* ਕਿਸਾਨੀ ਉਜਾੜੂ ਨੀਤੀਆਂ, ਵਿਸ਼ਵ ਵਪਾਰ ਸੰਸਥਾ ਸਮਝੌਤਾ ਅਤੇ ਨਿੱਜੀਕਰਨ ਖਿਲਾਫ਼ ਹਕੀਕੀ ਡਟਣ ਦਾ ਸੱਦਾ
ਇਕਬਾਲ ਸਿੰਘ ਸ਼ਾਂਤ
ਲੰਬੀ, 19 ਸਤੰਬਰ: ਪਿੰਡ ਬਾਦਲ ਵਿਖੇ ਬਾਦਲ ਹਾਊਸ ਮੂਹਰੇ ਅੱਜ ਪੰਜਵੇਂ ਦਿਨ ਕਿਸਾਨ ਮੋਰਚੇ ਦੀ ਮਘਦੀ ਸੰਘਰਸ਼ੀ ਲੋਅ ਵਿੱਚੋਂ ਬਾਦਲਾਂ ਦੀ ਭਵਿੱਖੀ ਸਿਆਸਤ ਦੇ ਪੰਜਾਬੀਅਤ ਨਾਲ ਜੋੜ-ਮੇਲੇ ਬਣਨ ਬਾਰੇ ਨੁਕਤੇ ਉੱਭਰ ਕੇ ਆਏ। ਜਿਸ ਮੁਤਾਬਕ ਅਕਾਲੀ ਦਲ (ਬ) ਨੂੰ ਸਿੱਧੇ ਤੌਰ 'ਤੇ ਉਹ ਖੇਤੀ ਆਰਡੀਨੈਂਸ/ਬਿੱਲ ਲਿਆਉਣ ਦਾ ਆਧਾਰ ਬਣੀਆਂ ਉਨ•ਾਂ ਸਮੁੱਚੀਆਂ ਨੀਤੀਆਂ ਖ਼ਿਲਾਫ਼ ਹਕੀਕਤੀ ਅਤੇ ਡਟਵੇਂ ਵਿਰੋਧ ਦਾ ਪੈਂਤੜਾ ਲੈਣ ਦੀ ਨਸੀਹਤ ਦਿੱਤੀ ਗਈ। ਨਾਲ ਉਨ•ਾਂ ਸਾਰੀਆਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰਨ, ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ। ਜਿਨ•ਾਂ 'ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਵੀ ਮੁੱਖ ਤੌਰ 'ਤੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੇਕਰ ਮੋਰਚੇ ਦੇ ਅਸਲ ਭਾਵ ਮੰਨਿਆ ਜਾਵੇ ਤਾਂ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੇ ਜਨਤਕ ਜਥੇਬੰਦਕ ਮੋਰਚੇ ਵੱਲੋਂ ਕਿਸਾਨ ਹਿੱਤਾਂ ਲਈ ਲੰਮੀ ਲੜਾਈ ਲੜਨ ਦੇ ਮੁਦਈ ਅਖਵਾਉਂਦੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਅਕਾਲੀ ਦਲ ਨੂੰ ਲੋਕ-ਹਿੱਤਾਂ ਆਧਾਰਤ ਭਵਿੱਖੀ ਰਾਜਨੀਤੀ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ ਹੈ। ਅਸਿੱਧੇ ਸ਼ਬਦਾਂ ਵਿੱਚ ਬਾਦਲਾਂ ਨੂੰ ਖੇਤੀ ਬਿੱਲਾਂ ਵਾਲੇ ਮਲੇਰੀਏ ਦੇ ਭਖਵੇਂ ਬੁਖਾਰ ਵਿਚੋਂ ਨਿੱਕਲਣ ਲਈ ਇਹ ਨੁਕਤੇ ਕੂਨੈਣ ਦੀ ਗੋਲੀ ਵਾਂਗ ਹਨ। ਜੇਕਰ ਮੋਰਚੇ ਦੀ ਗੂੰਜਦੀ ਆਵਾਜ਼ ਵਿਚੋਂ ਨਿਕੱਲੇ ਇਸ ਨੁਕਤੇ ਅਤੇ ਨੀਤੀਆਂ ਅਕਾਲੀ ਦਲ ਖਿੜੇ ਮੱਥੇ ਕਬੂਲਦਾ ਹੈ ਤਾਂ ਦੇਸ਼ ਅਤੇ ਪੰਜਾਬ ਦੇ ਇਤਿਹਾਸ ਵਿੱਚ ਲੋਕ-ਲਹਿਰ ਅਤੇ ਜਨਤਕ ਕਿਸਾਨ ਭਲਾਈ ਦਾ ਨਵਾਂ ਰਾਹ ਪੱਧਰਾ ਹੋ ਸਕਦਾ ਹੈ।
ਮੋਰਚੇ ਦੇ ਭਰਵਂ ਇਕੱਠ ਵੱਲੋਂ ਕੈਪਟਨ ਸਰਕਾਰ ਦੁਆਰਾ ਜਾਅਲੀ ਪੈਨਸ਼ਨਾਂ ਲੈਣ ਦੇ ਨਾਂ ਹੇਠ ਮਜ਼ਦੂਰ ਕਿਸਾਨ ਮਰਦ ਔਰਤਾਂ ਤੋਂ ਹਜ਼ਾਰਾਂ ਰੁਪਏ ਵਾਪਸ ਕਰਾਉਣ ਲਈ ਭੇਜੇ ਜਾ ਰਹੇ ਧਮਕੀ ਭਰੇ ਤੇ ਜ਼ਲੀਲ ਕਰੂ ਨੋਟਿਸਾਂ ਦੀ ਤਿੱਖੀ ਨੁਤਕਾਚੀਨੀ ਕਰਦਿਆਂ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭੇਜੇ ਹੋਏ ਨੋਟਿਸ ਵਾਪਸ ਲੈਣ ਦੀ ਮੰਗ ਬਾਰੇ ਮਤਾ ਵੀ ਪਾਸ ਕੀਤਾ ਗਿਆ। ਅੱਜ ਧਰਨੇ ਦੀ ਸ਼ੁਰੂਆਤ ਬੀਤੇ ਕੱਲ• ਮੋਰਚੇ ਦੌਰਾਨ ਖੁਦਕੁਸ਼ੀ ਕਰ ਗਏ ਮਾਨਸਾ ਜ਼ਿਲ•ੇ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਕੇ ਕੀਤੀ ਗਈ। ਮੋਰਚੇ ਦੀ ਅਗਵਾਈ ਕਰ ਰਹੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਖੇਤੀ ਆਰਡੀਨੈਂਸ ਲਿਆਉਣ ਦਾ ਆਧਾਰ ਬਣੀਆਂ ਉਹਨਾਂ ਸਮੁੱਚੀਆਂ ਨੀਤੀਆਂ ਖ਼ਿਲਾਫ਼ ਹਕੀਕੀ ਤੇ ਡਟਵੇਂ ਵਿਰੋਧ ਦਾ ਪੈਂਤੜਾ ਲੈ ਕੇ ਇਨ•ਾਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰੇ ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ, ਜਿਨ•ਾਂ 'ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਸ਼ਾਮਲ ਹਨ। ਧਰਨੇ ਨੂੰ ਨੌਜਵਾਨ ਕਿਸਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ ਤੇ ਅਜੇਪਾਲ ਸਿੰਘ ਘੁੱਦਾ, ਅਮਰਜੀਤ ਸਿੰਘ ਸੈਦੋਕੇ, ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਪਰਮਜੀਤ ਕੌਰ ਪਿੱਥੋਂ, ਕੁਲਦੀਪ ਕੌਰ ਕੁੱਸਾ, ਸੁਖਮੰਦਰ ਸਿੰਘ ਵਜੀਦਕੇ, ਪੂਰਨ ਸਿੰਘ ਦੋਦਾ, ਸਰਬਜੀਤ ਸਿੰਘ ਮੋੜ, ਅਧਿਆਪਕ ਆਗੂ ਦਿਗਵਿਜੇ ਪਾਸ ਸ਼ਰਮਾ ਤੇ ਸੁਖਵਿੰਦਰ ਸਿੰਘ ਸੁੱਖੀ, ਦੀਦਾਰ ਸਿੰਘ ਮੁੱਦਕੀ, ਆਰ.ਐਮ.ਪੀ. ਡਾਕਟਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ, ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਸਮੇਤ ਐਨ.ਡੀ.ਏ. ਦੀਆਂ ਵਿਰੋਧੀ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਭਾਵੇਂ ਅੱਜ ਇਹਨਾਂ ਆਰਡੀਨੈਂਸਾਂ ਖਿਲਾਫ਼ ਬੋਲ ਰਹੀਆਂ ਹਨ ਪਰ ਇਹ ਸਭੈ ਪਾਰਟੀਆਂ ਕਿਸਾਨ ਵਿਰੋਧੀ ਨੀਤੀਆਂ 'ਤੇ ਇੱਕਮੱਤ ਹਨ, ਇਸ ਲਈ ਕਿਸਾਨਾਂ ਨੂੰ ਇਹਨਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।
ਬਾਦਲ ਹਾਊਸ ਮੂਹਰੇ ਕਿਸਾਨ ਔਰਤਾਂ ਵੀ ਵੱਡੀ ਤਦਾਦ 'ਚ ਸ਼ਾਮਲ ਹੋ ਰਹੀਆਂ ਹਨ। ਨੌਜਵਾਨ, ਖੇਤ ਮਜ਼ਦੂਰ, ਆਰ.ਐਮ.ਪੀ. ਡਾਕਟਰ, ਅਧਿਆਪਕ ਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੀ ਜਥਿਆਂ ਦੇ ਰੂਪ 'ਚ ਪਹੁੰਚ ਕੇ ਕਿਸਾਨ ਮੋਰਚੇ ਨੂੰ ਤਾਕਤ ਤੇ ਉਤਸ਼ਾਹ ਬਖ਼ਸ਼ ਰਹੇ ਹਨ। ਅੱਜ ਡੀ.ਟੀ.ਐਫ. ਦੀ ਅਗਵਾਈ ਹੇਠ ਅਧਿਆਪਕਾਂ ਦੇ ਵੱਡੇ ਜਥੇ ਵੱਲੋਂ ਬਠਿੰਡਾ ਤੋਂ ਬਾਦਲ ਤੱਕ ਮੋਟਰਸਾਈਕਲ ਮਾਰਚ ਕਰਕੇ ਕਿਸਾਨ ਮੋਰਚੇ 'ਚ ਸ਼ਮੂਲੀਅਤ ਕੀਤੀ ਗਈ।
No comments:
Post a Comment