14 April 2016

ਅਕਾਲੀ ਦਲ ਦੀ ਵਿਸਾਖੀ ਕਾਨਫਰੰਸ ਵਾਲੀ ਸਕੂਲ ਬੱਸ ਨੇ ਬਾਦਲਾਂ ਦੇ ਘਰ ’ਤੇ ਕੀਤੀ ਚੜ੍ਹਾਈ

ਪਿੰਡ ਬਾਦਲ ’ਚ ਰਾਤ ਪੌਨੇ 11 ਵਜੇ ਰਾਧਾ ਵਾਟਿਕਾ ਸਕੂਲ ਖੰਨਾ ਦੀ ਬੱਸ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਨਾਲ ਟਕਰਾਈ
- ਬੱਸ ਡਾਈਵਰ ਵਾਲ-ਵਾਲ ਸਚ ਗਿਆ, ਡੀਵਾਈਡਰ ਨੇ ਪਾਇਆ ਪੰਗਾ

                                                             ਇਕਬਾਲ ਸਿੰਘ ਸ਼ਾਂਤ
ਲੰਬੀ : ਅਕਾਲੀਆਂ ਦੀ ਵਿਸਾਖੀ ਕਾਨਫਰੰਸ ਲਈ ਵਗਾਰ ’ਤੇ ਆਈ ਸਕੂਲ ਬੱਸ ਨੇ ਕਾਨਫਰੰਸ ਦੀ ਬਜਾਏ ਬਾਦਲਾਂ ਦੇ ਘਰ ’ਤੇ ਹੀ ਚੜ੍ਹਾਈ ਕਰ ਦਿੱਤੀ। ਲੰਘੀ ਰਾਤ ਖੰਨਾ ਦੇ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਬੱਸ ਬੇਕਾਬੂ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਦੀ ਪਿੰਡ ਬਾਦਲ ਨਿੱਜੀ ਰਿਹਾਇਸ਼ ਦੀ ਕੰਧ ਵਿੱਚ ਜਾ ਵੱਜੀ। ਘਟਨਾ ’ਚ ਬੱਸ ਡਾਈਵਰ ਵਾਲ-ਵਾਲ ਸਚ ਗਿਆ। 
ਘਟਨਾ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਰਿਹਾਇਸ਼ ਅੰਦਰ ਮੌਜੂਦ ਸਨ। ਇਹ ਘਟਨਾ ਕਰੀਬ ਪੌਨੇ 11 ਵਜੇ ਵਾਪਰੀ। ਸਕੂਲ ਬੱਸ ਨੰਬਰ ਪੀ.ਬੀ 10-ਡੀ ਐਮ/7848 ਦਾ ਡਰਾਵੀਵਰ ਬੱਸ ’ਤੇ ਰੋਟੀ ਖਾਣ ਲਈ ਪਿੰਡ ਖਿਉਵਾਲੀ ਦੇ ਢਾਬੇ ਨੂੰ ਜਾ ਰਿਹਾ ਸੀ। ਇਸ ਘਟਨਾ ’ਚ ਬੱਸ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਸਥਿਤ ਫੁੱਲਾਂ ਦੀ ਕਿਆਰੀ ਵਾਲੀ ਛੋਟੀ ਕੰਧ ਨੂੰ ਤੋੜਦੀ ਹੋਈ ਕਿਲ੍ਹਾਨੁਮਾ ਮੁੱਖ ਕੰਧ ਨਾਲ ਟਕਰਾ ਗਈ। ਹਾਲਾਂਕਿ ਬੱਸ ਵੱਜਣ ਨਾਲ ਮਜ਼ਬੂਤ ਮੁੱਖ ਕੰਧ ਦਾ ਨੁਕਸਾਨ ਨਹੀਂ ਹੋ ਸਕਿਆ। ਸਕੂਲ ਬੱਸ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਉਣ ਕਰਕੇ ਸੁਰੱਖਿਆ ’ਤੇ ਤਾਇਨਾਤ ਪੁਲੀਸ ਅਮਲੇ ਨੂੰ ਭਾਜੜ ਪੈ ਗਈ। ਪੁਲੀਸ ਅਮਲੇ ਨੇ ਘਟਨਾ ’ਚ ਵਾਲ-ਵਾਲ ਬਚੇ ਡਰਾਈਵਰ ਨੂੰ ਬਾਹਰ ਕੱਢਿਆ। ਗਿੱਦੜਬਾਹੇ ਥਾਣੇ ਦੇ ਏ.ਐਸ.ਆਈ ਗੁਰਤੇਜ ਸਿੰਘ ਅਤੇ ਹੋਰ ਅਮਲੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਈ ਬੱਸ ਵਿਸਾਖੀ ਕਾਨਫਰੰਸ ਲਈ ਆਈ ਸੀ ਅਤੇ ਉਸਦਾ ਪਟਰੋਲ ਪੰਪ ’ਤੇ ਠਹਿਰਾਅ ਸੀ। ਜਿਸਦਾ ਡਰਾਈਵਰ ਰੋਟੀ ਖਾਣ ਜਾ ਰਿਹਾ ਸੀ।  
ਘਟਨਾ ਦਾ ਕਾਰਨ ਪਿੰਡ ਬਾਦਲ ’ਚ ਬਾਦਲਾਂ ਦੀ ਰਿਹਾਇਸ਼ ਦੇ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਕਰੀਬ 250 ਮੀਟਰ ਤੱਕ ਸੜਕ ਵਿਚਕਾਰ ਡੀਵਾਈਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪੁਲੀਸ ਅਮਲੇ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਡੀਵਾਈਡਰ ਨਾ ਹੋਣ ਕਰਕੇ ਰਾਤ ਸਮੇਂ ਖਾਲੀ ਸੜਕ ਵਿਚਕਾਰ ਆ ਰਿਹਾ ਬੱਸ ਡਰਾਈਵਰ ਬਾਦਲਾਂ ਦੇ ਬੂਹੇ ਤੋਂ ਥੋੜ੍ਹੀ ਅਗਾਂਹ ਸੜਕ ਡੀਵਾਈਡਰ ਨੂੰ ਵੇਖ ਕੇ ਬੌਖਲਾ ਗਿਆ ਅਤੇ ਹਾਦਸੇ ਤੋਂ ਬਚਾਅ ਦੀ ਕੋਸ਼ਿਸ਼ ’ਚ ਬੱਸ ਤੋਂ ਸੰਤੁਲਨ ਗੁਆ ਬੈਠਿਆ। ਹਾਦਸਾਗ੍ਰਸਤ ਸਕੂਲ ਬੱਸ ਨੂੰ ਪੁਲੀਸ ਲੰਬੀ ਥਾਣੇ ਲੈ ਗਈ। ਹਾਲਾਂਕਿ ਹਾਕਮਾਂ ਦੀ ਕੰਧਾਂ ਨਾਲ ਪੰਗਾ ਲੈਣ ਵਾਲੀ ਬੱਸ ਅਤੇ ਬੱਸ ਡਰਾਈਵਰ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਦੀ ਉਮੀਦ ਨਹੀਂ ਜਾਪਦੀ। ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਅਕਾਲੀਆਂ ਦੀ ਵਿਸਾਖੀ ਕਾਨਫਰੰਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 100 ਸਕੂਲ ਬੱਸਾਂ ਲੰਬੀ ਹਲਕੇ ’ਚ ਕਥਿਤ ‘ਵਗਾਰ’ ਪੁੱਜੀਆਂ ਹੋਈਆਂ ਸਨ। ਜਿਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਦੇ ਡੀ.ਟੀ.ਓਜ਼ ਰਾਹੀਂ ਅਕਾਲੀ ਦਲ ਦੀ ਕਾਨਫਰੰਸ ਸਬੰਧੀ ਵਗਾਰ ’ਤੇ ਲਿਆਂਦਾ ਦੱਸਿਆ ਜਾਂਦਾ ਹੈ। ਲੰਬੀ ਹਲਕੇ ਦੇ ਪਿੰਡਾਂ ’ਚੋਂ ਕਾਨਫਰੰਸ ’ਚ ਵਰਕਰਾਂ ਨੂੰ ਲਿਜਾਣ ਲਈ ਰਾਤ ਕੱਟ ਰਹੇ ਰਾਏਕੋਟ ਪਬਲਿੱਕ ਸਕੂਲ ਰਾਏਕੋਟ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਆਖਿਆ ਕਿ ਸਕੂਲ ਪ੍ਰਬੰਧਕਾਂ ਨੇ ਡੀ.ਟੀ.ਓ ਦੇ ਹੁਕਮਾਂ ’ਤੇ ਅਕਾਲੀ ਦਲ ਦੀ ਕਾਨਫਰੰਸ ਲਈ ਸਕੂਲ ਬੱਸਾਂ ਭੇਜੀਆਂ ਹਨ। ਡਰਾਈਵਰਾਂ ਨੇ ਕਿਹਾ ‘‘ਅਸੀਂ ਕਿਹੜਾ ਪਹਿਲੀ ਵਾਰ ਲੰਬੀ ਹਲਕੇ ’ਚ ਆਏ ਹਾਂ, ਮਾਘੀ ਕਾਨਫਰੰਸ ਮੌਕੇ ਵੀ ਅਸੀਂ ਅਕਾਲੀ ਵਰਕਰਾਂ ਨੂੰ ਬੱਸਾਂ ’ਚ ਢੋਹ ਕੇ ਲੈ ਗਏ ਸੀ।’’ ਬੱਸਾਂ ਦੇ ਕਿਰਾਏ ਅਤੇ ਤੇਲ ਸਬੰਧੀ ਪੁੱਛਣ ’ਤੇ ਉਨ੍ਹਾਂ ਪਾਸਾ ਵੱਟਦਿਆਂ ਕਿਹਾ ਕਿ ‘‘ਤੁਹਾਨੂੰ ਵੀ ਪਤਾ ਈ ਸਰਕਾਰਾਂ ਦੇ ਕੰਮ ਕਿਵੇਂ ਚੱਲਦੇ ਆ, ਅਸੀਂ ਤਾਂ ਮੁਲਾਜਮ ਹਾਂ।’’  
ਇਸੇ ਤਰ੍ਹਾਂ ਲੰਬੀ ਹਲਕੇ ਵਿਚੋਂ ਕਾਂਗਰਸ ਪਾਰਟੀ ਵੱਲੋਂ 65 ਬੱਸਾਂ ਅਤੇ 30 ਕਰੂਜਰ ਗੱਡੀਆਂ ’ਤੇ ਕਾਰਕੁੰਨ ਵਿਸਾਖੀ ਕਾਰਨਫਰੰਸ ਵਿੱਚ ਪੁੱਜੇ। ਇਸਦੇ ਇਲਾਵਾ ਹੁਣ ਤੱਕ ਜਨਤਾ ਦੇ ਆਪ-ਮੁਹਾਰੇ ਰੈਲੀਆਂ ’ਚ ਪੁੱਜਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਵਿਸਾਖੀ ਕਾਨਫਰੰਸ ’ਚ ਕਿਰਾਏ ’ਤੇ ਲਗਪਗ 40 ਬੱਸਾਂ/ਵਹੀਕਲ ਲਿਜਾਣ ਦੀਆਂ ਕਣਸੋਆਂ ਹਨ। ਹਾਲਾਂਕਿ ‘ਆਪ’ ਦੇ ਲੋਕਸਭਾ ਬਠਿੰਡਾ ਆਬਜਰਵਰ ਰੋਮੀ ਭਾਟੀ ਨੇ ਕਾਨਫਰੰਸ ਕਿਰਾਏ ’ਤੇ ਬੱਸਾਂ/ਵਹੀਕਲ ਲਿਜਾਣ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਆਪ ਕੋਲ ਬੱਸਾਂ ਕਿਰਾਏ ’ਤੇ ਲਿਜਾਣ ਜੋਗੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਤਾਂ ਅਕਾਲੀਆਂ ਅਤੇ ਕਾਂਗਰਸੀਆਂ ਦੀ ਬੱਸਾਂ ਜਾਂ ਫਿਰ ਆਪਣੇ ਟਰੈਕਟਰ ’ਤੇ ਬੈਠ ਕੇ ਰੈਲੀ ’ਚ ਪੁੱਜੇ ਸਨ। ਲੰਬੀ ਥਾਣੇ ਦੇ ਕਾਰਜਕਾਰੀ ਮੁਖੀ ਮੋਹਣ ਲਾਲ ਨੇ ਕਿਹਾ ਪਿੰਡ ਬਾਦਲ ’ਚ ਘਟਨਾ ਉਪਰੰਤ ਸੜਕੀ ਆਵਾਜਾਈ ਨੂੰ ਵਿਘਨ ਰਹਿਤ ਕਰਨ ਲਈ ਸਕੂਲ ਬੱਸ ਮੌਕੇ ਤੋਂ ਹਟਵਾ ਕੇ ਲੰਬੀ ਥਾਣੇ ਲੈ ਆਂਦੀ ਸੀ।  98148-26100 / 93178-26100

No comments:

Post a Comment