ਲੰਬੀ: ਨਰਮਾ ਅਤੇ ਹੋਰ ਫ਼ਸਲੀ ਖਰਾਬੇ ਬਾਰੇ ਪਿੰਡ ਬਾਦਲ ਵਿੱਚ ਹਕੂਮਤੀ ਬੂਹੇ ’ਤੇ ਦੋ ਹਫ਼ਤਿਆਂ ਦੇ ਪੱਕੇ ਮੋਰਚੇ ਬਾਅਦ ਵੀ ਚੰਨੀ ਸਰਕਾਰ ਦੇ ਕੰਨ ’ਤੇ ਜੂੰ ਨਾ ਰੇਂਗਣ ’ਤੇ ਕਿਸਾਨਾਂ ਅਗਾਮੀ ਮੋਰਚਾ ਉਲੀਕ ਦਿੱਤਾ ਹੈ। ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਤੋਂ ਪੱਕਾ ਮੋਰਚਾ ਚੁੱਕ ਕੇ ਹੁਣ 25 ਅਕਤੂਬਰ ਨੂੰ ਬਠਿੰਡਾ ਵਿਖੇ ਮਿੰਨੀ ਸਕੱਤਰੇਤ ਦੇ ਮੁਕੰਮਲ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਸਪੱਸ਼ਟ ਐਲਾਨ ਹੈ ਕਿ ਫਿਰ ਵੀ ਚੰਨੀ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਵਾਂਗ ਕਾਂਗਰਸ ਦਾ ਵੀ ਪਿੰਡਾਂ-ਸ਼ਹਿਰਾਂ ’ਚ ਬਾਈਕਾਟ ਕਰਕੇ ਵਿਰੋਧ ਦੀ ਰਾਹ ਫੜੀ ਜਾਵੇਗੀ।
ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਕੀਤੇ ਆਰ-ਪਾਰ ਦੇ ਫੈਸਲੇ ਦਾ ਐਲਾਨ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕੀਤਾ। ਯੂਨੀਅਨ ਦੇ ਇਸ ਫੈਸਲੇ ਨਾਲ ਕਿਸਾਨੀ ਸੰਘਰਸ਼ੀ ਵਿੱਤ ਮੰਤਰੀ ਦੀਆਂ ਜੱਦੀ ਬਰੂਹਾਂ ਤੋਂ ਅਗਾਂਹ ਵਧ ਕੇ ਸਿਆਸੀ ਕਿਲੇ ਦੀਆਂ ਕੰਧਾਂ ਵੱਲ ਤੁਰ ਪਿਆ ਹੈ। ਜਿਸਦੇ ਗੰਭੀਰ ਨਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਚੋਣ ’ਚ ਭੁਗਤਣੇ ਪੈ ਸਕਦੇ ਹਨ। ਜ਼ਿਕਰੌੋਗ ਹੈ ਕਿ ਗੁਲਾਬੀ ਸੁੰਡੀ ਤੋਂ ਬਠਿੰਡਾ ਅਤੇ ਮਾਨਸਾ ਜ਼ਿਲੇ ਸਭ ਤੋਂ ਵੱਧ ਜ਼ਿਲੇ ਪ੍ਰਭਾਵਿਤ ਹਨ। ਕਿਸਾਨੀ ਸੰਘਰਸ਼ ਦੀ ਚਿਣਗ ਇਸ ਸਰਜਮੀਂ ਤੋਂ ਉੱਠਦੀ ਹੈ ਅਤੇ ਜਿਸਦਾ ਪਹਿਲਾ ਤਪਾਅ ਵਿੱਤ ਮੰਤਰੀ ਦੀ ਸਿਆਸੀ ਰਾਜਸਧਾਨੀ ਬਠਿੰਡਾ ਦੇ ਮਿੰਨੀ ਦੇ ਸਕੱਤਰੇਤ ਦੇ ਘਿਰਾਓ ਦੇ ਐਲਾਨ ਨਾਲ ਹੋ ਗਿਆ ਹੈ।
ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਗੁਰਭਗਤ ਸਿੰਘ ਭਲਾਈਆਣਾ, ਗੁਰਭੇਜ ਸਿੰਘ ਰੋਹੀ ਆਲਾ, ਰਾਮ ਸਿੰਘ ਭੈਣੀਬਾਘਾ, ਜਗਦੇਵ ਸਿੰਘ ਜੋਗੇਵਾਲਾ, ਕੁਲਵੰਤ ਸ਼ਰਮਾ ਰਾਏਕੇ ਕਲਾਂ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਹੁਣੇ ਅੱਜ ਤੋਂ ਹੀ 25 ਅਕਤੂਬਰ ਨੂੰ ਵੱਡੀ ਲਾਮਬੰਦੀ ਵਾਸਤੇ ਤਿਆਰੀ ਵਿੱਚ ਜੁਟਣ ਦਾ ਸੱਦਾ ਦਿੱਤਾ। ਪਿੰਡਾਂ-ਮੁਹੱਲਿਆਂ ’ਚ ਮੀਟਿੰਗਾਂ ਕਰ ਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਕਾਫਲੇ ਬਣਾ ਕੇ ਘਰ-ਘਰ 25 ਅਕਤੂਬਰ ਨੂੰ ਵੱਡੀ ਗਿਣਤੀ ਬਠਿੰਡਾ ਦੇ ਮਿੰਨੀ ਸਕੰਤਰੇਤ ਦੇ ਘਿਰਾਓ ਵਿੱਚ ਪਹੁੰਚਣ ਦੇ ਸੁਨੇਹੇ ਲਾਏ ਜਾਣ।
No comments:
Post a Comment