-ਮੌਨਸੂਨ ਦਾ ਪਹਿਲਾ ਹੱਲਾ ਨਾ ਝੱਲ ਸਕਿਆ ਬੀਦੋਵਾਲੀ ਦਾ ਤਾਜਾ ਉਸਾਰਿਆ ਪੰਚਾਇਤੀ ਮੈਰਿਜ ਪੈਲੇਸ-
ਪਾਣੀ ਲੀਕ ਹੋਣ ਕਰਕੇ ਮੈਰਿਜ਼ ਪੈਲੇਸ ਹਾਲ ਦੀ ਸਿਲਿੰਗ ਦੋ ਥਾਵਾਂ ਤੋਂ ਡਿੱਗੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ : ਆਪਣੇ ਰਵਾਇਤੀ ਹਲਕੇ ਲੰਬੀ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਪ੍ਰਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਹਿਰਦ ਸੋਚ ਨੂੰ ਭ੍ਰਿਸ਼ਟ ਅਤੇ ਲਾਪਰਵਾਹ ਸਰਕਾਰੀ ਢਾਂਚਾ ਖੇਰੂੰ-ਖੇਰੂੰ ਕਰਨ ਵਿਚ ਰੁੱਝਿਆ ਹੋਇਆ ਹੈ। ਸਰਕਾਰੀ ਤੰਤਰ ਦੀ ਨਲਾਇਕੀ ਅਤੇ ਭ੍ਰਿਸ਼ਟ ਕਾਰਜਪ੍ਰਣਾਲੀ ਦਾ ਪ੍ਰਤੱਖ ਸਬੂਤ ਬੀਤੀ ਰਾਤ ਹਲਕੇ ਦੇ ਪਿੰਡ ਬੀਦੋਵਾਲੀ ਵਿਖੇ ਵੇਖਣ ਨੂੰ ਮਿਲਿਆ। ਜਿੱਥੇ ਕੱਲ੍ਹ ਦੇਰ ਸ਼ਾਮ ਮੌਨਸੂਨ ਦੀ ਪਹਿਲੀ ਹਲਕੀ ਜਿਹੀ ਬਰਸਾਤ ਨਾਲ ਪੰਚਾਇਤੀ ਰਾਜ ਵਿਭਾਗ ਵੱਲੋਂ 35 ਲੱਖ ਰੁਪਏ ਦੀ ਲਾਗਤ ਨਾਲ ਤਾਜ਼ਾ ਉਸਾਰੇ ਗਏ ਮੈਰਿਜ਼ ਪੈਲੇਸ ਦੀ ਛੱਤ ਲੀਕ ਹੋਣ ਕਰਕੇ ਪੈਲੇਸ ਦੇ ਹਾਲ ਦੀ ਛੱਤ 'ਤੇ ਲੱਖਾਂ ਰੁਪਏ ਦੀ ਕੀਮਤ ਨਾਲ ਕੀਤੀ ਸਿਲਿੰਗ ਦੇ ਲਗਭਗ 6-7 ਫੁੱਟ ਦੇ ਟੁਕੜੇ ਦੋ ਥਾਵਾਂ ਤੋਂ ਜ਼ਮੀਨ 'ਤੇ ਹੇਠਾਂ ਆ ਡਿੱਗੇ।
![](https://blogger.googleusercontent.com/img/b/R29vZ2xl/AVvXsEjd33ASNpj5C4ORJr5sXW8kbh2IaSnHViVBYYv4Jduwg8vRrbGipdMpE-M1YV8h55JzLbDuRDI7rbUxlf8gvo9QiMVQR068UYx0a2-_6S-gtglexIMHjuHwckppVEgo-fGFZ_aMVE98Dic/s320/14+June+Dabwali-05.jpg)
ਬਾਹਰੋਂ ਅਤੇ ਅੰਦਰੋਂ ਖੂਬ ਰੰਗ-ਰੋਗਨ ਕਰਕੇ ਲਿਸ਼ਕਾਏ ਗਏ 80 ਗੁਣਾ 60 ਫੁੱਟੇ ਹਾਲ ਦੇ ਨਿਰਮਾਣ ਕਾਰਜ ਨੂੰ ਬਹੁਲੱਖੀ ਲਾਗਤ ਦੇ ਬਾਵਜੂਦ ਸੁਚੱਜਤਾ ਨਾਲ ਕਰਨ ਦੀ ਬਜਾਏ ਬੜੀ ਲਾਪਰਵਾਹ ਅਤੇ ਕੰਮ ਚਲਾਊ ਢੰਗ ਨਾਲ ਕੀਤਾ ਗਿਆ ਹੈ ਕਿ ਜਿਸਨੂੰ ਅਨਜਾਣ ਤੋਂ ਅਨਜਾਣ ਵਿਅਕਤੀ ਵੀ ਨੁਕਸਾਂ ਉਂਗਲਾਂ 'ਤੇ ਗਿਣਵਾ ਸਕਦਾ ਹੈ। ਛੱਤ ਦੀ ਉੱਬੜ-ਖਾਬੜ, ਬੇਤਰਤੀਬੀ ਭਰਪੂਰ ਅਤੇ ਹੇਠਲੇ ਦਰਜੇ ਦੀ ਸਿਲਿੰਗ ਨਿਰਮਾਣ ਕਾਰਜ ਵਿਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਨੂੰ ਸਿੱਧੇ ਤੌਰ 'ਤੇ ਨਸ਼ਰ ਕਰਦੀ ਹੈ। ਇਸਦੇ ਇਲਾਵਾ ਮੈਰਿਜ਼ ਪੈਲੇਸ ਦੀ ਦਿੱਖ ਨੂੰ ਆਧੁਨਿਕਤਾ ਭਰਿਆ ਦਰਸ਼ਾਉਣ ਲਈ ਵੱਡੇ-ਵੱਡੇ ਹਰੇ ਸ਼ੀਸ਼ਿਆਂ ਨੂੰ ਫਿੱਟ ਕਰਨ ਇੰਨਾ ਕੰਮ-ਚਲਾਊ ਕਾਰਜ ਕੀਤਾ ਗਿਆ ਹੈ ਕਿ ਸ਼ੀਸ਼ਿਆਂ ਦੇ ਫਰੇਮ ਦੇ ਆਲੇ-ਦੁਆਲੇ ਖਾਲੀ ਦਰਜਾਂ ਨੂੰ ਭਰਨ ਦੀ ਲੋੜ ਨਹੀਂ ਸਮਝੀ ਗਈ ਅਤੇ ਉਨ੍ਹਾਂ 'ਤੇ ਰੰਗ ਕਰ ਦਿੱਤਾ ਗਿਆ। ਇਸਦੇ ਇਲਾਵਾ ਮੈਰਿਜ ਪੈਲੇਸ ਹਾਲ ਦੇ ਮੂਹਰੇ ਪੋਰਚ ਦੇ ਫਰਸ਼ 'ਤੇ ਲਾਇਆ ਮਹਿੰਗੇ ਭਾਅ ਦਾ ਪੱਥਰ ਵੀ ਟੁੱਟ ਮੁੱਢਲੇ ਤੌਰ 'ਤੇ ਹੀ ਟੁੱਟ ਚੁੱਕਿਆ ਹੈ। ਹਾਲਤ ਇਹ ਹੈ ਕਿ ਹਾਲ ਦੇ ਅਲਮੀਨੀਅਮ ਮੁੱਖ ਦਰਵਾਜੇ ਤਾਲਾ ਖਰਾਬ ਹੋਣ ਕਰਕੇ ਹੱਥੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਬੰਦ ਕੀਤਾ ਹੋਇਆ ਸੀ।
ਪਿੰਡ ਬੀਦੋਵਾਲੀ ਦੇ ਵਾਸੀ ਸੂਰਤ ਸਿੰਘ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਛੱਤ ਦੀ ਹਾਲਤ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਭੇਜੇ ਫੰਡਾਂ ਦੀ ਦੁਰਦਸ਼ਾ ਦੀ ਕਹਾਣੀ ਨੂੰ ਨਵੇਂ ਉਸਾਰੇ ਮੈਰਿਜ ਪੈਲੇਸ ਦੀ ਹਾਲਤ ਬਾਖੂਬੀ ਬਿਆਨ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ 35 ਲੱਖ ਰੁਪਏ ਨਾਲ ਉਸਾਰੇ ਮੈਰਿਜ ਪੈਲੇਸ ਦਾ ਲਗਪਗ ਸਾਰਾ ਕੰਮ ਕੰਮ ਚਲਾਊ ਅਤੇ ਘਟੀਆ ਦਰਜੇ ਦਾ ਕੀਤਾ ਗਿਆ ਹੈ ਜਿਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।
ਇਸ ਸਬੰਧ ਵਿਚ ਜਦੋਂ ਪਿੰਡ ਦੇ ਸਰਪੰਚ ਗੁਰੇਤਜ ਸਿੰਘ ਨਾਲ ਸੰਪਰਕ ਕਰਕੇ ਮੈਰਿਜ ਪੈਲੇਸ ਦੀ ਛੱਤ ਤੋਂ ਸਿਲਿੰਗ ਡਿੱਗਣ ਬਾਰੇ ਪੁੱਛਿਆ ਗਿਆ ਤਾਂ ਉਸਦਾ ਜਵਾਬ ਸੀ ਕਿ ''ਮੈਂ ਆਪਣੇ ਪਰਿਵਾਰ ਨੂੰ ਪਾਲਾਂ ਜਾਂ ਪਿੰਡ ਦੇ ਕੰਮਾਂ 'ਤੇ ਹੀ ਤੁਰਿਆ ਫਿਰਾਂ ਅਤੇ ਮੇਰੀ ਕੋਈ ਸੁਣਵਾਈ ਨਹੀਂ।''
ਨਿਰਮਾਣ ਕਾਰਜ ਦੇ ਜੇ.ਈ. ਸ੍ਰੀ ਜੱਗਾ ਨੂੰ ਸਿਫ਼ਤ ਭਰੇ ਸ਼ਬਦਾਂ ਮੈਰਿਜ ਪੈਲੇਸ ਦੇ ਉਸਾਰੀ ਕਾਰਜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪਰਸੋਂ ਹੀ ਸਰਪੰਚ ਨੂੰ ਚਾਬੀ ਸੌਂਪੀ ਹੈ। ਸਿਲਿੰਗ ਦੇ ਡਿੱਗਣ ਬਾਰੇ ਪੁੱਛੇ ਜਾਣ 'ਤੇ ਝੇਂਪਦਿਆਂ ਦੱਸਿਆ ਕਿ ਬਠਿੰਡਾ ਦੇ ਕਾਰੀਗਰਾਂ ਨੇ ਕੰਮ ਕੀਤਾ ਸੀ। ਰੋਟੀ ਖਾਣ ਦਾ ਬਹਾਨਾ ਲਾ ਕੇ ਫੋਨ ਕੱਟ ਗਏ।
ਜਦੋਂਕਿ ਜ਼ਿਲ੍ਹਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਉਕਤ ਨਵੇਂ ਉਸਾਰੇ ਮੈਰਿਜ ਪੈਲੇਸ ਦੀ ਹਾਲਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
No comments:
Post a Comment