਾਲੀ/ਲੰਬੀ: ਪੰਜਾਬ ਦੀ ਆਰਥਿਕ ਤੌਰ ’ਤੇ ਬਦਹਾਲ ਪੰਜਾਬ ਸਰਕਾਰ ਕਿਸਾਨੀ ਦੇ ਸਹਿ-ਧੰਦਿਆਂ ਦੀਆਂ ਘੁੰਡੀਆਂ ਭਾਲ ਕੇ ਖਜ਼ਾਨੇ ਦੀਆਂ ਟਾਕੀਆਂ ਸਿਉਣ ’ਚ ਜੁਟ ਗਈ ਹੈ। ਪੰਜਾਬ ਮੰਡੀ ਬੋਰਡ ਨੇ ਖੇਤੀਬਾੜੀ ਦੇ ਸਫ਼ਲ ਸਹਿ-ਧੰਦੇ ਕਿੰਨੂਆਂ ਦੇ ਸੈਂਕੜੇ ਕਰੋੜ ਦੇ ਦਰਾਮਦੀ ਕਾਰੋਬਾਰ ’ਤੇ ਸ਼ਿਕੰਜਾ ਕਸ ਦਿੱਤਾ ਹੈ। ਪੰਜਾਬ ’ਚੋਂ ਦਿੱਲੀ ਵਗੈਰਾ ਨੂੰ ਜਾਂਦੇ ਕਿੰਨੂਆਂ ਤੋਂ ਮਾਲੀਆ ਵਸੂਲਣ ਲਈ ਘੇਰਾ ਪਾ ਲਿਆ ਗਿਆ ਹੈ। ਜ਼ਿਲ੍ਹਾ ਮੰਡੀ ਅਫਸਰ ਮਨਿੰਦਰਜੀਤ ਸਿੰਘ ਬੇਦੀ ਅਤੇ ਮਾਰਕੀਟ
ਕਮੇਟੀ ਮਲੋਟ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਨਾਕੇ ਲਗਾ ਕੇ ਕਿੰਨੂਆਂ ਦੇ ਲੱਦੇ ਵਹੀਕਲਾਂ ਤੋਂ ਚਾਰ ਫ਼ੀਸਦੀ ਟੈਕਸ ਲਿਆ ਜਾ ਰਿਹਾ ਹੈ। ਬੋਰਡ ਵੱਲੋਂ ਮਾਰਕੀਟ ਕਮੇਟੀਆਂ ਨੂੰ ਬਾਗਾਂ ’ਚ ਜਿਣਸ ਦੀ ਰੋਜ਼ਾਨਾ ਅਚਨਚੇਤ ਪੜਤਾਲ ਕਰਕੇ ਅਣਅਧਿਕਾਰਤ ਵਿਕਰੀ ’ਤੇ ਰੋਕ ਲਗਾਉਣ ਦੀ ਤਾਕੀਦ ਕੀਤੀ ਹੈ। ਚਾਰ ਫ਼ੀਸਦੀ ਟੈਕਸ ਵਿੱਚ ਦੋ ਫ਼ੀਸਦ ਮਾਰਕੀਟ ਫੀਸ ਅਤੇ ਦੋ ਫ਼ੀਸਦ ਪੇਂਡੂ ਵਿਕਾਸ ਫੰਡ ਸ਼ਾਮਲ ਹੈ। ਪੰਜਾਬ ਮੰਡੀ ਬੋਰਡ ਵੱਲੋਂ ਨਾਕੇਬੰਦੀ ਤਹਿਤ ਟੈਕਸ ਵਸੂਲਣ ਨਾਲ ਬਾਗਵਾਨ ਕਿਸਾਨਾਂ ਵਿੱਚ ਰੋਸ ਫੈਲ ਰਿਹਾ ਹੈ। ਉਹ ਇਹ ਫੈਸਲੇ ਨੂੰ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ਰਵੱਈਆ ਗਰਦਾਨ ਕੇ ਉਨ੍ਹਾਂ ਦੀਆਂ ਜੇਬਾਂ ’ਚ ਹੱਥ ਪਾਉਣ ਤੁੱਲ ਦੱਸ ਰਹੇ ਹਨ। ਖੇਤੀਬਾੜੀ/ਬਾਗਵਾਨੀ ਵਿਭਾਗ ਖੁਦ ਮੁੱਖ ਮੰਤਰੀ ਅਮਰਿੰਦਰ ਹੁਰਾਂ ਦੇ ਕੋਲ ਹੈ। 
ਦੂਜੇ ਪਾਸ ਮੰਡੀ ਬੋਰਡ ਦਾ ਕਹਿਣਾ ਹੈ ਕਿ ਠੇਕੇਦਾਰਾਂ ਵੱਲੋਂ ਸਿੱਧੇ ਤੌਰ ’ਤੇ ਕਿੰਨੂਆਂ ਦੇ ਬਾਗ ਠੇਕੇ ’ਤੇ ਲੈਣ ਉਪਰੰਤ ਪੰਜਾਬ ਦੀ ਸਰਕਾਰੀ ਮੰਡੀ ਨੂੰ ਬਾਈਪਾਸ ਕਰਕੇ ਪੰਜਾਬ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ। ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਦਾ ਖੋਰਾ ਲੱਗਦਾ ਹੈ। ਬੋਰਡ ਅਨੁਸਾਰ ਬਹੁਗਿਣਤੀ ਬਾਗ ਠੇਕੇਦਾਰ ਨੂੰ ਠੇਕੇ ’ਤੇ ਦਿੱਤੇ ਹੋਏ ਹਨ। 
ਪੰਜਾਬ ਮੰਡੀ ਬੋਰਡ ਨੇ ਕਿੰਨੂਆਂ ਦੀ ਫ਼ਸਲ ਦੇ ਬਾਗਾਂ ਵਿੱਚ ਹੋ ਰਹੇ ਸੌਦਿਆਂ ਲਈ ਸਰਹੱਦੀ ਖੇਤਰਾਂ ਦੀਆਂ ਪੰਜ ਮਾਰਕੀਟ ਕਮੇਟੀਆਂ ਹੁਸ਼ਿਆਰਪੁਰ, ਅਬੋਹਰ, ਮਲੋਟ, ਬਠਿੰਡਾ ਅਤੇ ਪਠਾਨਕੋਟ ਦੀ ਸ਼ਨਾਖ਼ਤ ਕੀਤੀ ਹੈ। ਬਾਗਵਾਨੀ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ’ਚ ਕਿੰਨੂਆਂ ਦਾ ਸਲਾਨਾ ਕਾਰੋਬਾਰ ਅਰਬਾਂ ਰੁਪਏ ਦਾ ਹੈ। ਬਾਗਾਂ ਦੇ ਗੜ੍ਹ ਅਖਵਾਉਂਦੇ ਅਬੋਹਰ ਖੇਤਰ ਵਿੱੱਚ 30588 ਹੈਕਟੇਅਰ ਰਕਬਾ ਕਿੰਨੂਆਂ ਦੀ ਬਾਗਵਾਨੀ ਅਧੀਨ ਹੈ। ਜਿਸ ਵਿੱਚੋਂ ਬੀਤੇ ਵਿੱਤ ਵਰ੍ਹੇ ’ਚ 715453 ਮੀਟ੍ਰਿਕ ਟਨ ਕਿੰਨੂਆਂ ਦੀ ਪੈਦਾਵਾਰ ਹੋਈ। ਜਦੋਂਕਿ ਲੰਬੀ ਖੇਤਰ ਵਿੱਚ 3163 ਹੈਕਟੇਅਰ ਕਰਬੇ ’ਚੋਂ ਕਿੰਨੂਆਂ ਦੀ ਪੈਦਾਵਾਰ 77 ਹਜ਼ਾਰ ਮੀਟ੍ਰਿਕ ਟਨ ਰਹੀ। ਨਾਕੇਬੰਦੀ ਦੌਰਾਨ ਕਿੰਨੂਆਂ ਦੀ ਵੱਖ-ਵੱਖ ਗਰੇਡਿੰਗ ਨੂੰ ਆਧਾਰ ਬਣਾ ਕੇ ਅੌਸਤਨ ਛੇ-ਸੱਤ ਰੁਪਏ ਪ੍ਰਤੀ ਕਿੱਲੋ ਕੀਮਤ ’ਤੇ ਚਾਰ ਫ਼ੀਸਦੀ ਟੈਕਸ ਵਸੂਲਿਆ ਜਾ ਰਿਹਾ ਹੈ।
         ਵਪਾਕਰ ਜਾਣਕਾਰਾਂ ਮੁਤਾਬਕ ਕਿੰਨੂਆਂ ਦੀ 50 ਫ਼ੀਸਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਵਿਕਦੀ ਹੈ। ਜਿੱਥੋਂ ਮੰਡੀ ਬੋਰਡ ਨੂੰ ਸੁੱਤੇ ਸਾਹ ਚਾਰ ਫ਼ੀਸਦੀ ਟੈਕਸ ਮਿਲ ਜਾਂਦਾ ਹੈ। ਜਦੋਂਕਿ ਬਾਕੀ ਦੀ ਪੰਜਾਹ ਫ਼ੀਸਦੀ ਬਾਹਰੀ ਸੂਬਿਆਂ ਨੂੰ ਜਾਂਦੀ ਹੈ। ਮੀਟ੍ਰਿਕ ਟਨਾਂ ਵਾਲੇ ਬਾਗਵਾਨੀ ਅੰਕੜਿਆਂ ਨੂੰ ਰੁਪਇਆਂ ’ਚ ਤਬਦੀਲ ਕਰਕੇ ਸਿਰਫ਼ ਸੱਤ ਰੁਪਏ ਪ੍ਰਤੀ ਕਿੱਲੋ ਨਾਲ ਗੁਣਾ ਕੀਤਾ ਜਾਵੇ ਤਾਂ ਸਿਰਫ਼ ਅਬੋਹਰ ਅਤੇ ਅਬੋਹਰ ’ਚ ਕਿੰਨੂ ਦੀਆਂ ਫ਼ਸਲ 6 ਸਾਢੇ ਅਰਬ ਰੁਪਏ ਨੂੰ ਪੁੱਜ ਜਾਂਦੀ ਹੈ। ਮੰਡੀ ਬੋਰਡ ਬਾਹਰੀ ਸੂਬਿਆਂ ਨੂੰ ਜਾਂਦੀ 50 ਫ਼ੀਸਦੀ ਫ਼ਸਲ ’ਤੇ ਚਾਰ ਫ਼ੀਸਦੀ ਟੈਕਸ ਮੁਤਾਬਕ ਕਰੀਬ 12 ਕਰੋੜ ਟੈਕਸ ਉਗਰਾਹੁਣਾ ਚਾਹੁੰਦਾ ਹੈ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਕਿੰਨੂਆਂ ਦੇ ਕਾਰੋਬਾਰ ਨਾਲ ਜੁੜੇ ਮਹਿਕਮਾ ਮਾਲੀਆ ’ਚ ਬੈਠੇ ਕੁਝ ਖਾਸ ਵਿਅਕਤੀਆਂ ਨੇ ਬਾਹਰ ਜਾ ਰਹੇ ਕਿੰਨੂਆਂ ਵਿੱਚੋਂ ਟੈਕਸ ਵਾਲਾ ਜੂਸ ਕੱਢਣ ਦੀ ਜੁਗਤ ਕੱਢੀ ਹੈ। ਪੰਜਾਬ ਮੰਡੀ ਬੋਰਡ ਨੇ ਦਾਣਾ ਮੰਡੀਆਂ ’ਚ ਫ਼ਸਲ ਖਰੀਦ ਮੁਕੰਮਲ ਹੋਣ ਮਗਰੋਂ ਅਮਲੇ ਨੂੰ ਕਿੰਨੂਆਂ ’ਚੋਂ ਟੈਕਸ ਵਾਲਾ ਜੂਸ ਕੱਢਣ ’ਤੇ ਲਾ ਦਿੱਤਾ ਹੈ। 
         ਬਾਗਵਾਨ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਆਖਿਆ ਕਿ ਸੂਬੇ ’ਚ ਕਿੰਨੂ ਕਾਸ਼ਤ ਨੂੰ ਫੈਲਾਅ ਲਈ ਕੋਈ ਵਿਸ਼ੇਸ਼ ਮੰਡੀ/ਬਾਜ਼ਾਰ ਨਹੀਂ ਅਤੇ ਫ਼ਸਲ ਵਿਕਵਾਉਣ ਲਈ ਠੋਸ ਨੀਤੀ ਹੈ। ਬਾਹਰੀ ਸੂਬਿਆਂ ’ਚ ਖੁਦ ਵੇਚਣ ਜਾਂਦੇ ਕਿਸਾਨਾਂ ਤੋਂ ਵੀ ਜ਼ਬਰਦਸਤੀ ਟੈਕਸ ਉਗਰਾਹਿਆ ਜਾ ਰਿਹਾ ਹੈ। ਆਪਣੇ ਪੱਧਰ ’ਤੇ ਕਿੰਨੇ ਵੇਚਣ ਜਾ ਰਹੇ ਕਿਸਾਨ ਨੂੰ ਪਹਿਲਾਂ 30 ਕਿਲੋਮੀਟਰ ਦੂਰ ਮਾਰਕੀਟ ਕਮੇਟੀ ਨੂੰ ਦੱਸਣਾ ਪਵੇਗਾ, ਫਿਰ ਮੁਲਾਜਮ ਮੌਕੇ ’ਤੇ ਪੁੱਜ ਪੜਤਾਲ ਕਰਨਗੇ, ਉਸ ਮਗਰੋਂ ਫ਼ਸਲ ਟੈਕਸ ਮੁਕਤ ਹੋ ਸਕੇਗੀ। ਉਨ੍ਹਾਂ ਪ੍ਰਕਿਰਿਆ ਖੱਜਲ ਖੁਆਰੀ ਭਰੀ ਹੈ। 
ਬਾਗਵਾਨ ਕਿਸਾਨ ਗੁਰਦਾਸ ਸਿੰਘ ਨੇ ਆਖਿਆ ਕਿ ਸਰਕਾਰੀ ਨਿਯਮ ਹੈ ਕਿ ਕਿਸਾਨ ਆਪਣੀ ਫ਼ਸਲ ਦੇਸ਼ ’ਚ ਕਿਧਰੇ ਵੀ ਵੇਚ ਸਕਦਾ ਹੈ ਤਾਂ ਕਿੰਨੂਆਂ ਕਾਸ਼ਤਕਾਰਾਂ ’ਤੇ ‘ਜਜੀਆ’ ਟੈਕਸ ਲਗਾ ਕੇ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ। ਬਾਗਵਾਨ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਬਾਗ ਠੇਕੇਦਾਰਾਂ ਤੋਂ ਵਸੂਲਿਆ ਟੈਕਸ ਵਿੱਚ ਆਖ਼ਰ ’ਤੇ ਬਾਗਵਾਨ ਕਿਸਾਨ ਦੇ ਸਿਰ ਹੀ ਪੈਣਾ ਹੈ। 
ਦੂਜੇ ਪਾਸੇ ਜ਼ਿਲ੍ਹਾ ਮੰਡੀ ਅਫਸਰ ਮੁਕਤਸਰ ਸਾਹਿਬ ਮਨਿੰਦਰਜੀਤ ਸਿੰਘ ਬੇਦੀ ਆਖਿਆ ਨੇ ਸਰਕਾਰ ਨਿਰਦੇਸ਼ਾਂ ’ਤੇ ਨਾਕੇ ਲਗਾ ਕੇ ਬਾਹਰ ਜਾ ਰਹੀ ਕਿੰਨੂ ਅਤੇ ਹੋਰ ਸਬਜ਼ੀਆਂ ’ਤੇ ਟੈਕਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਦ ਬਾਗਵਾਨਾਂ ਨੂੰ ਕਿੰਨੂ ਵੇਚਣ ਲਈ ਵੀ ਸਰਕਾਰ ਵੱਲੋਂ ਤੈਅ ਦਸਤਾਵੇਜ਼ੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। 


ਹਰਿਆਣੇ ’ਚ ਬੰਦ ਐ ਫਲਾਂ-ਸਬਜ਼ੀਆਂ ’ਤੇ ਟੈਕਸ
ਕਿੰਨੂਆਂ ਦੇ ਠੇਕੇਦਾਰ ਸਤੀਸ਼ ਕੁਮਾਰ ਨੇ ਆਖਿਆ ਕਿ ਹਰਿਆਣੇ ਵਿੱਚ ਫਲਾਂ ਅਤੇ ਸਬਜ਼ੀਆਂ ’ਤੇ ਮਾਰਕੀਟ ਕਈ ਸਾਲਾਂ ਤੋਂ ਬੰਦ ਕੀਤੀ ਹੋਈ ਹੈ। ਪੰਜਾਬ ਸਰਕਾਰ ਨੂੰ ਉਸੇ ਤਰਜ਼ ’ਤੇ ਟੈਕਸ ਮਾਫ਼ ਕਰਕੇ ਫਲਾਂ ਅਤੇ ਸਬਜ਼ੀ ਦੀ ਖੇਤੀ ਨੂੰ ਉਤਸਾਹਤ ਕਰਨਾ ਚਾਹੀਦਾ ਹੈ। 

15 December 2018

ਸਰਕਾਰੀ ਤੰਤਰ ਦੇ ਹੱਡਾਂ ’ਚ ਰਚਿਆ ਹਕੂਮਤ ਦਾ ਚੜ੍ਹੇ ਦਿਨ ਜਾਗਣ ਵਾਲਾ ਸੁਭਾਅ

* ਬਾਇਓ ਮੀਟ੍ਰਿਕ ਹਾਜ਼ਰੀ ਪ੍ਰਤੀ ਪੰਜਾਬ ਸਰਕਾਰ ਦੇ ਹੱਥ ਖਾਲੀ
* ਦਫ਼ਤਰਾਂ ’ਚ ਅਮਲੇ ਦੀ ਅੌਸਤ ਹਾਜ਼ਰੀ ਸਿਰਫ਼ 55-56 ਫ਼ੀਸਦੀ 
* ਜਨਤਾ ਕੰਮ ਧੰਦਿਆਂ ਲਈ ਗੇੜੇ ਮਾਰ ਕੇ ਹੰਦੀ ਖੱਜਲ ਖੁਆਰ 

ਇਕਬਾਲ ਸਿੰਘ ਸ਼ਾਂਤ
      ਲੰਬੀ: ਹੁਕਮਰਾਨਾਂ ਦਾ ਦਿਨ ਚੜ੍ਹਨ ਮਗਰੋਂ ਜਾਗਣ ਦਾ ਸੁਭਾਅ ਸਰਕਾਰ ਤੰਤਰ ਦੀ ਹੱਡਾਂ ’ਚ ਰਚਣ ਲੱਗਿਆ ਹੈ। ਰੋਜ਼ਾਨਾ ਸਵੇਰੇ 10-11 ਵਜੇ ਦਫ਼ਤਰਾਂ ’ਚ ਪੁੱਜਣਾ ਸਰਕਾਰੀ ਅਮਲੇ ਦੀ ਆਦਤ ਬਣ ਗਈ ਹੈ। ਛੋਟੇ ਕਸਬਿਆਂ ਅਤੇ ਪੇੇਂਡੂ ਖੇਤਰਾਂ ’ਚ ਸਥਿਤ ਦਫ਼ਤਰਾਂ ’ਚ ਸਰਕਾਰੀ ਅਮਲੇ ਦੀ ਅੌਸਤ ਹਾਜ਼ਰੀ ਸਿਰਫ਼ 55-56 ਫ਼ੀਸਦੀ ਤੱਕ ਵੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਪੱਧਰੀ ਅਤੇ ਸਬ ਡਿਵੀਜਨ ਪੱਧਰੀ ਅਧਿਕਾਰੀਆਂ ਵੱਲੋਂ ਲਗਾਤਾਰ ਨਿਗਰਾਨੀ ਦੀ ਥੁੜ ਹੈ। ਪੇਂਡੂ ਅਤੇ
ਕਸਬਾਈ ਦਫ਼ਤਰ ਵੀ ਹਾਜ਼ਰੀ ਪੱਖੋਂ ‘ਲਾਲੇ ਦੀ ਹੱਟੀ’ ਵਾਂਗ ਚੱਲਦੇ ਹਨ। ਉਂਝ ਸਬ ਡਿਵੀਜਨ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਹਾਲਾਤ ਬਹੁਤੇ ਜੁਦਾ ਨਹੀਂ ਹਨ।
      ਸੂਬੇ ’ਚ ਆਮ ਰਾਜ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੱਜ-ਬੱਜ ਕੇ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਵੀ ਬਹੁਤੀ ਗੰਭੀਰ ਨਹੀਂ ਹੈ। ਡੇਢ ਸਾਲ ਦੇ ਰਾਜਭਾਗ ’ਚ ਸਰਕਾਰ ਦਫ਼ਤਰੀ ਕੰਮਕਾਜ਼ ’ਚ ਤੇਜ਼ੀ ਲਿਆਉਣ ਲਈ ਕੋਈ ਕਦਮ ਨਹੀਂ ਪੁੱਟ ਸਕੀ। ਪੰਜਾਬ ਸਰਕਾਰ ਦੇ ਕਰੀਬ ਪੰਜਾਹ ਵਿਭਾਗ ਹਨ। ਜਿਨ੍ਹਾਂ ਵਿਚੋਂ ਦੋ ਫ਼ੀਸਦੀ ਵਿਭਾਗ ਵੀ ਪੂਰੀ ਤਰ੍ਹਾਂ ਬਾਇਓ ਮੀਟ੍ਰਿਕ ਹਾਜ਼ਰੀ ਨਾਲ ਨਹੀਂ ਜੁੜੇ ਹਨ। ਹਾਲੇ ਤਾਂ ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ’ਚ ਬਾਇਓ ਮੀਟ੍ਰਿਕ ਹਾਜ਼ਰੀ ਮਸ਼ੀਨਾਂ ਲਗਾਉਣ ਲਈ ਵੀ ਪ੍ਰਾਜੈਕਟ ਆਮ ਰਾਜ ਪ੍ਰਬੰਧ ਵਿਭਾਗ ਦੀ ਫਾਈਲਾਂ ’ਚ ਦੱਬਿਆ ਪਿਆ ਹੈ ।  
     ਸੂਤਰਾਂ ਅਨੁਸਾਰ ਕਰੀਬ ਸਾਲ ਭਰ ਪਹਿਲਾਂ ਕਈ ਵਿਭਾਗਾਂ ਨੇ ਬਾਇਓ ਮੀਟ੍ਰਿਕ ਹਾਜ਼ਰੀ ਲਈ ਅਮਲੇ ਦੇ ਅੰਗੂਠਿਆਂ ਦੇ ਨਿਸ਼ਾਨ ਲਏ ਸਨ। ਫੰਡਾਂ ਅਤੇ ਇੱਛਾ ਸ਼ਕਤੀ ਦੀ ਘਾਟ ਕਾਰਨ ਉਹ ਨਿਸ਼ਾਨ ਫਾਈਲਾਂ ’ਚ ਪਏ-ਪਏ ਫਿੱਕੇ ਪੈਣ ਲੱਗੇ ਹਨ। ਸੂਤਰਾਂ ਅਨੁਸਾਰ ਸੀਨੀਅਰ ਅਫਸਰਸ਼ਾਹੀ ਵੀ ਸਰਕਾਰੀ ਤੰਤਰ ’ਤੇ ਬਾਇਓ ਮੀਟ੍ਰਿਕ ਹਾਜ਼ਰੀ ਦਾ ਸ਼ਿਕੰਜਾ ਕਸਣ ਦੇ ਡਰੋਂ ਮਾਮਲੇ ਨੂੰ ਜਾਣ-ਬੁੱਝ ਕੇ ਲਮਕਾ ਰਹੀ ਹੈ। ਹੁਣ ਤੱਕ ਪੰਜਾਬ ਮੰਡੀ ਬੋਰਡ ਦੇ ਹੀ ਬਹੁਗਿਣਤੀ ਦਫ਼ਤਰ ਬਾਇਓ ਮੀਟ੍ਰਿਕ ਹਾਜ਼ਰੀ ਅਧੀਨ ਦੱਸੇ ਜਾਂਦੇ ਹਨ। ਸੂਬੇ ’ਚ 19 ਹਜ਼ਾਰ ਸਰਕਾਰੀ ਸਕੂਲ ਹਨ। ਸਿਰਫ਼ ਇੱਕ ਹਜ਼ਾਰ ਸਕੂਲਾਂ ’ਚ ਬਾਇਓ ਮੀਟ੍ਰਿਕ ਮਸ਼ੀਨਾਂ ਲੱਗੀਆਂ ਹਨ। ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੂੰ ਵੀ ਪਿੱਛੇ ਜਿਹੇ ਬਾਇਓ ਮੀਟ੍ਰਿਕ ਸਹੂਲਤ ਨਾਲ ਜੁੜੇ ਹਨ। 
      ਹਾਜ਼ਰੀ ਪੱਖੋਂ ਹਾਲਾਤ ਇੰਨੇ ਮਾੜੇ ਹਨ ਕਿ ਸਰਕਾਰੀ ਦਫ਼ਤਰਾਂ ਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣ ਦਾ ਸਮਾਂ ਹੈ। ਸਰਕਾਰੀ ਪੱਧਰ ’ਤੇ ਪੁੱਛ-ਪ੍ਰਤੀਤ ਨਾ ਹੋਣ ਅਤੇ ਸਿਆਸੀ ਹਾਜ਼ਰੀਆਂ ਵਜਾਉਣ ਦੇ ਸੁਭਾਅ ਕਰਕੇ ਕਾਫ਼ੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਤਾਂ ਮਹਿਜ਼ ਘੰਟਾ-ਦੋ ਘੰਟੇ ਖਾਣਾਪੂਰਤੀ ਲਈ ਦਫ਼ਤਰਾਂ ’ਚ ਗੇੜਾ ਮਾਰਦੇ ਹਨ। ਕਈ ਦਫ਼ਤਰਾਂ ’ਚ ਦੁਪਿਹਰ ਬਾਅਦ ਅਮਲੇ ਜਾਂ ਅਧਿਕਾਰੀ ਪੁੱਜਦੇ ਹਨ ਅਤੇ ਕਈ ਅਧਿਕਾਰੀ ਅਤੇ ਕਰਮਚਾਰੀ ਦੁਪਿਹਰ ਬਾਅਦ ਹੀ ਘਰਾਂ ਨੂੰ ਚਾਲੇ ਪਾ ਜਾਂਦੇ ਹਨ। ਆਮ ਜਨਤਾ ਕੰਮ ਧੰਦਿਆਂ ਲਈ ਦਫ਼ਤਰਾਂ ’ਚ ਗੇੜੇ ਮਾਰਦੀ ਹੈ ਪਰ ਉਥੇ ਕੋਈ ਮਿਲਦਾ ਨਹੀਂ। ਆਮ ਰਾਜ ਪ੍ਰਬੰਧ ਵਿਭਾਗ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੋਲ ਹੈ। ਸਮੱੁਚਾ ਪੰਜਾਬ ਜਾਣੂ ਹੈ ਕਿ ਮੌਜੂਦਾ ਮੁੱਖ ਮੰਤਰੀ ਦੇ ਕੋਲ ਸਮੇਂ ਦੀ ਘਾਟ ਰਹਿੰਦੀ ਹੈ। ਹਾਲ ਦੀ ਘੜੀ ਜਨਤਾ ਦੀ ਦਫ਼ਤਰਾਂ ’ਚ ਖੱਜਲ ਖੁਆਰੀ ਮੁਕਾਉਣ ਪ੍ਰਤੀ ਮੋਤੀਆਂ ਵਾਲੀ ਸਰਕਾਰ ਦੇ ਹੱਥ ਹਨ। ਸੂਬਾਈ ਹਕੂਮਤ ਦੇ ਆਲਸੀ ਸੁਭਾਅ ਦਾ ਸਰਕਾਰੀ ਤੰਤਰ ‘ਲਾਟ ਸਾਬ੍ਹ’ ਬਣ ਕੇ ਆਨੰਦ ਮਾਣ ਰਿਹਾ ਹੈ। 
        ਬੀਤੇ ਦਿਨ੍ਹੀਂ ਪੰਜਾਬ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਸਬ ਡਿਵੀਜਨ ਮੰਡੀ ਕਿੱਲਿਆਂਵਾਲੀ ’ਚ ਲੋਕ ਪਾਣੀ ਦੇ ਬਿੱਲ ਭਰਨ ਨੂੰ ਸਵੇਰੇ 9 ਵਜੇ ਪੁੱਜ ਗਏ, ਪਰ ਅਮਲਾ 11 ਵਜੇ ਤੋਂ ਬਾਅਦ ਪੁੱਜਿਆ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਰੋਜ਼ਾਨਾ ਅਮਲਾ ਇਸੇ ਸਮੇਂ ਦਫ਼ਤਰ ’ਚ ਚਰਨ ਪਾਉਂਦੇ ਹਨ। ਪਿੱਛੇ ਜਿਹੇ ਸੂਬਾ ਸਰਕਾਰ ਨੇ ਇੱਕ ਪੱਤਰ ਰਾਹੀਂ ਜਨਤਾ ਦੀ ਸਹੂਲਤ ਲਈ ਕਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਕੁਝ ਤੈਅ ਘੰਟੇ ਦਫ਼ਤਰ ਬੈਠਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਪਰ ਅਫਸਰਸ਼ਾਹੀ ਦੀ ਕਾਰਜਪ੍ਰਣਾਲੀ ’ਤੇ ਕੋਈ ਅਸਰ ਨਹੀਂ ਵਿਖਿਆ। 
       ਆਮ ਜਨਤਾ ਦਾ ਕਹਿਣਾ ਹੈ ਕਿ ਸਮੁੱਚੇ ਦਫ਼ਤਰਾਂ ਨੂੰ ਬਾਇਓ ਮੀਟ੍ਰਿਕ ਹਾਜ਼ਰੀ ਨਾਲ ਲੈਸ ਕਰਕੇ ਹਾਜ਼ਰੀ ਦਾ ਲਾਈਵ ਵੇਰਵਾ ਸਰਕਾਰੀ ਵੈਬਸਾਈਟ ਨਾਲ ਜੋੜਿਆ ਜਾਵੇ, ਤਾਂ ਜੋ ਸਰਕਾਰੀ ਕੰਮਕਾਜ ’ਚ ਸੌ ਫ਼ੀਸਦੀ ਪਾਰਦਰਸ਼ਿਤਾ ਆ ਸਕੇ ਅਤੇ ਅਮਲੇ ਨੂੰ ਫਰਜ਼ ਨਾਲ ਨੌਕਰੀ ਨਾ ਨਿਭਾਉਣ ’ਤੇ ਕਾਰਵਾਈ ਦਾ ਖੌਫ਼ ਪੈਦਾ ਹੋ ਸਕੇ। 
      ਬਾਇਓ ਮੀਟ੍ਰਿਕ ਹਾਜ਼ਰੀ ਬਾਰੇ ਪੰਜਾਬ ਦੇ ਉੱਚ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਜਾਂ ਫੋਨ ’ਤੇ ਨਹੀਂ ਆਉਣ ਨੂੰ ਤਿਆਰ ਨਹੀਂ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਗੁਰਕਿਰਤ ੍ਰਿਕਪਾਲ ਸਿੰਘ ਦਾ ਕਹਿਣਾ ਸੀ ਕਿ ਆਮ ਰਾਜ ਪ੍ਰਬੰਧ ਵਿਭਾਗ ਨਾਲ ਸੰਪਰਕ ਕਰੋ। ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਜਸਪਾਲ ਸਿੰਘ ਸਾਰਾ ਦਿਨ ਮੀਟਿੰਗ ’ਚ ਰੁੱਝੇ ਰਹੇ। ਅੰਡਰ ਸਕੱਤਰ ਸੰਗਰਾਮ ਸਿੰਘ ਨੇ ਕਿਹਾ ਕਿ ਅਸੀਂ ਤਾਂ ਸਿਰਫ਼ ਚੰਡੀਗੜ੍ਹ ਦੇ ਸਕਤਰੇਤ, ਮਿੰਨੀ ਸਕੱਤਰ ਵਗੈਰਾ ’ਚ ਬਾਇਓ ਮੀਟ੍ਰਿਕ ਹਾਜ਼ਰੀ ਦਾ ਪ੍ਰਾਜੈਕਟ ਤਿਆਰ ਕੀਤਾ ਹੈ।  ਮੁੱਖ ਪ੍ਰਮੱਖ ਸਕੱਤਰ ਸੁਰੇਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਮੋਬਾਇਲ ਨੋ ਰਿਪਲਾਈ ਰਿਹਾ। ਨਿੱਜੀ ਸਕੱਤਰ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਾਬ੍ਹ, ਸੀ.ਐਮ. ਸਾਬ੍ਹ ਨਾਲ ਮੀਟਿੰਗ ਲਈ ਦੋ ਘੰਟੇ ਤੋਂ ਗਏ ਹਨ। 

12 December 2018

ਖੇਲੋ ਇੰਡੀਆ ਪ੍ਰਤਿਭਾ: ਦਸਮੇਸ਼ ਕਾਲਜ ਬਾਦਲ ਦੇਸ਼ ਦੀਆਂ ਸੱਤ ਨਿਸ਼ਾਨੇਬਾਜ਼ੀ ਅਕੈਡਮੀਆਂ 'ਚ ਸ਼ੁਮਾਰ


* ਨਿਸ਼ਾਨੇਬਾਜ਼ਾਂ ਸ਼ਵੇਤਾ ਅਤੇ ਪ੍ਰਦੀਪ ਸਿੱਧੂ ਦੇਸ਼ ਦੇ ਪਹਿਲੇ ਦਸ ਨਿਸ਼ਾਨੇਬਾਜ਼ਾਂ ਦੀ ਸੂਚੀ 'ਚ ਸ਼ਾਮਲ
                                                     
ਡੱਬਵਾਲੀ, (ਇਕਬਾਲ ਸਿੰਘ ਸ਼ਾਂਤ) : ਵਿਸ਼ਵ ਪੱਧਰ 'ਤੇ ਨਿਸ਼ਾਨੇਬਾਜ਼ੀ 'ਚ ਪ੍ਰਸਿੱਧ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਉੱਚ ਮਿਆਰ 'ਤੇ ਕੇਂਦਰੀ ਖੇਡ ਮੰਤਰਾਲੇ ਨੇ ਮੁਹਰ ਵੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦੀ 'ਖੇਲੋ ਇੰਡੀਆ ਪ੍ਰਤਿਭਾ' ਦਸਮੇਸ਼ ਗਰਲਜ਼ ਕਾਲਜ ਬਾਦਲ ਨੂੰ ਉੱਤਰ ਭਾਰਤ ਦੀ ਸਰਵੋਤਮ ਇੱਕਲੌਤੀ ਰਿਹਾਇਸ਼ੀ (ਗਰਲਜ਼) ਅਕੈਡਮੀ ਵਜੋਂ ਚੁਣਿਆ ਗਿਆ ਹੈ। 'ਖੇਲੋ ਇੰਡੀਆ ਪ੍ਰਤਿਭਾ' ਦੇਸ਼ ਭਰ 'ਚ ਸੱਤ ਸ਼ੂਟਿੰਗ ਅਕੈਡਮੀਆਂ ਚੁਣੀਆਂ ਗਈਆਂ ਹਨ। ਜਿਨ•ਾਂ 'ਚ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ, ਗੰਨ ਫਾਰ ਗਲੋਰੀ ਸ਼ੂਟਿੰਗ ਅਕੈਡਮੀ ਪੂਨੇ, ਗੰਨ ਫਾਰ ਗਲੋਰੀ ਸ਼ੂਟਿੰਗ ਅਕੈਡਮੀ ਜਬਲਪੁਰ, ਲਕਸ਼ੈ ਸ਼ੂਟਿੰਗ ਕਲੱਬ ਪਨਵੇਲ (ਮੁੰਬਈ) ਗੈਰ-ਰਿਹਾਇਸ਼ੀ ਅਤੇ ਦਸਮੇਸ਼ ਗਰਲਜ਼ ਕਾਲਜ ਬਾਦਲ, ਐਮ.ਪੀ ਸ਼ੂਟਿੰਗ ਅਕੈਡਮੀ ਭੋਪਾਲ ਅਤੇ ਸੈਂਟਰ ਫਾਰ ਸਪੋਰਟਸ ਸਾਇੰਸ ਚੇਨੰਈ ਰਿਹਾਇਸ਼ੀ ਸਹੂਲਤਾਂ ਵਾਲੀਆਂ ਨਾਲ ਲੈਸ ਹਨ। 'ਖੋਲੇ ਇੰਡੀਆ ਪ੍ਰਤਿਭਾ' ਤਹਿਤ ਹੋਰਨਾਂ ਖੇਡਾਂ ਵਾਂਗ ਹਰ ਸਾਲ ਏਅਰ ਪਿਸਟਲ ਅਤੇ ਏਅਰ ਰਾਇਫ਼ਲ ਦੇ ਪਹਿਲੇ ਦਸ ਨਿਸ਼ਾਨੇਬਾਜ਼ਾਂ ਨੂੰ ਹੋਰ ਪ੍ਰਤਿਭਾ ਨਿਖਾਰਨ ਲਈ ਚੁਣਿਆ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਹਰੇਕ ਚੁਣੇ ਖਿਡਾਰੀ ਦੀ ਸਿਖਲਾਈ, ਖੇਡ ਸਾਜੋ-ਸਾਮਾਨ, ਰਹਿਣ-ਸਹਿਣ ਅਤੇ ਖੁਰਾਕ ਅਤੇ ਪੜ•ਾਈ ਦੇ ਸਮੁੱਚੇ ਖਰਚੇ ਲਈ ਲਗਪਗ 5 ਲੱਖ ਰੁਪਏ ਖਰਚੇ ਦਾ ਬਜਟ ਮਿੱਥਿਆ ਜਾਂਦਾ ਹੈ। ਇੱਕ ਖਿਡਾਰੀ ਵੱਧ ਤੋਂ ਵੱਧ ਅੱਠ ਸਾਲ ਤੱਕ ਖੇਲੋ ਇੰਡੀਆ ਪ੍ਰਤਿਭਾ ਤਹਿਤ ਚੁਣਿਆ ਜਾ ਸਕਦਾ ਹੈ। ਇਸ ਲੜੀ 'ਚ ਲਗਾਤਾਰ ਬਣੇ ਰਹਿਣ ਲਈ ਵਰ•ੇ ਕੌਮੀ ਪੱਧਰ 'ਤੇ ਹਰ ਸਾਲ ਪਹਿਲੇ ਦਸ ਖਿਡਾਰੀਆਂ 'ਚ ਸ਼ੁਮਾਰ ਹੋਣਾ ਲਾਜ਼ਮੀ ਹੈ। ਕੇਂਦਰ ਸਰਕਾਰ ਨੇ ਖੇਲੇ ਇੰਡੀਆ ਪ੍ਰਤਿਭਾ 'ਚ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਕਸਿੰਗ,
ਵਾਲਕਟਬਾਲ, ਫੁਟਬਾਲ, ਜਿਮਨਾਸਟਿਕ, ਹਾਕੀ, ਜੂਡੋ, ਕਬੱਡੀ, ਖੋ-ਖੋ, ਤੈਰਾਕੀ, ਵਾਲੀਬਾਲ, ਵੇਟਲਿਫ਼ਟਿੰਗ ਅਤੇ ਕੁਸ਼ਤੀ ਖੇਡਾਂ ਸ਼ਾਮਲ ਹਨ।  ਪੇਂਡੂ ਖੇਤਰ ਦੇ ਵਿੱਦਿਅਕ ਅਦਾਰੇ ਦਸਮੇਸ਼ ਗਰਲਜ਼ ਕਾਲਜ ਬਾਦਲ ਲਈ ਦੋਹਰੀ ਮਾਣ ਵਾਲੀ ਗੱਲ ਹੈ ਕਿ ਇਸ ਅਦਾਰੇ ਦੀਆਂ ਦੋ ਨਿਸ਼ਾਨੇਬਾਜ (ਏਅਰ ਪਿਸਟਲ) ਸ਼ਵੇਤਾ ਦੇਵੀ ਅਤੇ ਪ੍ਰਦੀਪ ਕੌਰ ਸਿੱਧੂ ਨੇ ਖੇਲੋ ਇੰਡੀਆ ਯੂਥ ਗੇਮਜ਼ 2019 ਲਈ ਪਹਿਲੇ ਦਸ ਖਿਡਾਰੀਆਂ 'ਚ ਚੁਣਿਆ ਗਿਆ ਹੈ। ਪ੍ਰਦੀਪ ਕੌਰ ਸਿੱਧੂ ਤਾਂ 'ਖੇਲੋ ਇੰਡੀਆ 2017-18' ਤਹਿਤ ਚੁਣੀ ਜਾ ਚੁੱਕੀ ਸੀ। ਦੱਸਣਯੋਗ ਹੈ ਕਿ ਦਸਮੇਸ਼ ਵਿੱਦਿਅਕ ਅਦਾਰੇ 'ਚ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲੀਆਂ 10 ਮੀਟਰ, 25 ਅਤੇ 50 ਮੀਟਰ ਦੀ ਨਿਸ਼ਾਨੇਬਾਜ਼ੀ ਰੇਂਜਾਂ ਹਨ। ਕਾਲਜ ਪ੍ਰਿੰਸੀਪਲ ਡਾ. ਐਸ.ਐਸ ਸੰਘਾ ਨੇ ਦੱਸਿਆ ਕਿ ਮਿਸ ਸ਼ਵੇਤਾ ਨੇ 62ਵੀਂ ਖੇਲੋ ਇੰਡੀਆ ਪ੍ਰਤਿਭਾ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 2018 ਮੁਕਾਬਲੇ 'ਚ 10 ਮੀਟਰ ਏਅਰ
ਪਿਸਟਲ (ਜੂਨੀਅਰ ਵੁਮੈਨ) ਵਿੱਚ ਵਿਅਕਤੀਗਤ ਅਤੇ ਪ੍ਰਦੀਪ ਕੌਰ 10 ਮੀਟਰ ਏਅਰ ਪਿਸਟਲ (ਟੀਮ) ਵਿੱਚੋਂ ਜਿੱਤਣ ਕਰਕੇ ਚੁਣੀਆਂ ਗਈਆਂ ਹਨ। ਡਾ. ਸੰਘਾ ਅਨੁਸਾਰ ਦੋਵੇਂ ਦੀਆਂ ਪਹਿਲਾਂ ਵੀ ਨਿਸ਼ਾਨੇਬਾਜੀ ਖੇਤਰ 'ਚ ਅਹਿਮ ਪ੍ਰਾਪਤੀਆਂ ਹਨ। ਸ਼ਵੇਤਾ ਪਿਛਲੇ 2 ਸਾਲਾਂ ਤੋਂ ਨੈਸ਼ਨਲ ਸਕੁਐਡ ਵੀ ਰਹੀ ਹੈ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਜੂਨੀਅਰ ਵਰਲਡ ਕੱਪ (ਜਰਮਨੀ) ਵੀ ਖੇਡ ਚੁੱੱਕੀ ਹੈ। ਪ੍ਰਦੀਪ ਕੌਰ ਸਿੱਧੂ ਨੇ ਤਾਂ ਪਿਛਲੀਆਂ 'ਖੇਲੋ ਇੰਡੀਆ 2017-18' ਵਿੱਚ ਵੀ ਆਲ ਇੰਡੀਆ ਨਿਸ਼ਾਨੇਬਾਜ਼ੀ ਮੁਕਾਬਲਿਆਂ 'ਚ 9ਵਾਂ ਸਥਾਨ ਹਾਸਿਲ ਕੀਤਾ ਸੀ। ਕਾਲਜ ਪਰਤਣ 'ਤੇ ਕਾਲਜ ਪ੍ਰਿੰਸੀਪਲ, ਕੋਚ ਵੀਰਪਾਲ ਕੌਰ, ਕੋਚ ਰਾਮ ਲਾਲ, ਕੋਚ ਲਖਬੀਰ ਕੌਰ ਅਤੇ ਸਮੂਹ ਸਟਾਫ ਵੱਲੋਂ ਦੋਵੇਂ ਨਿਸ਼ਾਨੇਬਾਜ਼ਾਂ ਦਾ ਭਰਵਾਂ ਸਵਾਗਤ ਕੀਤਾ ਗਿਆ। 

01 December 2018

ਯੁਵਰਾਜ ਰਣਇੰਦਰ ਸਿੰਘ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ ਦੇ ਮੀਤ-ਪ੍ਰਧਾਨ ਚੁਣੇ ਗਏ

* ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਸਪੁੱਤਰ ਨੂੰ ਵਧਾਈ 
* ਵਕਾਰੀ ਅਹੁਦੇ ’ਤੇ ਪੁੱਜਣ ਵਾਲੇ ਪਹਿਲੇ ਭਾਰਤੀ
* ਐਨ.ਆਰ.ਏ.ਆਈ ਦੇ ਪ੍ਰਧਾਨ ਵਜੋਂ ਭਾਰਤੀ ਨਿਸ਼ਾਨੇਬਾਜ਼ੀ ਨੂੰ ਦੇ ਚੁੱਕੇ ਵਿਲੱਖਣ ਮੁਕਾਮ

                                          ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ 
 ਨਵੀਂ ਦਿੱਲੀ/ਚੰਡੀਗੜ੍ਹ, 1 ਦਸੰਬਰ : ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ) ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਅੱਜ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈ.ਐਸ.ਐਸ.ਐਫ਼.) ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹ ਪਹਿਲੇ ਭਾਰਤੀ ਹਨ ਜਿਹੜੇ ਇਸ ਸ਼ਾਨਾਮੱਤੇ ਅਹੁਦੇ ’ਤੇ ਪੁੱਜੇ ਹਨ। ਉਹ ਆਈ.ਐਸ.ਐਸ.ਐਫ਼. ਦੇ ਚਾਰ ਉਪ ਪ੍ਰਧਾਨਾਂ ਵਿੱਚ ਸ਼ਾਮਲ ਹਨ। ਰਣਇੰਦਰ ਸਿੰਘ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਪਿਤਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। 
  ਇਹ ਚੋਣ ਮੁਨਿਚਮ ਵਿਖੇ ਆਈ.ਐਸ.ਐਸ.ਐਫ਼ ਦੀ ਜਨਰਲ ਅਸੈਂਬਲੀ ਦੌਰਾਨ ਹੋਈ। ਰਣਇੰਦਰ ਸਿੰਘ ਨੇ 161 ਵੋਟਾਂ ਹਾਸਲ ਕੀਤੀਆਂ। ਤਿੰਨ ਹੋਰ ਬਣੇ ਉੱਪ ਪ੍ਰਧਾਨਾਂ ਵਿੱਚ ਆਇਰਲੈਂਡ ਦੇ ਕੈਵਿਨ ਕਿਲਟੀ (162 ਵੋਟਾਂ), ਅਮਰੀਕਾ ਦੇ ਰੋਬਰਟ ਮਿਚੇਲ (153 ਵੋਟਾਂ), ਅਤੇ ਚੀਨ ਗਣਰਾਜ ਦੇ ਵਾਂਗ ਯੀਸੂ ਜੋ 146 ਵੋਟਾਂ ਹਾਸਲ ਕਰਕੇ ਮੁੜ ਚੁਣੇ ਗਏ ਹਨ। ਸ਼ੁੱਕਰਵਾਰ ਨੂੰ ਜਨਰਲ ਅਸੈਂਬਲੀ ਵਿੱਚ ਰਣਇੰਦਰ ਸਿੰਘ ਨੂੰ ਆਈ.ਐਸ.ਐਸ.ਐਫ਼. ਦਾ ਡਿਪਲੋਮਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਡਿਪਲੋਮਾ ਅਤੇ ਮੈਡਲ ਸਭ ਤੋਂ ਲੰਮਾ ਸਮਾਂ ਆਈ.ਐਸ.ਐਸ.ਐਫ਼. ਦੇ ਰਹੇ ਪ੍ਰਧਾਨ ਓਲੈਗਰਿਓ ਵਾਜ਼ਕਿਜ਼ ਰਾਣਾ ਨੇ ਦਿੱਤਾ ਜੋ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ। ਜ਼ਿਕਰਯੋਗ ਕਿ ਰਣਇੰਦਰ ਸਿੰਘ ਸਾਲ 2014 ’ਚ 25 ਵਿੱਚੋਂ 22 ਵੋਟਾਂ ਹਾਸਲ ਕਰਕੇ ਆਈ.ਐਸ.ਐਸ.ਐਫ਼. ਦਾ ਮੈਂਬਰ ਬਣੇ ਸਨ। ਯੁਵਰਾਜ ਰਣਇੰਦਰ ਸਿੰਘ ਪਿਛਲੇ ਸਾਲ ਮੁਹਾਲੀ ਵਿਖੇ ਚਾਰ ਸਾਲ ਵਾਸਤੇ ਐਨ.ਆਰ.ਏ.ਆਈ. ਦਾ ਮੁਖੀ ਵੀ ਚੁਣਿਆ ਗਿਆ ਸੀ। ਰਣਇੰਦਰ ਸਿੰਘ ਦੇ ਕਾਰਜਕਾਲ
ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ਨੇ ਦੁਨੀਆਂ ਪੱਧਰ ’ਤੇ ਉਤਸਾਹਜਨਕ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਕਾਬਲੀਅਤ ਅਤੇ ਦ੍ਰਿੜ ਇਰਾਦੇ ਵਾਲੇ ਉਪਰਾਲਿਆਂ ਸਦਕਾ ਭਾਰਤ ’ਚ ਜ਼ਮੀਨੀ ਪੱੱਧਰ ’ਤੇ ਨਿਸ਼ਾਨੇਬਾਜ਼ੀ ਦੀਆਂ ਜੜ੍ਹਾਂ ਫੈਲ ਰਹੀਆਂ ਹਨ। ਜਿਸ ਸਦਕਾ ਆਮ ਸਾਧਾਰਨ ਪਰਿਵਾਰਾਂ ਦੇ ਨੌਜਵਾਨ ਲੜਕੇ-ਲੜਕੀਆਂ ਨੇ ਵੀ ਨਿਸ਼ਾਨੇਬਾਜ਼ੀ ਨਾਲ ਜੁੜ ਕੇ ਦੇਸ਼ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਅਤੇ ਇਹ ਲੜੀ ਲਗਾਤਾਰ ਜਾਰੀ ਹੈ। 
ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਣਇੰਦਰ ਸਿੰਘ ਨੇ ਇਸ ਅਹੁਦੇ ’ਤੇ ਪਹੁੰਚ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ।ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਭਰਾ ਰਣਧੀਰ ਸਿੰਘ ਦੀ ਚੋਣ ’ਤੇ ਵੀ ਵਧਾਈ ਦਿੱਤੀ ਹੈ ਜੋ ਲਗਾਤਾਰ ਪੰਜਵੀਂ ਵਾਰ ਚਾਰ ਸਾਲ ਵਾਸਤੇ ਐਸੋਸਿਏਸ਼ਨ ਆਫ਼ ਨੈਸ਼ਨਲ ਓਲਿੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਰਣਧੀਰ ਸਿੰਘ ਸਾਲ 2001 ਤੋਂ 2014 ਤੱਕ ਇੰਡੀਅਨ ਓਲਿੰਪਿਕ ਕਮੇਟੀ ਦੇ ਮੈਂਬਰ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ ਦੀ ਇਸ ਪ੍ਰਾਪਤੀ ’ਤੇ ਪੰਜਾਬ ਖਾਸਕਰ ਨਿਸ਼ਾਨੇਬਾਜ਼ ਭਾਈਚਾਰੇ ਨੂੰ ਵੱਡਾ ਮਾਣ ਹਾਸਲ ਹੋਇਆ ਹੈ। - 98148-26100 / 93178-26100