31 December 2011

ਚੋਣ ਕਮਿਸ਼ਨ ਦੀ ਰੋਕ ਦੇ ਬਾਵਜੂਦ ਸਾਇਕਲਾਂ ਦਾ ਭਰਿਆ ਕੈਂਟਰ ਪੁੱਜਿਆ ਲੰਬੀ ਦੇ ਸਰਕਾਰੀ ਸਕੂਲ

ਕੈਂਟਰ ਚਾਲਕ ਦੇ ਕਥਨ :  ਅਬੁੱਲਖੁਰਾਣਾ, ਦੋਦਾ ਅਤੇ ਮੁਕਤਸਰ ਦੇ ਸਕੂਲ ਵਿਚ ਵੀ ਸਾਇਕਲ ਵੀ ਪੁੱਜੇ

                                                               -ਇਕਬਾਲ ਸਿੰਘ ਸ਼ਾਂਤ-
ਲੰਬੀ, 30 ਦਸੰਬਰ-ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ ਦੀ ਚੋਣ ਪ੍ਰਕਿਰਿਆ ਦੌਰਾਨ ਸਾਇਕਲਾਂ ਦੀ ਵੰਡ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਵਿਦਿਆਰਥਣਾਂ ਨੂੰ ਵੰਡਣ ਲਈ ਸਰਕਾਰੀ ਸਕੂਲਾਂ ਵਿਚ ਸਾਇਕਲਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ।
ਅਜਿਹਾ ਇੱਕ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਰਵਾਇਤੀ ਹਲਕੇ ਦੇ ਪਿੰਡ ਲੰਬੀ ਵਿਖੇ ਸਾਹਮਣੇ ਆਇਆ ਹੈ। ਜਿੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸਵੇਰੇ ਲਗਭਗ 11 ਵਜੇ ਐਟਲਸ ਕੰਪਨੀ ਦੇ ਸਾਇਕਲਾਂ ਨਾਲ ਭਰਿਆ ਇੱਕ ਕੈਂਟਰ ਨੰਬਰ ਆਰ.ਜੇ.13 ਜੀ. ਏ./2840 ਪੁੱਜਿਆ। ਜਿਸ ਵਿਚ ਸੰਤਰੀ ਰੰਗ ਦੇ 71 ਲੇਡੀਜ਼ ਸਾਇਕਲ ਲੱਦੇ ਹੋਏ ਸਨ, ਜਿਨ੍ਹਾਂ ਦਾ ਰੰਗ ਸੱਤਾ ਪੱਖ ਦੇ ਝੰਡੇ ਦੇ ਰੰਗ ਨਾਲ ਮੇਲਾ ਖਾਂਦਾ ਸੀ।
ਹਾਲਾਂਕਿ ਚੋਣ ਜ਼ਾਬਤੇ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਦੀਆਂ ਵਿਦਿਆਰਥਣਾਂ ਨੂੰ ਵੰਡੇ ਜਾ ਰਹੇ ਸਾਇਕਲਾਂ ਵਾਂਗ ਇਨ੍ਹਾਂ ਸਾਇਕਲਾਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨਹੀਂ ਲੱਗੀ ਹੋਈ ਸੀ।
ਬੱਤਰਾ ਟੈਂਪੂ ਟਰਾਂਸਪੋਰਟ ਯੂਨੀਅਨ ਲੁਧਿਆਣਾ ਦੀ ਬਿਲਟੀ ਅਤੇ ਐਟਲਸ ਸਾਇਕਲ (ਹਰਿਆਣਾ) ਲਿਮ: ਲੁਧਿਆਣਾ ਵੱਲੋਂ ਬਿੱਲ ਜ਼ਿਲ੍ਹਾ ਸਿੱਖਿਆ ਅਧਿਕਾਰੀ (ਈ.ਈ.) ਸਰਬ ਸਿੱਖਿਆ ਅਭਿਆਨ ਮੁਕਤਸਰ (ਪੰਜਾਬ) ਦੇ ਨਾਂ ਦਰਸਾਇਆ ਗਿਆ ਹੈ। ਜਿਸਦਾ ਸੇਲ ਬਿੱਲ ਨੰਬਰ  ਡੀ1/11/12/000857, ਡੀ ਕੋਡ 159836 , ਬਿੱਲ ਮਿਤੀ 29-12-2012 ਦਰਸਾਇਆ ਗਿਆ ਹੈ। ਬਿੱਲ ਵਿਚ ਪ੍ਰਤੀ ਸਾਇਕਲ ਦੀ ਕੀਮਤ 2486.25 ਰੁਪਏ ਦੱਸੀ ਗਈ ਹੈ। ਜਿਸਦੇ ਹਿਸਾਬ ਨਾਲ ਕੁੱਲ 71 ਸਾਇਕਲਾਂ ਦੀ ਕੁੱਲ ਕੀਮਤ 1,76, 523.75 ਰੁਪਏ ਹੈ। ਇਨ੍ਹਾਂ ਕਾਗਜ਼ਾਂ ਦੇ ਨਾਲ ਸਾਇਕਲ ਪ੍ਰਾਪਤੀ ਬਾਰੇ ਰਸੀਦ ਵੀ ਭੇਜੀ ਗਈ ਹੈ। ਇਨ੍ਹਾਂ ਸਾਇਕਲਾਂ ਨੂੰ ਸਕੂਲ ਵਿਚ ਇਕ ਪਾਸੇ 'ਤੇ ਸੈਮੀਨਾਰ ਹਾਲ ਵਜੋਂ ਵਰਤੇ ਜਾਂਦੇ ਕਮਰੇ ਵਿਚ ਰਖਵਾਇਆ ਜਾ ਰਿਹਾ ਸੀ।
ਲੁਧਿਆਣਾ ਤੋਂ ਸਾਇਕਲਾਂ ਨਾਲ ਭਰਿਆ ਕੈਂਟਰ ਲੈ ਕੇ ਪੁੱਜੇ ਡਰਾਈਵਰ ਸੰਦੀਪ, ਹੰਸ ਰਾਜ, ਗੁਰਪ੍ਰੀਤ ਅਤੇ ਹਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਹੋਰ ਕਈ ਕੈਂਟਰ ਵੀ ਲੰਬੀ ਹਲਕੇ ਦੇ ਪਿੰਡ ਅਬੁੱਲਖੁਰਾਣਾ, ਦੋਦਾ ਅਤੇ ਮੁਕਤਸਰ ਲਈ ਰਵਾਨਾ ਹੋਏ ਸਨ। ਉਸਨੇ ਦੱਸਿਆ ਉਨ੍ਹਾਂ ਨੂੰ ਚੋਣ ਜ਼ਾਬਤੇ ਵਗੈਰਾ ਬਾਰੇ ਨਹੀਂ ਪਤਾ, ਉਹ ਤਾਂ ਸਿਰਫ਼ ਆਪਣੀ ਡਿਊਟੀ ਅਨੁਸਾਰ ਸਕੂਲ ਵਿਚ ਸਾਇਕਲ ਵਿਚ ਛੱਡਣ ਲਈ ਆਏ ਹਨ।
ਇਸੇ ਦੌਰਾਨ ਮੌਕੇ 'ਤੇ ਪੁੱਜੇ ਇੱਕ ਪਿੰਡ ਦੇ ਵਿਅਕਤੀ ਨੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਦੇ ਪੁੱਛਿਆ ਕਿ ਇਨ੍ਹਾਂ ਸਾਇਕਲਾਂ 'ਤੇ ਕਿਹੜਾ ਬਾਦਲ ਸਾਬ੍ਹ ਦੀ ਫੋਟੋ ਲੱਗੀ ਹੈ ਜਿਹੜਾ ਤੁਸੀਂ ਫੋਟੋ ਖਿੱਚ ਰਹੋ।
              ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਮੁੱਖ ਮੰਤਰੀ ਦੇ ਹਲਕੇ ਵਿਚ ਇੰਝ ਖੁੱਲ੍ਹੇਆਮ ਸਾਇਕਲਾਂ ਦਾ ਭਰਿਆ ਕੈਂਟਰ ਪੁੱਜਣ ਅਤੇ ਬੀਤੇ ਕੱਲ੍ਹ ਪਿੰਡ ਚਨੂੰ ਵਿਖੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦੀ ਪੜਤਾਲ ਕਰਨ ਪੁੱਜੇ ਸਰਕਾਰੀ ਅਮਲੇ ਨਾਲ ਖਿੱਚ-ਧੂਹ ਕਰਨ ਦੀ ਘਟਨਾ ਨੇ ਇਸ ਵਕਾਰੀ ਵਿਧਾਨਸਭਾ ਹਲਕੇ ਵਿਚ 30 ਜਨਵਰੀ ਤੱਕ ਦੀ ਚੋਣ ਪ੍ਰਕਿਰਿਆ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਧੱਕੇਸ਼ਾਹੀਆਂ ਦੇ ਵਾਪਰਨ ਵਾਲੇ ਹਾਲਾਤਾਂ ਬਾਰੇ ਅਗਾਊਂ ਤੌਰ 'ਤੇ ਸੰਕੇਤ ਹਨ।
ਇੱਥੇ ਜ਼ਿਕਰਯੋਗ ਹੈ ਕਿ ਜਿਸ ਦੌਰਾਨ ਲੰਬੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇਕਲ ਉਤਾਰੇ ਜਾ ਰਹੇ ਸਨ, ਉਸ ਦੌਰਾਨ ਲਗਭਗ 5 ਕਿਲੋਸਮੀਟਰ ਦੀ ਦੂਰੀ 'ਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਚੋਣ ਮੁਹਿੰਮ ਦੇ ਆਗਾਜ਼ ਕਰਕੇ ਅੱਜ ਪਿੰਡ ਬਾਦਲ ਵਿਖੇ ਮੌਜੂਦ ਸਨ ਅਤੇ ਪਿੰਡ ਬਾਦਲ ਵਿਖੇ ਆਪਣੀ ਰਿਹਾਇਸ਼ 'ਤੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
              ਚੋਣ ਪ੍ਰਕਿਰਿਆ ਦੌਰਾਨ ਚੋਣ ਅਮਲੇ ਵਜੋਂ ਵਿਚਰ ਰਹੇ ਸਮੁੱਚੇ ਤੰਤਰ ਦੇ ਸੱਤਾ ਧਿਰ ਦੇ ਦਬਾਅ ਜਾਂ ਪ੍ਰਭਾਵ ਹੇਠ ਹੋਣ ਦਾ ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੋਣ ਕਮਿਸ਼ਨ ਦੀ ਹਦਾਇਤਾਂ 'ਤੇ ਲੰਬੀ ਹਲਕੇ ਦੇ ਕਿੱਲਿਆਂਵਾਲੀ ਕਸਬੇ ਦੇ ਬਾਹਰਲੇ ਪਾਸੇ ਅਬੋਹਰ ਤਿੰਨ ਕੋਣੀ 'ਤੇ ਨਾਕਾ ਲਾ ਕੇ ਪੰਜਾਬ ਵਿਚ ਦਾਖਲ ਹੋਣ ਵਾਲੇ ਸਾਰੇ ਵਹੀਕਲਾਂ ਦੀ ਵੀਡੀਓਗਰਾਫ਼ੀ ਰਾਹੀਂ ਜਾਂਚ-ਪੜਤਾਲ ਕੀਤੀ ਜਾਂਦੀ ਸੀ, ਜੋ ਕਿ ਕੱਲ੍ਹ ਸ਼ਾਮ ਤੱਕ ਜਾਰੀ ਸੀ। ਪਰੰਤੂ ਅੱਜ ਮੁੱਖ ਮੰਤਰੀ ਦੇ ਫੇਰੀ ਮੌਕੇ ਉਕਤ ਤਿੰਨ ਕੋਣੀ 'ਤੇ ਪੁਲਿਸ ਪਾਰਟੀ ਮੌਜੂਦ ਨਹੀਂ ਸੀ। ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਨਿਰਪੱਖ ਅਤੇ ਸਪੱਸ਼ਟ ਚੋਣ ਪ੍ਰਕਿਰਿਆ ਨੂੰ ਲਾਗੂ ਕਰਨ ਸਬੰਧੀ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਨੂੰ ਢਾਹ ਲਾਉਣ ਵਿਚ ਉਸੇ ਦੇ ਸਿਪਹਸਲਾਰ ਵੱਡੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਜਦੋਂਕਿ ਚੋਣਾਂ ਦੇ ਅਮਲ ਦੇ ਸਾਰੇ ਮੁੱਖ ਦੌਰ ਅਜੇ ਤੱਕ ਸ਼ੁਰੂ ਹੋਣੇ ਬਾਕੀ ਹਨ।
ਇਸ ਸਬੰਧ ਵਿਚ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਈ. ਈ.) ਸਰਬ ਸਿੱਖਿਆ ਅਭਿਆਨ ਮੁਕਤਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ। ਸਕੂਲ ਦੇ ਪਿੰ੍ਰਸੀਪਲ ਗੁਰਿੰਦਰ ਕੌਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਹ ਸਕੂਲ ਵਿਚ ਛੁੱਟੀਆਂ ਹੋਣ ਕਰਕੇ ਲੁਧਿਆਣੇ ਦੇ ਅਪੋਲੋ ਹਸਪਤਾਲ ਵਿਚ ਦਾਖਲ ਆਪਣੀ ਬੀਮਾਰ ਸੱਸ ਦੀ ਦੇਖਭਾਲ ਵਿਚ ਜੁਟੇ ਹੋਏ ਸਨ ਅਤੇ ਸਕੂਲ ਵਿਚ ਸਾਇਕਲਾਂ ਦੇ ਆਉਣ ਬਾਰੇ ਕੁਝ ਨਹੀਂ ਪਤਾ।
             ਇਸੇ ਦੌਰਾਨ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ।

No comments:

Post a Comment