(ਭਾਗ ਪਹਿਲਾ)
ਇੱਕ ਵਾਰ ਮੈਂ ਉਸਦੇ ਪਿੰਡ ਸਿੰਘੇਵਾਲਾ ਦੀ ਮੀਟਿੰਗ ਕਰਾਉਣ ਗਿਆ ਸੀ। ਜਦੋਂ ਮੈਂ ਨਾਨਕ ਸਿੰਘ ਦੇ ਘਰ ਗਿਆ ਤਾਂ ਨਾਨਕ ਦੇ ਘਰ ਵਾਲੇ ਭਰੇ ਪੀਤੇ ਪਏ ਸਨ। ਉਹਨਾਂ ਨੇ ਚਾਹ ਪਾਣੀ ਦੇ ਨਾਲ ਹੀ ਮੇਰੇ ਕੋਲ ਨਾਨਕ ਦੇ ਖਿਲਾਫ ਰੱਜਕੇ ਗੁੱਭ - ਗਲਾਟ ਕੱਢਿਆ। ਪਿੰਡ ਦੀ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਤੇ ਭਖਵਾ ਮਸਲਾ ਨਾਨਕ ਦੇ ਖਿਲਾਫ ਸੀ। ਮੀਟਿੰਗ 'ਚ ਹਾਜ਼ਰ ਸਾਥੀ ਉਸਤੋਂ ਕਾਫੀ ਔਖੇ ਸੀ।ਪਰ ਉਹ ਸ਼ਾਂਤ ਸੀ। ਗੰਭੀਰ ਸੀ।ਉਹਦਾ ਚਿਹਰਾ ਕਿਸੇ ਵੱਡੀ ਪੀੜ ਨਾਲ ਵਿੰਨ੍ਹਿਆ ਦਿਸਦਾ ਸੀ। ਮੀਟਿੰਗ ਦੇ ਤਹਿ ਸੁਧਾ ਅਜੰਡੇ ਤੋਂ ਪਹਿਲਾਂ ਹਾਜ਼ਰ ਸਾਥੀ ਨਾਨਕ ਦੀ ਕਾਰਵਾਈ ਤੋਂ ਬੇਹੱਦ ਖ਼ਫ਼ਾ ਹਨ। ਕੲੀ ਤਾਂ ਇਹ ਕਹਿਣ ਤੱਕ ਚਲੇ ਗਏ ਕਿ ਇਹਦੇ ਅੰਦਰ ਮਨੁੱਖੀ ਭਾਵਨਾਵਾਂ ਹੀ ਨਹੀਂ । ਇੱਕ ਸਾਥੀ ਭਰਿਆ ਪੀਤਾ ਬੋਲਿਆ ਕਿ ਜਦੋਂ ਰਾਤ ਨੂੰ ਨਾਨਕ ਦੇ ਭਤੀਜੇ ਦੀ ਮੌਤ ਹੋਈ ਤਾਂ ਇਹ ਘਰ ਵਿੱਚ ਹੀ ਸੀ। ਰਾਤ ਭਰ ਤਾਂ ਇਹ ਪਰਿਵਾਰ ਦੇ ਨਾਲ ਰਿਹਾ , ਪਰ ਸਵੇਰੇ ਜਵਾਕ ਦੀ ਮਿੱਟੀ ਕਿਉਂਟਣ ਤੋਂ ਪਹਿਲਾਂ ਹੀ ਬਿਨਾਂ ਦੱਸੇ ਪੁੱਛੇ ਘਰੋਂ ਖਿਸਕ ਗਿਆ। ਇਹਨੇ ਐਡੇ ਵਖਤ 'ਚ ਕੋਈ ਜ਼ਿੰਮੇਵਾਰੀ ਨਹੀਂ ਹੀ ਸਮਝੀ । ਇਹ ਤਾਂ ਗੈਰ ਜ਼ਿੰਮੇਵਾਰ ਵਿਹਾਰ ਆ । ਇਹਨੂੰ ਕਿਸੇ ਦੇ ਦੁੱਖ਼ ਦਰਦ ਕੋਈ ਪ੍ਰਵਾਹ ਹੀ ਨਹੀਂ। ਇੱਕ ਵਾਰ ਤਾਂ ਮੈਨੂੰ ਵੀ ਲੱਗਿਆ ਕਿ ਇਹ ਤਾਂ ਵਾਕਿਆ ਮਾੜਾ ਹੋਇਆ। ਆਖਰ ਮੈਂ ਇਸ ਮਸਲੇ ਬਾਰੇ ਨਾਨਕ ਨਾਲ਼ ਅੱਡ ਗੱਲ ਕਰਨ ਦਾ ਕਹਿਕੇ ਸਭਨੂੰ ਹੌਲੀ ਹੌਲੀ ਸ਼ਾਂਤ ਕਰ ਲਿਆ। ਪਰ ਨਾਨਕ ਨਾ ਬੋਲਿਆ।
ਅਗਲੇ ਦਿਨ ਜਦੋਂ ਮੈਂ ਨਾਨਕ ਨਾਲ਼ ਇਸ ਮਸਲੇ ਬਾਰੇ ਗੱਲ ਸ਼ੁਰੂ ਕੀਤੀ ਤਾਂ ਉਹ ਅੱਖਾਂ ਦੇ ਹੰਝੂ ਪਰਲ ਪਰਲ ਵਹਿ ਤੁਰੇ। ਉਹਦਾ ਗੱਚ ਭਰ ਆਇਆ। ਪਿਛਲੇ ਵਰ੍ਹਿਆਂ ਤੋਂ ਉਹਦੇ ਨਾਲ ਨੇੜਿਓ ਵਿਚਰਦਿਆਂ ਮੈਂ ਉਹਦੀ ਇਹ ਹਾਲਤ ਪਹਿਲੀ ਵਾਰ ਦੇਖੀ । ਉਹ ਕਾਫ਼ੀ ਸਮਾਂ ਕੁਝ ਨਾਂ ਬੋਲਿਆ । ਤੇ ਨਾ ਹੀ ਉਸਨੂੰ ਬੁਲਾਉਣ ਦੀ ਮੇਰੀ ਹਿੰਮਤ ਪਈ। ਕੁੱਝ ਸਮੇਂ ਬਾਅਦ ਜ਼ੋ ਉਸਨੇ ਦੱਸਿਆ ਉਸਦੀ ਖੇਤ ਮਜ਼ਦੂਰਾਂ ਤੇ ਖੇਤ ਮਜ਼ਦੂਰ ਲਹਿਰ ਪ੍ਰਤੀ ਅਪਣੱਤ, ਗੰਭੀਰ ਜ਼ਿੰਮੇਵਾਰੀ ,ਸਰੋਕਾਰ ਅਤੇ ਸਮੂਹਿਕ ਹਿੱਤਾਂ ਲਈ ਨਿੱਜੀ ਹਿੱਤਾਂ ਨੂੰ ਕੁਰਬਾਨ ਦੀ ਲਟ -ਲਟ ਬਲ਼ਦੀ ਇਨਕਲਾਬੀ ਭਾਵਨਾ ਦੇ ਸਾਹਮਣੇ ਮੇਰੀਆਂ ਪਲਕਾਂ ਤੇ ਸਿਰ ਆਪ ਮੁਹਾਰੇ ਝੁਕ ਗਿਆ।ਉਹਦਾ ਕਹਿਣਾ ਸੀ ਕਿ " ਉਸ ਦਿਨ ਮਲੋਟ ਬਲਾਕ ਦੇ ਪਿੰਡ ਔਲਖ ਟਿੱਬਾ ਦੇ ਮਜ਼ਦੂਰਾਂ ਦੇ ਇੱਕ ਅਹਿਮ ਮਸਲੇ ਦੇ ਸਬੰਧੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਆਉਣਾ ਸੀ । ਮਸਲਾ ਪੇਂਡੂ ਚੌਧਰੀਆਂ ਨਾਲ ਪੂਰੀ ਤਰ੍ਹਾਂ ਅੜਫਸ ਦਾ ਸੀ। ਮੈਂ ਸੋਚਿਆ ਕਿ ਮੇਰੇ ਘਰੇ ਰਹਿਣ ਨਾਲ ਤਾਂ ਇਸ ਬੱਚੇ ਨੇ ਵਾਪਸ ਨਹੀਂ ਆ ਸਕਣਾ।ਪਰ ਜੇਕਰ ਮੈਂ ਉਥੇ ਨਾਂ ਗਿਆ ਤਾਂ ਅਫ਼ਸਰਸ਼ਾਹੀ ਤੇ ਜਗੀਰੂ ਚੌਧਰੀ ਸਾਡੇ ਮਜ਼ਦੂਰਾਂ ਨਾਲ ਧੱਕਾ ਕਰਨਗੇ। ਮੇਰੀ ਹਾਜ਼ਰੀ ਘਰ ਨਾਲ਼ੋਂ ਜ਼ਿਆਦਾ ਉਥੇ ਜ਼ਰੂਰੀ ਹੈ। ਮੇਰਾ ਉਥੇ ਨਾ ਜਾਣਾ ਸਾਡੇ ਮਜ਼ਦੂਰਾਂ ਦੇ ਹੌਸਲੇ ਕਮਜ਼ੋਰ ਕਰੂਗਾ ਤੇ ਵਿਰੋਧੀਆਂ ਨੂੰ ਮਨ ਮਰਜ਼ੀ ਕਰਨ ਦਾ ਮੌਕਾ ਮਿਲੂ। ਬੱਸ ਇਹੀ ਸੋਚਕੇ ਤੇ ਦਿਲ 'ਤੇ ਪੱਥਰ ਧਰਕੇ ਮੈਂ ਉਧਰ ਨੂੰ ਤੁਰ ਗਿਆ। ਬਾਕੀ ਜ਼ੋ ਫੈਸਲਾ ਜਥੇਬੰਦੀ ਕਰੂ ਮੈਨੂੰ ਉਹ ਮਨਜ਼ੂਰ ਆ.........।" ਮੈਂ ਉਸਨੂੰ ਘੁੱਟਕੇ ਗਲਵੱਕੜੀ 'ਚ ਲੈ ਲਿਆ । ਉਹ ਲੰਮਾ ਸਮਾਂ ਮੇਰੀ ਬੁੱਕਲ ਚ ਸਿਸਕੀਆਂ ਭਰਦਾ ਰਿਹਾ। ਤੇ ਮੈਂ ਖੇਤ ਮਜ਼ਦੂਰ ਲਹਿਰ ਦੀ ਬੁੱਕਲ ਚ ਅਜਿਹੇ ਜੁਝਾਰੂਆਂ ਦੀ ਆਮਦ ਦੀ ਬਦੌਲਤ ਖੇਤ ਮਜ਼ਦੂਰ ਲਹਿਰ ਦੇ ਰੌਸ਼ਨ ਭਵਿੱਖ ਦੇ ਸੁਪਨੇ ਬੁਣਦਾ ਉਸਤੋਂ ਵਿਦਾ ਹੋਇਆ। ਇਉਂ ਨਾਨਕ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਦੇ 18 ਵਰ੍ਹਿਆਂ ਦੌਰਾਨ ਇੱਕ ਨਹੀਂ ਅਨੇਕਾਂ ਅਜਿਹੇ ਮੌਕੇ ਆਏ ਜਦੋਂ ਪਰਿਵਾਰ ਦੇ ਹਿੱਤਾਂ ਤੇ ਖੇਤ ਮਜ਼ਦੂਰਾਂ ਦੇ ਸਮੂਹਿਕ ਹਿੱਤਾਂ ਚੋ ਇੱਕ ਦੀ ਚੋਣ ਕਰਨ ਦਾ ਸਵਾਲ ਨਾਨਕ ਸਿੰਘ ਦੇ ਸਾਹਮਣੇ ਆਇਆ । ਪਰ ਉਸਨੇ ਹਮੇਸ਼ਾ ਸਮੂਹਿਕ ਹਿੱਤਾਂ ਲਈ ਪਰਿਵਾਰਕ ਹਿੱਤਾਂ ਨੂੰ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ। ਸਾਥੀ ਨਾਨਕ ਨੂੰ ਲਾਲ਼ ਸਲਾਮ।
- ਲਛਮਣ ਸਿੰਘ ਸੇਵੇਵਾਲਾ
ਜਨਰਲ ਸਕੱਤਰ,
ਪੰਜਾਬ ਖੇਤ ਮਜਦੂਰ ਯੂਨੀਅਨ
ਇਹ ਯਾਦਾਂ ਦੀ ਲੜੀ ਕੋਸ਼ਿਸ਼ ਕਰ ਜਰੂਰ ਜਾਰੀ੍ ਰੱਖਣਾ ਜੀ।
ReplyDeleteਅਜਿਹੇ ਸਾਥੀਆਂ ਦੇ ਮਾਣ ਵਿੱਚ ਸਿਰ ਝੁਕਦਾ ਹੈ.........