-ਰਿਟਰਨਿੰਗ ਅਫਸਰ ਜੈਲਾ ਰਾਮ 'ਤੇ ਅਕਾਲੀ ਆਗੂ
ਮਿੱਡੂਖੇੜਾ ਦਾ ਪੱਖ ਪੂਰਨ ਦਾ ਦੋਸ਼ -
ਇਕਬਾਲ ਸਿੰਘ ਸ਼ਾਂਤ
ਲੰਬੀ, 25 ਜੂਨ : ਨਾਮਜ਼ਦਗੀ ਪ੍ਰਕਿਰਿਆ
ਦੌਰਾਨ ਵਿਰੋਧੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਰਕੇ ਨਿਰਵਿਰੋਧ ਚੁਣੀ ਗਈ ਪਿੰਡ ਮਿੱਡੂਖੇੜਾ ਦੀ
ਸਰਪੰਚੀ ਪਹਿਲੇ ਹੱਲੇ ਵਿਵਾਦਾਂ ਵਿਚ ਘਿਰ ਗਈ। ਉਕਤ ਮਾਮਲੇ 'ਚ ਪੀੜਤ ਧਿਰ ਨੇ
ਰਿਟਰਨਿੰਗ ਅਫਸਰ ਜੈਲਾ ਰਾਮ 'ਤੇ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਇਸ਼ਾਰੇ 'ਤੇ ਉਨ੍ਹਾਂ ਦੇ ਕਾਗਜ਼ਾਂ
'ਚ ਤਕਨੀਕੀ ਖਾਮੀਆਂ ਪੈਦਾ ਕਰਕੇ ਰੱਦ ਕਰਵਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਤੇਜਿੰਦਰ ਮਿੱਡੂਖੇੜਾ 'ਤੇ ਸਰਪੰਚੀ ਦੀ ਚੋਣ 'ਤੇ ਪਾਸੇ ਹਟਣ ਲਈ
ਡਰਾਉਣ ਧਮਕਾਉਣ ਜਿਹੇ ਗੰਭੀਰ ਦੋਸ਼ ਲਾਏ ਹਨ।
ਦੂਜੇ ਪਾਸੇ ਤੇਜਿੰਦਰ
ਸਿੰਘ ਮਿੱਡੂਖੇੜਾ ਅਤੇ ਰਿਟਰਨਿੰਗ ਅਫਸਰ ਜੈਲਾ ਰਾਮ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕੀਤਾ
ਹੈ। ਦੱਸਣਯੋਗ ਹੈ ਕਿ ਪਿੰਡ ਮਿੱਡੂਖੇੜਾ 'ਚ ਐਤਕੀਂ ਸਰਪੰਚੀ
ਅਨੂਸੂਚਿਤ ਜਾਤੀ ਦੀ ਔਰਤ ਲਈ ਰਾਖਵੀ ਹੈ ਅਤੇ ਸ੍ਰੀ ਮਿੱਡੂਖੇੜਾ ਧੜੇ ਦੀ ਮਨਜਿੰਦਰ ਕੌਰ ਪਤਨੀ
ਅਮਰਜੀਤ ਸਿੰਘ ਨਿਰਵਿਰੋਧ ਚੁਣੀ ਗਈ ਹੈ। ਜਦੋਂਕਿ ਸੱਤ ਪੰਚਾਇਤ
ਮੈਂਬਰ ਵੀ ਨਿਰਵਿਰੋਧ ਚੁਣੇ ਗਏ ਹਨ।
ਅੱਜ ਮਹਿਣਾ ਵਿਖੇ
ਰਿਟਰਨਿੰਗ ਦਫ਼ਤਰ ਦੇ ਕੈਂਪ ਦਫ਼ਤਰ ਮੂਹਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਮਿੱਡੂਖੇੜਾ ਦੇ
ਗੁਰਜਿਦਰ ਸਿੰਘ ਕੁਲਾਰ, ਤੇਜ ਸਿੰਘ, ਸੁਖਦੇਵ ਸਿੰਘ ਰਾਜਕਰਨ
ਸਿੰਘ, ਨੇ ਦੱਸਿਆ ਕਿ ਉਸਦੀ ਪਤਨੀ ਹਰਜਿੰਦਰ ਕੌਰ, ਬਨਵਾਰੀ ਲਾਲ ਅਤੇ
ਜਗਦੇਵ ਸਿੰਘ ਨੇ ਦੋਸ਼ ਲਾਇਆ ਕਿ ਸਵਰਨਜੀਤ ਕੌਰ ਪਤਨੀ ਤੇਜ ਸਿੰਘ ਅਤੇ ਹਰਜਿੰਦਰ ਕੌਰ ਪਤਨੀ ਸੁਖਦੇਵ
ਸਿੰਘ ਨੇ ਸਰਪੰਚੀ ਅਤੇ ਰਾਜਕਰਨ ਸਿੰਘ ਨੇ ਪੰਚੀ ਲਈ ਕਾਗਜ਼ ਦਾਖਲ ਕੀਤੇ ਸਨ। ਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਚੇਅਰਮੈਨ ਤੇਜਿੰਦਰ ਸਿੰਘ
ਮਿੱਡੂਖੇੜਾ ਨੇ ਉਨ੍ਹਾਂ ਨੂੰ ਫੋਨ ਉੱਪਰ ਕਥਿਤ ਤੌਰ 'ਤੇ ਕਾਗਜ਼ ਵਾਪਸ ਲੈਣ
ਡਰਾਇਆ ਧਮਕਾਇਆ ਸਰਪੰਚੀ ਨੂੰ ਛੱਡ ਕੇ ਮੈਂਬਰੀ ਲੈਣ ਦੀ ਗੱਲ ਆਖੀ। ਰਾਜਕਰਨ ਸਿੰਘ ਨੇ ਆਖਿਆ ਕਿ ਜਦੋਂ ਉਨ੍ਹਾਂ ਨੇ ਇਸ ਗੱਲ ਨੂੰ ਨਾ ਮੰਨਿਆ ਤਾਂ
ਰਿਟਰਨਿੰਗ ਅਫਸਰ ਜੈਲਾ ਰਾਮ ਦੇ ਜਰੀਏ ਸਿੱਧੇ ਤੌਰ 'ਤੇ ਕਾਗਜ਼ ਵਾਪਸ ਲੈਣ
ਅਤੇ ਉਕਤ ਆਗੂ ਨਾਲ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ। ਜਦੋਂ ਉਨ੍ਹਾਂ ਨੇ ਚੋਣ ਲੜਨ ਲਈ ਡਟੇ ਰਹਿਣ 'ਤੇ ਨਾਮਜ਼ਦਗੀ ਕਾਗਜ਼ਾਂ 'ਚ ਚਲਾਨ ਫਾਰਮ ਨਾ ਭਰੇ
ਹੋਣ ਅਤੇ ਨਾਮਜ਼ਦਗੀ ਕਾਗਜ਼ਾਂ 'ਚ ਤਈਦਕਰਤਾ ਦੇ ਦੋਹਰੇ ਹਸਤਾਖ਼ਰ ਦਰਸ਼ਾ ਕੇ ਕਾਗਜ਼ਾਂ ਨੂੰ ਰੱਦ
ਕਰ ਦਿੱਤਾ। ਜਦੋਂਕਿ ਕਾਗਜ਼ ਭਰਨ
ਸਮੇਂ ਸਾਰੀ ਫਾਈਲ ਰਿਟਰਨਿੰਗ ਅਫਸਰ ਵੱਲੋਂ ਅਗਾਊਂ ਤੌਰ 'ਤੇ ਪੜਤਾਲ ਕਰਕੇ
ਜਮ੍ਹਾਂ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਚੋਣ
ਕਮਿਸ਼ਨ ਦੇ ਤਹਿਤ ਰਿਟਰਨਿੰਗ ਅਫਸਰ ਜਿਹੇ ਜੁੰਮੇਵਾਰ ਅਹੁਦੇ 'ਤੇ ਕੰਮ ਕਰਨ ਅਧਿਕਾਰੀ
ਵੱਲੋਂ ਧਿਰ ਬਣ ਕੇ ਉਮੀਦਵਾਰਾਂ 'ਤੇ ਦਬਾਅ ਪਾਉਣਾ ਸਿੱਧੇ ਤੌਰ 'ਤੇ ਚੋਣ ਨਿਯਮਾਂ ਦੀ
ਉਲੰਘਣਾ ਹੈ। ਉਨ੍ਹਾਂ ਉਪ ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂ ਹੀ ਉਨ੍ਹਾਂ ਦੇ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵਿਆਂ
ਨੂੰ ਝੁਠਲਾ ਰਹੇ ਹਨ। ਉਕਤ ਵਿਅਕਤੀਆਂ ਨੇ ਚੋਣ
ਕਮਿਸ਼ਨ ਤੋਂ ਪਿੰਡ ਮਿੱਡੂਖੇੜਾ 'ਚ ਮੁੜ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ।
ਦੂਜੇ ਪਾਸੇ ਤੇਜਿੰਦਰ
ਸਿੰਘ ਮਿੱਡੂਖੇੜਾ ਨੇ ਆਖਿਆ ਕਿ ਉਹ ਖੇਤਰ ਤੋਂ ਬਾਹਰ ਹਨ ਅਤੇ ਉਨ੍ਹਾਂ ਨੇ ਕਿਸੇ ਨੂੰ ਫੋਨ 'ਤੇ ਕਾਗਜ਼ ਵਾਪਸ
ਲੈਣ ਲਈ ਡਰਾਇਆ ਧਮਕਾਇਆ। ਜਦੋਂਕਿ ਰਿਟਰਨਿੰਗ
ਅਫ਼ਸਰ ਜੈਲਾ ਰਾਮ ਨੇ ਸਮੂਹ ਦੋਸ਼ਾਂ ਨੂੰ ਖਾਰਜ਼ ਕਰਦਿਆਂ ਆਖਿਆ ਕਿ ਉਕਤ ਵਿਅਕਤੀਆਂ ਦੇ ਕਾਗਜ਼ਾਂ ਵਿਚ
ਚਲਾਨ ਫਾਰਮ ਦੀ ਰਕਮ ਨਹੀਂ ਜਮ੍ਹਾਂ ਕਰਵਾਈ ਗਈ ਅਤੇ ਬਾਕੀ ਫਾਰਮਾਂ ਵਿਚ ਇੱਕ ਵਿਅਕਤੀ ਵੱਲੋਂ
ਦੋਹਰੀ ਸ਼ਨਾਖ਼ਤਕ ਕੀਤੀ ਗਈ ਸੀ।
No comments:
Post a Comment