22 February 2012

ਜਿੱਤ ਦੇ 'ਡੱਗੇ' ਪੈਣਗੇ ਮਹਿੰਗੇ

                                                                   ਚਰਨਜੀਤ ਭੁੱਲਰ
ਬਠਿੰਡਾ : ਚੋਣ ਕਮਿਸ਼ਨ ਵੱਲੋਂ ਜਿੱਤ ਦੇ ਜਸ਼ਨਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ। ਕਮਿਸ਼ਨ ਦੀ ਸਖ਼ਤੀ ਜਿੱਤ ਦੇ ਢੋਲ ਢਮੱਕੇ ਨੂੰ ਵੀ ਠੰਢਾ ਕਰ ਸਕਦੀ ਹੈ।  ਕਮਿਸ਼ਨ ਅਨੁਸਾਰ ਚੋਣ ਨਤੀਜਿਆਂ ' ਜੇਤੂ ਰਹਿਣ ਵਾਲੇ ਉਮੀਦਵਾਰਾਂ ਵੱਲੋਂ ਜੋ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ, ਉਸ ਦਾ ਖਰਚਾ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਬਠਿੰਡਾ ਸ਼ਹਿਰ ' ਤਕਰੀਬਨ 50 ਢੋਲੀ ਮਾਸਟਰ ਹਨ, ਜਿਨ੍ਹਾਂ ਵੱਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਦੀ ਉਡੀਕ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਚੋਣ ਪ੍ਰਚਾਰ ਦੌਰਾਨ ਢੋਲੀਆਂ ਦਾ ਕਾਰੋਬਾਰ ਠੰਢਾ ਰਿਹਾ ਹੈ। ਇੱਥੋਂ ਤੱਕ ਕਿ ਉਮੀਦਵਾਰਾਂ ਨੇ ਆਪਣੇ ਦਫਤਰਾਂ ਅੱਗੇ ਢੋਲੀਆਂ ਨੂੰ ਖੜ੍ਹਨ ਵੀ ਨਹੀਂ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਦਫਤਰ ਅੱਗੇ ਖੜ੍ਹੇ ਢੋਲੀ ਦਾ ਖਰਚਾ ਹੀ ਉਨ੍ਹਾਂ ਦੇ ਚੋਣ ਖਰਚ ਵਿੱਚ ਸ਼ਾਮਲ ਨਾ ਹੋ ਜਾਵੇ।  ਢੋਲੀਆਂ ਨੂੰ ਇੱਕੋ ਉਮੀਦ ਬਚੀ ਹੈ ਕਿ ਚੋਣ ਨਤੀਜਿਆਂ ਵਾਲੇ ਦਿਨ ਉਹ ਮੇਲਾ ਲੁੱਟਣਗੇ। ਹੁਣ ਇਹ ਗੱਲ ਪਤਾ ਲੱਗੀ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਖਰਚਾ ਵੀ ਚੋਣ ਖਰਚੇ ਦਾ ਹਿੱਸਾ ਹੀ ਮੰਨਿਆ ਜਾਵੇਗਾ, ਜਦੋਂਕਿ  ਉਮੀਦਵਾਰ ਵੋਟਾਂ ਦੀ ਗਿਣਤੀ ਦਾ ਦਿਨ ਉਡੀਕ ਰਹੇ ਹਨ। ਚੋਣ ਮੁਕਾਬਲੇ ਫੱਸਵੇਂ ਹੋਣ ਕਰਕੇ ਕੋਈ ਵੀ ਅਗਾਊਂ ਜਸ਼ਨਾਂ ਦੇ ਪ੍ਰਬੰਧ ਨਹੀਂ ਕਰ ਰਿਹਾ ਹੈ। ਅੰਦਰੋ ਅੰਦਰੀ ਸਾਰੇ ਉਮੀਦਵਾਰ ਹੀ ਡਰੇ ਹੋਏ ਹਨ, ਕਿਉਂਕਿ ਵੋਟਰਾਂ ਨੇ ਐਤਕੀਂ ਭੇਤ ਨਹੀਂ ਦਿੱਤਾ ਹੈ। ਪਿਛਲੀਆਂ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਪਹਿਲਾਂ ਹੀ ਢੋਲੀ ਬੁੱਕ ਹੋ ਜਾਂਦੇ ਸਨ।
            ਜਾਣਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਵਾਲੇ ਦਿਨ ਉਮੀਦਵਾਰਾਂ ਵੱਲੋਂ ਜੋ ਵਾਹਨ ਵਰਤੇ ਜਾਣਗੇ, ਉਨ੍ਹਾਂ ਦਾ ਖਰਚਾ ਵੀ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਜੋ ਉਮੀਦਵਾਰ ਚੋਣ ਜਿੱਤ ਜਾਣਗੇ, ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਜਾਣ ਵਾਲੇ ਲੱਡੂ ਵੀ ਚੋਣ ਖਰਚੇ ਵਿੱਚ ਸ਼ਾਮਲ ਹੋਣਗੇ। ਜਿੱਤ ਦੇ ਜਸ਼ਨਾਂ ਵਿੱਚ ਚਲਾਏ ਜਾਣ ਵਾਲੇ ਪਟਾਖਿਆਂ ਦੇ ਖਰਚੇ ਦਾ ਹਿਸਾਬ ਕਿਤਾਬ ਵੀ ਰੱਖਿਆ ਜਾਵੇਗਾ ਅਤੇ ਜੋ ਗੁਲਾਲ ਪਾਇਆ ਜਾਵੇਗਾ, ਉਸ ਦਾ ਖਰਚਾ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਸ਼ਾਮਲ ਹੋਵੇਗਾ।  ਇੱਥੋਂ ਤੱਕ ਕਿ ਜੇਤੂ ਉਮੀਦਵਾਰਾਂ ਦੇ ਜੋ ਫੁੱਲਾਂ ਦੇ ਹਾਰ ਪਾਏ ਜਾਣਗੇ, ਉਨ੍ਹਾਂ ਦਾ ਖਰਚਾ ਵੀ ਚੋਣ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਅਜਿਹੇ ਹਾਲਾਤ ਵਿੱਚ ਉਮੀਦਵਾਰ ਆਪਣੇ ਜਿੱਤ ਦੇ ਜਸ਼ਨ ਵੀ ਖੁੱਲ੍ਹ ਕੇ ਨਹੀਂ ਮਨਾ ਸਕਣਗੇ। ਕਮਿਸ਼ਨ ਦੇ ਡਰੋਂ ਉਮੀਦਵਾਰਾਂ ਨੇ ਐਤਕੀਂ ਬਹੁਤ ਹੀ ਸੰਜਮ ਨਾਲ ਚੋਣ ਖਰਚ ਕੀਤਾ ਹੈ।  ਚੋਣ ਕਮਿਸ਼ਨ ਅਨੁਸਾਰ ਹਰ ਉਮੀਦਵਾਰ ਨੂੰ ਆਪਣੇ ਚੋਣ ਪ੍ਰਚਾਰ 'ਤੇ 16 ਲੱਖ ਰੁਪਏ ਖਰਚ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਕਮਿਸ਼ਨ ਦੀ ਹਦਾਇਤ 'ਤੇ ਚੋਣ ਪ੍ਰਸ਼ਾਸਨ ਵੱਲੋਂ ਹਰ ਉਮੀਦਵਾਰ ਦੇ ਸ਼ੈਡੋ ਰਜਿਸਟਰ ਲਗਾਏ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰੀ ਪੱਧਰ 'ਤੇ ਉਮੀਦਵਾਰਾਂ ਦੇ ਚੋਣ ਖਰਚ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਰੱਖਿਆ ਗਿਆ ਹੈ। ਇਹ ਸ਼ੈਡੋ ਰਜਿਸਟਰ ਵੋਟਾਂ ਦੀ ਗਿਣਤੀ ਮਗਰੋਂ ਬੰਦ ਕੀਤੇ ਜਾਣਗੇ।
           ਵੋਟਾਂ ਦੀ ਗਿਣਤੀ ਮਗਰੋਂ ਜੇਤੂ ਉਮੀਦਵਾਰਾਂ ਦੇ ਜਸ਼ਨਾਂ ਦਾ ਖਰਚਾ ਵੀ ਸ਼ੈਡੋ ਰਜਿਸਟਰ ਵਿੱਚ ਵੀ ਦਰਜ ਕੀਤਾ ਜਾਵੇਗਾ। ਜਿੱਤ ਦੇ ਜਸ਼ਨਾਂ ਦੀ ਵੀਡੀਓਗਰਾਫੀ ਵੀ ਕੀਤੀ ਜਾਵੇਗੀ। ਇਸ ਵੀਡੀਓਗਰਾਫੀ ਦੇ ਅਧਾਰ 'ਤੇ ਖਰਚਾ ਪਾਇਆ ਜਾਵੇਗਾ। ਖਰਚਾ ਟੀਮਾਂ ਵੀ ਵੋਟਾਂ ਦੀ ਗਿਣਤੀ ਵਾਲੇ ਦਿਨ ਹਾਜ਼ਰ ਰਹਿਣਗੀਆਂ।  ਹਲਕਾ ਮੌੜ ਦੇ ਰਿਟਰਨਿੰਗ ਅਫਸਰ ਪਵਨ ਗਰਗ ਦਾ ਕਹਿਣਾ ਸੀ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਖਰਚਾ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਉਮੀਦਵਾਰਾਂ ਵੱਲੋਂ ਜੋ ਢੋਲ ਢਮੱਕਾ ਕੀਤਾ ਜਾਵੇਗਾ, ਉਸ ਨੂੰ ਵੀ ਉਮੀਦਵਾਰ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਬਕਾਇਦਾ ਵੀਡੀਓਗਰਾਫੀ ਕਰਨ ਵਾਲੀਆਂ ਟੀਮਾਂ ਹਾਜ਼ਰ ਰਹਿਣਗੀਆਂ। ਸੂਤਰਾਂ ਨੇ ਦੱਸਿਆ ਕਿ ਜੋ ਉਮੀਦਵਾਰ ਹਾਰੇ ਹੋਣਗੇ, ਉਨ੍ਹਾਂ ਦੇ ਵਾਹਨਾਂ ਦਾ ਖਰਚਾ ਵੀ ਉਨ੍ਹਾਂ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ

11 February 2012

ਡੇਰਾ ਮੁਖੀ ਦਾ ਮੁਕੱਦਮਾ ਰੱਦ ਕਰਾਉਣ ਦਾ ਮਾਮਲਾ 18 ਫਰਵਰੀ ਤੱਕ ਮੁਲਤਵੀ

   ਪੁਲਿਸ ਵੱਲੋਂ ਇਸਤੇਮਾਲ ਜੁਗਤਾਂ ਨੇ ਨਾਪਾਕ ਸੌਦੇ ਦੀ ਪੁਸਟੀ ਕੀਤੀ 
    ਬਠਿੰਡਾ, 11 ਫਰਵਰੀ ( ਬੀ ਐਸ ਭੁੱਲਰ)  :  ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਬਠਿੰਡਾ ਪੁਲਿਸ ਵੱਲੋਂ ਜੋ ਜੁਗਤਾਂ ਇਸਤੇਮਾਲ ਕੀਤੀਆਂ ਗਈਆਂ ਹਨ, ਉਹ ਵੋਟ ਰਾਜਨੀਤੀ ਤੇ ਧਾਰਮਿਕ ਭਾਵਨਾਵਾਂ ਦੇ ਨਾਪਾਕ ਸੌਦੇ ਦੀ ਪੁਸਟੀ ਹੀ ਨਹੀਂ ਕਰਦੀਆਂ, ਬਲਕਿ ਇਹ ਅਦਾਲਤ ਨੂੰ ਗੁੰਮਰਾਹ ਕਰਨ ਦੇ ਅਪਰਾਧਿਕ ਯਤਨਾਂ ਨਾਲ ਵੀ ਲਿਬੜੀਆਂ ਪਈਆਂ ਹਨ
 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਪੰਥ ਦੀ ਤਰਜ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਪੰਜਾਬ ਵਿਚਲੇ ਆਪਣੇ ਹੈੱਡਕੁਆਟਰ ਸਲਾਬਤਪੁਰਾ ਵਿਖੇ ਜੋ ਜਾਮ ਏ ਇੰਸਾਂ ਛਕਾਇਆ ਸੀ, ਉਸ ਸਬੰਧੀ 13 ਮਈ 2007 ਦੇ ਕੁਝ ਅਖ਼ਬਾਰਾਂ ਵਿੱਚ ਪ੍ਰਕਾਸਿਤ ਇਸਤਿਹਾਰਾਂ ਨੂੰ ਪੜ੍ਹ ਕੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ: ਰਜਿੰਦਰ ਸਿੰਘ ਸਿੱਧੂ ਨੇ ਐਸ ਐਸ ਪੀ ਬਠਿੰਡਾ ਨੂੰ ਇੱਕ ਦਰਖਾਸਤ ਪੇਸ ਕੀਤੀ ਸੀ, ਪਟਿਆਲਾ ਜੋਨ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਕੋਤਵਾਲੀ ਬਠਿੰਡਾ ਵਿਖੇ ਉਸ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਏ ਤਹਿਤ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕੀਤਾ ਸੀ
               ਰਪਟ ਨੰਬਰ 24 ਮਿਤੀ 10 ਜੂਨ 2007 ਰਾਹੀਂ ਜੁਰਮ ਚ ਵਾਧਾ ਕਰਦਿਆਂ ਤਫ਼ਤੀਸੀ ਅਫ਼ਸਰ ਨੇ ਇਸ ਵਿੱਚ 298 ਅਤੇ 153 ਏ ਦਾ ਵਾਧਾ ਕਰ ਦਿੱਤਾ ਸੀਹਾਲਾਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਦੀ ਗਿਰਫਤਾਰੀ ਤੇ ਭਾਵੇਂ ਰੋਕ ਲਾ ਦਿੱਤੀ ਸੀ, ਬਾਵਜੂਦ ਇਸਦੇ ਪੁਲਿਸ ਨੇ 12 ਵਾਰ ਸਾਮਲ ਤਫ਼ਤੀਸ ਕਰਕੇ 30 ਜੁਲਾਈ 2007 ਨੂੰ ਬਕਾਇਦਾ ਗਿਰਫਤਾਰ ਕਰਕੇ ਜਮਾਨਤ ਤੇ ਰਿਹਾਅ ਕਰ ਦਿੱਤਾ ਸੀ
                ਡੇਰਾ ਮੁਖੀ ਵਿਰੁੱਧ ਦਰਜ ਕੀਤੇ ਉਕਤ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕੋਤਵਾਲੀ ਪੁਲਿਸ ਨੇ ਚੀਫ਼ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵਿਖੇ ਜੋ ਰਿਪੋਰਟ ਦਾਇਰ ਕੀਤੀ, ਉਸ ਰਾਹੀਂ ਜਾਮ-ਏ-ਇੰਸਾਂ ਛਕਾਉਣ ਦਾ ਘਟਨਾਮ ਜਿਸਨੂੰ ਪੁਲਿਸ ਦੀ ਭਾਸ਼ਾ ਵਿੱਚ ਵਕੂਆ ਕਿਹਾ ਜਾਂਦਾ, 13 ਮਈ 2007 ਦਰਸਾਇਆ ਗਿਐਇੱਥੇ ਹੀ ਬੱਸ ਨਹੀਂ ਰਿਪੋਰਟ ਪੇਸ ਕਰਨ ਵਾਲੇ ਥਾਨਾ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ  ਕਿ ਉਸ ਵੱਲੋਂ ਕੀਤੀ ਜਾਹਰਾ ਅਤੇ ਖੁਫ਼ੀਆ ਪੜਤਾਲ ਤੋਂ ਇਹ ਸਾਬਤ ਹੁੰਦਾ ਕਿ ਉਸ ਦਿਨ 13 ਮਈ ਨੂੰ ਨਾ ਤਾਂ ਸਲਾਬਤਪੁਰਾ ਡੇਰੇ ਵਿਖੇ ਕੋਈ ਸਮਾਗਮ ਹੋਇਐ ਅਤੇ ਨਾ ਹੀ ਗੁਰਮੀਤ ਰਾਮ ਰਹੀਮ ਸਿੰਘ ਉਸ ਦਿਨ ਉੱਥੇ ਜਾਣਾ ਸਾਬਤ ਹੁੰਦਾ
              ਦਿਲਚਸਪ ਤੱਥ ਇਹ  ਕਿ ਆਪਣੇ ਵਿਰੁੱਧ ਦਰਜ ਕੀਤੇ ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਡੇਰਾ ਮੁਖੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਜੋ ਰਿੱਟ ਪਟੀਸਨ ਨੰਬਰ 39792-ਐਮ ਆਫ 2007 ਦਾਇਰ ਕੀਤੀ ਸੀ, ਉਸ ਰਾਹੀਂ ਜ਼ਾਹਰਾ ਤੌਰ ਤੇ ਇਹ ਇਕਬਾਲ ਕੀਤਾ  ਕਿ 11 ਮਈ 2007 ਨੂੰ ਸਲਾਬਤਪੁਰਾ ਵਿਖੇ ਉਹ ਨਾ ਸਿਰਫ ਉੱਥੇ ਗਿਆ ਸੀ, ਬਲਕਿ ਜਾਮ ਏ ਇੰਸਾਂ ਵੀ ਛਕਾਇਆ ਸੀ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਇਸ ਪਟੀਸਨ ਦੇ ਸੰਦਰਭ ਵਿੱਚ ਉਸ ਵੇਲੇ ਦੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਨੇ ਅਦਾਲਤ ਵਿਖੇ ਜਿਹੜਾ ਹਲਫੀਆ ਬਿਆਨ ਦਾਇਰ ਕੀਤਾ ਸੀ, ਉਸ ਰਾਹੀਂ ਨਾ ਸਿਰਫ ਉਕਤ ਵਾਰਦਾਤ ਹੋਣ ਦੀ ਪੁਸਟੀ ਕੀਤੀ ਬਲਕਿ ਇਹ ਦਾਅਵਾ ਵੀ ਕੀਤਾ ਸੀ ਕਿ ਪੁਲਿਸ ਮਿਸਲ ਤੇ ਆਈਆਂ ਗਵਾਹੀਆਂ ਤੇ ਸਬੂਤਾਂ ਅਨੁਸਾਰ ਗੁਰਮੀਤ ਰਾਮ ਰਹੀਮ ਵਿਰੁੱਧ ਮੁਕੱਦਮਾ ਚਲਾਉਣਾ ਕਾਨੂੰਨਨ ਜਾਇਜ ਇਸਤੋਂ ਪਹਿਲਾਂ ਕਿ ਜਸਟਿਸ ਰਣਜੀਤ ਸਿੰਘ ਆਪਣਾ ਫੈਸਲਾ ਸੁਣਾਉਦੇ ਡੇਰਾ ਮੁਖੀ ਦੇ ਵਕੀਲ ਨੇ ਉਸ ਵੱਲੋਂ ਦਾਇਰ ਕੀਤੀ ਪਟੀਸਨ ਵਾਪਸ ਲੈ ਲਈ
            ਜੇਕਰ ਮੁੱਦਈ ਰਜਿੰਦਰ ਸਿੰਘ ਵੱਲੋਂ ਦਰਜ ਕਰਵਾਏ ਮੁਕੱਦਮੇ ਅਤੇ ਪੁਲਿਸ ਦੀ ਕਲੋਜਰ ਰਿਪੋਰਟ ਦੀ ਇਬਾਰਤ ਨੂੰ ਗਹੁ ਨਾਲ ਪੜਿ੍ਹਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ  ਹੋ ਜਾਂਦਾ ਕਿ ਪੁਲਿਸ ਨੇ ਇਹ ਮਾਮਲਾ ਅਖਬਾਰੀ ਇਸਤਿਹਾਰਾਂ ਦੇ ਪ੍ਰਕਾਸਿਤ ਹੋਣ ਦੀ ਬਦੌਲਤ ਹੀ ਦਰਜ ਕੀਤਾ ਸੀ, ਜਦ ਕਿ ਇਹ ਜਾਂਚ ਦੌਰਾਨ ਹੀ ਸਾਬਤ ਹੋਇਆ ਕਿ ਉਕਤ ਅਪਰਾਧ 11 ਮਈ 2007 ਨੂੰ ਵਾਪਰਿਆ
           ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਥਾਨਾ ਅਧਿਕਾਰੀ ਨੇ ਜੋ ਜੁਗਤਾਂ ਇਸਤੇਮਾਲ ਕੀਤੀਆਂ ਹਨ, ਉਸਤੋਂ ਇਹ ਪੂਰੀ ਤਰ੍ਹਾਂ ਸਪਸਟ ਹੋ ਜਾਂਦਾ  ਕਿ ਜਿੱਥੇ ਪੁਲਿਸ ਦਾ ਸਟੈਂਡ ਆਪਾ ਵਿਰੋਧੀ, ਉੱਥੇ ਇਹ ਅਦਾਲਤ ਨੂੰ ਗੁੰਮਰਾਹ ਕਰਨ ਦੇ ਯਤਨ ਨਾਲ ਲਬਰੇਂਜ ਹੋਣ ਤੋਂ ਇਲਾਵਾ ਵੋਟ ਰਾਜਨੀਤੀ ਅਤੇ ਧਾਰਮਿਕ ਭਾਵਨਾਵਾਂ ਦਰਮਿਆਨ ਹੋਏ ਨਾਪਾਕ ਸੌਦੇ ਦੀ ਪੁਸਟੀ ਵੀ ਅਦਾਲਤ ਨੇ ਬਹਿਸ ਸੁਣਨ ਉਪਰੰਤ ਇਹ ਮਾਮਲਾ 18 ਫਰਵਰੀ ਲਈ ਮੁਲਤਵੀ ਕਰ ਦਿੱਤਾ

10 February 2012

ਠੰਢ ਦੇ ਭੰਨੇ ਕਈ ਉਮੀਦਵਾਰਾਂ ਨੇ ਡੇਰਿਉਂ ਨਿਕਲਕੇ ਠੇਕਿਆਂ ਤੇ ਪਨਾਹ ਲਈ

ਡੇਰੇ ਦੇ ਰਾਜਸੀ ਵਿੰਗ ਨੇ ਘਾਗ ਸਿਆਸਤਦਾਨਾਂ ਦੇ ਵਲ੍ਹਾਵੇਂ ਕੱਢੇ-ਮਾਮਲਾ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਘੱਟ ਨਹੀਂ

                                                                ਬੀ ਐਸ ਭੁੱਲਰ
ਬਠਿੰਡਾ : ਪ੍ਰੇਮੀਆਂ ਦੇ ਕੱਚ ਘਰੜ ਰਾਜਸੀ ਵਿੰਗ ਨੇ ਘਾਗ ਰਾਜਨੀਤਕ ਵੋਟ ਮੰਗਤਿਆਂ ਨੂੰ ਇਸ ਕਦਰ ਜਲੀਲ ਕਰਕੇ ਉਹਨਾਂ ਦੇ ਅਜਿਹੇ ਵਲ੍ਹਾਵੇਂ ਕੱਢੇ ਕਿ ਗੈਰਤ ਨਾਂ ਦਾ ਨਾ ਮਾਤਰ ਅੰਸ ਵੀ ਅਗਰ ਉਹਨਾਂ ’ਚ ਬਾਕੀ þ ਤਾਂ ਉਹ ਮੁੜ ਕਦੇ ਵੀ ਖੈਰ ਮੰਗਣ ਲਈ ਸਿਰਸੇ ਵਾਲੇ ਡੇਰੇ ਤੇ ਦਸਤਕ ਨਹੀਂ ਦੇਣਗੇ।

        ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਉਪਰੰਤ ਪੁਣ ਪੁਣ ਕੇ ਜੋ ਤੱਥ ਉਜਾਗਰ ਹੋ ਰਹੇ ਹਨ, ਉਹ ਦਿਲਚਸਪ ਹੀ ਨਹੀਂ ਬਲਕਿ ਆਮ ਬੰਦੇ ਵਾਸਤੇ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਵੀ ਘੱਟ ਨਹੀਂ। ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਵਾਸਤੇ ਜਦ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪਿਆਰ ਭਰੇ ਮੁਹੱਬਤਨਾਮੇ ਥੋਕ ਦੇ ਭਾਅ ਡੇਰਾ ਸੱਚਾ ਸੌਦਾ ਦੇ þੱਡਕੁਆਟਰ ਸਿਰਸਾ ਵਿਖੇ ਪੁੱਜ ਗਏ ਤਾਂ ਬਹੁਤ ਹੀ ੁਸਤੀ ਭਰਪੂਰ ਯੋਜਨਾ ਤਹਿਤ ਜਨਵਰੀ ਦੇ ਆਖਰੀ ਹਫ਼ਤੇ ਉੱਥੋਂ ਦੇ ਸਿਆਸੀ ਵਿੰਗ ਨੇ ਮਿਥੇ ਹੋਏ ਸਮੇਂ ਅਤੇ ਦਿਨ ਤੇ ਸਾਰੇ ਵੋਟ ਮੰਗਤਿਆਂ ਨੂੰ ਬੁਲਾ ਲਿਆ।

        ਇਸ ਆਸ ਨਾਲ ਲਬਾਲਬ ਕਿ ਪ੍ਰੇਮੀ ਉਹਨਾਂ ਦੇ ਬੋਝੇ ਵਿੱਚ ਪੈਣ ਹੀ ਵਾਲੇ ਹਨ, ਲੱਗ ਭੱਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਸਿਰਸੇ ਵੱਲ ਚਾਲੇ ਪਾ ਦਿੱਤੇ। ਬੂੰਦਾਂਬਾਂਦੀ ਵਾਲੇ ਇਸ ਸਰਦ ਮੌਸਮ ’ਚ ਸਿਆਸੀ ਵਿੰਗ ਨੇ ਸਾਰੇ ਹੀ ਰਾਜਨੀਤਕ ਘਾਗਾਂ ਨੂੰ ਜਿਹਨਾਂ ਦੀ ਗਿਣਤੀ ਲੱਗਭੱਗ ਡੇਢ ਸੌ ਸੀ, ਨੂੰ ਡੇਰੇ ਦੇ ਸਟੇਡੀਅਮ ’ਚ ਫਾਲਣ ਕਰ ਲਿਆ। ਬੂੰਦਾਂਬਾਂਦੀ ਜਦ ਤੇਜ ਬਾਰਸ ਵਿੱਚ ਤਬਦੀਲ ਹੋ ਗਈ ਤਾਂ ਉਮੀਦਵਾਰਾਂ ਨੂੰ ਭਿੱਜਣ ਵਾਲੀ ਮਜਬੂਰੀ ਵਿੱਚ ਛੱਡ ਕੇ ਡੇਰੇ ਦੇ ਸਿਆਸਤਦਾਨ ਖ਼ੁਦ ਤਾਂ ਸੁਰੱਖਿਅਤ ਥਾਂ ਤੇ ਪਹੰੁਚ ਗਏ, ਜਦ ਕਿ ਵੋਟ ਮੰਗਤੇ ਮੀਂਹ ’ਚ ਭਿੱਜੀ ਬੱਕਰੀ ਵਾਂਗ ਕਾਫ਼ੀ ਸਮਾਂ ਠੁਰ ਠੁਰ ਕਰਦੇ ਰਹੇ।

        ਆਖਰ ਇਹ ਫੁਰਮਾਨ ਜਾਰੀ ਹੋ ਗਿਆ, ਕਿ ਸਾਰੇ ਉਮੀਦਵਾਰ ਸੈੱਡ ਥੱਲੇ ਪਹੁੰਚ ਜਾਣ। ਸਿਆਸਤਦਾਨਾਂ ਨੂੰ ਇੱਕ ਦਮ ਤਾਂ ਕੁਝ ਰਾਹਤ ਜਿਹੀ ਮਹਿਸੂਸ ਹੋਈ, ਪਰੰਤੂ ਭਾਣਾ ਇਹ ਵਾਪਰ ਗਿਆ ਕਿ ਸਿਰ ਮਨਾਉਂਦਿਆਂ ਹੀ ਗੜੇ ਪੈਣ ਲੱਗ ਪਏ। ਸਿਰਸਾ ਦੀ ਜਮੀਨ ਕਿਉਂਕਿ ਰੇਤਲੀ þ, ਇਸ ਲਈ ਭੱਜ ਕੇ ਸੈੱਡਾਂ ਥੱਲੇ ਜਾਣ ਵਾਲੇ ਉਮੀਦਵਾਰ ਦਲਦਲ ਵਰਗੀ ਗਿੱਲੀ ਮਿੱਟੀ ’ਚ ਖੁੱਭਣ ਲੱਗ ਪਏ। ਲਮਕਦਿਆਂ ਲਮਕਾਉਂਦਿਆਂ ਜਦ ਉਹ ਸੈੱਡ ਥੱਲੇ ਚਲੇ ਗਏ ਤਾਂ ਹੱਡ ਚੀਰਵੀਂ ਠੰਢ ਵਿੱਚ ਪ੍ਰੇਮੀਆਂ ਦੇ ਗਰਮ ਸੁਆਲਾਂ ਨੇ ਉਹਨਾਂ ਨੂੰ ਹੌਂਕਣੀ ਲਾ ਦਿੱਤੀ।

        ਮਿਥੀ ਹੋਈ ਯੋਜਨਾ ਅਨੁਸਾਰ ਸੈੱਡਾਂ ਥੱਲੇ ਪਹਿਲਾਂ ਤੋਂ ਹੀ ਇੱਕ ਵੱਡਾ ਪ੍ਰੋਜੈਕਟਰ ਲਾਇਆ ਹੋਇਆ ਸੀ, ਜਿੱਥੇ ਉਮੀਦਵਾਰਾਂ ਨੂੰ ਅਕਾਲੀ ਭਾਜਪਾ ਹਕੂਮਤ ਦੇ ਮੁਢਲੇ ਦਿਨਾਂ ’ਚ ਪੰਜਾਬ ਵਿਖੇ ਸਥਿਤ ਨੇਸ ਤੋਂ ਨਾਬੂਦ ਹੋਏ ਡੇਰਿਆਂ, ਆਤਮ ਹੱਤਿਆਵਾਂ ਕਰ ਚੁੱਕੇ ਪ੍ਰੇਮੀਆਂ ਦੇ ਜਨਾਜਿਆਂ ਅਤੇ ਉਹਨਾਂ ਦੀ ਹੋਈ ਗਿੱਦੜਕੁੱਟ ਦੀਆਂ ਫ਼ਿਲਮੀ ਰੂਪ ਵਿੱਚ ਤਸਵੀਰਾਂ ਦਿਖਾ ਕੇ ਇਹ ਪੁੱਛਿਆ ਜਾ ਰਿਹਾ ਸੀ, ਕਿ ਜਦ ਇਹ ਸਭ ਕੁਝ ਹੋ ਵਾਪਰ ਰਿਹਾ ਸੀ, ਤਾਂ ਜਨਤਕ ਨੁਮਾਇੰਦਿਆਂ ਨੇ ਬਣਦੀ ਭੂਮਿਕਾ ਕਿਉਂ ਨਾ ਨਿਭਾਈ? ਨਿਰਉੱਤਰ ਉਮੀਦਵਾਰ ਹੋਮ ਵਰਕ ਨਾ ਕਰਨ ਵਾਲੇ ਛੋਟੇ ਛੋਟੇ ਬੱਚਿਆਂ ਦੀ ਤਰ੍ਹਾਂ ਬੇਸਰਮ ਜਿਹੇ ਹੋ ਕੇ ਨੀਵੀਂਆਂ ਪਾਉਣ ਲਈ ਮਜਬੂਰ ਹੋ ਗਏ।

        ਆਤਮ ਸਮਰਪਿਤ ਕਰ  ੁੱਕੇ ਮੁਜਰਮਾਂ ਵਾਂਗ ੁੱਪ ਗੜੁੱਪ ਤੇ ਮੀਂਹ ਨਾਲ ਗੜੁੱਚ ਹੋਏ ਉਮੀਦਵਾਰਾਂ ਨੂੰ ਫਿਰ ਇਹ ਪੁੱਛਿਆ ਗਿਆ ਕਿ ਅਗਰ ਭਵਿੱਖ ਵਿੱਚ ਪ੍ਰੇਮੀਆਂ ਨਾਲ ਅਜਿਹਾ ਅਣਹੋਣੀ ਹੋਈ ਤਾਂ ਕੀ ਉਹ ਉਹਨਾਂ ਦੀ ਮੱਦਦ ਤੇ ਆਉਣਗੇ, ਤਾਂ ਸਾਊ ਵਿਦਿਆਰਥੀਆਂ ਦੀ ਤਰ੍ਹਾਂ ਸਾਰੇ ਉਮੀਦਵਾਰਾਂ ਨੇ ਦੋਵੇਂ ਦੋਵੇਂ ਬਾਹਾਂ ਉਪਰ ੁੱਕ ਕੇ ਹਾਂ ਦੀ ਸ਼ਾਹਦੀ ਭਰੀ। ਟੱਟੂ ਛੜੱਪੇ ਦੀ ਇਹ ਖੇਡ ਜਦ ਖਤਮ ਹੋ ਗਈ ਤਾਂ ਗੁਰਮੀਤ ਰਾਮ ਰਹੀਮ ਸਿੰਘ ਆ ਪ੍ਰਗਟ ਹੋਏ। ਆਉਂਦਿਆਂ ਹੀ ਉਹਨਾਂ ਹੱਥ ਹਿਲਾ ਕੇ ਸਾਰੇ ਉਮੀਦਵਾਰਾਂ ਜਿਹਨਾਂ ਵਿੱਚ ਇੱਕ ਇੱਕ ਹਲਕੇ ਤੋਂ ਕਈ ਕਈ ਪਾਰਟੀਆਂ ਦੇ ਉਮੀਦਵਾਰਾਂ ਦੀ ਭਰਮਾਰ ਸੀ, ਨੂੰ ਅਸ਼ੀਰਵਾਦ ਦੇ ਕੇ ਸਰਬ ਸਾਂਝੇ ਸਾਧ ਵਾਲੀ ਜੁਮੇਵਾਰੀ ਨਿਭਾ ਦਿੱਤੀ।

        ਠੰਢ ਦੇ ਭੰਨੇ ਤੇ ਨਿੰਮੋਝੂਣੇ ਹੋਏ ਬਹੁਤੇ ਉਮੀਦਵਾਰਾਂ ਨੇ ਡੇਰਿਉਂ ਨਿਕਲਦਿਆਂ ਹੀ ਤੇਜ ਰਫ਼ਤਾਰ ਨਾਲ ਗੱਡੀਆਂ ਭਜਾ ਕੇ ਦਾਰੂ ਦੇ ਵੱਖ ਵੱਖ ਠੇਕਿਆਂ ਤੇ ਜਾ ਪਨਾਹ ਲਈ। ਕੌੜੇ ਪਾਣੀ ਦੇ ਗਰਾਰੇ ਕਰਨ ਉਪਰੰਤ ਜਦ ਉਹ ਆਪੋ ਆਪਣੇ ਹਲਕਿਆਂ ਵੱਲ ਵਧ ਰਹੇ ਸਨ, ਤਾਂ ਲਾਊਡ ਸਪੀਕਰਾਂ ਤੇ ਸਾਰਾ ਵਿਰਤਾਂਤ ਸੁਣ ੁੱਕੇ ਆਪਣੇ ਸਮਰਥਕਾਂ ਦੀਆਂ ਟਿੱਚਰਾਂ ਮੀਂਹ ਨਾਲ ਭਿੱਜੇ ਇਹਨਾਂ ਉਮੀਦਵਾਰਾਂ ਨੂੰ ਅਲੱਗ ੁੱਭ ਰਹੀਆਂ ਸਨ, ਪਰੰਤੂ ਗੌਂਅ ਦੇ ਮਾਰੇ ਉਹ ਕੁਝ ਬੋਲਣ ਤੋਂ ਵੀ ਅਸਮਰੱਥ ਸਨ।

        ਅਸਲੀਅਤ ਜਾਣਨ ਲਈ ਜਦ ਅਕਾਲੀ ਦਲ ਨਾਲ ਸਬੰਧਤ ਇੱਕ ਉਮੀਦਵਾਰ ਨਾਲ ਸੰਪਰਕ ਸਥਾਪਤ ਕੀਤਾ ਤਾਂ ਆਪਣੇ ਸਮੇਤ ਆਪਣੇ ਨਾਲਦਿਆਂ ਨਾਲ ਹੋਈ ਇਸ ਜੱਗੋਂ ਤੇਹਰਵੀਂ ਦੀ ਪੁਸਟੀ ਕਰਦਿਆਂ ਉਸਨੇ ਕਿਹਾ ਕਿ ਜੇ ਅਜਿਹੀ ਜਲਾਲਤ ਦਾ ਪਹਿਲਾਂ ਪਤਾ ਹੁੰਦਾ ਤਾਂ ਡੇਰੇ ਦੀ ਪਰਕਰਮਾਂ ਨਾਲੋਂ ਉਸਨੇ ਹਾਰ ਨੂੰ ਹੀ ਤਰਜੀਹ ਦੇਣੀ ਸੀ। ਦੂਜੇ ਪਾਸੇ ਜਦ ਇੱਕ ਕਾਂਗਰਸੀ ਉਮੀਦਵਾਰ ਨੂੰ ਇਸ ਅਜੀਬ ਤਜਰਬੇ ਬਾਰੇ ਪੁੱਛਿਆ ਤਾਂ ਉਸਨੇ ਇਹ ਕਹਿੰਦਿਆਂ ਗੱਲ ਮੁਕਾ ਦਿੱਤੀ,‘‘ ਨੱਕ ਨਾਲ ਤਿੰਨ ਕੱਢੀਆਂ ਮੁੜ ਨਾਨਕੇ ਮੇਲ ਨਹੀਂ ਜਾਣਾ।’’

29 January 2012

ਆਪਣੀ ਦਿਸ਼ਾ ਦੀ ਉਡੀਕ 'ਚ ਸੂਬੇ ਦੀ ਸਿਆਸਤ ਦਾ 'ਦਿਸ਼ਾਕਾਰ' ਲੰਬੀ ਹਲਕਾ

        'ਵਿਕਾਸ ਫੈਕਟਰ' ਨਾਲੋਂ ਜ਼ਿਆਦਾ ਅਸਰਦਾਰ ਵਿਖਾਈ ਦੇ ਰਿਹੈ 'ਦਾਸ' ਅਤੇ 'ਡੇਰਾ' ਫੈਕਟਰਾਂ ਦਾ ਪ੍ਰਭਾਵ
                                                              -ਇਕਬਾਲ ਸਿੰਘ ਸ਼ਾਂਤ-
ਲੰਬੀ  : ਪਿਛਲੇ ਕਈ ਦਹਾਕਿਆਂ ਤੋਂ ਸੂਬੇ ਦੀਆਂ ਸਿਆਸੀ ਸਫ਼ਾਂ ਨੂੰ ਦਿਸ਼ਾ ਦੇਣ ਵਾਲੀ ਲੰਬੀ ਦੀ ਸਿਆਸਤ ਅੱਜ ਖੁਦ ਆਪਣੀ ਦਿਸ਼ਾ ਲਈ 30 ਜਨਵਰੀ ਦੀ ਉਡੀਕ ਕਰ ਰਹੀ ਹੈਇੱਥੋਂ ਦੇ ਚੋਣ ਦੰਗਲ ਵਿਚ ਮੌਜੂਦਾ ਸਮੇਂ ਵਿਚ ਉੱਤਰ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਕੇ ਭਰਾ ਸ. ਗੁਰਦਾਸ ਸਿੰਘ ਸਿੰਘ (ਪੀ.ਪੀ.ਪੀ.) ਅਤੇ ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਦੀ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ
               1,37,797 ਵੋਟਰਾਂ ਵਾਲੇ ਹਲਕੇ ਲੰਬੀ ਦੇ ਚੋਣ ਪਿੜ ਦਾ ਨਜ਼ਾਰਾ ਹਾਕਮ ਧਿਰ ਦੇ 'ਵਿਕਾਸ ਫੈਕਟਰ' ਨਾਲੋਂ ਜ਼ਿਆਦਾ 'ਦਾਸ ਫੈਕਟਰ' ਅਤੇ 'ਡੇਰਾ ਫੈਕਟਰ' ਦੇ ਪ੍ਰਭਾਵ ਹੇਠ ਜ਼ਿਆਦਾ ਵਿਖਾਈ ਰਿਹਾ ਹੈ, ਜਿਸਨੇ ਪੰਜਾਬ ਦੀ ਸਿਆਸਤ ਦੇ ਸ਼ਾਹ-ਅਸਵਾਰ ਵਜੋਂ ਪ੍ਰਵਾਨਤ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਆਸੀ ਮੁਸ਼ਕਿਲਾਂ ਵਧਾ ਰੱਖੀਆਂ ਹਨ
ਹਰਿਆਣਾ ਅਤੇ ਰਾਜਸਥਾਨ ਦੇ ਨਾਲ ਖਹਿੰਦੇ 73 ਪਿੰਡਾਂ 'ਤੇ ਆਧਾਰਤ ਹਲਕੇ ਲੰਬੀ ਵਿਚ ਆਜ਼ਾਦੀ ਦੇ ਬਾਅਦ ਭਾਵੇ ਹੁਣ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਇਸ ਚੋਣ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ ਪਰ ਸ. ਤੇਜਾ ਸਿੰਘ ਬਾਦਲ ਹੁਰਾਂ ਦੀ ਰਹਿਨੁਮਾਈ ਸਦਕਾ ਨਾਇਬ ਤਹਿਸੀਲਦਾਰ ਦੇ ਸੁਫ਼ਨਿਆਂ ਤੋਂ ਚਾਰ ਵਾਰ ਸੂਬੇ ਦੇ ਹੁਕਮਰਾਨ ਦਾ ਸੁੱਖ ਮਾਣਨ ਵਾਲੇ 'ਪਾਸ਼' ਦਾ ਸਿਆਸੀ ਵੱਕਾਰ ਹੀ ਭਾਰੂ ਰਿਹਾ ਹੈ ਜਿਸਨੂੰ ਸ. ਤੇਜਾ ਸਿੰਘ ਦੇ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ 2002 ਅਤੇ 2007 ਤੋਂ ਲਗਾਤਾਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਖ਼ਤ ਮੁਕਾਬਲਾ ਦਿੰਦੇ ਆ ਰਹੇ ਹਨਉਨ੍ਹਾਂ 'ਤੇ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਦਾਅ ਲਾ ਕੇ ਇੱਕ ਵਾਰ ਫ਼ੇਰ ਪਰਕਾਸ਼ ਸਿੰਘ ਬਾਦਲ ਨੂੰ ਘੇਰਨ ਦਾ ਕੰਮ ਕੀਤਾ ਹੈ
ਐਤਕੀਂ ਤ੍ਰਿਕੋਣੇ ਮੁਕਾਬਲੇ ਵਿਚ ਉਲਝੇ ਪ੍ਰਕਾਸ਼ ਸਿੰਘ ਬਾਦਲ ਨੂੰ 2007 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਸਿਆਸੀ ਗੁਰੂ ਸ. ਤੇਜਾ ਸਿੰਘ ਬਾਦਲ ਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਪਾਸੋਂ ਬੇਹੱਦ ਸਖ਼ਤ ਟੱਕਰ ਮਿਲੀ ਸੀਉਸ ਮੌਕੇ ਕੁੱਲ ਪਈਆਂ ਵੋਟਾਂ 1,09, 595 ਵਿਚੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 56,282 ਅਤੇ ਮਹੇਸ਼ਇੰਦਰ ਸਿੰਘ ਬਾਦਲ ਨੂੰ 47,095 ਵੋਟਾਂ ਮਿਲੀਆਂ ਸਨਇਸੇ ਸਖ਼ਤ ਟੱਕਰ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਸੰਨ 2002 ਦੀ 23929 ਵੋਟਾਂ ਦੇ ਅੰਤਰ ਨਾਲ ਹੋਈ ਜਿੱਤ, ਸੰਨ 2007 ਵਿਚ ਮਹਿਜ਼ 9187 ਵੋਟਾਂ ਤੱਕ ਸਿਮਟ ਕੇ ਰਹਿ ਗਈ ਸੀ
ਪਿਛਲੇ 65 ਵਰ੍ਹਿਆਂ ਤੋਂ ਪਰਕਾਸ਼ ਸਿੰਘ ਬਾਦਲ ਦੀ ਚੋਣ ਮੁਹਿੰਮਾਂ ਨੂੰ 'ਜਰਨੈਲ' ਵਜੋਂ ਚਲਾਉਂਦੇ ਰਹੇ ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਪੀ. ਪੀ. ਪੀ. ਦੇ ਗਠਨ ਉਪਰੰਤ ਬਦਲੇ ਸਿਆਸੀ ਹਾਲਾਤਾਂ ਵਿਚ ਉਨ੍ਹਾਂ ਦੇ ਵਿਰੁੱਧ ਮੈਦਾਨ ਵਿਚ ਡਟੇ ਹਨਉਨ੍ਹਾਂ (ਦਾਸ) ਦਾ ਲੰਬੀ ਹਲਕੇ ਵਿਚ ਆਪਣਾ ਵਿਸ਼ੇਸ਼ ਆਧਾਰ ਹੈ ਅਤੇ ਪਿਛਲੇ ਵਰ੍ਹੇ ਤੱਕ ਮੁਕਤਸਰ ਜ਼ਿਲ੍ਹੇ ਵਿਚ ਅਕਾਲੀ ਦਲ ਦੀ ਹਰੇਕ ਵਿਉਂਤਬੰਦੀ ਦੇ ਸਿਰਜਣਹਾਰ ਰਹੇ 'ਦਾਸ' ਨੂੰ ਅਜਿਹਾ ਮਾਣ ਪ੍ਰਾਪਤ ਹੈ ਕਿ ਮੁਕਤਸਰ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਹੁਗਿਣਤੀ ਸਥਾਪਿਤ ਅਕਾਲੀ ਆਗੂ ਉਨ੍ਹਾਂ ਦੀ ਸਿਆਸੀ ਬਰਗਦ ਰੂਪੀ ਸ਼ਖਸੀਅਤ ਹੇਠ ਵਧੇ ਫੁੱਲੇ ਹਨਇਸਦੇ ਇਲਾਵਾ ਲੰਬੀ ਹਲਕੇ ਦੇ ਹਰੇਕ ਰਾਹ ਅਤੇ ਪਹੀ ਤੋਂ ਇਲਾਵਾ ਇੱਕ-ਇੱਕ ਵਰਕਰ ਦਾ ਨਾਂ ਲੰਬੀ ਹਲਕੇ ਵਿਚ ਮੁੱਖ ਮੰਤਰੀ ਦੇ ਪਰਛਾਵੇਂ ਵਜੋਂ ਵਿਚਰਦੇ ਰਹੇ 82 ਸਾਲਾ 'ਦਾਸ' ਦੀਆਂ ਉਂਗਲਾਂ 'ਤੇ ਦਰਜ ਹੈਇਹੋ ਦਰਜ ਅੰਕੜੇ ਅੱਜ ਅਕਾਲੀ ਦਲ ਲਈ ਕਾਂਗਰਸ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ ਹਨਕਿਉਂਕਿ ਕਾਂਗਰਸ ਦਾ ਪੱਕਾ ਵੋਟ ਬੈਂਕ ਬਿਲਕੁੱਲ ਸਾਮਹਣੇ ਵਿਰੋਧ ਵਿਚ ਖੜ੍ਹਾ ਹੈ ਜਦੋਂਕਿ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੱਲੋਂ ਵਿੰਨ੍ਹ-ਵਿੰਨ੍ਹ ਮਾਰੇ ਜਾ ਰਹੇ ਅੰਦਰੂਨੀ ਤੀਰ ਅਕਾਲੀ ਦਲ ਨੂੰ ਵੱਡਾ ਖੋਰਾ ਲਾਉਣ ਵਿਚ ਅਹਿਮ ਰੋਲ ਨਿਭਾ ਸਕਦੇ ਹਨਇਸਦੇ ਇਲਾਵਾ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਧੌਲਾ ਦੇ ਆਜ਼ਾਦ ਉਮੀਦਵਾਰ ਵਜੋਂ ਉਤਰਨਾ ਵੀ ਅਕਾਲੀ ਦਲ ਲਈ ਦੂਸਰੀ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ
ਲਗਭਗ 62 ਹਜ਼ਾਰ ਦੀ ਜੱਟ ਸਿੱਖ ਆਬਾਦੀ ਅਤੇ 40 ਹਜ਼ਾਰ ਦੇ ਕਰੀਬ ਦਲਿਤ ਵੋਟਰਾਂ ਵਾਲੇ ਹਲਕੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਗਿਣਤੀ 14-15 ਹਜ਼ਾਰ ਦੇ ਕਰੀਬ ਮੰਨੀ ਜਾਂਦੀ ਹੈਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ 65 ਫ਼ੀਸਦ ਡੇਰਾ ਸ਼ਰਧਾਲੂਆਂ ਵੱਲੋਂ ਵੋਟਾਂ ਸਮੇਂ ਡੇਰੇ ਦੇ ਹੁਕਮਾਂ ਨੂੰ ਨਿਰੋਲ ਰੂਪ ਵਿਚ ਸਿਰ ਮੱਥੇ ਮੰਨਿਆ ਜਾਂਦਾ ਹੈ
ਹਲਕੇ ਵਿਚ ਸੇਮ ਦੀ ਸਮੱਸਿਆ, ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਬੇਵਿਉਂਤਾ ਵਿਕਾਸ ਚੋਣ ਪਿੜ ਦਾ ਭਖਵਾਂ ਮੁੱਦਾ ਬਣੇ ਹੋਏ ਹਨਇਸਦੇ ਇਲਾਵਾ ਹਲਕੇ ਵਿਚ ਹਾਕਮ ਦੇ ਕਥਿਤ ਝੰਡਾਬਰਦਾਰਾਂ 'ਵਿਚੋਲਿਆਂ' ਵੱਲੋਂ ਸਰਕਾਰੀ ਫੰਡਾਂ ਵਿਚ ਦੁਰਵਰਤੋਂ ਅਤੇ ਊਣਤਾਈਆਂ ਖਿਲਾਫ਼ ਲੋਕਾਂ ਵਿਚ ਭਰਵਾਂ ਰੋਸ ਵੀ ਇੱਕ ਅਹਿਮ ਮੁੱਦਾ ਹੈ ਜਿਸ 'ਤੇ ਠੱਲ੍ਹ ਪਾਉਣ ਅਕਾਲੀ ਦਲ ਦੀ ਸਟਾਰ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਜਲਸਿਆਂ ਵਿਚ 'ਵਿਚੋਲਿਆਂ' 'ਤੇ ਖੂਬ ਰਗੜੇ ਲਾ ਕੇ ਲੋਕਾਂ ਦੇ ਗੁੱਸੇ 'ਤੇ ਠੰਢਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ
72230 ਪੁਰਸ਼ ਅਤੇ 65567 ਔਰਤ ਵੋਟਰਾਂ 'ਤੇ ਆਧਾਰਤ ਲੰਬੀ ਦੇ ਚੋਣ ਪਿੜ ਵਿਚ ਜਿੱਥੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਵਾਰ ਸ. ਪ੍ਰਕਾਸ਼ ਸਿੰਘ ਬਾਦਲ ਹਲਕੇ ਵਿਚ ਦਿੱਤੀਆਂ ਗਰਾਂਟਾਂ ਦੇ ਆਧਾਰ 'ਤੇ ਹੋਏ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗ ਰਹੇ ਹਨ, ਉਥੇ ਕਾਂਗਰਸ ਦੇ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਬਾਦਲ ਆਪਣੀ ਚੋਣ ਮੁਹਿੰਮ ਵਿਚ ਹਲਕੇ ਦੇ 47 ਪਿੰਡਾਂ ਵਿਚ ਡੇਢ ਦਹਾਕੇ ਤੋਂ ਸੇਮ ਦੀ ਸਮੱਸਿਆ ਤੇ ਬੇਵਿਉਂਤੇ ਵਿਕਾਸ ਲਈ ਅਕਾਲੀ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਫੇਲ੍ਹ ਕਰਾਰ ਦਿੰਦਿਆਂ ਹਲਕੇ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ (ਮਹੇਸ਼ਇੰਦਰ) ਨੂੰ ਇੱਕ ਮੌਕਾ ਦਿੱਤੇ ਜਾਣ ਦੀ ਅਪੀਲ ਕਰ ਰਹੇ ਹਨ
ਇਸ ਤੋਂ ਇਲਾਵਾ ਅਕਾਲੀ ਦਲ ਨੂੰ 80 ਫ਼ੀਸਦੀ ਅਤੇ ਕਾਂਗਰਸ ਲਈ 20 ਫ਼ੀਸਦੀ ਨੁਕਸਾਨ ਦਾ ਸੂਚਕ ਬਣ ਰਹੇ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੱਲੋਂ ਅਕਾਲੀ ਵਿਚ ਫੈਲੇ ਭ੍ਰਿਸ਼ਟਚਾਰ ਅਤੇ ਨਿਜ਼ਾਮ ਬਦਲਣ ਲਈ ਲੋਕਾਂ ਤੋਂ ਹਮਾਇਤ ਦੀ ਅਪੀਲ ਕਰ ਰਹੇ ਹਨ
ਇਸ ਚੋਣ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰਵੀਨ ਕੁਮਾਰੀ, ਲੋਕ ਜਨ ਸ਼ਕਤੀ ਪਾਰਟੀ ਵੱਲੋਂ ਕਿਰਨਜੀਤ ਸਿੰਘ ਗਹਿਰੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਕਬਾਲ ਸਿੰਘ, ਪੰਜਾਬ ਲੇਬਰ ਪਾਰਟੀ ਵੱਲੋਂ ਗੁਰਮੀਤ ਸਿੰਘ ਰੰਘਰੇਟਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਵਜੋਂ ਈਸ਼ਵਰ ਦਾਸ਼ ਸਿੰਘ ਸਿੱਧੂ, ਪੂਰਨ ਸਿੰਘ ਅਤੇ ਨੱਛਤਰ ਸਿੰਘ ਵੀ ਕਿਸਮਤ ਅਜ਼ਮਾ ਰਹੇ ਹਨ
ਲੰਬੀ ਦੇ ਤ੍ਰਿਕੋਣੇ ਮੁਕਾਬਲੇ ਵਿਚ 'ਦਾਸ' ਦੇ ਸਿਆਸੀ ਵਜ਼ਨ ਦੀ ਪੜਚੋਲ ਦੇ ਇਲਾਵਾ ਡੇਰਾ ਸ਼ਰਧਾਲੂਆਂ ਦੇ ਰੁੱਖ 'ਤੇ ਵੀ ਅਕਾਲੀ ਦਲ ਅਤੇ ਕਾਂਗਰਸ ਦੀ ਪੂਰੀ ਟੇਕ ਲੱਗੀ ਹੋਈ ਹੈਨਤੀਜਾ ਭਾਵੇਂ ਜੋ ਵੀ ਰਹੇ, ਪਰ ਹੈਵੀਵੇਟ ਬਾਦਲਾਂ ਦੇ ਹਲਕੇ ਵਿਚ ਇਹ ਯਕੀਨੀ ਤੌਰ 'ਤੇ ਤੈਅ ਹੈ ਕਿ ਅਸਲ ਮੁਕਾਬਲਾ ਵੀ ਤਿੰਨ ਬਾਦਲਾਂ ਵਿਚਕਾਰ ਹੀ ਹੋਵੇਗਾ, ਜਿਸ ਵਿਚ ਜਿੱਤੇਗਾ ਵੀ ਬਾਦਲ ਅਤੇ ਹਾਰੇਗਾ ਵੀ ਬਾਦਲ

28 January 2012

ਅਤੀਤ ਬਨਾਮ ਵਰਤਮਾਨ-ਭਾਈਚਾਰਕ ਸਾਂਝ ’ਤੇ ਭਾਰੂ ਹੋਇਆ ਸਿਆਸੀ ਵਰਤਾਰਾ

              -ਇਕਬਾਲ ਸਿੰਘ ਸ਼ਾਂਤ-

ਪੰਜਾਬ ਵਿਧਾਨ ਸਭਾ ਚੋਣਾਂ ਲਈ ਲੜਿਆ ਜਾ ਰਿਹਾ ਯੁੱਧ ਆਖ਼ਰੀ ਪੜਾਅ ਤੇ ਪੁੱਜ ਗਿਆ ਹੈ ਲੱਖਾਂ ਪੰਜਾਬੀਆਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜਮਹੂਰੀ ਢੰਗ ਨਾਲ ਸੱਤਾ ਸੌਂਪਣ ਲਈ 30 ਜਨਵਰੀ ਨੂੰ ਫਤਵਾ ਦਿੱਤਾ ਜਾ ਰਿਹਾ ਹੈਕੋਈ ਜ਼ਮਾਨਾ ਸੀ ਜਦੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੇਤਾ ਬੜੀ ਸਾਦਗੀ ਨਾਲ ਆਪਣੀ ਚੋਣ ਮੁਹਿੰਮ ਚਲਾਉਂਦੇ ਸਨਉਨ੍ਹਾਂ ਵੇਲਿਆਂ ਵਿੱਚ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੇ ਰਾਜਨੀਤੀ ਨੂੰ ਆਪਣੇ ਪੁੱਤਾਂ ਜਾਂ ਧੀਆਂ ਦੇ ਹੱਥ ਸੌਂਪਣ ਦੀ ਸੋਚ ਨਹੀਂ ਅਪਣਾਈ ਸੀਕਾਰਾਂ ਦੇ ਕਾਫ਼ਲੇ ਪਿੰਡਾਂ ਵਿੱਚ ਧੂੜ ਨਹੀਂ ਉਡਾਉਂਦੇ ਸਨ, ਸਗੋਂ ਸੀਮਤ ਸਾਧਨਾਂ ਨਾਲ ਚੋਣ ਮੁਹਿੰਮ ਚਲਾਈ ਜਾਂਦੀ ਸੀਦੁਪਹਿਰ ਦਾ ਖਾਣਾ ਹੋਟਲਾਂ ਜਾਂ ਕੋਠੀਆਂ ਵਿੱਚ ਬੈਠ ਕੇ ਖਾਣ ਦੀ ਥਾਂ ਖੂਹਾਂ ਤੇ ਬੈਠ ਕੇ ਵੀ ਛਕ ਲਿਆ ਜਾਂਦਾ ਸੀਦੇਰ ਰਾਤ ਤਕ ਵੋਟਾਂ ਦੇ ਨਾਂ ਤੇ ਮਹਿਫ਼ਲਾਂ ਵੀ ਨਹੀਂ ਸਜਦੀਆਂ ਸਨਆਜ਼ਾਦੀ ਬਾਅਦ ਪਹਿਲੇ ਦਹਾਕਿਆਂ ਵਿੱਚ ਰਾਜਨੀਤੀ ਵਪਾਰ ਨਹੀਂ ਬਣੀ ਸੀਵੋਟਾਂ ਪਾਉਣ ਲਈ ਪੈਸੇ ਨਹੀਂ ਮੰਗੇ ਜਾਂਦੇ ਸਨ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਪਰਿਵਾਰਾਂ ਦੇ ਮੋਢੀ ਬੈਠ ਕੇ ਕਿਸੇ ਉਮੀਦਵਾਰ ਨੂੰ ਵੋਟਾਂ ਭੁਗਤਾਉਣ ਦਾ ਫ਼ੈਸਲਾ ਕਰ ਲੈਂਦੇ ਸਨਸਮਾਂ ਬਦਲਿਆਂ ਤਾਂ ਵੋਟਾਂ ਦੀ ਸਿਆਸਤ ਰੰਗ ਬਦਲ ਗਈਚੋਣ ਰੈਲੀਆਂ ਵਿੱਚ ਪੁੱਜਣ ਲਈ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਜਾਂਦੀਆਂ ਹਨਰਾਜਸੀ ਪਾਰਟੀਆਂ ਆਪੋ-ਆਪਣੇ ਹਮਾਇਤੀਆਂ ਨੂੰ ਘਰ-ਘਰ ਸ਼ਰਾਬ ਵੰਡਦੀਆਂ ਹਨਸ਼ਾਮ ਵੇਲੇ ਪਿੰਡਾਂ ਦੀਆਂ ਫਿਰਨੀਆਂ ਤੇ  ਅਕਸਰ ਹੀ ਲੜਖੜਾਉਂਦੇ ਕਦਮਾਂ ਵਾਲੇ  ਨੌਜਵਾਨ ਮਿਲਦੇ ਹਨਵੋਟਾਂ ਦੀ ਬੋਲੀ ਲੱਗਦੀ ਹੈਹੁਣ ਰਾਜਸੀ ਨੇਤਾ ਰਿਕਸ਼ੇ ਤੇ ਪ੍ਰਚਾਰ ਕਰਨ ਦੀ ਥਾਂ ਬਿਜਲਈ ਤੇ ਪ੍ਰਿੰਟ ਮੀਡੀਆ ਚ ਇੱਕ ਦੂਜੇ ਤੇ ਦੋਸ਼ ਲਾਉਣ ਅਤੇ ਨੀਵਾਂ ਵਿਖਾਉਣ ਲਈ ਜਮ ਕੇ ਲੜਦੇ ਹਨਪੰਜਾਬ ਦੀ ਰਾਜਨੀਤੀ ਨੇ ਤੂੜੀ ਦੀ ਪੰਡ ਵਾਂਗ ਪਰਿਵਾਰਾਂ ਨੂੰ ਚੌਰਾਹਿਆਂ ਵਿੱਚ ਖਿੰਡਾ ਦਿੱਤਾ ਹੈਭਾਵੇਂ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਗ਼ਲਤ ਹੱਥਕੰਡਿਆਂ ਨੂੰ ਰੋਕਣ ਲਈ ਤਕੜਾ ਸ਼ਿਕੰਜਾ ਕਸਿਆ ਹੈ ਪਰ ਇਸ ਦੇ ਬਾਵਜੂਦ ਚੋਣਾਂ ਆਪਣਾ ਰੰਗ ਵਿਖਾ ਰਹੀਆਂ ਹਨ
               ਕਦੇ ਜ਼ਮਾਨਾ ਸੀ ਜਦੋਂ ਚੋਣਾਂ ਦਾ ਕੰਮ ਬਿਨਾਂ ਕਿਸੇ ਦਬਾਅ, ਡਰ-ਡੁੱਕਰ ਜਾਂ ਖਰੀਦੋ-ਫਰੋਖ਼ਤ ਤੋਂ ਰਹਿਤ ਹੋ ਕੇ ਬੜੇ ਸਾਦੇ ਜਿਹੇ ਢੰਗ ਨਾਲ ਚੋਣ ਅਮਲ ਨੇਪਰੇ ਚੜ੍ਹਦਾ ਹੁੰਦਾ ਸੀਸਿਆਸੀ ਲੜਾਈ ਦੇ ਬਾਵਜੂਦ ਚੋਣਾਂ ਚ ਕਾਫ਼ੀ ਹੱਦ ਤਕ ਭਾਈਚਾਰਕ ਸਾਂਝ ਭਾਰੂ ਹੁੰਦੀ ਸੀ ਪਰ ਅੱਜ ਸਮੇਂ ਨੇ ਚੋਣਾਂ ਦੀ ਸਾਰੀ ਰੰਗਤ ਬਦਲ ਕੇ ਰੱਖ ਦਿੱਤੀ ਹੈ
ਅੱਜ ਦੇ ਤਕਨੀਕ ਭਾਰੂ ਯੁਗ ਦੀਆਂ ਚੋਣਾਂ ਚ ਸਮਾਜਿਕ ਤੰਦਾਂ ਤੇ ਸਿਆਸੀ ਵਰਤਾਰਾ ਅਤੇ ਰੁਪਇਆ-ਪੈਸਾ ਭਾਰੂ ਹੋ ਚੁੱਕਿਆ ਹੈਅਜੋਕੇ ਦੌਰ ਵਿੱਚ ਚੋਣਾਂ ਲੋਭ-ਲਾਲਚ, ਡਰ-ਭੈਅ ਅਤੇ ਦੂਸ਼ਣਬਾਜ਼ੀ ਤੋਂ ਸ਼ੁਰੂ ਹੋ ਕੇ ਹਿੰਦੀ ਐਕਸ਼ਨ ਫ਼ਿਲਮਾਂ ਵਾਂਗ ਕਲਾਈਮੈਕਸ ਚ ਖ਼ੂਨ ਖਰਾਬੇ ਤਕ ਜਾ ਪੁੱਜਦੀਆਂ ਹਨ
 ਆਜ਼ਾਦੀ ਦੇ ਬਾਅਦ 50ਵੇਂ ਅਤੇ 60ਵੇਂ ਦੇ ਦਹਾਕੇ ਤਕ ਪਹਿਲਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਲਈ ਜੀਪਾਂ, ਫਿਰ ਅੰਬੈਸਡਰ ਅਤੇ ਫੀਅਟ ਕਾਰਾਂ ਵਰਤੀਆਂ ਜਾਂਦੀਆਂ ਰਹੀਆਂ ਸਨ ਪਰ 80-90ਵਿਆਂ ਦੇ ਦਹਾਕੇ ਦਰਮਿਆਨ ਚੋਣ ਪ੍ਰਚਾਰ ਤੇ ਮਾਰੂਤੀ ਅਤੇ ਮਹਿੰਦਰਾ ਜੀਪਾਂ ਦਾ ਦਬਦਬਾ ਵਧ ਗਿਆ
ਇਸ ਤੋਂ ਬਾਅਦ ਹੁਣ ਤਾਂ ਜਿੱਥੇ ਚੋਣ ਪ੍ਰਚਾਰ ਚ ਐਨਡੈਵਰ, ਮੈਨਟੈਰੋ ਅਤੇ ਫੋਰਚੂਨਰ ਜਿਹੀਆਂ ਮਹਿੰਗੀਆਂ ਗੱਡੀਆਂ ਦੀ ਵਰਤੋਂ ਸ਼ਾਨੋ-ਸ਼ੌਕਤ ਦਾ ਜਰੀਆ ਮੰਨੀਆਂ ਜਾਂਦੀਆਂ ਹਨ ਪਿਛਲੇ ਸਮਿਆਂ ਨੂੰ ਅੱਖੀਂ ਹੰਢਾਉਣ ਵਾਲੇ ਪੁਰਾਣੇ ਬਜ਼ੁਰਗਾਂ ਦਾ ਪੁਰਾਣੇ ਸਮਿਆਂ ਅਤੇ ਅਜੋਕੇ ਚੋਣ ਵਰਤਾਰੇ ਬਾਰੇ ਕਹਿਣਾ ਹੈ ਕਿ 70 ਦੇ ਦਹਾਕੇ ਤਕ ਚੋਣਾਂ ਵਿਚਲਾ ਮਾਹੌਲ ਕਾਫ਼ੀ ਹੱਦ ਤਕ ਲੋਕਤੰਤਰੀ ਕਦਰਾਂ ਕੀਮਤਾਂ ਤੇ ਖ਼ਰਾ ਉਤਰਦਾ ਸੀਉਸ ਤੋਂ ਬਾਅਦ ਦਿਨੋਂ ਦਿਨ ਨਿਘਰਦਾ ਗਿਆਪਿੰਡ ਮਿੱਡੂਖੇੜਾ ਦੇ 65 ਸਾਲਾਂ ਕਿਸਾਨ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਵੋਟਾਂ ਦੀ ਖਰੀਦੋ-ਫਰੋਖ਼ਤ ਉਸ ਵੇਲੇ ਵੀ ਹੁੰਦੀ ਸੀਉਨ੍ਹਾਂ ਕਿਹਾ ਕਿ ਕਈ ਦਹਾਕੇ ਪਹਿਲਾਂ ਤਕ ਬੂਥਾਂ ਵਿੱਚ ਵੋਟ ਵਾਲੀ ਪਰਚੀ ਤੇ ਉਮੀਦਵਾਰ ਦੇ ਨਾਂ ਜਾਂ ਨਿਸ਼ਾਨ ਦੀ ਜਗ੍ਹਾ ਸਿਰਫ਼ ਸਬੰਧਤ ਚੋਣ ਲੋਕ ਸਭਾ ਜਾਂ ਵਿਧਾਨ ਸਭਾ ਲਿਆ ਹੁੰਦਾ ਸੀਉਸ ਸਮੇਂ ਇੱਕ ਚੋਣ ਬਕਸੇ ਦੇ ਬਜਾਏ ਹਰੇਕ ਉਮੀਦਵਾਰ ਲਈ ਵੱਖਰਾ ਚੋਣ ਬਕਸਾ ਹੁੰਦਾ ਸੀਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਦੇ ਬਕਸੇ ਵਿੱਚ ਵੋਟ ਵਾਲੀ ਪਰਚੀ ਸੁੱਟ ਜਾਂਦੀ ਸੀ, ਉਸੇ ਦੇ ਖਾਤੇ ਉਹ ਵੋਟ ਮੰਨੀ ਜਾਂਦੀ ਸੀ
ਸ੍ਰੀ ਜਗਜੀਤ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਵਿੱਚ 77 ਦੇ ਦਹਾਕੇ ਵਿੱਚ ਪਹਿਲੀ ਵਾਰ 5 ਰੁਪਏ ਵਿੱਚ ਵੋਟ ਵਿਕਦੀ ਸੁਣੀ ਸੀਉਸ ਵੇਲੇ ਮਜ਼ਦੂਰ ਦੀ ਦਿਹਾੜੀ ਦੋ ਰੁਪਏ ਹੰੁਦੀ ਸੀ ਉਨ੍ਹਾਂ ਦੇ ਨਾਲ ਬੈਠੇ ਇੱਕ ਬਜ਼ੁਰਗ ਮੱਘਰ ਸਿੰਘ ਨੇ ਦੱਸਿਆ ਕਿ  ਉਦੋਂ ਲੋਕ ਸਭਾ ਦੀ ਪਰਚੀ ਗੁਲਾਬੀ ਅਤੇ ਵਿਧਾਨ ਸਭਾ ਦੀ ਪਰਚੀ ਸਫ਼ੈਦ ਹੁੰਦੀ ਸੀਉਨ੍ਹਾਂ ਵੋਟ ਵਿਕਣ ਬਾਰੇ ਖੁਲਾਸਾ ਕੀਤਾ ਕਿ ਵੋਟ ਵੇਚਣ ਦੇ ਚਾਹਵਾਨ ਵੋਟਰ ਆਪਣੀ ਪਰਚੀ ਲੁਕੋ ਕੇ ਬਾਹਰ ਲੈ ਆਉਂਦੇ ਸਨ ਅਤੇ ਬਾਹਰ ਵੇਚ ਦਿੰਦੇ ਸਨਉਨ੍ਹਾਂ ਕਿਹਾ, ‘‘ਭਾਈ ਹੁਣ ਤਾਂ ਸਾਰੀਆਂ ਤਕਨੀਕਾਂ ਬਦਲ ਗਈਆਂ ਹੁਣ ਪੈਸਿਆਂ ਦੀ ਥਾਂ ਚੈੱਕਾਂ ਨੇ ਲੈ ਲਈ ਤੇ ਪੈਸੇ ਰਿਊੜੀਆਂ ਵਾਂਗ ਵੰਡੇ ਜਾਂਦੇ ਨੇ
ਆਪਣੀ ਜ਼ਿੰਦਗੀ ਦੇ ਅੱਠ ਦਹਾਕੇ ਹੰਢਾ ਚੁੱਕੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨੇ ਪੁਰਾਣੇ ਵੇਲੇ ਨੂੰ ਚੇਤੇ ਕਰਦਿਆਂ ਕਿਹਾ ਕਿ ਪਾਸ਼ ਹੁਰਾਂ ਨੇ ਜਦੋਂ ਗਿੱਦੜਬਾਹਾ ਦੇ ਧੀਰ ਸਾਬ੍ਹ ਦੇ ਖ਼ਿਲਾਫ਼ ਚੋਣ ਲੜੀ ਸੀ, ਉਦੋਂ ਉਨ੍ਹਾਂ ਨੇ ਪਹਿਲੀ ਵਾਰ ਪੰਜ ਪਿੰਡਾਂ ਦੀ ਕਮਾਂਡ ਸੰਭਾਲੀ ਸੀਉਨ੍ਹਾਂ ਕਿਹਾ ਕਿ ਜੀਪਾਂ ਤੇ ਪ੍ਰਚਾਰ ਹੁੰਦਾ ਸੀਝੰਡਿਆਂ ਦਾ ਰਿਵਾਜ਼ ਵੀ ਐਨਾ ਨਹੀਂ ਸੀਲੋਕ ਮੁੱਦਿਆਂ ਬਾਰੇ ਪੁੱਛੇ ਜਾਣ ਤੇ ਦਾਸ ਨੇ ਕਿਹਾ ਕਿ ਉਦੋਂ ਦੇ ਮਾਹੌਲ ਵਾਂਗ ਲੋਕ ਵੀ ਸਿੱਧ-ਪੱਧਰੇ ਹੁੰਦੇ ਸਨ, ਉਨ੍ਹਾਂ ਦੀਆਂ ਹੁਣ ਵਾਂਗ ਢਾਣੀ ਤਕ ਸੜਕ ਬਣਵਾਉਣ ਜਾਂ ਹੋਰ ਵੱਡੀਆਂ ਫਰਮਾਇਸ਼ਾਂ ਨਹੀਂ ਹੁੰਦੀਆਂ ਸਨ ਉਨ੍ਹਾਂ ਕਿਹਾ ਕਿ ਉਦੋਂ ਸਿਰਫ਼ ਵੋਟਰਾਂ ਦੀ ਮੰਗ ਬੰਦੂਕ ਦਾ ਲਾਇਸੈਂਸ ਬਣਾਉਣ ਤਕ ਸੀਮਤ ਹੁੰਦੀ ਸੀ
ਇਸ ਤੋਂ ਇਲਾਵਾ ਬੋਗਾ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਹਰ ਚੀਜ਼ ਦਾ ਸਿਆਸੀਕਰਨ ਹੋ ਗਿਆ ਹੈਰੈਲੀਆਂ ਵਿੱਚ ਜਾਣ ਵਾਲਿਆਂ ਨੂੰ ਹੀ ਟਿਊਬਵੈੱਲ ਕੁਨੈਕਸ਼ਨ ਤੇ ਰਾਹਤ ਚੈੱਕ ਦਿੱਤੇ ਹਨਪਹਿਲਾਂ ਲੀਡਰ ਇੱਕ ਅਹਿਸਾਨ ਕਰਦਾ ਤਾਂ ਲੋਕ ਸਾਰੀ ਉਮਰ ਚੇਤੇ ਰੱਖਦੇ, ਹੁਣ ਸਮੇਂ ਨਾਲ ਜਿਵੇਂ ਲੀਡਰਾਂ ਦੇ ਰੰਗ ਬਦਲੇ ਅਤੇ ਸਿਆਸਤ ਸ਼ਾਹੂਕਾਰਾਂ  ਤੇ ਸਰਮਾਏਦਾਰਾਂ ਦੇ ਹੱਥ ਆ ਗਈ ਐ  ਅਜਿਹੇ ਵਿੱਚ ਲੋਕ ਵੀ ਮੌਕਾਪ੍ਰਸਤੀ ਦੇ ਰੌਂਅ ਵਿੱਚ ਆ ਗਏ ਨੇਅੱਜ ਦੀਆਂ ਮਹਿੰਗੀਆਂ ਚੋਣਾਂ ਨੇ ਅਸਲ ਲੋਕਪੱਖੀ ਲੀਡਰਾਂ ਨੂੰ ਰਾਜਨੀਤੀ ਤੋਂ ਕਾਫ਼ੀ ਪਿਛਾਂਹ ਸੁਟ ਮਾਰਿਆ ਹੈਮੁੱਖ ਮੰਤਰੀ ਦੇ ਪਿੰਡ ਬਾਦਲ ਦੇ 70 ਸਾਲਾ ਬਜ਼ੁਰਗ ਕਰਤਾਰ ਨੇ ਚਸ਼ਮੇ ਵਿੱਚੋਂ ਗਹੁ ਨਾਲ ਪੁਰਾਣੇ ਵੇਲੇ ਨੂੰ ਚੇਤੇ ਕਰਦਿਆਂ ਕਿਹਾ ,‘‘ਪਹਿਲਾਂ ਦਾ ਸਮਾਂ ਚੰਗਾ ਸੀ, ਪ੍ਰੇਮ ਭਾਵ ਨਾਲ ਜਿੱਥੇ ਮਰਜ਼ੀ ਵੋਟਾਂ ਪਾ ਦਿਓਲਾਲਚ ਤਾਂ ਡੱਕਾ ਨਹੀਂ ਹੁੰਦਾ ਸੀ ਪਰ ਹੁਣ ਸਮੇਂ ਨੇ ਬੁੱਧੀ ਬਦਲਤੀਹੁਣ ਚਹੁੰ ਪਾਸੇ ਦਬਾਅ, ਲਾਲਚ ਅਤੇ ਰੁਪਏ-ਪੈਸੇ ਦਾ ਬੋਲਬਾਲਾ ਹੈਉਨ੍ਹਾਂ ਕਿਹਾ ਧੰਨ ਸੀ ਪੰਡਤ ਨਹਿਰੂ ਜਿਸ ਨੇ ਸਾਨੂੰ ਵੋਟ ਦਾ ਅਧਿਕਾਰ ਦਿਵਾਇਆ’’
ਜੰਗੀਰ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਕਿਹਾ ਕਿ 80ਵੇਂ ਦਹਾਕੇ ਤੋਂ ਚੋਣਾਂ ਵਿੱਚ ਪੁਲੀਸ ਦਾ ਸਿਆਸੀਕਰਨ ਹੁੰਦਾ ਗਿਆਅੱਜ ਚੋਣਾਂ ਲੜਾਉਣ ਵਿੱਚ ਖ਼ਾਕੀ ਦਾ ਵੱਡਾ ਹੱਥ ਹੁੰਦਾ ਹੈ ਅਤੇ ਸੂਹੀਆ ਤੰਤਰ ਸਰਕਾਰਾਂ ਨੂੰ ਰੋਜ਼ਾਨਾ ਦੀਆਂ ਸਰਵੇਖਣ ਰਿਪੋਰਟਾਂ ਦੇ ਕੇ ਰਾਹ ਦਸੇਰੇ ਦੀ ਭੂਮਿਕਾ ਨਿਭਾਉਂਦਾ ਹੈ
ਹਾਲਾਂਕਿ ਗੁਰਤੇਜ ਸਿੰਘ ਨਾਂ ਦੇ ਬਜ਼ੁਰਗ ਨੇ ਕਿਹਾ ਕਿ ਚੋਣ ਬੂਥਾਂ ਦੇ ਬਾਹਰ ਉਮੀਦਵਾਰਾਂ ਦੇ ਟੈਂਟਾਂ ਵਿੱਚ ਭੀੜ ਜੁਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਸੀ ਅਤੇ ਲੋਕਾਂ ਵਿੱਚ ਟੈਂਟਾਂ ਦਾ ਕਾਫ਼ੀ ਮਾਨਸਿਕ ਦਬਾਅ ਵੇਖਿਆ ਜਾਂਦਾ ਸੀਭੀੜ ਦੇ ਆਧਾਰ ਤੇ ਉਮੀਦਵਾਰਾਂ ਤੋਂ ਸਥਾਨਕ ਲੀਡਰ ਵੋਟਾਂ ਦੀ ਵੱਧ ਖਰੀਦੋ-ਫਰੋਖ਼ਤ ਦਰਸਾ ਕੇ ਮੋਟੇ ਰੁਪਏ ਬਟੋਰਦੇ ਸਨਉਨ੍ਹਾਂ ਕਿਹਾ ਕਿ ਹੁਣ ਚੋਣ ਕਮਿਸ਼ਨ ਨੇ ਬੂਥ ਦੇ ਬਾਹਰ ਟੈਂਟ ਲਾਉਣ ਤੇ ਰੋਕ ਲਾ ਕੇ ਨਿਰਪੱਖ ਵੋਟਰ ਦੀ ਵੱਡੀ ਮੁਸ਼ਕਲ ਹੱਲ ਕਰ ਦਿੱਤੀ
ਇਸੇ ਤਰ੍ਹਾਂ ਜਸਪਾਲ ਕੌਰ ਨਾਂ ਦੀ ਬਜ਼ੁਰਗ ਔਰਤ ਨੇ ਕਿਹਾ ਕਿ ਕਈ ਸਾਲ ਪਹਿਲਾਂ ਜੁਆਕ ਵੀ ਉਮੀਦਵਾਰਾਂ ਦੇ ਲੋਹੇ ਅਤੇ ਪਲਾਸਟਿਕ ਦੇ ਬਿੱਲੇ ਅਤੇ ਝੰਡੇ ਲੈਣ ਖਾਤਰ ਦਫ਼ਤਰਾਂ ਦੇ ਗੇੜੇ ਮਾਰਦੇ ਹੁੰਦੇ ਸੀ ਪਰ ਕੰਪਿਊਟਰ ਦੇ ਨਵੇਂ ਯੁੱਗ ਵਿੱਚ ਇਹ ਰੁਝਾਨ ਘਟਿਆ ਹੈ

27 January 2012

ਵੱਡੇ ਲੀਡਰ ਪਾਰਟੀਆ ਛੱਡਕੇ ਪਤਨੀਆ ਮਗਰ ਲੱਗੇ

                                                                          -ਦੀਪਤੀ ਧਰਮਾਨੀ- 
   ਪੰਜਾਬ ਦੀਆ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਪਾਰਟੀਆਂ ਦੀ ਇਜੱਤ ਦਾਅ ਉਤੇ ਲਗੀ ਹੋਈ ਹੈਪਾਰਟੀਆਂ ਦੇ ਸੀਨੀਅਰ ਆਗੂਆਂ ਲਈ ਚੋਣ ਜਿਤਣਾ ਪਰਿਵਾਰ ਦੀ ਸ਼ਾਨ ਕਾਈਮ ਰੱਖਣ ਬਰਾਬਰ ਮੰਨਿਆ ਗਿਆ ਹੈਸਾਰੀਆ ਸਿਆਸੀ ਪਾਰਟੀਆ ਵਿਚ ਟਿਕਟ ਦੇ ਵਟਾਂਦਰੇ ਲਈ ਭਾਈ ਭਤੀਜਾਵਾਦ ਭਾਰੂ ਰਿਹਾ, ਇਸੇ ਕਾਰਨ ਜਿਆਦਾਤਰ ਟਿਕਟਾਂ ਇਹਨਾਂ ਸਿਆਸੀ ਨੇਤਾਵਾਂ ਦੇ ਪਰਿਵਾਰਾਂ ਦੀ ਝੋਲੀ ਵਿਚ ਹੀ ਪਈਆ , ਜਿਸ ਵਿਚ ਮੁੱਖ ਤੌਰ ਤੇ ਬਾਜ਼ੀ ਲੋਕ ਸਭਾ ਮੈਂਬਰਾ ਦੇ ਪਤੀ ਤੇ ਪਤਨੀਆ ਨੇ ਮਾਰੀਇਸ ਤੋਨ ਪਤਾ ਲਗਦਾ ਹੈ ਕਿ ਪੰਜਾਬ ਦੇ ਸਿਆਸੀ ਆਗੂ ਰਾਜ ਸੱਤਾ ਲਈ ਕਿੰਨੇ ਭੁੱਖੇ ਹਨ
               ਇਸ ਵਾਰ ਨਵੀਂ ਚੀਜ਼ ਵੇਖਣ ਨੂੰ ਇਹ ਮਿਲ ਰਹੀ ਹੈ ਕਿ ਪੁੱਤ ਤੇ ਧੀਆਂ ਤੋਂ ਬਿਨਾਂ ਪਤਨੀਆਂ ਲਈ ਵੀ ਟਿਕਟਾਂ ਹਾਸਿਲ ਕੀਤੀਆ ਤੇ ਇਸ ਵਾਰ ਪਤਨੀਆ ਨੂੰ ਜਿਤਾਉਣ ਲਈ ਲੱਗੇ ਹੋਏ ਹਨਇਸ ਵਿਚ ਸਭ ਤੋਂ ਪਹਿਲਾਂ ਨਾਂ ਅਮ੍ਰਿੰਤਰਸਰ ਤੋਨ ਲੋਕ ਸਭਾ ਮੈਂਬਰ ਨਵਜੋਤ ਕੌਰ ਸਿੰਧੂ ਦਾ ਆਉਂਦਾ ਹੈ, ਜਿਹੜੇ ਪਹਿਲਾ ਕ੍ਰਿਕਟਰ ਹੋਣ ਕਰਕੇ ਵੀ ਕਾਫੀ ਮਸ਼ਹੂਰ ਹਨ ਤੇ ਇਸ ਦਾ ਫਾਇਦਾ ਉਹ ਆਪਣੀ ਡਾਕਟਰ ਪਤਨੀ ਨਵਜੋਤ ਕੌਰ ਸਿੰਧੂ ਨੂੰ ਅਮ੍ਰਿੰਤਸਰ (ਦੱਖਣ) ਤੋਂ ਚੋਣ ਲੜਾਕੇ ਲੈ ਰਹੇ ਹਨ
                 ਅਕਾਲੀ ਦਲ ਵੱਲੋਂ ਬੱਸੀ ਪਠਾਨਾ ਤੋਂ ਨਾਮਜ਼ਦ ਕੀਤੇ ਗਏ ਰਿਟਾਇਰ ਜੱਜ ਨਿਰਮਲ ਸਿੰਘ, ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਦੇ ਪਤੀ ਹਨਉਹਨਾਂ ਦੀ ਪਤਨੀ ਫਰੀਦਕੋਟ ਤੋਂ ਲੋਕ ਸਭਾ ਮੈਨਬਰ ਹਨ ਤੇ ਜੱਜ ਨਿਰਮਲ ਸਿੰਘ ਬਾਹਰੀ ਵਿਅਕਤੀ ਹੁੰਦੇ ਹੋਏ ਵੀ ਬੱਸੀ ਪਠਾਣਾ ਤੋਂ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨਕਾਂਗਰਸ ਦੇ ਐਮ.ਪੀ ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਕੌਰ ਨੂੰ ਕਾਂਦੀਆ ਤੋਨ ਚੋਣ ਲੜਾ ਰਹੇ ਹਨ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਚੋਣ ਜਿਤੇ ਸਨ ਤੇ ਹੁਣ ਕਾਂਦੀਆ ਤੋਂ ਉਹਨਾਂ ਦੀ ਪਤਨੀ ਪਰਿਵਾਰ ਦੀ ਇਜ਼ਤ ਬਚਾਉਣ ਲਈ ਚੋਣ ਮੈਦਾਨ ਵਿਚ ਉਤਰੀ ਹੈ
ਇਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਵੀ ਕਾਂਗਰਸ ਦੀ ਲੋਕ ਸਭਾ ਮੈਂਬਰ ਸੰਤੋਸ਼ ਚੌਧਰੀ ਦੇ ਪਤੀ ਰਾਮ ਲਬਾਈਆ ਸ਼ਾਮ ਚੌਰਾਸੀ ਤੋਂ ਚੋਣ ਲੜ ਰਹੇ ਹਨ ਉਹਨਾਂ ਦੀ ਆਪਣੀ ਪਾਰਟੀ ਵਿਚ ਕੋਈ ਪਹਿਚਾਨ ਨਹੀਂ, ਪਰ ਉਹਨਾਂ ਦੇ ਪਿਤਾ ਵੀ ਰਾਜ ਸਭਾ ਦੇ ਮੈਂਬਰ ਸਨ
            ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਮੋਹਿੰਦਰ ਸਿੰਘ ਵੀ ਆਪਣੀ ਪਤਨੀ ਲਈ ਜਲੰਧਰ (ਪੱਛਮ) ਤੋਂ ਟਿਕਟ ਲੈਣ ਵਿਚ ਸਫਲ ਰਹੇ ਤੇ ਹੁਣ ਘਰ-ਘਰ ਜਾ ਕੇ ਪਤਨੀ ਲਈ ਚੋਣ ਪ੍ਰਚਾਰ ਕਰ ਰਹੇ ਹਨਟਿਕਟਾਂ ਦੀ ਵੰਡ ਵਿਚ ਧੀਆਂ ਤੇ ਪੁੱਤਾਂ ਦੀ ਲਿਸਟ ਸਭ ਪਾਰਟੀਆਂ ਵਿਚ ਕਾਫੀ ਲੰਬੀ ਹੈ
            
           ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੇ ਪਿਤਾ ਲੰਬੀ ਤੋਂ ਆਪਣੇ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁਧ ਚੋਣ ਲੜ ਰਹੇ ਹਨ, ਮਨਪ੍ਰੀਤ ਆਪ ਗਿਦੜਬਾਹਾ ਤੇ ਮੌੜ ਹਲਕੇ ਤੋਂ ਚੋਣ ਮੈਦਾਨ ਵਿਚ ਆਏ ਹਨਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਹਨ,ਜਿਹੜੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਦੇ ਪਤੀ ਹਨਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਂਰੋ ਜਿਹੜੇ ਸਰਕਾਰ ਵਿਚ ਮੰਤਰੀ ਦੇ ਅਹੁਦੇ ਤੇ ਵੀ ਸਨ,ਉਹ ਪਟੀ ਤੋਂ ਚੋਣ ਲੜ ਰਹੇ ਹਨਅਮਰਪਾਲ ਸਿੰਘ ਬੌਨੀ ਜਿਹੜੇ ਅਜਨਾਲਾ ਤੋਂ ਅਕਾਲੀ ਉਮੀਦਵਾਰ ਹਨ ਉਹ ਵੀ ਖੱਡੂਰ ਸਾਹਿਬ ਤੋਂ ਲੋਕ ਸਭਾ ਮੈੰਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨਪਰਮਿੰਦਰ ਸਿੰਘ ਸੰਗਰੂਰ ਤੋਂ ਚੋਣ ਲੜ ਰਹੇ ਉਮੀਦਵਾਰ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ
              
             ਅਕਾਲੀ ਦਲ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਖੰਨਾ ਤੋਂ ਚੋਣ ਲੜ ਰਹੇ ਹਨ ਤੇ ਲੋਕ ਸਭਾ ਮੈਂਬਰ ਜੱਗਦੇਵ ਸਿੰਘ ਤਲਵੰਡੀ ਦੇ ਪੁੱਤਰ ਹਨ, ਸੁਖਵਿੰਦਰ ਸਿੰਘ ਰੰਧਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਵ: ਸੰਤੋਖ ਸਿੰਘ ਰੰਧਾਵਾ ਦਾ ਪੁੱਤਰ ਹੈ, ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ  ਦਿਲਰਾਜ ਸਿੰਘ ਭੂੰਦੜ ਸਰਦੂਲਗੜ੍ਹ ਤੋਂ ਚੋਣ ਲੜ ਰਹੇ ਹਨਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਵ: ਗੁਰਚਰਨ ਸਿੰਘ ਟੌਹੜਾ ਜੋ ਰਾਜ ਸਭਾ ਦੇ ਮੈਂਬਰ ਵੀ ਰਿਹ ਚੁੱਕੇ ਹਨ, ਉਹਨਾਂ ਦੀ ਪੁਤਰੀ ਕੁਲਦੀਪ ਕੌਰ ਪਟਿਆਲਾ ਤੋਂ ਅਕਾਲੀ ਦਲ ਦੀ ਉਮੀਦਵਾਰ ਹੈ

22 January 2012

ਹੁਣ ਲੰਬੀ 'ਚ ਅਕਾਲੀਆਂ ਨੂੰ ਆਪਣੇ ਝੰਡਾਬਰਦਾਰ ਹੀ 'ਵਿਚੋਲੇ' ਤੇ 'ਗੱਦਾਰ' ਨਜ਼ਰ ਆਉਣੇ ਲੱਗੇ

                     ਹਰਸਿਮਰਤ ਬਾਦਲ ਨੇ ਲੰਬੀ ਹਲਕੇ ਵਿਚ ਚੋਣ ਜਲਸਿਆਂ ਦੌਰਾਨ ਫੰਡਾਂ ਦੀ ਦੁਰਵਰਤੋਂ ਨੂੰ ਕਬੂਲਿਆ
                                                                       ਇਕਬਾਲ ਸਿੰਘ ਸ਼ਾਂਤ
ਲੰਬੀ, 21 ਜਨਵਰੀ : ਲੰਬੀ ਦੇ ਚੋਣ ਦੰਗਲ ਵਿਚ ਦੋ-ਦੋ ਸਿਆਸੀ ਸਰੀਕਾਂ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਬਾਦਲ ਪਰਿਵਾਰ ਨੂੰ ਹੁਣ ਆਪਣੇ ਝੰਡਾਬਰਦਾਰ ਹੀ 'ਵਿਚੋਲੇ' ਅਤੇ 'ਗੱਦਾਰ' ਨਜ਼ਰ ਆਉਣੇ ਲੱਗੇ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ, ਬਲਕਿ ਅਕਾਲੀ ਹਾਈਕਮਾਂਡ ਵੱਲੋਂ ਹਲਕੇ ਵਿਚ ਸਰਕਾਰੀ ਗਰਾਂਟਾਂ ਦੀ ਦੁਰਵਰਤੋਂ ਵਿਚ ਵੀ ਵਿਚੋਲਿਆਂ ਦੀ ਕਾਰਗੁਜਾਰੀ ਦੋਸ਼ੀ ਮੰਨਿਆ ਜਾ ਰਿਹਾ ਹੈ।
              
      ਇਹ ਹੈਰਾਨੀਜਨਕ ਖੁਲਾਸਾ ਅੱਜ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਸਹੁਰੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਹਲਕੇ ਦੇ ਪਿੰਡ ਅਰਨੀਵਾਲਾ, ਤੱਪਾਖੇੜਾ, ਦਿਉਣਖੇੜਾ, ਕੰਗਣਖੇੜਾ ਅਤੇ ਥਰਾਜਵਾਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
              
               ਬੀਬੀ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਸਾਡੇ ਤੋਂ ਗੁੱਝਿਆ ਕੁਝ ਨਹੀਂ ਰਿਹਾ ਤੇ ਸਭ ਕੁਝ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ਲੋਕਹਿੱਤਾਂ ਲਈ ਦਿੱਤੀਆਂ ਗਰਾਂਟਾਂ ਦੀ ਦੁਰਵਰਤੋਂ ਦੀ ਗੱਲ ਕਬੂਲਦਿਆਂ ਕਿਹਾ ਕਿ ਸਰਕਾਰੀ ਗਰਾਂਟਾਂ ਨੂੰ 'ਵਿਚੋਲਿਆਂ' ਨੇ ਮਨਚਾਹੇ ਢੰਗ ਨਾਲ ਵਰਤਿਆ। ਜਿਸ  ਕਰਕੇ ਉਹ ਅਸਲ ਹੱਕਦਾਰਾਂ ਤੱਕ ਨਹੀਂ ਪੁੱਜ ਸਕੀਆਂ ਅਤੇ 'ਵਿਚੋਲੇ' ਆਪਣੇ ਚਹੇਤਿਆਂ ਦੇ ਢਿੱਡ ਭਰਨ 'ਚ ਹੀ ਲੱਗੇ ਰਹੇ।
ਹਰਸਿਮਰਤ ਬਾਦਲ ਨੇ ਅਜਿਹੀਆਂ ਕਾਰਗੁਜਾਰੀ ਵਿਚ ਸ਼ਾਮਲ ਰਹੇ ਵਿਅਕਤੀਆਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ 'ਗੱਦਾਰੀ' ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਹੁਰਾਂ ਦੀ ਬੀਮਾਰੀ ਮੌਕੇ ਉਨ੍ਹਾਂ ਦਾ ਸਮੁੱਚਾ ਪਰਿਵਾਰਾਂ 'ਬੀਬੀ ਜੀ' ਦੇ ਇਲਾਜ ਵਿਚ ਉਲਝ ਗਿਆ।
           
                  ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲਾਤਾਂ ਵਿਚ ਵੱਡੇ ਬਾਦਲ ਸਾਬ੍ਹ ਨੂੰ ਸਾਰਾ ਪੰਜਾਬ ਵੇਖਣਾ ਪੈਂਦਾ ਸੀ। ਅਜਿਹੇ ਮਜ਼ਬੂਰੀ ਭਰੇ ਹਾਲਾਤਾਂ ਵਿਚ ਉਨ੍ਹਾਂ ਦੇ ਪਰਿਵਾਰ ਨੂੰ 'ਵਿਚੋਲਿਆਂ' ਦੇ ਵੱਸ ਪੈਣਾ ਪਿਆ। ਅਜਿਹੇ ਹਾਲਾਤਾਂ ਵਿਚ ਜਿਹੜੀਆਂ ਗਰਾਟਾਂ ਲੋਕ ਹਿੱਤਾਂ ਲਈ ਭੇਜੀਆਂ ਗਈਆਂ ਸਨ ਉਨ੍ਹਾਂ ਨੂੰ ਖੁੱਲ੍ਹੇ ਗੱਫ਼ੇ ਵਜੋਂ ਵਿਚੋਲੇ ਹੀ ਛਕ ਗਏ।
              
                ਤੇਜ਼ ਤਰਾਰ ਸੰਸਦ ਮੈਂਬਰ ਵਜੋਂ ਪ੍ਰਸਿੱਧ ਹਰਸਿਮਰਤ ਕੌਰ ਬਾਦਲ ਨੇ ਆਪਣੀ ਸਿਆਸੀ ਪਰਪੱਕਤਾ ਨਾਲ ਲਬਰੇਜ਼ ਤਕਰੀਰ ਦੌਰਾਨ ਲੋਕਾਂ ਤੋਂ ਸਰਕਾਰੀ ਗਰਾਂਟਾਂ ਵਿਚ ਹੋਈ ਦੁਰਵਰਤੋਂ ਬਾਰੇ ਵਿਚੋਲਿਆਂ ਵੱਲੋਂ ਕੀਤੀਆਂ ਕਾਰਗੁਜਾਰੀਆਂ ਦੀ ਗਲਤੀ ਵੀ ਮੰਗਦਿਆਂ ਕਿਹਾ ਕਿ ਇਹ ਵਿਚੋਲਿਆਂ ਦੀ ਚੋਣ ਨਹੀਂ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਹੈ। ਇਸ ਲਈ ਤੁਸੀਂ ਉਨ੍ਹਾਂ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਓ।
              
                ਹਰਸਿਮਰਤ ਕੌਰ ਬਾਦਲ ਨੇ ਵਿਧਾਨਸਭਾ ਚੋਣਾਂ ਤੋਂ ਬਾਅਦ ਵਿਚੋਲਿਆਂ ਨੂੰ ਵੇਖ ਲੈਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਤੁਸੀਂ ਫ਼ਿਕਰ ਨਾ ਕਰੋ। ਵੋਟਾਂ ਮਗਰੋਂ ਉਹ ਖੁਦ ਅਤੇ ਸੁਖਬੀਰ ਸਿੰਘ ਬਾਦਲ ਪਿੰਡ ਬਾਦਲ ਬੈਠਿਆ ਕਰਨਗੇ। ਸ੍ਰੀਮਤੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਿੰਡਾਂ ਦੇ ਪੰਚਾਂ-ਸਰਪੰਚਾਂ ਜਾਂ ਵਿਚੋਲਿਆਂ ਨੂੰ ਨਾਲ ਲਿਆਉਣ ਦੀ ਲੋੜ ਨਹੀਂ ਪਵੇਗੀ ਅਤੇ ਬਾਦਲ ਪਿੰਡ ਵਿਖੇ ਰਿਹਾਇਸ਼ 'ਤੇ ਉਨ੍ਹਾਂ (ਲੋਕਾਂ ਨੂੰ) ਨੂੰ ਕੋਈ ਸਿਕਿਊਰਿਟੀ ਵਾਲਾ ਵੀ ਨਹੀਂ ਰੋਕੇਗਾ।
                ਆਪਣੀ ਹੀ ਪਾਰਟੀ ਦੇ ਭ੍ਰਿਸ਼ਟ ਵਿਚੋਲਿਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਨ ਵਾਲੀ ਅਕਾਲੀ ਸੰਸਦ ਮੈਬਰ ਨੇ ਲੋਕਾਂ ਨੂੰ ਕਾਂਗਰਸ ਦੀਆਂ ਭ੍ਰਿਸ਼ਟ ਨੀਤੀਆਂ ਤੋਂ ਸੁਚੇਤ ਕਰਦਿਆਂ ਹਲਕੇ ਦੇ ਬਹੁਪੱਖੀ ਵਿਕਾਸ ਲਈ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ।
               ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਵੱਖ-ਵੱਖ ਸੀਨੀਅਰ ਅਤੇ ਸਰਕਾਰੀ ਅਤੇ ਸੰਗਠਨ ਤੰਤਰ ਵਿਚ ਕਾਫ਼ੀ ਪਕੜ ਰੱਖਦੇ ਸਥਾਪਿਤ ਆਗੂ ਵੀ ਮੌਜੂਦ ਸਨ।
          ਇਸ ਦੌਰਾਨ ਮੌਜੂਦ ਲੋਕ ਸਵਾਲ ਭਰੀਆਂ ਨਾਲ ਨਜ਼ਰਾਂ ਨਾਲ ਇੱਕ-ਦੂਸਰੇ ਦੇ ਮੂੰਹਾਂ ਵੱਲ ਵੇਖ ਕੇ ਸੋਚਦੇ ਜਾਪੇ ਕਿ ਪਿਛਲੇ ਕੁਝ ਪਲਾਂ ਤੱਕ ਸਰਕਾਰ ਦੇ ਅੱਖਾਂ ਦੇ ਤਾਰੇ ਵਜੋਂ ਨਜ਼ਰ ਆਉਂਦੇ 'ਵਿਚੋਲੇ' ਹੁਣ ਪਲਾਂ ਵਿਚ ਅੱਖਾਂ ਵਿਚ ਰੜਕਣ ਕਿਵੇ ਲੱਗ ਪਏ। ਕੁਝ ਲੋਕਾਂ ਦੇ ਚਿਹਰਿਆਂ 'ਤੇ ਵੱਖਰਾ ਹਾਸਾ ਵੀ ਵੇਖਣ ਨੂੰ ਮਿਲਿਆ।


                                     ''ਅੱਖਾਂ ਚੋਣਾਂ ਵੇਲੇ ਹੀ ਕਿਉਂ ਖੁੱਲੀਆਂ''
                                                                      ਇਕਬਾਲ ਸਿੰਘ ਸ਼ਾਂਤ
ਲੰਬੀ : ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸਿਆਸੀ ਸਟੇਜ਼ਾਂ 'ਤੇ ਖੁੱਲ੍ਹੇਆਮ ਅਕਾਲੀ ਦਲ (ਬ) ਨਾਲ ਜੁੜੇ ਵਿਅਕਤੀਆਂ ਨੂੰ ਹੀ ਵਿਚੋਲੇ ਕਰਾਰ ਦੇਣ ਦਿੱਤੇ ਜਾਣ ਨਾਲ ਅਕਾਲੀ ਸਰਕਾਰ ਦੀ ਸਮੁੱਚੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਨ੍ਹਾਂ ਤਕਰੀਰਾਂ ਨੂੰ ਕੰਨੀਂ ਸੁਣਨ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ''ਕਹਾਵਤ ਹੈ ਕਿ ਸਰਕਾਰ ਦੀਆਂ ਚਾਰ ਅੱਖਾਂ ਹੁੰਦੀਆਂ ਹਨ, ਪਰ ਲੰਬੀ 'ਚ ਇਹ ਅੱਖਾਂ ਚੋਣਾਂ ਵੇਲੇ ਹੀ ਕਿਉਂ ਖੁੱਲੀਆਂ। ਜਦੋਂਕਿ ਨਿੱਤ ਸੰਗਤ ਦਰਸ਼ਨਾਂ ਵਿਚ ਸਰਕਾਰ ਦੇ  ਵਿਚੋਲਿਆਂ ਦੀਆਂ ਕਾਰਗੁਜਾਰੀਆਂ ਬਾਰੇ ਲੋਕਾਂ ਵੱਲੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਵੱਡੀ ਕੁਰਸੀ 'ਤੇ ਬੈਠੇ ਹਾਕਮਾਂ ਵੱਲੋਂ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਕਿ ਭਾਈ ਤੁਸੀਂ ਰੌਲਾ ਬਹੁਤ ਪਾਉਂਦੇ ਹੋ। ਇੱਥੇ ਅਸੀਂ ਤੁਹਾਡੇ ਲਈ ਤਾਂ ਗਰਾਂਟਾਂ ਦੇਣ ਪੁੱਜੇ ਹਾਂ। ਆਮ ਲੋਕਾਂ ਦਾ ਕਹਿਣੈ ਕਿ ਹੁਣ 'ਵਿਚੋਲਿਆਂ' 'ਤੇ ਦੋਸ਼ੀ ਕਰਾਰ ਦਿੱਤੇ ਬਾਰੇ ਭਾਵੁਕਤਾ ਭਰੇ ਤੀਰ ਸਿਆਸੀ ਤੀਰਅੰਦਾਜ਼ੀ ਦਾ ਇੱਕ ਸੋਚਿਆ ਸਮਝਿਆ (ਸਿਆਸੀ ਸਟੰਟ) ਹਿੱਸਾ ਹਨ।

18 January 2012

ਪਿੰਡ ਬਾਦਲ 'ਚ ਗਲਤ ਅਤੇ ਦੁਹਰੀਆਂ ਵੋਟਾਂ ਬਣੇ ਹੋਣ ਬਾਰੇ ਸ਼ਿਕਾਇਤ ਚੋਣ ਕਮਿਸ਼ਨ ਕੋਲ ਪੁੱਜੀ

                                                                        ਇਕਬਾਲ ਸਿੰਘ ਸ਼ਾਂਤ
           ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਗਲਤ ਜਾਂ ਦੁਹਰੀਆਂ ਵੋਟਾਂ ਬਣੀਆਂ ਹੋਣ ਅਤੇ ਇੱਕ ਸਰਕਾਰੀ ਡਾਕਟਰ ਸਮੇਤ ਤਿੰਨ ਸਰਕਾਰੀ ਕਰਮਚਾਰੀਆਂ ਵੱਲੋਂ ਅਕਾਲੀ ਦਲ ਦੇ ਵਰਕਰ ਵਜੋਂ ਵਿਚਰਨ ਦੇ ਦੋਸ਼ਾਂ ਬਾਰੇ ਦੋ ਵੱਖ-ਵੱਖ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਪੁੱਜੀਆਂ ਹਨ। ਜਿਨ੍ਹਾਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੜਤਾਲ ਸ਼ੁਰੂ ਹੋ ਗਈ ਹੈ।
           ਜਿਨ੍ਹਾਂ ਵਿਚ ਪਿੰਡ ਬਾਦਲ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਨਰਸਿੰਗ ਕਾਲਜ ਅਤੇ ਬਿਰਧ ਆਸ਼ਰਮ ਵਿਖੇ ਰਹਿੰਦੇ ਕ੍ਰਮਵਾਰ ਵਿੱਦਿਅਕ ਸਟਾਫ਼/ਦਰਜਾ ਚਾਰ ਸਟਾਫ਼, ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀਆਂ ਉਨ੍ਹਾਂ ਦੀ ਜੱਦੀ ਸ਼ਹਿਰਾਂ/ਪਿੰਡਾਂ ਦੇ ਨਾਲ-ਨਾਲ ਬਾਦਲ ਪਿੰਡ ਵਿਚ ਵੋਟਾਂ ਬੋਣ ਦੇ ਦੋਸ਼ ਲਾਏ ਗਏ ਹਨ।
           ਇਹ ਸ਼ਿਕਾਇਤਾਂ ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਅਤੇ ਪਿੰਡ ਬਾਦਲ ਦੇ ਵਸਨੀਕ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਕੀਤੀ ਗਈ।
           ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਵੱਲੋਂ ਭੇਜੀ ਸ਼ਿਕਾਇਤ ਵਿਚ ਸਰਕਾਰੀ ਪੈਰਾ ਮੈਡੀਕਲ ਨਰਸਿੰਗ ਇੰਸਟੀਚਿਊਟ (ਬਾਦਲ) ਵਿਖੇ ਕੁਝ ਮਹੀਨੇ ਪਹਿਲਾਂ ਹੀ ਸਰਕਾਰੀ ਨੌਕਰੀ ਵਿਚ ਨਵੇਂ ਨਿਯੁਕਤ ਹੋਏ ਡਾ: ਫਤਿਹਜੀਤ ਸਿੰਘ ਮਾਨ (ਫਿਜਿਓਥੈਰੇਪੀ ਡੈਮੋਂਸਟੇਟਰ), ਗੁਰਪਾਲ ਸਿੰਘ ਲੈਬ ਅਟੈਡੈਂਟ ਅਤੇ ਡਾਕਖਾਨੇ ਦੇ ਡਿਊਟੀ ਨਾਲ ਕਥਿਤ ਤੌਰ 'ਤੇ ਜੁੜੇ ਦੱਸੇ ਜਾਂਦੇ ਰਾਜਿੰਦਰ ਸਿੰਘ ਖਿਲਾਫ਼ ਸਰਕਾਰੀ ਅਹੁਦਿਆਂ 'ਤੇ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਕਥਿਤ ਤੌਰ 'ਤੇ ਸਰਗਰਮੀ ਨਾਲ ਹਮਾਇਤ ਕਰਨ ਜਿਹੇ ਗੰਭੀਰ ਦੋਸ਼ ਲਾਏ ਗਏ ਹਨ।
               ਇਸ ਸ਼ਿਕਾਇਤ ਵਿਚ ਡਾ: ਫਤਿਹਜੀਤ ਸਿੰਘ ਮਾਨ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਉਨ੍ਹਾਂ ਦੀ ਇੱਕ ਤੋਂ ਵੱਧ ਜਗ੍ਹਾ ਵੋਟ ਬਣੇ ਹੋਣ ਜਿਹੇ ਗੰਭੀਰ ਦੋਸ਼ ਵੀ ਲਾਏ ਗਏ ਹਨ। ਸ੍ਰੀ ਧੀਰਾ ਵੱਲੋਂ ਲਾਏ ਦੋਸ਼ਾਂ ਅਨੁਸਾਰ ਡਾ: ਫਤਿਹਜੀਤ ਸਿੰਘ ਮਾਨ ਦੀਆਂ ਮਲੋਟ ਹਲਕੇ ਦੇ ਬੂਥ ਨੰਬਰ 88 ਵਿਚ ਵੋਟ ਨੰਬਰ 451, ਲੰਬੀ ਹਲਕੇ ਦੇ ਪਿੰਡ ਅਸਪਾਲਾਂ ਦੇ ਬੂਥ ਨੰਬਰ 13 ਵਿਚ ਵੋਟ ਨੰਬਰ 223 ਤੋਂ ਇਲਾਵਾ ਪਿੰਡ ਬਾਦਲ ਦੇ ਬੂਥ ਨੰਬਰ 105 'ਚ ਵੋਟ ਨੱਬਰ 748 ਬਣੀ ਹੋਈ ਹੈ।   ਜਾਣਕਾਰੀ ਅਨੁਸਾਰ ਡਾ: ਫਤਿਹਜੀਤ ਸਿੰਘ ਮਾਨ ਬਾਦਲ ਪਰਿਵਾਰ ਦੇ ਕਾਫ਼ੀ ਨਜ਼ਦੀਕ ਮੰਨੇ ਜਾਂਦੇ ਹਨ ਅਤੇ ਉਹ ਕੁਝ ਸਮਾਂ ਬਤੌਰ ਫਿਜਿਓਥੈਰੇਪਿਸਟ ਮੁੱਖ ਮੰਤਰੀ ਸ੍ਰੀ ਬਾਦਲ ਨਾਲ ਵੀ ਤਾਇਨਾਤ ਰਹੇ ਹਨ। ਮੌਜੂਦਾ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਦੀ ਪ੍ਰਸ਼ਾਸਨਕ ਸਫ਼ਾ ਵਿਚ ਕਾਫ਼ੀ ਪੁੱਛ-ਪ੍ਰਤੀਤ ਰਹੀ ਹੈ।
              ਇਸਦੇ ਇਲਾਵਾ ਪਿੰਡ ਬਾਦਲ ਦੇ ਵਸਨੀਕ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਵਿਚ
ਬੂਥ ਨੰਬਰ 104, 105 ਅਤੇ 106 ਵਿਚ ਪੈਂਦੇ ਸਰਕਾਰੀ ਪੈਰਾ ਮੈਡੀਕਲ ਨਰਸਿੰਗ ਇੰਸਟੀਚਿਊਟ (ਬਾਦਲ) ਵਿਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੀਆਂ ਕੋਰਸ ਕਰ ਰਹੀਆਂ ਲੜਕੀਆਂ, ਦਰਜਾ ਚਾਰ ਕਰਮਚਾਰੀ ਦੀਆਂ ਗਲਤ ਵੋਟਾਂ ਬਣੇ ਹੋਣ ਦਾ ਦੋਸ਼ ਲਾਇਆ ਗਿਆ।
              ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਲੜਕੀਆਂ ਵੱਲੋਂ ਵੋਟਾਂ ਬਣਵਾਉਣ ਲਈ ਫਾਰਮ 6 ਭਰਿਆ ਗਿਆ ਹੈ, ਉਹ ਉਨ੍ਹਾਂ ਦੀ ਰਿਹਾਇਸ਼ 'ਤੇ ਭੇਜਿਆ ਜਾਣਾ ਸੀ, ਪਰ ਤਤਕਾਲੀ ਸਹਾਇਕ ਰਿਟਰਨਿੰਗ ਅਫਸਰ (ਨਾਇਬ ਤਹਿਸੀਲਦਾਰ) ਵੱਲੋਂ ਕਥਿਤ ਤੌਰ 'ਤੇ ਅਹੁਦੇ ਦੀ ਦੁਰਵਰਤੋਂ ਕਰਕੇ ਵੋਟਾਂ ਬਣਾ ਦਿੱਤੀਆਂ ਗਈਆਂ।
ਉਨ੍ਹਾਂ ਚੋਣ ਕਮਿਸ਼ਨ ਤੋਂ ਨਰਸਿੰਗ ਕਾਲਜ ਦੀਆਂ ਲੜਕੀਆਂ ਦੀ ਮੁਕੰਮਲ ਰਿਹਾਇਸ਼ੀ ਪਤੇ ਲਾ ਕੇ ਜਾਂਚ ਕਰਨ ਦੀ ਮੰਗ ਕੀਤੀ। ਇਸਦੇ ਇਲਾਵਾ ਦਸਮੇਸ਼ ਵਿੱਦਿਅਕ ਅਦਾਰਾ ਦੀਆਂ ਤਿੰਨੇ ਸੰਸਥਾਵਾਂ ਤੋਂ ਇਲਾਵਾ ਬਿਰਧ ਆਸ਼ਰਮ ਬਾਦਲ ਵਿਖੇ ਦੁਹਰੀਆਂ ਵੋਟਾਂ ਬਣਨ ਦੇ ਦੋਸ਼ ਲਾਏ ਗਏ ਹਨ।
                ਉਕਤ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਕਮਿਸ਼ਨ ਦੀ ਹਦਾਇਤ ਉੱਪਰ ਭੁਪਿੰਦਰ ਸਿੰਘ ਸ਼ਿਕਾਇਤ ਅਫਸਰ ਅਤੇ ਗੁਰਚਰਨ ਸਿੰਘ ਸੁਪਰਵਾਈਜ਼ਰ 'ਤੇ ਆਧਾਰਤ ਦੋ ਮੈਂਬਰ ਟੀਮ ਪਿੰਡ ਬਾਦਲ ਦੇ ਨਰਸਿੰਗ ਕਾਲਜ, ਦਸਮੇਸ਼ ਗਰਲਜ਼ ਕਾਲਜ, ਦਸਮੇਸ਼ ਬੀ. ਐੱਡ ਕਾਲਜ ਅਤੇ ਬਿਰਧ ਆਸ਼ਰਮ ਪੁੱਜੀ ਅਤੇ ਉਥੋਂ ਦੇ ਪ੍ਰਬੰਧਕਾਂ ਕੋਲੋਂ ਉਨ੍ਹਾਂ ਦੇ ਅਦਾਰਿਆਂ ਵਿਚ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਬਣੀਆਂ ਵੋਟਾਂ ਦੇ ਮੁਕੰਮਲ ਰਿਹਾਇਸ਼ੀ ਪਤਿਆਂ ਦੀ ਸੂਚੀ ਮੰਗੀ ਗਈ। ਜਿਸ 'ਤੇ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਅਗਲੇ 24 ਘੰਟਿਆਂ ਵਿਚ ਸੂਚੀਆਂ ਸੌਂਪਣ ਬਾਰੇ ਪਲਿਖਤੀ ਭਰੋਸਾ ਦਿਵਾਇਆ।
ਸ਼ਿਕਾਇਤ ਅਫਸਰ ਸ੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਦਲ ਦੇ ਨਰਸਿੰਗ ਕਾਲਜ ਵਿਚ ਸਟਾਫ਼ ਅਤੇ ਨਰਸਿੰਗ ਵਿਦਿਆਰਥਣਾਂ ਦੀ 74, ਬੀ.ਐਡ ਕਾਲਜ ਵਿਖੇ ਸਟਾਫ਼ ਦੀਆਂ 14, ਡਿਗਰੀ ਕਾਲਜ ਵਿਖੇ 33 ਅਤੇ ਬਿਰਥ ਆਸ਼ਰਮ ਵਿਖੇ 35 ਵੋਟਾਂ ਬਣੀਆਂ ਹੋਈਆਂ ਹਨ।  
                  ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਡਾ: ਫਤਿਹਜੀਤ ਸਿੰਘ ਮਾਨ ਬਾਰੇ ਨਰਸਿੰਗ ਕਾਲਜ ਵਿਚੋਂ ਜਵਾਬ ਮਿਲਿਆ ਕਿ ਉਹ ਪਰਿਵਾਰ ਭਲਾਈ ਵਿਭਾਗ ਵਿਚ ਡੇਪੂਟੇਸ਼ਨ 'ਤੇ ਹਨ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਸਮੇਂ ਵੀ ਪਿੰਡ ਬਾਦਲ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਬਣੇ ਹੋਣ ਦਾ ਮਾਮਲਾ ਸੁਰਖੀਆਂ ਵਿਚ ਰਿਹਾ ਸੀ। ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਦੇ ਸਬੰਧ ਵਿਚ ਪੱਖ ਜਾਨਣ ਲਈ ਡਾ: ਫਤਿਹਜੀਤ ਸਿੰਘ ਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਰਾਬਤਾ ਨਹੀਂ ਬਣ ਸਕਿਆ।