22 April 2016

ਨਵੇਂ ਸੂਟ-ਬੂਟ ’ਚ ਆਵੇਗੀ ਆਟਾ-ਦਾਲ ਸਕੀਮ ਦੀ ਕਣਕ

          ਸਕੀਮ ਹੇਠਲੀ ਕਣਕ ’ਚ ਹੇਰਾ-ਫੇਰੀ ’ਤੇ ਨੱਥ ਪਾਉਣ ਦੇ ਮੰਤਵ ਨਾਲ ਗੱਟਿਆਂ ਨੂੰ ਦਿੱਤੀ ਵੱਖਰੀ ਪਛਾਣ

                                                ਇਕਬਾਲ ਸਿੰਘ ਸ਼ਾਂਤ
ਲੰਬੀ : ਨਵੀਂ ਆਟਾ ਦਾਲ ਸਕੀਮ ਅਤੇ ਕੌਮੀ ਖਾਦ ਸੁਰੱਖਿਆ ਐਕਟ (ਐਨ.ਐਫ.ਐਸ.ਏ) ਦੀ ਕਣਕ ਨਵੇਂ ਸੂਟ-ਬੂਟ ’ਚ ਲਾਭਪਾਤਰੀਆਂ ਤੱਕ ਪੁੱਜਿਆ ਕਰੇਗੀ। ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕਾਲਾਬਾਜ਼ਰੀ/ਹੇਰਾ-ਫੇਰੀ ਨੂੰ ਰੋਕਣ ਲਈ ਆਟਾ ਦਾਲ ਸਕੀਮ ਦੀ ਕਣਕ ਲਈ ਵੱਖਰੀ ਪਛਾਣ ਵਾਲੇ ਪਲਾਸਟਿਕ ਦੇ ਗੱਟੇ ਤਿਆਰ ਕਰਵਾਏ ਹਨ। ਜ਼ਿਨ੍ਹਾਂ ਦੀ ਪਹਿਲਾਂ ਵਾਂਗ ਸਮੱਰਥਾ 30-30 ਕਿਲੋ ਪਵੇਗੀ। ਨਵੀਂ ਲੁੱਕ ਵਾਲੇ ਗੱਟਿਆਂ ’ਚ ਖਰੀਦ ਏਜੰਸੀ ਪਨਗਰੇਨ ਜਰੀਏ ਦਾਣਾ ਮੰਡੀਆਂ ’ਚ ਕਣਕ ਭਰਵਾਈ ਜਾ ਰਹੀ ਹੈ। ਆਟਾ ਦਾਲ ਸਕੀਮ ਨੂੰ ਨਵੀਂ ਲੁੱਕ ਦੇਣ ਲਈ ਬਣਵਾਏ ਨਵੇਂ ਸਫ਼ੈਦ ਗੱੱਟਿਆਂ ’ਤੇ ਉਚੇਚੇ ਤੌਰ ’ਤੇ ਨੀਲੀ ਬੈਕਗਰਾਊਂਡ ਉੱਪਰ ਕਣਕ ਦੀ ਕੀਮਤ 2/- ਪ੍ਰਤੀ ਕਿਲੋ ਵੱਡ ਆਕਾਰੀ ਲਿਖੀ ਗਈ ਹੈ। ਇਸਦੇ ਇਲਾਵਾ ਗੱਟਿਆਂ ’ਤੇ ‘ਕੋਈ ਘਰ ਨਾ ਸੋਵੇ ਭੁੱਖਾ’ ਵਾਕ ਲਿਖ ਕੇ ਸਕੀਮ ਦੀ ਮੂਲ ਭਾਵਨਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਕੀਮ ’ਚ ਪਾਰਦਰਸ਼ਿਤਾ ਬਰਕਰਾਰ ਰੱਖਣ ਲਈ ਗੱਟਿਆਂ ਦਾ ਵਜ਼ਨ ਅਤੇ ਕੀਮਤ ਵੀ ਬਕਾਇਦਾ ਤੌਰ ’ਤੇ ਦਰਸਾਈ ਗਈ ਹੈ। 
ਸਰਕਾਰੀ ਸੂਤਰਾਂ ਅਨੁਸਾਰ ਸੂਬੇ ਦੇ ਵੀ.ਆਈ.ਪੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਸਲਾਨਾ 3.60 ਲੱਖ ਕੁਇੰਟਲ ਕਣਕ ਆਟਾ ਦਾਲ ਸਕੀਮ ਅਤੇ (ਐਨ.ਐਫ.ਐਸ.ਏ) ਤਹਿਤ ਵੰਡੀ ਜਾਂਦੀ ਹੈ। ਜ਼ਿਲ੍ਹੇ ਦੇ 5 ਬਲਾਕਾਂ ’ਚ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ-ਕਮ-ਪਨਗ੍ਰੇਨ ਵੱਲੋਂ ਜ਼ਿਲ੍ਹੇ ’ਚ ਪੰਜ ਜਗ੍ਹਾ ਸਟੋਰ ਕੀਤੀ ਜਾਵੇਗੀ। ਹੁਣ ਤੱਕ ਜ਼ਿਲ੍ਹੇ ’ਚ ਖਰੀਦ ਏਜੰਸੀ ਕੋਲ ਨਵੇਂ ਰੰਗ-ਰੂਪ ਵਾਲੇ 5 ਲੱਖ ਖਾਲੀ ਗੱਟੇ ਪਹੁੰਚ ਚੁੱਕੇ ਹਨ। 
ਮੰਨਿਆ ਜਾ ਰਿਹਾ ਹੈ ਕਿ ਜਿੱਥੇ ਨਿਵੇਕਲੀ ਪਛਾਣ ਵਾਲੇ ਨਵੇਂ ਗੱਟਿਆਂ ਕਰਕੇ ਆਟਾ ਦਾਲ ਸਕੀਮ ਨੂੰ ਜ਼ਮੀਨੀ ਵੰਡਕਾਰਾਂ ਦੀਆਂ ਕਥਿਤ ਹੇਰਾ-ਫੇਰੀਆਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ, ਗਰੀਬਾਂ ਰੇਖਾ ਨਾਲ ਜੁੜੇ ਲਾਭਪਾਤਰੀਆਂ ਤੱਕ ਸੌ ਫ਼ੀਸਦੀ ਪਹੁੰਚਣ ਦੀ ਆਸ ਬੱਝੇਗੀ। ਗੱਟਿਆਂ ਉੱਪਰ ਉਕਤ ਸਕੀਮ ’ਚ ਪੰਜਾਬ ਸਰਕਾਰ ਦੀ ਨਵੀਂ ਆਟਾ-ਦਾਲ ਸਕੀਮ ਅਤੇ ਕੇਂਦਰ ਸਰਕਾਰ ਦੇ ਐਨ.ਐਸ.ਐਫ਼.ਏ (ਕੌਮੀ ਖਾਦ ਸੁਰੱਖਿਆ ਐਕਟ) ਦੀ ਭਾਈਵਾਲੀ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਜਿਵੇਂ ਕਿ ਨਿੱਤ ਹੀ ਆਟਾ-ਦਾਲ ਸਕੀਮ ਤਹਿਤ ਘਟੀਆ ਅਤੇ ਨਾ-ਖਾਣਯੋਗ ਕਣਕ ਆਉਣ ਦੀਆਂ ਸ਼ਿਕਾਇਤਾਂ ਨਸ਼ਰ ਹੁੰਦੀਆਂ ਹਨ। ਅਜਿਹੇ ’ਚ ਪਨਗ੍ਰੇਨ ਨੇ ਗੱਟਿਆਂ ਵਿੱਚ ਕਣਕ ਭਰਤੀ ਸਮੇਂ ਸਿਲਾਈ ਹੇਠਾਂ ਸਬੰਧਤ ਆੜ੍ਹਤੀਏ ਦੀਆਂ ਸਲਿੱਪਾਂ ਲਗਾਉਣੀਆਂ ਲਾਜਮੀ ਕੀਤੀਆਂ ਗਈਆਂ ਹਨ, ਤਾਂ ਜੋ ਕਣਕ ਦੇ ਖ਼ਰਾਬ ਹੋਣ ਜਾਂ ਵਜ਼ਨ ਵਿੱਚ ਹੇਰ-ਫ਼ੇਰ ਹੋਣ ’ਤੇ ਜਵਾਬਤਲਬੀ ਕੀਤੀ ਜਾ ਸਕੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਲਾਭਪਾਤਰੀਆਂ ਲਈ ਪਨਗ੍ਰੇਨ ਵੱਲੋਂ ਆਟਾ ਦਾਲ ਸਕੀਮ ਲਈ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਵਿੱਚੋਂ ਇੱਕ ਲੱਖ ਗੱਟਾ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਿਸਨੂੰ ਪਿੰਡ ਫਤੂਹੀਵਾਲਾ-ਸਿੰਘੇਵਾਲਾ ਨੇੜਲੇ ਇੱਕ ਸ਼ੈਲਰ ’ਚ ਸਟੋਰ ਕੀਤਾ ਜਾਵੇਗਾ। ਉਂਝ ਆਟਾ-ਦਾਲ ਸਕੀਮ ਦੇ 30 ਕਿਲੋ ਵਾਲੇ ਗੱਟਿਆਂ ਦੀ ਸਫ਼ਾਈ/ਭਰਵਾਈ ਦੇ ਖਰਚੇ ਨੂੰ ਲੈ ਕੇ ਕੁਝ ਦਿਨਾਂ ਤੋਂ ਆੜ੍ਹਤੀਆਂ ਨਾਲ ਖਿੱਚੋਤਾਣ ਜਾਰੀ ਸੀ। ਆੜ੍ਹਤੀਆਂ ਅਨੁਸਾਰ ਸਰਕਾਰ ਇਸ ਗੱਟੇ ਦੀ ਸਫ਼ਾਈ ਸਬੰਧੀ 2.13 ਰੁਪਏ ਆੜ੍ਹਤੀਆਂ ਨੂੰ ਦੇਣ ਲਈ ਰਾਜੀ ਹੋ ਗਈ ਹੈ। ਨਵੀਂ ਪਛਾਣ ਵਾਲੇ ਗੱਟਿਆਂ ਨਾਲ ਆਮ ਲਾਭਪਾਤਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਰਹਿਤ ਹੋਣ ਦੀ ਆਸ ਬੱਝੀ ਹੈ, ਉਥੇ ਨਵੇਂ ਮਾਹੌਲ ’ਚ ਜ਼ਮੀਨੀ ਜ਼ਮੀਨੀ ਵੰਡਕਾਰਾਂ ਨੂੰ ਸਿੱਧੇ ਤੌਰ ’ਤੇ ਆਟਾ ਦਾਲ ਦੀ ਕਣਕ ’ਚ ਕਥਿਤ ਹੇਰਾ-ਫੇਰੀ ਕਰਨੀ ਕਾਫ਼ੀ ਹੱਦ ਤੱਕ ਆਰਥਿਕ ਪੱਖੋਂ ਮਹਿੰਗੀ ਹੋ ਜਾਵੇਗੀ। ਜ਼ਿਲ੍ਹਾ ਫੂਡ ਸਪਲਾਈ ਅਫਸਰ-ਕਮ-ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਪਰਮਜੀਤ ਸਿੰਘ ਧਮੀਜਾ ਨੇ ਆਖਿਆ ਕਿ ਆਟਾ ਦਾਲ ਸਕੀਮ ਦੀ ਕਣਕ ’ਚ ਹੇਰਾ-ਫੇਰੀਆਂ ਰੋਕਣ ਲਈ ਸਰਕਾਰ ਵੱਲੋਂ ਛਪਵਾਈ ਵਾਲੇ ਗੱਟੇ ਸ਼ੁਰੂ ਕੀਤੇ ਗਏ ਹਨ। ਜਿਸ ਨਾਲ ਊਣਤਾਈਆਂ ਨੂੰ ਨੱਥ ਪਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲਗਪਗ 12 ਲੱਖ ਗੱਟੇ ਕਣਕ ਦੀ ਲਾਭਪਾਤਰੀਆਂ ਨੂੰ ਵੰਡੀ ਜਾਂਦੀ ਹੈ ਅਤੇ ਹੁਣ ਤੱਕ 5 ਲੱਖ ਖਾਲੀ ਕਣਕ ਭਰਵਾਈ ਲਈ ਵਿਭਾਗ ਕੋਲ ਪੁੱਜ ਚੁੱਕੇ ਹਨ। 




   ਪੈਨਸ਼ਨ/ਰਾਸ਼ਨ ਦੀ ਅਗਾਊਂ ਸੂਚਨਾ ਐਸ.ਐਮ.ਐਸ. ਜਰੀਏ ਮਿਲੇ 
ਜਨਤਕ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਇੰਨ-ਬਿੰਨ ਪਹੁੰਚਾਉਣ ਲਈ ਮੋਬਾਇਲ ਐਸ.ਐਮ.ਐਸ ਦਾ ਸਹਾਰਾ ਲੈਣ ਦੀ ਮੰਗ ਉੱਠਣ ਲੱਗੀ ਹੈ। ਆਮ ਜਨਤਾ ਅਨੁਸਾਰ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਅਤੇ ਸਰਕਾਰੀ ਰਾਸ਼ਨ ਡੀਪੂਆਂ ਦੇ ਰਾਸ਼ਨ ਦੀ ਸੂਚਨਾ ਮੋਬਾਇਲ ਫੋਨ ’ਤੇ ਐਸ.ਐਮ.ਐਸ ਜਰੀਏ ਲਾਭਪਾਤਰੀਆਂ ਨੂੰ ਪਹੁੰਚਣੀ ਚਾਹੀਦੀ ਹੈ, ਤਾਂ ਜੋ ਹੱਕਦਾਰਾਂ ਨੂੰ ਪੈਨਸ਼ਨ ਅਤੇ ਰਾਸ਼ਨ ਲੈਣ ਤੋਂ ਪਹਿਲਾਂ ਹੀ ਪੈਨਸ਼ਨ ਦੀ ਰਕਮ ਅਤੇ ਮਿਲਣ ਵਾਲੇ ਰਾਸ਼ਨ ਦੇ ਵਜ਼ਨ ਸਬੰਧੀ ਇੰਨ-ਬਿੰਨ ਜਾਣਕਾਰੀ ਮਿਲ ਸਕੇ। ਸਰਕਾਰ ਦੀ ਮੰਦੀ ਹਾਲਤ ਕਰਕੇ ਕਈ-ਕਈ ਮਹੀਨਿਆਂ ਬਾਅਦ ਪੈਨਸ਼ਨ ਇਕੱਠੀ ਆਉਂਦੀ ਹੈ ਅਤੇ ਬਹੁਤੇ ਮਾਮਲਿਆਂ ’ਚ ਲਾਭਪਾਤਰੀ ਕੁੰਡੀ ਲੱਗ ਜਾਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਐਸ.ਐਮ.ਐਸ. ਸਰਵਿਸ ਨਾਲ ਆਮ ਜਨਤਾ ’ਚ ਜਾਗਰੂਕਤਾ ਅਤੇ ਜਨਤਕ ਸੇਵਾਵਾਂ ’ਚ ਹੇਰਾ-ਫੇਰੀਆਂ ਕਰਨ ਵਾਲਿਆਂ ’ਤੇ ਨਕੇਲ ਕਸੀ ਜਾਵੇਗੀ। 

98148-26100 / 93178-26100







No comments:

Post a Comment