15 May 2020

ਕੁਦਰਤ ਨੇ 'ਰਾਮ' ਤੋਂ ਖੋਹਿਆ 'ਲਛਮਣ'



* ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦਾ ਬਾਦਲ ਦਿਹਾਂਤ
* 'ਪਾਸ਼' ਕਰਦੇ ਸਨ ਸਵੇਰੇ-ਸ਼ਾਮ 'ਦਾਸ' ਦੀ ਤੰਦਰੁਸਤੀ ਲਈ ਅਰਦਾਸ


ਇਕਬਾਲ ਸਿੰਘ ਸ਼ਾਂਤ

ਬਾਦਲ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦਾ ਅੱਜ ਦਿਹਾਂਤ ਹੋ ਗਿਆ।
ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਨ। ਪੁਰਾਣੀ ਡਾਇਬਟੀਜ਼ ਦੀ ਬਿਮਾਰੀ ਕਾਰਨ ਉਨ•ਾਂ ਦੇ ਗੁਰਦਿਆਂ ਅਤੇ ਦਿਲ 'ਤੇ ਅਸਰ ਪਿਆ ਸੀ। ਪਿਛਲੇ ਕਰੀਬ 20 ਅਪਰੈਲ ਤੋਂ ਤੋਂ ਫੋਰਟਿਜ਼ ਮੁਹਾਲੀ ਵਿਖੇ ਜ਼ੇਰੇ ਇਲਾਜ ਸਨ। 90 ਸਾਲਾ 'ਦਾਸ ਜੀ' ਦਾ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਰਿਹਾ ਹੈ। ਉਹ ਘੱਟ ਸ਼ਬਦਾਂ ਵਿੱਚ ਵੱਡੇ ਮਾਅਨੇ ਭਰੀ ਗੱਲ ਆਖਣ ਜਾਣੇ ਜਾਂਦੇ ਸਨ। ਅਕਾਲੀ ਸਰਕਾਰਾਂ ਸਮੇਂ ਉਨ•ਾਂ ਦੇ ਮੂੰਹੋਂ
ਨਿੱਕਲੇ ਅਲਫਾਜ਼ ਮੁੱਖ ਮੰਤਰੀ ਦੇ ਸ਼ਬਦਾਂ ਦੇ ਬਰਾਬਰ ਮੰਨੇ ਜਾਂਦੇ ਸਨ। ਉਨ•ਾਂ ਦੇ ਦਿਹਾਂਤ ਨਾਲ ਮਨਪ੍ਰੀਤ ਸਿੰਘ ਬਾਦਲ, ਸਮੂਹ ਬਾਦਲ ਪਰਿਵਾਰ ਅਤੇ ਸਨੇਹੀਆਂ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਿੱਜੀ ਤੌਰ 'ਤੇ ਵੱਡਾ ਝਟਕਾ ਲੱਗਿਆ ਹੈ। ਦੋਵੇਂ ਭਰਾਵਾਂ ਦੀ ਜੋੜੀ 'ਰਾਮ-ਲਛਮਣ' ਵਜੋਂ ਜਾਣੀ ਜਾਂਦੀ ਹੈ। ਬੀਤੀ 19 ਮਾਰਚ ਨੂੰ ਉਨ•ਾਂ ਦੀ ਧਰਮਪਤਨੀ ਹਰਮਿੰਦਰ ਕੌਰ ਦੇ ਦਿਹਾਂਤ ਉਪਰੰਤ ਉਨ•ਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਛੋਟੇ ਭਰਾ ਦੀ ਖ਼ਰਾਬ ਸਿਹਤ ਪ੍ਰਤੀ ਬੇਹੱਦ ਫ਼ਿਕਰਮੰਦ ਸਨ। ਉਹ ਕੋਰੋਨਾ ਮਹਾਮਾਰੀ ਕਾਰਨ ਛੋਟੇ ਭਰਾ ਦੀ ਸਿਹਤ ਜਾਣਨ ਲਈ ਹਸਪਤਾਲ ਤਾਂ ਨਹੀਂ ਜਾ ਸਕੇ ਸਨ, ਪਰ ਉਹ ਸਵੇਰੇ ਸ਼ਾਮ ਲਈ ਛੋਟੇ ਭਰਾ ਦੀ ਤੰਦਰੁਸਤੀ ਲਈ ਵਾਹਿਗੁਰੂ ਮੂਹਰੇ ਅਰਦਾਸ ਕਰਦੇ ਰਹੇ ਹਨ। ਇਸ ਦੁੱਖ ਭਰੀ ਖ਼ਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ। ਉਨ•ਾਂ ਅੰਤਮ ਸਸਕਾਰ ਅੱਜ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਨਿੱਜੀ ਪਰਿਵਾਰ ਤੋਂ ਇਲਾਵਾ ਸਭ ਨੂੰ ਅੰਤਮ ਸਸਕਾਰ ਮੌਕੇ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।

09 May 2020

ਕੋਰੋਨਾ ਦੇ ਖਲਿਆਰ 'ਚ ਕੈਪਟਨ ਸਰਕਾਰ ਖਿੱਲਰਨ ਦੇ ਰੌਂਅ 'ਚ

* ਪ੍ਰੀ-ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਨਾਲ ਮੰਤਰੀਆਂ ਦਾ ਪਿਆ 'ਪੰਗਾ'

* ਮਨਪ੍ਰੀਤ ਬਾਦਲ ਵੱਲੋਂ ਬਾਈਕਾਟ; ਸਰਕਾਰ ਖ਼ਤਰੇ ਵਾਲੀ ਸਥਿਤੀ 'ਚ !  


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਚੰਡੀਗੜ•: ਪੰਜਾਬ ਸਰਕਾਰ ਦੀ 'ਨਾਸਮਝ' ਕਾਰਜਪ੍ਰਣਾਲੀ 'ਤੇ ਅੱਜ ਸ਼ਰਾਬ ਦਾ ਨਸ਼ਾ ਭਾਰੀ ਪੈ ਗਿਆ। ਸੂਬੇ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰੀ-ਕੈਬਨਿਟ ਮੀਟਿੰਗ 'ਚ ਹੰਗਾਮਾ ਹੋਣ ਕਾਰਨ ਸਰਕਾਰ ਦੀ ਇਕਜੁਟਤਾ ਖੁੱਲ•ੇਆਮ ਢਹਿਢੇਰੀ ਹੋ ਗਈ। ਜਿਸ ਵਿੱਚ ਅਮਰਿੰਦਰ ਸਿੰਘ ਦੇ ਬੇਹੱਦ ਖਾਸਮ-ਖਾਸ ਅਫਸਰਾਂ ਦੇ ਉੱੱਚੇ ਸੁਰਾਂ ਅਤੇ ਮਾਲਕਾਨਾ ਅੰਦਾਜ਼ ਖਿਲਾਫ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੰਤਰੀ ਮੀਟਿੰਗ ਦਾ ਬਾਈਕਾਟ ਕਰ ਗਏ। ਜਿਸ ਮਗਰੋਂ ਮਨਪ੍ਰੀਤ ਸਿੰਘ ਬਾਦਲ ਦੇ ਕਦਮਾਂ 'ਤੇ ਪੈਰ ਧਰਦੇ ਹੋਏ ਬਾਕੀ ਮੰਤਰੀਆਂ ਨੇ ਉਹੀ ਰਾਹ ਫੜ ਲਈ। ਜ਼ਿਕਰਯੋਗ ਹੈ ਕਿ ਕੱਚੀ ਮੀਟਿੰਗ ਤੋਂ ਬਾਅਦ ਦੁਪਿਹਰ ਦੋ ਵਜੇ ਮੁੱਖ ਮੰਤਰੀ ਨੇ ਪੱਕੀ ਮੀਟਿੰਗ 'ਚ ਸ਼ਮੂਲੀਅਤ ਕਰਨੀ ਸੀ। ਪਰੰਤੂ ਉਸਤੋਂ ਪਹਿਲਾਂ ਵੀ ਕਾਂਗਰਸ ਸਰਕਾਰ ਦੀ ਦਾਲ ਵਿੱਚ ਪਾਣੀ ਪੈ ਗਿਆ। ਹੁਣ ਸ਼ਰਾਬ ਨੀਤੀ ਬਾਰੇ ਕੈਬਨਿਟ ਮੀਟਿੰਗ ਸੋਮਵਾਰ ਨੂੰ ਹੋਵੇਗੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਅਤਿ ਨੇੜਲੇ ਅਤੇ ਬੁੱਧੀਜੀਵੀ ਸਿਆਸਤਦਾਨ ਮਨਪ੍ਰੀਤ ਸਿੰਘ ਦੀ ਇਸ ਕਦਮਤਾਲ ਨਾਲ ਅਮਰਿੰਦਰ ਸਰਕਾਰ ਦੀ ਕੁਰਸੀ ਦੀਆਂ ਮੇਖਾਂ ਢਿੱਲੀਆਂ ਹੁੰਦੀਆਂ ਵਿਖ ਰਹੀਆਂ ਹਨ। ਜੱਗਜਾਹਰ ਹੈ ਕਿ ਕੋਰਨਾ ਮਹਾਮਾਰੀ ਦੌਰਾਨ ਅਮਰਿੰਦਰ ਸਿੰਘ ਪੰਜਾਬ ਵਿੱਚ ਸਿਵਾਏ ਕਰਫਿਊ ਲਗਾਉਣ ਦੇ ਸੂਬੇ ਦੇ ਗਰੀਬਾਂ ਅਤੇ ਲੋੜਵੰਦਾਂ ਪ੍ਰਤੀ ਸਰਕਾਰ ਵਾਲੀ ਢੁੱਕਵੀਂ ਛਤਰੀ ਨਹੀਂ ਮੁਹੱਈਆ ਕਰਵਾ ਸਕੇ। ਸਰਕਾਰ ਦੀ ਨਾਕਾਮੀ ਇਸ ਗੱਲੋਂ ਵੀ ਜਾਹਰ ਹੋਈ ਕਿ ਸੂਬੇ 'ਚ ਸਿਰਫ਼ 10-12 ਫ਼ੀਸਦੀ ਗਰੀਬਾਂ ਤੱਕ ਸਰਕਾਰੀ ਰਸਦ ਪੁੱਜ ਸਕੀ।
          ਪੰਜਾਬ ਦੀ ਸਿਆਸਤ ਵਿੱਚ ਇਸ ਇਤਿਹਾਸਕ ਮੰਜਰ ਦਾ ਜਲੌਅ ਸੀ ਕਿ ਕੈਪਟਨ ਦੇ ਝੰਡੇਬਰਦਾਰ ਮੰਤਰੀ ਸਾਹਿਬਾਨ ਵੀ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਿਰ 'ਤੇ ਬਿਠਾਈ ਅਫਸਰਸ਼ਾਹੀ ਮੂਹਰੇ ਢਹਿ-ਢੇਰੀ ਹੋ ਰਹੇ ਸਵੈ-ਮਾਣ ਨੂੰ ਬਚਾਉਣ ਖਾਤਰ ਇੱਕ-ਇੱਕ ਕਰਕੇ ਮੀਟਿੰਗ ਤੋਂ ਚਾਲੇ ਪਾ ਗਏ। ਦਰਅਸਲ ਅੱਜ ਚੰਡੀਗੜ• ਦੇ ਪੰਜਾਬ ਭਵਨ ਵਿਖੇ ਸ਼ਰਾਬ ਨੀਤੀ ਲੈ ਕੇ ਮੀਟਿੰਗ ਸੱਦੀ ਗਈ ਸੀ। ਆਖਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਮੰਤਰੀ ਨਿੱਜੀ ਤੌਰ 'ਤੇ ਪੁੱਜੇ ਹੋਏ ਸਨ। ਜਦੋਂਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੰਤਰੀਆਂ ਨੂੰ ਵੀਡੀਓ ਕਾਨਫਰੰਸਿੰਗ ਜਰੀਏ ਸੰਬੋਧਨ ਕਰਨ ਲੱਗੇ। ਜਿਸ 'ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਰਾਜ਼ ਜਾਹਰ ਕੀਤਾ ਕਿ ਜਦੋਂ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ ਤਾਂ ਮੁੱਖ ਸਕੱਤਰ ਕਿਉਂ ਨਹੀਂ ਪੁੱਜ ਸਕਦੇ। ਆਖਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਦੇ ਉੱਚੇ ਸੁਰਾਂ ਤੋਂ ਖਫ਼ਾ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਉਕਤ ਮੰਤਰੀਆਂ ਦੀ ਪਿੱਠ 'ਤੇ ਆ ਡਟੇ। ਪਤਾ ਲੱਗਿਆ ਹੈ ਕਿ ਮੁੱਖ ਸਕੱਤਰ ਨੇ ਸਮਾਂ ਵਾਚਦੇ ਆਪਣੇ ਰਵੱਈਏ ਲਈ ਸ਼ਬਦੀ 'ਸੌਰੀ' ਵੀ ਆਖੀ। ਵਿੱਤ ਮੰਤਰੀ ਸਵੈਮਾਣ ਅਤੇ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗ੍ਰਹਿਣ ਬਣ ਰਹੇ ਮੁੱਖ ਮੰਤਰੀ ਦੀ ਸਰਕਾਰੀ 'ਕਿਚਨ ਕੈਬਨਿਟ' ਦੇ ਸਬਕ ਸਿਖਾਉਣ ਦੇਣ ਖਾਤਰ ਮੀਟਿੰਗ ਤੋਂ ਬਾਈਕਾਟ ਕਰ ਗਏ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬੇਹੱਦ ਨੇੜਲੇ ਅਤੇ ਸੂਬਾ ਸਰਕਾਰ ਦਾ ਮੌਜੂਦਾ ਸੱਜਾ ਅਤੇ ਖੱਬਾ 'ਦਿਮਾਗ' ਅਖਵਾਉਂਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਵੀ ਸ਼ਾਮਲ ਸਨ। ਮੰਤਰੀਆਂ ਵਿਚੋਂ ਤ੍ਰਿਪਤ ਰਾਜਿੰਦਰ ਬਾਜਵਾ, ਬਲਬੀਰ ਸਿੱਧੂ, ਵਿਜੈ ਇੰਦਰ ਸਿੰਗਲਾ, ਓ.ਪੀ. ਸੋਨੀ, ਬ੍ਰਹਮ ਮਹਿੰਦਰਾ ਅਤੇ ਅਰੁਣਾ ਚੌਧਰੀ ਵੀ ਮੌਜੂਦ ਸਨ।
       ਇਸੇ ਟਸਲ ਵਿਚਕਾਰ ਸ਼ੁਰੂਆਤ ਗੱਲਬਾਤ ਦੌਰਾਨ ਮੰਤਰੀਆਂ ਵੱਲੋਂ ਸ਼ਰਾਬ ਨੀਤੀ ਬਾਰੇ ਦਿੱਤੇ ਸੁਝਾਅ ਵੀ ਮੁੱਖ ਸਕੱਤਰ ਨੇ ਲਗਪਗ ਅਣਗੌਲੇ ਕਰ ਦਿੱਤੇ। ਮੰਤਰੀਆਂ ਨੂੰ ਸ਼ਰਾਬ ਨੀਤੀ ਦੇ ਕੁਝ ਮੁੱਦਿਆਂ 'ਤੇ ਇਤਰਾਜ ਸੀ। ਜਿਸਤੋਂ ਵੀਡੀਓ ਕਾਨਫਰੰਸਿੰਗ ਵਾਲੀ ਘਰੇੜ ਨੂੰ ਭਖਾਅ ਮਿਲਿਆ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕੈਪਟਨ ਦੇ ਨੇੜਲੇ ਅਤੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਰਾਬ ਦੀ ਹੋਮ ਡਲਿਵਰੀ 'ਤੇ ਇਤਰਾਜ ਉਠਾ ਚੁੱਕੇ ਹਨ।
          ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਸ਼ੁਰੂ ਤੋਂ ਲੋਕਾਂ ਤੱਕ ਸੁਚੱਜੀ ਸਰਕਾਰੀ ਮੱਦਦ ਨਾ
ਪੁੱਜਣ ਕਰਕੇ ਜ਼ਿਆਦਾਤਰ ਮੰਤਰੀ ਇਖਲਾਕੀ ਪੱਖੋਂ ਅੰਦਰਖਾਤੇ ਪਰੇਸ਼ਾਨ ਚੱਲੇ ਆ ਰਹੇ ਹਨ। ਪੰਜਾਬ 'ਚ ਖੁੱਲ•ੇਆਮ ਅਫਸਰਸ਼ਾਹੀ ਦੀ ਸਰਕਾਰ ਚੱਲ ਰਹੀ ਹੈ। ਬਹੁਤ ਕਾਂਗਰਸ ਆਗੂ ਚੇਅਰਮੈਨੀਆਂ ਅਤੇ ਸਿਆਸੀ ਮਾਣ-ਸਤਿਕਾਰ ਨਾ ਮਿਲਣ ਕਰਕੇ ਬੇਹੱਦ ਔਖੇ ਹਨ। ਸੂਬੇ ਦੇ ਮੰਤਰੀਆਂ ਨੂੰ ਅਜਿਹੇ ਦੁਖੀਵਾਨ ਆਗੂਆਂ ਦੀਆਂ ਨਿੱਤ ਗੁਹਾਰਾਂ ਅਤੇ ਗਿਲੇ-ਸ਼ਿਕਵੇ ਸੁਣਨੇ ਪੈਂਦੇ ਹਨ, ਪਰੰਤੂ ਮੁੱਖ ਮੰਤਰੀ ਦੇ ਅੜੀਅਲ ਰਵੱਈਏ ਮੂਹਰੇ ਉਹ ਬੇਵੱਸ ਹੋ ਨਿੱਬੜਦੇ ਹਨ। ਜੱਗਜਾਹਰ ਹੈ ਕਿ ਪੰਜਾਬ ਵਿੱਚ 'ਸੈਕਟਰ ਦੋ' ਵਾਲੀ ਸਿਆਸੀ ਸਫ਼ੀਲ ਪੰਜਾਬ ਦੇ ਮੰਤਰੀ ਨੂੰ ਕਲਰਕਾਂ ਵਾਂਗ ਟ੍ਰੀਟ ਕਰਦੀ ਹੈ। ਮੁੱਖ ਮੰਤਰੀ ਦੇ ਇਸੇ ਰਵੱਈਏ ਤੋਂ ਕਾਂਗਰਸ ਦੀ ਦਿੱਲੀ ਹਾਈਕਮਾਂਡ ਵੀ ਹਮੇਸ਼ਾਂ ਪਰੇਸ਼ਾਨ ਰਹਿੰਦੀ ਹੈ। ਪਰੰਤੂ ਢੁੱਕਵਾਂ ਸਿਆਸੀ ਬਦਲ ਨਾ ਮਿਲਣ ਕਰਕੇ ਅਮਰਿੰਦਰ ਸਿੰਘ ਨੂੰ ਝੱਲਣਾ ਕੇਂਦਰੀ ਹਾਈਕਮਾਂਡ ਦੀ ਮਜ਼ਬੂਰੀ ਬਣਿਆ ਹੋਇਆ ਹੈ। ਇਸੇ ਦੌਰਾਨ ਕਾਂਗਰਸ ਦੇ ਬੇਬਾਕ ਵਿਧਾਇਕ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਅੱਜ ਮੰਤਰੀਆਂ ਦੀ ਹਮਾਇਤ ਅਤੇ ਅਫਸਰਸ਼ਾਹੀ ਦੀ ਕਾਰਜਪ੍ਰਣਾਲੀ 'ਤੇ ਸੁਆਲੀਆ ਚਿੰਨ• ਲਗਾਏ  ਹਨ। ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਦੇ ਨਾਲ ਖੜ•ੇ ਵਿਖਾਈ ਦੇ ਰਹੇ ਹਨ। ਇਸੇ ਵਿਚਕਾਰ ਮੁੱਖ ਮੰਤਰੀ ਦੇ ਧੁਰ ਵਿਰੋਧੀ ਅਤੇ ਸੀਨੀਅਰ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਅਮਰਿੰਦਰ ਸਿੰਘ ਨੂੰ ਸਾਥੀਆਂ ਮੰਤਰੀ ਦੇ ਮਾਣ-ਸਤਿਕਾਰ ਕਰਨ ਦੀ ਨਸੀਹਤ ਦਿੱਤੀ ਹੈ।
        ਕੋਰੋਨਾ ਮਹਾਮਾਰੀ ਦੇ ਮਾਰੂ ਹਾਲਾਤਾਂ 'ਚ ਆਰਥਿਕ ਮੰਦਹਾਲੀ 'ਚੋਂ ਨਿਕਲਣ ਦੀਆਂ ਕੋਸ਼ਿਸ਼ਾਂ 'ਤੇ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਦੀ ਨੇੜਲੇ ਅਫਸਰਸ਼ਾਹੀ ਵਿਚਕਾਰ ਕਲੇਸ਼ ਕਾਂਗਰਸ ਸਰਕਾਰ ਦੀਆਂ ਜੜ•ਾਂ ਨੂੰ ਕੋਰੋਨਾ ਨਾਲੋਂ ਖ਼ਤਰਨਾਕ ਤੇਲ• ਦੇ ਸਕਦਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੇਂਦਰੀ ਹਾਈਕਮਾਂਡ ਤੱਕ ਸਮੁੱਚੀ ਰਿਪੋਰਟ ਪੁੱਜ ਚੁੱਕੀ ਹੈ। ਪਤਾ ਲੱਗਿਆ ਹੈ ਕਿ ਕੇਂਦਰੀ ਲੀਡਰਸ਼ਿਪ ਦੀ ਪੰਜਾਬ ਦੇ ਕਈ ਮੰਤਰੀਆਂ ਅਤੇ ਸੀਨੀਅਰ ਆਗੂਆਂ ਨਾਲ ਗੱਲਬਾਤ ਵੀ ਹੋਈ ਹੈ। ਅਜਿਹੇ ਵਿੱਚ ਮੁੱਖ ਮੰਤਰੀ ਦੀ ਦਿੱਲੀ ਦਰਬਾਰ 'ਚ 'ਆਨ-ਲਾਈਨ' ਪੇਸ਼ੀ ਪੈਣੀ ਲਾਜਮੀ ਹੈ।

02 May 2020

ਹੁਣ ਪੰਜਾਬ ਨਹੀਂ ਕਰੇਗਾ ਦੂਜੇ ਸੂਬਿਆਂ ਦੇ ਟੈਸਟਾਂ 'ਤੇ ਭਰੋਸਾ, ਖੁਦ ਰੋਜ਼ਾਨਾ 6 ਹਜ਼ਾਰ ਕੋਵਿਡ ਟੈਸਟ ਕਰਨ ਦਾ ਫੈਸਲਾ



* ਨਾਂਦੇੜ ਸਾਹਿਬ 'ਚ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਵਿਰੋਧੀਆਂ ਦਾ ਦਾਅਵਾ ਖੋਖਲਾ ਸਾਬਤ 

* ਪੰਜਾਬ ਮੰਤਰੀ ਮੰਡਲ ਵੱਲੋਂ ਪੈਰੋਲ ਵਿੱਚ ਵਾਧੇ ਲਈ ਸੋਧਾਂ ਕਰਨ ਦਾ ਫੈਸਲਾ

ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਚੰਡੀਗੜ•, 2 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਸੂਬੇ ਵਿੱਚ 15 ਮਈ ਤੱਕ ਰੋਜ਼ਾਨਾ 6000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਲਈ ਆਖਿਆ ਹੈ ਜਦੋਂਕਿ ਵਿਭਾਗ ਨੇ ਮਈ ਦੇ ਅਖੀਰ ਤੱਕ ਰੋਜ਼ਾਨਾ 5800 ਟੈਸਟਾਂ ਦਾ ਟੀਚਾ ਮਿੱਥਿਆ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿੱਚ ਘਰ ਵਾਪਸੀ ਕਰਨ ਵਾਲੇ ਪੰਜਾਬੀਆਂ ਦੇ ਬਾਹਰੀ ਸੂਬਿਆਂ ਵਿੱਚ ਹੋਏ ਟੈਸਟਾਂ ਨੂੰ ਹੀ ਆਧਾਰ ਮੰਨ ਲੈਣ ਦੀ ਬਜਾਏ ਆਪਣੇ ਪੱਧਰ 'ਤੇ ਟੈਸਟ ਕਰਨ ਦੀ ਹਦਾਇਤ ਕੀਤੀ।

      ਪੰਜਾਬ ਵਾਪਸ ਪਰਤਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੈਸਟ ਪਾਜ਼ੇਟਿਵ ਆਉਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਹਰੀ ਸੂਬਿਆਂ ਵਿੱਚ ਫਸੇ ਹੋਏ ਜਿਹੜੇ ਪੰਜਾਬੀਆਂ ਦੇ ਟੈਸਟ ਸਬੰਧਤ ਸੂਬਿਆਂ ਵਿੱਚ ਹੋਏ ਹਨ, ਪੰਜਾਬ ਉਨ•ਾਂ ਟੈਸਟਾਂ 'ਤੇ ਭਰੋਸਾ ਨਹੀਂ ਕਰ ਸਕਦਾ।
       ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਵੀ ਕੁਝ ਸੇਵਾਦਾਰਾਂ ਦੇ ਟੈਸਟ ਪਾਜ਼ੇਟਿਵ ਆਉਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਦਾਅਵਾ ਕਿ ਨਾਂਦੇੜ ਵਿੱਚ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਸੀ ਅਤੇ ਸ਼ਰਧਾਲੂ ਵਾਪਸੀ ਵੇਲੇ ਜਾਂ ਪੰਜਾਬ ਪਹੁੰਚਣ 'ਤੇ ਇਸ ਰੋਗ ਦੇ ਸ਼ਿਕਾਰ ਹੋ ਗਏ, ਨਿਰਮੂਲ ਸਾਬਤ ਹੋਇਆ ਹੈ। ਉਨ•ਾਂ ਨੇ ਇਕ ਵਾਰ ਫਿਰ ਵਿਰੋਧੀ ਧਿਰਾਂ ਨੂੰ ਅਜਿਹੇ ਗੰਭੀਰ ਮਸਲੇ 'ਤੇ ਘਟੀਆ ਸਿਆਸਤ ਬੰਦ ਕਰਨ ਲਈ ਆਖਿਆ।
         ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸ ਜ਼ਰੀਏ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਵਿਰੁੱਧ ਸੂਬੇ ਦੀ ਲੜਾਈ ਦਾ ਇਹ ਮਹੱਤਵਪੂਰਨ ਸਮਾਂ ਹੈ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੀ ਕੋਰੋਨਾ ਵਿਰੁੱਧ ਜੰਗ ਹੋਰ ਤੇਜ਼ ਕਰਨ ਲਈ ਕਈ ਲੜੀਵਾਰ ਫੈਸਲੇ ਲਏ ਗਏ। ਸਿਹਤ ਵਿਭਾਗ ਨੂੰ ਟੈਸਟਿੰਗ ਦੀ ਸਮਰੱਥਾ ਵਧਾਉਣ ਲਈ ਅਗਾਊਂ ਯੋਜਨਾ ਤਿਆਰ ਕਰਨ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਨੇ ਭਿਆਨਕ ਸਥਿਤੀ ਲਈ ਤਿਆਰ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ।
         ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਪਹਿਲਾਂ ਹੀ ਮੁੱਖ ਸਕੱਤਰ ਨੂੰ ਕਹਿ ਦਿੱਤਾ ਸੀ ਕਿ ਉਹ ਟੈਸਟਾਂ ਦੀ ਸਮਰੱਥਾ 20000 ਪ੍ਰਤੀ ਦਿਨ ਤੱਕ ਵਧਾਉਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕਰਨ ਤਾਂ ਜੋ ਪਰਵਾਸੀਆਂ ਦੀ ਆਮਦ ਵਾਲੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਭਾਰਤ ਸਰਕਾਰ ਦੇ ਨਵੇਂ ਦਿਸ਼ਾਂ ਨਿਰਦੇਸ਼ਾਂ ਨੂੰ ਦੇਖਦਿਆਂ ਵੀ ਆਉਣ ਵਾਲੇ ਕੁਝ ਹਫਤਿਆਂ ਵਿੱਚ ਦੂਜੇ ਸੂਬਿਆਂ ਤੋਂ ਕਈਆਂ ਦੇ ਸੂਬੇ ਵਿੱਚ ਪਰਤਣ ਦੀ ਉਮੀਦ ਹੈ। ਮੁੱਖ ਸਕੱਤਰ ਨੇ ਕਿਹਾ ਕਿ ਰੈਪਿਡ ਟੈਸਟਿੰਗ ਜਦੋਂ ਸ਼ੁਰੂ ਹੋ ਗਈ ਤਾਂ ਇਹ ਵੀ ਘੱਟੋ-ਘੱਟ 2 ਲੱਖ ਤੱਕ ਕਰਨ ਦੀ ਲੋੜ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਨੂੰ ਵੀ ਕਿਹਾ ਕਿ ਉਹ ਜਲੰਧਰ ਵਿੱਚ ਵੀ ਟੈਸਟ ਕਰਨ ਦੀ ਵਿਵਸਥਾ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਜਿਸ ਲਈ ਸਰਕਾਰ ਤੁਰੰਤ 1 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕਰਨ ਨੂੰ ਤਿਆਰ ਹੈ।
         ਟੈਸਟ ਸਹੂਲਤਾਂ ਵਧਾਉਣ ਬਾਰੇ ਮੁੱਖ ਮੰਤਰੀ ਦੇ ਨਿਰਦੇਸ਼ ਦੋ ਦਿਨਾਂ ਬਾਅਦ ਆਏ ਜਦੋਂ ਉਨ•ਾਂ ਦੂਜੇ ਸੂਬਿਆਂ ਤੋਂ ਪੰਜਾਬ ਪਰਤਣ ਵਾਲਿਆਂ ਨੂੰ ਸਖਤੀ ਨਾਲ ਏਕਾਂਤਵਾਸ ਉਤੇ ਭੇਜਣ ਦੇ ਆਦੇਸ਼ ਕੀਤੇ ਅਤੇ ਮਹਾਂਰਾਸ਼ਟਰ ਤੋਂ ਪਰਤਣ ਵਾਲਿਆਂ ਵਿੱਚੋਂ 292 ਦੀ ਰਿਪੋਰਟ ਪਾਜ਼ੇਟਿਵ ਆਈ। ਕੁਝ ਮੰਤਰੀਆਂ ਵੱਲੋਂ ਆਏ ਸੁਝਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਇਸ ਨਾਲ ਸਹਿਮਤ ਹੋਏ ਕਿ ਦੂਜੇ ਸੂਬਿਆਂ ਤੋਂ ਪਰਤਣ ਵਾਲਿਆਂ ਨੂੰ ਸਬੰਧਤ ਪਿੰਡ ਦੇ ਸਰਪੰਚ ਅਤੇ ਪੰਚਾਇਤ ਨਾਲ ਤਾਲਮੇਲ ਕਰ ਕੇ ਘਰ ਵਿੱਚ ਹੀ ਏਕਾਂਤ ਵਿੱਚ ਰੱਖਣ ਦੀ ਤਜਵੀਜ਼ ਦੀ ਸਮੀਖਿਆ ਕੀਤੀ ਜਾਵੇ।
       ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਨੂੰ ਦੱਸਿਆ ਕਿ ਪੰਜਾਬੀਆਂ ਨੂੰ ਘਰ ਲਿਆਉਣ ਲਈ ਸਹਾਇਤਾ ਦੇਣ ਵਾਸਤੇ ਉਨ•ਾਂ ਵਿਅਕਤੀਗਤ ਤੌਰ 'ਤੇ ਅਫਸਰਾਂ ਨੂੰ ਹਰੇਕ ਸੂਬੇ ਨਾਲ ਤਾਲਮੇਲ ਲਈ ਨਿਯੁਕਤ ਕੀਤਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਲੰਬਿਤ ਪਈਆਂ ਟੈਸਟ ਰਿਪੋਰਟਾਂ ਆਉਣ ਵਾਲੇ ਇਕ ਜਾਂ ਦੋ ਦਿਨਾਂ ਵਿੱਚ ਆ ਜਾਣਗੀਆਂ ਤਾਂ ਜੋ ਸੰਭਾਵਿਤ ਪਾਜ਼ੇਟਿਵ ਕੇਸਾਂ ਦੀ ਸ਼ਨਾਖਤ ਅਤੇ ਉਨ•ਾਂ ਦੇ ਇਲਾਜ ਵਿੱਚ ਦੇਰੀ ਤੋਂ ਬਚਿਆ ਜਾ ਸਕੇ। ਉਨ•ਾਂ ਕਿਹਾ ਕਿ ਨਿੱਜੀ ਲੈਬਾਂ ਨਾਲ ਵੀ ਤਾਲਮੇਲ ਵਧਾ ਕੇ ਟੈਸਟਾਂ ਦੀ ਗਿਣਤੀ ਵਧਾਉਣ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਭਰ ਵਿੱਚੋਂ 2000 ਸੈਂਪਲ ਲੈ ਕੇ ਉਨ•ਾਂ ਨੂੰ ਅੱਜ ਭੇਜੇ ਗਏ।

ਕੈਬਨਿਟ ਵੱਲੋਂ ਪੈਰੋਲ ਵਿੱਚ ਵਾਧੇ ਨੂੰ ਪ੍ਰਵਾਨਗੀ: ਸੂਬੇ ਵਿੱਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੈਬਨਿਟ ਵੱਲੋਂ ਉਨ•ਾਂ ਕੈਦੀਆਂ ਜਿਨ•ਾਂ ਨੂੰ 7 ਸਾਲ ਜਾਂ ਇਸ ਤੋਂ ਘੱਟ ਸਜ਼ਾ ਸੁਣਾਈ ਗਈ ਹੈ, ਲਈ ਮਹਾਮਾਰੀ ਅਤੇ ਆਫ਼ਤਾਂ ਦੌਰਾਨ ਪੈਰੋਲ ਦੀ ਮਿਆਦ 16 ਹਫ਼ਤਿਆਂ ਤੋਂ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ। ਮੰਤਰੀ ਮੰਡਲ ਵੱਲੋਂ ਮੌਜੂਦਾ ਸਖ਼ਤ ਹਾਲਤਾਂ ਵਿਚ ਸੁਪਰੀਮ ਕੋਰਟ ਦੇ ਲੰਬੇ ਸਮੇਂ ਤੱਕ ਪੈਰੋਲ ਸਬੰਧੀ ਦਿੱਤੇ ਸੁਝਾਅ ਦੇ ਅਨੁਸਾਰ ਪੰਜਾਬ ਗੁੱਡ ਕੰਡਕਟ ਪਰਿਜਨਰਜ਼ ਐਕਟ 1962  ਵਿਚ ਢੁੱਕਵੀਆਂ ਸੋਧਾਂ ਦੀ ਮਨਜ਼ੂਰੀ ਦਿੱਤੀ ਗਈ। 

        ਸਰਕਾਰੀ ਮੈਡੀਕਲ ਕਾਲਜਾਂ ਲਈ ਆਊਟ ਸੋਰਸਿੰਗ ਅਧਾਰ 'ਤੇ ਨਿਯੁਕਤੀਆਂ ਨੂੰ ਮਨਜ਼ੂਰੀ: ਕੋਵਿਡ-19 ਵਿਰੁੱਧ ਜੰਗ ਵਿੱਚ ਸੂਬੇ ਦੀ ਟੈਸਟਿੰਗ ਸਹੂਲਤ ਅਤੇ ਮੈਡੀਕਲ ਤਿਆਰੀਆਂ ਨੂੰ ਅੱਗੇ ਹੋਰ ਬਲ ਦੇਣ ਲਈ ਮੰਤਰੀ ਮੰਡਲ ਵੱਲੋਂ ਆਊਟਸੋਰਸਿੰਗ ਦੇ ਆਧਾਰ 'ਤੇ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਮਹੱਤਵਪੂਰਨ ਅਸਾਮੀਆਂ ਲਈ ਵੱਖ-ਵੱਖ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਿਯੁਕਤੀਆਂ ਜਿਨ•ਾਂ ਨੂੰ ਵਿੱਤ ਵਿਭਾਗ ਨੇ ਪਹਿਲਾਂ ਹੀ ਛੇ ਮਹੀਨਿਆਂ ਲਈ ਮਨਜ਼ੂਰੀ ਦੇ ਦਿੱਤੀ ਹੈ, ਸਰਕਾਰੀ ਮੈਡੀਕਲ ਕਾਲਜਾਂ ਨੂੰ ਵਾਇਰਲ ਟੈਸਟਿੰਗ ਲੈਬਾਰਟਰੀਆਂ, ਆਈਸੋਲੇਸ਼ਨ ਵਾਰਡਾਂ ਆਦਿ ਵਿਚ ਜ਼ਰੂਰੀ ਸਟਾਫ ਦੀ ਨਿਯੁਕਤੀ ਕਰਨ ਦੇ ਸਮਰੱਥ ਬਣਾਉਣਗੀਆਂ ਜਿਸ ਨਾਲ ਉਹ ਦਿਨ-ਰਾਤ  ਕੰਮ ਕਰ ਸਕਣਗੇ। ਡਾ. ਰਾਜ ਬਹਾਦਰ ਦੀ ਅਗਵਾਈ ਵਾਲੀ ਕਮੇਟੀ ਡਾਇਰੈਕਟਰਾਂ ਅਤੇ ਹੋਰਾਂ ਅਸਾਮੀਆ ਤੋਂ ਇਲਾਵਾ ਸਪੈਸ਼ਲਿਸਟ ਡਾਕਟਰਾਂ, ਨਰਸਾਂ, ਵਾਰਡ ਅਟੈਂਡੈਂਟਸ, ਟੈਕਨੀਸ਼ੀਅਨਾਂ, ਲੈਬ ਅਟੈਂਡੈਂਟਸ ਦੀਆਂ ਅਸਾਮੀਆਂ ਲਈ ਨਿਯੁਕਤੀਆਂ ਬਾਰੇ ਫੈਸਲਾ ਲਵੇਗੀ ਅਤੇ ਅੰਤਿਮ ਰੂਪ ਦੇਵੇਗੀ।

       ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ ਮੁੱਢਲੀਆਂ 3 ਟੈਸਟਿੰਗ ਸਹੂਲਤਾਂ ਨਾਲ ਪੰਜਾਬ ਵਿੱਚ ਅਜਿਹੇ ਸੈਂਟਰਾਂ ਦੀ ਗਿਣਤੀ 7 ਹੋ ਗਈ ਹੈ ਅਤੇ ਡਾ. ਲਾਲ ਪਥ ਲੈਬਜ਼ ਨੂੰ ਵੀ ਅੱਜ ਤੋਂ ਟੈਸਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਲੈਬ ਵੱਲੋਂ ਪਹਿਲੇ ਦਿਨ ਸੂਬੇ ਭਰ 'ਚੋਂ 2000 ਨਮੂਨੇ ਇਕੱਤਰ ਕੀਤੇ ਗਏ।
     
      ਸੂਬੇ ਵਿਚ ਟੈਸਟਿੰਗ ਸਮਰੱਥਾ ਨੂੰ ਹੋਰ ਵਧਾਉਣ ਲਈ ਭਾਰਤ ਸਰਕਾਰ ਨੂੰ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਖੇ ਜ਼ਿਲ•ਾ ਹਸਪਤਾਲਾਂ ਵਿੱਚ 4 ਨਵੀਆਂ ਲੈਬਾਂ ਸਥਾਪਤ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 15 ਟਰੂਨਾਟ ਮਸ਼ੀਨਾਂ ਖਰੀਦਣ ਦਾ ਪ੍ਰਸਤਾਵ ਭੇਜਿਆ ਗਿਆ ਹੈ। ਸੂਬਾ ਪਟਿਆਲਾ ਅਤੇ ਫਰੀਦਕੋਟ ਵਿੱਚ ਸੀਬੀਨਾਟ ਟੈਸਟਿੰਗ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ।

     ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਾਨ-ਐਨ.ਏ.ਬੀ.ਐਲ. ਲੈਬਾਂ ਨੂੰ ਕੋਵਿਡ ਟੈਸਟ ਕਰਵਾਉਣ ਦੀ ਆਗਿਆ ਦੇਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਸੂਬੇ ਵਿੱਚ 12 ਅਜਿਹੀਆਂ ਲੈਬਾਂ ਹਨ ਜਿਨ••ਾਂ ਨੂੰ ਟੈਸਟਿੰਗ ਲਈ ਲੋੜੀਂਦੀਆਂ ਮਸ਼ੀਨਾਂ ਨਾਲ ਲੈਸ ਕੀਤਾ ਗਿਆ ਅਤੇ ਆਈ.ਸੀ.ਐਮ.ਆਰ. ਨੇ ਵੀ ਜਾਂਚ ਤੋਂ ਬਾਅਦ ਇਨ••ਾਂ ਲੈਬਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ।
       
        4300 ਜੀ.ਓ.ਜੀਜ਼ ਲਈ ਮਨਜ਼ੂਰੀ: ਇਕ ਹੋਰ ਫੈਸਲੇ ਵਿੱਚ ਮੰਤਰੀ ਮੰਡਲ ਨੇ 4300 ਗਾਰਡੀਅਨ ਆਫ਼ ਗਵਰਨੈਂਸ (ਜੀ.ਓ.ਜੀਜ਼) ਦੀ ਨਿਯੁਕਤੀ ਨੂੰ ਕਾਰਜ ਬਾਅਦ ਮਨਜ਼ੂਰੀ ਦਿੱਤੀ। ਸਾਬਕਾ ਸੈਨਿਕਾਂ ਨੂੰ ਲਾਭਕਾਰੀ ਢੰਗ ਨਾਲ ਸੇਵਾਵਾਂ ਲਾਉਣ ਲਈ ਮੁੱਖ ਮੰਤਰੀ ਦੀ ਪ੍ਰਮੁੱਖ ਸਕੀਮ ਦਾ ਹਿੱਸਾ ਜੀ.ਓ.ਜੀਜ਼ ਕੋਵਿਡ ਵਿਰੁੱਧ ਲੜਾਈ ਵਿੱਚ ਸੂਬਾ ਸਰਕਾਰ ਲਈ ਇਕ ਸ਼ਕਤੀਸ਼ਾਲੀ ਸਾਧਨ ਦੇ ਰੂਪ ਵਿਚ ਸਾਹਮਣੇ ਆਏ ਹਨ।

ਸਰਹੱਦੀ ਇਲਾਕਿਆਂ ਤੋਂ ਅਧਿਆਪਕਾਂ ਦਾ ਤਬਾਦਲਾ: ਮੰਤਰੀ ਮੰਡਲ ਨੇ ਸਕੂਲ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਵਿਚ ਸੋਧ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਸਰਹੱਦੀ ਇਲਾਕਿਆਂ ਵਿਚ ਤਾਇਨਾਤੀ ਦੇ 18 ਮਹੀਨਿਆਂ ਬਾਅਦ ਤਬਾਦਲੇ ਦੀ ਮੰਗ ਕਰਨ ਵਾਲੇ ਅਧਿਆਪਕਾਂ ਨੂੰ ਇਕ ਵਾਰ ਨਵੀਂ ਭਰਤੀ ਮੁਕੰਮਲ ਹੋਣ 'ਤੇ ਤਬਾਦਲੇ ਦੀ ਮਨਜ਼ੂਰੀ ਦਿੱਤੀ ਜਾਵੇ ਜੋ ਕਿ ਪਹਿਲਾਂ 3 ਸਾਲਾ ਸੀ। ਮੰਤਰੀ ਮੰਡਲ ਨੇ ਪ੍ਰਿੰਸੀਪਲ ਅਤੇ ਹੈਡਮਾਸਟਰਾਂ ਨੂੰ ਤਬਾਦਲੇ ਦੀ ਨੀਤੀ ਤੋਂ ਬਾਹਰ ਕੱਢਣ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ।

ਮੁਕਤਸਰ ਸਾਹਿਬ ਵਿੱਚ ਤਿੰਨ ਹੋਰ ਟੈਸਟ ਪਾਜ਼ੀਟਿਵ; ਹੋਈ ਛੇ ਕੁੱਲ ਮਰੀਜ਼ਾਂ ਦੀ ਗਿਣਤੀ




* ਜ਼ਿਲ੍ਹੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ ਛੇ ਹੋ ਗਈ ਹੈ

ਬੁਲੰਦ ਸੋਚ ਬਿਊਰੋ
ਸ੍ਰੀ ਮੁਕਤਸਰ ਸਾਹਿਬ, 2 ਮਈ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਤਿੰਨ ਹੋਰ ਵਿਅਕਤੀਆਂ ਦੇ ਨਾਲ,  ਕਮਿਊਨਿਟੀ ਹੈਲਥ ਸੈਂਟਰ ਦੋਦਾ ਵਿਚ ਇਕ ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ ਅਤੇ ਕਣਕ ਦੀ ਕਟਾਈ ਕਰਨ ਵਾਲੇ ਕੰਬਾਈਨ ਡਰਾਈਵਰ ਦੀ ਰਿਪੋਟ ਸਕਾਰਾਤਮਕ ਆਈ ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ 19 ਦੇ ਕੇਸਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਸਿਵਲ ਸਰਜਨ ਹਰੀ ਨਰਾਇਣ ਨੇ ਦੱਸਿਆ ਕਿ ਤਿੰਨੇ ਵਿਅਕਤੀਆਂ ਨੂੰ ਇਲਾਜ ਲਈ ਕੋਵਿਡ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੈਬ ਟੈਕਨੀਸ਼ੀਅਨ ਅਤੇ ਵਾਰਡ ਅਟੈਂਡੈਂਟ ਦੋਵੇਂ ਸਥਾਨਕ ਵਸਨੀਕ ਹਨ ਜਦੋਂ ਕਿ ਤੀਜਾ ਵਿਅਕਤੀ, ਇੱਕ ਕੰਬਾਈਨ ਡਰਾਈਵਰ ਲੋਹਾਰਾ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਕਿ ਲੈਬ ਟੈਕਨੀਸ਼ੀਅਨ ਅਤੇ ਡਰਾਈਵਰ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ, ਵਾਰਡ ਅਟੈਂਡੈਂਟ ਲਗਭਗ 35 ਸਾਲ ਦਾ ਹੈ। ਮੁਕਤਸਰ ਦੇ ਵਸਨੀਕਾਂ ਵੱਲੋਂ ਦਿੱਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 900 ਹੈ ਜਿਨ੍ਹਾਂ ਵਿਚੋਂ 110 ਸ਼ਨੀਵਾਰ ਨੂੰ ਪ੍ਰਾਪਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ ਸਕਾਰਾਤਮਕ ਕੇਸਾਂ ਦੀ ਗਿਣਤੀ ਛੇ ਹੈ ਅਤੇ 344 ਦੇ ਨਮੂਨੇ ਬਾਕੀ ਹਨ।