-
ਨਿਰਾ ਅੰਧਵਿਸ਼ਵਾਸ -
ਬਚਾਅ ਲਈ ਦਲਿਤ ਤੇ
ਮੇਘਵਾਲ ਮੁਹੱਲੇ 'ਚ ਘਰਾਂ ਮੂਹਰੇ ਪਾਥੀਆਂ ਦੀ ਧੂਣੀਆਂ ਬਾਲੀਆਂ
ਇਕਬਾਲ ਸਿੰਘ
ਸ਼ਾਂਤ
ਲੰਬੀ, 8 ਜੁਲਾਈ : 'ਬੰਦੇ ਖਾਣੀ' ਨਹਿਰ
ਰਾਜਸਥਾਨ ਕੈਨਾਲ ਦੀ ਜੜ੍ਹ 'ਚ ਸਥਿਤ ਪਿੰਡ ਮਿੱਡੂਖੇੜਾ 'ਤੇ ਕੋਈ
ਕੁਦਰਤੀ ਕਰੋਪੀ 'ਓਪਰੀ ਵਾਅ' ਵਾਪਰਨ ਦੇ ਡਰੋਂ ਇੱਥੋਂ
ਦੇ ਬਾਸ਼ਿੰਦੇ ਕਾਫ਼ੀ ਖੌਫ਼ਜਦਾ ਹਨ। ਪਿੰਡ ਦੇ ਦਲਿਤ ਵਿਹੜੇ
ਅਤੇ ਮੇਘਵਾਲ ਮੁਹੱਲੇ ਵਿਚ ਲੋਕਾਂ ਵੱਲੋਂ ਆਪਣੇ ਘਰਾਂ ਮੂਹਰੇ ਪਾਥੀਆਂ ਦੀ ਧੂਣੀਆਂ ਬਾਲ ਕੇ ਅਤੇ
ਕੁੱਜੇ 'ਚ ਪਾਣੀ ਰੱਖ ਕੇ ਇਸ 'ਓਪਰੀ ਵਾਅ' ਤੋਂ ਬਚਣ ਦਾ
ਯਤਨ ਕੀਤਾ ਜਾ ਰਿਹਾ ਹੈ। ਹਾਲਾਂਕਿ ਪਿੰਡ ਦੀ
ਪੜ੍ਹੀ-ਲਿਖੀ ਅਤੇ ਸੂਝਵਾਨ ਵਸੋਂ ਇਸਨੂੰ ਮਹਿਜ਼ ਅੰਧ ਵਿਸ਼ਵਾਸ ਅਤੇ ਝੂਠੀ ਅਫ਼ਵਾਹ ਕਰਾਰ ਦੇ ਰਹੀ ਹੈ।
ਉਕਤ 'ਓਪਰੀ ਵਾਅ' ਬਾਰੇ ਸੂਚਨਾ
ਮਿਲਣ 'ਤੇ ਪਿੰਡ ਪੁੱਜੇ ਪੱਤਰਕਾਰਾਂ ਨੇ ਵੇਖਿਆ ਕਿ ਪਿੰਡ ਦੇ ਦਲਿਤ ਵਿਹੜੇ ਅਤੇ
ਮੇਘਵਾਲ ਮੁਹੱਲੇ ਵਿਚ ਲਗਪਗ ਹਰੇਕ ਘਰ ਮੂਹਰੇ ਪਾਥੀਆਂ ਦੀ ਧੂਣੀ ਵਲ ਰਹੀ ਸੀ ਜਾਂ ਫਿਰ ਲੋਕ ਧੂਣੀ
ਬਾਲ ਕੇ ਆਉਣ ਵਾਲੀ ਮੁਸੀਬਤ ਤੋਂ ਅਗਾਊਂ ਰੋਕ ਲਾਉਣ ਦੇ ਮਨਸ਼ੇ ਨਾਲ ਧੂਣੀਆਂ ਵਾਲ ਰਹੇ ਸਨ।
ਮੇਘਵਾਲ
ਮੁੱਹਲੇ ਵਿਚ ਆਪਣੇ ਘਰ ਦੀ ਦਹਿਲੀਜ 'ਤੇ ਪਾਥੀਆਂ ਦੀ ਧੂਣੀ
ਬਾਲ ਰਹੇ ਖੇਤ ਮਜ਼ਦੂਰ ਪਤੀ-ਪਤਨੀ ਜੱਗਾ ਸਿੰਘ 'ਪ੍ਰੇਮੀ' ਅਤੇ ਮਨਜੀਤ
ਕੌਰ ਨੂੰ ਜਦੋਂ ਉਕਤ ਧੂਣੀ ਦੇ ਬਾਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਤਾਂ ਖੋਤੋਂ
ਝੋਨਾ ਲਾ ਕੇ ਪਰਤੇ ਸਨ ਜਦੋਂ ਪਿੰਡ ਦੇ ਹੋਰਨਾਂ ਘਰਾਂ ਮੂਹਰੇ ਧੂਣੀ ਬਲਦੀ ਵੇਖੀ ਤਾਂ
ਉਨ੍ਹਾਂ ਨੇ ਵੀ ਆਪਣੇ ਬਚਾਅ ਲਈ ਧੂਣੀ ਵਾਲ ਦਿੱਤੀ, ਬਾਕੀ ਹੋਰ ਉਨ੍ਹਾਂ ਨੂੰ
ਕੁਝ ਨਹੀਂ ਪਤਾ। ਇਸਦੇ ਤਰ੍ਹਾਂ ਬਾਬਾ
ਰਾਮਦੇਵ ਮੰਦਰ ਦੇ ਨੇੜੇ ਰਹਿੰਦੀ 80 ਸਾਲਾ ਬਜ਼ੁਰਗ ਔਰਤ
ਮਨਭਰੀ ਨੂੰ ਧੂਣੀ ਬਾਰੇ ਪੁੱਛਣ 'ਤੇ ਕਿਹਾ ਕਿ ਕੱਲ੍ਹ
ਤੋਂ ਪਿੰਡ ਵਿਚ ਕੁਦਰਤੀ ਕਰੋਪੀ ਤੋਂ ਬਚਾਅ ਲਈ ਧੂਣੀ ਵਾਲਣ ਦੀ ਗੱਲ ਚੱਲ ਰਹੀ ਹੈ। ਜਦੋਂ ਉਸੁਨੂੰ ਧੂਣੀ ਦੇ ਮੰਤਵ ਬਾਰੇ ਪੂੱਛਿਆ ਤਾਂ ਉਸਨੇ ਕਿਹਾ ਕਿ
ਕੋਈ 20 ਕੁ ਸਾਲ ਪਹਿਲਾਂ ਪਿੰਡ ਵਿਚ ਕ੍ਰੋਪੀ ਕਰਕੇ ਧੂਣੀ ਵਾਲੀ ਗਈ
ਸੀ। ਉਸਨੇ ਦੱਸਿਆ ਪੁਰਾਣੀ ਰਵਾਇਤ ਅਨੁਸਾਰ ਘਰ ਮੂਹਰੇ ਧੂੰਆਂ ਕਰਨ ਨਾਲ 'ਓਪਰੀ ਵਾਅ' ਟਲ ਜਾਦੀ ਹੈ। ਇਸੇ ਤਰ੍ਹਾਂ ਇੱਕ ਕਰਿਆਣੇ ਦੇ ਦੁਕਾਨਦਾਰ ਓਮਪ੍ਰਕਾਸ਼ ਨੇ ਕਿਹਾ ਕਿ ਉਕਤ ਆਫਤ
ਬਾਰੇ ਗੁਰਦੁਆਰੇ ਵਾਲੇ ਬਾਬੇ ਨੇ ਸੂਚਨਾ ਦਿੱਤੀ ਸੀ।
ਪਿੰਡ ਦੇ
ਕਿਸਾਨ ਬਲਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਕੱਲ੍ਹ ਦੁਪਿਹਰ ਤੋਂ ਪਿੰਡ ਵਿਚ ਜੰਗਲ ਦੀ ਅੱਗ ਵਾਂਗ
ਇਹ ਅਫ਼ਵਾਹ ਫੈਲੀ ਹੋਈ ਹੈ। ਜਦੋਂਕਿ ਇੱਕ ਬਜ਼ੁਰਗ
ਬਚਿੱਤਰ ਸਿੰਘ ਨੇ ਕਿਹਾ ਕਿ ''ਕੁਦਰਤੀ ਆਫਤ ਦਾ ਤਾਂ ਪਤਾ ਨ੍ਹੀਂ ਚਲੋ ਧੂਣੀਆਂ ਨਾਲ ਮੱਛਰ
ਹੀ ਮਰ ਜਾਣਗੇ।'' ਇਸ ਬਾਰੇ ਪੁੱਛੇ ਜਾਣ 'ਤੇ ਪਿੰਡ ਦੇ
ਲੋਕ ਕੋਈ ਢੁੱਕਵਾਂ ਜਵਾਬ ਨਾ ਦੇ ਸਕੇ। ਪਰ ਉਕਤ 'ਓਪਰੀ ਵਾਅ' ਦੇ ਬਾਰੇ ਹੋਰ
ਘੋਖ ਕਰਨ 'ਤੇ ਪਤਾ ਲੱਗਿਆ ਕਿ ਇਹ ਕੁਦਰਤੀ ਆਫਤ ਸ਼ਨੀਵਾਰ ਰਾਤ ਨੂੰ ਨਾਜਰ ਉਰਫ਼ ਗੁੱਗੇ
ਦੀ ਦੁਕਾਨ ਕੋਲੋਂ ਸ਼ੁਰੂ ਹੋਵੇਗੀ ਅਤੇ ਪੂਰੇ ਵਿਹੜੇ ਅਤੇ ਆਲੇ-ਦੁਆਲੇ ਨੂੰ ਆਪਣੇ ਨਾਲ ਉਡਾ ਲੈ
ਜਾਵੇਗੀ। ਇਸਤੋਂ ਬਚਾਅ ਲਈ ਗੁੱਗੇ
ਨੇ ਅੱਜ ਚੌਲਾਂ ਦਾ ਭੰਡਾਰਾ ਲਾਇਆ ਹੋਇਆ ਹੈ ਅਤੇ ਗੁਰਦੁਆਰੇ ਵਿਚ ਸਹਿਜ ਪਾਠ ਵੀ ਆਰੰਭ ਕੀਤਾ ਗਿਆ
ਹੈ।
ਇਸ ਸਬੰਧ ਵਿਚ
ਜਦੋਂ ਗੁੱਗੇ ਨਾਲ ਸੰਪਰਕ ਕੀਤਾ ਤਾਂ ਉਹਨੇ ਕਿਹਾ ''ਉਹਨੂੰ ਕਿਸੇ ਵਰੋਲੇ
ਜਾਂ ਓਪਰੀ ਵਾਅ ਬਾਰੇ ਨਹੀਂ ਪਤਾ ਉਹਨੇ ਤਾਂ ਬਾਬਾ ਵਾਲਮੀਕ ਜੀ ਦੇ ਨਮਿਤ ਚੌਲਾਂ ਦਾ ਭੰਡਾਰਾ ਲਾਇਆ
ਹੈ, ਜੋ ਕਿ ਉਹ ਸਮੇਂ-ਸਮੇਂ 'ਤੇ ਲਾਉਂਦਾ ਰਹਿੰਦਾ ਹੈ। ਉਸਦੇ ਗੁਆਂਢੀ ਦੁਕਾਨਦਾਰ ਜੀਤ ਨੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਉਸਨੇ
ਸੁਣਿਆ ਹੈ ਕਿ ਬੇਗ ਰਾਜ ਦੀ ਦੁਕਾਨ ਤੋਂ ਲੈ ਕੇ ਗੁੱਗੇ ਦੀ ਦੁਕਾਨ ਤੱਕ ਕੁਦਰਤੀ ਆਫ਼ਤ ਆਉਣੀ ਹੈ
ਜਿਹਨੇ ਸਭ ਕੁਝ ਖ਼ਤਮ ਕਰ ਦੇਣਾ ਹੈ। ਪਿੰਡ ਦੇ ਲੋਕਾਂ ਮੁਤਾਬਕ
ਇਹ ਆਫ਼ਤ (ਓਪਰੀ ਵਾਅ) ਸ਼ਨੀਵਾਰ ਰਾਤ ਨੂੰ ਆਉਣੀ ਹੈ।
ਇਸ ਮਾਮਲੇ
ਵਿਚ ਇੱਕ ਪੱਖ ਇਹ ਵੀ ਸੁਣਨ ਨੂੰ ਮਿਲਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਮਿੱਡੂਖੇੜਾ ਵਿਚ ਵੱਖ-ਵੱਖ
ਚਾਰ ਮੌਤਾਂ ਹੋ ਚੁੱਕੀਆਂ ਹਨ। ਇਸਦੇ ਇਲਾਵਾ
ਅੰਧਵਿਸ਼ਵਾਸ ਤੋਂ ਪੀੜਤ ਸਮਾਜਕ ਵਰਤਾਰੇ ਦੇ ਤਹਿਤ ਇੱਕ ਪਰਿਵਾਰ ਦੇ 4 ਬੱਚਿਆਂ ਸਮੇਤ
9 ਜੀਆਂ ਨੂੰ ਕਥਿਤ ਤੌਰ 'ਤੇ ਓਪਰੀ ਵਾਅ (ਕਸਰ) ਹੋ
ਗਈ ਸੀ। ਜਿਨ੍ਹਾਂ ਨੇ ਬਠਿੰਡਾ
ਤੋਂ ਕਿਸੇ ਸਾਧ ਨੂੰ ਬੁਲਵਾ ਕੇ 10 ਹਜ਼ਾਰ ਰੁਪਏ ਪ੍ਰਤੀ ਜੀਅ
'ਓਪਰੀ ਵਾਅ' ਕਢਵਾਈ ਗਈ। ਪਿੰਡ ਦੇ ਨੰਬਰਦਾਰ ਗੁਰਪ੍ਰੀਤ ਸਿੰਘ ਕੁਲਾਰ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ
ਕਰਦਿਆਂ ਕਿਹਾ ਕਿ ਪਿੰਡ 'ਤੇ ਮਾੜਾ ਸਮਾਂ ਚੱਲ ਰਿਹਾ ਹੈ ਕੁਝ ਕੁ ਦਿਨਾਂ 'ਚ ਚਾਰ ਮੌਤਾਂ
ਹੋ ਚੁੱਕੀਆਂ ਹਨ। ਪਿੰਡ ਵਿਚ ਚਰਚਾ ਹੈ ਕਿ
ਬਾਬੇ ਦੀ ਪੀੜਤ ਪਰਿਵਾਰ ਤੋਂ ਅਜੇ ਤੱਕ 30 ਹਜ਼ਾਰ ਰੁਪਏ ਦੀ ਉਗਰਾਹੀ
ਬਕਾਇਆ ਹੈ।
ਪਿੰਡ ਦੇ
ਗੁਰਦੁਆਰੇ ਦੇ ਗੰਰਥੀ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਲ੍ਹ ਗੁਰਦੁਆਰੇ 'ਚ ਪਿੰਡ ਦੀ
ਸੁੰਖ-ਸ਼ਾਂਤੀ ਲਈ ਸਹਿਜ ਪਾਠ ਦਾ ਪ੍ਰਕਾਸ਼ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਕਿਸੇ ਕੁਦਰਤੀ ਆਫਤ ਦੀ
ਗੱਲ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਰਸੋਂ ਪਿੰਡ 'ਚ ਇੱਕ ਸਾਧ
ਆਇਆ ਸੀ ਜਿਹਦੇ ਬਾਅਦ ਲੋਕਾਂ ਨੇ ਘਰਾਂ ਮੂਹਰੇ ਧੂਣੀ ਬਾਲ ਲਈ।
ਪਿੰਡ ਦੇ ਸੂਝਵਾਨ ਵਿਅਕਤੀ ਫਲਾਵਰ ਸਿੰਘ ਨੇ ਦੱਸਿਆ ਕਿ 21ਵੀਂ ਸਦੀ 'ਚ ਵੀ ਲੋਕਾਂ ਦੀ ਸੋਚ 18ਵੀਂ ਸਦੀ ਤੋਂ ਅਗਾਂਹ ਨਹੀਂ ਲੰਘੀ। ਉਨ੍ਹਾਂ ਧੂਣੀ ਬਾਲਣ ਅਤੇ ਕਿਸੇ ਕੁਦਰਤੀ ਆਫ਼ਤ ਦੀ ਗੱਲ ਨੂੰ ਬੇਤੁੱਕਾ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਵਿਗਿਆਨਕ ਯੁੱਗ ਵਿਚ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਨੂੰ ਬਚਣਾ ਚਾਹੀਦਾ ਹੈ।
ਪਿੰਡ ਦੇ ਸੂਝਵਾਨ ਵਿਅਕਤੀ ਫਲਾਵਰ ਸਿੰਘ ਨੇ ਦੱਸਿਆ ਕਿ 21ਵੀਂ ਸਦੀ 'ਚ ਵੀ ਲੋਕਾਂ ਦੀ ਸੋਚ 18ਵੀਂ ਸਦੀ ਤੋਂ ਅਗਾਂਹ ਨਹੀਂ ਲੰਘੀ। ਉਨ੍ਹਾਂ ਧੂਣੀ ਬਾਲਣ ਅਤੇ ਕਿਸੇ ਕੁਦਰਤੀ ਆਫ਼ਤ ਦੀ ਗੱਲ ਨੂੰ ਬੇਤੁੱਕਾ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਵਿਗਿਆਨਕ ਯੁੱਗ ਵਿਚ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਨੂੰ ਬਚਣਾ ਚਾਹੀਦਾ ਹੈ।
No comments:
Post a Comment