* ਉਮੀਦਵਾਰਾਂ ਵੱਲੋਂ ਪ੍ਰਚਾਰ ਸਮੱਗਰੀ ਨਾਲ ਵੰਡੇ ਜਾ ਰਹੇ ਲੱਡੂ, ਗੁਲਾਬ ਜਾਮੁਨਾਂ, ਠੰਡਾ, ਸੰਤਰੇ, ਗਰਮ ਪਕੌੜੇ ਅਤੇ ਜਲੇਬੀਆਂ
* ਚੀਮਾ ਮੰਡੀ ਵਿੱਚ ਵਿਆਹ ਵਾਲਾ ਮਾਹੌਲ
* ਜਨ ਪ੍ਰਤਿਨਿਧੀ ਐਕਟ ਦੀ ਖੁੱਲ੍ਹੇਆਮ ਉਲੰਘਣਾ,
* ਜ਼ਿਲ੍ਹਾ ਸੰਗਰੂਰ ਦੇ ਚੋਣ ਅਮਲੇ ਨੂੰ ਲਿਖਤੀ ਸ਼ਿਕਾਇਤ ਦੀ ਉਡੀਕ
ਇਕਬਾਲ ਸਿੰਘ ਸ਼ਾਂਤ
ਸੰਗਰੂਰ: ਜ਼ਿਲ੍ਹੇ ਦੇ ਕਸਬੇ ਚੀਮਾ ਮੰਡੀ ’ਚ ਵੋਟਰਾਂ ਲਈ ਵਿਆਹ ਵਾਲਾ ਮਾਹੌਲ ਹੈ। ਨਗਰ ਪੰਚਾਇਤ ਚੋਣਾਂ ਵਿੱਚ ਬਹੁਗਿਣਤੀ ਉਮੀਦਵਾਰ ਪ੍ਰਚਾਰ ਸਮੱਗਰੀ ਦੇ ਨਾਲ ਬਰਫ਼ੀ, ਲੱਡੂ-ਗੁਲਾਬ ਜਾਮੁਨ ਦੇ ਡੱਬੇ, ਕੋਲਡ ਡਰਿੰਕ ਅਤੇ ਸ਼ਰਾਬ ਵੋਟਰਾਂ ਦੇ ਘਰਾਂ ਵਿੱਚ ਵੰਡੇ ਰਹੇ ਹਨ। ਕਸਬੇ ਦੇ ਲੋਕਾਂ ਨੂੰ ਖਾਣ-ਪੀਣ ਦੀਆਂ ਮੌਜਾਂ ਲੱਗੀਆਂ ਹਨ। ਭਾਂਤ-ਭਾਂਤ ਦਾ ਮੁਫ਼ਤ ਵਾਲਾ ਸਮਾਨ ਖਾਣ ਕਰਕੇ ਕਈ ਵੋਟਰਾਂ ਦੇ ਢਿੱਡਾਂ ਦੀ ਹਾਲਤ ਵਿਗੜੀ ਹੋਈ ਹੈ।
ਕੋਈ ਆਪਣੇ ਵਿਰੋਧੀ ਉਮੀਦਵਾਰ ਨਾਲੋਂ ਵੱਧ ਵੋਟਰਾ ਨੂੰ ਭਰਮਾਉਣ ਲਈ ਉਸ ਦੂਜੇ ਨਾਲੋਂ ਵਿਸ਼ੇਸ਼ ਅਤੇ ਵੱਖਰੀ ਚੀਜ਼ ਭੇਜਣ ਨੂੰ ਤਰਜੀਹ ਦਿੰਦਾ ਹੈ। ਕਸਬੇ ਦੇ 13 ਵਾਰਡਾਂ ਵਿੱਚੋਂ 3, 5 ਅਤੇ 7 ਵਾਰਡ ਵਿੱਚ ਸਰਬਸਮੰਤੀ ਨਾਲ ਉਮੀਦਵਾਰ ਚੁਣੇ ਜਾਣ ਕਰਕੇ ਉਥੇ ਵੋਟਰਾਂ ਕਾਫ਼ੀ ਮਾਯੂਸੀ ਹੈ। ਉਹ ਖੁਦ ਨੂੰ ਬਦਕਿਮਸਤ ਮੰਨ ਰਹੇ ਹਨ। ਕਸਬੇ ਵਿੱਚ ਕਰੀਬ 8 ਹਜ਼ਾਰ ਵੋਟਰ ਹਨ। ਕੁੱਲ੍ਹ 25 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ।
ਕਸਬੇ ਵਿੱਚ ਵਾਰਡ 4 ਦੀਆਂ ਅੌਰਤਾਂ ਦਾ ਕਹਿਣਾ ਸੀ ਕਿ ਉਮੀਦਵਾਰਾਂ ਦੇ ਸਮਰਥਕ ਵੋਟਾਂ ਵਾਲੇ ਇਸ਼ਤਹਾਰ ਵਾਲੇ 4 ਪਰਚੇ ਨਾਲ ਖਾਣ ਕੋਈ ਨਾ ਕੋਈ ਸਮਾਨ ਜ਼ਰੂਰ ਦੇ ਕੇ ਜਾਂਦੇ ਹਨ। ਕੋਈ ਕਿਲੋ ਲੱਡੂਆਂ ਦਾ ਡੱਬਾ ਦੇ ਜਾਂਦਾ ਹੈ ਤਾਂ ਕਿਸੇ ਵੱਲੋਂ ਗੁਲਾਬ ਜਾਮੁਨ ਭੇਜੀਆਂ ਜਾਂਦੀਆਂ ਹਨ। ਇੱਕ ਉਮੀਦਵਾਰ ਤਾਂ ਦਰਜਨ ਕੇਲੇ ਹੀ ਫੜਾ ਗਿਆ। ਬਰੈੱਡ ਪਕੌੜੇ, ਪਨੀਰ ਪਕੌੜੇ, ਗਰਮ ਜਲੇਬੀਆਂ ਅਤੇ ਦੇਸੀ ਸ਼ਰਾਬ, ਕਿੰਨੂ, ਸੰਤਰੇ, ਕੋਲਡ ਡਰਿੰਕ ਨਾਲ ਵੋਟਰਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਵਾਰਡ 9 ਦੀ ਇੱਕ ਅੌਰਤ ਨੇ ਆਖਿਆ ਕਿ ਕਸਬੇ ਵਿੱਚ ਬਹੁਗਿਣਤੀ ਘਰਾਂ ਵਿੱਚ ਵੋਟਾਂ ਵਾਲਿਆਂ ਦੇ ਤੋਹਫ਼ਿਆਂ ਕਾਰਨ ਇੱਕ ਸਮਾਂ ਹੀ ਖਾਣਾ ਪੱਕਦਾ ਹੈ। ਵਾਰਡ 12 ਵਿੱਚ ਦੋ ਉਮੀਦਵਾਰਾਂ ਵਿੱਚ ਤਕੜੀ ਟੱਕਰ ਹੈ। ਵਾਰਡ 2 ਦੇ ਇੱਕ ਵੋਟਰ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਵੋਟਾਂ ਲਈ ਤੋਹਫ਼ਾ ਲੈਣਾ ਅਤੇ ਦੇਣਾ ਸੌ ਫ਼ੀਸਦੀ ਗੈਰਕਾਨੂੰਨੀ ਹੈ ਪਰ ਜੇਕਰ ਉਮੀਦਵਾਰਾਂ ਤੋਂ ਇਹ ਸਮਾਨ ਨਹੀਂ ਫੜਦੇ ਤਾਂ ਦੁਸ਼ਮਣੀ ਪੈਣ ਦਾ ਡਰ ਹੁੰਦਾ ਹੈ। ਉਮੀਦਵਾਰ ਸੋਚਦਾ ਕਿ ਉਹ ਉਸਨੂੰ ਵੋਟ ਨਹੀਂ ਪਾਵੇਗਾ। ਵਾਰਡ 8 ਦੇ ਨਾਮਵਰ ਵਿਅਕਤੀ ਦਾ ਕਹਿਣਾ ਸੀ ਕਿ
ਚੀਮਾ ਵਿੱਚ ਵੋਟਾਂ ਵੇਲੇ ਉਮੀਦਵਾਰਾਂ ਵੱਲੋਂ ਸਮਾਨ ਵੰਡਣ ਦੀ ਪੁਰਾਣੀ ਰਵਾਇਤ ਹੈ। ਜਿਸ ’ਤੇ ਪ੍ਰਸ਼ਾਸਨ ਨੂੰ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਇੱਕ ਉਮੀਦਵਾਰ ਵੱਲੋਂ ਅੱਜ ਮੋਟਰ ਸਾਇਕਲ ਵਾਲੀ ਰੇਹੜੀ ’ਤੇ ਰੱਖ ਕੇ ਗੁਲਾਬ ਜਾਮੁਨਾਂ ਦੇ ਘਰ-ਘਰ ਡੱਬੇ ਵੰਡੇ ਗਏ। ਇੱਕ ਹੋਰ ਵਿਅਕਤੀ ਨੇ ਆਖਿਆ ਕਿ ਵੋਟਾਂ ਕੁਝ ਦਿਨ ਦੇਰੀ ਨਾਲ ਹੋਣ ਤਾਂ ਲੋਕਾਂ ਦੀ ਸਰਦੀ ਮੌਜ਼ਾਂ ਵਿੱਚ ਨਿਕਲ ਸਕਦੀ ਹੈ। ਇਸ ਬਾਰੇ ਸੁਨਾਮ ਦੇ ਐਸ.ਡੀ.ਐਮ-ਕਮ-ਚੀਮਾ ਦੇ ਰਿਟਰਨਿੰਗ ਅਫਸਰ ਰਾਜਵੀਰ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਆਖਿਆ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਤਾਂ ਉਹ ਕਾਰਵਾਈ ਕਿਵੇਂ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ੍ਹੀਂ ਡਿਪਟੀ ਸੰਗਰੂਰ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਪਰ ਉਨ੍ਹਾਂ ਦੇ ਭਰੋਸੇ ਦੇ ਬਾਵਜੂਦ ਵੋਟਰਾਂ ਨੂੰ ਸਾਮਾਨ ਵੰਡਣ ਦਾ ਸਿਲਸਿਲਾ ਜਾਰੀ ਹੈ। Mobile : 98148-26100, Email: iqbal.shant@gmail.com
No comments:
Post a Comment