* ਛੇਵੇਂ ਦਿਨ ਵਿੱਤ ਮੰਤਰੀ ਦੇ ਬੂਹੇ ’ਤੇ ਪੱਕਾ ਮੋਰਚਾ ਭਖਵੇਂ ਤੌਰ ’ਤੇ ਜਾਰੀ
* ਕਿਸਾਨਾਂ ਨੇ ਮੁੱਖ ਮੰਤਰੀ ਚੰਨੀ ਨੂੰ ‘ਸ਼ੋਸ਼ੇਬਾਜ਼’ ਮੁੱਖ ਮੰਤਰੀ ਕਰਾਰ ਦਿੱਤਾ
ਇਕਬਾਲ ਸਿੰਘ ਸ਼ਾਂਤ
ਲੰਬੀ: ਨਰਮਾ ਅਤੇ ਹੋਰ ਫ਼ਸਲਾਂ ਦੇ ਖ਼ਰਾਬਾ ਮੁਆਵਜ਼ੇ ਵਜੀਰ-ਏ-ਖਜ਼ਾਨਾ ਦੇ ਬੂਹੇ ’ਤੇ ਡਟੇ ਬੈਠੀ ਭਾਕਿਯੂ ਏਕਤਾ ਉਗਰਾਹਾਂ ਦੀ ਹੁਣ 13 ਅਕਤੂਬਰ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਨੂੰ ਲੈ ਕੇ ਘਰੇੜ ਪੈ ਗਈ ਹੈ। ਯੂਨੀਅਨ ਨੇ ਪ੍ਰਸ਼ਾਸਨ ਦੀ ਚਿੱਠੀ ’ਤੇ ਸੁਆਲ ਖੜੇ ਕਰਦੇ ਐਲਾਨ ਕੀਤਾ ਹੈ ਕਿ ਇਹ ਵਿਚਾਰਅਧੀਨ ਹੈ ਕਿ ਮੁਆਵਜ਼ੇ ਬਾਰੇ ਗੱਲਬਾਤ ਮੁੱਖ ਮੰਤਰੀ ਨਾਲ ਕਰਨੀ ਹੈ ਜਾਂ ਉਨਾਂ ਦੇ ਅਧਿਕਾਰੀਆਂ ਨਾਲ। ਸਰਕਾਰ ਨੂੰ ਚਿੱਠੀ ਬਾਰੇ ਫੈਸਲਾ ਸੂਬਾ ਕਮੇਟੀ ਦੀ ਹੋਵੇਗਾ।
ਜ਼ਿਕਰਯੋਗ ਹੈ ਕੱਲ ਜ਼ਿਲਾ ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਮਨਪ੍ਰੀਤ ਬਾਦਲ ਦਾ ਬੂਹਾ ਮੱਲਣ ਬਾਅਦ ਯੂਨੀਅਨ ਨੂੰ 13 ਅਕਤੂਬਰ ਨੂੰ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ, ਵਿੱਤ ਕਮਿਸ਼ਨਰ (ਮਾਲ) ਅਤੇ ਵਿੱਤ ਕਮਿਸ਼ਨਰ (ਵਿਕਾਸ) ਨਾਲ ਮੀਟਿੰਗ ਬਾਰੇ ਚਿੱਠੀ ਭੇਜੀ ਸੀ। ਪਿੰਡ ਬਾਦਲ ’ਚ ਵਜੀਰੇ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਹਿਸ਼ ਦੇ ਘਿਰਾਓ ਤਹਿਤ ਪੱਕਾ ਮੋਰਚਾ ਅੱਜ ਛੇਵੇਂ ਦਿਨ ’ਚ ਪੁੱਜ ਗਿਆ।
ਯੂਨੀਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੱਲਬਾਤ ਮੁੱਖ ਮੰਤਰੀ ਨਾਲ ਕਰਨੀ ਹੈ ਜਾਂ ਉਨਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਸੂਬਾ ਕਮੇਟੀ ਵੱਲੋਂ ਵਿਚਾਰ ਕੇ ਦੱਸਿਆ ਜਾਵੇਗਾ। ਯੂਨੀਅਨ ਦੇ ਇਸ ਰਵਈਏ ਨਾਲ ਪ੍ਰਸ਼ਾਸਨ ਅਤੇ ਸਰਕਾਰ ਸ਼ਸ਼ੋਪੰਜ ਦੀ ਸਥਿਤੀ ਵਿਚ ਆ ਗਈ ਹੈ। ਜਿਲ੍ਹਾ ਪ੍ਰਸ਼ਾਸਨ ਖੁਦ ਨੂੰ ਦੋ ਪਾਟਾਂ ਵਿਚਕਾਰ ਫਸਿਆ ਮਹਿਸੂਸ ਕਰ ਰਿਹਾ ਹੈ।
ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਭੈਣੀਬਾਘਾ , ਬਿੱਟੂ ਮੱਲਣ, ਜਗਸੀਰ ਸਿੰਘ, ਮਲਕੀਤ ਸਿੰਘ ਅਤੇ ਮਹਿਲਾ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਹੁਣ ਤੱਕ ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਲੋਕਾਂ ਲਈ ਭਲੇ ਦੀ ਕੰਮ ਕਰਨ ਦੀ ਬਜਾਇ ਸਿਰਫ਼ ਫੋਕੀ ਸ਼ੋਹਰਤ ਨਾਲ ਅਖ਼ਬਾਰਾਂ ਟੈਲੀਵਿਜਨ ਦੀਆਂ ਸੁਰਖੀਆਂ ਬਣਨ ਵਾਲੀਆਂ ਗੱਲਾਂ ਹੀ ਕਰ ਰਹੇ ਹਨ। ਉਨਾਂ ਕਿਹਾ ਕਿ ਨਵੀਂ ਸਰਕਾਰ ਦੇ ਕੰਮ ਕਰਨ ਦੇ ਕੁਝ ਮਹੀਨੇ ਰਹਿੰਦਿਆਂ ਦੌਰਾਨ ਕੁਝ ਲੋਕਾਂ ਨੂੰ ਆਸਾਂ ਬੱਝੀਆਂ ਸਨ ਨਵੇਂ ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਕਿਸਾਨਾਂ ਮਜ਼ਦੂਰਾਂ ਦੇ ਭਲੇ ਲਈ ਕੰਮ ਕਰਨਗੇ, ਪਰ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਰਾਜ ਗੱਦੀ ’ਤੇ ਕੋਈ ਗਰੀਬ ਦਲਿਤ ਦਾ ਚਿਹਰਾ ਪੇਸ਼ ਕਰਕੇ ਬਿਠਾਉਣ ਨਾਲ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਅਤੇ ਆਪਣੀਆਂ ਮੰਗਾਂ ਮਸਲਿਆਂ ਦਾ ਇੱਕੋ ਇੱਕ ਹੱਲ ਜਮਾਤੀ ਏਕਤਾ ਅਤੇ ਸੰਘਰਸ਼ ਹੀ ਹੈ।
ਉਨਾਂ ਕਿਹਾ ਕਿ ਛੇ ਦਿਨਾਂ ਤੋਂ ਕਿਸਾਨ ਮਜ਼ਦੂਰ ਆਪਣੀ ਫ਼ਸਲ ਖਰਾਬ ਹੋਈ ਫਸਲ ਦੇ ਮੁਆਵਜੇ ਲਈ ਸੜਕਾਂ ’ਤੇ ਰੋ ਰਹੇ ਹਨ, ਬਿਜਲੀ ਸੰਕਟ ਕਾਰਨ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਲਈ ਕਿਸਾਨ ਖੇਤਾਂ ਵਿੱਚ ਉਡੀਕ ਕਰ ਰਹੇ ਹਨ, ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੋ ਰਹੇ ਹਨ, ਪਰ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਸੰਬੰਧੀ ਅਜੇ ਕੋਈ ਲੋੜ ਨਹੀਂ ਸਮਝੀ । ਕਿਸਾਨ ਆਗੂਆਂ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਜੋ ਵੱਧ ਤੋਂ ਵੱਧ ਸੰਘਰਸ਼ਾਂ ਦੇ ਮੈਦਾਨਾਂ ’ਚ ਆਉਣ ਤਾਂ ਕਿ ਸਰਕਾਰਾਂ ਨੂੰ ਮਜ਼ਬੂਰ ਕਰ ਕੇ ਮੰਗਾਂ ਮਸਲਿਆਂ ਦੋ ਹੱਲ ਕਰਵਾਇਆ ਜਾਵੇ।
No comments:
Post a Comment