* ਪੁਲਸੀਆ ਡਾਂਗਾਂ ਦੇ ਭੁੱਜੇ ਜਖ਼ਮੀ 4 ਸੁਵਿਧਾ ਕਾਮਿਆਂ ਦੇ ਬਿਨ੍ਹਾਂ ਫੀਸ ਐਕਸਰੇ ਅਤੇ ਟੈਸਟਾਂ ਤੋਂ ਕੋਰੀ ਨਾਂਹ
* ਜਖ਼ਮੀਆਂ ਦੇ ਸਿਰਾਂ ਤੇ ਛਾਤੀ ’ਤੇ ਹਨ ਸੱਟਾਂ
* ਸੁਵਿਧਾ ਕਰਮਚਾਰੀਆਂ ਨੂੰ ਨਹੀਂ ਦਿੱਤੀ ਢੁੱਕਵੀਂ ਸਿਹਤ ਸੇਵਾ
ਇਕਬਾਲ ਸਿੰਘ ਸ਼ਾਂਤ
ਲੰਬੀ: ਡਾਕਟਰੀ ਪੇਸ਼ੇ ਦੀਆਂ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕਰਕੇ ਲੰਬੀ ਦਾ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ‘ਕਸਾਈਪੁਣੇ’ ’ਤੇ ਉੱਤਰ ਆਇਆ ਹੈ। ਕੱਲ੍ਹ ਪੁਲਸੀਆ ਡਾਂਗਾਂ ਦਾ ਭੋਜਣ ਬਣੇ ਸੁਵਿਧਾ ਕਰਮਚਾਰੀਆਂ ਦੇ ਭੁੱਜੇ ਪਿੰਡੇ ’ਤੇ ਮੱਲ੍ਹਮ ਲਾਉਣ ਦੀ ਜਗ੍ਹਾ ਸਿਹਤ ਕੇਂਦਰ ਦੇ ਅਮਲੇ ਨੇ ਬਿਨ੍ਹਾਂ ਸਰਕਾਰੀ ਫੀਸ ਦੇ ਐਕਸਰੇ ਅਤੇ ਟੈਸਟ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਕੱਲ੍ਹ ਰਾਤ ਤੋਂ ਜ਼ੇਰੇ ਇਲਾਜ 4 ਗੰਭੀਰ ਜਖ਼ਮੀ ਸੁਵਿਧਾ ਕਰਮਚਾਰੀਆਂ ਨੂੰ ਕੋਈ ਢੁੱਕਵੀਂ ਸਿਹਤ ਸੇਵਾ ਨਹੀਂ ਦਿੱਤੀ ਗਈ। ਸੁਵਿਧਾ ਕਾਮਿਆਂ ਦੇ ਬਟੂਏ ਬਾਦਲ ਪਿੰਡ ’ਚ ਲਾਠੀਚਾਰਜ਼ ਦੌਰਾਨ ਭੱਜ-ਦੌੜ ’ਚ ਡਿੱਗ ਪਏ ਸਨ। ਬਲਵਿੰਦਰ ਸਿੰਘ ਮੋਗਾ ਦੇ ਸਿਰ ਅਤੇ ਲੱਤਾਂ ’ਤੇ ਗੰਭੀਰ ਜਖ਼ਮ ਹਨ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਮੋਗਾ ਦੀ ਛਾਤੀ, ਬਾਂਹ ਅਤੇ ਪਿੱਠ ’ਤੇ ਕਾਫ਼ੀ ਸੱਟਾਂ ਹਨ। ਸੁਖਮੰਦਰ ਮੋਗਾ ਅਤੇ ਰਾਕੇਸ਼ ਮੁਕਤਸਰ ਦੇ ਵੀ ਸਰੀਰਾਂ ’ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਹਨ। ਜਿਨ੍ਹਾਂ ਦੇ ਇਲਾਜ ਲਈ ਐਕਸਰੇ ਦੀ ਜ਼ਰੂਰਤ ਹੈ।
![](https://blogger.googleusercontent.com/img/b/R29vZ2xl/AVvXsEhmqWc9Q3JUlru-f-s7BLcTFouhiFVCI4n-4h0RvoE_XWy-vdtlnM9aBBI9auoXheR_Qd-vtxo89yYthKDBhdeVbhkgQdw0tKykRLqmPm0CdjRfSt4q5NVhF8DWydkzFWG-29hxCf5s1Rc/s400/15+October+Dabwali-01.jpg)
ਜਸਪ੍ਰੀਤ ਨੇ ਕਿਹਾ ਕਿ ਸਿਹਤ ਕੇਂਦਰ ਲੰਬੀ ’ਚ ਇਲਾਜ ਨਾ ਹੋਣ ਕਜਕੇ ਕੁਝ ਸੁਵਿਧਾ ਕਰਮਚਾਰੀ ਤਾਂ ਆਪਣੇ ਇਲਾਜ ਲਈ ਨਿੱਜੀ ਹਸਪਤਾਲ ਦਾ ਰੁੱਖ ਕਰ ਗਏ। ਯੂਨੀਅਨ ਦੀ ਲੀਡਰਸ਼ਿਪ ਨੇ ਕਿਹਾ ਕਿ ਸਿਹਤ ਕੇਂਦਰ ਲੰਬੀ ’ਚ ਦਾਖਲ 4 ਸੁਵਿਧਾ ਕਰਮਚਾਰੀਆਂ ਦੀ ਡਾਕਟਰਾਂ ਵੱਲੋਂ ਕੋਈ ਵੀ ਦੇਖ-ਰੇਖ ਨਹੀਂ ਕੀਤੀ ਜਾ ਰਹੀ। ਉਹ ਮੁਲਾਜ਼ਮ ਦਰਦ ਨਾਲ ਕੁਰਲਾ ਰਹੇ ਹਨ ਪਰ ਉਨ੍ਹਾਂ ਦੀਆਂ ਡਾਕਟਰ ਵੀ ਆਪਣਾ ਫਰਜ਼ ਭੁੱਲ ਕੇ ਪੰਜਾਬ ਸਰਕਾਰ ਦੀ ਤਾਨਾਸ਼ਾਹੀ ਰਾਜ ਦੇ ਸ਼ਿਕਾਰ ਹੋ ਗਏ ਹਨ। ਯੂਨੀਅਨ ਆਗੂਆਂ ਅਨੁਸਾਰ ਲਾਠੀਚਾਰਜ਼ ਉਪਰੰਤ ਪ੍ਰਵੀਨ ਕੁਮਾਰ ਅਤੇ ਅਭਿਸ਼ੇਕ ਅਰੋੜਾ ਵਗੈਰਾ ਲਾਪਤਾ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸ਼ਨ ਸੁਵਿਧਾ ਮੁਲਾਜ਼ਮਾਂ ’ਤੇ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਧੱਕੇ ਨਾਲ ਚੁੱਕ ਕੇ ਅਣਪਛਾਤੀ ਜਗਾ ’ਤੇ ਲੈ ਕੇ ਜਾ ਰਹੀ ਹੈ। ਜਨਰਲ ਸਕੱਤਰ ਸੱਤਪਾਲ ਸਿੰਘ ਨੇ ਕਿਹਾ ਕਿ ਸੁਵਿਧਾ ਕਰਮੀਆਂ ਵਿੱਚ ਪੰਜਾਬ ਸਰਕਾਰ ਇਸ ਵਤੀਰੇ ਕਾਰਣ ਸੁਵਿਧਾ ਮੁਲਾਜ਼ਮਾਂ ਵਿੱਚ ਰੋਸ਼ ਵਧਦਾ ਜਾ ਰਿਹਾ ਹੈ। ਸੁਵਿਧਾ ਮੁਲਾਜ਼ਮ ਇਨ੍ਹਾਂ ਡਾਗਾਂ ਸੋਟਿਆਂ ਦੀ ਕੋਈ ਪ੍ਰਵਾਹ ਨਹੀਂ ਕਰਨਗੇ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਜਾਰੀ ਰਖੱਣਗੇ। ਇਹ ਧਰਨਾ ਹੁਣ ਲੰਬੀ ਹਲਕੇ ਦੇ ਅਧੀਨ ਪੈਂਦੇ ਪਿੰਡ ਰਾਏ ਕਲਾ ਵਿਖੇ ਜਾਰੀ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੂਤਰਾਂ ਅਨੁਸਾਰ ਪੁਲੀਸ ਨੇ ਕੱਲ੍ਹ 95 ਅੌਰਤ ਸੁਵਿਧਾਂ ਕਰਮਚਾਰੀਆਂ ਨੂੰ ਛੱਡ ਦਿੱਤਾ ਸੀ। ਕੱਲ੍ਹ ਲਾਠੀਚਾਰਜ਼ ਉਪਰੰਤ ਪੁਰਸ਼ ਅਤੇ ਅੌਰਤ ਸੁਵਿਧਾ ਕਰਮਚਾਰੀਆਂ ਦੀ ਭਾਲ ’ਚ ਵੱਡੀ ਗਿਣਤੀ ਪਰੇਸ਼ਾਨ ਮਾਪੇ ਇੱਧਰ-ਉੱਧਰ ਭਟਕਦੇ ਰਹੇ।
ਪੜਤਾਲ ਕਰਵਾ ਕੇ ਕਾਰਵਾਈ ਕਰਾਂਗੇ : ਜਿਆਣੀ
ਸਿਹਤ ਕੇਂਦਰ ਲੰਬੀ ’ਚ ਜਖ਼ਮੀ ਸੁਵਿਧਾ ਕਾਮਿਆਂ ਦੇ ਇਲਾਜ ਵਿੱਚ ਊਣਤਾਈ ਬਾਰੇ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਸੁਵਿਧਾ ਕਰਮਚਾਰੀ ਝੂਠ ਬੋਲਦੇ ਹਨ, ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੇਵਾਵਾਂ ਸਭ ਤੋਂ ਵਧੀਆ ਹਨ। ਫਿਰ ਵੀ ਉਹ ਸ਼ਿਕਾਇਤ ਆਉਣ ’ਤੇ ਪੜਤਾਲ ਕਰਵਾ ਕੇ ਕਾਰਵਾਈ ਕਰਾਂਗੇ। ਇਸੇ ਦੌਰਾਨ ਐਸ.ਐਮ.ਓ. ਡਾ. ਰੀਟਾ ਗੁਪਤਾ ਨੇ ਕਿਹਾ ਕਿ ਸਿਰਫ਼ ਐਕਸੀਡੈਂਟ ਕੇਸ ’ਚ ਐਕਸਰੇ ਦੀ ਫੀਸ ਨਹੀਂ ਲਈ ਜਾਂਦੀ ਪਰ ਐਮ.ਐਲ.ਸੀ. ਮਾਮਲਿਆਂ ’ਚ ਐਕਸਰੇ ਫੀਸ ਲਈ ਜਾਂਦੀ ਹੈ। ਉਨ੍ਹਾਂ ਇਲਾਜ ’ਚ ਅਣਗਹਿਲੀ ਦੇ ਦੋਸ਼ਾਂ ਨੂੰ ਖਾਰਜ ਕੀਤਾ। 98148-26100 / 93178-26100