08 February 2019

ਗੁੰਡਾ ਪਰਚੀ ਵਸੂਲ ਰਹੇ ਮਹਾਰਾਜੇ ਦੇ ਝੰਡੇਬਰਦਾਰ

* ਖੁੱਲ੍ਹੇਆਮ ਨਾਕੇ ਲਗਾ ਕੇ ਬਾਹਰੀ ਵਹੀਕਲਾਂ ਨੂੰ ਬਣਾਇਆ ਜਾ ਰਿਹਾ ਲੁੱਟ ਦਾ ਸ਼ਿਕਾਰ 
* ਲੰਬੀ ਹਲਕੇ ’ਤੇ ਟਰਾਂਸਪੋਰਟ ਯੂਨੀਅਨਾਂ ’ਤੇ ਕਾਬਜ਼ ਸੱਤਾਪੱਖੀਆਂ ਦਾ ਸੰਗਠਿਤ ਰੈਕਟ

                                              ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਅਮਰਿੰਦਰ ਸਰਕਾਰ ਦੀ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਕਾਂਗਰਸੀਆਂ ਨੇ ਫੇਲ੍ਹ ਕਰ ਛੱਡੀ ਹੈ। ਸੂਬੇ ਵਿੱਚ ਪਾਬੰਦੀ ਦੇ ਬਾਵਜੂਦ ਲੰਬੀ ਹਲਕੇ ’ਚ ਚੱਲਦੀਆਂ ਟਰਾਂਸਪੋਰਟ ਯੂਨੀਅਨਾਂ ਵੱਲੋਂ ਖੁੱਲ੍ਹੇਆਮ ਬਾਹਰੀ ਵਹੀਕਲਾਂ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ। ਯੂਨੀਅਨਾਂ ਵੱਲੋਂ ਖੁੱਲ੍ਹੇਆਮ ਨਾਕੇ ਲਗਾ ਕੇ ਪ੍ਰਤੀ ਵਹੀਕਲ ਅਤੇ ਪ੍ਰਤੀ ਪਸ਼ੂ ਦੋਹਰੇ-ਦੋਹਰੇ ਸੈਂਕੜੇ ਰੁਪਏ ਜ਼ਬਰੀ ਵਸੂਲੇ ਜਾ ਰਹੇ ਹਨ। ਦੋਹਰੀ ਲੁੱਟ ਦਾ ਨੰਗਾ ਨਾਚ ਸਾਬਕਾ ਵੀ.ਆਈ.ਪੀ. ਹਲਕੇ ਲੰਬੀ ’ਚ ਮੰਡੀ ਕਿੱਲਿਆਂਵਾਲੀ ਵਿਖੇ ਐਤਵਾਰੀ ਪਸ਼ੂ ਮੰਡੀ ਦੌਰਾਨ ਚੱਲ ਰਿਹਾ ਹੈ। ਸੱਤਾ ਪੱਖ ਕਾਂਗਰਸੀਆਂ ਦੀ ਸਿੱਧੀ ਸ਼ਮੂਲੀਅਤ ਨਾਲ ਚੱਲ ਰਹੇ ਖੁੱਲ੍ਹੇਆਮ
ਲੁੱਟ-ਖੋਹ ਦੇ ਧੰਦੇ ਕਰਕੇ ਅਮਰਿੰਦਰ ਸਰਕਾਰ ਦੀ ਜ਼ਮੀਨੀ ਪੱਧਰ ’ਤੇ ਵੱਡੀ ਬਦਨਾਮੀ ਹੋ ਰਹੀ ਹੈ। ਜਿੱਥੇ ਭਗਤ ਸਿੰਘ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ਵੱਲੋੋਂ ਪਸ਼ੂ ਖਰੀਦ ਕੇ ਲਿਜਾਣ ਵਾਲੇ ਬਾਹਰੀ ਵਹੀਕਲਾਂ ਤੋਂ ਇੱਕ ਹਜ਼ਾਰ ਰੁਪਏ ਤੱਕ ਆਰਥਿਕ ਨੁਕਸਾਨ ਦੇ ਨਾਂਅ ’ਤੇ ਲਏ ਜਾਂਦੇ ਹਨ। ਥੋੜ੍ਹੀ ਅਗਾਂਹ ਲਗਾਏ ਨਾਕੇ ’ਤੇ ਦੋ ਸੌ ਰੁਪਏ ਪ੍ਰਤੀ ਪਸ਼ੂ ਵੱਖਰੇ ਜ਼ਬਰੀ ਵਸੂਲੇ ਜਾਂਦੇ ਹਨ। ਪਿਕਅੱਪ ਯੂਨੀਅਨ ਦੀ ਕਮਾਂਡ ਬਲਾਕ ਕਾਂਗਰਸ ਕਮੇਟੀ ਲੰਬੀ ਦੇ ਪ੍ਰਧਾਨ ਦੇ ਹੱਥ ਦੱਸੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਯੂਨੀਅਨ ਦੇ ਨਾਕਿਆਂ ’ਤੇ ਪਿੰਡ ਬਨਵਾਲਾ ਅਨੂੰ ਦੇ ਬੰਦੇ ਤਾਇਨਾਤ ਹੁੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਨੂੰ  ਪਸ਼ੂ ਮੰਡੀ ’ਚੋਂ ਪਸ਼ੂ ਬਾਹਰ ਲਿਜਾਣ ਵਾਲੇ ਵਹੀਕਲਾਂ ਤੋਂ ਕਰੀਬ ਇੱਕ ਲੱਖ ਰੁਪਏ ਦੀ ਗੁੰਡਾ ਪਰਚੀ ਵਸੂਲੀ ਹੁੰਦੀ ਹੈ। ਇੱਥੇ ਸੱਤਾਪੱਖੀਆਂ ਦਾ ਇੱਕ ਵਿਉਂਤਬੱਧ ਰੈਕਟ ਹੈ ਜਿਸਨੂੰ ਇੱਕ ਅਖੌਤੀ ਸਿਆਸੀ ਸਲਾਹਕਾਰ ਦੀ ਪੁਸ਼ਤਪਨਾਹੀ ਹੈ। ਕਾਂਗਰਸੀਆਂ ਵੱਲੋਂ ਗੁੰਡਾ ਪਰਚੀ ਕਰਕੇ 72 ਕਰੋੜ ਰੁਪਏ ਦੇ ਸਲਾਨਾ ਠੇਕੇ ਵਾਲੀ ਪਸ਼ੂ ਮੰਡੀ ਫੇਲ੍ਹ ਹੋਣ ਕਿਨਾਰੇ ਹੈ। ਹੁਣ ਇਸ ਲੁੱਟ ਕਾਰਨ ਵਪਾਰੀ ਪਸ਼ੂ ਮੰਡੀ ਫੱਗੂ (ਹਰਿਆਣਾ) ਵੱਲ ਰੁੱਖ ਕਰਨ ਲੱਗੇ ਹਨ।
          ਪਿਕਅੱਪ ਯੂਨੀਅਨ ਵੱਲੋਂ ਹੁੰਦੀ ਲੁੱਟ ਦੀ ਖੁਲਾਸਾ ਕਰਦਿਆਂ ਹਰਿਆਣਾ ਦੇ ਭੱਟੂ ਵਾਸੀ ਡੇਅਰ ਸੰਚਾਲਕ ਰਵਿੰਦਰ ਕੁਮਾਰ ਵਾਸੀ ਭੱਟੂ ਨੇ ਦੱਸਿਆ ਕਿ ਉਹ ਪਸ਼ੂ ਮੰਡੀ, ਕਿੱਲਿਆਂਵਾਲੀ ਤੋਂ ਦੋ ਪਸ਼ੂ ਖਰੀਦ ਕੇ ਆਪਣੇ ਵਹੀਕਲ ਨੰਬਰ ਐਚ.ਆਰ 38ਜੇ/7492 ਲਿਜਾ ਰਿਹਾ ਸੀ। ਉਸਨੇ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ’ਤੇ ਜ਼ਬਰੀ ਗੁੰਡਾ ਪਰਚੀ ਵਸੂਲਣ ਦੇ ਦੋਸ਼ ਲਗਾਉਂਦੇ ਕਿਹਾ ਕਿ ਬਾਹਰੀ ਨਿੱਜੀ ਵਹੀਕਲ ’ਤੇ ਪਸ਼ੂ ਲਿਜਾਣ ਦੇ ਬਦਲੇ ਪਿਕਅੱਪ ਯੂਨੀਅਨ ’ਚ ਨੌ ਸੌ ਰੁਪਏ ਵਸੂਲੇ ਗਏ। ਯੂਨੀਅਨ ’ਚ ਇੱਕ ਵਿਅਕਤੀ ਨੇ ਰੁਪਏ ਲੈ ਕੇ ਪਸ਼ੂ ਖਰੀਦ ਪਰਚੀ ਪਿੱਛੇ ਨੇ ਆਪਣਾ ਨਾਂਅ ਸੇਮਾ ਅਤੇ ਮੋਬਾਇਲ 93155-09003 ਲਿਖ ਕੇ ਦਿੱਤਾ। ਰਵਿੰਦਰ ਅਨੁਸਾਰ ਉਸਨੇ ਇਤਰਾਜ਼ ਜਤਾਇਆ ਤਾਂ ਉਕਤ ਵਿਅਕਤੀ ਨੇ ਆਖਿਆ ਕਿ ਨੌ ਸੌ ਰੁਪਏ ਦਿਓਗੇ ਤਾਂ ਹੀ ਤੈਨੂੰ ਪਸ਼ੂ ਲੱਦਣ ਦੇਵਾਂਗੇ। ਰਵਿੰਦਰ ਕੁਮਾਰ ਨੇ ਆਖਿਆ ਕਿ ਉਸਨੂੰ ਮਜ਼ਬੂਰੀ ਵਜੋਂ ਨੌ ਸੌ ਰੁਪਏ ਦੇਣੇ ਪਏ। ਹੁਣ ਅਗਾਂਹ ਨਾਕਾ ਲਗਾ ਕੇ ਖੜ੍ਹਾ ਇਹ ਵਿਅਕਤੀ ਚਾਰ ਸੌ ਰੁਪਏ ਮੰਗ ਰਿਹਾ ਹੈ। ਰਵਿੰਦਰ ਕੁਮਾਰ ਨੇ ਜ਼ਬਰੀ ਵਸੂਲੀ ਬਾਰੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੂੰ ਫੋਨ ’ਤੇ ਜਾਣੂ ਕਰਵਾਇਆ। ਰਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਖੁੱਲ੍ਹੇਆਮ ਲੁੱਟ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ, ਜਦੋਂ ਕਿ ਪੰਜਾਬ ਵਿੱਚ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਹੈ। ਮੌਕੇ ’ਤੇ ਪੁੱਜੇ ਪੱਤਰਕਾਰ ਨੇ ਵੇਖਿਆ ਕਿ ਪਸ਼ੂ ਡਿਸਪੈਂਸਰੀ ਦੇ ਨੇੜੇ ਇੱਕ ਸਿੱਖ ਵਿਅਕਤੀ ਸੜਕ ਕੰਢੇ ਕੁਰਸੀ ’ਤੇ ਬੈਠਾ ਸੀ। ਜਿਸਦੀ ਸ਼ਨਾਖ਼ਤ ਤਰਸੇਮ ਸਿੰਘ ਵਜੋਂ ਹੋਈ। ਸ਼ਰਾਬੀ ਹਾਲਤ ਉਕਤ ਵਿਅਕਤੀ ਪਸ਼ੂ ਲਿਜਾ ਰਹੇ ਛੋਟੇ ਹਾਥੀ ਜਾਂ ਹੋਰਨਾਂ ਗੱਡੀਆਂ ਨੂੰ ਰੋਕ-ਰੋਕ ਕੇ ਜਵਾਬਤਲਬੀ ਕਰ ਰਿਹਾ ਸੀ। ਉਹ ਰਵਿਦਰ ਕੁਮਾਰ ਨੂੰ ਮੀਡੀਆ ਮੂਹਰੇ ਬੋਲਣ ਤੋਂ ਰੋਕ ਕੇ ਆਖ ਰਿਹਾ ਸੀ ਕਿ ਇਹ ਤਾਂ ਪੱਤਰਕਾਰ ਹੈ ਇਸਦਾ ਕੀ ਹੈੈ? ਤੁਸੀਂ ਜਾਓ। ਸਾਡੀ ਸਰਕਾਰ ਐ।’ ਤਰਸੇਮ ਨੇ ਕਬੂਲਿਆ ਕਿ ਉਹ ਪਿਕਅੱਪ ਯੂਨੀਅਨ ਵੱਲੋਂ ਖੜ੍ਹਾ ਹੈ। 
        ਲੋਕਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਪਸ਼ੂ ਮੰਡੀ ਕਿੱਲਿਆਂਵਾਲੀ ਨੇੜਲੇ ਰਾਹਾਂ ਗੁੰਡਾ ਪਰਚੀ ਵਸੂਲੀ ਲਈ ਕਰੀਬ ਤਿੰਨ ਚਾਰ ਨਾਕੇ ਲੱਗਦੇ ਹਨ। ਜਿੱਥੇ ਵੱਡੇ ਪੱਧਰ ’ਤੇ ਜ਼ਬਰੀ ਵਸੂਲੀ ਹੁੰਦੀ ਹੈ। ਦੱਸਣਯੋਗ ਹੈ ਕਿ ਬੀਤੀ 21 ਅਕਤੂਬਰ 2018 ਨੂੰ ਪਿਕਅੱਪ ਯੂਨੀਅਨ ਦੇ ਬੰਦਿਆਂ ਨੇ ਧੂਰੀ ਖੇਤਰ ਦੇ ਡੇਅਰੀ ਸੰਚਾਲਕ ਮੋਹਿਤ ਸ਼ਰਮਾ ਨੂੰ ਮਾਰ-ਕੁੱਟ ਕੇ ਜਖ਼ਮੀ ਕਰਕੇ ਸਰੇ ਬਾਜ਼ਾਰ 15 ਸੌ ਰੁਪਏ ਖੋਹੇ ਸਨ। ਯੂਨੀਅਨਾਂ ਦੇ ਦਬਾਅ ਸਦਕਾ ਮਹਿਤ ਸ਼ਰਮਾ ਮੌਕੇ ’ਤੇ ਰਾਜੀਨਾਮਾ ਲਿਖ ਦੇ ਗਿਆ ਸੀ। 
        ਪਿਕਅੱਪ ਯੂਨੀਅਨ ਦੇ ਦਫ਼ਤਰ ਵਿੱਚ ਮੁਨਸ਼ੀ ਸੇਮਾ ਨੇ ਆਖਿਆ ਕਿ ਯੂਨੀਅਨ ਦਾ ਪ੍ਰਧਾਨ ਗੁਰਬਾਜ ਸਿੰਘ ਬਨਵਾਲਾ ਹੈ। ਉਸਨੇ ਬਕਾਇਦਾ ਕਬੂਲਿਆ ਕਿ ਪਿਕਅੱਪ ਯੂਨੀਅਨ ਵੱਲੋਂ ਬਾਹਰੀ ਵਹੀਕਲਾਂ ਤੋਂ ਪੈਸੇ ਲਏ ਜਾਂਦੇ ਹਨ ਅਤੇ ਨਾਕੇ ਵੀ ਲਗਾਏ ਜਾਂਦੇ ਹਨ। ਉਸਨੇ ਕਿਹਾ ਕਿ ਸਾਨੂੰ ਦਫ਼ਤਰ ਦਾ ਕਿਰਾਇਆ ਪੈਂਦਾ ਹੈ। ਦਫ਼ਤਰ ਪਿਕਅੱਪ ਸੰਚਾਲਕਾਂ ਨੇ ਕਿਹਾ ਕਿ ਉਹ ਘਾਟੇ ਵਿੱਚ ਹਨ ਉਨ੍ਹਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ। ਉਨ੍ਹਾਂ ਨੂੰ ਦੋਵੇਂ ਸੂਬਿਆਂ ਦੇ ਸਰਕਾਰੀ ਨਿਰਦੇਸ਼ਾਂ ’ਤੇ ਗੱਡੀਆਂ ਵੀ ਵਗਾਰ ’ਚ ਦੇਣੀਆਂ ਪੈਂਦੀਆਂ ਹਨ। 

ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਬਾਜ ਬਨਵਾਲਾ ਨੇ ਆਖਿਆ ਕਿ ਉਸਦਾ ਪਿਕਅੱਪ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਸਦਾ ਨਾਂਅ ਗਲਤ ਵਰਤਿਆ ਜਾ ਰਿਹਾ ਹੈ। ਜੇਕਰ ਕੋਈ ਗੁੰਡਾ ਪਰਚੀ ਲੈਂਦੇ ਹਨ ਤਾਂ ਪ੍ਰਸ਼ਾਸਨ ਤੁਰੰਤ ਬੰਦ ਕਰਵਾਏ। 

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿਸੇ ਨੂੰ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਾ ਦੀ ਲੁੱਟ ਬੰਦ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ। 

No comments:

Post a Comment