Showing posts with label kulwant dhaliwal. Show all posts
Showing posts with label kulwant dhaliwal. Show all posts

13 October 2011

ਦੁਨੀਆਂ ਭਰ 'ਚ ਏਡਜ ਨਾਲੋਂ ਵੀ ਚਾਰ ਗੁਣਾ ਵੱਧ ਫੈਲਿਆ ਕੈਂਸਰ

-ਤਾਜੇ ਅੰਕੜਿਆਂ ਅਨੁਸਾਰ ਦੁਨੀਆਂ ਭਰ 'ਚ ਕੈਂਸਰ ਦੀ ਬੀਮਾਰੀ 'ਚ 
20 ਫ਼ੀਸਦੀ ਦਾ ਔਸਤਨ ਵਾਧਾ-
                                          
                                                     ਇਕਬਾਲ ਸਿੰਘ ਸ਼ਾਂਤ
                  ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ 'ਰੋਕੋ ਕੈਂਸਰ' ਦੇ ਗਲੋਬਲ ਰਾਜਦੂਤ ਸ੍ਰੀ ਕੁਲਵੰਤ ਧਾਲੀਵਾਲ ਨੇ ਕਿਹਾ ਕਿ ਅਜੋਕੇ ਤਣਾਅਪੂਰਨ ਮਾਹੌਲ ਨੇ ਮਨੁੱਖਤਾ ਨੂੰ ਸਾਦੇ ਜੀਵਨ ਤੋਂ ਕੋਹਾਂ ਦੂਰ ਲਿਜਾ ਕੇ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦੇ ਚੰਗੁਲ ਵਿਚ ਅਜਿਹਾ ਉਲਝਾ ਦਿੱਤਾ ਹੈ ਕਿ ਕੈਂਸਰ ਦੁਨੀਆਂ 'ਚ ਸਭ ਤੋਂ ਭਿਆਨਕ ਤੇ ਨਾਮੁਰਾਦ ਬੀਮਾਰੀ ਮੰਨੇ ਜਾਂਦੀ ਏਡਜ਼ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਫੈਲ ਚੁੱਕਿਆ ਹੈ।
                ਉਨ੍ਹਾਂ ਅੱਜ ਇਸ ਪ੍ਰਤਿਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਖਿਆ ਕਿ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਕੈਂਸਰ ਦੀ ਬੀਮਾਰੀ ਵਿਚ 20 ਫ਼ੀਸਦੀ ਦਾ ਔਸਤਨ ਵਾਧਾ ਹੋਇਆ ਹੈ, ਜੋ ਕਿ ਮਨੁੱਖਤਾ ਲਈ ਬੇਹੱਦ ਭਿਆਨਕ ਸੰਕੇਤ ਹੈ। ਇਸ ਖ਼ਤਰੇ ਦੀ ਘੰਟੀ ਨੂੰ ਮਹਿਸੂਸ ਕਰਦਿਆਂ ਯੂਰਪੀਅਨ ਮੁਲਕਾਂ ਦੀਆਂ ਸਰਕਾਰਾਂ ਬੇਹੱਦ ਗੰਭੀਰ ਹਨ। ਜਿਸਦੇ ਮੱਦੇਨਜ਼ਰ ਰੋਕੋ ਕੈਂਸਰ ਦੇ ਯਤਨਾਂ ਸਦਕਾ ਕੈਂਸਰ ਦੀ ਰੋਕਥਾਮ ਲਈ ਵਿਸ਼ਵ ਪੱਧਰ 'ਤੇ ਹੱਲ ਕੱਢਣ ਲਈ ਕੱਲ੍ਹ 12 ਅਕਤੂਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਖੇ 17 ਮੁਲਕਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਜਿਸ ਵਿਚ 17 ਮੁਲਕਾਂ ਦੇ ਸੰਸਦ ਮੈਂਬਰ ਹਿੱਸਾ ਲੈਣਗੇ।
ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਮਾਜ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਵਧ ਰਹੇ ਤਣਾਅ ਅਤੇ ਰਸਾਇਣਿਕ ਖਾਦਾਂ ਕਰਕੇ ਹੋਏ ਦੂਸ਼ਿਤ ਹੁੰਦੇ ਪਾਣੀਆਂ ਸਮੇਤ ਵੱਖ-ਵੱਖ ਵਿਸ਼ੇ-ਵਿਕਾਰਾਂ ਕਰਕੇ ਅਜੋਕੇ ਤਰੱਕੀ ਦੇ ਵਸੀਲੇ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਵੀ ਸਿੱਧ ਹੋ ਰਹੇ ਸਨ।
              ਸ੍ਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅਸੀਂ ਤੜਕ-ਭੜਕ ਅਤੇ ਤਣਾਅ ਭਰੇ ਜੀਵਨ ਤੋਂ ਪਾਸਾ ਵੱਟ ਕੇ ਇਕਜੁਟਤਾ ਨਾਲ ਸਾਦੇ ਜੀਵਨ ਵੱਲ ਮੂੰਹ ਨਾ ਮੋੜਿਆ ਤਾਂ ਅਗਲੇ ਇੱਕ-ਡੇਢ ਦਹਾਕੇ ਵਿਚ ਦੁਨੀਆਂ ਦੇ ਤਕਰੀਬਨ ਹਰੇਕ ਦੂਸਰੇ ਪਰਿਵਾਰ ਨੂੰ ਕੈਂਸਰ ਦਾ ਮਾੜਾ ਪਰਛਾਵਾਂ ਭੋਗਣਾ ਪਵੇਗਾ।
                ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਨਾਲ ਜੂਝ ਰਿਹਾ ਹੈ, ਉਥੇ ਦੁਨੀਆਂ ਦੇ ਹੋਰਨਾਂ ਮੁਲਕ ਵੀ ਇਸਦੀ ਮਾਰ ਹੇਠ ਹਨ। ਉਨ੍ਹਾਂ ਕੈਂਸਰ ਦੀ ਬੀਮਾਰੀ ਖਿਲਾਫ਼ ਰੋਕੋ ਕੈਂਸਰ ਦੀਆਂ ਕਾਰਗੁਜਾਰੀਆਂ ਅਤੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਵੱਲੋਂ ਰੋਕੋ ਕੈਂਸਰ ਦੇ ਸਹਿਯੋਗ ਨਾਲ 28 ਅਕਤੂਬਰ ਤੋਂ ਸੂਬੇ ਵਿਚ ਕੈਂਸਰ ਨੂੰ ਮੁੱਢਲੇ ਪਛਾਣਨ ਦੇ ਉਦੇਸ਼ ਨਾਲ ਆਰੰਭੀ ਮੁਹਿੰਮ ਨੂੰ ਇੱਕ ਚੰਗੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਹੁਣ ਜੇਕਰ ਲੋਕ ਗੰਭੀਰਤਾ ਨਾਲ ਇਸ ਮੁਹਿੰਮ ਨੂੰ ਸਾਥ ਦੇਣ ਤਾਂ ਸੂਬੇ ਦੇ ਹਰ ਕੈਂਸਰ ਬਾਰੇ ਸ਼ੱਕੀ ਵਿਅਕਤੀ ਦਾ ਮੁੱਢਲੇ ਪੜਾਅ 'ਤੇ ਚੈਕਅੱਪ ਕਰਵਾ ਕੇ ਪੰਜਾਬ 'ਚ ਵੀ ਵਿਦੇਸ਼ਾਂ ਵਾਂਗ ਕੈਂਸਰ ਨਾਲ ਹੋਣ ਵਾਲੀਆਂ 'ਤੇ ਮੌਤਾਂ ਦੀ ਦਰਾਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ।
                   ਕੈਂਸਰ ਦੀ ਬੀਮਾਰੀ ਖਿਲਾਫ਼ ਆਪਣੇ ਜੀਵਨ ਸਮਰਪਿਤ ਕਰਨ ਵਾਲੇ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਰੋਕੋ ਕੈਂਸਰ ਵੱਲੋਂ ਪੰਜਾਬ ਵਿਚ ਕੈਂਸਰ ਚੈੱਕਅਪ ਲਈ ਪਹਿਲਾਂ 5 ਬੱਸਾਂ ਚੱਲ ਰਹੀਆਂ ਸਨ, ਪਰ ਹੁਣ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਇੱਕ ਨਵੀਂ ਬੱਸ ਰੋਕੋ ਕੈਂਸਰ ਦੇ ਭਾਰਤ ਵਿਚ ਨੁਮਾਇੰਦੇ ਸ: ਅਰਵਿੰਦਰ ਸਿੰਘ ਚਾਵਲਾ ਨੂੰ ਸੌਂਪੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ ਪਿੰਗਲਵਾੜਾ (ਅੰਮ੍ਰਿਤਸਰ) ਵਿਖੇ ਇੱਕ ਕੈਂਸਰ ਚੈੱਕਅੱਪ ਕੈਂਪ ਲਾਇਆ ਜਾ ਰਿਹਾ ਹੈ।

07 May 2011

ਵਿਸ਼ਵ ਸਿਹਤ ਸੰਗਠਨ ਵੀ ਪੰਜਾਬ ਦੇ ਕੈਂਸਰ ਪ੍ਰਤੀ ਬੇਹੱਦ ਗੰਭੀਰ

                                    -ਰੋਕੋ ਕੈਂਸਰ ਨੂੰ ਅੰਕੜੇ ਇਕੱਠੇ ਕਰਨ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼-
                                                                -ਇਕਬਾਲ ਸਿੰਘ ਸ਼ਾਂਤ-
ਭਾਵੇਂ ਪੰਜਾਬ ਦੇ ਸੈਂਕੜੇ ਲੋਕਾਂ ਵੱਲੋਂ ਕੈਂਸਰ ਕਰਕੇ ਜਾਨਾਂ ਗੁਆਉਣ ਦੇ ਬਾਅਦ ਰਾਜ ਸਰਕਾਰ ਅਜੇ ਤੱਕ ਕੈਂਸਰ ਫੰਡ ਗਠਿਤ ਕਰਨ ਦਾ ਐਲਾਨ ਹੀ ਕਰ ਸਕੀ ਹੈ, ਜਦਕਿ ਦੂਜੇ ਪਾਸੇ ਹਜ਼ਾਰਾਂ ਕੋਹਾਂ ਦੂਰ ਸਥਿਤ ਵਿਸ਼ਵ ਸਿਹਤ ਸੰਗਠਨ (ਸੰਯੁਕਤ ਰਾਸ਼ਟਰ) ਨੇ ਪੰਜਾਬ ਵਿਚ ਕੈਂਸਰ ਦੇ ਲਗਾਤਾਰ ਪਸਾਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ 'ਰੋਕੋ ਕੈਂਸਰ' ਰਾਹੀਂ ਪੁਖਤਾ ਅੰਕੜੇ ਇਕੱਠੇ ਕਰਵਾ ਕੇ ਠੋਸ ਕਦਮ ਚੁੱਕਣ ਲਈ ਕਮਰ ਵੀ ਕਸ ਲਈ ਹੈ।
Kulwant Dhaliwal
                ਰੋਕੋ ਕੈਂਸਰ ਦੇ ਅੰਤਰਰਾਸ਼ਟਰੀ ਰਾਜਦੂਤ ਅਤੇ ਗਲੋਬਲ ਸਮਾਜ ਸੇਵੀ ਕੁਲਵੰਤ ਧਾਲੀਵਾਲ ਨੇ ਇੰਗਲੈਂਡ ਤੋਂ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕਿ ਰੋਕੋ ਕੈਂਸਰ ਵੱਲੋਂ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਵਿਚ ਛਾਤੀ ਦੇ ਕੈਂਸਰ ਸਬੰਧੀ ਮੈਡੀਕਲ ਜਾਂਚ ਕੈਂਪ ਲਾਏ ਜਾ ਰਹੇ ਸਨ, ਪਰ ਵਿਸ਼ਵ ਸਿਹਤ ਸੰਗਠਨ (ਸੰਯੁਕਤ ਰਾਸ਼ਟਰ) ਦੇ ਦਿਸ਼ਾ ਨਿਰਦੇਸ਼ਾਂ ਉਪਰੰਤ ਰੋਕੋ ਕੈਂਸਰ ਨੇ ਸੂਬੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਛਾਤੀ ਦੇ ਕੈਂਸਰ ਨਾਲ ਔਰਤਾਂ ਦੀ ਸ਼ਨਾਖ਼ਤ ਲਈ ਮੈਡੀਕਲ ਕੈਂਪ ਲਾਉਣ ਦਾ ਨਿਰਣਾ ਲਿਆ ਹੈ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ 18 ਮਈ ਤੋਂ 28 ਮਈ ਤੱਕ ਪਿੰਡ ਬੜੁੰਦੀ (ਸੰਗਰੂਰ), ਦੀਨਾ ਸਾਹਿਬ, ਪਿੰਡ ਦਾਤਾ (ਮੋਗਾ), ਪਿੰਡ ਮਹਿਲ (ਧਰਮਕੋਟ), ਸ਼ਾਮ ਚੁਰਾਸੀ (ਹੁਸ਼ਿਆਰਪੁਰ) ਪਿੰਡ ਅਮਰਗੜ• (ਨਜ਼ਦੀਕ ਗੋਨਿਆਣਾ), ਪਿੰਡ ਚਕਰ (ਲੁਧਿਆਣਾ) ਅਤੇ ਬੁਰਜ (ਲੁਧਿਆਣਾ) 'ਚ ਕੈਂਪ ਲਾਏ ਜਾਣਗੇ। ਉਨ•ਾਂ ਕਿਹਾ ਕਿ ਸਭ ਤੋਂ ਵੱਧ ਕੈਂਸਰ ਪ੍ਰਭਾਵਿਤ ਜ਼ਿਲ•ਾ ਬਠਿੰਡਾ ਜ਼ਿਲ•ਾ 'ਚ 21 ਮਈ ਦਿਨ ਐਤਵਾਰ ਨੂੰ ਪਿੰਡ ਚਾਉਕੇ ਵਿਖੇ ਇੱਕ ਵਿਸ਼ਾਲ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਸੈਂਕੜਿਆਂ ਔਰਤਾਂ ਦੀ ਮੁਫ਼ਤ ਮੈਡੀਕਲ ਜਾਂਚ ਕੀਤੀ ਜਾਵੇਗੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਇਨ•ਾਂ ਕੈਂਪਾਂ ਵਿਚ ਉਹ ਖੁਦ ਉਚੇਚੇ ਤੌਰ 'ਤੇ ਮੌਜੂਦ ਰਹਿਣਗੇ।
                ਰੋਕੋ ਕੈਂਸਰ ਦੇ ਅੰਤਰਰਾਸ਼ਟਰੀ ਰਾਜਦੂਤ ਨੇ ਕਿਹਾ ਕਿ ਅੰਕੜਿਆਂ ਦੱਸਦੇ ਹਨ ਪੰਜਾਬ 'ਚ ਛਾਤੀ ਦੇ ਕੈਂਸਰ ਨਾਲ 80 ਫ਼ੀਸਦੀ ਮੌਤਾਂ ਹੋ ਰਹੀਆਂ ਹਨ। ਅਜਿਹੇ ਵਿਚ ਔਰਤਾਂ ਨੂੰ ਛਾਤੀ ਕੈਂਸਰ ਤੋਂ ਬਚਾਅ ਪ੍ਰਤੀ ਵਧੇਰੇ ਜਾਗਰੂਕ ਕਰਨ ਤੋਂ ਇਲਾਵਾ ਸਮਾਂ ਰਹਿੰਦੇ ਮਰੀਜਾਂ ਦੀ ਪਛਾਣ ਕਰਨਾ ਵੀ ਅੱਜ ਮੁੱਢਲੀ ਜ਼ਰੂਰਤ ਹੈ।
               ਸ੍ਰੀ ਧਾਲੀਵਾਲ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਪੰਜਾਬ 'ਚ ਵੱਖ-ਵੱਖ ਕਿਸਮ ਕੈਂਸਰ ਦੇ ਪਸਾਰੇ ਨੂੰ ਬੜੀ ਗੰਭੀਰਤ ਨਾਲ ਲਿਆ ਹੈ ਤੇ 'ਰੋਕੋ ਕੈਂਸਰ' ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਪੰਜਾਬ ਵਿਚੋਂ ਕੈਂਸਰ ਦੇ ਪੁਖਤਾ ਅੰਕੜੇ ਆਪਣੇ ਪੱਧਰ 'ਤੇ ਇਕੱਠੇ ਕਰਕੇ ਉਸ ਤੱਕ ਪਹੁੰਚਾਏ ਜਾਣ ਤਾਂ ਜੋ ਪੀੜਤਾਂ ਦੀ ਮੱਦਦ ਲਈ ਕੋਈ ਠੋਸ ਕਦਮ ਚੁੱਕਿਆ ਜਾ ਸਕੇ।
                 ਸ੍ਰੀ ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਕੈਂਸਰ ਮੁਕਤ ਪੰਜਾਬ ਸਿਰਜਣ ਲਈ ਫਸਲਾਂ ਵਿਚ ਖਾਦਾਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਾਹਰਾਂ ਅਨੁਸਾਰ ਅੱਜ ਖਾਦਾਂ ਦੇ ਪ੍ਰਭਾਵ ਹੇਠ ਜ਼ਮੀਨਾਂ 'ਤੇ ਨੰਗੇ ਪੈਰ ਚੱਲਣਾ ਵੀ ਕਿਸੇ ਖ਼ਤਰੇ ਤੋਂ ਖਾਲੀ ਨਹੀਂ।