ਇਕਬਾਲ ਸਿੰਘ ਸ਼ਾਂਤ
- 98148-26100
ਡੱਬਵਾਲੀ ਸ਼ਹਿਰ 1 ਨਵੰਬਰ 1966
ਨੂੰ ਪੰਜਾਬ ਦੇ ਵੱਖ ਹੋਏ ਛੋਟੇ ਭਰਾ ਹਰਿਆਣੇ ਦਾ ਛੇਕੜਲਾ ਸ਼ਹਿਰ ਹੈ। ਲਗਪਗ 55 ਹਜ਼ਾਰ ਦੀ ਅਬਾਦੀ ਵਾਲੇ ਸ਼ਹਿਰ ਨੂੰ ਹਰਿਆਣੇ ਦੇ ਸਭ ਤੋਂ ਵੱਡੇ ਸਬ ਡਿਵੀਜ਼ਨ ਦਾ ਦਰਜਾ ਵੀ ਹਾਸਲ ਹੈ। ਉੱਥੇ ਡੱਬਵਾਲੀ ਦੇ ਉੱਤਰ-ਪੱਛਮ ਵਿੱਚ ਵਸਿਆ ਮੰਡੀ ਕਿੱਲਿਆਂਵਾਲੀ ਗੁਆਂਢੀ ਸੂਬੇ ਪੰਜਾਬ ਦੇ ਹਕੂਮਤੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦਾ ਛੇਕੜਲਾ ਉੱਭਰਦਾ ਹੋਇਆ ਕਸਬਾ ਰੂਪੀ ਪਿੰਡ ਹੈ ਜਿਸ ਦਾ ਜਨਮ ਮਹਾਂ ਪੰਜਾਬ ਵੇਲੇ ਦੇ ਡੱਬਵਾਲੀ ਵਿੱਚੋਂ ਹੀ ਹੋਇਆ।
ਮੰਡੀ ਕਿੱਲਿਆਂਵਾਲੀ ਸਥਿਤ ਚੌਧਰੀ ਦੇਵੀ ਲਾਲ ਯਾਦਗਾਰੀ ਸਮਾਰਕ |
ਭਾਵੇਂ ਸਰਕਾਰੀ ਖਾਤਿਆਂ ਵਿੱਚ ਇਹ ਖੇਤਰ ਦੋ ਵੱਖ-ਵੱਖ ਸੂਬਿਆਂ ਦੇ ਹਿੱਸੇ ਹਨ ਪਰ ਹਕੀਕੀ ਤੌਰ ’ਤੇ ਇਹ ਆਪਸ ’ਚ ਇੰਨੇ ਕੁ ਘੁਲੇ-ਮਿਲੇ ਹੋਏ ਹਨ ਕਿ ਆਮ ਲੋਕਾਂ ਨੂੰ ਸੂਬਾਈ ਹੱਦ ਦੀ ਸ਼ਨਾਖ਼ਤ ਕਰਨੀ ਔਖੀ ਹੋ ਜਾਂਦੀ ਹੈ। ਇੱਥੋਂ ਦੇ ਬਹੁਤੇ ਘਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਸੂਰਜ ਦੀ ਅਖੀਰਲੀ ਕਿਰਨ ਪੰਜਾਬ ਵਿੱਚੋਂ ਆਉਂਦੀ ਹੈ ਤੇ ਦਿਨ ਚੜ੍ਹਦੇ ਸਾਰ ਸੂਰਜ ਉਨ੍ਹਾਂ ਦੇ ਬਨੇਰੇ ’ਤੇ ਦਸਤਕ ਹਰਿਆਣੇ ਦੀ ਹੱਦ ਤੋਂ ਦਿੰਦਾ ਹੈ। ਬਹੁਤੇ ਘਰ ਅਜਿਹੇ ਵੀ ਹਨ ਜਿਨ੍ਹਾਂ ਦਾ ਇੱਕ ਬੂਹਾ ਹਰਿਆਣੇ ਵਿੱਚ ਅਤੇ ਦੂਜਾ ਪੰਜਾਬ ਵਿੱਚ ਖੁੱਲ੍ਹਦਾ ਹੈ ਜਦੋਂਕਿ ਬਥੇਰਿਆਂ ਦੇ ਘਰੇ ਬਿਜਲੀ ਪੰਜਾਬ ਦੀ ਆਉਂਦੀ ਹੈ ਤੇ ਉਹ ਪਾਣੀ ਹਰਿਆਣੇ ਦਾ ਪੀਂਦੇ ਹਨ ਅਤੇ ਕਈ ਪਾਣੀ ਪੰਜਾਬ ਦਾ ਪੀਂਦੇ ਹਨ। ਬਿਜਲੀ ਹਰਿਆਣੇ ਦੀ ਵਰਤਦੇ ਹਨ। ਪਿੰਡ ਨਰਸਿੰਘ ਕਾਲੋਨੀ ਡੱਬਵਾਲੀ ਦੇ ਉੱਤਰ-ਪੂਰਬ ਵਿੱਚ ਹੈ।
ਸੂਬਾਈ ਹੱਦਾਂ ਦੇ ਅਸਲ ਸੁੱਖ ਨੂੰ ਮਾਨਣ ਵਾਲਿਆਂ ਵਿੱਚ ਸ਼ੁਮਾਰ ਮਾਤਾ ਧੰਨਜੀਤ ਕੌਰ ਪਤਨੀ ਮਰਹੂਮ ਮਨਸਾ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੈ ਜਿਨ੍ਹਾਂ ਦੇ ਘਰ ਦਾ ਇੱਕ ਬੂਹਾ ਡੱਬਵਾਲੀ ਦੇ ਵਾਰਡ ਨੰਬਰ 2 ਦੀ ਗਲੀ ਹੈ ਅਤੇ ਦੂਜਾ ਮੰਡੀ ਕਿੱਲਿਆਂਵਾਲੀ ਦੇ ਵਾਰਡ ਨੰਬਰ 6 ਦੀ ‘ਲਾਲ ਜੀ ਵਾਲੀ’ ਗਲੀ ’ਚ ਖੁੱਲ੍ਹਦਾ ਹੈ। ਬਜ਼ੁਰਗ ਔਰਤ ਧੰਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ’ਚ ਹਰਿਆਣੇ ਅਤੇ ਪੰਜਾਬ ਦੋਵਾਂ ਦੇ ਪਾਣੀ ਦੇ ਕੁਨੈਕਸ਼ਨ ਹਨ ਜਦੋਂਕਿ ਉਹ ਬਿਜਲੀ ਕੁਨੈਕਸ਼ਨ ਪੰਜਾਬ ਤੋਂ ਲਿਆ ਹੋਇਆ ਹੈ। ਇਸੇ ਤਰ੍ਹਾਂ ਡੱਬਵਾਲੀ ਦੀ ਅਖੀਰਲੀ ਦੁਕਾਨ ਮੈਸਰਜ਼ ਤਿਲਕ ਰਾਮ ਸੁਰਿੰਦਰ ਮੋਹਣ ਦੇ ਮਾਲਕ ਪ੍ਰੀਤਮ ਬਾਂਸਲ ਨੇ ਆਖਿਆ ਕਿ ਉਨ੍ਹਾਂ ਦੇ ਨਾਲ ਲੱਗਦੀ ਦੁਕਾਨ ਗੁਆਂਢੀ ਸੂਬੇ ਪੰਜਾਬ ਦੀ ਹਦੂਦ ’ਚ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਲਈ ਇਹ ਵਰਤਾਰਾ ਆਮ ਹੈ ਪਰ ਬਾਹਰਲੇ ਲੋਕਾਂ ਲਈ ਕਿਸੇ ਅਦਭੁਤ ਨਜ਼ਾਰੇ ਤੋਂ ਘੱਟ ਨਹੀਂ।
ਡੱਬਵਾਲੀ ਸ਼ਹਿਰ ਹੁਣ ਤਕ ਹਮੇਸ਼ਾਂ ਕਾਰੋਬਾਰ ਪੱਖੋਂ ਮੰਡੀ ਕਿੱਲਿਆਂਵਾਲੀ ’ਤੇ ਹਾਵੀ ਰਿਹਾ ਹੈ ਪਰ ਸੀਮਿੰਟ, ਲੋਹਾ ਤੇ ਮਾਰਬਲ ਦੇ ਕਾਰੋਬਾਰ ਵਿੱਚ ਖੇਤਰ ’ਚ ਮੰਡੀ ਕਿੱਲਿਆਂਵਾਲੀ ਦੀ ਤੂਤੀ ਬੋਲਦੀ ਹੈ ਜਦੋਂਕਿ ਡਿਸਪੋਜ਼ਲ ਦੀਆਂ ਜੀਪਾਂ ਬਣਾਉਣ ਦੇ ਮਾਮਲੇ ਵਿੱਚ ਡੱਬਵਾਲੀ ਦਾ ਨਾਂ ਵਿਦੇਸ਼ਾਂ ਤਕ ਮਸ਼ਹੂਰ ਹੈ। ਇਸ ਤੋਂ ਇਲਾਵਾ ਇੱਥੋਂ ਦੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਹਰਿਆਣਵੀ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨ ਦੇ ਬਰਾਬਰ-ਬਰਾਬਰ ਮੌਕੇ ਹਾਸਲ ਹਨ। ਇਹ ਵਿਲੱਖਣ ਵਰਤਾਰਾ ਵੀ ਇਸੇ ਸ਼ਹਿਰ ਦੇ ਹਿੱਸੇ ਆਉਂਦਾ ਹੈ ਕਿ ਡੱਬਵਾਲੀ ਸ਼ਹਿਰ ਦੀ 50 ਫ਼ੀਸਦੀ ਵਸੋਂ ਨੂੰ ਵੰਡ ਦੇ 47 ਵਰ੍ਹਿਆਂ ਬਾਅਦ ਵੀ ਪੀਣ ਦੇ ਪਾਣੀ ਦੀ ਸਪਲਾਈ ਮੰਡੀ ਕਿੱਲਿਆਂਵਾਲੀ ’ਚ ਸਥਿਤ ਹਰਿਆਣਾ ਦੇ ਜਨ-ਸਿਹਤ ਵਿਭਾਗ ਦੇ ਵਾਟਰ ਵਰਕਸ ਤੋਂ ਹੁੰਦੀ ਹੈ। ਇਸ ਵਾਟਰ ਵਰਕਸ ਨੂੰ ਨਹਿਰੀ ਪਾਣੀ ਦੀ ਸਪਲਾਈ ਪੰਜਾਬ ਦੇ ਕਿੱਲਿਆਂਵਾਲੀ ਮਾਈਨਰ ਤੋਂ ਹੁੰਦੀ ਹੈ ਜਦੋਂਕਿ ਡੱਬਵਾਲੀ ਦੇ 50 ਫ਼ੀਸਦੀ ਹਿੱਸੇ ਦਾ ਸੀਵਰੇਜ਼ ਡਿਸਪੋਜ਼ਲ ਸਿਸਟਮ ਵੀ ਪੰਜਾਬ ਦੇ ਮੰਡੀ ਕਿੱਲਿਆਂਵਾਲੀ ਦੇ ਰਕਬੇ ਵਿੱਚ ਸਥਿਤ ਹੈ। ਭਾਵੇਂ ਇਹ ਹੱਦੀ ਇਲਾਕਾ ਮਹਾਂ-ਪੰਜਾਬ ਦੀ ਵੰਡ ਨਾਲ ਦੋ ਵੱਖ-ਵੱਖ ਭਾਗਾਂ ’ਚ ਤਕਸੀਮ ਹੋ ਗਿਆ ਸੀ ਪਰ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕੌਮ) ਮੰਡੀ ਕਿੱਲਿਆਂਵਾਲੀ ਦਾ ਸਬ ਡਿਵੀਜ਼ਨ ਅਜੇ ਵੀ ਸਰਕਾਰੀ ਦਸਤਾਵੇਜ਼ਾਂ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਸਬ ਡਿਵੀਜ਼ਨ ਡੱਬਵਾਲੀ ਵਜੋਂ ਬਰਕਰਾਰ ਹੈ। ਇਹ ਵੀ ਅਜੀਬ ਇਤਫ਼ਾਕ ਹੈ ਕਿ ਜਿੱਥੇ ਡੱਬਵਾਲੀ ਸ਼ਹਿਰ ਦਾ ਵਜੂਦ ਨੇੜਲੇ ਪਿੰਡ ਡੱਬਵਾਲੀ ਦੇ ਨਾਂ ਤੋਂ ਹੋਂਦ ਵਿੱਚ ਆਇਆ, ਉੱਥੇ ਪਿੰਡ ਕਿੱਲਿਆਂਵਾਲੀ ਦੀ ਸ਼ਹਿਰੀਕਰਨ ਵਜੋਂ ਮੰਡੀ ਕਿੱਲਿਆਂਵਾਲੀ ਦਾ ਜਨਮ ਹੋਇਆ। ਇਹ ਦੋਵੇਂ ਕਸਬੇ ਹੁਣ ਤਕ ਮਾਲ ਵਿਭਾਗ ਦੇ ਰਿਕਾਰਡ ਵਿੱਚ ਇਨ੍ਹਾਂ ਦੋਵੇਂ ਪਿੰਡਾਂ ਦੇ ਨਾਂ ਤਹਿਤ ਜਾਣੇ ਜਾਂਦੇ ਰਹੇ ਹਨ।
ਗੱਲ ਇੱਥੇ ਹੀ ਨਹੀਂ ਮੁੱਕਦੀ ਮੰਡੀ ਕਿੱਲਿਆਂਵਾਲੀ ਦੇ ਵਾਟਰ ਵਰਕਸ ਖੇਤਰ ਦੇ ਸੈਂਕੜੇ ਮਕਾਨਾਂ ਦੇ ਸੀਵਰੇਜ਼ ਕੁਨੈਕਸ਼ਨ ਵੀ ਹਰਿਆਣਾ ਜਨ-ਸਿਹਤ ਵਿਭਾਗ ਦੇ ਅਧੀਨ ਹਨ ਅਤੇ ਉਸੇ ਨੂੰ ਬਿੱਲ ਭਰਦੇ ਹਨ। ਇਸੇ ਤਰ੍ਹਾਂ ਨਰਸਿੰਘ ਕਾਲੋਨੀ ਦੀਆਂ ਗਲੀਆਂ ਇੰਨੀਆਂ ਡੱਬਵਾਲੀ ਨਾਲ ਜੁੜੀਆਂ ਹੋਈਆਂ ਹਨ ਕਿ ਜਿਨ੍ਹਾਂ ’ਚੋਂ ਲਾਂਘੇ ਸਮੇਂ ਸੂਬਾਈ ਹੱਦ ਟੱਪਣ ਬਾਰੇ ਮਹਿਸੂਸ ਤਕ ਨਹੀਂ ਹੁੰਦਾ। ਸਿਰਫ਼ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਡੱਬਵਾਲੀ ਦੀਆਂ ਸੀਮਿੰਟ ਅਤੇ ਨਰਸਿੰਘ ਕਾਲੋਨੀ ਦੀਆਂ ਕੱਚੀਆਂ ਗਲੀਆਂ ’ਤੇ ਪੈਰ ਧਰਦੇ ਸਮੇਂ ਹੀ ਸੂਬਾ ਬਦਲਣ ਦਾ ਅਹਿਸਾਸ ਹੁੰਦਾ ਹੈ ਹਾਲਾਂਕਿ ਮੰਡੀ ਕਿੱਲਿਆਂਵਾਲੀ ਵਿੱਚ ਸਥਿਤ ਪੰਨਾ ਲਾਲ ਸਾਬਕਾ ਪ੍ਰਧਾਨ ਵਾਲੀ ਗਲੀ ਦੀ ਵਿਲੱਖਣਤਾ ਦਾ ਆਪਣਾ ਅਹਿਸਾਸ ਹੈ ਜਿਸ ਦੇ ਛਿਪਦੇ ਵਾਲੇ ਪਾਸੇ ਮੂੰਹਾਂ ਵਾਲੇ ਮਕਾਨਾਂ ਦੇ ਪਿਛਲੀ 4-5 ਫੁੱਟ ਜਗ੍ਹਾ ਹਰਿਆਣੇ ਦੀ ਹਦੂਦ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਡੱਬਵਾਲੀ ਵਿਖੇ ਕੌਮੀ ਸ਼ਾਹ ਮਾਰਗ-9 (ਦਿੱਲੀ-ਫ਼ਾਜ਼ਿਲਕਾ ਸੜਕ) ’ਤੇ ਸਥਿਤ ਰੇਲਵੇ ਬੀ-32 ’ਤੇ ਛੇਤੀ ਬਣਨ ਵਾਲਾ ਚਹੁੰ ਮਾਰਗੀ ਰੇਲਵੇ ਓਵਰਬ੍ਰਿਜ ਵੀ ਹੱਦਾਂ ਦੇ ਮਿਲਾਪ ’ਚ ਨਵਾਂ ਕੀਰਤੀਮਾਨ ਸਥਾਪਤ ਕਰੇਗਾ। ਇਹ ਓਵਰਬ੍ਰਿਜ ਹਰਿਆਣੇ ’ਚੋਂ ਸ਼ੁਰੂ ਹੋ ਕੇ ਪੰਜਾਬ ਦੀ ਮੰਡੀ ਕਿੱਲਿਆਂਵਾਲੀ ਦੇ ਰਕਬੇ ਵਿੱਚ ਉੱਤਰੇਗਾ।
ਜੇ ਗੱਲ ਸਾਂਝੀਆਂ ਸਹੂਲਤਾਂ ਦੀ ਕਰੀਏ ਤਾਂ ‘ਹੱਦ’ ਇਸ ਤ੍ਰਿਵੇਣੀ ਸ਼ਹਿਰ ਲਈ ਧਰਤੀ ’ਤੇ ‘ਸਵਰਗ’ ਹੈ। ਡੱਬਵਾਲੀ ਦੇ ਲੋਕ ਪੰਜਾਬ ਦੇ ਮੋਬਾਈਲ ਨੈੱਟਵਰਕ ਦਾ ਰੱਜ ਕੇ ਆਨੰਦ ਮਾਣਦੇ ਹਨ, ਉੱਥੇ ਪੰਜਾਬ ਵਾਲੇ ਪਾਸੇ ਦੇ ਲੋਕ ਹਰਿਆਣਵੀ ਮੋਬਾਈਲ ਨੈੱਟਵਰਕ ਅਤੇ 3-ਜੀ ਇੰਟਰਨੈੱਟ ਦੀਆਂ ਮੌਜਾਂ ਲੁੱਟਦੇ ਹਨ। ਬਸ ਸਿਰਫ਼ ਇੱਕੋ ਦਿੱਕਤ ਹੈ ਕਿ ਇਸ ਖੇਤਰ ਵਿੱਚ ਰੋਮਿੰਗ ਦੀ ਬੇਵਜ੍ਹਾ ਮਾਰ ਤੋਂ ਬਚਣ ਲਈ ਅੰਤਰਰਾਜੀ ਮੋਬਾਈਲ ਸੇਵਾਵਾਂ ਲੈਣ ਲਈ ਲੋਕਾਂ ਨੂੰ ਆਪਣੇ ਮੋਬਾਈਲ ‘ਮੈਨੂਅਲ ਨੈੱਟਵਰਕ’ ਉੱਤੇ ਸੈੱਟ ਕਰਨੇ ਪੈਂਦੇ ਹਨ।
ਮਰਹੂਮ ਚੌਧਰੀ ਬੰਸੀ ਲਾਲ ਦੀ ਸਰਕਾਰ ਵੇਲੇ ‘ਸ਼ਰਾਬਬੰਦੀ’ ਦੌਰਾਨ ਡੱਬਵਾਲੀ ਹਰਿਆਣੇ ਦਾ ਇੱਕ ਅਜਿਹਾ ਸ਼ਹਿਰ ਸੀ ਜਿੱਥੇ ਸਰਕਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਰਾਬਬੰਦੀ ਨੂੰ ਲਾਗੂ ਕਰਨ ਵਿੱਚ ਅਸਫ਼ਲ ਸਾਬਤ ਹੋਈ ਸੀ। ਡੱਬਵਾਲੀ ਦੇ ਸ਼ਰਾਬ ਪੀਣ ਦੇ ਸ਼ੌਕੀਨ ਮੰਡੀ ਕਿੱਲਿਆਂਵਾਲੀ ਵਿੱਚੋਂ ਸ਼ਰਾਬ ਖ਼ਰੀਦ ਕੇ ਬੜੇ ਆਰਾਮ ਨਾਲ ਪੰਜਾਬ-ਹਰਿਆਣੇ ਦੀਆਂ ਸਾਂਝੀਆਂ ਗਲੀਆਂ ਰਾਹੀਂ ਸ਼ਰਾਬ ਸਮੇਤ ਹਰਿਆਣੇ ਵਿੱਚ ਦਾਖਲ ਹੋ ਜਾਂਦੇ ਸਨ। ਅੱਜ ਵੀ ਭਾਵੇਂ ਪੰਜਾਬ ’ਚ ਦਾਰੂ ਹਮੇਸ਼ਾਂ ਵਾਂਗ ਮਹਿੰਗੀ ਹੈ ਪਰ ਡੱਬਵਾਲੀ ਅਤੇ ਕਿੱਲਿਆਂਵਾਲੀ ਵਿੱਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਲਗਪਗ ਬਰਾਬਰ ਹੀ ਹੁੰਦੀਆਂ ਹਨ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ’ਚ ਕ੍ਰਮਵਾਰ ਲਗਪਗ 5 ਰੁਪਏ ਅਤੇ 1-2 ਰੁਪਏ ਪ੍ਰਤੀ ਲੀਟਰ ਦਾ ਫ਼ਰਕ ਹੋਣ ਕਰਕੇ ਪੰਜਾਬ ਦੇ ਲੋਕ ਪੈਟਰੋਲ ਡੱਬਵਾਲੀਓਂ ਪੁਆਉਂਦੇ ਹਨ, ਜਦੋਂਕਿ ਹਰਿਆਣਵੀ ਡੀਜ਼ਲ ਪੁਆਉਣ ਲਈ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਤਰਜੀਹ ਦਿੰਦੇ ਹਨ। ਡੱਬਵਾਲੀ ਵਿੱਚ ਕਹਾਵਤ ਹੈ ਕਿ ਪੰਜਾਬ ਵਿੱਚੋਂ ਡੱਬਵਾਲੀ ਆਉਣ ਵਾਲੇ ਸ਼ਰਾਬ ਦੇ ਸ਼ੌਕੀਨ ਰਿਸ਼ਤੇਦਾਰ ਦਾਰੂ ਦਾ ਕੋਟਾ ਲੈ ਕੇ ਅਤੇ ਪੈਟਰੋਲ ਦੀ ਟੈਂਕੀ ਫੁੱਲ ਕਰਵਾ ਕੇ ਆਉਣ-ਜਾਣ ਦਾ ਖਰਚਾ ਕੱਢ ਕੇ ਮੁੜਦੇ ਹਨ।
ਹੱਦਾਂ ਦਾ ਇਹ ਜੋੜ-ਮੇਲਾ ਟੈਕਸ ਚੋਰ, ਜਰਾਇਮ ਪੇਸ਼ਾਵਰਾਂ ਅਤੇ ਨਸ਼ਿਆਂ ਦੇ ਤਸਕਰਾਂ ਲਈ ਵੀ ਵੱਡੀ ਸੁਰੰਗ ਤੋਂ ਘੱਟ ਨਹੀਂ। ਹਰਿਆਣੇ ਤੇ ਪੰਜਾਬ ’ਚ ਵੱਖ-ਵੱਖ ਵਸਤੂਆਂ ’ਤੇ ਟੈਕਸ ਦੀ ਦਰ ਵਿੱਚ ਫ਼ਰਕ ਕਰਕੇ ਜ਼ਿਆਦਾਤਰ ਵਪਾਰੀ, ਸਨਅਤਕਾਰ ਅਤੇ ਦੋ ਨੰਬਰੀਏ ਦੋਹਾਂ ਧਿਰਾਂ ਦੇ ਅਫ਼ਸਰਾਂ ਦੀ ਕਥਿਤ ਮਿਲੀਭੁਗਤ ਨਾਲ ਰੱਜ ਕੇ ਗਾਹ ਪਾਉਂਦੇ ਹਨ। ਵਪਾਰੀਆਂ ਨੇ ਸਹੂਲਤ ਅਨੁਸਾਰ ਪੰਜਾਬ ਅਤੇ ਹਰਿਆਣਾ ਖੇਤਰ ਦੀਆਂ ਗਲੀਆਂ ਵਿੱਚ ਟੈਕਸ ਦੀ ਚੋਰੀ ਲਈ ਆਪਣੇ ਗੁਦਾਮ ਬਣਾ ਰੱਖੇ ਹਨ ਜਿੱਥੋਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਸਲਾਨਾ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾਂਦਾ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਸੇਲਜ਼ ਟੈਕਸ ਦੀ ਚੋਰੀ ਵਿੱਚ ਕੁਝ ਟਰਾਂਸਪੋਰਟਰਾਂ ਦੀ ਸੇਲਜ਼ ਟੈਕਸ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਤਕੜੀ ਗੰਢ-ਤੁਪ ਹੈ ਜਿਸ ਦੇ ਸਦਕਾ ਦਿੱਲੀਓਂ ਆਇਆ ਮਾਲ ਡੱਬਵਾਲੀ ਲੁਹਾ ਕੇ ਮੁੜ ਤੋਂ ਨਵੇਂ ਸਿਰਿਓਂ ਕੱਚੀਆਂ ਪੱਕੀਆਂ ਬਿਲਟੀਆਂ ’ਚ ਵਿਖਾ ਕੇ ਲੱਖਾਂ ਦੇ ਟੈਕਸ ਦੀ ਚੋਰੀ ਹੁੰਦੀ ਹੈ। ਇਹ ਇਲਾਕਾ ‘ਕ੍ਰਿਕਟ ਬੁੱਕੀਜ਼’ (ਕ੍ਰਿਕਟ ਸੱਟੇ) ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ। ਡੱਬਵਾਲੀ-ਮੰਡੀ ਕਿੱਲਿਆਂਵਾਲੀ ਵਿਚ 100 ਦੇ ਕਰੀਬ ਕ੍ਰਿਕਟ ਬੁੱਕੀਜ਼ ਹਨ ਜਿਨ੍ਹਾਂ ਦੇ ਵਿਦੇਸ਼ਾਂ ਤਕ ਵੀ ਤਾਰ ਜੁੜੇ ਦੱਸੇ ਜਾਂਦੇ ਹਨ ਅਤੇ ਕ੍ਰਿਕਟ ਮੈਚਾਂ ਦੇ ਸੀਜ਼ਨ ’ਚ ਇਹ ਬੁੱਕੀਜ਼ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੇ ਹਨ।
ਕਈ ਵਾਰਦਾਤਾਂ ਵਿੱਚ ਇੱਕ-ਦੂਜੇ ਦੇ ਖੇਤਰ ਦਾ ਝਮੇਲਾ ਖੜ੍ਹਾ ਕਰਕੇ ਦੋਵੇਂ ਪਾਸਿਆਂ ਦੀ ਪੁਲੀਸ ਕਾਰਵਾਈ ਤੋਂ ਪਾਸਾ ਵੱਟ ਜਾਂਦੀ ਹੈ ਅਤੇ ਕਈ ਵਾਰ ਲਾਹਾ ਲੈਂਦਿਆਂ ਦੂਜੇ ਦੇ ਇਲਾਕੇ ਵਿੱਚੋਂ ‘ਬੰਦੇ’ ਵੀ ਚੁੱਕ ਲਏ ਜਾਂਦੇ ਹਨ ਪਰ ਕੌਮੀ ਸ਼ਾਹ ਮਾਰਗ-9 (ਫ਼ਾਜ਼ਿਲਕਾ-ਦਿੱਲੀ ਜਰਨੈਲੀ ਸੜਕ) ’ਤੇ ਪੰਜਾਬ ਹੱਦ ਦੇ ਨੇੜੇ ਕਰੀਬ ਸੌ-ਸਵਾ ਸੌ ਮੀਟਰ ਲੰਬਾ ਰਕਬਾ ਅਜਿਹਾ ਹੈ ਜਿੱਥੇ ਦੋਵੇਂ ਸੂਬਿਆਂ ਦੀ ਪੁਲੀਸ ਨੂੰ ਆਮ ਜਨਤਾ ਨੇ ਵੀਹਾਂ ਵਾਰ ਮਜਬੂਰ ਹੁੰਦਿਆਂ ਵੇਖਿਆ ਹੈ। ਛਿਪਦੇ ਵਾਲਾ ਪਾਸਾ ਹਰਿਆਣੇ ਵਿੱਚ ਸਥਿਤ ਹੈ ਤੇ ਚੜ੍ਹਦੇ ਵਾਲੇ ਪਾਸਾ ਪੰਜਾਬ ਵਿੱਚ। ਦੋਵੇਂ ਪਾਸਿਆਂ ਦੀ ਪੁਲੀਸ ਵੱਡੇ-ਵੱਡੇ ਅਪਰਾਧੀਆਂ ਨੂੰ ਕਾਬੂ ਕਰਨ ਦਾ ਦਮ ਭਰਦੀ ਹੋਵੇ ਪਰ ਉਹ ਸਟਰਾਈਗਰ ’ਤੇ ਜੂਆ ਖਿਡਾਉਣ ਵਾਲੇ ਜੁਆਰੀਆਂ ’ਤੇ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਜਦੋਂ ਇੱਕ ਪਾਸੇ ਦੀ ਪੁਲੀਸ ਨੂੰ ਵੇਖ ਕੇ ਸੜਕ ਪਾਰ ਦੂਜੇ ਸੂਬੇ ਦੀ ਹੱਦ ਵਿੱਚ ਜਾ ਕੇ ਆਪਣੀ ਦਰੀ ਵਿਛਾ ਲੈਂਦੇ ਹਨ, ਦੂਜੇ ਦੀ ਪੁਲੀਸ ਦੇ ਆਉਣ ਦੀ ਸੂਹ ਪੈਣ ’ਤੇ ਪਹਿਲੇ ’ਚ ਵਾਪਸ ਚਲੇ ਜਾਂਦੇ ਹਨ।
ਅੱਜ ਚੋਣ ਕਮਿਸ਼ਨ ਦਾ ਰਿਕਾਰਡ ਖੰਘਾਲਿਆ ਜਾਵੇ ਤਾਂ ਡੱਬਵਾਲੀ ਤੇ ਨਰਸਿੰਘ ਕਾਲੋਨੀ ਦੇ ਦਰਜਨਾਂ ਲੋਕਾਂ ਦੇ ਨਾਂ ਮੰਡੀ ਕਿੱਲਿਆਂਵਾਲੀ ਦੀ ਵੋਟਰ ਸੂਚੀ ਵਿੱਚ ਦਰਜ ਹਨ ਅਤੇ ਮੰਡੀ ਕਿੱਲਿਆਂਵਾਲੀ ਦੇ ਲੋਕਾਂ ਦੇ ਨਾਂ ਡੱਬਵਾਲੀ ਦੀਆਂ ਵੋਟਰ ਸੂਚੀ ਵਿੱਚ। ਆਮ ਤੌਰ ’ਤੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵਿਚਕਾਰ ਆਪੋ-ਆਪਣੇ ਖੇਤਰ ਨੂੰ ਵਪਾਰਕ ਤੌਰ ’ਤੇ ਮਜ਼ਬੂਤ ਕਰਨ ਦੀ ਦੌੜ ਜਿਹੀ ਲੱਗੀ ਰਹਿੰਦੀ ਹੈ। ਸੀਵਰੇਜ਼ ਡਿਸਪੋਜ਼ਲ ਦੇ ਕੁਨੈਕਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਪਬਲਿਕ ਹੈਲਥ ਵਿਭਾਗ ਆਹਮੋ-ਸਾਹਮਣੇ ਦੀ ਸਥਿਤੀ ਵਿੱਚ ਰਹਿੰਦੇ ਹਨ। ਅੱਜ-ਕੱਲ੍ਹ ਹਰਿਆਣਵੀ ਸੀਵਰੇਜ਼ ਡਿਸਪੋਜ਼ਲ ’ਚ ਕੁਨੈਕਸ਼ਨ ਜੋੜਨ ਲਈ ਪੰਜਾਬ ਜਲ ਅਤੇ ਸੈਨੀਟੇਸ਼ਨ ਵਿਭਾਗ ਹਰਿਆਣੇ ਵਾਲਿਆਂ ਦੀਆਂ ਲੇਲ੍ਹੜੀਆਂ ਕੱਢਦਾ ਨਜ਼ਰ ਆਉਂਦਾ ਹੈ। ਅਕਾਲੀ ਦਲ ਦੀ ਹਰ ਸਰਕਾਰ ਸਮੇਂ ਮੰਡੀ ਕਿੱਲਿਆਂਵਾਲੀ ਨੂੰ ਵਪਾਰਕ ਪੱਖੋਂ ਮਜ਼ਬੂਤ ਕਰਨ ਦਾ ਤਹੱਈਆ ਕੀਤਾ ਜਾਂਦਾ ਹੈ। ਐਤਕੀਂ ਵੀ ਅਕਾਲੀ ਮੰਡੀ ਕਿੱਲਿਆਂਵਾਲੀ ਨੂੰ ਡੱਬਵਾਲੀ ਦੀ ਬਰਾਬਰੀ ’ਤੇ ਲਿਆਉਣ ਲਈ ਸਰਗਰਮੀ ਨਾਲ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਅਜੇ ਤਕ ਮੰਡੀ ਕਿੱਲਿਆਂਵਾਲੀ ਨੂੰ ਨਗਰ ਪੰਚਾਇਤ ਦਾ ਦਰਜਾ ਨਹੀਂ ਹਾਸਲ ਹੋ ਸਕਿਆ। ਜਦੋਂਕਿ ਦੂਜੇ ਪਾਸੇ ਡੱਬਵਾਲੀ ਸ਼ਹਿਰ ਦੀ ਅਬਾਦੀ ਵਧਣ ਕਰਕੇ ਨਗਰ ਪੰਚਾਇਤ ਤੋਂ ਅਪਗ੍ਰੇਡ ਹੋ ਕੇ ਨਗਰ ਪ੍ਰੀਸ਼ਦ ਵਿੱਚ ਤਬਦੀਲ ਹੋ ਗਿਆ ਹੈ ਜਿਸ ਨੰੂ ਛੇਤੀ ਅਮਲੀਜਾਮਾ ਪਹਿਨਾਇਆ ਜਾਵੇਗਾ। ਇੱਕ ਹੋਰ ਮਾਮਲੇ ’ਚ ਇਹ ਹੱਦੀ ਖਿੱਤਾ ਵੱਡੇ-ਵੱਡੇ ਸ਼ਹਿਰਾਂ ਨੂੰ ਮਾਤ ਦਿੰਦਾ ਹੈ।
ਇਸ ਸਭ ਦੇ ਬਾਵਜੂਦ 47 ਵਰ੍ਹੇ ਪੁਰਾਣੀ ਮਹਾਂ ਪੰਜਾਬ ਦੀ ਭੂਗੋਲਿਕ ਵੰਡ ਮੰਡੀ ਕਿੱਲਿਆਂਵਾਲੀ, ਨਰਸਿੰਘ ਕਾਲੋਨੀ ਅਤੇ ਡੱਬਵਾਲੀ ’ਤੇ ਕੋਈ ਅਸਰ ਨਹੀਂ ਪਾ ਸਕੀ। ਸੂਬਿਆਂ ਦੇ ਹੱਦਾਂ-ਬੰਨੇ ਅਤੇ ਕਾਗ਼ਜ਼ੀ ਲਕੀਰਾਂ ਇਸ ਧਰਤੀ ’ਤੇ ਪੁੱਜ ਕੇ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰੇ ਮੂਹਰੇ ਫਿੱਕੀਆਂ ਪੈ ਜਾਂਦੀਆਂ ਹਨ। ਅੱਜ ਵੀ ਦੋ ਵੱਖ-ਵੱਖ ਸੂਬਿਆਂ ਅਤੇ ਵੱਖ-ਵੱਖ ਸਿਆਸੀ ਧੁਰੀਆਂ ਦੇ ਅਧੀਨ ਹੋਣ ਦੇ ਬਾਵਜੂਦ ਇਹ ਕਸਬੇ ਸਮਾਜਿਕ, ਵਪਾਰਕ ਅਤੇ ਪਰਿਵਾਰਕ ਤੌਰ ’ਤੇ ਇੱਕ ਦੂਜੇ ਦੇ ਬੇਮਿਸਾਲ ਪੂਰਕ ਹਨ।
ਨੌਕਰੀਪੇਸ਼ਾ ਵਿਆਹੁਤਾ ਜੋੜਿਆਂ ਦਾ ਜੰਕਸ਼ਨ
ਹੱਦਾਂ ਦਾ ਸੰਗਮ ਪੰਜਾਬ, ਹਰਿਆਣੇ ਅਤੇ ਰਾਜਸਥਾਨ ਦੇ ਨੌਕਰੀਪੇਸ਼ਾ ਵਿਆਹੇ ਜੋੜਿਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਨੌਕਰੀਪੇਸ਼ਾ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ, ਹਰਿਆਣਾ ਜਾਂ ਰਾਜਸਥਾਨ ’ਚ ਨੌਕਰੀ ਕਰਦੇ ਵਿਆਹੁਤਾ ਜੋੜਿਆਂ ਲਈ ਡੱਬਵਾਲੀ ਅਜਿਹਾ ਜੰਕਸ਼ਨ ਹੈ ਜਿੱਥੇ ਨੌਕਰੀਪੇਸ਼ਾ ਮਰਦ-ਔਰਤਾਂ ਦੂਜੇ ਗੁਆਂਢੀ ਸੂਬੇ ’ਚ ਆਪਣੀ ਡਿਊਟੀ ਉਪਰੰਤ ਸ਼ਾਮ ਨੂੰ ਵਾਪਸ ਪਰਤ ਕੇ ਜੀਵਨ ਸਾਥੀ ਨਾਲ ਜ਼ਿੰਦਗੀ ਦੇ ਸੁਖਾਵੇਂ ਪਲ ਬਤੀਤ ਕਰ ਸਕਦੇ ਹਨ। ਖੇਤਰ ਵਿੱਚ ਬਾਹਰੋਂ ਆ ਕੇ ਵਸਣ ਵਾਲਿਆਂ ’ਚ ਜ਼ਿਆਦਾਤਰ ਨੌਕਰੀਪੇਸ਼ਾ ਲੋਕ ਸ਼ੁਮਾਰ ਹਨ। ਡੱਬਵਾਲੀ ਦੀ ਇੱਕ ਹੋਰ ਖਾਸੀਅਤ ਹੈ ਜਿਹੜਾ ਇੱਕ ਵਾਰ ਇੱਥੇ ਨੌਕਰੀ ਦੇ ਕੁਝ ਵਰ੍ਹੇ ਲੰਘਾ ਗਿਆ ਤਾਂ ਉਹ ਡੱਬਵਾਲੀ ਦਾ ਹੋ ਕੇ ਰਹਿ ਜਾਂਦਾ ਹੈ। ਇਸ ਸ਼ਹਿਰ ਦੀ ਮਿੱਟੀ ਬਾਰੇ ਇੱਕ ਕਹਾਵਤ ਆਮ ਹੈ ‘‘ਇੱਥੇ ਮਿੱਟੀ ਤਾਂ ਬਹੁਤ ਹੈ ਪਰ ਇੱਥੋਂ ਦੀ ਮਿੱਟੀ ਮਿੱਠੀ ਵੀ ਬਹੁਤ ਹੈ।’’ ਇਸੇ ਕਰਕੇ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਵੱਡੇ-ਵੱਡੇ ਸ਼ਹਿਰਾਂ ਨਾਲੋਂ ਜ਼ਮੀਨ-ਜਾਇਦਾਦਾਂ ਦੇ ਭਾਅ ਕਾਫ਼ੀ ਉੱਚੇ ਹਨ ਅਤੇ ਬੀਤੇ ਦਿਨੀਂ ਦਾਣਾ ਮੰਡੀ ਕਿੱਲਿਆਂਵਾਲੀ ’ਚ ਇੱਕ ਕਰੋੜ ਰੁਪਏ ਤਕ ਦੁਕਾਨ ਖੁੱਲ੍ਹੀ ਬੋਲੀ ’ਤੇ ਵਿਕ ਗਈ। ਸ਼ਾਇਦ ਇਸੇ ਕਰਕੇ ਪ੍ਰਾਪਰਟੀ ਦੇ ਗੌਰਖਧੰਦੇ ਵਿੱਚ ਦੋ-ਦੋ ਸੂਬਿਆਂ ’ਤੇ ਆਧਾਰਿਤ ਇਸ ਖਿੱਤੇ ਵਿੱਚ ਬਹੁਤੇ ਲੋਕ ਕੱਖਪਤੀ ਤੋਂ ‘ਸ਼ਾਹ’ ਬਣ ਗਏ।
30 ਕਿਲੋਮੀਟਰ ’ਤੇ ਭਾਰੂ 198 ਫੁੱਟ
ਨਸ਼ਿਆਂ ਦੇ ਜ਼ਿਕਰ ਤੋਂ ਬਗੈਰ ਹੱਦਾਂ ਦੇ ਜੋੜ-ਮੇਲੇ ਦੀ ਇਹ ਦਾਸਤਾਨ ਅਧੂਰੀ ਮੰਨੀ ਜਾਵੇਗੀ। ਰਾਜਸਥਾਨ ਤੋਂ ਪੰਜਾਬ-ਹਰਿਆਣੇ ਨੂੰ ਭੁੱਕੀ ਪੋਸਤ ਜਾਂ ਹੋਰ ਨਸ਼ਿਆਂ ਦੀਆਂ ਛੋਟੀਆਂ-ਵੱਡੀਆਂ ਖੇਪਾਂ ਨੂੰ ਸਰਕਾਰੀ ਜਾਂ ਗ਼ੈਰ ਸਰਕਾਰੀ ਤੌਰ ’ਤੇ ਫੜਨ ਲਈ ਹਰਿਆਣੇ ਦੀ ਹਦੂਦ ਵਾਲੀ ਡੱਬਵਾਲੀ-ਸੰਗਰੀਆ ਸੜਕ ’ਤੇ ਲੰਬੀ ਹਲਕੇ ਦੇ ਛੇਕੜਲੇ ਪਿੰਡ ਵੜਿੰਗਖੇੜਾ ਦੇ ਰਕਬੇ ’ਚ ਮਹਿਜ਼ 198 ਕੁ ਫੁੱਟ ਦਾ ‘ਟੋਟਾ’ ਪੰਜਾਬ ਪੁਲੀਸ ਲਈ ਹਰ ਪੱਖੋਂ ਬੜਾ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਜਗ੍ਹਾ ’ਤੇ ਸਥਿਤ ਦੋ ਪੈਟਰੋਲ ਪੰਪਾਂ ਦੇ ਮੂਹਰੇ ਪੰਜਾਬ ਪੁਲੀਸ ਦੇ ਕਰਮਚਾਰੀ ਆਮ ਤੌਰ ’ਤੇ ਮਨਜ਼ੂਰਸ਼ੁਦ੍ਹਾ ਜਾਂ ਗੈਰ ਮਨਜ਼ੂਰਸ਼ੁਦ੍ਹਾ ਨਾਕਾ ਲਾ ਕੇ ਰਾਜਸਥਾਨ ਤੋਂ ਡੱਬਵਾਲੀ ਨੂੰ ਜਾਂਦੀਆਂ ਬੱਸਾਂ ਦੀ ਤਲਾਸ਼ੀ ਲੈਂਦੇ ਹਨ। ਇਨ੍ਹਾਂ ਬੱਸਾਂ ’ਤੇ ਪੰਜਾਬ ਦੇ ਪੋਸਤੀ ਕਿਸਮ ਦੇ ਲੋਕ ਕਿਲੋ-ਦੋ ਕਿੱਲੋ ਪੋਸਤ ਲੈ ਕੇ ਆਉਂਦੇ ਹਨ।
ਭੁੱਕੀ ਪੋਸਤ ਦੀ ਤਸਕਰੀ ਵਿੱਚ ਹਰੀਪੁਰਾ-ਕੰਦੂਖੇੜਾ ਬਾਰਡਰ ਵੀ ਬੇਹੱਦ ਬਦਨਾਮ ਹੈ। ਕੰਦੂਖੇੜਾ ਦੇ ਨਾਲ ਖਹਿੰਦੇ ਰਾਜਸਥਾਨ ਦੇ ਹਰੀਪੁਰੇ ਪਿੰਡ ’ਚ ਪੋਸਤ ਦਾ ਮਨਜ਼ੂਰਸ਼ੁਦ੍ਹਾ ਠੇਕਾ ਵੀ ਪੰਜਾਬੀਆਂ ਦੀ ਪੰਜਾਬੀਅਤ ਨੂੰ ਪੋਸਤੀ ਬਣਾਉਣ ’ਚ ਕਿਸੇ ਪੱਖੋਂ ਘੱਟ ਨਹੀਂ। ਪੰਜਾਬ ਖੇਤਰ ਦੇ ਗੰਨਮੈਨ ਰੱਖਣ ਦੇ ਸ਼ੌਕੀਨ ਲੀਡਰਾਂ ਦੀਆਂ ਬੱਸਾਂ ਰਾਹੀਂ ਕਥਿਤ ਤੌਰ ’ਤੇ ਇਸ ਬਦਨਾਮ ਰਸਤੇ ਜ਼ਰੀਏ ਪੋਸਤ ਪੰਜਾਬ ’ਚ ਆਉਣ ਦੀਆਂ ਕਨਸੋਆਂ ਅਕਸਰ ਚਰਚਾ ’ਚ ਰਹਿੰਦੀਆਂ ਹਨ। ਉਂਜ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਹਰੀਪੁਰਾ ਤੋਂ ਭੁੱਕੀ ਪੋਸਤ ’ਤੇ ਨੱਥ ਪਾਉਣ ਦੇ ਲਈ ਪਿੰਡ ਕੰਦੂਖੇੜਾ ਵਿਖੇ ਪੁਲੀਸ ਦਾ ਪੱਕਾ ਨਾਕਾ ਲਾ ਕੇ ਚਰਚਿਤ ਏ.ਐਸ.ਆਈ ਨੂੰ ਇੰਚਾਰਜ ਲਾਇਆ ਹੋਇਆ ਹੈ।
ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੀਆਂ ਹੱਦਾਂ ਦਾ ਜ਼ਿਕਰ ਬਾਦਲ ਪਰਿਵਾਰ ਬਗੈਰ ਅਧੂਰਾ ਹੈ। ਭਾਵੇਂ ਅੱਜ ਬਾਦਲ ਖ਼ਾਨਦਾਨ ਦਾ ਸਿਆਸੀ ਧੁਰਾ ਲੰਬੀ ਹਲਕਾ ਜਾਪਦਾ ਹੈ ਪਰ ਹਕੀਕੀ ਤੌਰ ’ਤੇ ਬਾਦਲ ਖ਼ਾਨਦਾਨ ਦੇ ਕਾਫ਼ੀ ਮੈਂਬਰ ਸੂਬਾਈ ਵੰਡ ਤੋਂ ਪਹਿਲਾਂ ਤਕ ਪਿੰਡ ਬਾਦਲ ਦੇ ਨਾਲ-ਨਾਲ ਡੱਬਵਾਲੀ ’ਚ ਵਸੋਂ ਕਰਦਾ ਸੀ ਬਲਕਿ ਵਪਾਰਕ ਤੌਰ ’ਤੇ ਵੀ ਡੱਬਵਾਲੀ ਮੰਡੀ ਨਾਲ ਜੁੜਿਆ ਹੋਇਆ ਸੀ ਜਿਸ ਨੰੂ ਮੁੱਖ ਮੰਤਰੀ ਬਾਦਲ ਪਰਿਵਾਰ ਦੀ ਮਾਲਕੀ ਵਾਲੀ ‘ਡੱਬਵਾਲੀ’ ਨਾਂ ਦੀ ਟਰਾਂਸਪੋਰਟ ਉਜਾਗਰ ਕਰਦੀ ਹੈ। ਸੂਬਿਆਂ ਦੀ ਵੰਡ ਉਪਰੰਤ ਬਾਦਲ ਪਰਿਵਾਰ ਦਾ ਝੁਕਾਅ ਮੰਡੀ ਕਿੱਲਿਆਂਵਾਲੀ ਵੱਲ ਹੋ ਗਿਆ।
ਬਜ਼ੁਰਗ ਦੱਸਦੇ ਹਨ ਕਿ 1960-61 ਤਕ ਬਾਦਲ ਖ਼ਾਨਦਾਨ ਦੀ ਮੈਸਰਜ਼ ਜਗਜੀਤ ਸਿੰਘ ਜੁਗਰਾਜ ਨਾਂ ’ਤੇ ਆੜ੍ਹਤ ਦੀ ਦੁਕਾਨ ਹੁੰਦੀ ਸੀ ਜਿਸ ’ਤੇ ਕੁੰਦਨ ਲਾਲ ਅਤੇ ਫਕੀਰ ਚੰਦ ਨਾਂ ਦੇ ਮੁਨੀਮ ਹੁੰਦੇ ਸਨ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਡੱਬਵਾਲੀ ਟਰਾਂਸਪੋਰਟ ਦਾ ਦਫ਼ਤਰ ਡੱਬਵਾਲੀ ਦੇ ਪੁਰਾਣੇ ਬੱਸ ਅੱਡੇ (ਹੁਣ ਨੇੜੇ ਪੁਲੀਸ ਨਾਕੇ) ਦੇ ਕੋਲ ਹੁੰਦਾ ਸੀ ਜਿੱਥੋਂ ਸਿਆਸੀ ਗਤੀਵਿਧੀਆਂ ਚੱਲਦੀਆਂ ਹੁੰਦੀਆਂ ਸਨ। ਇਹ ਦੱਸਿਆ ਜਾਂਦਾ ਹੈ ਕਿ ਜੀ.ਟੀ.ਰੋਡ ’ਤੇ ਹੁਣ ਬਤਰਾ ਹਸਪਤਾਲ ਵਾਲੀ ਗਲੀ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਸਾਬਕਾ ਮੈਂਬਰ ਰਾਜ ਸਭਾ ਸ. ਗੁਰਰਾਜ ਸਿੰਘ ਦੀ ਰਿਹਾਇਸ਼ਗਾਹ ਹੁੰਦੀ ਸੀ। ਇਸ ਬਾਰੇ ਪੁਸ਼ਟੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਐਮ.ਪੀ ਸਾਬ੍ਹ ਦੇ ਪੁੱਤ ਮੇਜਰ ਭੁਪਿੰਦਰ ਸਿੰਘ ਢਿੱਲੋਂ (ਰਾਜਸੀ ਸਕੱਤਰ (ਮੁੱਖ ਮੰਤਰੀ ਪੰਜਾਬ) ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਚਪਨ ਦਾ ਕਾਫ਼ੀ ਹਿੱਸਾ ਡੱਬਵਾਲੀ ਇਸ ਮਕਾਨ ’ਚ ਬੀਤਿਆ। ਹੁਣ ਤਕ ਬਾਦਲ ਪਰਿਵਾਰ ਦੀਆਂ ਸਿਆਸੀ, ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਦੀ ਕੇਂਦਰ ਮੰਡੀ ਕਿੱਲਿਆਂਵਾਲੀ ਵਿਖੇ ਸਥਿਤ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਵਰਕਸ਼ਾਪ ਹੋਇਆ ਕਰਦੀ ਸੀ। ਭਾਵੇਂ ਮੁੱਖ ਮੰਤਰੀ ਬਾਦਲ ਖ਼ਾਨਦਾਨ ਭਾਵੇਂ ਅੱਜ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਤੋਂ ਅਗਾਂਹ ਵਧ ਕੇ ਮੁਲਕ ਦੇ ਸਿਖਰਲੇ ਸਿਆਸੀ ਪਰਿਵਾਰਾਂ ਤਕ ਪੁੱਜ ਗਿਆ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਹੁਣ ਬਾਦਲ ਪਰਿਵਾਰ ਦੀ ਤੀਜੀ ਪੀੜ੍ਹੀ ਅਨੰਤਬੀਰ ਸਿੰਘ ਬਾਦਲ ਵੀ ਡੱਬਵਾਲੀ ਦੇ ਨਾਮਧਾਰੀ ਟੇਲਰਜ਼ ਦੇ ਸਿਉਂਤੇ ਚਿੱਟੇ ਕੁੜਤੇ-ਪਜਾਮੇ ਪਹਿਨਦੇ ਹਨ।
ਚੌਟਾਲਿਆਂ ਅਤੇ ਬਾਦਲਾਂ ਦੀ ਮਿੱਤਰਤਾ ਦੀ ਪ੍ਰਤੀਕ ਹੱਦ
ਇਹ ਹੱਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਵੀ ਸਿਆਸਤ ਦੇ ਧੁਰੰਤਰ ਚੌਟਾਲਾ ਪਰਿਵਾਰ ਦੀ ਮਿੱਤਰਤਾ ਦੀ ਪ੍ਰਤੀਕ ਵੀ ਹੈ। ਮੁੱਖ ਮੰਤਰੀ ਬਾਦਲ ਨੇ ਆਪਣੇ ਗੂੜ੍ਹੇ ਮਿੱਤਰ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੀ ਯਾਦ ਨਮਿਤ ਪੰਜਾਬ-ਹਰਿਆਣੇ ਦੀ ਹੱਦ ’ਤੇ ਬਹੁਕਰੋੜੀ ਯਾਦਗਾਰ ਸਥਾਪਤ ਕੀਤੀ ਹੋਈ ਹੈ ਜਿਸ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਈ ਨੇ 25 ਸਤੰਬਰ 2001 ਵਿੱਚ ਕੀਤਾ ਸੀ। ਅਕਾਲੀ ਸਰਕਾਰ ਦੇ ਸਮੇਂ ਤੋਂ ਸਮਾਰਕ ਦੀ ਸੁਰੱਖਿਆ ਲਈ ਪੱਕੇ ਤੌਰ ’ਤੇ ਪੰਜਾਬ ਪੁਲੀਸ ਦਾ ਇੱਕ ਏ. ਐਸ.ਆਈ ਅਤੇ ਚਾਰ ਹੈੱਡ ਕਾਂਸਟੇਬਲ ਤਾਇਨਾਤ ਕੀਤੇ ਹੋਏ ਹਨ ਜਦੋਂਕਿ ਸਾਂਭ-ਸੰਭਾਲ ਲਈ ਬਕਾਇਦਾ ਕਰਮਚਾਰੀ ਨਿਯੁਕਤ ਹਨ। ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ਸਮਾਰਕ ਦੀ ਚਮਕ-ਦਮਕ ਨੂੰ ਕਾਇਮ ਰੱਖਣ ਲਈ ਮੁੜ ਤੋਂ ਕਾਫ਼ੀ ਉਪਰਾਲਾ ਵੀ ਕੀਤਾ ਗਿਆ।
No comments:
Post a Comment