* ਪੰਜਾਬ ਸਰਕਾਰ ਮੁਆਵਜੇ ਪ੍ਰਤੀ ਮਾਪਦੰਡਾਂ 'ਤੇ ਅੜੀ ਰਹੀ
* ਕਿਸਾਨ ਵਫ਼ਦ ਦਲੀਲਾਂ ਨਾਲ ਮੰਗੇ ਹੋਏ ਮੁਆਵਜੇ ਅੜਿਆ ਰਿਹਾ
* ਕਿਸਾਨ ਮੰਗ: ਸਰਕਾਰ ਕਿਸਾਨਾਂ ਤੋਂ ਕਰੋੜਾਂ ਰੁਪਏ ਮੰਡੀ ਫੀਸ ਕਮਾਉਣ ਵਾਲੇ ਮੰਡੀ ਬੋਰਡ ਤੋਂ ਦਿਵਾਏ ਮੁਆਵਜ਼ਾ
ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਕਤੂਬਰ
ਕਿਸਾਨਾਂ ਨੂੰ ਨਰਮਾ ਖਰਾਬੇ ਮੁਆਵਜੇ ਲਈ ਭਾਕਿਯੂ ਏਕਤਾ ਉਗਰਾਹਾਂ ਲੀਡਰਸ਼ਿਪ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ। ਸੂਬਾ ਸਰਕਾਰ ਨੇ ਮਾਪਦੰਡਾਂ ਦਾ ਹਵਾਲਾ ਦਿੰਦੇ ਕਿਸਾਨਾਂ ਦੀ ਮੰਗ ਮੁਤਾਬਿਕ ਮੁਆਵਜਾ ਦੇਣ ਤੋਂ ਬੇਵੱਸੀ ਜਾਹਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਯੂਨੀਅਨ ਗੁਲਾਬੀ ਸੁੰਡੀ ਖਰਾਬੇ ਦਾ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ 30 ਪ੍ਰਤੀ ਪਰਿਵਾਰ ਉਜਾੜਾ ਭੱਤਾ ਦੇਣ ਦੀ ਮੰਗ ਕਰ ਰਹੀ ਹੈ। ਸਰਕਾਰ ਵੱਲੋਂ ਮਾਮਲਾ ਵਿਚਾਰਨ ਦੇ ਭਰੋਸੇ ਨਾਲ ਸਮਾਪਤ ਹੋ ਗਈ।ਜ਼ਿਕਰਯੋਗ ਹੈ ਕਿ ਨਰਮਾ ਪੱਟੀ ਦੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਨਰਮੇ ਦੇ ਮੁਆਵਜ਼ੇ ਲਈ ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਨੇ ਪਿਛਲੇ ਅੱਠ ਦਿਨਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਮੁਹਰੇ ਪੱਕਾ ਮੋਰਚਾ ਲਗਾ ਰੱਖਿਆ ਹੈ।
ਅੱਜ ਰਾਜਧਾਨੀ ਚੰਡੀਗੜ੍ਹ ਵਿਖੇ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹਸਨ ਲਾਲ ਅਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੇ ਮਿੱਥੇ ਸਮੇਂ ਡੇਢ ਘੰਟਾ ਦੇਰੀ ਨਾਲ ਸ਼ੁਰੂ ਹੋਈ। ਇਸ ਦੇਰੀ ਨੂੰ ਕਿਸਾਨਾਂ ਨੇ 'ਗਰੀਬ' ਮੁੱਖ ਮੰਤਰੀ ਦੀ ਅਗੁਵਾਈ ਵਾਲੀ ਸੂਬਾ ਸਰਕਾਰ ਦੀ ਕਿਸਾਨਾਂ ਮਜ਼ਦੂਰਾਂ ਪ੍ਰਤੀ ਹਕੀਕੀ ਬੇਰੁੱਖੀ ਦੀ ਜਿਉਂਦੀ-ਜਾਗਦੀ ਉਦਾਹਰਣ ਦੱਸਿਆ। ਮੀਟਿੰਗ ਵਿਚ ਕਿਸਾਨ ਵਫਦ ਨੇ ਦਲੀਲ ਦਿੱਤੀ ਕਿ ਸਰਕਾਰ ਕਿਸਾਨਾਂ ਨੂੰ ਫਸਲ ਖਰਾਬੇ ਦਾ ਮੁਆਵਜਾ ਪੰਜਾਬ ਮੰਡੀ ਬੋਰਡ ਤੋਂ ਦਿਵਾਏ। ਜਿਸਨੂੰ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਵਿਕਰੀ ਤੋਂ ਮੰਡੀ ਫੀਸ ਦੇ ਰੂਪ ਵਿਚ ਹਰ ਸਾਲ ਸੈਂਕੜੇ ਕਰੋੜ ਰੁਪਏ ਪੰਜਾਬ ਮੰਡੀ ਨੂੰ ਹਾਸਲ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਕਣਕ ਅਤੇ ਝੋਨੇ ਦੀ ਖਰੀਦ ਵਿਚ 6 ਫੀਸਦੀ ਆਮਦਨ ਵਿਚੋਂ ਸਿੱਧੇ ਤੌਰ 'ਤੇ 2 ਪੰਜਾਬ ਮੰਡੀ ਨੂੰ ਜਾਂਦੇ ਹਨ ਅਤੇ ਇੱਕ ਫੀਸਦੀ ਸਥਾਨਕ ਮਾਰਕੀਟ ਕਮੇਟੀ ਦੇ ਇਲਾਵਾ ਤਿੰਨ ਫੀਸਦੀ ਪੇਂਡੂ ਡਿਵੈਲਪਮੈਂਟ ਫੰਡ (ਆਰ. ਡੀ. ਐਫ) ਤਹਿਤ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਾਂਦਾ ਹੈ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਮੀਟਿੰਗ ਉਪਰੰਤ ਫੋਨ 'ਤੇ ਆਖਿਆ ਕਿ ਪੰਜਾਬ ਸਰਕਾਰ ਮਾਪਦੰਡਾਂ ਅਤੇ ਆਰਥਿਕ ਮੰਦਹਾਲੀ ਦਾ ਹਵਾਲਾ ਦੇ ਕੇ ਕਿਸਾਨਾਂ ਦੇ ਬੀਜਾਂਦ ਅਤੇ ਫ਼ਸਲ ਪਲਾਈ 'ਤੇ ਆਏ ਹੋਰ ਅਤੇ ਖ਼ਰਚਿਆਂ ਦੇ ਨੁਕਸਾਨ ਨੂੰ ਦਰਕਿਨਾਰ ਕਰਕੇ ਅਸਲ ਮੁਆਵਜ਼ਾ ਦੇਣ ਭੱਜ ਰਹੀ ਹੈ। ਇਸ ਕਰਕੇ ਮੀਟਿੰਗ ਬੇਸਿੱਟਾ ਰਹੀ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਪਹਿਲਾਂ ਐਲਾਨਿਆ 12 ਹਜ਼ਾਰ ਰੁਪਏ ਪ੍ਰਤੀ ਮੁਆਵਜਾ ਦੇ ਕੇ ਕਾਗਜ਼ੀ ਬੁੱਤਾ ਸਾਰਨ ਦੀ ਕੋਸ਼ਿਸ਼ ਹੈ। ਸ੍ਰੀ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਗੁਲਾਬੀ ਸੁੰਡੀ ਅਤੇ ਹੋਰ ਫਸਲ ਖਰਾਬਾ ਸਰਕਾਰ ਅਤੇ ਅਫ਼ਸਰਸ਼ਾਹੀ ਦੀ ਨਲਾਇਕ ਅਤੇ ਭ੍ਰਿਸ਼ਟ ਕਾਰਗੁਜਾਰੀ ਕਰਕੇ ਨਕਲੀ ਬੀਜਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਵੱਸੀ ਨਾਲ ਅਖੌਤੀ ਹੈ ਜਿਸਦਾ ਕਿਸਾਨਾਂ ਉੱਪਰ ਕੋਈ ਫਰਕ ਨਹੀਂ ਪੈਣਾ। ਉਨ੍ਹਾਂ ਕਿਹਾ ਪਿੰਡ ਬਾਦਲ ਮੋਰਚੇ ਸਮੇਤ ਸੰਘਰਸ਼ ਨੂੰ ਤਿੱਖੇ ਰੂਪ ਅਗਾਂਹ ਵਧਾਇਆ ਜਾਵੇਗਾ। ਜਿਸਦੀ ਜੁੰਮੇਵਾਰ ਸਰਕਾਰ ਹੋਵੇਗੀ। ਵਫਦ ਵਿਚ ਸ੍ਰੀ ਜੇਠੂਕੇ ਦੇ ਇਲਾਵਾ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ, ਗੁਰਪਾਸ਼ ਸਿੰਘੇਵਾਲਾ, ਗੁਰਭੇਜ ਸਿੰਘ ਫਾਜ਼ਿਲਕਾ, ਰਾਮ ਸਿੰਘ ਭੈਣੀ ਬਾਘਾ ਵੀ ਮੌਜੂਦ ਸਨ। ਦੱਸ ਦੇਈਏ ਕਿ ਯੂਨੀਅਨ ਨੇ ਕੱਲ੍ਹ ਹੀ ਸੂਬਾ ਸਰਕਾਰ ਰਵਈਏ ਮੁਤਾਬਿਕ ਇਸ ਮੀਟਿੰਗ ਵਿਚ ਪ੍ਰਭਾਵਿਤ ਕਿਸਾਨਾਂ ਦੇ ਕੁਝ ਪੱਲੇ ਨਾ ਪੈਣ ਦਾ ਖਦਸ਼ਾ ਜਤਾਇਆ ਸੀ।
No comments:
Post a Comment