02 July 2015

ਪੋਸਤ ਠੇਕਿਆਂ ਬਾਰੇ ਜ਼ਮੀਨੀ ਪੱਧਰ 'ਤੇ ਨਹੀਂ ਜਾਪਦਾ ਰਾਜਸਥਾਨ ਹਾਈਕੋਰਟ ਦੇ ਫੈਸਲੇ ਦਾ ਅਸਰ

-ਰਾਜਸਥਾਨੀ ਪੋਸਤ ਠੇਕਿਆਂ 'ਤੇ ਪੋਸਤ ਵਿਕਣ ਦਾ ਸਿਲਸਿਲਾ ਜਾਰੀ

-ਰਾਜਸਥਾਨ ਦੇ ਪ੍ਰਸ਼ਾਸਨਿਕ ਅਧਿਕਾਰੀ ਅਦਾਲਤੀ ਫੈਸਲੇ ਤੋਂ ਅਨਜਾਣ

-ਰਾਜਸਥਾਨੀ ਪੋਸਤ ਠੇਕੇ ਬੰਦ ਹੋਣ ਦੇ ਹਾਲਤਾਂ 'ਚ ਪੰਜਾਬ ਦੇ ਪੋਸਤੀਆਂ 'ਚ ਤ੍ਰਾਹੀ ਮੱਚਣ ਦੇ ਆਸਾਰ

- ਪੋਸਤੀਆਂ ਦੇ ਇਲਾਜ ਬਾਰੇ ਪੰਜਾਬ ਸਿਹਤ ਵਿਭਾਗ ਕੱਖੋਂ ਹੌਲਾ-ਸਿਰਫ਼ 30 ਮਨੋਰੋਗ ਡਾਕਟਰ

                                                
                                                ਇਕਬਾਲ ਸਿੰਘ ਸ਼ਾਂਤ
ਲੰਬੀ : ਪੰਜਾਬੀਆਂ ਦੀਆਂ ਜੜਾਂ 'ਚ ਖੁੱਭੀ ਰਾਜਸਥਾਨੀ ਪੋਸਤ ਅਜੇ ਕਿਧਰੇ ਸੌਖੀ ਨਿੱਕਲਦੀ ਨਹੀਂ ਜਾਪਦੀ। ਪੰਜਾਬੀਆਂ ਦੀ ਬਰਬਾਦੀ 'ਚ ਅਹਿਮ ਭੂਮਿਕਾ ਨਿਭਾਉਂਦੇ ਰਾਜਸਥਾਨ ਵਿਚਲੇ ਪੋਸਤ ਦੇ ਠੇਕਿਆਂ ਨੂੰ ਫੌਰੀ ਤੌਰ 'ਤੇ ਬੰਦ ਕਰਨ ਬਾਰੇ ਰਾਜਸਥਾਨ ਹਾਈਕੋਰਟ (ਜੈਪੁਰ) ਦੇ ਫੈਸਲੇ ਦਾ ਜ਼ਮੀਨੀ ਪੱਧਰ 'ਤੇ ਅਜੇ ਕੋਈ ਅਸਰ ਨਹੀਂ ਜਾਪਦਾ। ਪੰਜਾਬ ਨੇੜਲੇ ਰਾਜਸਥਾਨੀ ਪਿੰਡ ਹਰੀਪੁਰਾ ਦੇ ਪੋਸਤ ਠੇਕੇ 'ਤੇ ਅੱਜ ਵੀ ਪੋਸਤੀਆਂ ਦੀਆਂ ਰੌਣਕ ਲੱਗੀਆਂ ਰਹੀਆਂ। ਉਥੇ ਰਾਜਸਥਾਨ ਦੇ ਇਕਸਾਇਜ਼ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਈਕੋਰਟ ਦੇ ਫੈਸਲੇ ਤੋਂ ਅਨਜਾਣਤਾ ਜਾਹਰ ਕਰ ਰਹੇ ਹਨ। 

 
        ਰਾਜਸਥਾਨ ਹਾਈਕੋਰਟ ਦੇ ਫੈਸਲੇ ਬਾਰੇ ਅਖ਼ਬਾਰੀ ਰਿਪੋਰਟਾਂ ਉਪਰੰਤ ਪੋਸਤ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲੇ ਪੰਜਾਬ ਦੇ ਪੋਸਤੀਆਂ ਦੇ ਸਾਂਹ ਨਿਕਲਣ ਨੂੰ ਹੋਏ ਪਏ ਹਏ, ਉਥੇ ਪੰਜਾਬ 'ਚ ਸਿੱਧੇ-ਅਸਿੱਧੇ ਢੰਗ ਨਾਲ ਪੋਸਤ ਤਸਕਰੀ ਜਰੀਏ ਰੋਜ਼ਾਨਾ ਮੋਟੀ ਕਮਾਈ ਕਰਨ ਵਾਲੇ ਸਫ਼ੈਦਪੋਸ਼ਾਂ, ਬੱਸ ਸੰਚਾਲਕਾਂ ਅਤੇ ਖਾਕੀ ਅਮਲੇ ਦੀ ਹਾਲਤ ਪੋਸਤੀਆਂ ਤੋਂ ਸੱਖਣੀ ਨਹੀਂ ਹੈ। ਪਤਾ ਲੱਗਿਆ ਹੈ ਕਿ ਪੋਸਤ ਦੀ ਕਮਾਈ ਖਾਣ ਵਾਲੇ ਵੱਡੇ-ਵੱਡੇ ਸਫ਼ੈਦਪੋਸ਼ਾਂ ਦੇ ਤਾਂ ਸੱਥਰ ਵਿਛਣ ਦੇ ਹਾਲਾਤ ਬਣ ਗਏ ਹਨ। 
              ਸੂਤਰਾਂ ਅਨੁਸਾਰ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਅੱਜ ਦਿਨ ਭਰ ਰਾਜਸਥਾਨੀ ਪਿੰਡ ਹਰੀਪੁਰਾ ਦੀ ਜੂਹ ਅੰਦਰਲੇ ਪੋਸਤ ਠੇਕੇ ਤੋਂ ਪੋਸਤ ਪਹਿਲਾਂ ਵਾਂਗ ਵਿਕਦੀ ਰਹੀ। ਅਦਾਲਤੀ ਫੈਸਲੇ ਦਾ ਰੌਲਾ ਪੈਣ 'ਤੇ ਅਗਾਮੀ ਦਿਨ ਬਹੁਤੇ ਚੰਗੇ ਨਾ ਹੋਣ ਦੇ ਖਦਸ਼ੇ ਤਹਿਤ ਅੱਜ ਸਵੇਰੇ ਹੀ ਪੋਸਤੀਆਂ ਨੇ ਆਪਣਾ ਸਟਾਕ ਰੱਖਣ ਦੇ ਮੰਤਵ ਨਾਲ ਅੱਜ ਹਰੀਪੁਰਾ ਅਤੇ ਆਪੋ-ਆਪਣੀ ਸਹੂਲਤ ਮੁਤਾਬਕ ਨੇੜਲੇ ਪੋਸਤ ਠੇਕਿਆਂ ਵੱਲ ਵਹੀਰਾਂ ਘੱਤ ਦਿੱਤੀਆਂ। ਰਾਜਸਥਾਨ ਤੋਂ ਪੰਜਾਬ ਖੇਤਰ 'ਚ ਅੱਜ ਵੀ ਆਮ ਵਾਗ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਪੋਸਤ ਆਉਂਦੀ ਰਹੀ। ਹਰੀਪੁਰਾ ਪੋਸਤ ਠੇਕੇ 'ਤੇ ਅੱਜ ਪੋਸਤੀ ਆਪਸ 'ਚ ਹਾਈਕੋਰਟ ਦੇ ਫੈਸਲੇ 'ਤੇ 2 ਦਿਨਾਂ ਲਈ ਰੋਕ ਲੱਗਣ ਦੀ ਗੱਲ ਆਖ ਕੇ ਆਉਣ ਵਾਲੇ ਮਾੜੇ ਦਿਨਾਂ ਦਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਰਾਜਸਥਾਨ ਦੇ ਸਰਕਾਰੀ ਸੂਤਰਾਂ ਅਨੁਸਾਰ ਇੱਕਲੇ ਹਨੂੰਮਾਨਗੜ੍ਹ ਜ਼ਿਲ੍ਹੇ 'ਚ ਪੋਸਤ ਦੇ 25  ਠੇਕੇ ਹਨ। ਜਦੋਂਕਿ ਪੂਰੇ ਰਾਜਸਥਾਨ 'ਚ 22 ਹਜ਼ਾਰ ਲਾਇਸੰਸ ਧਾਰਕ ਨਸ਼ੇੜੀ ਹਨ। ਪੋਸਤ ਠੇਕਿਆਂ ਤੋਂ ਲਾਇਸੰਸ ਧਾਰਕ ਨਸ਼ੇੜੀਆਂ ਨੂੰ ਕਰੀਬ 6 ਸੌ ਰੁਪਏ ਪ੍ਰਤੀ ਕਿੱਲੋ ਪੋਸਤ ਮਿਲਦੀ ਹੈ। ਜਦੋਂਕਿ ਨਸ਼ੇ ਦੀ ਦਲਦਲ 'ਚ ਗੜੁੱਚ ਪੰਜਾਬ ਦੇ ਪੋਸਤੀ ਉਸੇ ਪੋਸਤ ਨੂੰ ਠੇਕਿਆਂ ਤੋਂ ਦੋ ਹਜ਼ਾਰ ਰੁਪਏ ਪ੍ਰਤੀ ਕਿਲੋ ਖਰੀਦ ਦੇ ਲਿਆਉਂਦੇ ਹਨ। ਉੱਪਰੋਂ ਅਕਾਲੀ ਆਗੂਆਂ ਦੀਆਂ ਬੱਸਾਂ 'ਚ 50 ਰੁਪਏ ਪ੍ਰਤੀ ਪੈਕਟ 'ਖਾਕੀ ਟੈਕਸ' ਅਤੇ ਬੱਸ ਟਿਕਟ ਵੀ ਆਮ ਨਾਲੋਂ ਮਹਿੰਗੇ ਭਾਅ ਕਟਵਾਉਣ ਪੈਂਦੀ ਹੈ। ਇਸ ਫੈਸਲੇ ਤੋਂ ਪੋਸਤੀਆਂ ਦੇ ਪਰਿਵਾਰਕ ਮੈਂਬਰ ਕਾਫ਼ੀ ਖੁਸ਼ ਹਨ ਪਰੰਤੂ ਉਨ੍ਹਾਂ ਨੂੰ ਇਸ ਫੈਸਲੇ ਦੇ ਜ਼ਮੀਨੀ ਪੱੱਧਰ 'ਤੇ ਲਾਗੂ ਹੋਣ ਬਾਰੇ ਸ਼ੰਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਪਿੱਛੇ ਜਿਹੇ ਪੋਸਤ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਪੋਸਤ ਦੇ ਅਮਲ ਮੂਹਰੇ ਮੋਦੀ ਦੇ ਹੁਕਮ ਫਿੱਕੇ ਪੈ ਗਏ ਸਨ।
           ਪੋਸਤ ਠੇਕਿਆਂ ਸਬੰਧੀ ਅਦਾਲਤੀ ਫੈਸਲੇ ਰਾਜਸਥਾਨ ਇਕਸਾਇਜ਼ ਵਿਭਾਗ (ਬੀਕਾਨੇਰ) ਦੇ ਅਡੀਸ਼ਨਲ ਕਮਿਸ਼ਨਰ ਸ੍ਰੀ ਪੀ.ਸੀ ਮਾਰਵਾਹ ਨੇ ਆਖਿਆ ਕਿ ਉਨ੍ਹਾਂ ਨੂੰ ਅਦਾਲਤੀ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂਕਿ ਰਾਜਸਥਾਨ ਦੇ ਇਕਸਾਇਜ਼ ਮੰਤਰੀ -ਕਮ-ਮੁੱਖ ਮੰਤਰੀ ਵਿਜਿਆ ਰਾਜੇ ਸਿੰਧਿਆ ਦੇ ਦਫ਼ਤਰ 'ਤੇ ਫੋਨ 'ਤੇ ਘੰਟੀ ਜਾਂਦੀ ਰਹੀ ਪਰ ਕਿਸੇ ਨੇ ਫੋਨ ਰਸੀਵ ਨਹੀਂ ਕੀਤਾ। 
             ਜਨਹਿੱਤ ਪਟੀਸ਼ਨ 'ਤੇ ਆਏ ਅਹਿਮ ਅਦਾਲਤੀ ਫੈਸਲੇ ਮੁਤਾਬਕ ਰਾਜਸਥਾਨ ਦੇ ਪੋਸਤੀਆਂ ਨੂੰ 31 ਮਾਰਚ 2106 ਤੱਕ ਸ਼ਰਤਾਂ ਤਹਿਤ ਡਾਕਟਰਾਂ ਦੀ ਨਿਗਰਾਨੀ ਹੇਠਾਂ ਮਿੱਥੀ ਮਾਤਰਾ 'ਚ ਪੋਸਤ ਦੇਣ ਦੀ ਵਿਵਸਥਾ ਕੀਤੀ ਗਈ ਹੈ, ਪਰੰਤੂ ਹਾਈਕੋਟਰ ਦੇ ਫੈਸਲੇ ਅਨੁਸਾਰ ਰਾਜਸਥਾਨੀ ਪੋਸਤ ਠੇਕੇ ਬੰਦ ਹੋਣ ਦੇ ਹਾਲਾਤਾਂ 'ਚ ਪੰਜਾਬ ਦੇ ਪੋਸਤੀਆਂ 'ਚ ਤ੍ਰਾਹੀ-ਤ੍ਰਾਹੀ ਮੱਚਣ ਵਾਲੀ ਹੈ। ਜਿਸਨੂੰ ਸਾਂਭਣ 'ਚ ਪੰਜਾਬ ਸਰਕਾਰ ਪਹਿਲਾਂ ਲਗਪਗ ਬੇਵੱਸ ਜਾਪਦੀ ਹੈ। ਪੰਜਾਬ ਦੇ ਸਿਹਤ ਵਿਭਾਗ ਕੋਲ ਮਨੋਰਗਾਂ ਦੇ ਮਾਹਰ ਲਗਭਗ 30 ਡਾਕਟਰ ਹੀ ਹਨ ਜਿਨ੍ਹਾਂ ਸਹਾਰੇ ਹਜ਼ਾਰਾਂ ਪੋਸਤੀਆਂ ਦੀ ਬੇੜੀ ਨੂੰ ਬੰਨ੍ਹੇ ਲਗਾਉਣਾ ਸੌਖਾ ਨਹੀਂ ਜਾਪਦਾ। ਪਿਛਲੇ ਵਰ੍ਹੇ 2014 'ਚ ਨਸ਼ਿਆਂ ਦਾ ਮਾਮਲਾ ਭਖਣ 'ਤੇ ਰਾਜਸਥਾਨ 'ਚ ਵਕਤੀ ਸਖ਼ਤ ਦੌਰਾਨ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਸਨ। ਜਿਨ੍ਹਾਂ ਨੂੰ ਕਾਫ਼ੀ ਹੁੰਗਾਰਾ ਵੀ ਮਿਲਿਆ ਸੀ ਪਰ ਡਾਕਟਰਾਂ ਅਤੇ ਲੋੜੀਂਦੇ ਸਟਾਫ਼ ਦੀ ਘਾਟ ਕਰਕੇ ਸਰਕਾਰੀ ਮੁਹਿੰਮ ਅਸਲ ਟੀਚੇ ਤੋਂ ਪਛਾਂਹ ਰਹਿ ਗਈ ਸੀ। ਉਦੋਂ ਇਕੱਲੇ ਸਿਵਲ ਹਸਪਤਾਲ ਬਾਦਲ ਦੇ ਨਸ਼ਾ ਮੁਕਤੀ ਕੇਂਦਰ 'ਚ ਇਲਾਜ ਵਾਸਤੇ ਰੋਜ਼ਾਨਾ 500 ਪੋਸਤੀ ਇਲਾਜ ਲਈ ਪੁੱਜਦੇ ਸਨ। ਜਿਨ੍ਹਾਂ ਦੇ ਇਲਾਜ ਲਈ ਸਿਰਫ਼ ਇੱਕ ਡਾਕਟਰ ਤਾਇਨਾਤ ਹੁੰਦਾ ਸੀ। ਉਦੋਂ 13 ਅਗਸਤ 2014 ਨੂੰ ਪੋਸਤੀਆਂ ਨੇ ਪੱਖਪਾਤੀ ਇਲਾਜ ਦੇ ਦੋਸ਼ਾਂ ਤਹਿਤ ਸਿਵਲ ਹਸਪਤਾਲ ਬਾਦਲ ਦੇ ਮੂਹਰੇ ਧਰਨਾ ਲਗਾਇਆ ਸੀ। ਪੰਜਾਬ ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਵਰ੍ਹਾ ਪੋਸਤੀਆਂ ਦਾ ਇਲਾਜ ਨਵਾਂ ਤਜ਼ਰਬਾ ਸੀ ਪਰ ਸਰਕਾਰ ਵੱਲੋਂ  ਐਤਕੀਂ ਢੁੱਕਵੇਂ ਪ੍ਰਬੰਧ ਹੋ ਜਾਣ ਤਾਂ ਨਤੀਜੇ ਸਾਰਥਿਕ ਨਿੱਕਲ ਸਕਦੇ ਹਨ। ਇਸ ਸਬੰਧੀ ਪੱਖ ਜਾਣਨ ਲਈ ਪੰਜਾਬ ਦੇ ਸਿਹਤ ਸੁਰਜੀਤ ਕੁਮਾਰ ਦੇ ਦੋਵੇਂ ਮੋਬਾਇਲ ਨੰਬਰ ਬੰਦ ਆਉਂਦੇ ਰਹੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਦੀ ਕੋਸ਼ਿਸ਼ 'ਤੇ ਉਨ੍ਹਾਂ ਦੇ ਓ.ਐਸ.ਡੀ. ਬਲਕਰਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮੀਟਿੰਗ 'ਚ ਰੁੱਝੇ ਹੋਏ ਹਨ। 

No comments:

Post a Comment