-ਇਕਬਾਲ ਸਿੰਘ ਸ਼ਾਂਤ-
ਇਹ ਕੋਈ ਝੂਠ ਨਹੀਂ ਕਿ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਸੂਬੇ ਦੇ ਮੁੱਖ ਮੰਤਰੀ ਦੇ ਸਿਰ ਨਿੱਜੀ ਤੌਰ 'ਤੇ ਇੱਕ ਰੁਪਇਆ ਵੀ ਕਰਜ਼ਾ ਨਹੀਂ, ਬਲਕਿ ਉਹ ਆਰਥਿਕ ਤੌਰ 'ਤੇ ਇੰਨਾ ਮਜ਼ਬੂਤ ਹੈ ਕਿ ਉਸਨੇ ਲਗਭਗ 76 ਲੱਖ ਰੁਪਏ ਆਪਣੇ ਉੱਪ ਮੁੱਖ ਮੰਤਰੀ ਪੁੱਤਰ ਨੂੰ ਕਰਜ਼ੇ ਵਜੋਂ ਦਿੱਤੇ ਹੋਏ ਹਨ।
ਹੋਰ ਤਾਂ ਹੋਰ ਨਿੱਤ ਹੈਲੀਕਾਪਟਰਾਂ ਦੇ ਹਲੂਣੇ ਅਤੇ ਮਹਿੰਗੀਆਂ ਕਾਰਾਂ ਦੇ ਝੂਟੇ ਲੈਣ ਵਾਲੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਸਫ਼ਰ ਕਰਨ ਲਈ ਆਪਣੇ ਪੁੱਤਰ ਸੁਖਬੀਰ ਵਾਂਗ ਇੱਕ ਨਿੱਜੀ ਕਾਰ ਵੀ ਨਹੀਂ।
ਉਕਤ ਖੁਲਾਸਾ ਕਿਸੇ ਵਿਰੋਧੀ ਪਾਰਟੀ ਦੇ ਆਗੂ ਵੱਲੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ 'ਤੇ ਲਾਏ ਦੋਸ਼ਾਂ ਦਾ ਹਿੱਸਾ ਨਹੀਂ ਬਲਕਿ ਖੁਦ ਸ੍ਰੀ ਬਾਦਲ ਵੱਲੋਂ ਲੰਬੀ ਹਲਕੇ ਤੋਂ ਬਤੌਰ ਅਕਾਲੀ ਦਲ ਦੇ ਉਮੀਦਵਾਰ ਦਾਖਲ ਕੀਤੇ ਨਾਮਜ਼ਦਗੀ ਕਾਗਜ਼ ਦੇ ਨਾਲ ਪੇਸ਼ ਆਮਦਨੀ ਅਤੇ ਚੱਲ-ਅਚੱਲ ਜਾਇਦਾਦ ਦੇ ਅਸਾਸਿਆਂ ਦੀ ਸੂਚੀ ਦਾ ਹਿੱਸਾ ਹਨ।
65 ਸਾਲਾਂ ਦੇ ਸਿਆਸੀ ਜੀਵਨ ਵਿਚ ਕਿਸਾਨਾਂ ਆਗੂ ਵਜੋਂ ਪ੍ਰਵਾਨਤ ਹੋਏ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਕੁੱਲ ਚੱਲ ਅਤੇ ਅਚੱਲ ਸੰਪਤੀ 6 ਕਰੋੜ 75 ਲੱਖ 27, 914 ਰੁਪਏ ਹੈ। ਉਨ੍ਹਾਂ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ 76 ਲੱਖ 2 ਹਜ਼ਾਰ 72 ਰੁਪਏ ਦੇ ਕਰਜ਼ਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦਾ ਉਪ ਮੁੱਖ ਮੰਤਰੀ ਪੁੱਤਰ ਆਪਣੇ ਪਿਤਾ ਤੋਂ ਦਸ ਗੁਣਾ ਤੋਂ ਵੀ ਵੱਧ ਅਮੀਰ ਹੈ। ਜਿਸ ਵੱਲੋਂ ਜਲਾਲਾਬਾਦ ਵਿਚ ਆਪਣੀ ਚੱਲ ਤੇ ਅਚੱਲ ਜਾਇਦਾਦ 76 ਕਰੋੜ ਰੁਪਏ ਹੋਣ ਬਾਰੇ ਖੁਲਾਸਾ ਕੀਤਾ ਗਿਆ ਹੈ।
ਉਨ੍ਹਾਂ ਦੇ ਕੋਲ 1 ਕਰੋੜ 21 ਲੱਖ 39 ਹਜ਼ਾਰ 974 ਰੁਪਏ ਦੀ ਚੱਲ ਸੰਪਤੀ ਹੈ। ਜਿਸਦੇ ਤਹਿਤ ਉਨ੍ਹਾਂ ਕੋਲ 3.25 ਲੱਖ ਰੁਪਏ ਦੀ ਕੀਮਤ ਵਾਲਾ ਖੇਤੀਬਾੜੀ ਦੇ ਕਿੱਤੇ ਨਾਲ ਸਬੰਧਤ ਮੁੱਖ ਸਾਧਨ ਮੈਸੀ ਫਰਗੂਸਨ ਟਰੈਕਟਰ ਹੈ ਅਤੇ 25 ਲੱਖ 56 ਹਜ਼ਾਰ 82 ਰਪਏ ਦੀ ਕੀਮਤ ਵਾਲੇ ਖੇਤੀਬਾੜੀ ਔਜਾਰ ਵੀ ਹਨ।
82 ਸਾਲਾ ਪ੍ਰਕਾਸ਼ ਸਿੰਘ ਬਾਦਲ ਕੋਲ 4.50 ਲੱਖ ਰੁਪਏ ਦੀ ਨਗਦੀ ਤੋਂ ਇਲਾਵਾ ਵੱਖ-ਵੱਖ 9 ਬੈਂਕਾਂ ਵਿਚ 7 ਲੱਖ 7 ਹਜ਼ਾਰ 819 ਰੁਪਏ ਜਮ੍ਹਾਂ ਹਨ। ਫਾਲਕਨ ਕੰਪਨੀ ਦੇ 1.47 ਲੱਖ ਰੁਪਏ ਦੇ ਸ਼ੇਅਰ ਸ੍ਰੀ ਬਾਦਲ ਦੇ ਕੋਲ ਹਨ। ਆਮ ਤੌਰ 'ਤੇ ਸਾਦਾ ਜੀਵਨ ਵਤੀਤ ਕਰਨ ਦੇ ਹਾਮੀ ਸ੍ਰੀ ਬਾਦਲ ਵੀ ਸੋਨੇ ਦੇ ਪਿਆਰ ਤੋਂ ਗੁੱਝੇ ਨਹੀਂ ਰਹੇ, ਉਨ੍ਹਾਂ ਕੋਲ 3.42 ਲੱਖ ਰੁਪਏ ਦਾ ਸੋਨਾ ਵੀ ਹੈ।
ਅਸਾਸਿਆਂ ਦੀ ਸੂਚੀ ਵਿਚ ਦਰਜ ਅੰਕੜਿਆਂ ਅਨੁਸਾਰ ਸੂਬੇ ਦੇ ਚਾਰ ਵਾਰ ਮੁੱਖ ਮੰਤਰੀ ਬਣ ਕੇ ਇੱਕ ਮਿਸਾਲ ਕਾਇਮ ਕਰ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਕੋਲ 5 ਕਰੋੜ 53 ਲੱਖ 88 ਹਜ਼ਾਰ ਰੁਪਏ ਦੀ ਅਚੱਲ ਸੰਪਤੀ ਹੈ। ਜਿਸਦੇ ਵਿਚੋਂ 4 ਕਰੋੜ 80 ਲੱਖ 63 ਹਜ਼ਾਰ ਰੁਪਏ ਦੀ ਵਾਹੀਯੋਗ ਜ਼ਮੀਨ ਹੈ। ਜਿਸਦੇ ਤਹਿਤ ਪਿੰਡ ਬਾਦਲ ਵਿਖੇ 241 ਕਨਾਲ ਵਾਹੀਯੋਗ ਜ਼ਮੀਨ, ਚੱਕ-14 (ਰਾਜਸਥਾਨ) 1.891 ਹੈਕਟੇਅਰ ਜ਼ਮੀਨ, ਹਰਿਆਣਾ ਦੇ ਬਾਲਾਸਰ ਵਿਖੇ 266 ਕਨਾਲ 16 ਮਰਲੇ ਤੋਂ ਇਲਾਵਾ ਰਾਣੀਆਂ (ਸਿਰਸਾ) ਵਿਖੇ 26 ਕਨਾਲ 17 ਮਰਲੇ ਜ਼ਮੀਨ ਹੈ।
ਇਸਦੇ ਇਲਾਵਾ ਉਨ੍ਹਾਂ ਕੋਲ ਪਿੰਡ ਬਾਦਲ ਵਿਖੇ 50 ਲੱਖ ਰੁਪਏ ਦੀ ਕੀਮਤ ਵਾਲਾ ਇੱਕ ਰਿਹਾਇਸ਼ੀ ਮਕਾਨ ਹੈ। ਜਦੋਂਕਿ ਮੰਡੀ ਕਿੱਲਿਆਂਵਾਲੀ ਵਿਖੇ 3200 ਸਕੂਐਰ ਫੁੱਟ ਰਕਬੇ ਵਾਲੀ ਇੱਕ ਕਮਰਸ਼ੀਅਲ ਇਮਾਰਤ ਹੈ। ਜਿਸਦੀ ਕੀਮਤ 23 ਲੱਖ 25 ਹਜ਼ਾਰ ਰੁਪਏ ਦਰਸ਼ਾਈ ਗਈ ਹੈ।
bai ehi ta h rajniti, garib nu garib he rahan doooo, bus us nu aata t daal de do, es to vad nhi........................
ReplyDelete