-ਕਟੌਤੀ ਨਾਲ ਵੋਟ ਅੰਕੜਾ 2017 ਚੋਣਾਂ ਵੇਲੇ ਦਰਜ 156334 ਵੋਟਰਾਂ ਨਾਲੋਂ ਵੀ 881 ਘਟਿਆ
ਇਕਬਾਲ ਸਿੰਘ ਸ਼ਾਂਤ
ਲੰਬੀ: ਵੋਟਰ ਸੂਚੀ ਦੀ ਸਰਸਰੀ ਸੁਧਾਈ ਵਿਚ ਸਿਆਸੀ ਹਲਕਾ ਲੰਬੀ ਵਿੱਚੋਂ ਇੱਕੋ ਝਟਕੇ 10374 ਵੋਟਰ ਮਨਫ਼ੀ ਹੋ ਗਏ ਹਨ, ਜੋ 2022 ਦੀਆਂ ਆਮ ਚੋਣਾਂ ਦੇ ਮੁਕਾਬਲੇ 6.25 ਫ਼ੀਸਦੀ ਦੀ ਵੱਡੀ ਕਟੌਤੀ ਹੈ। ਐੱਸਆਈਆਰ ਤਹਿਤ ਪੜਤਾਲੀਆ ਕੈਂਚੀ’ ਫਿਰਨ ਮਗਰੋਂ ਹਲਕੇ ਦੀ ਵੋਟ ਗਿਣਤੀ ਖਿਸਕ ਕੇ ਮਹਿਜ਼ 155453 ’ਤੇ ਸਿਮਟ ਗਈ ਹੈ।
ਇਹ ਅੰਕੜਾ 2017 ਚੋਣਾਂ ਵੇਲੇ ਦਰਜ 156334 ਵੋਟਰਾਂ ਨਾਲੋਂ ਵੀ 881 ਘੱਟ ਹੈ। 2022 ਵਿੱਚ ਹਲਕੇ ਵਿਚ 165827 ਵੋਟਰ ਸਨ। ਸਿਆਸੀ ਮਾਹਿਰਾਂ ਮੁਤਾਬਕ ਇਸ ਕਟੌਤੀ ਨੇ ਸਾਰੇ ਪੁਰਾਣੇ ਗੁਣਾ-ਜੋੜ ਨੂੰ ਇੱਕੋ ਝਟਕੇ ਉਲਟਾ ਕੇ ਰੱਖ ਦਿੱਤਾ ਹੈ। ਹੁਣ ਜਿੱਤ-ਹਾਰ ਬੇਹੱਦ ‘ਬਰੀਕ’ ਤੇ ਫਸਵਾਂ ਹੋਣ ਦੀ ਸੰਭਾਵਨਾ ਬਣ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਤਾਜ਼ਾ ਵੋਟਰ ਸੁਧਾਈ ਸੂਚੀ ਜਾਰੀ ਕੀਤੀ ਹੈ।
ਚੋਣ ਇਤਿਹਾਸ ਮੁਤਾਬਕ 1997 ਤੋਂ 2022 ਤੱਕ 25 ਸਾਲਾਂ ਦੌਰਾਨ ਹਲਕੇ ਵਿੱਚ ਕੁੱਲ 42308 ਵੋਟਰਾਂ ਦਾ ਭਾਰੀ ਵਾਧਾ ਦਰਜ ਕੀਤਾ ਗਿਆ। 1992 ਵਿੱਚ ਇੱਥੇ 103698 ਵੋਟਰ ਸਨ, ਜੋ 1997 ‘ਚ ਵਧ ਕੇ 123519 ਅਤੇ 2002 ਵਿੱਚ 130612 ਵੋਟਰ ਹੋ ਗਏ। 2012 ’ਚ ਵੋਟਰ ਗਿਣਤੀ ਬੰਪਰ ਵਾਧੇ ਨਾਲ 139675 ਹੋ ਗਈ ਅਤੇ 2017 ਵਿੱਚ 156334 ਤੱਕ ਅੱਪੜ ਗਈ ਸੀ।
ਚੋਣ ਅੰਕੜੇ ਦੱਸਦੇ ਹਨ ਕਿ ਜਦੋਂ ਵੀ ਲੰਬੀ ਵਿੱਚ ਵੋਟਾਂ ਘਟੀਆਂ, ਮੁਕਾਬਲਾ ਹਮੇਸ਼ਾਂ ਫਸਵਾਂ ਰਿਹਾ। ਸਾਲ 2007 ਵਿੱਚ ਵੀ 5006 ਵੋਟਰ ਘਟਣ ਕਰਕੇ ਕੁੱਲ ਵੋਟਰ ਗਿਣਤੀ 125606 ਰਹਿ ਗਈ ਸੀ, ਉਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਵਿਚਕਾਰ ਜਿੱਤ ਦਾ ਅੰਤਰ ਸਿਮਟ ਕੇ 9187 ਵੋਟਾਂ ਰਹਿ ਗਿਆ ਸੀ, ਜੋ ਉਨ੍ਹਾਂ ਦੀਆਂ ਲਗਾਤਾਰ ਪੰਜ ਜਿੱਤਾਂ ਵਿੱਚੋਂ ਸਭ ਤੋਂ ਘੱਟ ਸੀ।
ਵੇਖਣ ਵਾਲੀ ਗੱਲ ਹੈ ਕਿ ਉਸ ਮਗਰੋਂ ਸਾਲ 2012 ਵਿੱਚ ਇਥੇ 14069 ਵੋਟਰਾਂ ਦਾ ਬੰਪਰ ਵਾਧਾ ਹੋ ਗਿਆ ਤੇ ਵੋਟਰ ਗਿਣਤੀ 139675 ਪੁੱਜ ਗਈ। 2012 ਵਿਚ ਤਿੰਨ ਬਾਦਲ ਭਰਾਵਾਂ ਪ੍ਰਕਾਸ਼ ਸਿੰਘ ਬਾਦਲ, ਗੁਰਦਾਸ ਸਿੰਘ ਬਾਦਲ ਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਮੁਕਾਬਲੇ ਦੌਰਾਨ ਵੱਡੇ ਬਾਦਲ ਨੇ 24739 ਵੋਟਾਂ ਨਾਲ ਸ਼ਾਨਦਾਰ ਵਾਪਸੀ ਕੀਤੀ। 2017 ’ਚ ਕੈਪਟਨ ਅਮਰਿੰਦਰ ਸਿੰਘ ਨੂੰ 22770 ਵੋਟਾਂ ਨਾਲ ਪਛਾੜ ਕੇ ਆਪਣੀ ਆਖ਼ਰੀ ਵਿਧਾਨ ਸਭਾ ਜਿੱਤ ਦਰਜ ਕੀਤੀ। 2022 ਵਿੱਚ ਵੱਡੇ ਬਾਦਲ ਬਦਲਾਅ ਦੀ ਹਨ੍ਹੇਰੀ ‘ਚ 11396 ਵੋਟਾਂ ਨਾਲ ਹਾਰ ਗਏ ਸਨ।
ਤਾਜ਼ਾ ਸੂਚੀ ਮੁਤਾਬਕ ਹੁਣ ਜਦੋਂ 10 ਹਜ਼ਾਰ ਤੋਂ ਵੱਧ ਵੋਟਰ ਮੈਦਾਨ ’ਚੋਂ ਬਾਹਰ ਹੋ ਚੁੱਕੇ ਹਨ। ਵੱਡਾ ਸੁਆਲ ਹੈ ਕਿ ਇਹ ਕਟੌਤੀ ਕਿਸ ਧਿਰ ਦੇ ਪੈਰ ਪੁੱਟੇਗੀ। ਕਿਆਸ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਖ਼ੁਦ ਇਸ ਸੀਟ ਤੋਂ ਤਾਲ ਠੋਕ ਸਕਦੇ ਹਨ, ਕਾਂਗਰਸ ਵੱਲੋਂ ਫ਼ਤਹਿ ਬਾਦਲ ਅਤੇ ਭਾਜਪਾ ਵੱਲੋਂ ਮੇਜਰ ਭੁਪਿੰਦਰ ਸਿੰਘ ਬਾਦਲ ਦੇ ਮੈਦਾਨ ਵਿੱਚ ਉੱਤਰਨ ਦੀਆਂ ਤਿਆਰੀਆਂ ਹਨ। ਦੂਜੇ ਪਾਸੇ ਸੱਤਾਧਾਰੀ ‘ਆਪ’ ਵੱਲੋਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਣ ਦੀਆਂ ਕਨਸੋਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਇਨ੍ਹਾਂ ਹਾਲਾਤਾਂ ‘ਚ ‘ਬਾਦਲ ਬਨਾਮ ਬਾਦਲ ਬਨਾਮ ਬਾਦਲ’ ਵਿਚਕਾਰ ਮੁਕਾਬਲੇ ਦੀ ਸੂਰਤ‘ਚ ਹਰੇਕ ਪਿੰਡ ਤੇ ਹਰ ਬੂਥ ਦਾ ਜੋੜ-ਤੋੜ ਆਰ-ਪਾਰ ਦੀ ਜੰਗ ਸਾਬਤ ਹੋਵੇਗਾ।
8700 ਵੋਟਾਂ ਘਰ-ਘਰ ਸਰਵੇਖਣ ’ਚ ਕੱਟੀਆਂ
ਜਾਣਕਾਰੀ ਅਨੁਸਾਰ ਲੰਬੀ ਹਲਕੇ ਵਿੱਚ 10334 ਵੋਟਾਂ ਵਿੱਚੋਂ, ‘ਏ.ਐੱਸ.ਡੀ.’ ਵਰਗ ਅਧੀਨ ਗ਼ੈਰ-ਹਾਜ਼ਰੀ, ਪਤਾ ਬਦਲਣ ਅਤੇ ਮੌਤ ਹੋਣ ਕਾਰਨ ਬੀ.ਐੱਲ.ਓਜ਼ ਵੱਲੋਂ ਘਰ-ਘਰ ਸਰਵੇਖਣ ਦੌਰਾਨ ਪਹਿਲਾਂ ਹੀ 8700 ਵੋਟਾਂ ਕੱਟ ਦਿੱਤੀਆਂ ਗਈਆਂ ਸਨ। ਬਾਕੀ ਰਹਿੰਦੀਆਂ ਵੋਟਾਂ ਵਿੱਚੋਂ ਸੁਣਵਾਈ ਮੌਕੇ ਵੋਟਰਾਂ ਦੇ ਗ਼ੈਰ-ਹਾਜ਼ਰ ਰਹਿਣ ਕਾਰਨ 1232 ਵੋਟਾਂ ਕੱਟੀਆਂ ਗਈਆਂ। ਨਾਲ ਹੀ ਕੁਝ ਦੋਹਰੀਆਂ ਵੋਟਾਂ ਵੀ ਰੱਦ ਕੀਤੇ ਜਾਣ ਦੀ ਸੂਚਨਾ ਹੈ।

No comments:
Post a Comment