27 February 2019

ਨਿਹਾਲਸਿੰਘ ਵਾਲਾ ਅਤੇ ਡੇਰਾ ਬਾਬਾ ਨਾਨਕ 'ਚ 'ਸਵਰਗਵਾਸੀ' ਨਾਇਬ ਤਹਿਸੀਲਦਾਰ ਕਰਿਆ ਕਰਨਗੇ ਰਜਿਸਟਰੀਆਂ

- ਜ਼ਮੀਨੀ ਹਿਸਾਬ ਕਿਤਾਬ ਰੱਖਣ ਵਾਲੇ ਪੰਜਾਬ ਰੈਵਿਨਿਊ ਵਿਭਾਗ ਦੇ ਆਪਣੇ ਖਾਤੇ ਵਿਗੜੇ 
- ਰੈਵਿਨਿਊ ਵਿਭਾਗ ਪੰਜਾਬ ਨੇ 99 ਤਬਾਦਲਿਆਂ ਦੀ ਸੂਚੀ 'ਚ ਸ਼ਾਮਲ ਕੀਤੇ ਦੋ ਮ੍ਰਿਤਕ ਅਤੇ ਤਿੰਨ ਸੇਵਾਮੁਕਤ ਨਾਇਬ ਤਹਿਸੀਲਦਾਰ
                                           ਇਕਬਾਲ ਸਿੰਘ ਸ਼ਾਂਤ
      ਡੱਬਵਾਲੀ: ਲੋਕਾਂ ਦੇ ਜ਼ਮੀਨੀ ਹਿਸਾਬ ਕਿਤਾਬ ਰੱਖਣ ਵਾਲੇ ਪੰਜਾਬ ਰੈਵਿਨਿਊ ਵਿਭਾਗ ਦੇ ਆਪਣੇ ਖਾਤੇ ਵਿਗੜੇ ਪਏ ਹਨ। ਵਿਭਾਗ ਨੇ 99 ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਵਿੱਚ ਦੋ ਮ੍ਰਿਤਕ ਅਤੇ ਤਿੰਨ ਸੇਵਾਮੁਕਤ ਨਾਇਬ ਤਹਿਸੀਲਦਾਰਾਂ ਨੂੰ ਹੀ ਨਵੇਂ ਸਟੇਸ਼ਨਾਂ 'ਤੇ ਤਬਦੀਲ ਕਰਕੇ ਤਾਇਨਾਤ ਕਰ ਦਿੱਤਾ। ਵਿਭਾਗੀ ਨਿਕੰਮੇਪਨ ਨੂੰ ਤਬਾਦਲਾ ਸੂਚੀ ਵਿੱਚ ਦਰਜ ਪਹਿਲਾਂ ਨਾਂਅ ਹੀ ਉਜਾਗਰ ਕਰਦਾ ਜਿਸ ਵਿੱਚ ਪਹਿਲੇ ਨੰਬਰ 'ਤੇ ਦਰਜ ਨਾਇਬ ਤਹਿਸੀਲਦਾਰ ਨਰਿੰਦਰ ਕੁਮਾਰ ਦਾ ਜਨਵਰੀ 2019 ਵਿੱਚ ਸਵਰਗਵਾਸ ਹੋ ਚੁੱਕਿਆ ਹੈ। ਜਦੋਂਕਿ ਵਿਭਾਗ ਨੇ ਉਨ•ਾਂ ਦਾ ਤਬਾਦਲਾ
ਫਿਰੋਜ਼ਪੁਰ ਤੋਂ ਮੋਗਾ ਜ਼ਿਲ•ਾ ਦੇ ਨਿਹਾਲਸਿੰਘ ਵਾਲਾ ਵਿਖੇ ਕਰ ਦਿੱਤਾ। ਇਸਦੇ ਇਲਾਵਾ ਤਬਾਦਲਾ ਸੂਚੀ ਵਿੱਚ 74 ਨੰਬਰ 'ਤੇ ਦਰਜ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਉਨ•ਾਂ ਨੂੰ ਭਿੱਖੀਵਿੰਡ ਤੋਂ ਡੇਰਾ ਬਾਬਾ ਨਾਨਕ ਲਗਾਇਆ ਗਿਆ ਹੈ। 
ਇਸਦੇ ਇਲਾਵਾ ਸੂਚੀ ਵਿੱਚ ਨੌਵੇਂ ਨੰਬਰ 'ਤੇ ਦਰਜ ਅਸ਼ੋਕ ਕੁਮਾਰ ਨੂੰ ਫਾਜਿਲਕਾ ਤੋਂ ਬਾਘਾਪੁਰਾਣਾ ਲਗਾਇਆ ਗਿਆ ਹੈ। ਜਦੋਂਕਿ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਬੀਤੀ 31 ਦਸੰਬਰ 2018 ਨੂੰ ਹੀ ਫਾਜਿਲਕਾ ਤੋਂ ਸੇਵਾਮੁਕਤ ਹੋ ਚੁੱਕੇ ਹਨ। ਇੱਕ ਹੋਰ ਜਾਣਕਾਰੀ ਅਨੁਸਾਰ ਪਿਛਲੇ ਵਰ•ੇ 2018 'ਚ ਸੇਵਾਮੁਕਤ ਹੋ ਚੁੱਕੇ ਬਖ਼ਸ਼ੀਸ਼ ਸਿੰਘ ਨੂੰ ਤਬਾਦਲਾ ਸੂਚੀ 'ਚ 96 ਨੰਬਰ 'ਤੇ ਹਾਜੀਪਰ ਤੋਂ ਨੌਸ਼ਹਿਰਾ ਪੰਨੂਆ ਲਗਾਇਆ ਦਰਸਾਇਆ ਗਿਆ ਹੈ। ਇਸ ਕਾਰਗੁਜਾਰੀ ਤੋਂ ਜਾਪਦਾ ਹੈ ਕਿ  ਲਗਪਗ ਸੌ ਫੀਸਦੀ ਕੰਪਿਊਟਰਾਇਜ਼ਡ ਹੋ ਚੁੱਕਿਆ ਰੈਵਿਨਿਊ ਵਿਭਾਗ ਅਜੇ ਬਾਬਾ ਆਦਮ ਦੇ ਜ਼ਮਾਨੇ ਵਿੱਚ ਕੀੜੀ ਚਾਲ ਚੱਲ ਰਿਹਾ ਹੈ। ਜਿਸਨੂੰ ਆਪਣੇ ਫੌਤ ਅਤੇ ਸੇਵਾਮੁਕਤ ਅਧਿਕਾਰੀਆਂ ਅਧਿਕਾਰੀਆਂ ਅੰਕੜੇ ਸਹੇਜਣ ਦਾ ਜੁਗਾੜ ਨਹੀਂ ਹੈ। ਫਾਜਿਲਕਾ ਤੋਂ ਸੇਵਾਮੁਕਤ ਨਾਇਬਤਹਿਸੀਲਦਾਰ ਅਸ਼ੋਕ ਕੁਮਾਰ ਨੇ ਆਖਿਆ ਕਿ ਉਹ 31 ਦਸੰਬਰ 2018 ਨੂੰ ਸੇਵਾਮੁਕਤ ਹੋ ਗਏ ਸਨ ਅਤੇ ਉਨ•ਾਂ ਦੀ ਜਗ•ਾ ਅਜੇ ਵੀ ਖਾਲੀ ਪਈ ਹੈ। ਸੂਚੀ ਵਿੱਚ ਨੰਬਰ 35 'ਤੇ ਤਬਦੀਲ ਕੀਤੇ ਗਏ ਜੌਹਰੀ ਰਾਮ ਵੀ ਬਕਾਇਦਾ ਸੇਵਾਮੁਕਤ ਹੈ। ਤਬਾਦਲਾ ਸੂਚੀ ਵਿੱਚ ਅਜਿਹਾ ਤਕਨੀਕੀ ਖਾਮੀ ਕਰਕੇ ਹੋਇਆ ਹੈ। ਇਹ ਆਮ ਗੱਲ ਹੈ ਵਿਭਾਗ ਉਸਨੂੰ ਦਰੁੱਸਤ ਕਰ ਦੇਵੇਗਾ। ਇਸ ਬਾਰੇ ਪੰਜਾਬ ਦੇ ਰੈਵਿਨਿਊ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕਹਿਣਾ ਸੀ ਕਿ ਨਹੀਂ-ਨਹੀਂ ਤੁਹਾਨੂੰ ਕੋਈ ਭੁਲੇਖਾ ਪਿਆ ਹੈ। ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਇਹ ਮਤਲਬ ਹੀ ਨਹੀਂ। ਡਿਪਾਰਟਮੈਂਟ ਵਿੱਚ ਇੱਦਾਂ ਥੋੜ•ੀ ਹੋ ਸਕਦਾ ਹੈ। ਕਈ ਵਾਰ ਇੱਕ ਨਾਂਅ ਵਾਲੇ ਕਈ-ਕਈ ਅਧਿਕਾਰੀ ਹੁੰਦੇ ਹਨ। ਸ੍ਰੀ ਸਰਕਾਰੀਆ ਨੇ ਆਖਿਆ ਕਿ ਫਿਰ ਵੀ ਮੈਂ ਚੈੱਕ ਕਰਦਾ ਹਾਂ। 

22 February 2019

ਬਾਬਾ ਨਾਨਕ ਦੇ ਚਰਨ ਛੋਹ ਵਾਲੇ 41 ਪਿੰਡ ਹੋਣਗੇ 'ਨਿਹਾਲ'

                                                        ਬੁਲੰਦ ਸੋਚ ਬਿਊਰੋ
ਚੰਡੀਗੜ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਤਿਆਰੀਆਂ ਦੀ ਪ੍ਰਗਤੀ ਦਾ ਖੁਦ ਨਿੱਜੀ ਤੌਰ ’ਤੇ ਹਰ ਪੰਦਰਾ ਦਿਨਾਂ ਬਾਅਦ ਜਾਇਜ਼ਾ ਲਿਆ ਕਰਨਗੇ । ਇਸ ਮਹਾਨ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ਨੇ ਕਿਹਾ ਕਿ ਉਹ ਇਸ ਮਕਸਦ ਲਈ ਹਰੇਕ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਮੀਟਿੰਗ ਸੱਦਣਗੇ । ਮੁੱਖ ਮੰਤਰੀ ਨੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਆਧਾਰਿਤ ਕੈਬਨਿਟ ਸਬ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਮਰਾ ਦੇ ਆਧਾਰ ’ਤੇ ਪ੍ਰਗਤੀ ’ਤੇ ਨਿਗਰਾਨੀ ਰੱਖਣ ਅਤੇ ਉਨਾਂ ਨੂੰ ਲਗਾਤਾਰ ਇਸ ਬਾਰੇ ਜਾਣਕਾਰੀ ਦੇਣ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਰੋਹ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿੱਚ ਆਯੋਜਿਤ ਕਰਵਾਇਆ ਜਾਵੇਗਾ ਜਿਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਤਕਰੀਬਨ 18 ਸਾਲ ਗੁਜਾਰੇ ਸਨ। ਉਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਸਰਕਾਰੀ ਕਾਲਜ (ਲੜਕੀਆਂ) ਸ਼ੁਰੂ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਜੋ ਕਿ ਪਹਿਲਾਂ ਹੀ ਗੂਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਫੱਤੂ ਢੀਂਗਾ ਵਿਖੇ ਯੂਨੀਵਰਸਿਟੀ ਦੇ ਅੰਗ ਵਜੋਂ ਮੌਜੂਦ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਅਤਿਆਧੁਨਿਕ ਰਿਜਨਲ ਸੈਂਟਰ ਨੂੰ ਆਪਣੇ ਹੱਥ ਵਿੱਚ ਲੈਣ ਤਾਂ ਜੋ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ 41 ਪਿੰਡਾਂ ਦੇ ਵਿਕਾਸ ਦੀ ਯੋਜਨਾ ਹੇਠ ਪਹਿਲੇ ਪੜਾਅ ਵਿੱਚ ਹਰੇਕ ਪਿੰਡ ਲਈ ਘੱਟੋ-ਘੱਟ 20-25 ਲੱਖ ਰੁਪਏ ਦੇ ਫੰਡ ਪ੍ਰਵਾਨ ਕਰਨ ਲਈ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਇਨਾਂ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਉਘੇ ਅਕਾਦਮੀਸ਼ਨਾਂ, ਉਘੀ ਸ਼ਖਸ਼ੀਅਤਾਂ, ਸਿਆਸਤਦਾਨਾਂ, ਧਾਰਮਿਕ ਸਖਸ਼ੀਅਤਾਂ ਅਤੇ ਦੂਨੀਆਂ ਭਰ ਵਿੱਚ ਵਸਦੇ ਉੱਘੇ ਪੰਜਾਬੀਆਂ ਨੂੰ ਸੱਦਾ ਭੇਜਣ ਵਾਸਤੇ ਸਭਿਆਚਾਰ ਮਾਮਲਿਆਂ ਅਤੇ ਸੈਰ ਸਪਾਟਾ ਵਿਭਾਗ ਨੂੰ ਆਖਿਆ ਹੈ। ਉਨਾਂ ਨੇ ਇਤਿਹਾਸਕ ਸੁਲਤਾਨਪੁਰ ਲੋਧੀ ਗੁਰਦੁਵਾਰਾ ਵਿੱਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਹਨ। ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੇ ਮੀਟਿੰਗ ਦੌਰਾਨ ਦੱਸਿਆ ਕਿ ਜਿਸ ਫਰਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਟੈਂਟ ਸਿਟੀ ਤਿਆਰ ਕੀਤੀ ਸੀ ਉਸ ਦੀਆਂ ਸੇਵਾਵਾਂ ਹੀ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਵੱਖ ਵੱਖ ਥਾਵਾਂ ’ਤੇ ਟੈਂਟਾਂ ਵਾਲੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਲਈਆਂ ਗਈਆਂ ਹਨ। ਇਹ ਤਕਰੀਬਨ 25 ਹਜ਼ਾਰ ਤੋਂ 30 ਹਜ਼ਾਰ ਲੋਕਾਂ ਲਈ ਕੀਤਾ ਜਾਵੇਗਾ ਜੋ ਤਕਰੀਬਨ 40000 ਲੋਕਾਂ ਤੱਕ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਸੁਲਤਾਲਪੁਰ ਲੋਧੀ ਵਿਖੇ ਇਤਿਹਾਸਕ ਸਮਾਰਕਾਂ ਦੀ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸਦੇ ਵਾਸਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਕੰਮ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੁਰੂ ਨਾਨਕ ਮਾਰਗ ਦੀ ਸ਼ਨਾਖਤ ਕਰਨ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਵਾਇਆ ਢਿਲਵਾਂ, ਰਈਆ, ਬਾਬਾ ਬਕਾਲਾ, ਚੌਂਕ ਮਹਿਤਾ ਦੇ ਰੂਟ ਨੂੰ ਵਿਕਸਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਉੱਤੇ ‘ਵਿਆਹ ਬਾਬੇ ਨਾਨਕ ਦਾ’ ਦੇ ਪਵਿੱਤਰ ਮੌਕੇ ਸਲਾਨਾ ਨਗਰ ਕੀਰਤਨ ਕਰਾਇਆ ਜਾਂਦਾ ਹੈ। 
ਪ੍ਰਮੁੱਖ ਸਕੱਤਰ ਟਰਾਂਸਪੋਰਟ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਦੇਸ਼ ਭਰ ਤੋਂ ਪੰਜਾਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਵਾਸਤੇ ਰੇਲਵੇ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹੈ। ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ਮੈਟਲਜ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਰਾਹੀਂ 5 ਗ੍ਰਾਮ ਦਾ ਸੋਨੇ ਅਤੇ 50 ਗ੍ਰਾਮ ਦਾ ਚਾਂਦੀ ਦਾ ਯਾਦਗਾਰੀ ਸਿੱਕੇ ਦੇ ਵਾਸਤੇ ਪੰਜਾਬ ਰਾਜ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 
ਵਧੀਕ ਮੁੱਖ ਸਕੱਤਰ ਜੰਗਲਾਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਪ੍ਰਕਿਰਿਆ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗੀ। ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਕੁੱਲ 75 ਲੱਖ ਪੌਦੇ ਮੁਹਈਆ ਕਰਵਾਏ ਜਾਣਗੇ ਅਤੇ ਜਿਨਾਂ ਥਾਵਾਂ ’ਤੇ ਇਹ ਪੌਦੇ ਲਾਏ ਜਾਣੇ ਹਨ ਉਹ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਹੇਠ ਮੁਹਈਆ ਕਰਵਾਇਆ ਜਾਵੇਗਾ। ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੇ ਦੱਸਿਆ ਕਿ ਸੁਲਤਾਨਪੁਰ ਲੋਧੀ-ਫੱਤੂ ਢੀਂਗਾ ਸੜਕ ’ਤੇ ਗੁਰਦਆਰਾ ਬੇਰ ਸਾਹਿਬ ਨੇੜੇ ਕਾਲੀ ਬੇਈਂ ’ਤੇ 2 ਨਵੇਂ ਪੁਲ ਅਤੇ 2 ਨਵੇਂ ਪੈਦਲ ਲੰਘਣ ਵਾਲਿਆਂ ਲਈ ਪੁਲ ਤੋਂ ਇਲਾਵਾ ਸੜਕਾਂ ਨੂੰ ਚੌੜਾ ਕਰਨਾ ਅਤੇ ਮਜ਼ਬੂਤ ਬਣਾਉਣ ਦਾ ਕੰਮ 9.44 ਕਰੋੜ ਰੁਪਏ ਦੀ ਲਾਗਤ ਨਾਲ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। 
ਸੁਲਤਾਨਪੁਰ ਲੋਧੀ ਦੇ ਕੋਲੋਂ ਲੰਘਦੀ ਕਾਲੀ ਬੇਈਂ ਦੇ ਇੱਕ ਹਿੱਸੇ ’ਤੇ ਪੱਥਰ ਲਾਉਣ ਦੇ ਸਬੰਧ ਵਿੱਚ ਜਲ ਸ੍ਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਕਾਰ ਸੇਵਾ ਦੇ ਰਾਹੀਂ ਇਸ ਪ੍ਰਾਜੈਕਟ ਉਪਰ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਕੰਮ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਵਾਸਤੇ 3.86 ਕਰੋੜ ਰੁਪਏ ਦੀ ਸਮੱਗਰੀ ਵਿਭਾਗ ਵੱਲੋਂ ਸਪਲਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਦੀ ਅਗਵਾਈ ਵਿੱਚ ਗਠਿਤ ਕੀਤੀ ਇਕ ਸਬ-ਕਮੇਟੀ ਨੇ ਪਹਿਲਾਂ ਹੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿੱਚ ਕਾਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਸੇ ਤਰਾਂ ਹੀ ਗੁਰੂ ਨਾਨਕ ਦੇਵ ਜੀ ਬਾਰੇ ਦੋ ਕਿਤਾਬਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਅਤੇ ਇੱਕ ਹੋਰ ਕਿਤਾਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪੁਸਤਕਾਂ 20 ਜੂਨ, 2019 ਤੱਕ ਤਿਆਰ ਹੋ ਜਾਣਗੀਆਂ। 
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਉੱਚ ਸਿੱਖਿਆ ਮੰਤਰੀ ਰਜੀਆ ਸੁਲਤਾਨਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਐਮ ਪੀ ਗੁਰਦਾਸਪੁਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ  ਰਵੀਨ ਠੁਕਰਾਲ, ਵਿਧਾਇਕ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਏਸੀਐਸ ਗ੍ਰਹਿ ਨਿਰਮਲ ਸਿੰਘ ਕਲਸੀ, ਏਸੀਐਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਨੀ ਮਹਾਜਨ, ਏਸੀਐਸ ਜੰਗਲਾਤ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ.ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਨੁਰਾਗ ਵਰਮਾ ਅਤੇ ਡਿਪਟੀ ਕਮਿਸਨਰ ਕਪੂਰਥਲਾ ਡੀ.ਪੀ.ਐਸ ਖਬਰਬੰਦਾ ਹਾਜ਼ਰ ਸਨ। 

21 February 2019

ਪੰਜਾਬ ਵਿੱਚ 2140 ਧੋਖੇਬਾਜ਼ ਟਰੈਵਲ ਏਜੰਟ ਕਾਨੂੰਨੀ ਸਿਕੰਜੇ ’ਚ ਫਸੇ


                                                ਬੁਲੰਦ ਸੋਚ ਬਿਊਰੋ
ਚੰਡੀਗੜ: ਪੰਜਾਬ ਸਰਕਾਰ ਨੇ ਮਾਰਚ, 2017 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਐਕਟਾਂ ਅਧੀਨ 2140 ਕੇਸ ਦਰਜ ਕੀਤੇ ਹਨ।  ਇਹ ਖੁਲਾਸਾ ਅੱਜ ਇੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਦੀ ਤਰਫੋਂ ਵਿਧਾਇਕ ਕੰਵਰ ਸੰਧੂ ਵੱਲੋਂ ਲਿਆਂਦੇ ਧਿਆਨ ਦਿਵਾੳੂ ਮਤੇ ਦੇ ਜਵਾਬ ਵਿੱਚ ਕੀਤਾ। ਇਨਾਂ 2140 ਮਾਮਲਿਆਂ ਵਿੱਚੋਂ ਆਈ.ਪੀ.ਸੀ. ਦੀ ਧਾਰਾ 420 ਤਹਿਤ 1107 ਕੇਸ, ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014 ਤਹਿਤ 528 ਅਤੇ ਇਮੀਗ੍ਰੇਸ਼ਨ ਐਕਟ-1983 ਤਹਿਤ 505 ਕੇਸ ਦਰਜ ਕੀਤੇ ਗਏ
ਹਨ। ਸ੍ਰੀ ਬ੍ਰਹਮ ਮਹਿੰਦਰਾ ਨੇ ਸਦਨ ਨੂੰ ਦੱਸਿਆ ਕਿ ਹਾਲ ਹੀ ਵਿੱਚ ਕਪੂਰਥਲਾ ਜ਼ਿਲੇ ਦੇ ਚਾਰ ਨੌਜਵਾਨਾਂ ਜਿਨਾਂ ਨੂੰ ਧੋਖਾਧੜੀ ਨਾਲ ਟਰੈਵਲ ਏਜੰਟਾਂ ਦੇ ਇਕ ਗਰੁੱਪ ਨੇ ਆਰਮੀਨੀਆ ਭੇਜ ਦਿੱਤਾ ਸੀ, ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਦੇ ਤਹਿਤ ਤਿੰਨ ਟਰੈਵਲ ਏਜੰਟਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਏਜੰਟਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲੁਕ ਆੳੂਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਹ ਸਾਰੇ ਪੀੜਤ ਨੌਜਵਾਨ ਅਰਮੀਨੀਆ ਤੋਂ 9 ਫਰਵਰੀ ਨੂੰ ਸੁਰੱਖਿਅਤ ਆਪਣੇ ਘਰ ਪਹੁੰਚ ਗਏ ਹਨ। ਗੈਰ-ਕਾਨੂੰਨੀ ਏਜੰਟਾਂ ਦੇ ਹੱਥੋਂ ਸੂਬੇ ਦੇ ਨੌਜਵਾਨਾਂ ਦੇ ਹੁੰਦੇ ਸ਼ੋਸ਼ਣ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਵਚਨਬੱਧਤਾ ਪ੍ਰਗਟਾਉਂਦਿਆਂ ਕੈਬਿਨਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਲੋੜ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਲਈ ਇਕ ਨਿਗਮ ਦਾ ਗਠਨ ਛੇਤੀ ਹੀ ਕੀਤਾ ਜਾਵੇਗਾ ਜਿਸ ਦੀਆਂ ਸੇਵਾ ਸ਼ਰਤਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।  ਉਨਾਂ ਅੱਗੇ ਦੱਸਿਆ ਕਿ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਅਤੇ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2014 ਸਰਕਾਰ ਵੱਲੋਂ ਲਿਆਂਦੇ ਗਏ ਹਨ ਜਿਸ ਦੇ ਨਿਯਮ ਸਰਕਾਰ ਵੱਲੋਂ ਤਿਆਰ ਕੀਤੇ ਜਾ ਚੁੱਕੇ ਹਨ।  ਮੁੱਖ ਮੰਤਰੀ ਦੇ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਸੂਬਾ ਸਰਕਾਰ ਨੇ ਸਾਰੇ ਸੀਨੀਅਰ ਅਤੇ ਸਿਵਲ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਅਜਿਹੇ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਟਰੈਵਲ ਏਜੰਟਾਂ ਸਬੰਧੀ ਲਾਇਸੈਂਸ ਅਤੇ ਕਾਰਜ ਕਰਨ ਬਾਰੇ ਕਾਨੂੰਨੀ ਵਿਧੀ ਵਿਧਾਨ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇਨਾਂ ਕਦਮਾਂ ਵਿੱਚ ਪੰਜਾਬ ਪੁਲਿਸ ਵੱਲੋਂ ਵਿਦਿਅਕ ਸੈਮੀਨਾਰ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਗਈ ਹੈ ਜਿੱਥੇ ਆਮ ਲੋਕਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਟਰੈਵਲ ਏਜੰਟਾਂ ਦੀ ਗਤਿਵਿਧੀਆਂ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਗੈਰ-ਕਾਨੂੰਨੀ ਤੱਤਾਂ ਤੋਂ ਗੁੰਮਰਾਹ ਹੋਏ ਲੋੜਵੰਦ ਨੌਜਵਾਨਾਂ ਦੀ ਸਹਾਇਤਾ ਲਈ ਕਾਇਮ ਕੀਤੀ 181 ਹੈਲਪਲਾਈਨ ਦੀ ਵੀ 24 ਘੰਟੇ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਲਈ ਜਨਤਕ ਮੀਟਿੰਗਾਂ ਰਾਹੀਂ ਵੱਡੀ ਪੱਧਰ ਪ੍ਰਚਾਰ ਕਰਨ ਵਾਸਤੇ ਪੰਜਾਬ ਪੁਲਿਸ ਦੇ ‘ਸਾਂਝ’ ਪ੍ਰਾਜੈਕਟ ਤਹਿਤ ਵੱਖ-ਵੱਖ ਵਿਦਿਅਕ ਸੈਮੀਨਾਰ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਲੋੜੀਂਦੀ ਸਿਖਲਾਈ ਲਈ ਜਾਣਕਾਰੀ ਭਰਪੂਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।

08 February 2019

ਗੁੰਡਾ ਪਰਚੀ ਵਸੂਲ ਰਹੇ ਮਹਾਰਾਜੇ ਦੇ ਝੰਡੇਬਰਦਾਰ

* ਖੁੱਲ੍ਹੇਆਮ ਨਾਕੇ ਲਗਾ ਕੇ ਬਾਹਰੀ ਵਹੀਕਲਾਂ ਨੂੰ ਬਣਾਇਆ ਜਾ ਰਿਹਾ ਲੁੱਟ ਦਾ ਸ਼ਿਕਾਰ 
* ਲੰਬੀ ਹਲਕੇ ’ਤੇ ਟਰਾਂਸਪੋਰਟ ਯੂਨੀਅਨਾਂ ’ਤੇ ਕਾਬਜ਼ ਸੱਤਾਪੱਖੀਆਂ ਦਾ ਸੰਗਠਿਤ ਰੈਕਟ

                                              ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਅਮਰਿੰਦਰ ਸਰਕਾਰ ਦੀ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਕਾਂਗਰਸੀਆਂ ਨੇ ਫੇਲ੍ਹ ਕਰ ਛੱਡੀ ਹੈ। ਸੂਬੇ ਵਿੱਚ ਪਾਬੰਦੀ ਦੇ ਬਾਵਜੂਦ ਲੰਬੀ ਹਲਕੇ ’ਚ ਚੱਲਦੀਆਂ ਟਰਾਂਸਪੋਰਟ ਯੂਨੀਅਨਾਂ ਵੱਲੋਂ ਖੁੱਲ੍ਹੇਆਮ ਬਾਹਰੀ ਵਹੀਕਲਾਂ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ। ਯੂਨੀਅਨਾਂ ਵੱਲੋਂ ਖੁੱਲ੍ਹੇਆਮ ਨਾਕੇ ਲਗਾ ਕੇ ਪ੍ਰਤੀ ਵਹੀਕਲ ਅਤੇ ਪ੍ਰਤੀ ਪਸ਼ੂ ਦੋਹਰੇ-ਦੋਹਰੇ ਸੈਂਕੜੇ ਰੁਪਏ ਜ਼ਬਰੀ ਵਸੂਲੇ ਜਾ ਰਹੇ ਹਨ। ਦੋਹਰੀ ਲੁੱਟ ਦਾ ਨੰਗਾ ਨਾਚ ਸਾਬਕਾ ਵੀ.ਆਈ.ਪੀ. ਹਲਕੇ ਲੰਬੀ ’ਚ ਮੰਡੀ ਕਿੱਲਿਆਂਵਾਲੀ ਵਿਖੇ ਐਤਵਾਰੀ ਪਸ਼ੂ ਮੰਡੀ ਦੌਰਾਨ ਚੱਲ ਰਿਹਾ ਹੈ। ਸੱਤਾ ਪੱਖ ਕਾਂਗਰਸੀਆਂ ਦੀ ਸਿੱਧੀ ਸ਼ਮੂਲੀਅਤ ਨਾਲ ਚੱਲ ਰਹੇ ਖੁੱਲ੍ਹੇਆਮ
ਲੁੱਟ-ਖੋਹ ਦੇ ਧੰਦੇ ਕਰਕੇ ਅਮਰਿੰਦਰ ਸਰਕਾਰ ਦੀ ਜ਼ਮੀਨੀ ਪੱਧਰ ’ਤੇ ਵੱਡੀ ਬਦਨਾਮੀ ਹੋ ਰਹੀ ਹੈ। ਜਿੱਥੇ ਭਗਤ ਸਿੰਘ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ਵੱਲੋੋਂ ਪਸ਼ੂ ਖਰੀਦ ਕੇ ਲਿਜਾਣ ਵਾਲੇ ਬਾਹਰੀ ਵਹੀਕਲਾਂ ਤੋਂ ਇੱਕ ਹਜ਼ਾਰ ਰੁਪਏ ਤੱਕ ਆਰਥਿਕ ਨੁਕਸਾਨ ਦੇ ਨਾਂਅ ’ਤੇ ਲਏ ਜਾਂਦੇ ਹਨ। ਥੋੜ੍ਹੀ ਅਗਾਂਹ ਲਗਾਏ ਨਾਕੇ ’ਤੇ ਦੋ ਸੌ ਰੁਪਏ ਪ੍ਰਤੀ ਪਸ਼ੂ ਵੱਖਰੇ ਜ਼ਬਰੀ ਵਸੂਲੇ ਜਾਂਦੇ ਹਨ। ਪਿਕਅੱਪ ਯੂਨੀਅਨ ਦੀ ਕਮਾਂਡ ਬਲਾਕ ਕਾਂਗਰਸ ਕਮੇਟੀ ਲੰਬੀ ਦੇ ਪ੍ਰਧਾਨ ਦੇ ਹੱਥ ਦੱਸੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਯੂਨੀਅਨ ਦੇ ਨਾਕਿਆਂ ’ਤੇ ਪਿੰਡ ਬਨਵਾਲਾ ਅਨੂੰ ਦੇ ਬੰਦੇ ਤਾਇਨਾਤ ਹੁੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਨੂੰ  ਪਸ਼ੂ ਮੰਡੀ ’ਚੋਂ ਪਸ਼ੂ ਬਾਹਰ ਲਿਜਾਣ ਵਾਲੇ ਵਹੀਕਲਾਂ ਤੋਂ ਕਰੀਬ ਇੱਕ ਲੱਖ ਰੁਪਏ ਦੀ ਗੁੰਡਾ ਪਰਚੀ ਵਸੂਲੀ ਹੁੰਦੀ ਹੈ। ਇੱਥੇ ਸੱਤਾਪੱਖੀਆਂ ਦਾ ਇੱਕ ਵਿਉਂਤਬੱਧ ਰੈਕਟ ਹੈ ਜਿਸਨੂੰ ਇੱਕ ਅਖੌਤੀ ਸਿਆਸੀ ਸਲਾਹਕਾਰ ਦੀ ਪੁਸ਼ਤਪਨਾਹੀ ਹੈ। ਕਾਂਗਰਸੀਆਂ ਵੱਲੋਂ ਗੁੰਡਾ ਪਰਚੀ ਕਰਕੇ 72 ਕਰੋੜ ਰੁਪਏ ਦੇ ਸਲਾਨਾ ਠੇਕੇ ਵਾਲੀ ਪਸ਼ੂ ਮੰਡੀ ਫੇਲ੍ਹ ਹੋਣ ਕਿਨਾਰੇ ਹੈ। ਹੁਣ ਇਸ ਲੁੱਟ ਕਾਰਨ ਵਪਾਰੀ ਪਸ਼ੂ ਮੰਡੀ ਫੱਗੂ (ਹਰਿਆਣਾ) ਵੱਲ ਰੁੱਖ ਕਰਨ ਲੱਗੇ ਹਨ।
          ਪਿਕਅੱਪ ਯੂਨੀਅਨ ਵੱਲੋਂ ਹੁੰਦੀ ਲੁੱਟ ਦੀ ਖੁਲਾਸਾ ਕਰਦਿਆਂ ਹਰਿਆਣਾ ਦੇ ਭੱਟੂ ਵਾਸੀ ਡੇਅਰ ਸੰਚਾਲਕ ਰਵਿੰਦਰ ਕੁਮਾਰ ਵਾਸੀ ਭੱਟੂ ਨੇ ਦੱਸਿਆ ਕਿ ਉਹ ਪਸ਼ੂ ਮੰਡੀ, ਕਿੱਲਿਆਂਵਾਲੀ ਤੋਂ ਦੋ ਪਸ਼ੂ ਖਰੀਦ ਕੇ ਆਪਣੇ ਵਹੀਕਲ ਨੰਬਰ ਐਚ.ਆਰ 38ਜੇ/7492 ਲਿਜਾ ਰਿਹਾ ਸੀ। ਉਸਨੇ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ’ਤੇ ਜ਼ਬਰੀ ਗੁੰਡਾ ਪਰਚੀ ਵਸੂਲਣ ਦੇ ਦੋਸ਼ ਲਗਾਉਂਦੇ ਕਿਹਾ ਕਿ ਬਾਹਰੀ ਨਿੱਜੀ ਵਹੀਕਲ ’ਤੇ ਪਸ਼ੂ ਲਿਜਾਣ ਦੇ ਬਦਲੇ ਪਿਕਅੱਪ ਯੂਨੀਅਨ ’ਚ ਨੌ ਸੌ ਰੁਪਏ ਵਸੂਲੇ ਗਏ। ਯੂਨੀਅਨ ’ਚ ਇੱਕ ਵਿਅਕਤੀ ਨੇ ਰੁਪਏ ਲੈ ਕੇ ਪਸ਼ੂ ਖਰੀਦ ਪਰਚੀ ਪਿੱਛੇ ਨੇ ਆਪਣਾ ਨਾਂਅ ਸੇਮਾ ਅਤੇ ਮੋਬਾਇਲ 93155-09003 ਲਿਖ ਕੇ ਦਿੱਤਾ। ਰਵਿੰਦਰ ਅਨੁਸਾਰ ਉਸਨੇ ਇਤਰਾਜ਼ ਜਤਾਇਆ ਤਾਂ ਉਕਤ ਵਿਅਕਤੀ ਨੇ ਆਖਿਆ ਕਿ ਨੌ ਸੌ ਰੁਪਏ ਦਿਓਗੇ ਤਾਂ ਹੀ ਤੈਨੂੰ ਪਸ਼ੂ ਲੱਦਣ ਦੇਵਾਂਗੇ। ਰਵਿੰਦਰ ਕੁਮਾਰ ਨੇ ਆਖਿਆ ਕਿ ਉਸਨੂੰ ਮਜ਼ਬੂਰੀ ਵਜੋਂ ਨੌ ਸੌ ਰੁਪਏ ਦੇਣੇ ਪਏ। ਹੁਣ ਅਗਾਂਹ ਨਾਕਾ ਲਗਾ ਕੇ ਖੜ੍ਹਾ ਇਹ ਵਿਅਕਤੀ ਚਾਰ ਸੌ ਰੁਪਏ ਮੰਗ ਰਿਹਾ ਹੈ। ਰਵਿੰਦਰ ਕੁਮਾਰ ਨੇ ਜ਼ਬਰੀ ਵਸੂਲੀ ਬਾਰੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੂੰ ਫੋਨ ’ਤੇ ਜਾਣੂ ਕਰਵਾਇਆ। ਰਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਖੁੱਲ੍ਹੇਆਮ ਲੁੱਟ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ, ਜਦੋਂ ਕਿ ਪੰਜਾਬ ਵਿੱਚ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਹੈ। ਮੌਕੇ ’ਤੇ ਪੁੱਜੇ ਪੱਤਰਕਾਰ ਨੇ ਵੇਖਿਆ ਕਿ ਪਸ਼ੂ ਡਿਸਪੈਂਸਰੀ ਦੇ ਨੇੜੇ ਇੱਕ ਸਿੱਖ ਵਿਅਕਤੀ ਸੜਕ ਕੰਢੇ ਕੁਰਸੀ ’ਤੇ ਬੈਠਾ ਸੀ। ਜਿਸਦੀ ਸ਼ਨਾਖ਼ਤ ਤਰਸੇਮ ਸਿੰਘ ਵਜੋਂ ਹੋਈ। ਸ਼ਰਾਬੀ ਹਾਲਤ ਉਕਤ ਵਿਅਕਤੀ ਪਸ਼ੂ ਲਿਜਾ ਰਹੇ ਛੋਟੇ ਹਾਥੀ ਜਾਂ ਹੋਰਨਾਂ ਗੱਡੀਆਂ ਨੂੰ ਰੋਕ-ਰੋਕ ਕੇ ਜਵਾਬਤਲਬੀ ਕਰ ਰਿਹਾ ਸੀ। ਉਹ ਰਵਿਦਰ ਕੁਮਾਰ ਨੂੰ ਮੀਡੀਆ ਮੂਹਰੇ ਬੋਲਣ ਤੋਂ ਰੋਕ ਕੇ ਆਖ ਰਿਹਾ ਸੀ ਕਿ ਇਹ ਤਾਂ ਪੱਤਰਕਾਰ ਹੈ ਇਸਦਾ ਕੀ ਹੈੈ? ਤੁਸੀਂ ਜਾਓ। ਸਾਡੀ ਸਰਕਾਰ ਐ।’ ਤਰਸੇਮ ਨੇ ਕਬੂਲਿਆ ਕਿ ਉਹ ਪਿਕਅੱਪ ਯੂਨੀਅਨ ਵੱਲੋਂ ਖੜ੍ਹਾ ਹੈ। 
        ਲੋਕਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਪਸ਼ੂ ਮੰਡੀ ਕਿੱਲਿਆਂਵਾਲੀ ਨੇੜਲੇ ਰਾਹਾਂ ਗੁੰਡਾ ਪਰਚੀ ਵਸੂਲੀ ਲਈ ਕਰੀਬ ਤਿੰਨ ਚਾਰ ਨਾਕੇ ਲੱਗਦੇ ਹਨ। ਜਿੱਥੇ ਵੱਡੇ ਪੱਧਰ ’ਤੇ ਜ਼ਬਰੀ ਵਸੂਲੀ ਹੁੰਦੀ ਹੈ। ਦੱਸਣਯੋਗ ਹੈ ਕਿ ਬੀਤੀ 21 ਅਕਤੂਬਰ 2018 ਨੂੰ ਪਿਕਅੱਪ ਯੂਨੀਅਨ ਦੇ ਬੰਦਿਆਂ ਨੇ ਧੂਰੀ ਖੇਤਰ ਦੇ ਡੇਅਰੀ ਸੰਚਾਲਕ ਮੋਹਿਤ ਸ਼ਰਮਾ ਨੂੰ ਮਾਰ-ਕੁੱਟ ਕੇ ਜਖ਼ਮੀ ਕਰਕੇ ਸਰੇ ਬਾਜ਼ਾਰ 15 ਸੌ ਰੁਪਏ ਖੋਹੇ ਸਨ। ਯੂਨੀਅਨਾਂ ਦੇ ਦਬਾਅ ਸਦਕਾ ਮਹਿਤ ਸ਼ਰਮਾ ਮੌਕੇ ’ਤੇ ਰਾਜੀਨਾਮਾ ਲਿਖ ਦੇ ਗਿਆ ਸੀ। 
        ਪਿਕਅੱਪ ਯੂਨੀਅਨ ਦੇ ਦਫ਼ਤਰ ਵਿੱਚ ਮੁਨਸ਼ੀ ਸੇਮਾ ਨੇ ਆਖਿਆ ਕਿ ਯੂਨੀਅਨ ਦਾ ਪ੍ਰਧਾਨ ਗੁਰਬਾਜ ਸਿੰਘ ਬਨਵਾਲਾ ਹੈ। ਉਸਨੇ ਬਕਾਇਦਾ ਕਬੂਲਿਆ ਕਿ ਪਿਕਅੱਪ ਯੂਨੀਅਨ ਵੱਲੋਂ ਬਾਹਰੀ ਵਹੀਕਲਾਂ ਤੋਂ ਪੈਸੇ ਲਏ ਜਾਂਦੇ ਹਨ ਅਤੇ ਨਾਕੇ ਵੀ ਲਗਾਏ ਜਾਂਦੇ ਹਨ। ਉਸਨੇ ਕਿਹਾ ਕਿ ਸਾਨੂੰ ਦਫ਼ਤਰ ਦਾ ਕਿਰਾਇਆ ਪੈਂਦਾ ਹੈ। ਦਫ਼ਤਰ ਪਿਕਅੱਪ ਸੰਚਾਲਕਾਂ ਨੇ ਕਿਹਾ ਕਿ ਉਹ ਘਾਟੇ ਵਿੱਚ ਹਨ ਉਨ੍ਹਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ। ਉਨ੍ਹਾਂ ਨੂੰ ਦੋਵੇਂ ਸੂਬਿਆਂ ਦੇ ਸਰਕਾਰੀ ਨਿਰਦੇਸ਼ਾਂ ’ਤੇ ਗੱਡੀਆਂ ਵੀ ਵਗਾਰ ’ਚ ਦੇਣੀਆਂ ਪੈਂਦੀਆਂ ਹਨ। 

ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਬਾਜ ਬਨਵਾਲਾ ਨੇ ਆਖਿਆ ਕਿ ਉਸਦਾ ਪਿਕਅੱਪ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਸਦਾ ਨਾਂਅ ਗਲਤ ਵਰਤਿਆ ਜਾ ਰਿਹਾ ਹੈ। ਜੇਕਰ ਕੋਈ ਗੁੰਡਾ ਪਰਚੀ ਲੈਂਦੇ ਹਨ ਤਾਂ ਪ੍ਰਸ਼ਾਸਨ ਤੁਰੰਤ ਬੰਦ ਕਰਵਾਏ। 

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿਸੇ ਨੂੰ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਾ ਦੀ ਲੁੱਟ ਬੰਦ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ। 

03 February 2019

ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਖੁੱਲ੍ਹੇਆਮ ਲੁੱਟ ਦਾ ਹੈਰਾਨੀਜਨਕ ਖੁਲਾਸਾ

*  ਪੰਜਾਬ ’ਚ ਦੋ ਹਜ਼ਾਰ ਰੁਪਏ ਦਾਖਲਾ ਫੀਸ ਦੇ ਕੇ ਸੜਕ ’ਤੇ ਚੱਲਿਆ ਜਾਂਦਾ ਨਿਰਵਿਘਨ 
*  ਪਟਰੋਲ ਪੰਪਾਂ ਬਣੇ ਟਰਾਂਸਪੋਰਟ ਵਿਭਾਗ ਦੀ ਨਜਾਇਜ਼ ਉਗਰਾਹੀ ਦੇ ਕੇਂਦਰ 
*  ਦੋ ਹਜ਼ਾਰ ਦੀ ਮਾਸਿਕ ਫੀਸ ਕਰ ਦਿੰਦੀ ਓਵਰਲੋਡ ਜਿਹੇ ਦੋਸ਼ਾਂ ਤੋਂ ਮੁਕਤ

                                                          ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਉਨੀਂਦਰੇ ਸੁਭਾਅ ਰਾਜਭਾਗ ਚਲਾਉਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰੰਘ ਦੇ ਰਾਜ ’ਚ ਟਰੱਕਾਂ ਵਾਲਿਆਂ ਨੂੰ ਸੜਕਾਂ ’ਤੇ ਚੱਲ ਕੇ ਬਿਨ੍ਹਾਂ ਸਰਕਾਰੀ ਖੱਜਲ-ਖੁਆਰੀ ਦੇ ਮੰਜ਼ਿਲ ’ਤੇ ਪੁੱਜਣ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਇੰਟਰੀ ਫੀਸ ਲਾਜ਼ਮੀ ਬਣੀ ਹੋਈ ਹੈ। ਇਸ ਫੀਸ ਲਈ ਪਟਰੋਲ ਪੰਪ ਟਰਾਂਸਪੋਰਟ ਵਿਭਾਗ ਦੀ ਕਥਿਤ ਗੈਰਕਾਨੂੰਨੀ ਉਗਰਾਹੀ ਦੇ ਜਰੀਆ
ਬਣ ਰਹੇ ਹਨ। ਇਹ ਗੈਰ-ਕਾਨੂੰਨੀ ਵਰਤਾਰਾ ਸਰਕਾਰੀ ਅਮਲਾਂ ਦੀ ਓਟ ਹੇਠ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਸਮੁੱਚੇ ਪੰਜਾਬ ’ਚ ਚਿੱਟੇ ਦਿਨ ਚੱਲ ਰਿਹਾ ਹੈ। ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਸੜਕਾਂ ’ਤੇ ਖੁੱਲ੍ਹੇਆਮ ਲੁੱਟ ਦਾ ਇਹ ਹੈਰਾਨੀਜਨਕ ਖੁਲਾਸਾ ਰਾਜਸਥਾਨ ਦੇ ਟਰੱਕ ਡਰਾਈਵਰਾਂ ਨੇ ਕੀਤਾ ਹੈ।
ਪਟਰੋਲ ਪੰਪਾਂ ’ਤੇ ਇੰਟਰੀ ਫੀਸ ਨਾ ਦੇਣ ਦੀ ਸੂਰਤ ’ਚ ਟਰੱਕਾਂ ਵਾਲਿਆਂ ਨੂੰ ਨਾ ਸਿਰਫ਼ ਹਜ਼ਾਰਾਂ ਰੁਪਏ ਦਾ ਚਲਾਣ ਭੁਗਤਣਾ ਪੈਂਦਾ ਹੈ। ਸਗੋਂ ਟਰਾਂਸਪੋਰਟ ਵਿਭਾਗ ਦੇ ਅਣ-ਐਲਾਨੇ ਨਾਕਿਆਂ ’ਤੇ ਘੰਟਿਆਂ-ਬੱਧੀ ਖੱਜਲ-ਖੁਆਰ ਦਾ ਸ਼ਿਕਾਰ ਹੋ ਕੇ ਸਮੇਂ ਦੀ ਬਰਬਾਦੀ ਕਰਨੀ ਹੋਵੇਗੀ। ਇੰਟਰੀ ਫੀਸ ਦੇਣ ਮਗਰੋਂ ਹਰ ਮਹੀਨੇ ਕੋਈ ਖਾਸ ਕੋਡ ਵਰਡ ਜਾਂ ਵਿਸ਼ੇਸ਼ ਕਾਰਡ ਸੁਖਾਵੀਂ ਰਾਹਦਾਰੀ ਦਾ ਜਰੀਆ ਬਣਦਾ ਹੈ। ਸੂਤਰਾਂ ਅਨੁਸਾਰ ਦੋ-ਦੋ, ਚਾਰ-ਚਾਰ ਹਜ਼ਾਰ ਰੁਪਏ ਦੀ ਉਗਰਾਹੀਂ ਰਾਹੀਂ ਇਹ ਕਥਿਤ ਰਿਸ਼ਵਤਖੋਰੀ ਸਲਾਨਾ ਸੈਂਕੜੇ ਕਰੋੜ ਰੁਪਏ ਨੂੰ ਪੁੱਜ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡੀ.ਟੀ.ਓ/ਆਰ.ਟੀ.ਏ ਦਫ਼ਤਰ ਤਾਂ ਦੂਰ ਜੇਕਰ ਸਿਰਫ਼ ਪਿਛਲੇ ਦਹਾਕੇ ’ਚ ਇਨ੍ਹਾਂ ਨਾਲ ਲੱਗੇ ਰਹੇ ਗੰਨਮੈਨਾਂ ਸਮੇਤ ਸਮੁੱਚੇ ਅਮਲੇ ਦੀਆਂ ਜਾਇਦਾਦਾਂ ਬਾਰੇ ਡੂੰਘਾਈ ਨਾਲ ਨਿਰਪੱਖ ਘੋਖ ਹੋਵੇ ਤਾਂ ਅਰਬਾਂ-ਖਰਬਾਂ ਰੁਪਏ ਦੀ ਨਾਮੀ/ਬੇਨਾਮੀ ਜਾਇਦਾਦਾਂ ਨਸ਼ਰ ਹੋ ਸਕਦੀਆਂ ਹਨ। ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਥਿਤ ਲੁੱਟ-ਖੋਹ ’ਚ ਡੀ.ਟੀ.ਓਜ਼/ਆਰ.ਟੀ.ਏਜ਼ ਦੇ ਗੰਨਮੈਨ ਅਤੇ ਸੁਰੱਖਿਆ ਅਮਲਾ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਾਲਾਤਾਂ ’ਚ ਸੜਕਾਂ ਦੇ ਰਾਜੇ ਟਰੱਕ ਆਪ੍ਰੇਟਰ ਪੂਰੀ ਟਰਾਂਸਪੋਰਟ ਵਿਭਾਗ ਦੇ ਗੁਲਾਮ ਬਣ ਕੇ ਰਹਿ ਗਏ ਹਨ। 
ਕੜਾਕੇ ਦੀ ਸਰਦੀ ’ਚ ਇੱਥੇ ਪੰਜਾਬ-ਹਰਿਆਣਾ ਸਰਹੱਦ ਨੇੜਲੇ ਪਿੰਡ ਡੂਮਵਾਲੀ ਦੇ ਰਕਬੇ ਵਿੱਚ ਪੂਰੀ ਰਾਤ ਖੱਜਲ-ਖੁਆਰ ਹੋਣ ਵਾਲੇ ਬੀਕਾਨੇਰ ਜਿਲ੍ਹੇ  ਦੇ ਟਰੱਕ ਚਾਲਕ ਸੁਨੀਲ ਕੁਮਾਰ ਸਮੇਤ ਹੋਰਨਾਂ ਨੇ ਗੰਭੀਰ ਦੋਸ਼ ਲਗਾਏ ਹਨ। ਉਸਨੇ ਕਿਹਾ ਕਿ ਉਸਦੇ ਟਰੱਕ ਵਿੱਚ ਵਜ਼ਨ ਤਾਂ ਸੜਕੀ ਨਿਯਮਾਂ ਦੇ ਮੁਤਾਬਕ ਹੈ ਪਰ ਉਸ ਵਿੱਚ ਲੱਦੇ ਮਾਲ ਦੀ ਉੱਚਾਈ ਜ਼ਿਆਦਾ ਹੋਣ ਕਰਕੇ ਉਸਦਾ 14 ਹਜਾਰ ਰੁਪਏ ਦਾ ਚਲਾਨ ਪੰਜਾਬ ’ਚ ਕੱਟਿਆ ਗਿਆ, ਜੋ ਕਿ ਬਹੁਤ ਜ਼ਿਆਦਾ ਹੈ। ਸੁਨੀਲ ਕੁਮਾਰ ਨੇ ਕਿਹਾ ਕਿ ਉਸਨੂੰ ਇੱਕ ਪਟਰੋਪ ਪੰਪ ਦੇ ਸੰਚਾਲਕ ਨੇ ਦੱਸਿਆ ਕਿ ਜੇਕਰ ਦੋ ਹਜ਼ਾਰ ਰੁਪਏ ਦੀ ਮਾਸਿਕ ਇੰਟਰੀ ਫੀਸ ਪਹਿਲਾਂ ਤੋਂ ਜਮ੍ਹਾਂ ਕਰਵਾਈ ਹੁੰਦੀ ਤਾਂ ਉਹ ਚਲਾਣ ਤੋਂ ਬਚ ਜਾਂਦਾ। ਸੁਨੀਲ ਮੁਤਾਬਕ ਜਿਹੜੀਆਂ ਗੱਡੀਆਂ ਨਿੱਤ ਚੱਲਦੀਆਂ ਹਨ, ਉਹ ਬਿਨਾਂ ਰੋਕ-ਟੋਕ ਗੱਡੀ ਚਲਾਉਣ ਦੇ ਸਾਰੇ ਅੰਦਰੂਨੀ ਨੁਕਤਿਆਂ ਤੋਂ ਜਾਣੂ ਹਨ ਪਰ ਕਦੇ-ਕਦਾਈਂ ਪੰਜਾਬ ’ਚ ਆਉਣ ਵਾਲੇ ਉਸਦੇ ਵਰਗੇ ਟਰੱਕ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈਂਦਾ ਹੈ। ਇਸਦੇ ਇਲਾਵਾ ਹੋਰਨਾਂ ਟਰੱਕ ਡਰਾਈਵਰਾਂ ਨੇ ਦੋਸ਼ ਲਗਾਇਆ ਹੈ ਕਿ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਨਾਲ ਪੰਜਾਬ ਭਰ ’ਚ ਤੂੜੀ ਦੇ ਅੰਨੇ੍ਹਵਾਦ ਲੱਦੇ ਟਰੈਕਟਰ-ਟਰਾਲੀਆਂ ਪੂਰੀ ਸੜਕ ਘੇਰ ਕੇ ਚੱਲਦੇ ਹਨ। ਜਿਨ੍ਹਾਂ ਨੂੰ ਰੋਕਣ ਸਮੇਂ ਟਰਾਂਸਪੋਰਟ ਵਿਭਾਗ ਦੀਆਂ ਅੱਖਾਂ ’ਤੇ ਪਰਦਾ ਪੈ ਜਾਂਦਾ ਹੈ। ਇੱਕ ਹੋਰ ਟਰੱਕ ਚਾਲਕ ਭੋਲਾ ਸਿੰਘ ਵਾਸੀ ਹਨੁਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਨਿਯਮਾਂ ਤਹਿਤ ਮੁਤਾਬਕ ਟਰੱਕ ’ਚ 39 ਵਜ਼ਨ ਤੋਂ ਘੱਟ ਭਾਰ ਟਰੱਕ ’ਚ ਹੋਣਾ ਚਾਹੀਦਾ ਹੈ। ਉਸਦੇ ਟਰੱਕ ਵਿੱਚ ਕਰੀਬ 36 ਟਨ ਮਾਲ ਹੈ ਪਰ ਫਿਰ ਵੀ ਉਸਦੇ ਟਰੱਕ ਦਾ 12 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਸ ਕਰਕੇ ਉਹ ਵੀ ਠੰਡ ਵਿੱਚ ਸੜਕ ’ਤੇ ਰਾਤਾਂ ਕੱਟਣ ਨੂੰ ਮਜਬੂਰ ਹੈ। ਕੇਵਲ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕਾਂ ਨੂੰ ਬਹੁਤ ਵਾਰ ਟਰਾਂਸਪੋਰਟ ਵਿਭਾਗ ਦੀ ਮਨਮਾਨੀ ਝੱਲਣੀ ਪੈਂਦੀ ਹੈ। ਡੱਬਵਾਲੀ-ਬਠਿੰਡਾ ਸੜਕ ’ਤੇ ਖੜ੍ਹੇ ਕਈ ਹੋਰ ਟਰੱਕ ਡਰਾਈਵਰਾਂ ਨੇ ਵੀ ਆਪਣੀ ਮੁਸ਼ਕਿਲ ਬਿਆਨਦੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਯੂਨੀਅਨ ਤਾਂ ਬੰਦ ਕਰਵਾ ਦਿੱਤੀਆਂ ਪਰ ਟਰਾਂਸਪੋਰਟ ਵਿਭਾਗ ਦੀ ਲੁੱਟ ਬੰਦ ਕਰਵਾਉਣ ’ਚ ਖੁਦ ਮੁੱਖ ਮੰਤਰੀ ਵੀ ਬੇਵੱਸ ਜਾਪਦਾ ਹੈ। ਠੰਡ ਭਰੇ ਹਾਲਾਤਾਂ ’ਚ ਟਰੱਕ ਡਰਾਈਵਰਾਂ ਨੂੰ ਇੰਝ ਸੜਕਾਂ ’ਤੇ ਖੱਜਲ-ਖੁਆਰ ਨਹੀਂ ਹੋਣ ਦੇਣ ਲਈ  ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ।   

                                ਮੁਫ਼ਤ ਦੀ ਕਮਾਈ ਨੇ ਅਫਸਰਾਂ ਦੇ ਦਿਮਾਗ ਅਸਮਾਨ ਚੜ੍ਹਾਏ
ਟਰੱਕ ਆਪ੍ਰੇਟਰਾਂ ਮੁਤਾਬਕ ਕਾਨੂੰਨੀ ਨਿਯਮਾਂ ਦੀ ਓਟ ’ਚ ਹੁੰਦੀ ਮੁਫ਼ਤ ਦੀ ਕਮਾਈ ਨੇ ਵਿਭਾਗੀ ਅਫਸਰਾਂ ਦੇ ਦਿਮਾਗ ਉਤਾਂਹ ਚੁੱਕੇ ਹਨ ਕਿ ਉਹ ਜਨਤਾ ਦੀਆਂ ਮੋਬਾਇਲ ਸੁਣਨ ਨੂੰ ਤਿਆਰ ਨਹੀਂ ਹਨ। ਜਨਤਾ ਦੀਆਂ ਮੋਬਾਇਲ ’ਤੇ ਕਾਲ ਨਾ ਰਸੀਵ ਨਾ ਕਰਨ ਲਈ ਆਰ.ਟੀ.ਏ. ਫਰੀਦਕੋਟ ਦਫ਼ਤਰ ਕਾਫ਼ੀ ਮਸ਼ਹੂਰ ਹੈ। ਇੱਥੇ ਐਸ.ਐਮ.ਐਸ. ਕਲਚਰ ਚੱਲਦਾ ਹੈ। ਅਜਿਹੇ ’ਚ ਲੋਕ ਲੰਬੀ, ਮਲੋਟ ਤੋਂ ਨਿੱਕੀ ਜਿਹੀ ਜਾਣਕਾਰੀ ਲਈ 100 ਕਿਲੋਮੀਟਰ ਦੂਰ ਫਰੀਦਕੋਟ ਜਾਣ ਲਈ ਮਜ਼ਬੂਰ ਹੁੰਦੇ ਹਨ।

ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਕੋਲ ਫੋਨ ਚੁੱਕਣ ਦਾ ਸਮਾਂ ਨਹੀਂ 
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਇਲ ਫੋਨ 99148-00007 ’ਤੇ ਪੰਜ ਵਾਰ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਾਕੂਮਨੂੰ ਸ਼ਿਵਾ ਪ੍ਰਸਾਦ ਦੇ ਮੋਬਾਇਲ ’ਤੇ ਕਈ ਕਾਲ ਕੀਤੀ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। 

      ਇੰਟਰੀ ਫੀਸ ਜਿਹੇ ਦੋਸ਼ ਸਰਾਸਰ ਬੇਬੁਨਿਆਦ
ਟਰੱਕਾਂ ਡਰਾਈਵਰਾਂ ਦੇ ਦੋਸ਼ਾਂ ਬਾਰੇ ਆਰ.ਟੀ.ਏ ਬਠਿੰਡਾ ਉਦੈਦੀਪ ਸਿੱਧੂ ਦਾ ਕਹਿਣਾ ਸੀ ਕਿ ਇੰਟਰੀ ਫੀਸ ਜਿਹੀਆਂ ਗੱਲਾਂ ਸਰਾਸਰ ਗਲਤ ਹਨ। ਅਜਿਹੀ ਕੋਈ ਫੀਸ ਕਿਸੇ ਟਰੱਕ ਡਰਾਈਵਰ ਤੋਂ ਨਹੀਂ ਲਈ ਜਾਂਦੀ। ਜੇਕਰ ਕਿਸੇ ਪਟਰੋਲ ਪੰਪ ’ਤੇ ਅਜਿਹਾ ਹੁੰਦਾ ਹੈ ਤਾਂ ਟਰੱਕ ਆਪ੍ਰੇਟਰ ਵਿਭਾਗ ਨੂੰ ਦੱਸਣ, ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰਾਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਅਤੇ ਵਿਭਾਗੀ ਟਾਰਗੇਟ ਕਾਰਨ ਕਈ ਵਾਰ ਵੱਧ ਜੁਰਮਾਨਾ ਵੀ ਲਗਾਇਆ ਜਾਂਦਾ ਹੈ।