Showing posts with label Iqbal Singh Shant. Show all posts
Showing posts with label Iqbal Singh Shant. Show all posts

21 April 2019

ਰਾਜਾ ਵੜਿੰਗ ਨੂੰ ਟਿਕਟ ਨਾਲ ਮਾਯੂਸੀ ਦੇ ਜੰਗਲ ’ਚ ਬਠਿੰਡਾ ਲੋਕਸਭਾ ਦੇ ਦਾਅਵੇਦਾਰ ਕਾਂਗਰਸ ਧੜਿਆਂ ਦਾ ਕਾਡਰ !

* ਆਗੂਆਂ ਦੀ ਅੰਦਰੂਨੀ ਨਾਰਾਜਗੀ ਦੇ ਡੈਮੇਜ ਕੰਟਰੋਲ ’ਚ ਕਾਂਗਰਸ ਜੁਟੀ, ਸੰਧੂ ਨੂੰ ਸੰਗਰੂਰ ਦਾ ਇੰਚਾਰਜ਼ ਥਾਪਿਆ 
* ਰਾਜਾ ਵੜਿੰਗ ਵੱਲੋਂ ਮਹੇਸ਼ਇੰਦਰ ਬਾਦਲ, ਮਨਪ੍ਰੀਤ  ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤਾਂ 
* ਬੇਅਦਬੀਆਂ ਖਿਲਾਫ਼ ਮਾਹੌਲ ਕਰਕੇ ਕਾਂਗਰਸ ਨੂੰ ਬਠਿੰਡਾ ’ਚ ਸਿੱਖ ਚਿਹਰਾ ਉਤਾਰਨਾ ਚਾਹੀਦਾ : ਮੋਫ਼ਰ

                                                           ਇਕਬਾਲ ਸਿੰਘ ਸ਼ਾਂਤ
ਬਠਿੰਡਾ/ਲੰਬੀ: ਕਾਂਗਰਸ ਹਾਈਕਮਾਂਡ ਵੱਲੋਂ ਪ੍ਰਮੁੱਖ ਦਾਅਵੇਦਾਰਾਂ ਨੂੰ ਬਾਰਡਰ ਲਾਈਨ ਕਰਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਖੇਡੇ ਦਾਅ ਨਾਲ ਬਠਿੰਡਾ ਲੋਕਸਭਾ ਵਿਚਲੇ ਪ੍ਰਮੁੱਖ ਦਾਅਵੇਦਾਰ ਧੜਿਆਂ ਦਾ ਕਾਡਰ ਮਾਯੂਸੀ ਦੇ ਜੰਗਲ ’ਚ ਜਾਪਦਾ ਹੈ। ਟਿਕਟ ਦਾਅਦੇਵਾਰਾਂ ਦੀ ਸਾਲਾਂਬੱਧੀ ਮਿਹਨਤ-ਮਸ਼ੱਕਤ ਅਤੇ ਕੁਰਬਾਨੀਆਂ ਹਾਈਕਮਾਨ ਦੇ ਬੂਹੇ ’ਤੇ ਮਿੱਟੀ ਹੋਣ
ਨਾਲ ਰਾਜਾ ਵੜਿੰਗ ਨੂੰ ਲੋਕਸਭਾ ਦੇ 9 ਹਲਕਿਆਂ ਵਿੱਚ ਸਮੂਹ ਧੜਿਆਂ ਦੀ ਜ਼ਮੀਨੀ ਹਮਾਇਤ ਖਦਸ਼ਿਆਂ ਦੇ ਪਰਛਾਵੇਂ ਹੇਠ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕਸਭਾ ਬਠਿੰਡਾ ਦੇ ਬਹੁਤੇ ਕਾਂਗਰਸ ਥੰਮ ਅਗਲੇ ਤਿੰਨ-ਚਾਰ ਹਫ਼ਤੇ ਢਿੱਲੇ-ਮੱਸੇ ਜਾਂ ਢਿੱਡ-ਪਿੱਠ ਵਗੈਰਾ ਤੋਂ ਪੀੜਤ ਹੋ ਸਕਦੇ ਹਨ।
        ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਦੇ ਇਲਾਵਾ ਜਸਵੰਤ ਸਿੰਘ ਫਫੜੇ ਭਾਈਕੇ ਸਮੇਤ ਹੋਰਨਾਂ ਆਗੂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ੁਮਾਰ ਸਨ। ਬਠਿੰਡਾ ਲੋਕਸਭਾ ਹਲਕੇ ਵਿਚਲੇ ਉਕਤ ਆਗੂਆਂ ’ਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ’ਚ ਟੱਕਰ ਦੇਣ ਦਾ ਵੱਡਾ ਉਤਸਾਹ ਸੀ ਅਤੇ ਹਲਕਾ ਆਧਾਰਤ ਕਿਸੇ ਆਗੂ ਨੂੰ ਹੀ ਉਮੀਦਵਾਰ ਬਣਾਉਣ ਦੀ ਜਨਤਕ ਤੌਰ ’ਤੇ ਮੰਗ ਕੀਤੀ ਸੀ। ਉਸਦੇ ਬਾਹਰੀ ਉਮੀਦਵਾਰ ਹੋਣ ਕਾਰਨ ਹੀ ਹਲਕੇ ਦੇ ਆਗੂਆਂ ਦੇ ਦਿਲ ਰਾਜਾ ਵੜਿੰਗ ਨਾਲ ਮਿਲਣਾ ਅੌਖਿਆਈ ਭਰਿਆ ਜਾਪਦਾ ਹੈ। 
ਟਿਕਟ ਮਿਲਣ ਉਪਰੰਤ ਅੱਜ ਰਾਜਾ ਵੜਿੰਗ ਨੇ ਬਠਿੰਡਾ ਲੋਕਸਭਾ ਦੀਆਂ ਕਾਂਗਰਸੀ ਸਫ਼ਾਂ ਨਾਲ ਰਾਬਤੇ ਦੇ ਮੁਹਿੰਮ ਵਿੱਢ ਦਿੱਤੀ। ਜਿਸ ਤਹਿਤ ਲੰਬੀ ਹਲਕੇ ’ਚ ਵੱਡੇ ਜਨਾਧਾਰ ਵਾਲੇ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ ਦੇ ਇਲਾਵਾ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਨਾਲ ਮੁਲਾਕਾਤਾਂ ਕਰਕੇ ਸਮਰਥਨ ਮੰਗਿਆ। ਇਸਦੇ ਹੋਰਨਾਂ ਹਲਕਿਆਂ ’ਚ ਪ੍ਰਮੁੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਆਪਣੇ ਲਈ ਮਾਹੌਲ ਸਿਰਜਿਆ। ਵਜੀਰ-ਏ-ਖਜ਼ਾਨਾ ਨਾਲ ਮੁਲਾਕਾਤ ਨੂੰ ਰਾਜਾ ਵੜਿੰਗ ਦੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝਾ ਕਰਕੇ ਉਨ੍ਹਾਂ ਵੱਲੋਂ ਭਰਵੇਂ ਸਹਿਯੋਗ ਦੇ ਭਰੋਸੇ ਦਾ ਉਚੇਚਾ ਜ਼ਿਕਰ ਕੀਤਾ। ਬਠਿੰਡਾ ਲੋਕਸਭਾ ਦੇ ਆਗੂਆਂ ਦੇ ਪੁੱਜੇ ਤਾਜ਼ਾ ਇਤਰਾਜ਼ਾਂ ਬਾਅਦ ਪਾਰਟੀ ਹਾਈਕਮਾਂਡ ਵੀ ਡੈਮੇਜ ਕੰਟਰੋਲ ਲਈ ਟਿਕਟ ਚਾਹਵਾਨ ਆਗੂਆਂ ਦਾ ਧਿਆਨ ਵੰਡਾਉਣ ਦੀ ਰਾਹ ਪੈ ਗਈ ਹੈ। ਟਿਕਟ ਦੇ ਦਾਅਵੇਦਾਰ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰੰਧੂ ਨੂੰ ਅੱਜ ਸੰਗਰੂਰ ਲੋਕਸਭਾ ਚੋਣ ਦਾ ਇੰਚਾਰਜ਼ ਥਾਪ ਦਿੱਤਾ ਗਿਆ ਹੈ। ਬਠਿੰਡਾ ਲੋਕਸਭਾ ਦੇ ਕਾਂਗਰਸ ਟਿਕਟ ਦੇ ਸਮੁੱਚੇ ਘਟਨਾਕ੍ਰਮ ਵਿੱਚ ਲੰਬੀ ਹਲਕੇ ਤੋਂ ਪ੍ਰਮੁੱਖ ਦਾਅਵੇਦਾਰ ਅਤੇ ਵੋਟ ਬੈਂਕ ਵਾਲੇ ਦਰਵੇਸ਼ ਆਗੂ ਗੁਰਮੀਤ ਸਿੰਘ ਖੁੱਡੀਆਂ ’ਤੇ ਹਾਈਕਮਾਂਡ ਦਾ ਅਣਦੇਖੀ ਵਾਲਾ ਕਹਿਰ ਦੂਸਰੀ ਵਾਰ ਵਾਪਰਿਆ ਹੈ। ਇਸਤੋਂ ਪਹਿਲਾਂ ਸੂਬਾਈ ਚੋਣਾਂ ਮੌਕੇ ਲੰਬੀ ਹਲਕੇ ’ਚ ਉਨ੍ਹਾਂ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ। ਖੁੱਡੀਆਂ ਧੜਾ ਬੀਤੇ ਦੋ ਦਹਾਕੇ ਤੋਂ ਲੰਬੀ ’ਚ ਬਾਦਲਾਂ ਨਾਲ ਸਿੱਧਾ ਟਾਕਰਾ ਲੈਂਦਾ ਆ ਰਿਹਾ ਹੈ। ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਟਿਕਟ ਬਾਰੇ ਫੈਸਲਾ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ ਅਤੇ ਅਸੀਂ ਪਾਰਟੀ ਲਈ ਕੰਮ ਖਾਤਰ ਵਚਨਬੱਧ ਹਾਂ। 

ਸਾਬਕਾ ਕਾਂਗਰਸ ਵਿਧਾਇਕ ਅਜੀਤ ਇੰਦਰ ਸਿੰੰਘ ਦਾ ਕਹਿਣਾ ਸੀ ਕਿ ਕਾਂਗਰਸ ਹਾਈਕਮਾਂਡ ਨੂੰ ਬਾਦਲਾਂ ਖਿਲਾਫ਼ ਬੇਅਦਬੀ ਵਾਲੇ ਮਾਹੌਲ ਕਾਰਨ ਬਠਿੰਡਾ ਲੋਕਸਭਾ ਹਲਕੇ ’ਚ ਸਿੱਖ ਚਿਹਰਾ ਮੈਦਾਨ ’ਚ ਉਤਾਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਪਹਿਲਾਂ ਹੀ ਸਬੰਧਤ ਇਲਾਕੇ ਦੀਆਂ ਜ਼ਮੀਨੀ ਹਕੀਕਤਾਂ ਪਛਾਣ ਕੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਬਾਅਦ ’ਚ ਉਮੀਦਵਾਰ ਦੇ ਹਾਰਨ ’ਤੇ ਹਲਕਾ ਆਗੂਆਂ ’ਤੇ ਨਜਲਾ ਨਾ ਸੁੱਟਿਆ ਜਾਵੇ। ਹੁਣ ਅਸੀਂ ਰਾਜਾ ਵੜਿੰਗ ਦੀ ਖੁੱਲ੍ਹਦਿਲ੍ਹੀਂ ਮੱਦਦ ਕਰਾਂਗੇ। 

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ ਤੋਂ ਲੋਕਸਭਾ ਦੇ ਹੀ ਕਿਸੇ ਕਾਂਗਰਸ ਆਗੂ ਨੂੰ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਸੀ। ਇਸ ਫੈਸਲੇ ਨਾਲ ਸਾਡੀਆਂ ਕਦਰਾਂ-ਕੀਮਤਾਂ ਅਤੇ ਮਨਾਂ ਨੂੰ ਠੇਸ ਪੁੱਜੀ ਹੈ ਪਰ ਪਾਰਟੀ ਦੇ ਫੈਸਲੇ ਨੂੰ ਮੰਨਣਾ ਸਾਡਾ ਇਖ਼ਲਾਕੀ ਫਰਜ਼ ਵੀ ਹੈ। ਦਾਅਵੇਦਾਰਾਂ ਦੀ 25-30 ਸਾਲਾਂ ਦੀਆਂ ਮਿਹਨਤਾਂ ਦਾ ਮੁੱਲ ਪਾਰਟੀ ਨੂੰ ਪਾਉਣਾ ਚਾਹੀਦਾ ਸੀ। ਬਠਿੰਡਾ ਦੀ ਸਿਆਸੀ ਜੰਗ ਜਿੱਤਣਾ ਇਕੱਲੇ ਰਾਜਾ ਵੜਿੰਗ ਦੇ ਵੱਸ ਦੀ ਗੱਲ ਨਹੀਂ, ਸਭ ਦੀ ਇਕਸੁਰ ਮੱਦਦ ਦੀ ਲੋੜ ਹੋਵੇਗੀ।   -93178-26100 

19 March 2019

ਲੰਬੀ ’ਤੇ ਮੁਨਹੱਸਰ ਬਠਿੰਡਾ ਦੀ ਸਿਆਸੀ ਤਸਵੀਰ

   - ਬਾਦਲਾਂ ਦਾ ਗੜ੍ਹ ਜਿੱਤਣ ਲਈ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ਮਹੇਸ਼ਇੰਦਰ-ਖੁੱਡੀਆਂ ’ਤੇ 

ਲੰਬੀ, (ਇਕਬਾਲ ਸਿੰਘ ਸ਼ਾਂਤ)- ਭਾਵੇਂ ਕੋਈ ਵੀ ਹੋਵੇ ਉਸਦੀ ਤਕਦੀਰ ’ਚ ਲੰਬੀ ਹਲਕੇ ਦੀ ਸਿਆਸੀ ਜ਼ਮੀਨ ਬਾਰੇ ਪੱਕੀ ਤਦਬੀਰ ਵਗੈਰ ਬਠਿੰਡਾ ਲੋਕਸਭਾ ਹਲਕੇ ਦੀ ਸਿਆਸੀ ਤਸਵੀਰ ’ਤੇ ਜਿੱਤ ਵਾਲਾ ਲੱਡੂ ਸੰਭਵ ਨਹੀਂ। ਬਠਿੰਡਾ ਦੀ ਸਿਆਸੀ ਸਰਜਮੀਂ ’ਤੇ ਜਿੱਤ-ਹਾਰ ਵਿੱਚ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਹਲਕੇ ਦੇ ਵੋਟ ਵਜ਼ਨ ਦੀ ਅਹਿਮ ਭੂਮਿਕਾ ਰਹੀ ਹੈ । ਪਿਛਲੇ ਦਹਾਕੇ ਤੋਂ ਲੰਬੀ ਦੇ
34-35 ਹਜ਼ਾਰ ਵੋਟਾਂ ਦੇ ਫ਼ਰਕ ਸਦਕਾ ਅਕਾਲੀ ਦਲ (ਬ) ਆਪਣੀ ਜਿੱਤ ਯਕੀਨੀ ਬਣਾਉਂਦਾ ਆ ਰਿਹਾ ਹੈ। ਇਸ ਵਾਰ ਬੇਅਦਬੀਆਂ ਖਿਲਾਫ਼ ਭਾਵਨਾਤਮਿਕ ਮਾਹੌਲ ’ਚ ਬਠਿੰਡਾ ਅਕਾਲੀਆਂ ਦਾ ਗੜ੍ਹ ਤੋੜਨ ਖਾਤਰ ਕਾਂਗਰਸ ਲੰਬੀ ਵਾਲਾ ਵੋਟ ਵਜ਼ਨ ਘਟਾਉਣ ਲਈ ਜੀ-ਜਾਨ ਨਾਲ ਜੁਟੀ ਹੋਈ ਹੈ। ਬਠਿੰਡਾ ਜ਼ਿਲ੍ਹਾ ’ਚ 70.89 ਫ਼ੀਸਦੀ ਅਤੇ ਜ਼ਿਲ੍ਹਾ ਮਾਨਸਾ ’ਚ 77.75 ਫ਼ੀਸਦੀ ਵਸੋਂ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਇਹ ਲਾਹਾ ਲੈਣ ਅਤੇ ਲੰਬੀ ’ਚ ਖੱਟੇ ਅੰਗੂਰਾਂ ਨੂੰ ਮਿੱਠਾ ਕਰਨ ਲਈ ਮਹੇਸ਼ਇੰਦਰ ਬਾਦਲ-ਗੁਰਮੀਤ ਖੁੱਡੀਆਂ ’ਤੇ ਨਿਗਾਹ ਲਗਾ ਰੱਖੀ ਹੈ। ਸਾਊ ਸਿਆਸਤਦਾਨ ਅਤੇ ਸਾਫ਼ ਸੁਧਰੇ ਅਕਸੀ ਚਿਹਰਿਆਂ ’ਤੇ ਆਧਾਰਤ ਇਸ ਧੜੇ ਕੋਲ ਲੰਬੀ ਹਲਕੇ ’ਚ ਇਕਮੁੱਠ 34-35 ਹਜ਼ਾਰ ਵੋਟਾਂ ਮੰਨੀਆਂ ਜਾਂਦੀਆਂ ਹਨ। ਇਸ ਲੋਕਸਭਾ ਹਲਕੇ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਵਿਕਾਸਮਈ ਮਾਹੌਲ ਸਿਰਜਣ ਕਰਕੇ ਹਰਸਿਮਰਤ ਕੌਰ ਬਾਦਲ ਦਾ ਹੱਥ ਹਾਲ ਦੀ ਘੜੀ ਉੱਪਰ ਵਿਖਾਈ ਜਾਪਦਾ ਹੈ । ਸਿਆਸੀ ਮਾਹਰਾਂ ਅਨੁਸਾਰ ਮੌਜੂਦਾ ਹਾਲਾਤਾਂ ਪੇਂਡੂ ਖਿੱਤੇ ਵਿੱਚ ਬੇਅਦਬੀਆਂ ਦਾ ਮਸਲਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਸਦਕਾ ਹੈ। ਪੰਥਕ ਸੋਚ ਵਾਲੇ ਸਿੱਖਾਂ ਦੀ ਅਕਾਲੀ ਦਲ ਪ੍ਰਤੀ ਨਰਾਜਗੀ ਬਰਕਰਾਰ ਜਾਪਦੀ ਹੈ। ਮਾਨਸਾ, ਮੌੜ ਅਤੇ ਬੁਢਲਾਡਾ ਆਦਿ ਹਲਕਿਆਂ ਦੀ ਸਿਰੜ ਅਤੇ ਜੁਝਾਰੂ ਸੋਚ ਜ਼ਮਾਨੇ ’ਚ ਕਿਸੇ ਤੋਂ ਲੁਕੀ ਨਹੀਂ ਹੈ। ਬਠਿੰਡਾ ਦੇ ਚੋਣ ਪਿੜ ’ਚ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਉਮੀਦਵਾਰ ਸੁਖਪਾਲ ਖਹਿਰਾ, ਬਰਗਾੜੀ ਮੋਰਚੇ ਵੱਲੋਂ ਗੁਰਦੀਪ ਸਿੰਘ ਬਠਿੰਡਾ, ਸੀ.ਪੀ.ਆਈ. (ਐਮ.ਐਲ.) ਵੱਲੋਂ ਕਾ. ਭਗਵੰਤ ਸਿੰਘ ਸਮਾਓਂ ਉਮੀਦਵਾਰ ਐਲਾਨ ਜਾ ਚੁੱਕੇ ਹਨ। ਹਾਲ ਦੀ ਘੜੀ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਸਰੇ ਦਾ ਮੂੰਹ ਤੱਕ ਰਹੀਆਂ ਹਨ। ਇਸ ਹਲਕੇ ’ਚ ਕਾਂਗਰਸ, ਅਕਾਲੀ ਦਲ (ਬ), ਪੀ.ਡੀ.ਏ., ਅਕਾਲੀ ਦਲ (ਟਕਸਾਲੀ) ਅਤੇ ਆਪ ਦੇ ਡਟਣ ਦੀ ਸੂਰਤ ’ਚ ਮੁਕਾਬਲਾ ਚਹੁੰਕੋਨਾ ਜਾਂ ਪੰਜਕੋਨਾ ਹੋਣ ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ ਬਹੁਕੋਨੇ ਮੁਕਾਬਲੇ ’ਚ ਵਿਉਂਤਬੰਦੀ ਠੋਸ ਹੋਣ ਦੀ ਸੂਰਤ ’ਚ ਕਾਂਗਰਸ ਦੀ ਬਾਜ਼ੀ ਲੱਗਦੀ ਹੈ। ਬਠਿੰਡਾ ਲੋਕਸਭਾ ਤੋਂ ਕਾਂਗਰਸ ਟਿਕਟ ਲਈ ਰਣਇੰਦਰ ਸਿੰਘ, ਗੁਰਮੀਤ ਖੁੱਡੀਆਂ, ਅਜੀਤਇੰਦਰ ਸਿੰਘ ਮੋਫ਼ਰ, ਮੋਹਿਤ ਮਹਿੰਦਰਾ ਅਤੇ ਸ਼ਰਨਜੀਤ ਕੌਰ ਦੇ ਨਾਂਅ ਚਰਚਾ ਵਿੱਚ ਹਨ।
ਜੱਗਜਾਹਰ ਹੈ ਕਿ ਲੰਬੀ ਦੇ ਪੁਖਤਾ ਵੋਟ ਵਜ਼ਨ ਸਦਕਾ ਅਕਾਲੀ ਦਲ ਬਠਿੰਡਾ ’ਚ ਲਗਾਤਾਰ ਦੋ ਜਿੱਤਾਂ ਦਰਜ ਕਰ ਚੁੱਕਿਆ ਹੈ। ਜਿਨ੍ਹਾਂ ’ਚ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਅਤੇ ਮੌਜੂਦਾ ਵਜ਼ੀਰੇ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਿਰਸਤ ਦਾ ਮੂੰਹ ਵੇਖਣਾ ਪਿਆ ਸੀ। ਦੋਵੇਂ ਵਾਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਨੂੰ ਲੰਬੀ ’ਚ ਕਰੀਬ 34-35 ਹਜ਼ਾਰ ਵੋਟਾਂ ਦੀ ਬੜ੍ਹਤ ਮਿਲੀ ਸੀ। ਮਨਪ੍ਰੀਤ ਬਾਦਲ ਨਾਲ ਮੁਕਾਬਲੇ ਮੌਕੇ ਤਾਂ ਅਕਾਲੀ ਦਲ ਨੂੰ ਜਿੱਤ ਹੀ ਲੰਬੀ ਹਲਕੇ ਦੇ ਵੋਟਾਂ ਦੇ ਵੱਡੇ ਫ਼ਰਕ ਕਾਰਨ ਮਿਲੀ ਸੀ। ਸੂਬੇ ’ਚ ਕਾਂਗਰਸੀ ਹਕੂਮਤ ਅਤੇ ਬੇਅਦਬੀਆਂ ਦੇ ਮਾਹੌਲ ਕਾਰਨ ਬਾਦਲਾਂ ਦੇ ਗੜ੍ਹ ਲੰਬੀ ’ਚ ਕਾਂਗਰਸ ਨੇ 60 ਪੰਚਾਇਤਾਂ ਜਿੱਤੀਆਂ ਹਨ। ਮਹੇਸ਼ਇੰਦਰ ਅਤੇ ਖੁੱਡੀਆਂ ਦਾ ਲੰਬੀ ਇਲਾਵਾ ਅਤੇ ਬਠਿੰਡਾ (ਦਿਹਾਤੀ) ’ਚ ਚੰਗਾ-ਖਾਸਾ ਜਨਾਧਾਰ ਹੈ। ਮਹੇਸ਼ਇੰਦਰ ਬਾਦਲ ਆਪਣੇ-ਆਪ ’ਚ ਦਿਆਨਤਦਾਰ ਅਤੇ ਸਾਊ ਸ਼ਖਸੀਅਤ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਬੇਦਾਗ ਸਿੱਖ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਤੋਂ ਟਿਕਟ ਮੰਗੀ ਹੋਈ ਹੈ। ਉਹ ਦਰਵੇਸ਼ ਸਿਆਸਤਦਾਨ ਜਥੇਦਾਰ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਹਨ। 1990 ਤੋਂ ਬੇਦਾਗ, ਇਮਾਨਦਾਰ ਅਤੇ ਪੰਥਕ ਰਵਾਇਤਾਂ ਨਾਲ ਲਗਾਤਾਰ ਜੁੜੇ ਕਾਂਗਰਸ ਆਗੂ ਗੁਰਮੀਤ ਸਿੰਘ ਖੁੱਡੀਆਂ ਅਜਿਹੀ ਸ਼ਖਸੀਅਤ ਹਨ। ਜਿਨ੍ਹਾਂ ਦੇ ਉਮੀਦਵਾਰ ਹੋਣ ਦੇ ਹਾਲਾਤਾਂ ’ਚ ਬਠਿੰਡਾ ਲੋਕਸਭਾ ’ਚ ਅਕਾਲੀਆਂ ਨਾਲੋਂ ਨਾਰਾਜ਼ ਪੰਥਕ ਵੋਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਪੰਥਕ ਵਿਰਾਸਤ ’ਤੇ ਮੁਹਰ ਲਗਾ ਸਕਦੀ ਹੈ। ਜ਼ਮੀਨੀ ਪੱਧਰ ’ਤੇ ਲਗਪਗ ਹਰ ਵਿਅਕਤੀ ਨਾਲ ਨਿੱਜੀ ਸਾਂਝ ਅਤੇ ਛੋਟੀ ਕਿਸਾਨੀ ਨਾਲ ਸੰਬੰਧਤ ਹੋਣ ਕਰਕੇ ਕਿਸਾਨ ਸਫ਼ਾਂ ਦਾ ਗੁਣਾ ਵੀ ਖੁੱਡੀਆਂ ’ਤੇ ਪੈ ਸਕਦਾ ਹੈ। ਪਿੱਛੇ ਜਿਹੇ ਬਠਿੰਡਾ ਸੀਟ ਬਾਰੇ ਠੋਸ ਤੇ ਕਾਬਿਲ ਉਮੀਦਵਾਰੀ ਬਾਰੇ ਕਾਂਗਰਸ ਹਾਈਕਮਾਂਡ ਵੀ ਸਿਆਸੀ ਮਾਹਰਾਂ ਅਤੇ ਕਲਮਕਾਰਾਂ ਤੋਂ ਜ਼ਮੀਨੀ ਅੰਕੜੇ ਜੁਟਾ ਚੁੱਕੀ ਹੈ। ਬਠਿੰਡਾ ਤੋਂ ਕਾਂਗਰਸ ਉਮੀਦਵਾਰੀ ਬਾਰੇ ਵੱਖ-ਵੱਖ ਕਿਆਫ਼ੇ ਲੱਗ ਰਹੇ ਹਨ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਦੇ ਵੋਟਾਂ ਦਾ ਵਜ਼ਨ ਵੰਡਾਏ ਵਗੈਰ ਬਠਿੰਡਾ ਤੋਂ ਕਾਂਗਰਸ ਦੇ ਮੂੰਹ ਜਿੱਤ ਸੁਆਦ ਲੱਗਣਾ ਸੰਭਵ ਨਹੀਂ ਹੋ ਸਕਦਾ। 93178-26100 / 98148-26100

04 April 2017

ਕੰਦੂਖੇੜੀਆਂ ਦੇ ਮਨਾਂ ’ਚ ਬਰਕਰਾਰ ‘ਮਹਾਰਾਜੇ’ ਦੀਆਂ ਟੌਫ਼ੀਆਂ ਦੀ ਮਿਠਾਸ

* ਕੈਪਟਨ ਦੇ ਪਿਆਰ ਭਰੇ ਬੋਲਾਂ ਨੇ ਕੰਦੂਖੇੜੀਏ ਚੜ੍ਹਾਏ ‘ਅਸਮਾਨੀਂ’
* 1986 ’ਚ ਅਮਰਿੰਦਰ ਦੇ ਬਿਤਾਏ ਪਲਾਂ ਦੇ ਭਾਈਵਾਲਾਂ ਨੂੰ ‘ਵਿਕਾਸਮਈ ਵੁੱਕਤ’ ਦੀ ਆਸ ਬੱਝੀ


                                                  ਇਕਬਾਲ ਸਿੰਘ ਸ਼ਾਂਤ
        ਲੰਬੀ: 1986 ਵਿੱਚ ਪੰਜਾਬ ਦੀ ‘ਸ਼ਾਨ’ ਰੱਖਣ ਦਾ ਸਿਹਰਾ ਹੁਣ ਛੇਤੀ ਕੰਦੂਖੇੜਾ ਦੇ ਸਿਰ ਬੱਝੇਗਾ। ਮਹਾਰਾਜੇ ਦੇ ਬੱੁੱਲ੍ਹਾਂ ’ਚੋਂ ਨਿੱਕਲੇ ਚੰਦ ਬੋਲਾਂ ਨੇ ਹੀ ਵਰ੍ਹਿਆਂ ਤੋਂ ਅਮਰਿੰਦਰ ਸਿੰਘ ਦੇ ਕੰਦੂਖੇੜਾ ਪਿੰਡ ’ਚ ਬਿਤਾਏ ਪਲਾਂ ਨੂੰ ਚੇਤੇ ਕਰਦੇ ਪਿੰਡ ਵਾਸੀਆਂ
ਨੂੰ ਪਲਾਂ ’ਚ ਵੀ.ਆਈ.ਪੀ. ਬਣਾ ਦਿੱਤਾ ਹੈ। ਕੰਦੂਖੇੜੀਏ ਇਸ ਗੱਲੋਂ ਖੁਸ਼ੀ ਨਾਲ ਖੀਵੇ ਹਨ ਕਿ ਕੰਦੂਖੇੜਾ ‘ਕਰੂ ਨਿਬੇੜਾ’ ਦਹਾਕਿਆਂ ਬਾਅਦ ਵੀ ਅਮਰਿੰਦਰ ਸਿੰਘ ਦੇ ਦਿਲ ’ਚ ਤਰੋਤਾਜ਼ਾ ਹੈ। ਬੀਤੇ ਦਿਨ੍ਹੀਂ ਮੁੱਖ ਮੰਤਰੀ ਵੱਲੋਂ ਕੰਦੂਖੇੜਾ ਨਾਲ ਨਿੱਜੀ ਸੰਬੰਧਾਂ ਅਤੇ ਵਿਕਾਸ ਦੀ ਬਾਤ ਪਾਏ ਜਾਣ ਨਾਲ ਇਸ ਅਣਗੌਲੀਏ ਪਿੰਡ ਦਾ ਰੋਮ-ਰੋਮ ਹੁਲਾਰੇ ਲੈਣ ਲੱਗਿਆ ਹੈ। ਸੂਬੇ ਦੇ ਸਾਢੇ 12 ਹਜ਼ਾਰ ਪਿੰਡਾਂ ’ਚੋਂ ਕੰਦੂਖੇੜੀਏ ਖੁਦ ਨੂੰ ਪਹਿਲੇ ਨੰਬਰ ’ਤੇ ਮੰਨਣ ਲੱਗੇ ਹਨ। 
        ਜ਼ਿਕਰਯੋਗ ਹੈ ਕਿ 1986 ’ਚ ਭਾਸ਼ਾਈ ਆਧਾਰ ’ਤੇ ਪੰਜਾਬ-ਹਰਿਆਣਾ ਵਿਚਕਾਰ ਅਬੋਹਰ-ਫਾਜਿਲਕਾ ਅਤੇ 55 ਪਿੰਡਾਂ ਦੀ ਵੰਡ ਮੌਕੇ 91.9 ਫ਼ੀਸਦੀ ਕੰਦੂਖੇੜਾ ਵਾਸੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾ ਕੇ ਸੂਬੇ ਦੀ ਸ਼ਾਨ ਰੱਖੀ ਸੀ। ਜਿਨ੍ਹਾਂ ਵਿੱਚ ਸਿੱਖਾਂ ਦੇ ਇਲਾਵਾ ਹਿੰਦੂ ਭਾਵਨਾਵਾਂ ਵਾਲੇ ਬਿਸ਼ਨੋਈ, ਮੇਘਵਾਲ, ਭਾਠ ਅਤੇ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਸਨ। ਉਦੋਂ ਪੰਜਾਬ ਸਰਕਾਰ ਵੱਲੋਂ ਤਤਕਾਲੀ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ’ਚ ਮੋਰਚਾ ਸੰਭਾਲਿਆ ਸੀ। ਪਿੰਡ ਦੇ ਬਜ਼ੁਰਗ ਕਾਬੁਲ ਸਿੰਘ ਨੇ ਕਿਹਾ ਕਿ ਅਮਰਿੰਦਰ ਧੱਕੜਾ ਬੰਦਾ ਹੈ ਉਹਨੇ ਉਦੋਂ ਛੇ ਦਿਨ ਰਾਖੀ ਕਰਕੇ ਮੋਰਚਾ ਲਗਾਇਆ ਰੱਖਿਆ ਸੀ। ਇਹ ਮਸਲਾ ਪੰਜਾਬ ਅਤੇ ਹਰਿਆਣੇ ਵਿਚਕਾਰ ਮੁੱਛ ਦਾ ਸੁਆਲ ਬਣਿਆ ਹੋਇਆ ਸੀ। ਉਦੋਂ ਕੰਦੂਖੇੜਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੀ ਸੀ ਅਤੇ ‘ਬੀ.ਬੀ.ਸੀ ਲੰਦਨ’ ਰੇਡੀਓ ਜਰੀਏ ‘ਕੰਦੂਖੇੜਾ ਕਰੂ ਨਿਬੇੜਾ’ ਨਾਅਰਾ ਬਹੁਤ ਪ੍ਰਚੱਲਿਤ ਹੋਇਆ ਸੀ। 
         ਐਤਕੀਂ ਲੰਬੀ ਹਲਕੇ ’ਚ ਚੋਣ ਪ੍ਰਚਾਰ ਮੌਕੇ ਅਮਰਿੰਦਰ ਸਿੰਘ ਨੇ ਰੈਲੀਆਂ ਦੌਰਾਨ ਕੰਦੂਖੇੜਾ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਸੀ। ਬੀਤੀ 11 ਮਾਰਚ ਨੂੰ ਕਾਂਗਰਸ ਸਰਕਾਰ ਬਣਨ ’ਤੇ ਅਮਰਿੰਦਰ ਸਿੰਘ ਪ੍ਰਤੀ ਪ੍ਰੇਮ ਦਰਸਾਉਂਦਿਆਂ ਕੰਦੂਖੇੜੀਆਂ ਨੇ ਰੱਜ ਕੇ ਆਤਿਸ਼ਬਾਜ਼ੀ ਕੀਤੀ ਸੀ। ਕੰਦੂਖੇੜਾ ਮੋਰਚੇ ਸਮੇਂ ਅਮਰਿੰਦਰ ਸਿੰਘ ਵੱਲੋਂ ਅੱਗ ਦੀਆਂ ਧੂਣੀਆਂ ’ਤੇ ਜਾਗ ਕੇ ਲੰਘਾਈਆਂ ਪੋਹ-ਮਾਘ ਦੀਆਂ ਰਾਤਾਂ ਪਿੰਡ ਵਾਸੀਆਂ ਲਈ ਅਜੇ ਕੱਲ੍ਹ ਦੀ ਗੱਲ ਜਾਪਦਾ ਹੈ।
         1986 ’ਚ ਭਾਸ਼ਾਈ ਮਰਦਮਸ਼ੁਮਾਰੀ ਨੂੰ ਅੱਖੀਂ ਹੰਢਾਉਣ ਵਾਲੇ ਕੰਦੂਖੇੜਾ ਵਾਸੀ 49 ਸਾਲਾ ਓਮ ਪ੍ਰਕਾਸ਼ ‘ਪੱਪੂ’ ਨੇ ਕਿਹਾ ਕਿ ਅਸੀਂ ਹਮੇਸ਼ਾਂ ਸੋਚਦੇ ਕਿ ਕੰਦੂਖੇੜਾ ਨੇ ਪੰਜਾਬ ਦੀ ਸ਼ਾਨ ਰੱਖੀ ਪਰ ਸਾਡੀ ਸ਼ਾਨ ਰੱਖਣ ਲਈ ਕਦੇ ਕੋਈ ਨਾ ਬਹੁੜਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ਦਾ ਜ਼ਿਕਰ ਕਰਕੇ ਸਾਡੇ ਪ੍ਰਤੀ ਪਿਆਰ ਨੂੰ ਦਰਸਾ ਦਿੱਤਾ ਹੈ। ਪੰਜਾਬ ਦੇ ਕੋਨੇ ’ਤੇ ਸਥਿਤ ਕੰਦੂਖੇੜਾ ਹੁਣ ਸੂਬੇ ਦੇ ਦਿਲ ਵਿੱਚ ਜਾਪਣ ਲੱਗਿਆ ਹੈ। 
          47 ਸਾਲਾ ਕਾਂਗਰਸ ਆਗੂ ਪਰਮਜੀਤ ਸਿੰਘ ‘ਪੰਮਾ’ ਨੇ ਆਖਿਆ ਕਿ ਅੱਜ ਵੀ ਚੇਤਾ ਆਉਂਦਾ ਐ। ਅਸੀਂ ਆਪਣੇ ਦਾਦਾ ਸਾਬਕਾ ਸਰਪੰਚ ਅਰੂੜ ਸਿੰਘ ਨਾਲ ਕੈਪਟਨ ਸਾਬ੍ਹ ਅਤੇ ਅਮਲੇ ਲਈ ਚਾਹ-ਪਾਣੀ ਅਤੇ ਰੋਟੀਆਂ ਲੈ ਕੇ ਜਾਂਦੇ। ਕੈਪਟਨ ਸਾਬ੍ਹ ਬੱਚਿਆਂ ਨੂੰ ਟੌਫ਼ੀਆਂ ਵੰਡਦੇ ਅਤੇ ਅਸੀਂ ਮਹਾਰਾਜੇ ਦੇ ਹੱਥੋਂ ਟੌਫ਼ੀਆਂ ਲੈ ਕੇ ਬੜੇ ਖੁਸ਼ ਹੁੰਦੇ। ਉਹ ਟੌਫ਼ੀਆਂ ਚੇਤੇ ਕਰਕੇ ਤਾਂ ਜੀਭ ’ਤੇ ਮਿਠਾਸ ਆ ਜਾਂਦੀ ਹੈ। 

          ਸੁਰਿੰਦਰ ਸਿੰਘ ਦੁੱਗਲ, ਲਾਭ ਸਿੰਘ ਤੇ ਜੱਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੰਦੂਖੇੜਾ ਪ੍ਰਤੀ ਦਰਸਾਏ ਮੋਹ ਨੇ ਵਿਕਾਸ ਦੀ ਆਸ ਬਝਾਈ ਹੈ ਅਤੇ ਡਿੱਗੇ-ਢਹੇ ਹੌਂਸਲਿਆਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਬਹੁਗਿਣਤੀ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਹਨ ਅਤੇ ਵਿਕਾਸ ਪੱਖੋਂ ਪਿੰਡ ਕਾਫ਼ੀ ਪਛੜਿਆ ਹੋਇਆ ਹੈ। ਵਾਟਰ ਸਪਲਾਈ ਦੀ ਮਾੜੀ ਹਾਲਤ ਨੇ ਕੰਦੂਖੇੜਾ ਦੀ ਵਸੋਂ ਦੇ ਸਾਹ ਸੁਕਾਏ ਹੋਏ ਹਨ। ਦਸ ਸਾਲਾਂ ’ਚ ਕੰਦੂਖੇੜਾ ਦਾ ਸਿਰਫ਼ ਇੱਕ ਨੌਜਵਾਨ ਹੀ ਪੁਲੀਸ ’ਚ ਭਰਤੀ ਹੋ ਸਕਿਆ।
          ਤਤਕਾਲੀ ਬਰਨਾਲਾ ਸਰਕਾਰ ਨੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਗਿਆਨੀ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਸੀ। ਪਿਛਲੇ ਦਹਾਕੇ ਲਗਭਗ ਅਣਗੌਲਿਆ ਰਿਹਾ। ਪਿਛਲੇ ਵਰ੍ਹੇ ਸਿੰਚਾਈ ਲਈ ਟੇਲ ’ਤੇ ਪਾਣੀ ਨਾ ਪਹੁੰਚਣ ਕਰਕੇ ਕਿਸਾਨਾਂ ਨੂੰ ਖਾਸਾ ਸੰਘਰਸ਼ ਕਰਨਾ ਪਿਆ ਸੀ।  ਪਿੰਡ ਵਾਸੀਆਂ ਨੂੰ ਗਿਲਾ ਹੈ ਕਿ ਪਿਛਲੇ ਇੱਕ ਦਹਾਕੇ ਕੰਦੂਖੇੜਾ ਨਸ਼ਿਆਂ ਦੀ ਸਪਲਾਈ ਜ਼ਰੀਆ ਬਣ ਕੇ ਰਹਿ ਗਿਆ ਹੈ। ਕੰਦੂਖੇੜਾ ਨਾਕੇ ਦੀਆਂ ਮਾੜੀ ਕਾਰਗੁਜਾਰੀ ਨੇ ਪਿੰਡ ਦੀ ਚੰਗਿਆਈ ਢਕ ਕੇ ਬਦਨਾਮੀ ਉਛਾਲ ਦਿੱਤੀ। ਹੁਣ ਵੇਖਣਾ ਹੈ ਕਿ ਅਮਰਿੰਦਰ ਸਿੰਘ ਦੇ ਸ਼ਬਦੀ ਬੋਲ ਕੰਦੂਖੇੜਾ ਦੀ ਤਕਦੀਰ ਬਦਲਣ ਲਈ ਹਕੀਕਤ ਕਦੋਂ ਬਦਲਦੇ ਹਨ। 98148-26100 / 93178-26100

11 July 2016

ਹਰਸਿਮਰਤ ਬਾਦਲ ਦੇ ‘ਸਾਂਸਦ ਆਦਰਸ਼ ਗਰਾਮ’ ਮਾਨ ਦੀ ਹਾਲਤ ਨੇ ਕੀਤਾ ‘ਆਦਰਸ਼’ ਸ਼ਬਦ ‘ਬੇਮਾਇਨੇ’

- ਆਦਰਸ਼ ਪਿੰਡ ਦੇ ਬਰਸਾਤੀ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਫਾਈਲਾਂ ਹੇਠਾਂ ਦੱਬੇ 
- ਰੂੜ੍ਹੀਆਂ, ਗਲੀਆਂ ’ਚ ਗਾਰਾ ਅਤੇ ਕਾਈ ਦਾ ਭਰਿਆ ਛੱਪੜ ਹਕੀਕਤ ਨੂੰ ਕਰਦੇ ਬਿਆਂ

ਇਕਬਾਲ ਸਿੰਘ ਸ਼ਾਂਤ
         ਲੰਬੀ : ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਵਜਾਰਤ ’ਚ ਅਹਿਮ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੁਣਿਆ ‘ਸਾਂਸਦ ਆਦਰਸ਼ ਗਰਾਮ ਮਾਨਾ ਡੇਢ ਸਾਲ ਮਗਰੋਂ ਵੀ ‘ਆਦਰਸ਼’ ਨਹੀਂ ਹੋ ਸਕਿਆ। ਆਦਰਸ਼ ਪਿੰਡ ਵਿੱਚ ਵਿਕਾਸ ਅਤੇ ਸੁਧਾਰ ਪੱਖੋਂ ਲੰਬੀ ਹਲਕੇ ਦੇ ਆਮ ਪਿੰਡਾਂ ਤੋਂ ਕਿਸੇ ਪੱਖੋਂ ਬਿਹਤਰੀ ਨਹੀਂ ਵਿਖਾਈ ਦਿੰਦੀ। 
          ਪਿੰਡ ਦੇ ਬਾਹਰਲੇ ਪਾਸੇ ਬੰਬੀਹਾ ਰੋਡ ’ਤੇ ਛੱਪੜ ਭਰ ਕੇ ਬਣਾਏ ਜਿੰਮ ਖਾਨਾ, ਪੰਚਾਇਤ ਘਰ, ਵਾਲੀਵਾਲ ਗਰਾਊਂਡ ਅਤੇ 62 ਲੱਖ ਰੁਪਏ ਦੀ ਲਾਗਤ ਵਾਲੇ ਛੈੱਡ ’ਤੇ ਆਧਾਰਤ ਕਮਿਊਨਿਸਟ ਸੈਂਟਰ ਨੂੰ ‘ਆਦਰਸ਼ ਵਿਕਾਸ’ ਗਰਦਾਨਿਆ ਜਾ ਰਿਹਾ ਹੈ। ਬਿਨ੍ਹਾਂ ਚਾਰਦੀਵਾਰੀ ਵਾਲਾ ਕਮਿਊਨਿਟੀ ਸੈਂਟਰ ਮੀਂਹ-ਝੱਖੜ ਜਾਂ ਧੁੱਪ ਤੋਂ ਬਚਾਅ ਲਈ ਰੱਤੀ ਭਰ ਵੀ ਸਮਰਥ ਨਹੀਂ। ਪਿੰਡ ਦੇ ਬਾਹਰਲੇ ਪਾਸੇ ਕੀਤੇ ਇਸ ਵਿਕਾਸ ਦਾ ਬੁਨਿਆਦੀ ਲੋੜਾਂ ਲਈ ਜੂਝਦੇ ਲੋਕਾਂ ਨੂੰ ਬੁਨਿਆਦੀ ਪੱਖੋਂ ਕੋਈ ਸਿੱਧਾ ਲਾਹਾ ਨਹੀਂ। 
         ਆਦਰਸ਼ ਹੋਣ ਲਈ ਗਰਾਮ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ ਪਰ ਹੁਣ ਘਰ-ਘਰ ਸ਼ਰਾਬ ਦੇ ਨਜਾਇਜ਼ ਠੇਕੇ ਖੁੱੱਲ੍ਹ ਗਏ ਹਨ। ਨਜਾਇਜ਼ ਸ਼ਰਾਬ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ। 
ਆਦਰਸ਼ ਪਿੰਡ ਦੇ ਬਾਸ਼ਿੰਦੇ ਅੱਜ ਵੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਗੁਆਂਢੀ ਪਿੰਡ ਬਾਦਲ ’ਤੇ ਮੁਨਹੱਸਰ ਹਨ। ਕਿਰਸਾਨੀ ਕਿੱਤੇ ਦਾ ਅਹਿਮ ਅਦਾਰਾ ਸਹਿਕਾਰੀ ਸੁਸਾਇਟੀ ਵੀ ਤੁਰਦੀ ਫਿਰਦੀ ‘ਫੇਰੀ ਵਾਲੀ’ ਹਾਲਤ ਵਿੱਚ ਹੈ। ਜਿਸਨੂੰ ਆਪਣੇ ਸੰਦ ਅਤੇ ਸਾਜੋ-ਸਮਾਨ ਸਾਂਭਣ ਲਈ ਗੋਦਾਮ ਤਾਂ ਦੂਰ ਲੋੜੀਂਦਾ ਦਫ਼ਤਰ ਤੱਕ ਨਸੀਬ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਕਾਰੀ ਸਕੀਮ ‘ਸਵੱਛਤਾ ਮੁਹਿੰਮ’ ਦਾ ਪਿੰਡ ਮਾਨਾ ਅੰਦਰ ਕਿਧਰੇ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਪਿੰਡ ਦੀਆਂ ਬਹੁਗਿਣਤੀ ਗਲੀਆਂ ਅਤੇ ਚੌਰਾਹਿਆਂ ’ਤੇ ਰੂੜ੍ਹੀਆਂ ਦੇ ਢੇਰ ਅਤੇ ਛੱਪੜ ਦਾ ਹਰਾ ਕਾਈ ਵਾਲਾ ਪਾਣੀ ਪਿੰਡ ਦੇ ਹਕੀਕੀ ਹਾਲਾਤਾਂ ਨੂੰ ਖੁਦ-ਬ-ਖੁਦ ਬਿਆਨ ਕਰਦੇ ਹਨ। ਪਿੰਡ ਨੂੰ ਹਰਿਆ-ਭਰਿਆ ਕਰਨ ਕੇਂਦਰੀ ਮੰਤਰੀ ਦੀ
ਪ੍ਰੇਰਨਾ ਸਕਦਾ ਲਗਾਏ ਸੈਂਕੜੇ ਪੌਦਿਆਂ ਵਿਚੋਂ ਬਹੁਗਿਣਤੀ ਸਰਕਾਰੀ ਅਣਦੇਖੀ ਅਤੇ ਪਿੰਡਾਂ ਵਾਸੀਆਂ ਵੱਲੋਂ ਸਾਂਭ ਦੀ ਥੁੜ ਕਰਕੇ ਪਰਵਾਨ ਚੜ੍ਹਨ ਤੋਂ ਪਹਿਲਾਂ ਆਪਣੀ ਹੋਣੀ ਹੰਢਾ ਗਏ। ਪਿੰਡ ਦੇ ਛੱਪੜ ਵਿੱਚੋਂ ਕੱਢੀ ਗਾਰ ਦੇ ਢੇਰ ਸਮੱਸਿਆਵਾਂ ਨੂੰ ਵਧਾ ਰਹੇ ਹਨ। ਚਿੱਕੜ ਅਤੇ ਗਾਰੇ ਨਾਲ ਭਰੀ ਫਿਰਨੀ ਆਪਣੀ ਦਿੱਖ ਸੁਧਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਦਮਾਂ ਦੀ ਆਹਟ ਲੋਚਦੀ ਹੈ। ਹਾਲਾਂਕਿ ਪਿੰਡ ਮਾਨ ਵਿੱਚ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ਵਾਂਗ 8 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਣਾ ਹੈੈ। ਜਿਸ ਤਹਿਤ ਸਿਰਫ਼ 10-11 ਗਲੀਆਂ ਹੀ ਸੀਮੇਂਟਿਡ ਹੋ ਸਕੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਅਜੇ ਅਧੂਰੀਆਂ ਹਨ। 

          ਪਿੰਡ ਦੀ ਹਾਲਤ ਬਿਆਨਦੀ ਹੈ ਕਿ ਆਦਰਸ਼ ਪਿੰਡ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਵੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਦੌਰਿਆਂ ਤੱਕ ਹੀ ਮਹਿਜ਼ ਦਸਤਾਵੇਜੀ ਹੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਖਾਣਾਪੂਰਤੀ ਲਈ ਉਨ੍ਹਾਂ ਨਾਲ ਮੀਟਿੰਗ ਕਰਕੇ ਕੇਂਦਰੀ ਮੰਤਰੀ ਮੂਹਰੇ ਨੰਬਰ ਬਣਾਉਣ ਨੂੰ ਤਰਜੀਹ ਦਿੰਦੇ ਹਨ। 
          ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਦਰਸ਼ ਪਿੰਡ ’ਚ ਵਿਕਾਸ ਕਿਧਰੇ ਵਿਖਾਈ ਨਹੀਂ ਦੇ ਰਿਹਾ। ਰਾਤਾਂ ਨੂੰ ਹਨ੍ਹੇਰੇ ਦੂਰ ਕਰਨ ਲਈ ਆਈਆਂ ਸੋਲਰ ਲਾਈਟਾਂ ਵੀ ਵੱਡਿਆਂ ਦੇ ਘਰਾਂ ਦੇ ਬੂਹੇ ਰੁਸ਼ਨਾਉਣ ਤੱਕ ਸੀਮਤ ਹਨ ਅਤੇ ਗਰੀਬਾਂ ਦੇ ਗਲੀ-ਦਰਵਾਜੇ ਅਜੇ ਵੀ ਹਨ੍ਹੇਰਿਆਂ ਦੇ ਵੱਸ ਪਏ ਹੋਏ ਹਨ। ਗੁਰਦੁਆਰਾ ਖੇਤਰ ਵਿੱਚ ਭਰਦੇ ਬਰਸਾਤੀ ਪਾਣੀ ਦੀ ਛੱਪੜ ਵਿੱਚੋਂ ਟਿਊਬਵੈੱਲਾਂ ਰਾਹੀਂ ਨਿਕਾਸੀ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਗੁਆਚ ਗਈ। ਪ੍ਰਸ਼ਾਸਨ ਤਾਂ ਆਦਰਸ਼ ਪਿੰਡ ਪ੍ਰਤੀ ਇੰਨਾ ਜਾਗਰੂਕ ਹੈ ਕਿ ਡੇਢ ਹਫ਼ਤੇ ਪਹਿਲਾਂ ਪਾਣੀ ਸਪਲਾਈ ਪਾਈਪਾਂ ਦੀ ਦਰੁੱਸਤੀ ਲਈ ਗਊਸ਼ਾਲਾ ਮੂਹਰੇ ਚੌਰਸਤੇ ’ਤੇ ਪੁੱਟੇ ਡੂੁੰਘੇ ਟੋਏ ਅੱਜ ਜਿਉਂ ਦੀ ਤਿਉਂ ਹਨ। 
ਮਾਨਾ ਦੇ ਆਦਰਸ਼ ਪਿੰਡ ਚੁਣੇ ਜਾਣ ਮਗਰੋਂ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਤੱਕ ਲਗਪਗ 5 ਫੇਰੇ ਲਗਾ ਕੇ ਪਿੰਡ ਦੇ ਨੈਣ ਨਕਸ਼ ਬਦਲਣ ਲਈ ਉਪਰਾਲੇ ਕਰ ਚੁੱਕੇ ਹਨ। ਉਂਝ ਅੌਰਤਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਲਗਪਗ 3 ਦਰਜਨ ਅੌਰਤਾਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਤਹਿਤ ਕਈ ਅੌਰਤਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ। 28 ਮਈ 2015 ਨੂੰ  ਆਦਰਸ਼ ਪਿੰਡ ਮਾਨ ’ਚ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਕਾਫ਼ੀ ਕੋਸ਼ਿਸ਼ਾਂ ਬਾਅਦ ਵੀ ਆਦਰਸ਼ ਪਿੰਡ ਦੇ ਲੋਕਾਂ ਨੂੰ ਸੋਚ ਅਤੇ ਸਾਫ਼-ਸਫ਼ਾਈ ਪੱਖੋਂ ਆਦਰਸ਼ ਬਣਾਉਣ ਵਿੱਚ ਸਫ਼ਲਤਾ ਤੋਂ ਬੇਹੱਦ ਪਿੱਛੇ ਰਹੇ ਹਨ।  
             ਪਿੰਡ ਦੇ ਅਕਾਲੀ ਸਰਪੰਚ ਤੇਜਾ ਸਿੰਘ ਕਹਿਣਾ ਸੀ ਕਿ ਆਦਰਸ਼ ਮਾਨਾ ਵਿੱਚ ਸਰਕਾਰ ਨੇ ਕਮਿਊਨਿਟੀ ਸੈਂਟਰ, ਪੰਚਾਇਤ ਘਰ ਅਤੇ ਜਿੰਮ ਖਾਨਾ ਬਣਾਇਆ ਹੈ। ਗਲੀਆਂ-ਨਾਲੀਆਂ ਬਣਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਸਾਰੀਆਂ ਗਲੀਆਂ ਬਣਨਗੀਆਂ। ਉਨ੍ਹਾਂ ਫਿਰਨੀ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਨਜਾਇਜ਼ ਕਬਜ਼ੇ ਹੋਣ ਕਰਕੇ ਸੜਕ ਨਵੀਂ ਨਹੀਂ ਬਣ ਰਹੀ।

15 August 2015

ਆਜ਼ਾਦ ਗੁਲਾਮਾਂ ਦਾ ਵਿਹੜਾ


                                       -ਇਕਬਾਲ ਸਿੰਘ ਸ਼ਾਂਤ-

ਸਿਰਫ਼ ਖੁੱਲ•ੀ ਹਵਾ 'ਚ ਬਾਹਵਾਂ ਉੱਚੀਆਂ ਕਰਕੇ ਸਾਹ ਲੈਣ ਨੂੰ ਆਜ਼ਾਦੀ ਨਹੀਂ ਆਖਿਆ ਜਾ ਸਕਦਾ। ਭਾਰਤ ਆਜ਼ਾਦੀ ਦੇ ਅਸਲ ਮਾਇਨਿਆਂ ਤੱਕ 7 ਦਹਾਕਿਆਂ ਬਾਅਦ ਵੀ ਨਹੀਂ ਪੁੱਜ ਸਕਿਆ। ਅੱਜ ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ, ਮਹਿੰਗੇ ਹਸਪਤਾਲਾਂ, ਸਕੂਲਾਂ ਅਤੇ ਰਹਿਣ-ਸਹਿਣ ਨੂੰ ਆਜ਼ਾਦ ਮੁਲਕ ਦਾ ਵਿਕਾਸ ਗਰਦਾਨਿਆ ਜਾ ਰਿਹਾ ਹੈ ਪਰ ਦੇਸ਼ ਦੇ ਆਮ ਲੋਕ ਅਜੇ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਚੁੰਗਲ 'ਚੋਂ ਨਹੀਂ ਨਿਕਲ ਸਕੇ। ਹੁਣ ਵੀ ਮੁਲਕ ਆਜ਼ਾਦ ਅਤੇ ਗੁਲਾਮ ਭਾਰਤੀਆਂ ਦੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਅਜਿਹੇ ਆਜ਼ਾਦ ਗੁਲਾਮਾਂ ਦਾ ਵਿਹੜਾ ਬਣ ਕੇ ਰਹਿ ਗਿਆ ਹੈ ਜਿਸਦੇ ਮਕਾਨ ਦੀਆਂ ਕੰਧਾਂ-ਕਾਉਲਿਆਂ ਨੂੰ ਵਿਦੇਸ਼ੀਆਂ ਨਾਲੋਂ ਅੰਦਰੂਨੀ ਗੱਦਾਰਾਂ ਤੋਂ ਵੱਧ ਖ਼ਤਰਾ ਹੈ। ਸਦੀਆਂ ਤੋਂ ਗੁਲਾਮ ਲੋਕਾਂ ਨੂੰ 47 ਵਾਲੀ ਆਜ਼ਾਦੀ ਬਾਅਦ ਵੀ ਸੋਚ ਪੱਖੋਂ ਆਜ਼ਾਦ ਨਹੀਂ ਹੋਣ ਦਿੱਤਾ ਗਿਆ। 
         ਦੇਸ਼ ਦੇ ਸਿਸਟਮ 'ਤੇ 'ਗੋਰੇ ਅੰਗਰੇਜ਼ਾਂ' ਦੀ ਜਗ•ਾ 'ਕਾਲੇ ਅੰਗਰੇਜ਼' ਕਾਬਜ਼ ਹੋਏ ਪਏ ਹਨ। ਕਾਲੇ ਅੰਗਰੇਜ਼ਾਂ 'ਚ ਜ਼ਿਆਦਾਤਰ ਗੋਰੇ ਅੰਗਰੇਜ਼ਾਂ ਦੇ ਪਿੱਠੂਆਂ ਦੀਆਂ ਪੀੜੀਆਂ ਸ਼ੁਮਾਰ ਹਨ। ਜਿਨ•ਾਂ ਨੇ ਅਸਲ ਅੰਗਰੇਜ਼ਾਂ ਵਾਂਗ ਗੁਲਾਮਾਂ ਵਿਚਲੇ ਧਰਮੀ ਪਾੜੇ ਨੂੰ ਬਰਕਰਾਰ ਰੱਖਿਆ ਹੋਇਆ ਹੈ। ਬੜੀ ਮਿੱਥੀ ਸਾਜਿਸ਼ ਤਹਿਤ ਮੁਫ਼ਤਖੋਰੀ ਦੀ ਆਦਤ ਪਾ ਕੇ ਗੁਲਾਮ ਸੋਚ ਨੂੰ ਆਪਣੇ ਅਜਿਹੇ ਆਰਥਿਕ-ਸਮਾਜਿਕ ਚੱਕਰਵਿਊ 'ਚ ਫਸਾਇਆ ਹੈ ਕਿ ਉਸਦੇ ਕੋਲ ਆਜ਼ਾਦੀ ਦੇ ਅਸਲ ਮਕਸਦ ਵੱਲ ਪੁੱਜਣਾ ਤਾਂ ਦੂਰ ਸੋਚਣ ਦਾ ਵੀ ਸਮਾਂ ਨਹੀਂ ਹੈ। ਕਾਲੇ ਅੰਗਰੇਜ਼ਾਂ ਦੀਆਂ ਗੁੰਝਲਦਾਰ ਅਤੇ ਫਰੇਬੀ ਨੀਤੀਆਂ ਦਾ ਅਸਰ ਹੈ ਕਿ ਅੱਜ ਹਰ ਬਾਸ਼ਿੰਦੇ ਨੂੰ ਹਕੀਕੀ ਆਜ਼ਾਦੀ ਦੀ ਤਾਂਘ ਤਾਂ ਹੈ ਪਰ ਉਸਦੇ ਦਿਲੋ-ਦਿਮਾਗ 'ਤੇ ਛਾਈ ਗੁਲਾਮ ਸੋਚ ਦੇ ਪਰਛਾਵੇਂ ਨੇ ਬੁਰੀ ਤਰ•ਾਂ ਜਕੜ ਰੱਖਿਆ ਹੈ। ਉਹ ਚਾਹ ਕੇ ਵੀ ਇਨ•ਾਂ ਤੋਂ ਬਾਹਰ ਨਹੀਂ ਆ ਸਕਦਾ। ਆਮ ਲੋਕਾਂ ਨੂੰ ਜ਼ਿੰਦਗੀ ਜਿਉਣ ਲਈ ਲੋੜੀਂਦੇ ਸਾਧਨ ਮੁਹੱਈਆ ਨਹੀਂ ਹੋ ਸਕੇ। ਦੇਸ਼ ਦੀ ਜ਼ਿਆਦਾਤਰ ਜਨਤਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭੁੱਖਮਰੀ ਨਾਲ ਪੀੜਤ ਹੈ। ਦੁਨੀਆ ਮੰਗਲ ਗ੍ਰਹਿ ਅਤੇ ਚੰਦਰਮਾਂ 'ਤੇ ਵਸਣ ਦੀ ਤਿਆਰੀ ਵਿੱਚ ਹੈ ਪਰ ਭਾਰਤ 'ਚ ਅਜੇ ਵੀ ਲੱਖਾਂ ਲੋਕ ਫੁੱਟਪਾਥਾਂ ਅਤੇ ਰੇਲਵੇ ਪਲੇਟਫਾਰਮਾਂ 'ਤੇ ਰਾਤਾਂ ਲੰਘਾਉਂਦੇ ਹਨ। ਆਮ ਜਨਤਾ ਲਈ ਉਨ•ਾਂ ਦੇ ਟੈਕਸਾਂ ਸਹਾਰੇ ਅੰਨੇ ਦਾਤੇ ਬਣੇ ਬੈਠੇ ਕਾਲੇ ਅੰਗਰੇਜ਼ਾਂ ਵੱਲੋਂ ਅੱਜ ਕਹਿਣ ਨੂੰ ਤਾਂ ਆਮ ਜਨਤਾ ਲਈ ਆਟਾ-ਦਾਲ ਮੁਫ਼ਤ ਵਾਂਗ, ਪੈਨਸ਼ਨਾਂ, ਸ਼ਗਨ ਸਕੀਮਾਂ, ਗਰੀਬਾਂ ਲਈ ਘਰ ਮੁਫ਼ਤ ਦਿੱਤੇ ਜਾਂਦੇ ਹਨ। ਜਦੋਂ ਅਸਲ ਹਕੀਕਤ ਕੁਝ ਹੋਰ ਹੀ ਬਿਆਨਦੀ ਹੈ ਕਿ ਦਾਲ ਆਉਂਦੀ ਨਹੀਂ, ਕਣਕ ਆਟਾ ਪਿਸਾਉਣ ਯੋਗ ਨਹੀਂ ਹੁੰਦੀ। ਨਿਗੁਣੀ ਪੈਨਸ਼ਨ ਦੇ ਗੇੜ 'ਤੇ ਬਜ਼ੁਰਗ ਚਵਾਨੀ ਮਾਰਕਾ ਲੀਡਰਾਂ ਦੇ ਮੱਥੇ ਰਗੜਦੇ ਫਿਰਦੇ ਹਨ। ਕਹਿਣ ਨੂੰ ਬਿਜਲੀ ਮੁਫ਼ਤ, ਪਰ ਆਉਂਦੀ ਨਹੀਂ। ਘਰ ਬਣਾਏ ਥੁੜਿਆਂ ਲਈ ਜਾਂਦੇ ਹਨ ਉਨ•ਾਂ 'ਤੇ, ਕਬਜ਼ਾ ਬੇਥੁੜਿਆਂ ਦਾ ਹੁੰਦਾ ਹੈ। ਕਾਲੇ ਅੰਗਰੇਜ਼ਾਂ ਨੇ ਦੇਸ਼ 'ਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਅੱਜ ਬੱਚੇ-ਨੌਜਵਾਨ ਸਕੂਲਾਂ-ਕਾਲਜਾਂ 'ਚ ਪੜ• ਜ਼ਰੂਰ ਰਹੇ ਹਨ ਪਰ ਸਿੱਖਿਆ ਦਾ ਕੋਈ ਮਿੱਥਿਆ ਮਿਆਰ ਨਹੀਂ, ਵਿੱਦਿਆ ਦੇ ਮੰਦਰ ਖੁੱਲ•ੇਆਮ ਲੁੱਟ ਦਾ ਕੇਂਦਰ ਬਣ ਰਹੇ ਹਨ। ਚਿੱਟੇ ਅੰਗਰੇਜ਼ ਆਪਣੀ ਵਰਤੋਂ ਲਈ ਪੜ•ੇ-ਲਿਖੇ 'ਕਲਰਕ' ਤਾਂ ਪੈਦਾ ਕਰਿਆ ਕਰਦੇ ਸਨ ਜਿਨ•ਾਂ ਕੋਲ ਗੂੜ ਵਿੱਦਿਆ ਹੁੰਦੀ ਸੀ ਪਰ ਅਜੋਕੇ ਅੰਗਰੇਜ਼ਾਂ ਨੇ ਤਾਂ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਨੌਜਵਾਨਾਂ ਕੋਲ ਕਾਗਜ਼ੀ ਡਿਗਰੀਆਂ ਤਾਂ ਬਹੁਤ ਹਨ ਪਰ ਉਨ•ਾਂ ਨੂੰ ਡਿਗਰੀ ਮੁਤਾਬਕ ਇਲਮ ਨਹੀਂ। ਜਿਨ•ਾਂ ਕੋਲ ਇਲਮ ਹੈ ਉਨ•ਾਂ ਲਈ ਰੁਜ਼ਗਾਰ ਦੇ ਢੁੱਕਵੇਂ ਵਸੀਲੇ ਨਹੀਂ। ਅੱਜ ਨੌਜਵਾਨਾਂ ਕੋਲ ਨੌਕਰੀਆਂ ਲਈ ਸੰਘਰਸ਼ਾਂ ਅਤੇ ਸਿਆਸੀ ਲੀਡਰਾਂ ਦੇ ਗੇੜੇ ਕੱਢਣ ਦੇ ਸਿਵਾਏ ਕੋਈ ਚਾਰਾ ਨਹੀਂ। ਸਿਆਸੀ ਧਿਰਾਂ ਦੀ ਓਟ 'ਚ ਲੁੱਟ-ਖਸੁੱਟ ਦੀਆਂ ਪਰਿਵਾਰਕ ਦੁਕਾਨਾਂ ਖੁੱਲ•ੀਆਂ ਹੋਈਆਂ ਹਨ। ਜਿਨ•ਾਂ ਦਾ ਲੋਕ ਹਿੱਤਾਂ ਦੇ ਨਾਂਅ 'ਤੇ ਆਪਣੀਆਂ ਜੇਬਾਂ ਭਰਨਾ ਹੀ ਮੁੱਖ ਏਜੰਡਾ ਹੈ। ਸਭ ਤੋਂ ਮੰਦਭਾਗੀ ਗੱਲ ਹੈ ਕਿ ਗੁਲਾਮ ਮਾਨਸਿਕਤਾ ਵੋਟਾਂ ਸਮੇਂ ਆਪਣੀ ਇਖਲਾਕੀ ਆਜ਼ਾਦੀ ਨੂੰ ਭੁੱਲ ਪੰਜ ਸੌ-ਹਜ਼ਾਰ ਰੁਪਏ ਜਾਂ ਸ਼ਰਾਬ ਦੀ ਬੋਤਲਾਂ ਵੱਟੇ ਵਿਕ ਕੇ ਆਪਣੀ ਗੁਲਾਮੀ ਦੇ ਸੰਗਲਾਂ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ। ਦੇਸ਼ ਦਾ ਮੱਧ ਵਰਗੀ ਵਿਅਕਤੀ ਅੱਜ ਸੁਚੱਜੀ ਰੋਜ਼ੀ-ਰੋਟੀ ਲਈ ਜੂਝ ਰਿਹਾ ਹੈ, ਦੂਜੇ ਪਾਸੇ ਇਨ•ਾਂ ਕਾਲੇ ਅੰਗਰੇਜ਼ਾਂ ਦੀ ਨਿੱਕੀ-ਮੋਟੀ ਗੱਲ ਹੀ 50-100 ਕਰੋੜ ਤੋਂ ਸ਼ੁਰੂ ਹੁੰਦੀ ਹੈ ਅਤੇ ਸਵੇਰੇ ਦਾ ਨਾਸ਼ਤਾ ਸਿੰਗਾਪੁਰ, ਦੁਪਿਹਰ ਦਾ ਲੰਚ ਇੰਗਲੈਂਡ ਅਤੇ ਰਾਤ ਦਾ ਡਿਨਰ ਅਮਰੀਕਾ 'ਚ ਹੁੰਦਾ ਹੈ। 
ਦੇਸ਼ 'ਚ ਬਾਲ ਮਜ਼ਦੂਰੀ ਖਿਲਾਫ਼ ਕਾਨੂੰਨ ਹੈ ਪਰ ਬਾਲ ਮਜ਼ਦੂਰਾਂ ਦੀ ਬਿਹਤਰੀ ਲਈ ਕੋਈ ਧਾਰਾ ਨਹੀਂ। ਦੇਸ਼ ਦੀ ਗੁਲਾਮ ਜਨਤਾ ਲਈ ਚੰਗਾ ਇਲਾਜ ਅਤੇ ਸੁਚੱਜੀ ਵਿੱਦਿਆ ਅਸਮਾਨ 'ਚੋਂ ਤਾਰੇ ਤੋੜ ਕੇ ਲਿਆਉਣ ਦੇ ਬਰਾਬਰ ਹੈ ਪਰ ਕਾਲੇ ਅੰਗਰੇਜ਼ ਬਣੇ ਰਾਜਨੇਤਾਵਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਵਿਦੇਸ਼ਾਂ 'ਚ ਮੁਫ਼ਤ ਹੁੰਦਾ ਹੈ ਅਤੇ ਉਨਾਂ ਦੇ ਲਾਡਲੇ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ• ਕੇ ਗੁਲਾਮਾਂ ਭਾਰਤੀਆਂ 'ਤੇ ਰਾਜ ਕਰਨ ਦੇ ਨੁਕਤੇ ਸਿੱਖਦੇ ਹਨ। ਉਂਝ ਸਰਕਾਰੀ ਦਫ਼ਤਰਾਂ 'ਚ ਪਾਰਦਰਸ਼ਿਤਾ ਫੈਲਾਅ 'ਤੇ ਹੈ ਪਰ ਸਰਕਾਰੀ ਠੇਕਿਆਂ ਲਈ 'ਭਲਵਾਨ' ਦੀ ਮਨਜੂਰੀ ਵਗੈਰ ਕੋਈ ਠੇਕੇਦਾਰ ਈ-ਟੈਂਡਰ ਨਹੀਂ ਪਾ ਸਕਦਾ ਹੈ। ਕਿਹੋ-ਜਿਹੀ ਆਜ਼ਾਦੀ ਹੈ ਕਿ ਸੰਗਤ ਦਰਸ਼ਨਾਂ 'ਚ ਜਨਤਾ ਆਪਣਾ ਦੁੱਖ ਵੀ ਫਰੋਲ ਨਹੀਂ ਸਕਦੀ, ਉਥੇ ਵੀ ਕਾਲੇ ਅੰਗਰੇਜ਼ਾਂ ਦੇ ਪਿੱਠੂ ਆਮ ਜਨਤਾ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ ਅਤੇ ਰੱਸੀ ਦੇ ਦੂਜੇ ਬੰਨ•ੇ ਗੁਲਾਮ ਭਾਰਤੀ ਬਾਪੂ ਦੇ ਤਿੰਨ ਬਾਂਦਰਾਂ ਵਾਂਗ ਸਜਾ ਕੇ ਬਿਠਾ ਦਿੱਤੇ ਜਾਂਦੇ ਹਨ। ਭੁੱਕੀ-ਪੋਸਤ, ਚਿੱਟਾ, ਰੇਤਾ ਬਜਰੀ ਅਤੇ ਖੰਡ ਦੀ ਕਾਲਾਬਾਜ਼ਾਰੀ ਕਰਵਾਉਣ ਵਾਲੇ ਸਫ਼ੈਦਪੋਸ਼ ਸਮਗਲਰ 'ਮੁੱਖ ਸੇਵਾਦਾਰਾਂ' ਦੇ ਖੱਬੇ-ਸੱਜੇ ਬਣੇ ਹੋਏ ਹਨ। ਸਰਕਾਰੀ ਅਫਸਰ ਅੱਜ ਅਫਸਰ ਘੱਟ, ਠੇਕੇਦਾਰ ਅਤੇ ਵਪਾਰੀ ਵੱਧ ਬਣੇ ਹੋਏ ਹਨ। ਧਾਰਮਿਕ ਠੇਕੇਦਾਰਾਂ+ਸਿਆਸੀ ਗੱਠਜੋੜ ਨੇ ਗੁਲਾਮ ਮਾਨਸਿਕਤਾ ਨੂੰ ਅਜਿਹੇ ਜੰਜਾਲ 'ਚ ਫਸਾਇਆ ਹੈ ਕਿ ਧਰਮ ਅਤੇ ਸਿਆਸਤ ਦੇ ਨਾਂਅ 'ਤੇ ਆਮ ਲੋਕਾਂ 'ਚ ਨਿੱਕਲੀਆਂ ਉੱਚੀਆਂ ਕੰਧਾਂ ਰਹਿੰਦੇ ਸੂਰਜ ਤੱਕ ਟੁੱਟਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੇਸ਼ 'ਚ ਸੰਵਿਧਾਨਕ ਢਾਂਚਾ ਹੋਣ ਦੇ ਬਾਅਦ ਤੋਂ ਸਮਾਜਿਕ ਅਤੇ ਆਰਥਿਕ ਢਾਂਚੇ 'ਚ ਵਿਤਕਰਿਆਂ ਦੇ ਪਾੜੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਲਾਮੀ ਭਰੇ ਖਿਲਾਫ਼ ਉੱਠੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬ 'ਚ 'ਪੰਜਾਬ ਜਨਤਕ ਤੇ ਨਿੱਜੀ ਸੰਪਤੀ ਨੁਕਸਾਨ ਰੋਕੂ ਕਾਨੂੰਨ 2010' ਅਤੇ 'ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਕਾਨੂੰਨ 2010' ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਸੈਂਕੜੇ ਕਰੋੜ ਦੇ ਅਖੌਤੀ ਵਿਕਾਸ ਤਹਿਤ ਕਾਲੇ ਅੰਗਰੇਜ਼ਾਂ ਦੇ ਪਿੱਠੂਆਂ ਦੇ ਕੱਚੇ-ਪੱਕੇ ਮਕਾਨ ਮਹਿਲ ਬਣ ਗਏ ਹਨ ਅਤੇ ਹੁਣ ਮੁੜ ਤੋਂ ਨਵੇਂ ਸਿਰਿਓਂ 100 ਕਰੋੜ ਗਲੀਆਂ-ਨਾਲੀਆਂ ਬਣਾਉਣ ਦਾ ਮੁਹਾਜ਼ ਵਿੱਢ ਦਿੱਤਾ ਗਿਆ ਹੈ। 
          ਕਿਹਾ ਜਾਂਦਾ ਹੈ ਕਿ ਆਜ਼ਾਦੀ ਦਾ ਤਾਂ ਇੱਕ ਸਾਹ ਮਾਣ ਨਹੀ ਹੁੰਦਾ ਪਰ ਅਸੀਂ 7 ਦਹਾਕਿਆਂ ਦੀ ਆਜ਼ਾਦੀ ਮਾਣ ਚੁੱਕੇ ਹਾਂ। ਇਹ ਆਜ਼ਾਦੀ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਫ਼ਨਿਆਂ ਦੀ ਆਜ਼ਾਦੀ ਕਿਸੇ ਵੀ ਕੀਮਤ 'ਤੇ ਨਹੀਂ। 1947 ਤੋਂ ਪਹਿਲਾਂ ਸਾਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਦੀ ਉਮੀਦ ਤਾਂ ਸੀ ਪਰ ਹੁਣ ਉਨ•ਾਂ ਤਾਂਘਾਂ ਅਤੇ ਉਮੀਦਾਂ ਨੂੰ ਕਾਲੇ ਅੰਗਰੇਜ਼ਾਂ ਨੇ ਕਿਸੇ ਡੂੰਘੇ ਖੂਹ ਵਿੱਚ ਦੱਬ ਦਿੱਤਾ ਹੈ। ਜਿਨ•ਾਂ ਦੇ ਬਾਹਰ ਆਉਣ ਦੀ ਉਮੀਦ ਛੇਤੀ ਕਿਧਰੇ ਨਹੀਂ ਜਾਪਦੀ। ਅਜਿਹੇ ਹਾਲਾਤਾਂ 'ਚ ਗੁਲਾਮ ਮਾਨਸਿਕਤਾ ਨੂੰ ਤਨੋ-ਮਨੋ ਤਿਆਗ ਕੇ ਕਾਲੇ ਅੰਗਰੇਜ਼ਾਂ ਦੀਆਂ ਮੁਫ਼ਤਖੋਰੀਆਂ ਤਿਆਗ ਕੇ ਆਪਣੇ ਹੱਥੀਂ ਮਜ਼ਬੂਤ ਅਤੇ ਆਜ਼ਾਦ ਭਾਰਤ ਸਿਰਜਣ ਦੀ ਲੋੜ ਹੈ। ਜਿਸ ਵਿੱਚ ਭੇਸ਼ ਬਦਲ-ਬਦਲ ਆਉਂਦੇ ਕਾਲੇ ਅੰਗਰੇਜ਼ਾਂ ਲਈ ਜਗ•ਾ ਨਾ ਹੋਵੇ। - 93178-26100 / 98148-26100

16 July 2015

ਲੰਬੀ ਹਲਕੇ 'ਚ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਵੱਡੇ ਪੱਧਰ 'ਤੇ ਘਪਲੇਬਾਜ਼ੀ

-ਯੂਥ ਕਾਂਗਰਸ ਦਾ ਕਾਰਾ : ਪਿੰਡਾਂ ਦੀਆਂ ਗਲੀਆਂ, ਮੁਹੱਲੇ ਅਤੇ ਢਾਣੀਆਂ ਨੂੰ ਦਰਸਾਇਆ 'ਪੰਚਾਇਤਾਂ'
-82 ਪੰਚਾਇਤਾਂ ਵਾਲੇ ਲੰਬੀ ਹਲਕੇ 'ਚ ਯੂਥ ਕਾਂਗਰਸ ਨੇ ਬਣਾਈਆਂ 106 ਪੰਚਾਇਤਾਂ
-61 ਵੋਟਾਂ ਵਾਲੇ 'ਰਾਸਤਾ ਦਿਓਣ ਖੇੜਾ' ਵਿੱਚ ਕੀਤੀ 470 ਮੈਂਬਰਾਂ ਦੀ ਕੀਤੀ-
                                                     
                                                                         ਇਕਬਾਲ ਸਿੰਘ ਸ਼ਾਂਤ
ਲੰਬੀ ï ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਅੰਦਰ ਵਿਰੋਧੀ ਧਿਰ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਵੱਡੇ ਪੱਧਰ 'ਤੇ ਨਿਰੀ ਘਪਲੇਬਾਜ਼ੀ ਅਤੇ ਫਰਜੀਵਾੜਾ ਸਾਹਮਣੇ ਆਇਆ ਹੈ। ਆਲ ਇੰਡੀਆ ਕਾਂਗਰਸ ਦੀ ਵੈਬਸਾਈਟ
www.iyc.inਅਨੁਸਾਰ ਲੰਬੀ ਵਿਧਾਨਸਭਾ ਹਲਕੇ ਵਿੱਚ 106 ਪੰਚਾਇਤਾਂ ਹਨ, ਜਦੋਂਕਿ ਪੰਜਾਬ ਪੰਚਾਇਤ ਅਤੇ ਵਿਕਾਸ ਵਿਭਾਗ ਅਨੁਸਾਰ ਲੰਬੀ ਹਲਕੇ ਵਿਚ ਸਿਰਫ਼ 82 ਪੰਚਾਇਤਾਂ ਅਤੇ 70 ਪਿੰਡ ਹਨ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਮ ਵਰਕਰਾਂ ਨੂੰ ਯੂਥ ਕਾਂਗਰਸ 'ਚ ਅਗਾਂਹ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਖੋਰਾ ਲਾ ਕੇ ਜਥੇਬੰਦਕ ਢਾਂਚੇ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਪਿੰਡਾਂ ਦੀਆਂ ਗਲੀਆਂ, ਮੁਹੱਲਿਆਂ ਅਤੇ ਢਾਣੀਆਂ ਨੂੰ ਪੰਚਾਇਤਾਂ ਦਰਸਾਇਆ ਗਿਆ ਹੈ। ਜਿਨਖ਼ਾਂ ਅਨੁਸਾਰ ਢਾਣੀ ਮੋਘੀ ਵਾਲਿਆਂ ਦੀ, ਨਵਾਂ, ਰਾਏਕਾ, ਕੁੱਤੀਆਂ, ਹਰੀਜਨ ਬਸਤੀ, ਭਾਈ ਕਾ ਪੱਤੀ, ਕਾਬਲ ਰਾਮ ਦਾ ਵਿਹੜਾ, ਢਾਣੀ ਅਤੇ ਕਾਲੋਨੀ, ਢਾਣੀਆਂ, ਢਾਣੀ ਐਡਵੋਕੇਟ, ਢਾਣੀ ਬਰਕੀ ਵਾਲਾ, ਚੱਕੀ ਅਜੈਬ ਸਿੰਘ, ਬਲਰਾਜ ਸਿੰਘ ਵਾਲੀ ਗਲੀ ਢਾਣੀਆਂ, ਬਾਜੀਗਰ ਢਾਣੀ, ਢਾਣੀ ਕੋਰੀਆਂ ਅਤੇ ਕਿੱਤੇ ਆਦਿ ਲੰਬੀ ਹਲਕੇ ਦੀਆਂ ਪੰਚਾਇਤਾਂ ਹਨ। ਬੜੀ ਨਾਸਮਝੀ ਨਾਲ ਕੀਤੇ ਗਏ ਫਰਜੀਵਾੜੇ ਤਹਿਤ ਗੁਆਂਢੀ ਸੂਬੇ ਹਰਿਆਣਾ ਦੇ ਪਿੰਡ ਲੋਹਗੜਖ਼ (ਕੋਡ ਨੰਬਰ 083064) ਨੂੰ ਲੰਬੀ ਹਲਕੇ ਦੀ ਪੰਚਾਇਤ ਵਜੋਂ ਦਰਜ ਕੀਤਾ ਹੈ। ਇਸਦੇ ਇਲਾਵਾ ਬੱਲੂਆਣਾ ਹਲਕੇ ਦੇ ਪਿੰਡ ਬਹਾਦਰ ਖੇੜਾ ਅਤੇ ਬਠਿੰਡਾ ਦਿਹਾਤੀ ਦੇ ਪਿੰਡ ਰਾਏਕੇ ਕਲਾਂ ਨੂੰ ਲੰਬੀ ਹਲਕੇ ਦਾ ਹਿੱਸਾ ਬਣਾ ਦਿੱਤਾ ਗਿਆ ਹੈ। 

ਸਿਆਸੀ ਪੱਖੋਂ ਲੰਬੀ ਜਿਹੇ ਅਹਿਮ ਹਲਕੇ 'ਚ ਯੂਥ ਕਾਂਗਰਸ ਦੀ ਭਰਤੀ 'ਚ ਘਪਲੇਬਾਜ਼ੀ ਹੋ ਸਕਦੀ ਹੈ ਤਾਂ ਪੰਜਾਬ ਦੇ ਹੋਰਨਾਂ ਹਲਕਿਆਂ 'ਚ ਇਸ ਨਾਲ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਯੂਥ ਕਾਂਗਰਸ ਦੇ ਸੂਤਰਾਂ ਅਨੁਸਾਰ ਸਰਮਾਏਦਾਰ ਅਤੇ ਸਥਾਪਿਤ ਆਗੂ ਦੇ ਨੌਨਿਹਾਲਾਂ ਵੱਲੋਂ ਸਿਆਸਤ ਸਿਤਾਰੇ ਬਣਨ ਲਈ ਪੈਸੇ ਦੇ ਬਲਬੂਤੇ 'ਤੇ ਇੰਝ ਹੀ ਕਥਿਤ ਫਰਜੀ ਮੈਂਬਰਸ਼ਿਪ ਜਰੀਏ ਅਹੁਦੇਦਾਰੀਆਂ ਹਾਸਲ ਕੀਤੀਆਂ ਜਾਂਦੀਆਂ ਹਨ। 
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕੀਤੀ ਘੋਖਵੀਂ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਆਲ ਇੰਡੀਆ ਯੂਥ ਕਾਂਗਰਸ ਦੀ ਵੈਬਸਾਈਟ 'ਤੇ ਦਰਸਾਈਆਂ ਫਰਜ਼ੀ ਪੰਚਾਇਤਾਂ ਦੇ ਨਾਂਅ ਪੰਜਾਬ ਚੋਣ ਕਮਿਸ਼ਨ ਦੀਆਂ ਚੋਣ ਸੂਚੀਆਂ 'ਚ ਲੰਬੀ ਹਲਕੇ ਦੇ ਵੱਖ-ਵੱਖ ਚੋਣ ਬੂਥਾਂ ਦੇ ਸੈਕਸ਼ਨਾਂ ਦੇ ਨਾਂਅ ਹਨ। ਜਿਨਖ਼ਾਂ ਨੂੰ ਪਾਰਟੀ ਢਾਂਚੇ ਅੰਦਰ ਫਰਜੀਵਾੜੇ ਤਹਿਤ ਪੰਚਾਇਤਾਂ ਦਾ ਰੂਪ ਦੇ ਦਿੱਤਾ ਗਿਆ। ਜਿਨਖ਼ਾਂ ਵਿੱਚ ਵੱਡੇ ਪੱਧਰ 'ਤੇ ਜਾਅਲੀ ਭਰਤੀ ਕੀਤੀ ਗਈ ਹੈ। ਯੂਥ ਕਾਂਗਰਸ ਦੇ ਆਗੂਆਂ ਦਾ ਦੋਸ਼ ਹੈ ਕਿ ਅਕਾਲੀ ਦਲ ਦੇ ਲੋਕਾਂ ਦੀ ਮਿਲੀਭੁਗਤ ਸਦਕਾ ਲੰਬੀ ਹਲਕੇ 'ਚ ਯੂਥ ਕਾਂਗਰਸ ਨੂੰ ਖੋਖਲਾ ਅਤੇ ਉਸਦੇ ਜਥੇਬੰਦਕ ਢਾਂਚੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਇਹ ਸਮੁੱਚਾ ਫਰਜੀਵਾੜਾ ਅਤੇ ਘਪਲੇਬਾਜ਼ੀ ਕੀਤੀ ਗਈ ਹੈ। ਯੂਥ ਕਾਂਗਰਸ ਦੀ ਸੂਚੀ 'ਚ ਦਰਜ ਫਰਜੀ ਪੰਚਾਇਤਾਂ ਰਾਸਤਾ ਦਿਓਣ ਖੇੜਾ 'ਚ 470 ਮੈਂਬਰ, ਢਾਣੀ ਮੋਘੀ ਵਾਲਿਆਂ ਦੀ ਵਿਖੇ 40 ਮੈਂਬਰ, ਨਵਾਂ 'ਚ 4 ਵੋਟਾਂ, ਕੁੱਤੀਆਂ 'ਚ 1 ਵੋਟ, ਹਰੀਜਨ ਬਸਤੀ 'ਚ 35 ਵੋਟਾਂ, ਕਾਬਲ ਰਾਮ ਦਾ ਵਿਹੜਾ 'ਚ 23 ਵੋਟਾਂ, ਢਾਣੀ ਐਂਡ ਕਾਲੋਨੀ 'ਚ 31 ਵੋਟਾਂ, ਤੱਖਾਖੇੜਾ 'ਚ 3 ਵੋਟਾਂ, ਢਾਣੀਆਂ 'ਚ 24, ਬਹਾਦੁਰਖੇੜਾ 'ਚ 37, ਢਾਣੀ ਐਡਵੋਕੇਟ 'ਚ 22, ਢਾਣੀ ਬਰਕੀ ਵਾਲਾ 'ਚ 41, ਚੱਕੀ ਅਜੈਬ ਸਿੰਘ 'ਚ 90, ਬਾਜੀਗਰ ਢਾਣੀ 'ਚ 40, ਢਾਣੀ ਕੋਰੀਆਂ 'ਚ 38, ਕਿੱਤੇ 'ਚ 34 ਬਲਰਾਜ ਸਿੰਘ ਗਲੀ ਢਾਣੀਆਂ 'ਚ 38, ਭਾਈ ਕਾ ਪੱਤੀ 'ਚ 36 ਹਨ। ਜਦੋਂਕਿ ਡੱਬਵਾਲੀ ਹਲਕੇ ਦੇ ਪਿੰਡ ਲੋਹਗੜਖ਼ 'ਚ 40 ਮੈਂਬਰ ਅਤੇ ਬੱਲੂਆਣਾ ਹਲਕੇ ਦੇ ਪਿੰਡ ਬਹਾਦਰਖੇੜਾ 'ਚ 37 ਮੈਂਬਰ ਬਣਾਏ ਵਿਖਾਏ ਗਏ ਹਨ। ਇਸਦੇ ਇਲਾਵਾ ਅੰਗਰੇਜ਼ੀ ਦੇ ਸ਼ਬਦਾਂ ਦਾ ਹੇਰ-ਫ਼ੇਰ ਕਰਕੇ ਫੁੱਲੂਖੇੜਾ ਦੀਆਂ ਦੋ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਸੇ ਤਰਖ਼ਾਂ ਤੱਪਾਖੇੜਾ ਅਤੇ ਤੱਖਾਖੇੜਾ ਨਾਂਅ ਦੀਆਂ ਪੰਚਾਇਤ ਬਣਾ ਦਿੱਤੀਆਂ ਗਈਆਂ ਹਨ। ਜਦੋਂਕਿ ਸੂਚੀ 'ਚ ਪੰਚਾਇਤ ਪਿੰਡ ਕਿੱਲਿਆਂਵਾਲੀ ਨੂੰ ਮੁੱਢੋਂ ਖ਼ਤਮ ਕਰ ਹੀ ਕਰ ਦਿੱਤਾ ਗਿਆ।
 ਅੰਕੜੇ ਬੋਲਦੇ ਹਨ ਕਿ ਜਥੇਬੰਦਕ ਅਹੁਦੇਦਾਰੀਆਂ 'ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਯੂਥ ਕਾਂਗਰਸ ਦੀ ਭਰਤੀ 'ਚ ਲੰਬੀ ਹਲਕੇ ਵਿੱਚ ਇੰਨੇ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ ਕਿ ਸਮੁੱਚੀਆਂ ਧੋਖਾਦੇਹੀਆਂ ਫਿੱਕੀਆਂ ਪੈ ਜਾਂਦੀਆਂ ਹਨ। ਯੂਥ ਕਾਂਗਰਸ ਦੀ ਸੂਚੀ 'ਚ ਪੰਚਾਇਤ ਵਜੋਂ ਦਰਸਾਇਆ 'ਰਾਸਤਾ ਦਿਓਣਖੇੜਾ' ਅਸਲ 'ਚ ਭਾਰਤੀ ਕਮਿਸ਼ਨ ਦੀ ਚੋਣ ਸੂਚੀ 'ਚ ਪਿੰਡ ਕੰਗਣਖੇੜਾ ਦੇ ਬੂਥ ਨੰਬਰ 48 ਦਾ 13 ਸੈਕਸ਼ਨ ਹੈ। ਚੋਣ ਕਮਿਸ਼ਨ ਦੀ ਸੂਚੀ ਮੁਤਾਬਕ ਵੋਟ ਨੰਬਰ 844 ਤੋਂ ਲੈ ਕੇ 905 ਤੱਕ ਸਿਰਫ਼ 61 ਵੋਟਾਂ ਹਨ। ਜਦੋਂਕਿ ਯੂਥ ਕਾਂਗਰਸ ਭਰਤੀ ਮੁਹਿੰਮ ਦੇ ਫਰਜੀਵਾੜੇ ਤਹਿਤ ਪੰਚਾਇਤ ਰਾਸਤਾ ਦਿਓਣਖੇੜਾ 'ਚ 470 ਨੌਜਵਾਨਾਂ ਦੀ ਭਰਤੀ ਵਿਖਾਈ ਗਈ ਹੈ। ਇਸ ਘਪਲੇਬਾਜ਼ੀ ਬਾਰੇ ਯੂਥ ਕਾਂਗਰਸ ਦੇ ਆਗੂ ਈਮੇਲ ਰਾਹੀਂ ਯੂਥ ਕਾਂਗਰਸ ਦੇ ਉੱਚ ਚੋਣ ਅਧਿਕਾਰੀਆਂ ਨੂੰ ਸੂਚਿਤ ਕਰਨ 'ਤੇ ਯੂਥ ਕਾਂਗਰਸ ਦੀ ਵੈਬਸਾਈਟ 'ਤੇ ਪੰਚਾਇਤ ਰਾਸਤਾ ਦਿਓਣਖੇੜਾ ਨੂੰ ਉਸਨੇ ਨਾਲ ਰਲਦੇ ਨਾਂਅ ਵਾਲੇ ਪਿੰਡ ਦਿਓਣਖੇੜਾ ਦੇ ਲਿੰਕ ਵਿੱਚ ਸ਼ਾਮਲ ਕਰਕੇ ਬੁੱਤਾ ਸਾਰ ਦਿੱਤਾ ਗਿਆ। ਜਦੋਂ ਕਿ ਦੂਜੇ ਪਾਸੇ ਪਿੰਡ ਕੰਗਣਖੇੜਾ ਵਿਖੇ ਗੁਰਦੁਆਰੇ 'ਚ ਹੋਕੇ ਅਤੇ ਪ੍ਰਚਾਰ-ਪ੍ਰਸਾਰ ਦੇ ਬਾਵਜੂਦ ਮੈਂਬਰਸ਼ਿਪ ਕੈਂਪ ਦੇ ਬਾਵਜੂਦ ਸਾਧਨ-ਸੰਪੰਨ ਸੱਤਾ ਧਿਰ ਯੂਥ ਅਕਾਲੀ ਦਲ ਵਿੱਚ 189 ਨੌਜਵਾਨ ਭਰਤੀ ਹੋਏ ਹਨ। 
ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ 'ਚ ਬੂਥ ਨੰਬਰ 45 ਦੇ ਸੈਕਸ਼ਨ 4 ਤਹਿਤ ਦਰਜ 'ਢਾਣੀ ਮੋਘੀਆਂ ਵਾਲੀਆਂ ਦੀ' ਨੂੰ ਵੱਖਰੀ ਗਰਾਮ ਪੰਚਾਇਤ (ਪਿੰਡ) ਦਰਸਾ ਦਿੱਤਾ ਗਿਆ ਹੈ। ਜਿਸ ਵਿੱਚ 40 ਨੌਜਵਾਨਾਂ ਦੀ ਮੈਂਬਰਸ਼ਿਪ ਦਰਸਾਈ ਗਈ ਹੈ। ਦੱਸਣਯੋਗ ਹੈ ਕਿ ਪਿੰਡ ਕੋਲਿਆਂਵਾਲੀ, ਅਕਾਲੀ ਦਲ ਦੇ ਜ਼ਿਲਖ਼ਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਜੱਦੀ ਪਿੰਡ ਹੈ। ਜਿੱਥੋਂ ਦੇ ਚੋਣ ਬੂਥ 45 'ਤੇ ਬੀਤੇ ਲੋਕਸਭਾ ਚੋਣਾਂ ਮੌਕੇ ਕਾਂਗਰਸ-ਪੀ.ਪੀ.ਪੀ ਨੂੰ ਪੁਰਸ਼ ਪੋਲਿੰਗ ਏਜੰਟ ਨਹੀਂ ਮਿਲਿਆ ਸੀ। ਮਜ਼ਬੂਰੀਵੱਸ ਚੋਣ ਬੂਥ 45 'ਤੇ ਔਰਤ ਕਾਂਗਰਸੀ ਵਰਕਰ ਸਵਰਨ ਕੌਰ ਨੂੰ ਏਜੰਟ ਬਣਾਇਆ ਗਿਆ ਸੀ। ਚੋਣ ਬੂਥ 'ਤੇ ਅੰਦਰ ਇੱਕਪਾਸੜ ਕਾਰਵਾਈ ਵੇਖ ਕੇ ਕਾਂਗਰਸੀ ਪੋਲਿੰਗ ਏਜੰਟ ਸਵਰਨ ਕੌਰ ਨੇ ਮੌਕੇ ਕਾਫ਼ੀ ਵਿਰੋਧ ਵੀ ਜਤਾਇਆ ਪਰ ਬਾਅਦ 'ਚ ਪੋਲਿੰਗ ਏਜੰਟ ਦੀ ਡਿਊਟੀ ਤਿਆਗ ਕੇ ਘਰ ਚਲੀ ਗਈ ਸੀ। ਅਜਿਹੇ ਵਿੱਚ ਪਿੰਡ ਕੋਲਿਆਂਵਾਲੀ 'ਚ 40 ਨੌਜਵਾਨਾਂ ਦੇ ਯੂਥ ਕਾਂਗਰਸ ਨਾਲ ਜੁੜਨ ਦੀ ਗੱਲ ਗਲੇ ਹੇਠਿਓਂ ਨਹੀਂ ਉੱਤਰਦੀ। ਫਰਜ਼ੀ ਪੰਚਾਇਤਾਂ ਵਾਲੇ ਪਿੰਡਾਂ ਦੇ ਯੂਥ ਕਾਂਗਰਸ ਦੀ ਭਰਤੀ 'ਚ ਦਰਜ ਬਹੁਤ ਸਾਰੇ ਮੈਂਬਰਾਂ ਅਤੇ ਉਨਖ਼ਾਂ ਦੇ ਮਾਪਿਆਂ ਦੇ ਨਾਂਅ ਚੋਣ ਕਮਿਸ਼ਨ ਦੀ ਵੋਟਰ ਸੂਚੀ 'ਚ ਡੂੰਘਾਈ ਨਾਲ ਫਰੋਲਨ 'ਤੇ ਕਿਧਰੇ ਨਹੀਂ ਲੱਭੇ।
ਇਸ ਫਰਜੀਵਾੜੇ ਨਾਲ ਜਿੱਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲੋਕਤਾਂਤਰਿਕ ਆਧਾਰ 'ਦੇ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਢਾਹ ਲੱਗੀ ਹੈ, ਉੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ 'ਚ ਅਜਿਹਾ ਫਰਜੀਵਾੜਾ ਪੰਜਾਬ 'ਚ ਕਾਂਗਰਸ ਦੇ ਹਰਿਆਵਲ ਦਸਤੇ ਯੂਥ ਕਾਂਗਰਸ ਦੇ ਦਾਮਨ 'ਤੇ ਕਾਲੇ ਧੱਬੇ ਵਾਂਗ ਹੈ। ਇਸ ਸਮੁੱਚੇ ਫਰਜੀਵਾੜੇ ਅਤੇ ਘਪਲੇ ਬਾਰੇ ਪੰਜਾਬ ਯੂਥ ਕਾਂਗਰਸ ਦੇ ਜ਼ਿਲਖ਼ਾ ਡੈਲੀਗੇਟ ਤੇਜਪਾਲ ਸਿੰਘ 'ਟੋਜੀ ਲੰਬੀ' ਦਾ ਕਹਿਣਾ ਹੈ ਕਿ ਲੰਬੀ ਹਲਕੇ 'ਚ ਯੂਥ ਕਾਂਗਰਸ 'ਤੇ ਕਾਬਜ਼ ਹੋਣ ਲਈ ਉਤਾਵਲੇ ਆਗੂਆਂ ਨੇ ਯੂਥ ਕਾਂਗਰਸ ਵੱਲੋਂ ਜਥੇਬੰਦਕ ਚੋਣਾਂ ਲਈ ਮੁਕਰਰ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਸਮੁੱਚੀ ਕਾਰਗੁਜਾਰੀ ਨੂੰ ਅੰਜਾਮ ਦਿੱਤਾ ਹੈ। ਟੋਜੀ ਲੰਬੀ ਨੇ ਕਿਹਾ ਕਿ ਯੂਥ ਕਾਂਗਰਸ ਭਰਤੀ ਦੀਆਂ ਸੂਚੀਆਂ ਫਰੋਲਨ 'ਤੇ ਉਸ ਵਿੱਚ 40 ਫ਼ੀਸਦੀ ਮੈਂਬਰ ਫਰਜ਼ੀ ਹਨ ਅਤੇ 20 ਫ਼ੀਸਦੀ ਅਕਾਲੀ ਦਲ ਨਾਲ ਸਬੰਧਤ ਲੋਕ ਹਨ, ਜਿਨਖ਼ਾਂ ਦੇ ਨਾਂਅ ਕੁਝ ਆਗੂਆਂ ਨੇ ਆਪਣੇ ਪੱਖ 'ਚ ਵੋਟਾਂ ਭੁਗਤਾਉਣ ਸ਼ਾਮਲ ਕੀਤੇ ਗਏ ਹਨ। ਯੂਥ ਕਾਂਗਰਸ ਹਲਕਾ ਲੰਬੀ ਦੇ ਮੌਜੂਦਾ ਪ੍ਰਧਾਨ ਜਗਵਿੰਦਰ ਸਿੰਘ 'ਕਾਲਾ ਭੀਟੀਵਾਲਾ' ਨੇ ਵੀ ਦੱਸਿਆ ਕਿ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਕੁਝ ਆਗੂਆਂ ਨੇ ਅਕਾਲੀ ਵਰਕਰਾਂ ਦਾ ਭਰਵਾਂ ਸਹਿਯੋਗ ਲਿਆ ਹੈ। ਸ੍ਰੀ ਭੀਟੀਵਾਲਾ ਨੇ ਕਿਹਾ ਕਿ ਜੇਕਰ ਪੜਤਾਲਿਆ ਜਾਵੇ ਤਾਂ ਕਾਫ਼ੀ ਪਿੰਡਾਂ 'ਚ ਯੂਥ ਕਾਂਗਰਸ ਅਤੇ ਯੂਥ ਅਕਾਲੀ ਦਲ ਦੀਆਂ ਮੈਂਬਰਸ਼ਿਪ ਸੂਚੀਆਂ 'ਚ ਮੈਂਬਰਾਂ ਦੇ ਲਗਪਗ ਇੱਕੋ-ਜਿਹੇ ਹੋਣਗੇ। ਯੂਥ ਕਾਂਗਰਸ ਆਗੂ ਲਾਲੀ ਕਰਮਗੜਖ਼ ਨੇ ਕਿਹਾ ਕਿ ਇੱਕ ਸਾਜਿਸ਼ ਦੇ ਤਹਿਤ ਉਨਖ਼ਾਂ ਵੱਲੋਂ ਕੀਤੀ ਮੈਂਬਰਸ਼ਿਪ ਵੱਖ-ਵੱਖ ਪਿੰਡਾਂ 'ਚ ਖਲਿਆਰ ਦਿੱਤੀ ਗਈ। ਇਸਦੇ ਇਲਾਵਾ ਯੂਥ ਕਾਂਗਰਸ ਆਗੂ ਨਵਜੋਤ ਸਿੰਘ ਬਰਾੜ, ਗੁਰਕੀਰਤ ਸਿੰਘ ਅਤੇ ਹਰਪ੍ਰੀਤ ਸਿੰਘ ਕਰਮਗੜਖ਼ ਨੇ ਕਿਹਾ ਕਿ ਬਹੁਤੇ ਟਕਸਾਲੀ ਯੂਥ ਵਰਕਰਾਂ ਦੀਆਂ ਫਾਰਮ ਭਰਨ ਦੇ ਬਾਵਜੂਦ ਵੋਟਾਂ ਨਹੀਂ ਬਣੀਆਂ। ਲੰਬੀ ਹਲਕੇ 'ਚ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਨੂੰ ਰੱਦ ਕਰਕੇ ਪੜਤਾਲ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ। 

---------

ਲੋਕਤਾਂਤਰਿਕ ਪੱਖੋਂ ਅਪਾਹਜ ਯੂਥ ਕਾਂਗਰਸ
ਜਥੇਬੰਦਰ ਤੌਰ 'ਤੇ ਲੋਕਤਾਂਤਰਿਕ ਹੋਣ ਦੇ ਰਾਹ ਪਈ ਯੂਥ ਕਾਂਗਰਸ ਅਜੇ ਤੱਕ ਲੋਕਤਾਂਤਰਿਕ ਪੱਖੋਂ ਅਪਾਹਜ ਹੈ। ਲੰਬੀ 'ਚ ਨਸ਼ਰ ਹੋਏ  ਘਪਲੇ 'ਚ ਮਨਮਰਜ਼ੀ ਦੀਆਂ ਫਰਜ਼ੀ ਪੰਚਾਇਤਾਂ ਨਾਲ ਯੂਥ ਕਾਂਗਰਸ ਦੀ ਜਥੇਬੰਦਕ ਚੋਣ ਪ੍ਰਕਿਰਿਆ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ। ਸਿਆਸੀ ਨੁਕਤਾਕਾਰਾਂ ਅਨੁਸਾਰ ਭਰਤੀ ਮੁਹਿੰਮ ਨੂੰ ਯੂਥ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਸੂਚੀਆਂ ਦੇ ਮੁਤਾਬਕ ਅਤੇ ਆਧਾਰ ਕਾਰਡ ਨਾਲ ਜੋੜ ਕੇ ਪੰਚਾਇਤਾਂ, ਪਿੰਡ, ਕਸਬੇ ਅਤੇ ਸ਼ਹਿਰਾਂ ਦਰਜ ਕਰਨਾ ਚਾਹੀਦਾ ਹੈ ਤਾਂ ਜੋ ਘਪਲੇਬਾਜ਼ੀ ਦੀ ਗੁੰਜਾਇਸ਼ ਬਾਕੀ ਨਾ ਰਹੇ। -98148-26100 / 93178-2610



11 October 2014

-ਹਰਿਆਣੇ 'ਚ ਵੀ ਸਿੱਖੀ ਸਿਆਸੀ ਘਾਣ ਵੱਲ - 'ਕਾਂਗਰਸੀ ਰੰਗਾਂ 'ਚ ਰੰਗੇ ਹਰਿਆਣਾ ਕਮੇਟੀ ਸਮਰਥਕਾਂ ਵੱਲੋਂ ਗੈਰ ਸਿੱਖ ਕਾਂਗਰਸ ਉਮੀਦਵਾਰ ਕੇ. ਵੀ ਸਿੰਘ ਸਣੇ ਹੋਰ ਗੈਰ ਸਿੱਖਾਂ ਨੂੰ ਸਿਰੋਪਾਓ

                          

                                    ਇਕਬਾਲ ਸਿੰਘ ਸ਼ਾਂਤ (098148-26100) 

ਡੱਬਵਾਲੀ : ਸਿੱਖ ਪੰਥ ਦੇ ਬੇਹੱਦ ਅਹਿਮ ਰੁਤਬਾ ਰੱਖਦੇ ਸਿਰੋਪਾਓ ਦੇ ਮਾਮਲੇ 'ਚ ਨਵਗਠਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਕਸ਼ੇ ਕਦਮ 'ਤੇ ਚਲੱਣ ਲੱਗੀ ਹੈ। ਅੱਜ ਡੱਬਵਾਲੀ ਹਲਕੇ 'ਚ ਰੋਡ ਸ਼ੋਅ ਮੌਕੇ ਸਿਰੋਪਾਓ ਦੀ ਮਰਿਆਦਾ ਨੂੰ ਖਡਿੰਤ ਕਰਨ ਵੱਖਰੀ ਕਮੇਟੀ ਨੇ ਕੋਈ ਕਸਰ ਨਹੀਂ ਛੱਡੀ। ਅੱਜ ਰੋਡ ਸ਼ੋਅ ਦੌਰਾਨ ਪ੍ਰਬੰਧਕਾਂ ਨੇ ਡੱਬਵਾਲੀ ਸ਼ਹਿਰ 'ਚ ਸਰੇਆਮ ਕੌਮੀ ਸੜਕ 'ਤੇ ਗੈਰ ਸਿੱਖ ਕਾਂਗਰਸ ਦੇ ਉਮੀਦਵਾਰ ਡਾ. ਕੇ.ਵੀ. ਸਿੰਘ ਅਤੇ ਹੋਰਨਾਂ ਗੈਰ ਸਿੱਖ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਿੱਖ ਪੰਥ ਦੀਆਂ ਰਹੁਰੀਤਾਂ ਪ੍ਰਤੀ ਆਪਣੀ ਅਗਿਆਨਤਾ ਸਬੂਤ ਦਿੱਤਾ। ਸਿੱਖ ਸਿਰਾਪਾਓ ਦੇਣ ਸਮੇਂ ਕਿਸੇ ਸਿੱਖ ਆਗੂ ਨੇ ਇਨ੍ਹਾਂ ਗੈਰ ਸਿੱਖ ਵਿਅਕਤੀਆਂ ਦੇ ਸਿਰ ਢਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਵੱਖਰੀ ਕਮੇਟੀ ਦੇ ਆਗੂਆਂ ਨੇ ਗੈਰ ਸਿੱਖ ਡਾ. ਕੇ.ਵੀ ਸਿੰਘ ਨੂੰ ਸਿਰੋਪਾਓ ਸਮੇਤ ਡੱਬਵਾਲੀ ਸ਼ਹਿਰ ਦੇ ਬਾਜ਼ਾਰਾਂ 'ਚ ਰੋਡ ਸ਼ੋਅ ਕੀਤਾ। ਨਵਗਠਿਤ ਕਮੇਟੀ ਦੇ ਉਕਤ ਕਾਰਨਾਮੇ ਨਾਲ ਸਿੱਖ ਮਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਲਸੇ-ਰੈਲੀਆਂ ਅਤੇ ਆਮ ਸਮਾਗਮਾਂ 'ਚ ਸਿਰੋਂ ਮੋਨੇ ਵਿਅਕਤੀਆਂ ਨੂੰ ਸਿਰੋਪਾਓ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪੁਰਾਤਨ ਸਮੇਂ 'ਚ ਸਿੱਖ ਧਰਮ ਲਈ ਵੱਡੀ ਘਾਲਣਾ ਪਾਉਣ ਵਾਲੇ ਸਾਬਤ ਸੂਰਤ ਸਿੱਖ ਵਿਅਕਤੀਆਂ ਨੂੰ ਸਿਰੋਪਾਓ ਦੇਣ ਦੀ ਰਵਾਇਤ ਸੀ ਪਰ ਹੁਣ ਸਿਆਸਤ ਦੀ ਭੇਟ ਚੜ੍ਹੇ ਸਿੱਖ ਪੰਥ ਮਰਿਆਦਾ ਕਿੱਲੀ 'ਚ ਟੰਗ ਕੇ ਰਹਿ ਗਈ ਹੈ।

                     ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਦੇ ਨਕਸ਼ੇ ਕਦਮ 'ਤੇ ਤੁਰੀ
ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਕਾਂਗਰਸੀ ਸ਼ੋਅ 'ਚ ਤਬਦੀਲ
                                         
                                   
                                        ਇਕਬਾਲ ਸਿੰਘ ਸ਼ਾਂਤ 
ਡੱਬਵਾਲੀ, 10 ਅਕਤੂਬਰ : ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਦਾ 'ਅਹਿਸਾਨ' ਲਾਹੁਣ ਲਈ ਹਰਿਆਣਵੀ ਸਿੱਖ ਪੂਰੀ ਤਰ੍ਹਾਂ ਕਾਂਗਰਸੀ ਰੰਗਾਂ 'ਚ ਰੰਗੇ ਫਿਰਦੇ ਹਨ। ਹਰਿਆਣਵੀ ਸਿੱਖਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲਾਏ ਆਢੇ ਤਹਿਤ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਹੇਠਾਂ ਖੇਤਰ ਦੇ ਸਿੱਖਾਂ ਨੇ ਡੱਬਵਾਲੀ ਹਲਕੇ ਦੇ ਸਿੱਖ/ਪੰਜਾਬੀ ਬੈਲਟ ਦੇ 32 ਪਿੰਡਾਂ 'ਚ ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਰੱਜ ਕੇ ਭੜਾਸ ਕੱਢੀ। ਸਿੱਖ ਹਿੱਤਾਂ ਦੇ ਨਾਂਅ 'ਤੇ ਕੱਢਿਆ ਇਹ ਰੋਡ ਸ਼ੋਅ ਪੂਰੀ ਤਰ੍ਹਾਂ ਸਿਆਸਤ ਨਾਲ ਪ੍ਰੇਰਿਤ ਹੋ ਕੇ ਰਹਿ ਗਿਆ। ਇਸ ਰੋਡ ਸ਼ੋਅ ਦੌਰਾਨ ਪ੍ਰਬੰਧਕਾਂ ਦੀ ਕਾਰਗੁਜਾਰੀ ਨੇ ਸਪੱਸ਼ਟ ਕਰ ਦਿੱਤਾ ਕਿ ਜਿੱਥੇ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਅਕਾਲੀ ਦਲ (ਬ) ਦੀ ਹੱਥ-ਠੋਕਾ ਬਣੀ ਹੋਈ ਹੈ, ਉਥੇ ਨਵ ਗਠਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਂਗਰਸ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਈ ਹੈ। ਇਸ ਦੌਰਾਨ ਆਯੋਜਕਾਂ ਨੇ ਬਾਦਲ-ਚੌਟਾਲਾ ਦੇ ਨਾਲ-ਨਾਲ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦੇ ਪਰਚੇ ਵੰਡੇ ਅਤੇ ਤੀਜੀ ਵਾਰ ਭੁਪਿੰਦਰ ਹੁੱਡੇ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਨ੍ਹਾਂ ਪਰਚਿਆਂ 'ਤੇ ਬਕਾਇਦਾ ਡੱਬਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਕੇ.ਵੀ ਸਿੰਘ ਦੀ ਫੋਟੋ ਅਤੇ ਕਾਂਗਰਸ ਦਾ ਚੋਣ ਨਿਸ਼ਾਨ 'ਪੰਜਾ' ਛਾਪਿਆ ਹੋਇਆ ਸੀ। ਹਿੰਦੀ ਤੇ ਪੰਜਾਬੀ 'ਚ ਛਾਪੇ ਉਕਤ ਪਰਚੇ 'ਚ ਦਰਜ ਦਰਜਨ ਭਰ ਬਿੰਦੂਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਇਨੈਲੋ ਅਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਇਲਾਵਾ ਰੋਡ ਸ਼ੋਅ 'ਚ ਸ਼ਾਮਲ ਸਮੁੱਚੇ ਵਹੀਕਲਾਂ 'ਤੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੋਏ ਸਨ।   
              ਇਸ ਰੋਡ ਸ਼ੋਅ ਦੀ ਅਗਵਾਈ ਐਚ.ਐਸ.ਜੀ.ਪੀ.ਸੀ ਦੇ ਮੈਂਬਰ ਜਸਵੀਰ ਸਿੰਘ ਭਾਟੀ, ਜੀਤ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਮਾਖਾ ਨੇ ਕੀਤੀ। ਇਹ ਰੋਡ ਸ਼ੋਅ ਔਢਾਂ ਵਿਖੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਜਲਾਲਆਣਾ, ਜਗਮਾਲਵਾਲੀ, ਅਸੀਰ, ਹੱਸੂ, ਨੌਰੰਗ, ਚੱਠਾ, ਤਿਗੜੀ ਸਮੇਤ ਹੋਰਨਾਂ ਪਿੰਡਾਂ ਤੋਂ ਹੁੰਦੇ ਹੋਏ ਜੰਡਵਾਲਾ ਅਤੇ ਚੋਰਮਾਰ ਤੋਂ ਡੱਬਵਾਲੀ ਸ਼ਹਿਰ ਪੁੱਜਿਆ। ਜਿੱਥੇ ਕਾਂਗਰਸ ਉਮੀਦਵਾਰ ਡਾ. ਕੇ.ਵੀ ਸਿੰਘ ਨੇ ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਦੇ ਮੁੱਖ ਵਹੀਕਲ 'ਤੇ ਸਵਾਰ ਹੋ ਕੇ ਸਿੱਖ ਆਗੂਆਂ ਨਾਲ ਡੱਬਵਾਲੀ ਸ਼ਹਿਰ 'ਚ ਰੋਡ ਸ਼ੋਅ ਕੀਤਾ। 
ਇਸਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਭਾਟੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਵਿਚ ਹਰ ਵਾਹ ਲਗਾਈ ਅਤੇ ਅੱਜ ਤੱਕ ਬਾਦਲ ਦਲ ਹਰਿਆਣੇ ਦੇ ਗੁਰਦੁਆਰਿਆਂ ਦੀ ਮਾਇਆ ਪੰਜਾਬ 'ਚ ਲਿਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣੇ ਦੀ ਵੱਖਰੀ ਕਮੇਟੀ ਦਾ ਵਿਰੋਧ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਕਿਹੜੇ ਮੂੰਹ ਨਾਲ ਹਰਿਆਣੇ ਦੇ ਸਿੱਖਾਂ ਤੋਂ ਵੋਟਾਂ ਦੀ ਉਮੀਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰ ਸਾਂਝ ਦੇ ਨਾਂਅ 'ਤੇ ਵਪਾਰਕ ਸਾਂਝਾਂ ਪੁਗਾਆਉਣ ਅਤੇ ਹਿੱਤ ਸਾਧਣ ਲਈ ਇਨੈਲੋ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੰਤ ਬਲਜੀਤ ਸਿੰਘ ਦਾਦੂਵਾਲ 'ਤੇ ਵੀ ਝੂਠੇ ਕੇਸ ਪਾਉਣ ਅਤੇ ਜਮਾਨਤ ਉਪਰੰਤ ਮੁੜ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।