31 July 2021
ਕਮਲਪ੍ਰੀਤ ਕੌਰ 'ਬੱਲ' ਨੇ ਵਿਖਾਇਆ ਟੋਕੀਓ ਓਲੰਪਿਕ 'ਚ ਲੰਬੀ ਹਲਕੇ ਦਾ 'ਬਲ'
21 July 2021
ਹਕੂਮਤੀ ਜੜਾਂ ਤੋਂ ਮਿੱਟੀ ਪੁੱਟੇ ਜਾਣ ਦੇ ਰੋਸੇ ਵਿੱਚ ਘਪਲਿਆਂ ਦੀਆਂ ਫਾਈਲਾਂ ਤੋਂ ਮਿੱਟੀ ਝੜ੍ਹਨੀ ਸ਼ੁਰੂ!
* ਮੁਆਫ਼ੀ ਮੰਗਣ ਅਤੇ ਨਾ ਮੰਗਣ ਦੀ ਜਿੱਦਬਾਜ਼ੀ ਨੇ ਉਲਝਾਈ ਤਾਣੀ
* ਬੋਲੀ ਬਦਲ ਗਏ ਸਿਆਸੀ ਤੋਤਿਆਂ ਨੂੰ ‘ਹਰੀ ਮਿਰਚ’ ਖੁਆਉਣ ਨੂੰ ਤਿਆਰੀ
* ਦੁਬਾਰਾ ਚੋਣ ਜਿਤਣ ਲਈ ਮੁੱਖ ਮੰਤਰੀ ਨੂੰ ਵੀ ਬਦਲੇ ਜਾਣ ਦੀ ਮਹਿਸੂਸ ਹੋ ਰਹੀ ਜ਼ਰੂਰਤ
ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਲੰਬੀ/ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨਾਲ ਪੰਜਾਬ ’ਚ ‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ ਦੇ ਸਿੱਧਮ-ਸਿੱਧੇ ਦੋ ਫਰੰਟ ਖੁੱਲਣ ਨਾਲ ਕਈ ਸੱਤਾਪੱਖੀ ਮੰਤਰੀਆਂ/ਵਿਧਾਇਕਾਂ ਦੀਆਂ ਪਰਤਾਂ ਮੁੜ ਉੱਧੜਨ ਦਾ ਮੁੱਢ ਬੱਝਿਆ ਗਿਆ ਹੈ।
ਸੂਤਰਾਂ ਮੁਤਾਬਕ ਸਿੱਧੂ ਮਾਮਲੇ ’ਚ ਅਮਰਿੰਦਰ ਸਿੰਘ ਦੀਆਂ ਦੋ ਦਹਾਕਿਆਂ ਤੋਂ ਸਥਾਪਤ ਜੜਾਂ ਦੀ ਮਿੱਟੀ ਪੁੱਟੇ ਜਾਣ ਮਗਰੋਂ ਮੁੱਖ ਮੰਤਰੀ ਦਰਬਾਰ ’ਚ ਵੱਟੇ ਖਾਤੇ ਪਈਆਂ ਕਥਿਤ ਵਿਵਾਦਤ ਮਾਮਲਿਆਂ/ਘਪਲਿਆਂ ਦੀਆਂ ਲਾਲ-ਨੀਲੀਆਂ ਫਾਈਲਾਂ ਤੋਂ ਮਿੱਟੀ ਝੜਨੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਟਵੀਟਾਂ ਲਈ ਸਿੱਧੂ ਵੱਲੋਂ ਮੁਆਫ਼ੀ ਮੰਗਵਾਉਣ ’ਤੇ ਬਜਿੱਦ ਹਨ। ਮੰਤਰੀ ਬ੍ਰਹਮ ਮਹਿੰਦਰਾ, ਕੈਪਟਨ ਦੀ ਹਮਾਇਤ ’ਚ ਆ ਡਟੇ ਹਨ। ਦੂਜੇ ਪਾਸੇ ਤਾਲਮੇਲ ਫੇਰੀ ’ਤੇ ਨਿੱਕਲੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੇ ਹਮਾਇਤੀ ਵਿਧਾਇਕ ਮਦਨ ਲਾਲ ਜਲਾਲਪੁਰ, ਸੰਗਤ ਸਿੰਘ ਗਿਲਜ਼ੀਆਂ, ਪਰਗਟ ਸਿੰਘ ਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸਿੱਧੂ ਨਾਲ ਮੌਜੂਦਾ ਸਮੇਂ ’ਚ 62 ਕਾਂਗਰਸੀ ਵਿਧਾਇਕ ਡਟ ਗਏ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਮਾਝਾ ਬੈਲਟ ਦੇ ਕਾਂਗਰਸ ਵਜ਼ੀਰਾਂ ਦੀ ‘ਰੱਬ’ ਵਰਗੀ ਹਮਾਇਤ ਹੈ। ਜਿਹੜੀ ਕਿ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਚੁੱਭ ਰਹੀ ਹੈ।
ਇਸ ਵਜੂਦੀ ਵਿਵਾਦ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜਿੱਦੀ ਲਹਿਜ਼ੇ ਨੂੰ ਸਿਆਸੀ ਜੀਵਨ ’ਚ ਪਹਿਲੀ ਵਾਰ ਕਈ ਸਿਖ਼ਰਲੇ ਸਿਆਸੀ ‘ਬੈਕ ਫਾਇਰਾਂ’ ਦਾ ਸ਼ਿਕਾਰ ਬਣਨਾ ਪਿਆ ਹੈ। ਉੱਪਰੋਂ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਫ੍ਰੀ ਹੈਂਡ ਸਮਰਥਨ ਮਿਲਣ ਨਾਲ ‘ਮਹਾਰਾਜੇ’ ਦੇ ਦਿਲੋ-ਦਿਮਾਗ ’ਤੇ ਇਹ ਖਫ਼ਾਗਿਰੀ ਵੱਡਾ ਵਜ਼ਨ ਪਾਈ ਖੜੀ ਹੈ। ਜਿਸਦੀ ਖੁਰਾਕ ਪੂਰਤੀ ਅਤੇ ਬੋਲੀ ਬਦਲ ਗਏ ਸਿਆਸੀ ਤੋਤਿਆਂ ਨੂੰ ‘ਸਬਕ’ ਵਾਲੀਆਂ ਹਰੀਆਂ ਮਿਰਚਾਂ ਖੁਆਉਣ ਦੀ ਤਿਆਰੀ ਸ਼ੁਰੂ ਗਈ ਹੈ। ਜਿਸਦੇ ਨਤੀਜੇ ਛੇਤੀ ਸਾਹਮਣੇ ਆਉਣ ਦੀ ਉਮੀਦ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਾਈਲਾਂ ’ਚ ਦੱਬੇ ਵੱਖ-ਵੱਖ ਮਾਮਲੇ ਨੋਟਿਸਾਂ ਦੇ ਰੂਪ ਵਿੱਚ ਸਾਹਮਣੇ ਆ ਸਕਦੇ ਹਨ। ਜਿਨਾਂ ਬਾਰੇ ਪਿਛਲੇ ਸਮੇਂ ’ਚ ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੱਖ-ਵੱਖ ਘਪਲਿਆਂ ਨੂੰ ਉਭਾਰ ਕੇ ਧਰਨੇ-ਮੁਜਾਹਰੇ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੜਤਾਲ ਵਿੱਢਣ ਦੀ ਬਜਾਇ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਉਸਦੀ ਸਿਆਸੀ ਜ਼ਮੀਨ ਦੇ ਸੁੰਘੜਵੇਂ ਦਾਇਰੇ ਦਾ ਬਖੂਬੀ ਅੰਦਾਜ਼ਾ ਹੋ ਚੁੱਕਿਆ ਹੈੈ। ਹੁਣ ਆਪਣੇ ਪੈਰ ਖਿਸਕਦੇ ਵੇਖ ਸੱਤਾ ’ਚ ਸਹਿਯੋਗੀ ਰਹੇ ਮੰਤਰੀ/ਵਿਧਾਇਕਾਂ ਨੂੰ ਸਿੱਧੂ ਦੇ ‘ਇਮਾਨਦਾਰ ਮੋਢਿਆਂ’ ਦੀ ਸਾਖ਼ ’ਤੇ ਬੈਠਣ ਯੋਗ ਨਾ ਛੱਡਣ ਲਈ ਪੁਰਾਣੇ ਸਾਂਭੇ ਹੋਏ ਪੜਤਾਲੀਏ ਤੀਰ ਛੱਡਣ ਦੀ ਤਿਆਰੀ ਵਿੱਚ ਹਨ, ਤਾਂ ਜੋ ਦੋ ਦਹਾਕੇ ਪੁਰਾਣਾ ਏਕਾਧਿਕਾਰ ਖੁੱਸਣ ਮਗਰੋਂ ਕੁਰਸੀ ਖੋਹੇ ਜਾਣ ’ਤੇ 2022 ਵਿਧਾਨਸਭਾ ਚੋਣਾਂ ਸਮੇਂ ਕਾਂਗਰਸ ਹਾਈਕਮਾਂਡ ਦੇ ਹੱਥ ਪੱਲੇ ਕਈ ਮੁਸ਼ਕ ਮਾਰਦੇ ਕਈ ਮਰੇ ਸੱਪ ਹੀ ਰਹਿ ਜਾਣ। ਉਚਪੱਧਰੀ ਸੂਤਰਾਂ ਮੁਤਾਬਿਕ ਆਗਾਮੀ ਦਿਨਾਂ ’ਚ ‘ਹਮ ਨਾ ਚੰਗੇ ਤੋਂ, ਤੁਮ ਵੀ ਹੋ ਜਾਓ ਨੰਗੇ’ ਵਾਲੀ ਰਾਹ ’ਤੇ ਕਈਆਂ ਦੀ ਸਿਆਸੀ ਅਤੇ ਦਸਤਾਵੇਜ਼ੀ ਖਲਿਆਰ ਪੈ ਸਕਦੀ ਹੈ। ਅਮਰਿੰਦਰ ਸਿੰਘ ’ਤੇ ਲੰਮੇ ਸਮੇਂ ਤੋਂ ਭਾਜਪਾ ਦੇ ਕਥਿਤ ਡੰਡੇ ਵਿੱਚ ਕਾਂਗਰਸੀ ਝੰਡੇ ਵਾਲੀ ਸਰਕਾਰ ਚਲਾਉਣ ਦੇ ਦੋਸ਼ ਲੱਗਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਫਾਈਲਾਂ ਵਾਲੇ ਮੰਤਰੀ/ਵਿਧਾਇਕ ਮਹਾਰਾਜੇ ਦੀ ਸਿਆਸੀ ਸੇਜ਼ ’ਤੇ ਵਾਪਸੀ ਲਈ ਖੁੱਲਮ-ਖੁੱਲਾ ਰਾਜੀ ਨਾ ਹੁੰਦਾ ਤਾਂ ਬਾਹਰੋਂ ਨਵਜੋਤ ਸਿੰਘ ਸਿੱਧੂ ਨਾਲ ਰਹਿ ਕੇ ਉਸਦੀ ਸਿਆਸੀ ਮੁਹਿੰਮ ਨੂੰ ਖੋਖਲਾ ਕਰਨ ਲਈ ਅੰਦਰੂਨੀ ਤੌਰ ’ਤੇ ਰਾਜੀਨਾਮਿਆਂ ’ਤੇ ਸਹਿਮਤੀ ਬਣ ਸਕਦੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਕਲੰਕ
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲਾਂ ’ਚ ਕਾਰਗੁਜਾਰੀ ਇਤਨੀ ਮੰਦਹਾਲ ਰਹੀ ਕਿ ਸਿਰਫ਼ ਨਵਜੋਤ ਸਿੱਧੂ ਦੀ ਪ੍ਰਧਾਨਗੀ ਨਾਲ ਹੀ ਸੱਤਾ ਦੀ ਦੂਸਰੀ ਪਾਰੀ ਕਾਂਗਰਸ ਦੇ ਹੱਥ ਆਉਣ ਦੀ ਉਮੀਦ ਨਹੀਂ, ਬਲਕਿ ਮੁੱਖ ਮੰਤਰੀ ਨੂੰ ਤੁਰੰਤ ਬਦਲੇ ਜਾਣ ਦੀ ਜ਼ਰੂਰਤ ਹੈ। ਆਮ ਕਾਂਗਰਸੀ ਵਰਕਰਾਂ ਅਤੇ ਕਾਡਰ ਵੱਲੋਂ ਵੀ ਅਮਰਿੰਦਰ ਸਿੰਘ ਨੂੰ ਤੁਰੰਤ ਸੱਤਾ ਤੋਂ ਬਾਹਰ ਕਰਨ ਦੀ ਮੰਗ ਲਗਾਤਾਰ ਸੋਸ਼ਲ ਮੀਡੀਆ ’ਤੇ ਉੱਠ ਰਹੀ ਹੈ।
ਨਵਜੋਤ ਸਿਧੂ ਨੂੰ ਮੌਕਾਪ੍ਰਸਤਾਂ ਅਤੇ ਭ੍ਰਿਸ਼ਟ ਆਗੂਆਂ ਤੋਂ ਬਚਣ ਦੀ ਲੋੜ: ਜਨਤਾ ਵਿੱਚੋਂ ਨਵਜੋਤ ਸਿੱਧੂ ਲਈ ਸਬਕ ਨਿੱਕਲ ਕੇ ਆ ਰਹੇ ਹਨ। ਆਮ ਲੋਕਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਦੇ ਮੋਢਿਆਂ ’ਤੇ ਚੜੇ ਵਿਖਾਈ ਦੇ ਰਹੇ ਚਿਹਰੇ ਵੀ ਉਸਦੇ (ਸਿੱਧੂ) ਅਕਸ ਵਾਂਗ ਸਾਫ਼ ਸੁਥਰੇ ਨਹੀਂ ਹਨ। ਕਈ ਤਾਂ ਕਥਿਤ ਨਜਾਇਜ਼ ਰੇਤਾ-ਬਜਰੀ, ਜਾਅਲੀ ਸ਼ਰਾਬ ਅਤੇ ਹੋਰਨਾਂ ਕਾਰਨਾਮਿਆਂ ਦੇ ਕਥਿਤ ਵੱਡੇ ਜਨਕ-ਤਾਰੇ ਹਨ। ਮੱਲੋ-ਮੱਲੀ ਮੋਢਿਆਂ ’ਤੇ ਬੈਠ ਕੇ ਨਵੇਂ ਸਿਰਿਓਂ ਪੰਜਾਬ ਲੁੱਟਣ ਨੂੰ ਫ਼ਿਰਦੇ ਜਨਕ-ਤਾਰਿਆਂ ਕਾਰਨ ਨਵਜੋਤ ਸਿੰਘ ਸਿੱਧੂ ਦੀ ਸਾਫ਼ਗੋਈ ਵਾਲੀ ਸੂਰਤ ਦੀ ਭਵਿੱਖੀ ਸੀਰਤ ਵਿੱਚ ਅੰਤਰ ਆਉਣ ਦਾ ਵੱਡਾ ਖਦਸ਼ਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹੀ ਭ੍ਰਿਸ਼ਟ ਅਤੇ ਮਾਲੈਦਾਰ ਚਿਹਰੇ ਹੀ ਫਿਰ ਮੂਹਰੇ ਆਉਣੇ ਹਨ ਤਾਂ ਜਥੇਬੰਦਕ ਬਦਲਾਅ ਦੇ ਕੀ ਮਾਇਨੇ ਹੋਏ ।
‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ 'ਚ ਟਕਰਾਅ ਹੋਰ ਵਧਣ ਦੇ ਆਸਾਰ: ਆਗਾਮੀ ਦਿਨਾਂ ਵਿੱਚ ਪੰਜਾਬ ਕਾਂਗਰਸ ਦੀ ‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ ਵਿੱਚ ਟਕਰਾਅ ਅਤੇ ਜਿੱਦਬਾਜ਼ੀਆਂ ਵਧਣ ਦੇ ਆਸਾਰ ਹਨ। ਸਿਆਸੀ ਗੇਮ ਤਹਿਤ ਸਿਆਸੀ ਸਮੀਕਰਨ ਅਜਿਹੇ ਕਰ ਦਿੱਤੇ ਗਏ ਹਨ ਕਿ ਸੂਬੇ ਵਿੱਚ ਸੱਤਾ ਪੱਖ ਦੇ ਨਾਲ ਵਿਰੋਧੀ ਧਿਰ ਵੀ ਕਾਂਗਰਸ ਵਿੱਚੋਂ ਹੀ ਖੜੀ ਕਰ ਦਿੱਤੀ ਗਈ ਹੈ, ਤਾਂ ਜੋ ਸੂਬੇ ਦੇ ਵੋਟਰਾਂ ਦੇ ਦਿਲੋ-ਦਿਮਾਗ ’ਤੇ ਕਾਂਗਰਸੀ ਹੀ ਛਾਈ ਰਹੇ। ਭਾਵੇਂ ਪੱਖ ਦੀ, ਵਿਰੋਧੀ ਪੱਖ ਦੀ। ਇਸ ਸਿਆਸੀ ਖੇਡ ਨਾਲ ਦੂਜੀਆਂ ਪਾਰਟੀਆਂ ਨੂੰ ਵਗੈਰ ਕੋਈ ਵੱਡੀ ਜ਼ੋਰ-ਅਜਮਾਇਸ਼ ਦੇ ਹਾਸ਼ੀਏ ’ਤੇ ਲਿਆ ਕੇ ਸੌਖਿਆਂ ਸੱਤਾ ਦੀ ਦੂਸਰੀ ਪਾਰੀ ਖੇਡੀ ਜਾ ਸਕੇ।
ਸਮੁੱਚੀ ਕਾਂਗਰਸੀ ਖੇਡ ਦਾ ਅੰਜਾਮ ਭਾਵੇਂ ਕੁਝ ਵੀ ਹੋਵੇ। ਇਹ ਸਪੱਸ਼ਟ ਹੈ ਕਿ ਅਮਰਿੰਦਰ ਸਿੰਘ ਦੇ ਏਕਾਧਿਕਾਰ ਵਾਲੀ ਸਿਆਸਤ ਦੇ ਦਿਨ ਪੰਜਾਬ ਵਿੱਚੋਂ ਬੀਤ ਚੁੱਕੇ ਹਨ। ਇਹ ਵੀ ਨਹੀਂ ਭੁੱਲਿਆ ਜਾ ਸਕਦਾ ਆਲ ਇੰਡੀਆ ਕਾਂਗਰਸ ਨੂੰ ਦੇਸ਼ ਵਿੱਚ ਮੁੜ ਉੱਭਰਨ ਲਈ ਵਲਵਲਿਆਂ ਵਾਲੀ ਧਰਤੀ ਪੰਜਾਬ ਦਾ ਜਲੌਅ ਭਰਿਆ ਸਿਆਸੀ ਮੈਦਾਨ ਵੱਡਾ ਜਰੀਆ ਹੈ। ਇਸ ਘਟਨਾਕ੍ਰਮ ਵਿੱਚ ਵਿਰੋਧੀ ਧਿਰਾਂ ਵੱਲੋਂ ਕਮਜ਼ੋਰ ਆਗੂ ਵਜੋਂ ਪ੍ਰਚਾਰੇ ਗਏ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਖੁਦ ਨੂੰ ਬੜੀ ਸ਼ਿਦੱਤ ਨਾਲ ਸਾਬਤ ਕੀਤਾ ਹੈ। M. No. 93178-26100
ਗੈਰ-ਟਕਸਾਲੀ ਕਾਂਗਰਸੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਨਹੀਂ ਕਾਂਗਰਸੀ ਜੜਾਂ ਨਾਲ ਜੁੜਾਅ!
ਨਸ਼ਿਆਂ ਦੀਆਂ ਪੁੜੀਆਂ ਨਾਲ ਵਿਕਦੀ ਫਿਰਦੀ ਮਹਾਰਾਜੇ ਦੀ ਗੁਟਕੇ ਵਾਲੀ ਸਹੁੰ
12 July 2021
ਖਾਕੀ ਦੀਆਂ 'ਨਸ਼ੀਲੀਆਂ' ਹਕੀਕਤਾਂ: ਚਿੱਟਾ ਦੇ ‘ਰਜਿਸਟਰਡ’ ਤਸਕਰਾਂ ਦੇ ਗਾਹਕਾਂ ’ਚ ਸ਼ੁਮਾਰ ਪੁਲਿਸ ਮੁਲਾਜਮ
* ਐਸ.ਟੀ.ਐਫ਼ ਦੇ ਐਸ.ਪੀ ਨੂੰ ਲੋਕਾਂ ਨੇ ਸੁਣਾਈਆਂ ਕੌੜੀਆਂ ਹਕੀਕਤਾਂ
* ਮਾਂ ਨੇ ਪੁੱਤ ਦੀ ਮੌਤ ਦਾ ਇਨਸਾਫ਼ ਮੰਗਿਆ
* ਨਸ਼ਿਆਂ ਦੇ ਦਾਗ ਕਾਰਨ ਬਾਰਾੜ ਨਹੀਂ ਢੁੱਕਦੀ
* ਤੱਪਾ ਖੇੜਾ ਵਿਚ ਸਾਲ ਅੰਦਰ ਦੋ ਦਰਜਨ ਤਲਾਕ ਹੋ ਚੁੱਕੇ
ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਉਰੋ
ਲੰਬੀ/ਚੰਡੀਗੜ੍ਹ: 13 ਸਾਲਾ ਲੜਕੇ ਦੀ ਚਿੱਟਾ ਓਵਰਡੋਜ਼ ਮੌਤ ਮਾਮਲੇ ਨਾਲ ਤੱਪਾਖੇੜਾ ਵਿਖੇ ਸਮੁੱਚੇ ਘਟਨਾਕ੍ਰ੍ਰਮ ਦੌਰਾਨ ਅਵਾਮ ਰਾਹੀਂ ਉੱਧੜੀਆਂ ਨਸ਼ੀਲੀ ਹਕੀਕਤਾਂ ਵਿੱਚੋਂ ਖਾਕੀ ਦਾ ‘ਨਸ਼ੇੜੀ’ ਚਿਹਰਾ ਵੀ ਨੰਗਾ ਹੋਇਆ ਹੈ। ਇੱਥੇ ਚਿੱਟੇ ਦੇ ਕਰੀਬ ਅੱਧੀ ਦਰਜਨ ‘ਰਜਿਸਟਰਡ’ ਤਸਕਰਾਂ ਦੇ ਗਾਹਕਾਂ ਵਿੱਚ ਪੰਜਾਬ ਪੁਲਿਸ ਦੇ ਕਾਫ਼ੀ ਮੁਲਾਜਮ ਸ਼ਾਮਲ ਹਨ। ਹੁਣ ਇੱਕ ਵਿਧਵਾ ਦੇ ਅਣਭੋਲ ਪੁੱਤਰ ਦੀ ਲੋਥ ਬਿਨ੍ਹਾਂ ਪੋਸਟਮਾਰਟਮ ਉੱਠਣ ਮਗਰੋਂ ਪੁਲਿਸ-ਐਸ.ਟੀ.ਐਫ਼ ਦੀ ਤੱਤੀ-ਤੱਤੀ ਸਖ਼ਤੀ ਅਤੇ ਪੇਂਡੂ ਭਾਈਚਾਰੇ ਦੇ ਨਵੇਂ ਨਕੋਰ ਸਮਾਜਿਕ-ਸਰੋਕਾਰੀ ਉਪਰਾਲੇ ਵਕਤੀ ਤਰਦੱਦਾਂ ਦੇ ਗੋਤੇ ਮਾਰ ਰਹੇ ਹਨ। ਪੀੜਤ ਵਿਧਵਾ ਮਾਂ ਅਤੇ ਪਰਿਵਾਰ ਦਾ ਦੁੱਖ ਉਬਾਲੇ ਮਾਰ ਰਿਹਾ ਹੈ। ਲੰਬੀ ਪੁਲਿਸ ਨੇ ਤੱਪਾਖੇੜਾ ਦੇ ਪ੍ਰਮੁੱਖ ਚਿੱਟਾ ਤਸਕਰ ਸਿਮਰਜੀਤ ਅਤੇ ਸਾਥੀ ਅਜੈਹਰਬੀਰ ਵਾਸੀ ਦਿਓਣਖੇੜਾ ਨੂੰ ਅੱਠ ਗਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਤੱਪਾਖੇੜਾ ਦੇ ਰਾਹਾਂ ’ਤੇ ਨਾਕੇ ਲਗਾ ਕੇ ਰਾਹਗੀਰਾਂ ਦੀ ਪੜਤਾਲ ਮੁਹਿੰਮ ਵਿੱਢੀ ਹੋਈ ਹੈ। ਦੂਜੇ ਪਾਸੇ ਸਰਗਰਮ ਹੋਈ ਐਸ.ਟੀ.ਐਫ਼ ਬਠਿੰਡਾ ਦੇ ਐਸ.ਪੀ ਦਵਿੰਦਰ ਸਿੰਘ ਬਰਾੜ ਨੇ ਅੱਜ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਕਾਫ਼ੀ ਗਿਣਤੀ ਪਿੰਡ ਵਾਸੀ ਤੇ ਸਿਆਸੀ ਧਿਰਾਂ ਦੇ ਆਗੂ ਮੌਜੂਦ ਸਨ। ਐਸ.ਪੀ. ਦੇ ਸਨਮੁੱਖ ਮਿ੍ਰਤਕ ਲੜਕੇ ਲਖਵਿੰਦਰ ਦੀ ਮਾਂ ਪਰਮਜੀਤ ਕੌਰ ਨੇ ਤਸਕਰ ਧਿਰ ਨਾਲ ਰਾਜੀਨਾਮੇ ਦੀਆਂ ਅਫ਼ਵਾਹਾਂ ਨੂੰ
ਨਕਾਰਦੇ ਦਾਅਵਾ ਕੀਤਾ ਕਿ ਉਸਦਾ ਨਾਬਾਲਗ ਪੁੱਤਰ ਨਸ਼ਾ ਨਹੀਂ ਕਰਦਾ ਸੀ। ਉਸਨੂੰ ਜ਼ਬਰਦਸਤੀ ਮਨੀ ਸਿੰਘ ਅਤੇ ਗਿੰਦੂ ਉਸਦੇ ਲੜਕੇ ਨੂੰ ਬੁਲਾ ਕੇ ਲੈ ਗਏ ਸਨ। ਪਰਮਜੀਤ ਕੌਰ ਨੇ ਉਕਤ ਮਾਮਲੇ ਤਹਿਤ ਚਰਚਾ ’ਚ ਆਏ ਇੱਕ ਏ.ਐਸ.ਆਈ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਅਤੇ ਪੁੱਤਰ ਦੀ ਮੌਤ ਦਾ ਇਨਸਾਫ਼ ਮੰਗਿਆ। ਐਸ.ਪੀ ਵੱਲੋਂ ਮਿ੍ਰਤਕ ਲੜਕੇ ਦਾ ਪੋਸਟਮਾਰਟਮ ਨਾ ਕਰਵਾਉਣ ਨੂੰ ਵੱਡੀ ਖਾਮੀ ਕਰਾਰ ਦਿੱਤਾ। ਮਿ੍ਰਤਕ ਦਾ ਨਾਨਾ ਮਹੰਤ ਰਾਮ ਵੀ ਕਾਫ਼ੀ ਭਖਾਹਟ ਵਿੱਚ ਸੀ। ਪਿੰਡ ਵਾਸੀਆਂ ਨੇ ਖੁੱਲ੍ਹੇ ਸ਼ਬਦਾਂ ਵਿੱਚ ਐਸ.ਟੀ.ਐਫ਼. ਦੇ ਐਸ.ਪੀ ਨੂੰ ਨਸ਼ਾ ਤਸਕਰਾਂ ਦੇ ਨਾਂਅ ਲਿਖਵਾਉਂਦੇ ਆਖਿਆ ਕਿ ਚਿੱਟਾ ਨਸ਼ੇ ਨੇ ਪਿੰਡ ਤਬਾਹ ਕਰ ਦਿੱਤਾ ਹੈ। ਨਸ਼ਾ ਤਸਕਰਾਂ ਨੂੰ ਨਸ਼ੇੜੀ ਪੁਲਿਸ ਮੁਲਾਜਮਾਂ ਦਾ ਹੌਂਸਲਾ ਹਾਸਲ ਹੈ। ਕਾਰਵਾਈ ਹੋਣ ’ਤੇ ਪਹਿਲਾਂ ਸੂਚਨਾ ਮਿਲ ਜਾਂਦੀ ਹੈ। ਨਸ਼ਿਆਂ ਕਾਰਨ ਨੌਜਵਾਨਾਂ ਦਾ ਜੁੱਸਾ ਮੁੱਕ ਰਿਹਾ ਹੈ। ਤੱਪਾਖੇੜਾ ’ਚ ਕੋਈ ਆਪਣੀ ਲੜਕੀ ਵਿਆਹੁਣ ਨੂੰ ਤਿਆਰ ਨਹੀਂ। ਇੱਥੇ ਇੱਕ ਸਾਲ ’ਚ ਕਰੀਬ ਦੋ ਦਰਜਨ ਵਿਆਹ ਟੁੱਟ ਚੁੱਕੇ ਹਨ। ਨਸ਼ਿਆਂ ਦੇ ਦਾਗ ਕਾਰਨ ਵਿਹੜੇ ਸਮੇਤ ਪਿੰਡ ’ਚ ਨੌਜਵਾਨਾਂ ਦੀ ਬਰਾੜ ਚੜ੍ਹਨੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 14 ਜੂਨ ਨੂੰ ਅਕਾਲੀ ਆਗੂ ਨੀਟੂ ਤੱਪਾਖੇੜਾ ਦੇ ਘਰ 38 ਲੱਖ ਰੁਪਏ ਦੀ ਚੋਰੀ ਉਪਰੰਤ ਪੜਤਾਲ ਮੌਕੇ ਕਾਫ਼ੀ ਪੁਲਿਸ ਮੁਲਾਜਮਾਂ ਨੇ ਇੱਕ ਪ੍ਰਮੁੱਖ ਚਿੱਟਾ
ਤਸਕਰ ਦੇ ਘਰ ਡੇਰਾ ਲਗਾ ਕੇ ਰੋਟੀਆਂ ਖਾਦੀਆਂ ਅਤੇ ਚਾਹ-ਪਾਣੀ ਪੀਤਾ ਸੀ। ਨਸ਼ਾ ਕਰਨ ਨਿੱਤ ਪੁੱਜਦੇ ਇਟਿਓਜ਼ ਕਾਰ ਵਾਲਾ ‘ਖਾਕੀ’ ਮੁਲਾਜਮ ਅਤੇ ਬਠਿੰਡਾ ਦੀ ਦਸ ਨੰਬਰੀ ਇੰਡੋਵਰ ਗੱਡੀ ਖੂਬ ਚਰਚਾ ’ਚ ਹੈ। ਮੀਟਿੰਗ ’ਚ ਉੱਠੇ ਵੇਰਵਿਆਂ ਮੁਤਾਰਕ ਪਿੰਡ ’ਚ ਦਰਜਨ ਭਰ ਨਾਜਾਇਜ਼ ਅਸਲਾ ਹੈ। ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਕ ਤੱਪਾਖੇੜਾ ਤੋਂ ਚੈਨ ਸਨੇਚਿੰਗ ਗਿਰੋਹ ਸੰਚਾਲਤ ਹੋਣ ਦੇ ਇਲਾਵਾ ਚੋਰੀਸ਼ੁਦਾ ਮੋਟਰ ਸਾਇਕਲਾਂ ਵੀ ਪੁਰਜਾ-ਪੁਰਜਾ ਹੋ ਕੇ ਬਾਹਰ ਵਿਕਦਾ ਹੈ। ਪਿੰਡ ਵਾਸੀ ਨਸ਼ਿਆਂ ਖਿਲਾਫ਼ ਸਾਂਝੀ ਕਮੇਟੀ ਬਣਾਉਣ ਦੀ ਰਾਹ ਪਏ ਹੋਏ ਹਨ। ਇਸ ਬਾਰੇ ਸਵੇਰੇ ਇੱਕ ਮੀਟਿੰਗ ਵੀ ਹੋਈ ਸੀ। ਐਸ.ਟੀ.ਐਫ਼ ਦੇ ਐਸ.ਪੀ ਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਹਰ ਪੱਧਰ ’ਤੇ ਨਕੇਲ ਕਸ ਕੇ ਤੱਪਾਖੇੜਾ ਅਤੇ ਹੋਰਨਾਂ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਜਨਤਾ ਤੋਂ ਢੁੱਕਵੇਂ ਸਹਿਯੋਗ ਦੀ ਅਪੀਲ ਕੀਤੀ। ਲੰਬੀ ਥਾਣੇ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਮਨੀ ਅਤੇ ਗਿੰਦੂ ਬਾਰੇ ਪੜਤਾਲ ਚੱਲ ਰਹੀ ਹੈ। ਸਿਮਰਜੀਤ ਅਤੇ ਉਸਦੇ ਸਾਥੀ ਅਜੈਹਰਬੀਰ ਨੂੰ ਅੱਠ ਗਰਾਮ ਹੈਰੋਇਨ ਸਮੇਤ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ। M. No. 93178-26100
09 July 2021
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਕਲੰਕ
ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਲੰਬੀ/ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ‘ਨਸ਼ਾ ਮੁਕਤ’ ਪੰਜਾਬ ’ਚ ਸਿਆਸੀ ਅਤੇ ਪ੍ਰਸ਼ਾਸਨਿਕ ਮਾੜੇਪਨ ਕਾਰਨ ਨੌਜਵਾਨੀ ਦੇ ਬਾਅਦ ਨਸ਼ਿਆਂ ਦੇ ਕੋਹੜ ਨੇ ਹੱਸਦੇ-ਖੇਡਦੇ ਬਚਪਨ ਨੂੰ ਵੀ ਵਾਢਾ ਲਗਾ ਲਿਆ ਹੈ। ਮੌਜੂਦਾ ਮੁੱਖ ਮੰਤਰੀ ਦੇ ਚੋਣ ਹਲਕੇ ਲੰਬੀ ਵਿਖੇ ਨਸ਼ਿਆਂ ਦੀ ਰਾਜਧਾਨੀ ਅਖਵਾਉਂਦੇ ਤੱਪਾਖੇੜਾ ’ਚ 13 ਸਾਲਾ ਲੜਕਾ ਲਖਵਿੰਦਰ ਸਿੰਘ ਚਿੱਟਾ ਨਸ਼ੇ ਦਾ ਟੀਕਾ ਲਗਾਉਣ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ।
ਵੱਡ ਉਮਰੇ ਨਸ਼ੇੜੀਆਂ ਦੀ ਸੰਗਤ ਨੇ ਗਰਕਿਆ ਲਖਵਿੰਦਰ
ਲਖਵਿੰਦਰ ਪਿਛਲੇ ਕਰੀਬ ਦੋ ਸਾਲਾਂ ਤੋਂ ਨਸ਼ਾ ਕਰਨ ਵਾਲੇ ਉਸਤੋਂ ਵੱਡੀ ਉਮਰ ਦੇ ਨੌਜਵਾਨਾਂ ਦੇ ਸੰਪਰਕ ਵਿੱਚ ਸੀ। ਨਸ਼ੇ ਦੀ ਓਵਰ ਡੋਜ਼ ਕਰਨ ਹਾਲਤ ਵਿਗੜਨ ’ਤੇ ਲਖਵਿੰਦਰ ਨੂੰ ਉਸਦੇ ਨਸ਼ੇੜੀ ਸਾਥੀ ਘਰ ਦੇ ਬੂਹੇ ’ਤੇ ਗਲੀ ’ਚ ਸੁੱਟ ਕੇ ਤੁਰਦੇ ਬਣੇ। ਜਦ ਤੱਕ ਗਲੀ ਵਾਲਿਆਂ ਨੇ ਉਸਨੂੰ ਸੰਭਾਲਿਆ ਤਾਂ ਲਖਵਿੰਦਰ ਦੇ ਪ੍ਰਾਣ-ਪਖੇਰੂ ਹੋ ਚੁੱੱਕੇ ਹਨ ਅਤੇ ਉਸਦੀ ਟੀਕਾ ਲੱਗਣ ਕਰਕੇ ਬਾਂਹ ਦੀ ਨਾਢ ਫੁੱਲੀ ਹੋਈ ਸੀ ਅਤੇ ਲਹੂ ਰਿਸ ਰਿਹਾ ਸੀ। ਪੰਜਾਬ ਦੇ ਸਿਆਸੀ, ਪ੍ਰਸ਼ਾਸਨਿਕ ਅਤੇ ਸਮਾਜਿਕ ਤੰਤਰ ਦੀ ਸਿਤਮਜਰੀਫ਼ੀ ਹੈ ਕਿ ਸੱਤਵੀਂ ਜਮਾਤ ਦਾ ਪਿਉ ਬਾਹਰਾ ਨਾਬਾਲਗ ਅਤੇ ਨਾਸਮਝ ਲਖਵਿੰਦਰ ਪਿੰਡ ਦੇ ਨਸ਼ੇੜੀਆਂ ਦੇ ਅੜਿੱਕੇ ਚੜ ਗਿਆ ਅਤੇ ਵਿਧਵਾ ਮਾਂ ਦੀਆਂ ਦੁਸ਼ਵਾਰੀਆਂ ਨੂੰ ਮੁੜ ਤੋਂ ਹਨੇਰੀ ਭਵਿੱਖ ਦੇ ਰਾਹ ਪਾ ਗਿਆ। ਇਹ ਘਟਨਾ ਸਿੱਧੇ ਤੌਰ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਵੱਡਾ ਕਲੰਕ ਹੈ।
ਸ਼ਮਸ਼ਾਨ ਘਾਟ ਸਜਦੀਆਂ ਮਹਿਫ਼ਿਲਾਂ, ਬਾਪ ਸੱਤ ਪਹਿਲਾਂ ਮੁੱਕ ਗਿਆ ਸੀ
ਜਾਣਕਾਰੀ ਅਨੁਸਾਰ ਲਖਵਿੰਦਰ ਦੇ ਪਿਤਾ ਰਣਜੀਤ ਸਿੰਘ ਦੀ ਕਰੀਬ ਸੱਤ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਂ, ਵੱਡੀ ਭੈਣ ਅਤੇ ਛੋਟੇ ਭਰਾ ਨਾਲ ਨਾਨਕੇ ਪਿੰਡ ਤੱਪਾਖੇੜਾ ’ਚ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਸਕੂਲ ਦੇ ਨੇੜੇ ਸ਼ਮਸ਼ਾਨ ਘਾਟ ’ਚ ਨਸ਼ੇੜੀਆਂ ਦੀਆਂ ਮਹਿਫ਼ਿਲਾਂ ਸਜਦੀਆਂ ਹਨ। ਉਸਦੀ ਵਿਧਵਾ ਮਾਂ ਪਰਮਜੀਤ ਕੌਰ ਦਿਹਾੜੀ ਮਜ਼ਦੂਰ ਕਰਕੇ ਬੱਚਿਆਂ ਨੂੰ ਪਾਲਦੀ ਹੈ।
ਲੰਬੀ ਦੇ ਪਿੰਡ-ਪਿੰਡ ’ਚੱਟਾ ਨਸ਼ੇ ਦਾ ਕੋਹੜ
ਉਂਝ ਤਾਂ ਲੰਬੀ ਹਲਕੇ ਦੇ ਪਿੰਡ-ਪਿੰਡ ’ਚ ਚਿੱਟਾ ਨਸ਼ੇ ਦਾ ਕੋਹੜ ਫੈਲ ਚੁੱਕਿਆ ਹੈ। ਲੰਬੀ ਹਲਕੇ ਵਿੱਚ ਬੀਤੇ ਹਫ਼ਤੇ ’ਚ ਪਿੰਡ ਕਿੱਲਿਆਂਵਾਲੀ ਅਤੇ ਵੜਿੰਗਖੇੜਾ ਵਿਖੇ ਵੀ ਚਿੱਟੇ ਨਸ਼ੇ ਦੇ ਕਾਰਨ ਦੋ ਮੌਤ ਹੋਈਆਂ ਹਨ। ਤੱਪਾਖੇੜਾ ਵਿੱਚ ਤਾਂ ਖੁੱਲੇਆਮ ਚਿੱਟਾ ਨਸ਼ਾ ਖੁੱਲੇਆਮ ਵਿਕਦਾ ਹੈ। ਇੱਥੇ ਬਹੁਤੇ ਘਰਾਂ ’ਚ ਸ਼ਰੇਆਮ ਚਿੱਟਾ ਨਸ਼ੇ ਦੀਆਂ ਦੀ ਵਿਕਰੀ ਹੁੰਦੀ ਹੈ ਅਤੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ।
ਦਸ-ਦਸ ਸਾਲਾ ਲੜਕੇ ਚਿੱਟਾ ਨਸ਼ੇ ਦੇ ਆਦੀ
ਪਿੰਡ ਵਾਸੀਆਂ ਅਨੁਸਾਰ ਸਿਰਫ਼ ਲਖਵਿੰਦਰ ਹੀ ਨਹੀਂ, ਗਰੀਬ ਘਰਾਂ ਦੇ ਦਸ-ਦਸ ਸਾਲਾਂ ਦੇ ਲੜਕੇ ਖੇਡਣ ਕੁੱਦਣ ਅਤੇ ਪੜਨ ਦੀ ਉਮਰ ’ਚ ਚਿੱਟਾ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਾਂ ਨਸ਼ਾ ਵਿਕਰੀ ਏਜੰਟ ਬਣਾ ਦਿੱਤੇ ਹਨ। ਜਿਨਾਂ ਹੱਥੀਂ ਸਸਤੇ ਰੇਟਾਂ ’ਤੇ ਸੌ-ਦੋ ਸੌ ਰੁਪਏ ਟੀਕਾ ਵੇਚਿਆ ਜਾਂਦਾ ਹੈ। ਦੂਰੋਂ-ਦੂਰੋਂ ਅਮੀਰ ਘਰਾਂ ਦੇ ਕਾਕੇ ਇਨਾਂ ਤੋਂ ਪੰਜ-ਸੱਤ ਸੌ ਰੁਪਏ ਪ੍ਰਤੀ ਡੋਜ਼ ਖਰੀਦਣ ਆਉਂਦੇ ਹਨ। ਪਿੰਡ ਦੇ ਕਾਫ਼ੀ ਗਿਣਤੀ ਨੌਜਵਾਨ ਵੀ ਨਸ਼ੇ ਦੀ ਮਾਰ ਹੇਠ ਹਨ। ਦੋ ਘਰ ਚਿੱਟਾ ਨਸ਼ਾ ਵੇਚਣ ਲਈ ਬੇਹੱਦ ਬਦਨਾਮ ਦੱਸੇ ਜਾਂਦੇ ਹਨ। ਜਿਨਾਂ ਆਲੇ-ਦੁਆਲੇ ਪੁਲਿਸ ਤੋਂ ਅਗਾਊਂ ਬਚਾਅ ਖਾਤਰ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ।
ਨਸ਼ੇ ਖੁੱਲੇਆਮ ਵਿਕਦੇ, ਪੁਲਿਸ ਦੇ ਕਾਨੂੰਨੀ ‘ਹੱਥ’ ਖਾਲੀ, ਜੇਬਾਂ....
ਬੀਤੇ ਹਫ਼ਤੇ ਉਕਤ ਨਸ਼ਾ ਤਸਕਰ ਦੇ ਘਰ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਅਬੁੱਲਖੁਰਾਣਾ ਦਾ ਇੱਕ ਨੌਜਵਾਨ ਨਸ਼ਾ ਤਸਕਰ ਦੇ ਘਰ ਬੇਹੋਸ਼ ਹੋ ਗਿਆ ਸੀ। ਮਾਪਿਆਂ ਨੂੰ ਉਸਨੂੰ ਜੀਪ ਲੱਦ ਕੇ ਘਰ ਲਿਜਾਣਾ ਪਿਆ ਸੀ। ਕੱਲ ਦੇਰ ਸ਼ਾਮ 13 ਸਾਲਾ ਲੜਕੇ ਦੀ ਮੌਤ ਨੇ ਆਮ ਲੋਕਾਂ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਪੁਲਿਸ ਨੂੰ ਨਸ਼ੇ ਦੇ ਸੌਦਾਗਰਾਂ ਦੀ ਸਮੁੱਚੀ ਜਾਣਕਾਰੀ ਹੈ ਪਰ ਉਹ ਵੀ ਨਸ਼ਾ ਤਸਕਰਾਂ ਮੂਹਰੇ ਬੇਵੱਸ ਹੈ। ਜਨਤਾ ਅਨੁਸਾਰ ਪੁਲਿਸ ਤਸਕਰਾਂ ਨਾਲ ਮਿਲੀ ਹੋਈ ਹੈ, ਪਰ ਇਹ ਸਮਾਜਿਕ ਦੁਖਾਂਤ ਅਤੇ ਸਰਕਾਰੀ ਘੋਖ ਦਾ ਵਿਸ਼ਾ ਹੈ। ਪੁਲਿਸ ਅਨੁਸਾਰ ਘਟਨਾ ਤੋਂ ਪਹਿਲਾਂ ਕੱਲ ਤੜਕੇ ਪਿੰਡ ਘੇਰ ’ਤੇ ਛਾਪੇ ਮਾਰੇ ਗਏ ਸਨ। ਨਜਾਇਜ਼ ਸ਼ਰਾਬ ਦੇ ਇਲਾਵਾ ਕੁਝ ਬਰਾਮਦ ਨਹੀਂ ਹੋਇਆ। ਸਭ ਤੋਂ ਵੱਡਾ ਦੁਖਾਂਤ ਹੈ ਕਿ ਸਾਰਾ ਪਿੰਡ ਚੀਖ ਚੀਖ ਕੇ ਤੱਪਾਖੇੜਾ ’ਚ ਨਸ਼ਾ ਵਿਕਣ ਦੀ ਦੁਹਾਈ ਦਿੰਦਾ ਹੈ ਪਰ ਮੁੱਠੀ ਭਰ ਨਸ਼ਾ ਤਸਕਰਾਂ ਦੇ ਗੈਂਗਾਂ ਅਤੇ ਖ਼ਤਰਨਾਕ ਇਰਾਦਿਆਂ ਮੂਹਰੇ ਡਟਣ ਲਈ ਕੋਈ ਤਿਆਰ ਨਹੀਂ। ਜੇਕਰ ਪੁਲਿਸ ਅਤੇ ਪਿੰਡ ਵਾਸੀ ਇੱਛਾਸ਼ਕਤੀ ਵਿਖਾਉਣ ਤਾਂ ਨਸ਼ਾ ਤਸਕਰੀ ਨੂੰ 24 ਘੰਟਿਆਂ ’ਚ ਨੇਸਤੋ-ਨਾਬੂਤ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਖਾਮੀ ਹੈ ਕਿ ਮਿ੍ਰਤਕ ਲਖਵਿੰਦਰ ਸਿੰਘ ਦਾ ਵਗੈਰ ਪੋਸਟਮਾਰਟਮ ਦੇ ਅੰਤਮ ਸਸਕਾਰ ਕਰ ਦਿੱਤਾ ਗਿਆ।
ਅੰਨੇਵਾਹ ਨਸ਼ਾ ਵਿਕਦਾ: ਸਰਪੰਚ
ਸਰਪੰਚ ਸੁਖਮੰਦਰ ਸਿੰਘ ਨੇ ਕਿਹਾ ਕਿ ਤੱਪਾਖੇੜਾ ’ਚ ਅੰਨੇਵਾਹ ਨਸ਼ਾ ਵਿਕਦਾ ਹੈ। ਪੁਲਿਸ ਆਖਦੀ ਕਿ ਨਸ਼ਾ ਸਮੇਤ ਬੰਦਾ ਫੜਾਓ। ਪਿੰਡ ਲਈ ਨਸ਼ੇ ਵੱਡੀ ਤ੍ਰਾਸਦੀ ਹਨ ਅਤੇ ਪਿੰਡ ਬਰਬਾਦੀ ਦੀ ਰਾਹ ’ਤੇ ਹੈ। ਅਸੀਂ ਕੀ ਕਰਦੇ ਸਕਦੇ ਹਾਂ।
ਲੜਕੇ ਦੀ ਮੌਤ ਬਾਰੇ ਪੁਲਿਸ ਨੂੰ ਸੂਚਨਾ ਨਹੀਂ
ਲੰਬੀ ਥਾਣਾ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਕੱਲ ਹੀ ਤੱਪਾਖੇੜਾ ’ਚ 80-90 ਮੁਲਾਜਮਾਂ ਨਾਲ ਬਹੁਤ ਘਰਾਂ ’ਚ ਛਾਪਾ ਮਾਰਿਆ ਸੀ। 13 ਸਾਲਾ ਲੜਕੇ ਦੀ ਮੌਤ ਬਾਰੇ ਪੁਲਿਸ ਨੂੰ ਕੋਈ ਸੂਚਨਾ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਝ ਗਿਆ ਹੈ ਕਿ ਕਿਸੇ ਨੇ ਇਸ ਵੱਡੀ ਘਟਨਾ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਜਾਂ ਪੁਲਿਸ ਦੀਆਂ ਸੁੱਤੀਆਂ ਅੱਖਾਂ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ।
ਡੀ.ਜੀ.ਪੀ/ਐਸ.ਐਸ.ਪੀ. ਮੋਬਾਇਲ ਫੋਨ ਸੁਣਨ ਨੂੰ ਮੁਨਕਰ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਹਿਲਾ ਐਸ.ਐਸ.ਪੀ. ਡੀ. ਸੂਡਰਵਿੱਲੀ ਨੇ ਰਵਾਇਤੀ ਸੁਭਾਅ ਮੁਤਾਬਕ ਅੱਜ ਵੀ ਗੰਭੀਰ ਮਸਲੇ ’ਤੇ ਫੋਨ ਕਾਲ ਰਸੀਵ ਨਹੀਂ ਕੀਤੀ। ਉਹ ਪਹਿਲਾਂ ਵੀ ਆਮ ਲੋਕਾਂ ਦੇ ਫੋਨ ਕਾਲ ਰਸੀਵ ਨਹੀਂ ਕਰਦੇ। ਆਮ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਨਤਕ ਫਰਜ਼ਾਂ ਵਾਲੇ ਅਹੁਦਿਆਂ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਵੀ ਮੋਬਾਇਲ ਕਾਲ ਨਹੀਂ ਰਸੀਵ ਕੀਤੀ।
ਅਮਰਿੰਦਰ ਸਿੰਘ ਤੋਂ ਵੱਡਾ ਸੁਆਲ
ਸੂਬੇ ਦੇ ਦਰਦਰਨਾਕ ਅਤੇ ਨਿੱਘਰ ਚੁੱਕੇ ਮਾੜੇ ਹਾਲਾਤ ਅਮਰਿੰਦਰ ਸਿੰਘ ਤੋਂ ਸਿਆਸੀ ਹਿੱਤਾਂ ਵਾਲੀ ਧਾਰਮਿਕ ਸਹੁੰਆਂ ਬਾਰੇ ਚੀਕ-ਚੀਕ ਕੇ ਜਵਾਬ ਮੰਗ ਰਹੇ ਹਨ ਕਿ ਮੁੱਖ ਮੰਤਰੀ ਲਈ ‘ਸੀਤਾਫ਼ਲ’ ਜ਼ਰੂਰੀ ਹਨ ਜਾਂ ਪੰਜਾਬ ਦੀ ਨੌਜਵਾਨੀ ਅਤੇ ਬਚਪਨ ਦੀ ਸੁੱਖ-ਸਾਂਦ ਅਤੇ ਚੜਦੀ ਕਲਾ। ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ਵਿੱਚ ਨਸ਼ਾ ਮੁੱਕਣਾ ਤਾਂ ਕੀ ਛੋਟੇ-ਛੋਟੇ ਜੁਆਕਾਂ ਦੇ ਬਚਪਨ ਵਿੱਚ ਨਸ਼ਾ ਵੜ ਗਿਆ ਹੈ। ਆਰਥਿਕ ਮੰਦਹਾਲੀ ’ਚ ਬਹੁਗਿਣਤੀ ਮਾਪੇ ਰੁਜ਼ਗਾਰ ਦੀ ਗੁੰਝਲ ’ਚ ਫਸ ਗਏ ਅਤੇ ਨਵੀਂ ਪਨੀਰੀ। ਮਾਪਿਆਂ ਦੇ ਲਗਾਤਾਰ ਧਿਆਨ ਨਾ ਦੇਣ ਕਰਕੇ ਨੌਜਵਾਨ ਬਦਮਾਸ਼ੀ ਅਤੇ ਨਸ਼ਿਆਂ ਦੀ ਭੇਟ ਚੜ ਕੇ ਅਜੋਕੇ ਦੌਰ ਦੇ ‘ਨਸ਼ੇੜੀ ਅਤੇ ਨਪੁੰਸਕ ਯੋਧੋ’ ਸਾਬਤ ਹੋ ਰਹੇ ਹਨ। ਅਜਿਹਾ ਹੇਠਲੇ ਦਰਜੇ ਦਾ ਸਿਸਟਮ ਅਮਰਿੰਦਰ ਸਿੰਘ ਨੂੰ ਪਲਾਂ ’ਚ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਸ਼ਾਹਦੀ ਭਰਦਾ ਹੈ। M. No. 93178-26100