09 February 2013

ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਸੁਰੱਖਿਆ ਕਰਚਾਰੀਆਂ ਨੇ ਪਿੰਡ ਬਾਦਲ 'ਚ ਦੁਕਾਨ ਤੋਂ ਤਿੰਨ ਹਜ਼ਾਰ ਰੁਪਏ ਲੁੱਟੇ

                             -ਸੀ.ਆਈ. ਐਸ.ਐਫ਼. ਦੀ ਕਾਰਜਪ੍ਰਣਾਲੀ ਮੁੜ ਵਿਵਾਦਾਂ 'ਚ- 
 -ਦੁਕਾਨਦਾਰ ਦੀ ਮਾਰ-ਕੁੱਟ ਕਰਕੇ ਲੈਪਟਾਪ ਤੋੜਿਆ ਤੇ ਨਾਲ ਲੈ ਗਏ- ਮੋਬਾਇਲ ਦੀ ਖਰੀਦੋ-ਫਰੋਖ਼ਤ ਨੂੰ ਲੈ ਕੇ ਹੋਇਆ ਵਿਵਾਦ-

                                                        ਇਕਬਾਲ ਸਿੰਘ ਸ਼ਾਂਤ
         ਲੰਬੀ-ਕਰੀਬ 4 ਸਾਲਾਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ 'ਤੇ ਤਾਇਨਾਤ ਸੀ.ਆਈ.ਐਸ.ਐਫ਼. (ਕੇਂਦਰੀ ਸਨਅਤੀ ਸੁਰੱਖਿਆ ਫੋਰਸ) ਦਾ ਅਮਲਾ ਇੱਕ ਵਾਰ ਫਿਰ ਕਥਿਤ ਗੁੰਡਾਗਰਦੀ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ 'ਤੇ ਤਾਇਨਾਤ ਸੀ.ਆਈ.ਐਸ.ਐਫ਼. ਦੇ ਮੁਲਾਜਮਾਂ ਵੱਲੋਂ ਪੁਰਾਣੇ ਮੋਬਾਇਲ ਦੀ ਖਰੀਦੋ-ਫਰੋਖ਼ਤ ਦੇ ਵਿਵਾਦ 'ਚ ਪਿੰਡ ਬਾਦਲ ਦੇ ਇੱਕ ਨੌਜਵਾਨ ਦੁਕਾਨਦਾਰ ਦੀ ਕਥਿਤ ਮਾਰ-ਕੁੱਟ ਅਤੇ ਉਸਦੇ ਲੈਪਟਾਪ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਨੇ ਉਕਤ ਮੁਲਾਜਮਾਂ 'ਤੇ ਦੁਕਾਨ ਦੇ ਗੋਲਕ ਵਿਚੋਂ ਕਥਿਤ ਤੌਰ 'ਤੇ ਜ਼ਬਰਦਸਤੀ 3 ਹਜ਼ਾਰ ਕੱਢਣ ਅਤੇ ਧਮਕਾਉਣ ਦਾ ਦੋਸ਼ ਵੀ ਲਾਇਆ ਹੈ। 

        ਉਕਤ ਮਾਮਲੇ ਵਿਚ ਪੀੜਤ ਦੁਕਾਨਦਾਰ ਨੇ ਲੰਬੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਪਿੰਡ ਬਾਦਲ ਦੇ ਬੱਸ ਸਟਾਪ 'ਤੇ ਮਠਿਆਈ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਪੀੜਤ ਦੁਕਾਦਾਰ ਦੀਪੂ ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਤਾਇਨਾਤ ਸੀ.ਆਈ.ਐਸ.ਐਫ਼. ਦੇ ਸੁਰੱਖਿਆ ਦਸਤੇ ਦੇ ਮੁਲਾਜਮ ਆਮ ਤੌਰ 'ਤੇ ਉਸਦੀ ਦੁਕਾਨ 'ਤੇ ਚਾਹ ਵਗੈਰਾ ਪੀਣ ਆਇਆ ਕਰਦੇ ਸਨ। ਜਿਨ੍ਹਾਂ ਵਿਚੋਂ ਇੱਕ ਮੁਲਾਜਮ ਨੇ ਲਗਪਗ 20=26 ਦਿਨਾਂ ਪਹਿਲਾਂ ਉਸਨੂੰ ਕੋਈ ਪੁਰਾਣਾ ਮਲਟੀ ਮੀਡੀਆ ਮੋਬਾਇਲ ਸੈੱਟ ਦਿਵਾਉਣ ਲਈ ਆਖਿਆ। ਦੀਪੂ ਨੇ ਦੱਸਿਆ ਕਿ ਉਸਨੇ ਰੁਪਇਆ ਦੀ ਜ਼ਰੂਰਤ ਹੋਣ ਕਰਕੇ ਆਪਣਾ ਸੈਮਸੰਗ ਗਲੈਕਸੀ ਮੋਬਾਇਲ ਵੇਚਣ ਦੀ ਪੇਸ਼ਕਸ਼ ਕੀਤੀ। ਜਿਸ ਉਪਰੰਤ ਦੋਹਾਂ ਵਿਚਕਾਰ 9 ਹਜ਼ਾਰ ਰੁਪਏ ਵਿਚ ਮੋਬਾਇਲ ਦਾ ਸੌਦਾ ਹੋ ਗਿਆ ਅਤੇ ਸੀ.ਆਈ.ਐਸ.ਐਫ. ਦਾ ਮੁਲਾਜਮ ਉਸਨੂੰ 9 ਹਜ਼ਾਰ ਰੁਪਏ ਦਾ ਭੁਗਤਾਨ ਕਰਕੇ ਉਕਤ ਮੋਬਾਇਲ ਫੈਲ ਲੈ ਗਿਆ। ਉਕਤ ਮੁਲਾਜਮ ਦੇ ਨਾਂਅ ਤੋਂ ਨਾਵਾਕਫ਼ ਦੀਪੂ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਇਸ ਮੁਲਾਜਮ ਨੇ ਪਸੰਦ ਨਾ ਆਉਣ ਦੀ ਗੱਲ ਕਰਦਿਆਂ ਮੋਬਾਇਲ ਉਸਦਨੂੰ ਵਾਪਸ ਕਰ ਦਿੱਤਾ ਅਤੇ 9 ਹਜ਼ਾਰ ਰੁਪਏ ਵਾਪਸ ਮੰਗਣ ਲੱਗਿਆ। ਦੀਪੂ ਨੇ ਪਹਿਲਾਂ ਤਾਂ ਮੋਬਾਇਲ ਵਾਪਸ ਰੱਖਣ ਤੋਂ ਇਨਕਾਰ ਕਰ ਦਿੱਤਾ ਪਰ ਹੁਕਮਰਾਨਾਂ ਦੇ ਸੁਰੱਖਿਆ ਕਰਮਚਾਰੀ ਅਤੇ ਉਸਦੇ ਗਾਹਕ ਹੋਣ ਕਰਕੇ ਫੋਨ ਵਾਪਸ ਰੱਖ ਲਿਆ ਪਰ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਰੁਪਏ ਹੌਲੀ-ਹੌਲੀ ਵਾਪਸ ਕਰਨ ਦਾ ਵਾਅਦਾ ਕੀਤਾ।  ਉਸਨੇ ਦੱਸਿਆ ਕਿ ਪਰਸੋਂ 6 ਫਰਵਰੀ ਨੂੰ ਦੋਵੇਂ ਧਿਰਾਂ ਵਿਚ ਅਗਲੇ 20 ਦਿਨਾਂ 'ਚ ਰੁਪਏ ਦੇਣ ਦਾ ਰਾਜੀਨਾਮਾ ਹੋਇਆ ਸੀ। 

            ਅੱਜ ਪਿੰਡ ਦੇ ਕਈ ਵਿਅਕਤੀਆਂ ਦੀ ਹਾਜ਼ਰੀ ਵਿਚ ਦੀਪੂ ਨੇ ਦੱਸਿਆ ਕਿ ਕੱਲ੍ਹ ਸਵੇਰੇ ਕਰੀਬ 10 ਵਜੇ ਉਹ ਆਪਣੀ ਦੁਕਾਨ ਦੇ ਕਾਊਂਟਰ 'ਤੇ ਬੈਠਾ ਆਪਣੇ ਲੈਪਟਾਪ 'ਤੇ ਕੋਈ ਕੰਮ ਕਰ ਰਿਹਾ ਸੀ। ਉਸੇ ਦੌਰਾਨ ਸੀ.ਆਈ.ਐਸ.ਐਫ਼. ਦਾ ਉਕਤ ਮੁਲਾਜਮ ਆਪਣੇ ਦੋ ਹੋਰ ਸਾਥੀਆਂ ਨਾਲ ਉਸਦੀ ਦੁਕਾਨ ਉੱਪਰ ਆਇਆ। ਦੀਪੂ ਨੇ ਦੋਸ਼ ਲਾਇਆ ਕਿ ਤਿੰਨੇ ਮੁਲਾਜਮ ਉਸਦੀ ਬੜੀ ਬੇਰਹਿਮੀ ਨਾਲ ਧੂਹ-ਘੜੀਸ ਕਰਦਿਆਂ ਮਾਰ-ਕੁੱਟ ਕਰਨ ਲੱਗੇ। ਉਨ੍ਹਾਂ ਬਾਅਦ ਉਨ੍ਹਾਂ ਵਿਚੋਂ ਇੱਕ ਨੇ ਕਾਊਂਟਰ 'ਤੇ ਪਿਆ ਲੈਪਟਾਪ ਜ਼ਮੀਨ 'ਤੇ ਪਟਕ ਦਿੱਤਾ ਅਤੇ ਕਾਊਂਟਰ ਦੇ ਗੱਲੇ ਵਿਚੋਂ ਕਰੀਬ 3 ਹਜ਼ਾਰ ਰੁਪਏ ਦੀ ਰਕਮ ਉਸਦੇ ਰੋਕਣ ਦੇ ਬਾਵਜੂਦ ਜ਼ਬਰਦਸਤੀ ਕੱਢ ਲਈ। ਦੀਪੂ ਨੇ ਦੋਸ਼ ਲਾਇਆ ਕਿ ਉਕਤ ਮੁਲਾਜਮਾਂ ਨੇ ਉਸਦੀ ਮਾਰ-ਕੁੱਟ ਕਰਦਿਆਂ ਐਸ.ਪੀ. ਅਤੇ ਡੀ.ਐਸ.ਪੀ. ਜਿਹੇ ਵੱਡੇ ਅਫ਼ਸਰਾਂ ਦਾ ਹਵਾਲਾ ਦਿੰਦਿਆਂ ਧਮਕੀਆਂ ਦਿੱਤੀਆਂ ਕਿ ''ਅਜਿਹੇ ਵੀ ਅਫਸਰ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ ਤਾਂ ਤੂਮ ਕੌਣ ਦੇ ਬਾਗ ਕੀ ਮੂਲੀ ਹੋ।'' ਦੀਪੂ ਅਨੁਸਾਰ ਉਕਤ ਮੁਲਾਜਮ ਲੈਪਟਾਪ ਨੂੰ ਭੰਨਣ ਉਪਰੰਤ ਸਬੂਤ ਮਿਟਾਉਣ ਦੇ ਮਨਸ਼ੇ ਨਾਲ ਲੈ ਗਏ। ਦੀਪੂ ਨੇ ਦੱਸਿਆ ਕਿ ਉਹ ਮੁਲਾਜਮਾਂ ਨੂੰ ਸ਼ਕਲ ਤੋਂ ਪਹਿਚਾਣਦਾ ਹੈ ਪਰ ਨਾਂਅ ਤੋਂ ਨਹੀਂ।  
             ਦੀਪੂ ਦੇ ਦੋਸ਼ਾਂ ਦੀ ਸ਼ਾਹਦੀ ਉਸਦੇ ਇੱਕ ਗੁਆਂਢੀ ਦੁਕਾਨਦਾਰ ਅਤੇ ਪਿੰਡ ਬਾਦਲ ਦੇ 60-65 ਸਾਲਾ ਬਜ਼ੁਰਗ ਛੋਟਾ ਸਿੰਘ ਪੁੱਤਰ ਅਰਜੁਨ ਸਿੰਘ ਨੇ ਵੀ ਭਰੀ। ਛੋਟਾ ਸਿੰਘ ਨੇ ਦੱਸਿਆ ਕਿ ਉਹ ਇਸ ਪੂਰੀ ਘਟਨਾ ਦੌਰਾਨ ਮੌਕੇ 'ਤੇ ਖੜ੍ਹਾ ਸੀ। ਉਸਨੇ ਆਖਿਆ ਕਿ 'ਬਾਦਲ ਸਾਬ੍ਹ ਦੇ ਘਰੇ ਤਨਾਤ ਮਿਲਟਰੀ ਵਾਲੇ ਬੰਦਿਆਂ ਕੇਵਲ ਸਿੰਘ ਦੇ ਮੁੰਡੇ ਦੀਪੂ ਦੀ ਰੱਜ ਕੇ ਮਾਰ-ਕੁੱਟ ਕੀਤੀ ਅਤੇ ਕੱਠਾ ਹੋਣ ਵਾਲਾ ਕੰਪੂਟਰ (ਲੈਪਟਾਪ) ਜ਼ਮੀਨ 'ਤੇ ਸੁੱਟ ਕੇ ਤੋੜਨ ਬਾਅਦ ਨਾਲ ਲੈ ਗਏ।''
            ਦੂਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਤਾਇਨਾਤ ਸੀ.ਆਈ. ਐਸ.ਐਫ. ਦੇ ਅਮਲੇ ਦੀ ਮੁਖੀ ਨੰਦ ਕਿਸ਼ੋਰ (ਏ.ਐਸ.ਆਈ.) ਨੇ ਸੰਪਰਕ ਕਰਨ 'ਤੇ ਉਕਤ ਮੋਬਾਇਲ ਵਿਵਾਦ ਬਾਰੇ ਕੋਈ ਜਾਣਕਾਰੀ ਹੋਣੋਂ ਇਨਕਾਰ ਕੀਤਾ। ਇਸ ਸਬੰਧੀ ਲੰਬੀ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਪੀੜਤ ਦੁਕਾਨਦਾਰ ਦੀਪੂ ਵੱਲੋਂ ਸ਼ਿਕਾਇਤ ਆਉਣ ਦੀ ਪੁਸ਼ਟੀ ਕਰਦਿਆਂ ਆਖਿਆ ਮਾਮਲੇ ਦੀ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਖੇਤਰ ਦੇ ਇੱਕ ਅਧਿਕਾਰੀ ਨੇ ਨਾਂਲ ਛਾਣ ਦੀ ਸ਼ਰਤ 'ਤੇ ਦੋਵੇਂ ਧਿਰਾਂ ਵਿਚ ਮੋਬਾਇਲ ਵਿਵਾਦ ਪਿਛਲੇ ਕਾਫ਼ੀ ਦਿਨਾਂ ਤੋਂ ਭਖਿਆ ਹੋਣ ਦੀ ਗੱਲ ਸਵੀਕਾਰੀ ਹੈ। 
          ਜ਼ਿਕਰਯੋਗ ਹੈ ਕਿ ਸੰਨ 2009 ਵਿਚ 11 ਮਾਰਚ ਨੂੰ ਹੋਲੀ ਦੀ ਰਾਤ ਨੂੰ ਵੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਤਾਇਨਾਤ  ਸੀ.ਆਈ.ਐਸ.ਐਸ. ਦੇ ਦਰਜਨ ਭਰ ਕਰਮਚਾਰੀਆਂ ਵੱਲੋਂ ਪਿੰਡ ਬਾਦਲ ਵਿਖੇ ਸ਼ਰਾਬ ਦੇ ਠੇਕੇ ਦੇ ਸੇਲਜਮੈਨ ਰਾਮਪਾਲ ਅਤੇ ਨੇਤਰਪਾਲ ਦੀ ਮਾਰ-ਕੁੱਟ ਕਰਕੇ ਸ਼ਰਾਬ ਦੀਆਂ ਬੋਤਲਾਂ ਲੁੱਟ ਕੇ ਲੈ ਗਏ ਸਨ। ਉਸ ਸਮੇਂ ਇਹ  ਮਾਮਲਾ ਅਖ਼ਬਾਰਾਂ ਵਿਚ ਕਾਫ਼ੀ ਸੁਰਖੀਆ ਵਿਚ ਰਿਹਾ ਸੀ। 
98148-26100, 093178-26100
Email : iqbal.shant@gmail.com

No comments:

Post a Comment