* ਪਿੰਡ ਦੇ ਵਾਟਰ ਵਰਕਸ ਦੇ ਸੁੱਕੇ ਫਿਲਟਰ ਟੈਂਕਾਂ ’ਚ ਅੱਕ ਅਤੇ ਟਾਹਲੀ ਉੱਗੇ
* ਡੇਢ ਵਰ੍ਹੇ ਤੋਂ ਹੋ ਰਿਹਾ ਵਾਟਰ ਵਰਕਸ ਤੋਂ ਦੂਸ਼ਿਤ ਜ਼ਮੀਨੀ ਪਾਣੀ ਸਪਲਾਈ, ਲੋਕ ਕੈਂਸਰ ਦੇ ਸ਼ਿਕਾਰ
* ਐਮ.ਪੀ ਨੇ ਪੰਚਾਇਤ ਘਰ, ਜਿੰਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਛੱਪੜ ਪ੍ਰਾਜੈਕਟ ਬਣਵਾਇਆ
* ਸਿਹਤ, ਬੈਂਕ, ਸਹਿਕਾਰੀ ਸਭਾ ਜਿਹੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ
ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਬਠਿੰਡਾ ਲੋਕਸਭਾ ਹਲਕੇ ਦੇ ਪਿੰਡ ਮਾਨ (ਹਲਕਾ ਲੰਬੀ) ਵਿੱਚ ਸਰਕਾਰੀ ਲਕੀਰਾਂ ਸਾਂਸਦ ਆਦਰਸ਼ ਗਰਾਮ ਦੇ ਦਰਜੇ ਵਾਲੇ ਵਿਕਾਸ ਦੀ ਗੂੜ੍ਹੀ ਇਬਾਰਤ ਨਹੀਂ ਲਿਖ ਸਕੀਆਂ। ਸਵਾ ਚਾਰ ਸਾਲ ਬਾਅਦ ਵੀ ਪਿੰਡ ਮਾਨ ’ਚ ਆਦਰਸ਼ਪੁਣੇ ਵਾਲਾ ਕੋਈ ਵਿਲੱਖਣ ‘ਗੁਣ’ ਵਿਖਾਈ ਨਹੀਂ ਦਿੰਦਾ। ਆਦਰਸ਼ ਗਰਾਮ ਅੱਜ ਵੀ ਆਪਣੀ ਆਮ ਦਿੱਖ ਅੰਦਰ
ਅਣਗਿਣਤ ਬੁਨਿਆਦੀ ਸਮੱਸਿਆਵਾਂ ਸਮੇਟੀ ਬੈਠਾ ਜੂਝ ਰਿਹਾ ਹੈ। ਇੱਥੇ ਦੇ ਅਵਾਮ ਲਈ ਸਿਹਤ ਸਹੂਲਤ, ਬੈਂਕ, ਸਹਿਕਾਰੀ ਸੁਸਾਇਟੀ ਅਤੇ ਸਵੱਛ ਪਾਣੀ ਲੋਕਾਂ ਲਈ ਸੁਫ਼ਨਾ ਬਣੇ ਹੋਏ ਹਨ। ਇਹ ਪਿੰਡ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ 15 ਨਵੰਬਰ 2014 ਨੂੰ ਗੋਦ ਲਿਆ ਸੀ। ਉਨ੍ਹਾਂ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਆਦਰਸ਼ ਹਾਲਾਤਾਂ ਤਹਿਤ ਨਾ ਪਿੰਡ ਵਾਸੀਆਂ ਦੀ ਸੋਚ ’ਚ ਸਵੱਛਤਾ ਵਾਲੀ ਜਾਗਰੂਕਤਾ ਆਈ ਅਤੇ ਨਾ ਹੀ ਪ੍ਰਸ਼ਾਸਨ ਅਤੇ ਪੰਚਤੰਤਰ ਦੇ ਅਲੰਬਰਦਾਰ ਸਾਰਥਿਕਤਾ ਨਾਲ ਭੂਮਿਕਾ ਨਿਭਾ ਸਕੇ। ਘਰਾਂ ਮੂਹਰੇ ਅਤੇ ਗਲੀਆਂ ’ਚ ਰੂੜ੍ਹੀਆਂ ਦੇ ਵੱਡੇ-ਵੱਡੇ ਢੇਰ ਆਦਰਸ਼ ਰੁਤਬੇ ’ਤੇ ਬਦਨੁਮਾ ਦਾਗ ਵਾਂਗ ਹਨ।
ਪੰਚਾਇਤ ਦੇ ਅਧੀਨ ਆਦਰਸ਼ ਗਰਾਮ ਦਾ ਬਹੁਕਰੋੜੀ ਵਾਟਰ ਵਰਕਸ ਪਿਛਲੇ ਕਰੀਬ ਡੇਢ ਸਾਲ ਤੋਂ ਵਗੈਰ ਫਿਲਟਰ ਕੀਤੇ ਪਿੰਡ ਵਾਸੀਆਂ ਨੂੰ ਸਿੱਧਾ ਦੂਸ਼ਿਤ ਜ਼ਮੀਨੀ ਪਾਣੀ ਸਪਲਾਈ ਕਰ ਰਿਹਾ ਹੈ। ਵਾਟਰ ਵਰਕਸ ’ਚ ਪਾਣੀ ਨੂੰ ਸ਼ੁੱਧ ਕਰਨ ਲਈ ਬਣਾਏ ਕੰਪੈਕਟ ਟ੍ਰੀਟਮੈਂਟ ਪਲਾਂਟ ਦੇ ਟੈਂਕਾਂ ਵਿੱਚ ਅੱਕ ਅਤੇ ਟਾਹਲੀ ਦੇ ਬੂਟੇ ਉੱਗੇ ਹੋਏ ਹਨ। ਜਦੋਂਕਿ ਪਾਈਪ ਉੱਚੀ ਹੋਣ ਕਰਕੇ ਨਹਿਰੀ ਪਾਣੀ ਕਦੇ ਵਾਟਰ ਵਰਕਸ ਦੀ ਜੂਹ ’ਚ ਦਾਖਲ ਨਹੀਂ ਹੋ ਸਕਿਆ। ਪਿੰਡ ’ਚ ਕਰੀਬ ਦਰਜਨ ਭਰ ਥਾਵਾਂ ਤੋਂ ਵਾਟਰ ਸਪਲਾਈ ਪਾਈਪ ਲੀਕ ਹੈ। ਦੂਸ਼ਿਤ ਪਾਣੀ ਪੀਣ ਕਰਕੇ ਕਾਰਨ ਪਿੰਡ ’ਚ ਪੇਟ ਦੀਆਂ ਬਿਮਾਰੀਆਂ ਦੀ ਭਰਮਾਰ ਹੈ ਅਤੇ ਕਰੀਬ ਦਰਜਨ ਲੋਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਹਨ। ਹੁਣ ਨਵੀਂ ਪੰਚਾਇਤ ਨੇ ਵਾਟਰ ਵਰਕਸ ਦੀ ਹਾਲਤ ਸੁਧਾਰਨ ਦਾ ਬੀੜਾ ਚੁੱਕਿਆ ਹੈ। 19 ਮਈ 2013 ਨੂੰ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਅਕਾਲੀਆਂ ਵੱਲੋਂ ਬੂਥ ’ਤੇ ਕਬਜ਼ੇ ਸਮੇਂ ਵਾਪਰੀ ਸੀ। ਉਸ ਹਿੰਸਕ ਅੱਗ ਦਾ ਨਾ-ਝੱਲਣਯੋਗ ਕਾਨੂੰਨੀ ਸੇਕ ਪਿੰਡ ਦੇ ਬਹੁਗਿਣਤੀ ਕਾਂਗਰਸੀ ਹੱਡਾਂ ਨੂੰ ਹੰਢਾਇਆ ਪਿਆ। ਜਿਸ ਤਹਿਤ ਲਗਪਗ ਅੱਧੀ ਵਸੋਂ ਮਹੀਨਿਆਂਬੱਧੀ ਅਗਿਆਤਵਾਸ ਦਾ ਸੰਤਾਪ ਵੀ ਝੱਲਦੀ ਰਹੀ। ਸੰਸਦ ਆਦਰਸ਼ ਗਰਾਮ ਬਣਨ ਉਪਰੰਤ ਸਭ ਤੋਂ ਵੱਡੀ ਪ੍ਰਾਪਤੀ ਰਹੀ ਕਿ ਪਿੰਡ ਅੰਦਰਲਾ ਵੋਟਾਂ ਸਮੇਂ ਵਾਲਾ ਸਿਆਸੀ ਕਲੇਸ਼ ਮੱਠਾ ਪਿਆ ਅਤੇ ਅਮਨ ਸ਼ਾਂਤੀ ਦਾ ਮਾਹੌਲ ਬਣਿਆ। ਜਿਸ ਸਦਕਾ ਹੌਲੀ-ਹੌਲੀ ਪਿੰਡ ਵਾਸੀ ਚੋਣ ਹਿੰਸਾ ਦੀਆਂ ਸੰਗੀਨ ਧਾਰਾਵਾਂ ਵਾਲੀਆਂ ਜੰਜ਼ੀਰਾਂ ਤੋਂ ਸੁਰਖ਼ਰੂ ਹੋ ਗਏ।
ਕੇਂਦਰੀ ਵਜ਼ੀਰ ਨੇ ਅਕਾਲੀ ਸਰਕਾਰ ਸਮੇਂ ਮਾਨ ਪਿੰਡ ਨੂੰ ਜ਼ਮੀਨੀ ਤੌਰ ’ਤੇ ਆਦਰਸ਼ ਬਣਾਉਣ ਲਈ ਕਾਫ਼ੀ ਉਪਰਾਲੇ ਕੀਤੇ। ਜਿਨ੍ਹਾਂ ਤਹਿਤ ਇੱਥੇ ਪੰਚਾਇਤ ਘਰ, ਕਮਿਊਨਿਟੀ ਸ਼ੈੱਡ, ਕਸਰਤ ਲਈ ਜਿੰਮ ਦੇ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਕ ਨਵਾਂ ਛੱਪੜ ਵੀ ਬਣਾਇਆ ਗਿਆ। ਗੁਰਦੁਆਰੇ ਨੇੜਲੇ ਛੱਪੜ ਨਾਲ ਬਣਾਈ ਸੱਭਿਆਚਾਰਕ ਸੱਥ ਅਤੇ ਨਵੀਂ ਦਿੱਖ ਵਾਲਾ ਪੁਰਾਣਾ ਖੂਹ ਧਿਆਨ ਆਪਣੇ ਵੱਲ ਖਿੱਚਦਾ ਹੈ। ਕੇਂਦਰੀ ਮੰਤਰੀ ਨੇ ਨਿੱਜੀ ਰੂਚੀ ਲੈ ਕੇ ਅੌਰਤਾਂ ਦੇ ਸਵੈ-ਸਹਾਇਤਾ ਗਰੁੱਪ
ਬਣਵਾਏ ਅਤੇ ਨੰਨ੍ਹੀ ਛਾਂ ਮੁਹਿੰਮ ਤਹਿਤ ਲਗਪਗ 3-4 ਦਰਜਨ ਅੌਰਤਾਂ ਨੂੰ ਸਿਲਾਈ-ਕਢਾਈ ਸਿਖਾ ਕੇ ਰੁਜ਼ਗਾਰ ਦੇ ਕਾਬਿਲ ਬਣਾਇਆ। 28 ਮਈ 2015 ਨੂੰ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਵਰਕਸ਼ਾਪ ਵੀ ਲਗਵਾਈ। ਜਿੱਥੇ ਪਿੰਡ ਵਾਸੀਆਂ ਨੂੰ ਰਜ਼ੁਗਾਰ ਦੇ ਰਾਹ ਪੈਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਜੰਗਲਾਤ ਵਿਭਾਗ ਦੀ ਮੱਦਦ ਵੱਡੇ ਪੱਧਰ ’ਤੇ ਰੁੱਖ ਵੀ ਵੰਡੇ ਗਏ। ਪਰ ਹੁਣ ਉਨ੍ਹਾਂ ਰੁੱਖਾਂ ਵਿੱਚੋਂ ਚੰਦ ਕੁ ਹੀ ਪਰਵਾਣ ਚੜ੍ਹੇ ਦਿਖਦੇ ਹਨ। ਹਲਕੇ ਦੇ ਹੋਰਨਾਂ ਪਿੰਡਾਂ ਵਾਂਗ ਸੀਮਿੰਟਡ ਗਲੀਆਂ-ਨਾਲੀਆਂ ਸਾਂਸਦ ਆਦਰਸ਼ ਗਰਾਮ ਮਾਨ ਦੇ ਵਿਹੜੇ ਦਾ ਸ਼ਿੰਗਾਰ ਹਨ। ਹਾਲਾਂਕਿ ਰਾਮਦਾਸੀਆ ਮੁੱਹਲੇ ਦਾ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਗੰਦੇ ਪਾਣੀ ਰਾਏਕੇ ਕਲਾਂ ਸੜਕ ਟੁੱਟ ਰਹੀ ਹੈ। ਪਿਛਲੇ ਦੋ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਬੱਤੀ ‘ਕੁੰਡੀ’ ਕੁਨੈਕਸ਼ਨ ਸਹਾਰੇ ਚੱਲ ਰਹੀ ਹੈ। ਸਿੱਖਿਆ ਵਿਭਾਗ ਸਕੂਲ ਦੇ 45 ਹਜ਼ਾਰ ਰੁਪਏ ਬਕਾਇਆ ਬਿਜਲੀ ਬਿੱਲ ਨੂੰ ਭਰ ਨਹੀਂ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸਰੀਰਿਕ ਸਿੱਖਿਆ ਤੇ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਨਹੀਂ ਹਨ।
ਆਦਰਸ਼ ਗਰਾਮ ਦਾ ਦੁਖਾਂਤ ਹੈ ਕਿ ਤਤਕਾਲੀ ਸਰਕਾਰੀ ਅਮਲਾ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਧੀ ਦਰਜਨ ਦੌਰਿਆਂ ਮੌਕੇ ‘ਨੰਬਰੀ ਗੇਮ’ ਤਹਿਤ ਆਦਰਸ਼ ਗਰਾਮ ਬਾਰੇ ਵਿਕਾਸ ਦੇ ਵੱਡੇ ਅੰਕੜੇ ਦਰਸਾਉਂਦਾ ਰਿਹਾ ਪਰ ਉਹ ਅੰਕੜੇ ਕਦੇ ਵੀ ਹਕੀਕਤ ਨਾ ਬਣ ਸਕੇ। ਪੰਜਾਬ ’ਚ ਸੱਤਾ ਤਬਦੀਲੀ ਕਰਕੇ ਸਾਂਸਦ ਆਦਰਸ਼ ਗਰਾਮ ਮਾਨ ਦੇ ਵਿਕਾਸਪੱਖੀ ਮਾਹੌਲ ’ਚ ਖੜ੍ਹੋਤ ਆਈ ਅਤੇ ਪਹਿਲਾਂ ਤੋਂ ਜਾਰੀ ਕਾਰਜ ਠੱਪ ਹੋ ਗਏ।
ਬਲਾਕ ਸੰਮਤੀ ਉਮੀਦਵਾਰ ਰਹੇ ਕਾਂਗਰਸ ਆਗੂ ਅਮਰਦੀਪ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਸਿਰਫ਼ ਕਾਗਜ਼ਾਂ ’ਚ ਆਦਰਸ਼ ਬਣਿਆ ਜਾਂ ਸਿਰਫ਼ ਅਕਾਲੀਆਂ ਲਈ। ਅਮਰਦੀਪ ਅਨੁਸਾਰ ਵਿਕਾਸ ਫੰਡਾਂ ਦੀ ਬਾਂਦਰਵੰਡ ਹੋਈ ਅਤੇ ਕੁਝ ਚੋਣਵੇਂ ਬੰਦੇ ਮਲਾਈ ਛਕ ਗਏ। ਪਿੰਡ ਵਿੱਚ ਵਿਕਾਸ ਦੇ ਨਾਂਅ ’ਤੇ ਗਿਣਾਉਣ ਲਈ ਇੱਕ ਪੁਖਤਾ ਵਸਤੂ ਵੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਘਰਾਂ ਮੂਹਰੇ ਸੀਮਿੰਟਡ ਗਲੀਆਂ ਬਣਨੀਆਂ ਬਕਾਇਆ ਹਨ। ਕਈ ਗਲੀਆਂ ’ਚ ਪਾਣੀ ਨਿਕਾਸੀ ਨਾ ਹੋਣ ਕਰਕੇ ਗੰਦਗੀ ਦਾ ਮਾਹੌਲ ਹੈ। ਪੰਚਾਇਤ ਘਰ ਅਤੇ ਜਿੰਮ ਖਾਨੇ ਨੂੰ ਜਿੰਦਰਾ ਜੜਿਆ ਪਿਆ ਹੈ। ਜਿੰਮ ਵਿਚੋਂ ਕਸਰਤੀ ਸਾਜੋ-ਸਮਾਨ ਚੋਰੀ ਹੋ ਰਿਹਾ ਹੈ।
ਕਾਂਗਰਸ ਆਗੂ ਹਰਮੀਤ ਸਿੰਘ ਅਤੇ ਮੌਜੂਦਾ ਸਰਪੰਚ ਮੰਦਰ ਸਿੰਘ ਦਾ ਕਹਿਣਾ ਸੀ ਕਿ ਸਹਿਕਾਰੀ ਸੁਸਾਇਟੀ ਦੀ ਇਮਾਰਤ ਨੀਂਹਾਂ ਤੋਂ ਅਗਾਂਹ ਨਹੀਂ ਵਧ ਸਕੀ। ਪਿੰਡ ਵਾਸੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਬਾਦਲ ਪਿੰਡ ’ਤੇ ਨਿਰਭਰ ਹਨ। ਬੈਂਕ ਨਾ ਹੋਣ ਕਰਕੇ ਲੋਕਾਂ ਨੂੰ ਰੁਪਏ ਜਮ੍ਹਾ ਕਰਵਾਉਣ ਲਈ ਬਾਦਲ ਜਾਂ ਲੰਬੀ ਜਾਣਾ ਪੈਂਦਾ ਹੈ, ਜੋ ਕਿ ਜੋਖ਼ਮ ਭਰਿਆ ਹੁੰਦਾ ਹੈ। ਪਿੰਡ ਵਾਸੀਆਂ ਅਨੁਸਾਰ ਵਾਟਰ ਵਰਕਸ ਦਾ 36 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ। ਕਾਂਗਰਸ ਸਰਕਾਰ ਦੌਰਾਨ ਆਰ.ਓ ਸਿਸਟਮ ਦੇ ਠੇਕੇਦਾਰ ਲਗਪਗ 1.15 ਲੱਖ ਰੁਪਏ ਦਾ ਬਿੱਲ ਭਰੇ ਵਗੈਰ ਤਿੱਤਰ ਹੋ ਗਏ।
ਅਕਾਲੀ ਆਗੂ ਭੁਪਿੰਦਰ ਸਿੰਘ ਅਨੁਸਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਦਰਸ਼ ਗਰਾਮ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਇੱਥੇ ਪੰਜ ਏਕੜ ਸ਼ੂਟਿੰਗ ਰੇਂਜ ਲਈ ਜ਼ਮੀਨ ਗ੍ਰਹਿਣ ਕਰਵਾਈ। ਜਿਸ ’ਤੇ ਛੇਤੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸਦੇ ਇਲਾਵਾ ਬਾਬਾ ਮਨੀ ਰਾਮ ਜੰਗਲਾਤ ਖੇਤਰ ਨੂੰ ਸਾਂਭਿਆ ਗਿਆ। ਉਨ੍ਹਾਂ ਕਿਹਾ ਕਿ ਸੱਤਾ ਤਬਦੀਲੀ ਬਾਅਦ ਮੰਡੀ ਬੋਰਡ ਵੱਲੋਂ ਕੰਮ ਵਿਚਾਲੇ ਛੱਡਣ ਕਰਕੇ ਕਈ ਸੀਮਿੰਟਡ ਗਲੀਆਂ ਦਾ ਕਾਰਜ ਅਧੂਰਾ ਰਹਿ ਗਿਆ । ਆਦਰਸ਼ ਗਰਾਮ ਮਾਨ ਦੇ ਜ਼ਮੀਨੀ ਹਾਲਾਤ ਤ੍ਰਾਹ-ਤ੍ਰਾਹ ਬੋਲਦੇ ਹਨ ਕਿ ਉਸਦੀ ਹਾਲਤ ਅੱਖਾਂ ਵਾਲੇ ਅੰਨ੍ਹੇ ਅਤੇ ਦੰਦਾਂ ਵਾਲੇ ਬੋੜੇ ਵਿਅਕਤੀ ਦੇ ਸਮਾਨ ਹੈ। ਜਦੋਂ ਦੇਸ਼ ਦੇ ਪਹਿਲੇ ਕਰੀਬ 547 ਪਿੰਡਾਂ ’ਚ ਆਉਣ ’ਤੇ ਉਸਦਾ ਕੁਝ ਨਹੀਂ ਵੱਟਿਆ ਗਿਆ ਤਾਂ ਉਸਦਾ ਦਰਦ ਹੁਣ ਅਗਾਂਹ ਸ਼ਾਇਦ ਹੀ ਕੋਈ ਸੁਣ ਸਕੇ । -93178-26100 / 98148-26100