25 September 2019

ਅਸਲ ਬਿੱਲੀ ਥੈਲਿਓਂ ਬਾਹਰ ਆਈ !

ਇਕਬਾਲ ਸਿੰਘ ਸ਼ਾਂਤ
ਲੰਬੀ: ਬੇਅਦਬੀ ਮਸਲੇ ’ਤੇ ਇੱਕ ਅਖ਼ਬਾਰੀ ਇੰਟਰਵਿਊ ’ਚ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਅਤੇ ਬਾਅਦ ’ਚ ਪਾਰਟੀ ਦਬਾਅ ਹੇਠਾਂ ਕਲੀਨ ਚਿੱਟ ਤੋਂ ਪਾਸਾ ਵੱਟਣ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਹਾਸੋਹੀਣੇ ਹਾਲਾਤ ਪੈਦਾ ਹੋ ਗਏ ਹਨ। ਮੀਡੀਆ ਦੇ ਇੱਕ ਹਿੱਸੇ ਨੂੰ ਦਿੱਤੇ ਇੰਟਰਵਿਊ ਦੀ ਮੁੱਖ ਸੁਰਖੀ ਨੂੰ
ਗੁੰਮਰਾਹਕੁਨ ਘੜ੍ਹਤ ਦੱਸਣ ਨਾਲ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਜਵਾਬਦੇਹੀ ’ਤੇ ਜਨਤਕ ਸਫ਼ਾਂ ’ਚ ਸੁਆਲ ਉੱਠ ਖੜ੍ਹਾ ਹੋਇਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਇਸ ਆਪਾ-ਵਿਰੋਧੀ ਨਾਲ ਹੁਣ ਤੱਕ ਕਾਂਗਰਸੀ ਧਿਰ ਵੱਲੋਂ ਬੇਅਦਬੀ ਮਸਲੇ ’ਤੇ ਬਾਦਲ ਪਰਿਵਾਰ ’ਤੇ ਲਗਾਏ ਜਾਂਦੇ ਰਹੇ ਤਿੱਖੇ ਦੋਸ਼ਾਂ ਦੀ ਅਸਲੀਅਤ ਸਹਿਜੇ ਹੀ ਇੰਟਰਵਿਊ ਜਰੀਏ ਬਾਹਰ ਨਿਕਲ ਆਈ ਹੈ। ਉੱਚ ਪੱਧਰੀ ਸਿਆਸੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਇੰਟਰਵਿਊ ’ਚ ਬਾਦਲਾਂ ਨੂੰ ਕਲੀਨ ਚਿੱਟ ਵਾਲਾ ਲਹਿਜ਼ਾ ਪ੍ਰਗਟ ਹੋਣ ਨਾਲ ਚਾਰ ਜ਼ਿਮਨੀ ਚੋਣਾਂ ਵਿੱਚ ਗੋਡਣੀਆਂ ਲੱਗਣ ਦੇ ਖਦਸ਼ੇ ਤਹਿਤ ਕਾਂਗਰਸ ਲੀਡਰਸ਼ਿਪ ’ਚ ਭਾਜੜ ਮੱਚ ਗਈ। ਇਸਤੋਂ ਹੋਣ ਵਾਲੇ ਭਵਿੱਖੀ ਡੈਮੇਜ਼ ਕੰਟਰੋਲ ਨਾਲ ਸ਼ੁਰੂਆਤੀ ਤੌਰ ’ਤੇ ਨਜਿੱਠਣ ਲਈ ਮੁੱਖ ਮੰਤਰੀ ਦਫ਼ਤਰ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪ੍ਰੈਸ ਬਿਆਨ ਰਾਹੀਂ ਬੇਅਦਬੀ ਕਾਂਡ ’ਤੇ ਬਾਦਲਾਂ ਦੀ ਸ਼ਮੂਲੀਅਤ ਨੂੰ ਮੁੜ ਤੋਂ ਸਟੈਂਡ ਕਰਦੇ ਸ਼ਬਦੀ ਤੀਰੇ ਸਿੰਨ੍ਹ ਦਿੱਤੇ ਗਏ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਅੰਦਰੂਨੀ ਸਿਆਸੀ ਦਬਾਅ ਨੂੰ ਮੱਠਾ ਪਾਉਣ ਲਈ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਇਸ ਨਾਜੁਕ ਮਸਲੇ ’ਤੇ ਕਲੀਨ ਚਿੱਟ ’ਤੇ ਯੂ ਟਰਨ ਲੈਂਦਿਆਂ ਮੁੜ ਤੋਂ ਬਾਦਲ ਪਿਉ-ਪੁੱਤ ਉੱਪਰ ਤਿੱਖੇ ਨਿਸ਼ਾਨੇ ਸੇਧਦਿਆਂ ਬਰਗਾੜੀ ਦੀ ਘਟਨਾ ਤੋਂ ਪਹਿਲਾਂ ਬਾਦਲਾਂ ਦੇ ਡੇਰਾ ਸੱਚਾ ਸੌਦਾ ਨਾਲ ਘਿਓ-ਖਿਚੜੀ ਹੋਣ ਅਤੇ ਹਾਲ ਹੀ ’ਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਲਈ ਦਬਾਅ ਪਾ ਕੇ ਜਾਂਚ ਵਿੱਚ ਅੜਿੱਕੇ ਡਾਹੁਣ ਜਿਹੇ ਦੋਸ਼ ਮੜ੍ਹ ਦਿੱਤੇ। ਦੱਸਣਯੋਗ ਹੈ ਕਿ ਮੁਸ਼ਕਿਲਾਂ ਤੋਂ ਘਿਰਨ ਤੋਂ ਡੇਰਾ ਸੱਚਾ ਸੱਚਾ ਸਿਰਸਾ ਸਮੁੱਚੀਆਂ ਸਿਆਸੀ ਧਿਰਾਂ ਦੇ ਆਗੂਆਂ ਦਾ ਮੱਥਾ ਟਿਕਾਊ ਕੇਂਦਰ ਰਿਹਾ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬੰਦੂਕ ’ਚੋਂ ਨਿਕੱਲੀ ਗੋਲੀ ਵਾਂਗ ਅੰਗਰੇਜ਼ੀ ਅਖ਼ਬਾਰ ’ਚ ਛਪੀ ਇੰਟਰਵਿਊ ਦੀ ਸੁਰਖੀ ਹਕੀਕਤ ਬਣ ਕੇ ਲੋਕਮਨਾਂ ਨੂੰ ਤੁਰ ਪਈ ਹੈ। ਅਜਿਹੇ ’ਚ ਹੁਣ ਸੂਬਾ ਸਰਕਾਰ ਧਿਰ ਵੱਲੋਂ ਸ਼ਬਦੀ ਸੰਭਾਲੀ ਦੀਆਂ ਕੋਸ਼ਿਸ਼ਾਂ ਬੇਮਾਇਨੇ ਅਤੇ ਸੰਪੂਰਨ ਤੌਰ ’ਤੇ ਸਿਆਸੀ ਲਹਿਜ਼ੇ ਨਾਲ ਲਬਰੇਜ਼ ਹਨ। ਮਾਹਰਾਂ ਅਨੁਸਾਰ ਅਮਰਿੰਦਰ ਸਿੰਘ ਖੁਦ ਭਾਵੇਂ ਇਸ ਵਾਰ ਬਦਲਾਖੋਰੀ ਵਾਲੀ ਸਿਆਸਤ ਤੋਂ ਦੂਰ ਜਾਪਦੇ ਹਨ ਪਰ ਉਨ੍ਹਾਂ ਦੇ ਸਿਆਸੀ ਸਹਿਯੋਗੀ ਅਜਿਹੇ ਹਾਲਾਤਾਂ ਪੈਦਾ ਕਰਕੇ ਬੇਅਦਬੀ ਦਾ ਮਸਲਾ ਲਗਾਤਾਰ ਭਖਾਉਣ ਅਤੇ ਬਾਦਲਾਂ ਨਾਲ ਕੈਪਟਨ ਦੀ ਜੰਗ ਨੂੰ ਗਰਮਾਏ ਰੱਖਣ ਨੂੰ ਆਪਣੀ ਸਿਆਸੀ ਮੁਹਰਾਤ ਮੰਨਦੇ ਹਨ। ਪੰਜਾਬ ਦੇ ਸਿਆਸਤ ਦੇ ਇੱਕ ਪੁਰਾਣੇ ਜਾਣਕਾਰ ਦਾ ਕਹਿਣਾ ਸੀ ਕਿ ਸਹਿਜੇ ਮੂੰਹੋਂ ਨਿੱਕਲੇ ਸ਼ਬਦਾਂ ਦੇ ਲਹਿਜੇ ਅਤੇ ਸੱਚਾਈ ਨੂੰ ਝੂਠ ਦੇ ਸੌ ਪਰਦੇ ਵੀ ਨਹੀਂ ਮਿਟਾ ਸਕਦੇ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ‘ਕਿਸੇ ਵੀ ਨੁਕਤੇ ’ਤੇ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ’ਚ ਸ਼ਾਮਲ ਨਹੀਂ ਹਨ। ਉਨ੍ਹਾਂ ਅਨੁਸਾਰ ਅਖਬਾਰ ਦੀ ਇੰਟਰਵਿਊ ਵਿੱਚ ਕਹੀਆਂ ‘ਗੱਲਾਂ ਆਪਣੇ-ਆਪ ਪ੍ਰਤੱਖ ਹੁੰਦੀਆਂ ਹਨ ਕਿ ਬਾਦਲ ਨੇ ਖੁਦ ਉਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ।’

16 September 2019

ਹਕੀਕੀ ਹੱਡਾਂ ’ਚ ਅਸਰ ਵਿਖਾਉਣ ਲਈ ਤਿਆਰ ਹਰਸਿਮਰਤ ਬਾਦਲ ਦਾ ੱਉਪਰਾਲਾ’ ਟਾਨਿਕ

                                                              ਇਕਬਾਲ ਸਿੰਘ ਸ਼ਾਂਤ
 ਲੰਬੀ: ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀਆਂ ਪੰਜਾਬ ’ਚ ਜੜ੍ਹਾਂ ਦੇ ਫੈਲਾਅ ਲਈ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪਰਾਲਿਆਂ ਵਾਲਾ ‘ਟਾੱਨਿਕ’ ਤਿਆਰ ਕਰ ਲਿਆ ਹੈ। ਜਿਸਦੀ ਮੁੱਢਲੀ ਖੁਰਾਕ ਲਈ
ਪਿੰਡ ਬਾਦਲ ਵਿਖੇ ਉਤਪਾਦਕਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਾਂਝੇ ਤੌਰ ’ਤੇ ‘ਸਨਅਤੀ ਟਾਨਿਕ’ ਰਾਹੀਂ ਉਨ੍ਹਾਂ ਅਤੇ ਪੰਜਾਬ ਦੀ ਆਰਥਿਕ ਸਿਹਤ ਨੂੰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਸਨਅਤ ਦੀਆਂ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਕਰਦੇ ਕਿਹਾ ਕਿ ਸਨਅਤਾਂ ਦੀ ਸਥਾਪਤੀ ਲਈ ਬਾਕੀ ਮੰਤਰਾਲਿਆਂ ਕੋਲ ਉਠਾ ਕੇ ਹੱਲ ਕਰਵਾਇਆ ਜਾਵੇਗਾ। ਮੀਟਿੰਗ ਵਿਚ ਕਾਰਗਿਲ ਕੰਪਨੀ ਤੋਂ ਰਮਾ ਸ਼ੰਕਰ, ਹਿੰਦੁਸਤਾਨ ਲੀਵਰ ਲਿਮਟਿਡ ਤੋਂ ਸਵਿੰਦਰ ਸਿੰਘ ਅਤੇ ਕੁਮਾਰ ਨਾਦਰ, ਪੈਪਸੀਕੋ ਤੋਂ ਸੰਤੋਸ਼ ਕਨੋਜੀਆ ਅਤੇ ਸਾਂਖਿਆ, ਬਾਗਬਾਨੀ ਬੋਰਡ ਵੱਲੋਂ ਸੁਰਿੰਦਰ ਸਿੰਘ, ਐਫ.ਐਸ.ਏ.ਟੀ.ਓ ਵੱਲੋਂ ਪਰਮਵੀਰ ਦਿਓਲ ਅਤੇ ਫਲ ਨਿਰਯਾਤਕਾਰ ਨਰੇਂਦਰ ਕੁਮਾਰ ਨੇ ਭਾਗ ਲਿਆ। ਕੇਂਦਰੀ ਮੰਤਰੀ ਨੇ ਰਾਸ਼ਟਰੀ ਬਾਗਬਾਨੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਜਾ ਰਹੀਆਂ ਫੂਡ ਪਾਰਕ ਅਤੇ ਹੋਰ ਛੋਟੇ ਕਾਰੋਬਾਰ ਸਥਾਪਤ ਕਰਨ ਦੀਆਂ ਪੇਸ਼ਕਸ਼ਾਂਂ ਤਹਿਤ ਉਤਪਾਦਕਾਂ ਅਤੇ
ਕਾਰੋਬਾਰੀਆਂ ਦੀ ਅਜਿਹੇ ਕਾਰੋਬਾਰ ਸਥਾਪਤ ਕਰਨ ਵਿਚ ਮੱਦਦ ਕਰਨ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਮਸਲਿਆਂ ’ਤੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਖੇਤੀ ਆਮਦਨ ਵਿਚ ਵਾਧਾ ਕਰਕੇ ਕਿਸਾਨਾਂ ਦੀ ਮੱਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ-ਪੱਖੀ ਨੀਤੀਆਂ ਦੇ ਬਗੈਰ ਵਿਕਾਸ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਉਤਪਾਦਕਾਂ ਨੂੰ ਬੀਜ ਪ੍ਰਦਾਨ ਕਰਨ ਅਤੇ ਉਨ੍ਹਾਂ ਲਈ ਸਿਖਲਾਈ ਸੈਮੀਨਾਰ ਕਰਵਾਉਣ ਦਾ ਵੀ ਭਰੋਸਾ ਦਿਵਾਇਆ।

                  ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਦਾ ਸੱਦਾ 
ਕੇਂਦਰੀ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਕਰਨੀ ਚਾਹੀਦੀ ਹੈ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਆਪਣੀ ਸਕੀਮ ਟੀਓਪੀ (ਟਮਾਟਰ, ਪਿਆਜ਼ ਤੇ ਆਲੂ) ਤਹਿਤ ਇਹਨਾਂ ਫਸਲਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।  ਕਿਨੂੰ ਅਤੇ ਮੱਕੀ ਫਸਲਾਂ ਬੀਜਣ ਲਈ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਮਾਲਵਾ ਖੇਤਰ ’ਚ ਕਿਨੂੰ ਪ੍ਰੋਸੈਸਿੰਗ ਦੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ ।

15 September 2019

ਹਰਸਿਮਰਤ ਬਾਦਲ ਵੱਲੋਂ 'ਨੰਨੀ੍ਹ ਛਾਂ' ਦੀ 11ਵੀ ਵਰ੍ਹੇ ਗੰਢ 550ਵੇਂ ਪਰਕਾਸ਼ ਪੁਰਬ ਨੂੰ ਸਮਰਪਿਤ

*  ਏਮਜ਼ ਵਿਖੇ 550 ਬੂਟੇ ਲਗਵਾਏ ਅਤੇ ਬਠਿੰਡਾ ਹਲਕੇ ਵਿਚ 15 ਹਜ਼ਾਰ ਬੂਟੇ ਵੰਡੇ
* ਕਿਹਾ ਕਿ ਏਮਜ਼ ਦੀ ਓਪੀਡੀ ਤਿਆਰ ਹੈ, ਜਿਸ ਦਾ ਇਸ ਮਹੀਨੇ ਉੁਦਘਾਟਨ ਹੋ ਸਕਦਾ ਹੈ

                                                           ਇਕਬਾਲ ਸਿੰਘ ਸ਼ਾਂਤ
ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਏਮਜ਼ ਅੰਦਰ 550 ਬੂਟੇ ਲਗਵਾਉਣ ਤੋਂ ਇਲਾਵਾ ਬਠਿੰਡਾ ਹਲਕੇ ਅੰਦਰ 15 ਹਜ਼ਾਰ ਬੂਟੇ ਵੰਡ ਕੇ ਨੰਨੀ੍ਹ ਛਾਂ ਮੁਹਿੰਮ ਦੀ 11ਵੀਂ ਵਰ੍ਹੇ  ਗੰਢ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਕੀਤੀ। 
ਨੰਨ੍ਹੀ ਛਾਂ ਟਰੱਸਟ ਦੀ 11ਵੀਂ ਵਰ੍ਹੇ ਗੰਢ ਦੇ ਮੌਕੇ ਏਮਜ਼ ਵਿਖੇ ਦਰੱਖਤ ਲਗਾਓ ਮੁਹਿੰਮ ਵਿਚ ਭਾਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਮੁਹਿੰਮਾਂ ਰਾਹੀਂ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ਬੂਟੇ ਵੰਡਣ ਦੀ ਪੱਕੀ ਸੇਵਾ ਦੇ ਜ਼ਰੀਏ ਹੁਣ ਤਕ 30 ਲੱਖ ਬੂਟੇ ਵੰਡੇ ਜਾ ਚੁੱਕੇ ਹਨ।

          ਇਸ ਮੌਕੇ ਸੰਸਦ ਮੈਂਬਰ ਨੇ ਗੁਰੂ ਸਾਹਿਬ ਦੇ ਪਰਕਾਸ਼ ਪੁਰਬ ਦੇ ਮੌਕੇ ਉੱਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਬਜ਼ੁਰਗਾਂ ਅਤੇ ਕੁੜੀਆਂ ਦੇ ਹੱਥੋਂ ਬੂਟੇ ਲਗਵਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਉਹਨਾਂ ਦੇ ਪਿਆਰ ਦੀ ਛਾਂ ਥੱਲੇ ਰਹਾਂਗੇ।
         ਬੀਬਾ ਬਾਦਲ ਨੇ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ 'ਕੁੱਖ ਅਤੇ ਰੁੱਖ' ਨੂੰ ਬਚਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ  ਗਈ ਸੀ। ਇਸ ਮੁਹਿੰਮ ਦੇ ਬਹੁਤ ਹੀ ਠੋਸ ਨਤੀਜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਜਿੱਥੇ ਅਸੀਂ 30 ਲੱਖ ਬੂਟੇ ਲਾ ਕੇ ਪੰਜਾਬ ਦੇ ਜੰਗਲਾਤ ਏਰੀਏ ਅੰਦਰ ਚੋਖਾ ਸੁਧਾਰ ਕਰ ਚੁੱਕੇ ਹਾਂ, ਉੱਥੇ ਸੂਬੇ ਅੰਦਰ ਕੁੜੀਆਂ ਦੀ ਦਰ ਵਿਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ।  ਉਹਨਾਂ ਦੱਸਿਆ ਕਿ ਦੋ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਨੂੰ ਕੁੜੀਆਂ ਦੀ ਦਰ ਅੰਦਰ ਸੁਧਾਰ ਲਿਆਉਣ ਦੇ ਮਾਮਲੇ ਵਿਚ ਦੇਸ਼ ਦਾ ਛੇਵਾਂ ਵਧੀਆ ਪ੍ਰਦਰਸ਼ਨ ਵਾਲਾ ਜ਼ਿਲ੍ਹਾ ਕਰਾਰ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਏਮਜ਼ ਦਾ ਓਪੀਡੀ ਤਿਆਰ ਹੈ ਅਤੇ ਉਹ ਪ੍ਰਧਾਨ ਮੰਤਰੀ ਜਾਂ ਸਿਹਤ ਮੰਤਰੀ ਨੂੰ ਇਸ ਦਾ 29 ਸਤੰਬਰ ਨੂੰ ਉਦਘਾਟਨ ਕਰਨ ਦੀ ਬੇਨਤੀ ਕਰਗੇ । 
        ਸਾਂਝਾ ਸਮਾਗਮ ਕਰਵਾਉਣ ਦੀ ਅਪੀਲ ਕਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਛਾ ਦੇ ਵਿਰੁੱਧ ਕਾਂਗਰਸ ਸਰਕਾਰ ਦੀ ਸੁਲਤਾਨਪੁਰ ਲੋਧੀ ਵਿਖੇ 550ਵੇ ਪਰਕਾਸ਼ ਪੁਰਬ ਦਾ ਵੱਖਰਾ ਸਮਾਗਮ ਕਰਵਾਉਣ ਦੀ ਜ਼ਿੱਦ ਬਾਰੇ ਪੁੱਛੇ ਜਾਣ ਤੇ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਫੈਸਲਾ ਹੈ। ਇਤਿਹਾਸਕ ਤੌਰ ਤੇ ਸਾਰੇ ਧਾਰਮਿਕ ਸਮਾਗਮ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਜਦ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਥੱਲੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਹੈ, ਕਾਂਗਰਸ ਸਰਕਾਰ ਨੂੰ ਤਖ਼ਤ ਤੋਂ ਉੱਪਰ ਉੱਠ ਕੇ ਵੱਖਰਾ ਸਮਾਗਮ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਬੀਬਾ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 1999 ਵਿਚ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਵਿਖੇ 350ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਐਸ.ਜੀ.ਪੀ.ਸੀ. ਅਤੇ ਪਟਨਾ ਸਾਹਿਬ ਵਰਗੀਆਂ ਧਾਰਮਿਕ ਜਥੇਬੰਦੀਆਂ ਨੇ ਹੀ ਸਟੇਜ ਲਾਈ ਸੀ । ਬੀਬਾ ਬਾਦਲ ਨੇ ਕਿਹਾ ਕਿ ਪਰਕਾਸ਼ ਪੁਰਬ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਹੀ ਦਾ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਤਕ ਪਹੁੰਚਾਉਣ ਦਾ ਇੱਕ ਮੌਕਾ ਹਨ। ਉਹਨਾਂ ਕਿਹਾ ਕਿ ਮੈਂ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਇਸ ਸੁਨੇਹੇ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ। ਸਾਰੇ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੌਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਹਨ ਅਤੇ ਸਾਨੂੰ ਸਿਰਫ ਇੱਕ ਹੋ ਕੇ ਹੀ ਸੇਵਾ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਦੁਨੀਆਂ ਨੂੰ ਏਕਤਾ ਦਾ ਸੁਨੇਹਾ ਦੇਣ ਲਈ ਸਾਰੇ ਵਖਰੇਵੇਂ ਪਾਸੇ ਰੱਖ ਦੇਣੇ ਚਾਹੀਦੇ ਹਨ । ਇੱਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਹਰ ਵਿਅਕਤੀ ਤੋਂ 20 ਡਾਲਰ ਵਸੂਲ ਕੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ 'ਚੋਂ ਵਪਾਰਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਦੁਨੀਆਂ ਵਿਚ ਪਹਿਲੀ ਮਿਸਾਲ ਹੈ, ਜਿੱਥੇ ਇੱਕ ਪੂਜਣ ਵਾਲੀ ਥਾਂ ਉੱਤੇ ਮੱਥਾ ਟੇਕਣ ਲਈ ਸ਼ਰਧਾਲੂਆਂ ਕੋਲੋਂ ਫੀਸ ਵਸੂਲੀ ਜਾਵੇਗੀ । 
       ਇਸ ਤੋਂ ਪਹਿਲਾਂ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਲਾਂ ਦੇ 5 ਦਰੱਖਤ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਬੀਬਾ ਬਾਦਲ ਨਾਲ ਏਮਜ਼ ਵਾਲੇ ਸਮਾਗਮ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ।