26 November 2019

ਇੱਕ ਲੱਖ ਏਕੜ ਜ਼ਮੀਨ ਨੂੰ ਬੰਜਰ ਕਰ ਜਾਵੇਗੀ ਮੋਤੀਆਂ ਵਾਲੇ ਦੀ ਨਵੀਂ ਨੀਤੀ!

* ਨਵੀਂ ਨੀਤੀ ਲਿਫ਼ਟ ਪੰਪ ਆਧਾਰਤ ਕਿਸਾਨਾਂ ਨੇ ਵੱਡੇ ਸੰਘਰਸ਼ ਦਾ ਬਿਗਲ ਵਜਾ ਨਹਿਰ ਕੰਢੇ ਧਰਨਾ ਲਾਇਆ
* ਮਾਮਲਾ ਸਰਹਿੰਦ ਫੀਡਰ ਨੂੰ ਪਲਾਸਟਿਕ ਅਤੇ ਸੀਮਿੰਟਡ ਪਰਤ ਚੜਾਉਣ ਦਾ 
* ਜਾਖੜ ਪਰਿਵਾਰ ਨੂੰ ਲਾਹਾ ਪਹੁੰਚਾਉਣ ਲਈ ਕੀਤਾ ਨੀਤੀ ’ਚ ਬਦਲਾਅ: ਮਿੱਡੂਖੇੜਾ
                                                    
                                                       ਇਕਬਾਲ ਸਿੰਘ ਸ਼ਾਂਤ 
ਲੰਬੀ: ‘ਬੰਦੇ ਖਾਣੀਆਂ’ ਨਹਿਰਾਂ ਨੂੰ ਪਲਾਸਿਟਕ ਅਤੇ ਸੀਮਿੰਟਡ ਪਰਤ ਚੜ੍ਹਾਉਣ ਦੀ ਹਜ਼ਾਰਾਂ ਕਰੋੜੀ ਕਵਾਇਦ ਤਹਿਤ ਲਿਫ਼ਟ ਪੰਪਾਂ ਸੰਬੰਧੀ ਬਦਲਵੀਂ ਸਰਕਾਰੀ ਨੀਤੀ ਨੇ ਮਾਲਵੇ ਦੀ ਕਰੀਬ ਇੱਕ ਲੱਖ ਏਕੜ ਵਾਹੀਯੋਗ ਜ਼ਮੀਨ ਨੂੰ ਬੰਜਰ ਹੋਣ ਦਾ ਮੁੱਢ ਬੱਝ ਦਿੱਤਾ ਹੈ। ਹੁਣ ਸਰਕਾਰ ਨਵੀਂ ਨੀਤੀ ਤਹਿਤ ਸਰਹਿੰਦ ਨਹਿਰ ਕੰਢੇ ਸਥਿਤ ਲਿਫ਼ਟ ਪੰਪਾਂ ਦੀ ਪਾਈਪਾਂ ਦੀ ਬਜਾਇ ਹੁਣ ਮੋਘਾ ਆਧਾਰਤ ਲਿਫ਼ਟ ਪੰਪਾਂ ਰਾਹੀਂ ਸਿੰਚਾਈ ਲਈ ਪਾਣੀ ਦੇਣ ਜਾ ਰਹੀ ਹੈ। ਜਿਸ ਬਦਲਾਅ ਖਿਲਾਫ਼ ਲਿਫ਼ਟ ਪੰਪ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ ਕਿਸਾਨਾਂ ਨੇ ਬੱਝਵੇਂ ਸੰਘਰਸ਼ ਦਾ ਝੰਡਾ ਚੁੱਕ ਲਿਆ ਹੈ। ਰੋਜ਼ੀ-ਰੋਟੀ ਦੇ ਬੁਨਿਆਦੀ ਵਸੀਲੇ ’ਤੇ ਸਿੱਧੀ ਮਾਰ ਪੈਣ ਦੇ ਮੱਦੇਨਜ਼ਰ ਸਿਆਸੀ ਆਗੂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਟੇਜ ’ਤੇ ਆ ਨਿੱਤਰੇ ਹਨ। ਦਰਅਸਲ ਪਹਿਲਾਂ ਨਹਿਰਾਂ ਲਾਗਲੇ ਹਜ਼ਾਰਾਂ ਕਿਸਾਨ ਨਹਿਰੀ ਰਿਸਾਵ ਕਰਕੇ ਸੇਮ ਤੋਂ ਪੀੜਤ ਸਨ। ਹੁਣ ਪਹਿਲੇ ਪੜਾਅ ਵਿੱਚ ਰਾਜਸਥਾਨ ਫੀਡਰ ਨਹਿਰ ਨੂੰ ਸੀਮਿੰਟਡ ਪਰਤ ਚੜ੍ਹਾਉਣ ਨਾਲ ਜ਼ਮੀਨੀ ਨਮੀ ਵਿੱਚ ਥੁੜ ਅਤੇ ਉੱਪਰੋਂ
ਮੋਘਿਆਂ ’ਤੇ ਹੋਦੀਆਂ ਰਾਹੀਂ ਘੱਟ ਪਾਣੀ ਮਿਲਣ ਨਾਲ ਮਾਲਵੇ ਦੇ ਰੇਗਿਸਤਾਨ ਬਣਨ ਦੇ ਡਰੋਂ ਕਿਸਾਨ ਭਾਈਚਾਰਾ ਮਾਯੂਸੀ ਵਿੱਚ ਹੈ। ਦੱਸਣਯੋਗ ਹੈ ਕਿ ਹਰੀਕੇ ਬੈਰਾਜ ਤੋਂ ਨਿਕਲਦੀ ਸਰਹਿੰਦ ਫੀਡਰ ’ਤੇ ਲੋਹਗੜ੍ਹ ਹੈੱਡ ਦੇ ਨੇੜੇ ਟੇਲ ਤੱਕ ਕਰੀਬ 250 ਲਿਟਫ਼ ਪੰਪ ਹਨ। ਕਰੀਬ ਦੋ ਹਜ਼ਾਰ ਕਰੋੜ ਰੁਪਏ ਦੇ ਕੇਂਦਰੀ ਫੰਡਾਂ ਨਾਲ ਤਿੰਨ ਪੜਾਵਾਂ ’ਚ ਰਾਜਸਥਾਨ ਕੈਨਾਲ ਅਤੇ ਸਰਹਿੰਦ ਫੀਡਰ ਨੂੰ ਸੀਮਿੰਟਡ ਹੋਣੀਆਂ ਹਨ। ਜਿਸਦੇ ਪਹਿਲੇ ਪੜਾਅ ਤਹਿਤ ਸਰਹਿੰਦ ਫੀਡਰ ਨਹਿਰ ਦੀ ਬੁਰਜੀ ਨੰਬਰ 386 ਤੋਂ 447 (ਟੇਲ) ਤੱਕ ਕਰੀਬ ਵੀਹ ਕਿਲੋਮੀਟਰ ਹਿੱਸਾ ਦੇ ਨਿਰਮਾਣ ਕਾਰਜ 15 ਨਵੰਬਰ ਤੋਂ ਸ਼ੁਰੂ ਹੋਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕਾਂਗਰਸ ਸਰਕਾਰਾਂ ਸਮੇਂ ਲਿਫ਼ਟ ਪੰਪ ਆਧਾਰਤ ਕਿਸਾਨਾਂ ਦੀ ਸੰਘੀ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 2005 ਵਿੱਚ ਵੀ ਕੈਪਟਨ ਸਰਕਾਰ ਸਮੇਂ ਲਿਫ਼ਟ ਪੰਪਾਂ ਦੇ ਵਜੂਦ ’ਤੇ ਸੰਕਟ ਆਇਆ ਸੀ। ਅੱਜ ਪਿੰਡ ਵੜਿੰਗਖੇੜਾ ਅਤੇ ਫੱਤਾਕੇਰਾ ਵਿਚਕਾਰ ਸਰਹਿੰਦ ਫੀਡਰ ਦੀ ਟੇਲਾਂ ਉੱਪਰ ਮੁੜ ਉਸਾਰੀ ਵਾਲੀ ਜਗ੍ਹਾ ’ਤੇ ਸੈਂਕੜੇ ਕਿਸਾਨਾਂ ਨੇ ਮੋਰਚੇ ਦੇ ਸੂਬਾ ਪ੍ਰਧਾਨ ਬਲਕਾਰ ਸਿੰਘ ਹੁਸਨਰ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਕਾਂਗਰਸ ਸਰਕਾਰ ਲਿਫ਼ਟ ਪੰਪ ਆਧਾਰਤ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਸਿੰਚਾਈ ਵਿਭਾਗ ਵੱਲੋਂ ਨਵੇਂ ਏ-ਫਾਰਮਾਂ ਵਿੱਚ ਲਿਫ਼ਟ ਪੰਪ ਪਾਣੀ ਨਿਕਾਸੀ ਦੀ ਸ਼ਬਦਾਵਲੀ ’ਚ ਕਟੌਤੀ ਅਤੇ ਫੇਰਬਦਲ ਨੇ ਅਮਰਿੰਦਰ ਸਿੰਘ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਡਟਵਾਂ ਹੱਕੀ ਅਤੇ ਕਾਨੂੰਨੀ ਸੰਘਰਸ਼ ਲੜ ਕੇ ਲਿਫ਼ਟ ਪੰਪਾਂ ਦੀ ਪੁਰਾਣੀ ਨੀਤੀ ਨੂੰ ਬਹਾਲ ਕਰਵਾਇਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਰਿਵਾਰ ਨੂੰ ਖੇਤਾਂ ਦੀ ਹਰਿਆਵਲ ਵਧਾਉਣ ਲਈ ਮਾਲਵੇ ਦੇ ਹਜ਼ਾਰਾਂ ਕਿਸਾਨਾਂ ਦੀ ਜ਼ਮੀਨਾਂ ਨੂੰ ਬੰਜਰ ਬਣਾਉਣ ਲਈ ਲਿਫ਼ਟ ਪੰਪ ਨੀਤੀ ਨੂੰ ਮੋਘਿਆਂ ’ਚ ਬਦਲਿਆ ਜਾ ਰਿਹਾ ਹੈ। ਜਿਸ ਨਾਲ ਖੇਤਾਂ ਨੂੰ ਪੰਜਾਹ ਫ਼ੀਸਦੀ ਤੱਕ ਘਟ ਪਾਣੀ ਮਿਲਣ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਆਸੀ ਮੰਤਵਾਂ ਤੋਂ ਉੱਪਰ ਉਠ ਕੇ ਕਿਸਾਨਾਂ ਦੀ ਰੋਜ਼ੀ ਰੋਟੀ ਅਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜ਼ਮੀਨੀ ਪਾਣੀ ਹੇਠਾਂ ਜਾ ਕੇ ਕਿਸਾਨੀ ਨਿਘਾਰ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲਿਫ਼ਟ ਪੰਪਾਂ ’ਤੇ ਸਵਰੂਪ ਤੰਗ ਕਰਕੇ ਮਾਲਵੇ ਦੀ ਸੇਮ ਪੀੜਤ ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਗੁਰਮੀਤ ਖੁੱਡੀਆਂ ਨੇ ਆਖਿਆ ਕਿ ਦਹਾਕਿਆਂ ਪਹਿਲਾਂ ਨਹਿਰਾਂ ਨਿਕਲਣ ਸਮੇਂ ਵੱਡੀ ਗਿਣਤੀ ਕਿਸਾਨਾਂ ਦੀ ਜ਼ਮੀਨ ਦੋ ਹਿੱਸਿਆਂ ’ਚ ਵੰਡੀ ਗਈ ਸੀ ਹੁਣ ਮੋਘਿਆਂ ਦੀ ਨਵੀਂ ਨੀਤੀ ਨਾਲ ਕਿਸਾਨ ਆਰਥਿਕ ਪੱਖੋਂ ਖ਼ਤਮ ਹੋ ਜਾਣਗੇ। ਕਿਸੇ ਸਮੇਂ ਸਰਕਾਰ ਨੇ ਕਿਸਾਨਾਂ ਦੀ ਦਿੱਕਤ ਘਟਾਉਣ ਲਈ ਲਿਫ਼ਟ ਪੰਪ ਲਗਾਏ ਸੀ। ਅਕਾਲੀ ਆਗੂ ਕੁਲਵੰਤ ਸਿੰਘ ਘੁਮਿਆਰਾ ਨੇ ਆਖਿਆ ਕਿ ਕਿਸਾਨ ਬੁਨਿਆਦੀ ਹੱਕਾਂ ਦੀ ਇਸ ਲੜਾਈ ਵਿੱਚ ਜੇਲ੍ਹਾਂ ਭਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਸਰਕਾਰ ਨੂੰ ਕਿਸਾਨੀ ਨੂੰ ਬਚਾਉਣ ਲਈ ਲਿਫ਼ਟ ਪੰਪਾਂ ਨੂੰ ਪਹਿਲਾਂ ਵਾਂਗ ਰੱਖਣਾ ਚਾਹੀਦਾ ਹੈ। ਇਸ ਮੌਕੇ ਅਗਾਮੀ ਰਣਨੀਤੀ ਉਲੀਕਣ ਲਈ ਗਿੱਦੜਬਾਹਾ ’ਚ 30 ਨਵੰਬਰ ਨੂੰ ਵੱਡੀ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਜਥੇਦਾਰ ਛਿੰਦਰ ਸਿੰਘ, ਗੁਰਲਾਲ ਸਿੰਘ ਲਾਲੀ ਲੰਬੀ, ਦਰਸ਼ਨ ਸਿੰਘ ਵੜਿੰਗ, ਰਣਯੋਧ ਸਿੰਘ ਲੰਬੀ ਸਮੇਤ ਹੋਰਨਾਂ ਨੇ ਸਰਕਾਰ ਤੋਂ ਲਿਫ਼ਟ ਪੰਪਾਂ ਦੀ ਨੀਤੀ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਲੰਬੀ, ਗੁਰਲਾਲ ਸਿੰਘ ਵੜਿੰਗ, ਬਲਰਾਜ ਸਿੰਘ ਲੰਬੀ, ਨਿਰਮਲ ਬਨਵਾਲਾ, ਸੁਖਮੰਦਰ ਸਿੰਘ ਲਾਲਬਾਈ, ਦਲਜਿੰਦਰ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਗੁਰਜੀਤ ਸਿੰਘ ਥਰਾਜਵਾਲਾ, ਸੁਖਮੰਦਰ ਸਿੰਘ ਲਾਲਬਾਈ, ਅਮਰਜੀਤ ਸਿੰਘ ਪੀ.ਟੀ, ਹਰਮੇਸ਼ ਸਿੰੰਘ ਖੁੱਡੀਆਂ, ਬਦਰਸ਼ਨ ਸਿੰਘ ਸਰਾਂ ਅਤੇ ਮੱਲ ਸਿੰਘ ਪੰਜਾਵਾ ਵੀ ਮੌਜੂਦ ਸਨ। ਇਸੇ ਦੌਰਾਨ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੇ ਦੋਸ਼ਾਂ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਕਾਲ ਰਸੀਵ ਨਹੀਂ ਕੀਤੀ। ਉਨ੍ਹਾਂ ਦੇ ਪੀ.ਏ. ਸੰਜੀਵ ਤ੍ਰਿਖਾ ਵੀ ਅੱਧੇ ਘੰਟੇ ਬਾਅਦ ਗੱਲ ਕਰਵਾਉਣ ਆਖ ਟਾਲਾ ਵੱਟ ਗਏ। 


             ਕਿਸਾਨ ਸਮੱਰਥਾ ਤੋਂ ਵੱਧ ਪਾਣੀ ਚੁੱਕਦੇ ਸਨ : ਸੁੱਖ ਸਰਕਾਰੀਆ
ਪੰਜਾਬ ਦੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ‘ਸੁੱਖ ਸਰਕਾਰੀਆ’ ਦਾ ਇਸ ਬਾਰੇ ਕਹਿਣਾ ਸੀ ਕਿ ਪੁਰਾਣੇ ਸਮੇਂ ’ਚ ਸਰਹਿੰਦ ਫੀਡਰ ਨਹਿਰ ’ਤੇ ਪੰਪ ਲਗਾਏ ਗਏ ਸਨ। ਕਿਸਾਨ ਨਹਿਰ ਵਿਚੋਂ ਸਮੱਰਥਾ ਤੋਂ ਵੱਧ ਪਾਣੀ ਚੁੱਕਦੇ ਸਨ। ਜਿਸ ਕਾਰਨ ਅਗਾਂਹ ਟੇਲਾਂ ’ਤੇ ਪੂਰਾ ਪਾਣੀ ਨਹੀਂ ਜਾਂਦਾ। ਹੁਣ ਨਹਿਰ ’ਤੇ ਮੋਘੇ ਬਣਾ ਕੇ ਹੋਦੀਆਂ ਜਰੀਏ ਕਿਸਾਨਾਂ ਨੂੰ ਨਿਯਮਾਂ ਅਤੇ ਲਿਖਤ ਮਨਜੂਰੀ ਤਹਿਤ ਬਣਦਾ ਪੂਰਾ ਪਾਣੀ ਦਿੱਤਾ ਜਾਵੇਗਾ।