-ਸ਼ਿਆਮ ਕਟਾਰੀਆ-
ਗਿੱਦੜਬਾਹਾ ਨੂੰ ਬਾਦਲ ਪਰਿਵਾਰ ਦਾ ਜੱਦੀ ਹਲਕਾ ਹੋਣ ਦਾ ਮਾਣ ਪ੍ਰਾਪਤ ਹੈ। ਹੋਰਾਂ ਹਲਕਿਆਂ ਦੇ ਲੋਕ ਜਿਨ੍ਹਾਂ ਨੇ ਗਿੱਦੜਬਾਹਾ ਨੂੰ ਨੇੜਿਓਂ ਨਹੀਂ ਵੇਖਿਆ, ਉਹ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਵਡਭਾਗਾ ਸਮਝਦੇ ਹੋਣਗੇ ਕਿ ਉਹ ਮੁੱਖ ਮੰਤਰੀ ਅਤੇ ਸਾਬਕਾ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਸਨੀਕ ਹਨ। ਬਾਹਰਲੇ ਲੋਕ ਇਸ ਭੁਲੇਖੇ ਦੇ ਵੀ ਸ਼ਿਕਾਰ ਹੋਣਗੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੋਣ ਕਰਕੇ ਇਥੇ ਪੱਛੜਿਆਪਣ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਹੋਵੇਗਾ। ਵਿਕਾਸ ਕਾਰਜਾਂ ਨੇ ਤਾਂ ਸਮੁੱਚੇ ਹਲਕੇ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੋਵੇਗੀ। ਗਿੱਦੜਬਾਹਾ ਪ੍ਰਤੀ ਆਮ ਬੰਦੇ ਦੀ ਅਜਿਹੀ ਧਾਰਨਾ ਹੋਣੀ ਕੋਈ ਅਚੰਭੇ ਵਾਲੀ ਗੱਲ ਨਹੀਂ, ਜਦਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸਵਰਗਵਾਸੀ ਡਾਕਟਰ ਕੇਵਲ ਕ੍ਰਿਸ਼ਨ ਖੁਦ ਗਿੱਦੜਬਾਹਾ ਪ੍ਰਤੀ ਅਜਿਹੀ ਸੋਚ ਹੀ ਰੱਖਦੇ ਸਨ।
![](https://blogger.googleusercontent.com/img/b/R29vZ2xl/AVvXsEjXSDIsH7d5J8IA94CByJnw5G_rx8MQQTlmO4s-WP0y8c_NtdRW8JLyki1afT94RKSPv-uoaF-_IH5j2Rx56IyVGQCDZ0P5UVx8N37TxFWjSh9IFBdUfPyG0CY4FMycWcN9ofHERfz0VeM/s1600/shyam-katria.jpg)
ਸੰਨ 1995 ਵਿਚ ਹੋਈ ਗਿੱਦੜਬਾਹਾ ਜ਼ਿਮਨੀ ਚੋਣ ਸਮੇਂ ਇਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਸ ਭੇਦ ਦਾ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਸਾਡੇ ਦਿਲ-ਦਿਮਾਗ ‘ਚ ਇਹ ਗੱਲ ਬੈਠੀ ਹੋਈ ਸੀ ਕਿ ਜਿਸ ਹਲਕੇ ‘ਚੋਂ ਬਾਦਲ ਸਾਹਿਬ ਕਦੇ ਵੀ ਨਹੀਂ ਹਾਰੇ, ਉਸ ਹਲਕੇ ਅੰਦਰ ਤਾਂ ਕਿਸੇ ਚੀਜ਼ ਦੀ ਥੁੜ ਹੀ ਨਹੀਂ ਹੋਵੇਗੀ। ਸਾਡੇ ਮਨਾਂ ਅੰਦਰ ਇਹ ਖਦਸ਼ਾ ਵੀ ਸੀ ਕਿ ਹਲਕੇ ਅੰਦਰ ਸਾਨੂੰ ਤਾਂ ਠਹਿਰਨ ਲਈ ਵੀ ਜਗ੍ਹਾ ਨਹੀਂ ਮਿਲੇਗੀ। ਲੇਕਿਨ ਇਥੇ ਆ ਕੇ ਜਦ ਹਲਕੇ ਦਾ ਪਛੜਿਆਪਣ ਵੇਖਿਆ ਤਾਂ ਅਸੀਂ ਹੈਰਾਨ ਹੋਏ ਕਿ ਇਸ ਹਲਕੇ ਦੇ ਲੋਕ ਆਖਰ ਕੀ ਸੋਚ ਕੇ ਹਰ ਵਾਰੀ ਬਾਦਲ ਪਰਿਵਾਰ ਨੂੰ ਜਿਤਾਉਂਦੇ ਆ ਰਹੇ ਹਨ?
ਚੌਥੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਜੱਦੀ ਹਲਕੇ ਦੇ ਖੇਤ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਅੱਜ ਵੀ ਸਿੰਚਾਈਯੋਗ ਨਹਿਰੀ ਪਾਣੀ ਦੀ ਘਾਟ ਦਾ ਸੰਤਾਪ ਭੋਗ ਰਹੇ ਹਨ ਜਦਕਿ ਲੋਕਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਲੋੜ ਅਨੁਸਾਰ ਨਹੀਂ ਮਿਲ ਰਿਹਾ ਜਿਸ ਕਰਕੇ ਕੈਂਸਰ ਜਿਹੀ ਬਿਮਾਰੀ ਦੇ ਫੈਲਾਅ ਤੋਂ ਹਲਕੇ ਦਾ ਕੋਈ ਪਿੰਡ ਨਹੀਂ ਬਚਿਆ। ਭਾਵੇਂ ਬਾਦਲ ਸਰਕਾਰ ਵੱਲੋਂ ਲਗਾਏ ਗਏ ਆਰ.ਓ. ਪਲਾਂਟ (ਮੁੱਲ ਦੇ ਪਾਣੀ ਦੇ ਕੇਂਦਰ) ਦੇ ਆਗਾਜ਼ ਦਾ ਇਸ ਹਲਕੇ ਨੂੰ ਮਾਣ ਪ੍ਰਾਪਤ ਹੈ। ਪਰ ਇਹ ਪਲਾਂਟ ਵੀ ਲੋਕਾਂ ਦੀਆਂ ਆਸਾਂ ‘ਤੇ ਪੂਰੀ ਤਰ੍ਹਾਂ ਖਰੇ ਨਹੀਂ ਉਤਰੇ।
ਰੇਲਵੇ ਲਾਈਨ ਦੇ ਪਰਲੇ ਪਾਸੇ ਗਿੱਦੜਬਾਹਾ ਪਿੰਡ ਅਤੇ ਬੰਟਾਬਾਦ ਦੀ ਵਸੋਂ ਨਾ ਸਿਰਫ ਮੰਡੀ ਵਾਲੇ ਖੇਤਰ ਤੋਂ ਵੱਧ ਹੈ, ਬਲਕਿ ਨਗਰ ਕੌਂਸਲ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ। ਲੇਕਿਨ ਇਸ ਪਾਸੇ ਦੇ ਲੋਕਾਂ ਨੂੰ ਆਪਣੇ ਘਰ ਆਉਣ- ਜਾਣ ਲਈ ਰੇਲਵੇ ਲਾਈਨ ਨੂੰ ਪਾਰ ਕਰਨ ਲਈ ਹੇਠੋਂ ਦੀ ਲੰਘਣਾ ਪੈਂਦਾ ਹੈ। ਇਸ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ 16 ਸਵਾਰੀ ਗੱਡੀਆਂ ਤੋਂ ਇਲਾਵਾ ਮਾਲ ਅਤੇ ਸਪੈਸ਼ਲ ਗੱਡੀਆਂ ਕਾਰਨ ਪਰਲੇ ਪਾਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਪਿੰਡ ਨੂੰ ਮੰਡੀ ਨਾਲ ਜੋੜਨ ਲਈ ਇਥੇ ਜ਼ਮੀਨਦੋਜ਼ ਪੁਲ ਬਣਾਇਆ ਜਾਵੇ। ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਜਦ ਸ੍ਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਰਾਜ ਉਦਯੋਗ ਮੰਤਰੀ ਸਨ ਤਾਂ ਉਹ ਆਪਣੇ ਨਾਲ ਕੇਂਦਰੀ ਰਾਜ ਰੇਲਵੇ ਮੰਤਰੀ ਦਿਗਵਿਜੇ ਸਿੰਘ ਨੂੰ ਗਿੱਦੜਬਾਹਾ ਲੈ ਕੇ ਆਏ ਸਨ ਤਾਂ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇਥੇ ਜਲਦੀ ਹੀ ਜ਼ਮੀਨਦੋਜ਼ ਪੁਲ ਬਣਾਇਆ ਜਾਵੇਗਾ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਜਦਕਿ ਹੁਣ ਸੁਖਬੀਰ ਬਾਦਲ ਨੇ ਲੰਬੀ ਰੇਲਵੇ ਫਾਟਕ ‘ਤੇ ਪੁਲ ਬਣਾਉਣ ਦਾ ਇਕ ਹੋਰ ਵਾਅਦਾ ਕੀਤਾ ਹੈ।
ਸੰਨ 1970 ਵਿਚ ਜਦ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਮਾਰਕਫੈੱਡ ਦਾ ਇਥੇ ਇਕ ਪਲਾਂਟ ਲਗਾਇਆ ਗਿਆ ਸੀ ਜਿਸ ਵਿਚ ਹੁਣ ਸਿਰਫ ਪਸ਼ੂ ਖੁਰਾਕ ਹੀ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਕੇਂਦਰੀ ਉਦਯੋਗ ਮੰਤਰੀ ਰਹਿਣ ਦੇ ਬਾਵਜੂਦ ਵੀ ਹਲਕੇ ਅੰਦਰ ਕੋਈ ਸਰਕਾਰੀ ਫੈਕਟਰੀ ਨਹੀਂ ਲਗਾਈ ਗਈ।
ਸਿੱਖਿਆ ਦੇ ਅਦਾਰਿਆਂ ਵਿਚ ਵੀ ਇਥੇ ਬਾਦਲ ਪਰਿਵਾਰ ਦੇ ਨਿੱਜੀ ਅਦਾਰਿਆਂ ਦੀ ਸਰਦਾਰੀ ਬਰਕਰਾਰ ਹੈ। ਬੀਤੇ ਕਾਰਜਕਾਲ ਦੌਰਾਨ ਇਥੋਂ ਗੁਜ਼ਰਨ ਵਾਲੀ ਨੈਸ਼ਨਲ ਹਾਈਵੇਅ ਦੀ ਸੜਕ ਕਿਨਾਰੇ ਪਿੰਡ ਭਾਰੂ ਦੀ ਪੰਚਾਇਤੀ ਜ਼ਮੀਨ ‘ਤੇ ਬਣੇ ਹੋਏ ਗੁਰੂ ਗੋਬਿੰਦ ਸਿੰਘ ਕਾਲਜ ਨੂੰ ਡੇਰਾ ਝੰਗ (ਸਰਦਾਰਗੜ੍ਹ) ਵਿਖੇ ਤਬਦੀਲ ਕਰਕੇ ਗੁਰੂ ਗੋਬਿੰਦ ਸਿੰਘ ਕਾਲਜ ਤੋਂ ਬਾਬਾ ਸ੍ਰੀਚੰਦ ਕਾਲਜ ਬਣਾ ਕੇ ਨਾਂ ਹੀ ਨਹੀਂ ਬਦਲ ਦਿੱਤਾ ਗਿਆ, ਬਲਕਿ ਇਸ ਨੂੰ ਪੰਜਾਬ ਯੂਨੀਵਰਸਿਟੀ ਤੋਂ ਬਦਲ ਕੇ ਪੰਜਾਬੀ ਯੂਨੀਵਰਸਿਟੀ ਨਾਲ ਜੋੜ ਦਿੱਤਾ ਗਿਆ। ਪਿੰਡ ਭਾਰੂ ਦੀ ਜ਼ਮੀਨ ‘ਤੇ ਬਾਦਲ ਪਰਿਵਾਰ ਦੇ ਨਿੱਜੀ ਸਿੱਖਿਆ ਅਦਾਰੇ ਮਾਲਵਾ ਪਬਲਿਕ ਸਕੂਲ ਅਤੇ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਕਾਲਜ ਬੜੇ ਸ਼ਾਨ ਨਾਲ ਚੱਲ ਰਹੇ ਹਨ।
ਸੜਕਾਂ, ਗਲੀਆਂ ਤੇ ਨਾਲੀਆਂ ਦਾ ਰੋਣਾ ਵੀ ਇਥੇ ਹੋਰਾਂ ਪਛੜੇ ਨਗਰਾਂ ਵਰਗਾ ਹੀ ਹੈ। ਇਸ ਦੇ ਬਾਵਜੂਦ ਬਾਦਲ ਸਰਕਾਰ ਆਪਣੀਆਂ ਸਿਆਸੀ ਰੈਲੀਆਂ ਅਤੇ ਸੰਗਤ ਦਰਸ਼ਨਾਂ ਦੌਰਾਨ ਇਹ ਵਾਅਦਾ ਕਰਨਾ ਨਹੀਂ ਭੁੱਲਦੇ ਕਿ ਗਿੱਦੜਬਾਹਾ ਨੂੰ ਕੈਲੀਫੋਰਨੀਆ ਬਣਾ ਦਿਆਂਗੇ। ਹਲਕੇ ਦੇ ਜਿਨ੍ਹਾਂ ਲੋਕਾਂ ਨੇ ਕੈਲੀਫੋਰਨੀਆ ਨਹੀਂ ਵੇਖਿਆ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਹੈ, ਉਨ੍ਹਾਂ ਨੂੰ ਕੈਲੀਫੋਰਨੀਆ ਅਜੂਬਾ ਲਗਦਾ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੈਲੀਫੋਰਨੀਆ ਬਾਰੇ ਸੁਣਦੇ ਆ ਰਹੇ ਗਿੱਦੜਬਾਹਾ ਹਲਕੇ ਦੇ ਸਾਦ-ਮੁਰਾਦੇ ਲੋਕਾਂ ਨੂੰ ਹੁਣ ਤਾਂ ਇੰਜ ਜਾਪਣ ਲੱਗ ਪਿਆ ਹੈ ਕਿ ਕਿਤੇ ਕੈਲੀਫੋਰਨੀਆ ਵੀ ਗਿੱਦੜਬਾਹਾ ਵਰਗਾ ਹੀ ਨਾ ਹੋਵੇ।