14 March 2018

ਨਸ਼ਿਆਂ ਦੀਆਂ ਪੁੜੀਆਂ ਨਾਲ ਵਿਕਦੀ ਫਿਰਦੀ ਮਹਾਰਾਜੇ ਦੀ ਗੁਟਕੇ ਵਾਲੀ ਸਹੁੰ

* ਨਸ਼ਾ ਤਸਕਰਾਂ ਦੀ ਪਿੱਠ ਪੂਰਦਾ ਆਉਂਦਾ ਜ਼ਿਲਂਾ ਸ੍ਰੀ ਮੁਕਤਸਰ ਸਾਹਿਬ ’ਚ ਬੇਲਗਾਮ ਖਾਕੀ ਤੰਤਰ 
* ‘ਸੈਟਿੰਗ ਕਲਚਰ’ ਕਾਰਨ ਨਸ਼ਾ ਤਸਕਰੀ, ਜੂਏ-ਸੱਟੇ ਅਤੇ ਜਿਸਮ ਫਰੋਸ਼ੀ ਨੂੰ ਖੁੱਲਂੀਆਂ ਛੂਟਾਂ
* ਦੋ ਮਹੀਨੇ ਪਹਿਲਾਂ ਲੋਕਾਂ ਵੱਲੋਂ ਨਸ਼ਾ ਵਿਕਰੀ ਬਾਰੇ ਜਨਤਕ ਖੁਲਾਸੇ ’ਤੇ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ
                                                              ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਿਆਂ ਬਾਰੇ ਗੁਟਕੇ ਵਾਲੀ ਸਹੁੰ ਲੰਬੀ ਹਲਕੇ ਦੇ ਪਿੰਡਾਂ ਵਿੱਚ ਨਸ਼ਿਆਂ ਦੀਆਂ ਪੁੜੀਆਂ ਨਾਲ 
ਵਿਕਦੀ ਫਿਰਦੀ ਹੈ। ਕਾਂਗਰਸ ਸਰਕਾਰ ਦੇ ਇੱਕ ਵਰ੍ਹੇ ’ਚ ਨਸ਼ੇ ਮੁੱਕਣ ਦੀ ਬਜਾਇ ਬਾਦਲਾਂ ਦੇ ਜੱਦੀ ਹਲਕੇ ਲੰਬੀ ’ਚ ਡੂੰਘੀਆਂ ਜੜ੍ਹਾਂ ਫੈਲਾ ਚੁੱਕੇ ਹਨ।ਹਲਕੇ ਵਿੱਚ ਸਰਹੱਦੀ ਪਿੰਡ ਕਿੱਲਿਆਂਵਾਲੀ ਮੈਡੀਕਲ ਨਸ਼ਿਆਂ ਅਤੇ ਕੱਖਾਂਵਾਲੀ ਨੂੰ ਹੈਰੋਇਨ ਅਤੇ ਸਮੈਕ ਦੇ ਵੱਡੇ ਗੜ੍ਹ ਬਣ ਚੁੱਕੇ ਹਨ। ਜਿੱਥੋਂ ਆਲੇ-ਦੁਆਲੇ ਖੇਤਰ ’ਚ ਵੱਡੇ ਪੱਧਰ ’ਤੇ ਨਸ਼ਾ ਸਪਲਾਈ ਹੁੰਦਾ ਹੈ। ਹਾਲਾਂਕਿ ਮੰਡੀ ਕਿੱਲਿਆਂਵਾਲੀ, ਫੱਤਾਕੇਰਾ, ਗੱਗੜ, ਮਿਠੜੀ ਬੁੱਧਗਿਰ ਅਤੇ ਬਾਦਲ ਵੀ ਵਗੈਰਾ ਨਸ਼ਾ ਵਿਕਰੀ ’ਚ ਮੋਹਰੀ ਦੱਸੇ ਜਾਂਦੇ ਹਨ। ਸਰਾਵਾਂ ਜੈਲ ਦੇ ਪਿੰਡਾਂ ’ਚ ਨਸ਼ੇ ਵਿਕਣ ਦੀਆਂ ਰਿਪੋਰਟਾਂ ਹਨ। ਨਸ਼ਾ ਸੌਦਾਗਰ ਦੇ ਕੱਚੇ ਮਕਾਨ ਅਤੇ ਕਿਰਾਏ ਦੇ ਘਰਾਂ ਤੋਂ ਕੋਠੀਆਂ-ਬੰਗਲਿਆਂ ’ਚ ਤਬਦੀਲ ਹੋ ਰਹੇ ਹਨ। ਸਭ ਕੁਝ ਤੋਂ ਜਾਣਕਾਰ ਖਾਕੀ ਦੀਆਂ ਅੱਖਾਂ ਬੰਦ ਹਨ। ਖੇਤਰ ’ਚ ਨਸ਼ਾ ਸੌਦਾਗਰਾਂ ਬਾਰੇ ਪੰਜਾਬ ਸਰਕਾਰ ਕੋਲ ਪੱੁੱਜੀਆਂ ਸ਼ਿਕਾਇਤਾਂ ਵੀ ਪੜਤਾਲ ਤਹਿਤ ਸਥਾਨਕ ਪੁਲੀਸ ਦੀਆਂ ਫਾਈਲਾਂ ਹੇਠਾਂ ਦੱਬੀਆਂ ਗਈਆਂ। ਪਿੰਡ ਕਿੱਲਿਆਂਵਾਲੀ ਵਿਚਲੇ ਮੈਡੀਕਲ ਨਸ਼ੇ ਦੇ ਕਾਰੋਬਾਰ ਦਾ ਮੁਖੀ ਇੱਕ ਮੈਡੀਕਲ ਪ੍ਰੈਕਟੀਸ਼ਨਰ ਦੱਸਿਆ ਜਾਂਦਾ ਹੈ। ਜਿਸ ਦੀਆਂ ਖਾਕੀ ਨਾਲ ਲਿਹਾਜ਼ ਸੱਥਾਂ ’ਤੇ ਚਰਚਾ ਵਿੱਚ ਹੈ। 
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਬੇਲਗਾਮੀ ਦੇ ਆਲਮ ਹੇਠ ਖਾਕੀ ਤੰਤਰ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਦੀ ਪਿੱਠ ਪੂਰਦਾ ਨਜ਼ਰ ਆ ਰਿਹਾ ਹੈ। ਨਸ਼ਿਆਂ ਦੇ ਫੈਲਾਅ ਪਿੱਛੇ ਥਾਣੇ-ਚੌਕੀਆਂ ’ਚ ਨਿਯੁਕਤੀ ਲਈ ਪੁਲਿਸ-ਕਮ-ਸਿਆਸੀ ਗੱਠਜੋੜ ਹੇਠ ਪਨਪਦਾ ਕਥਿਤ ਜ਼ਿਲ੍ਹੇ ਅੰੰਦਰ ‘ਸੈਟਿੰਗ ਕਲਚਰ’ ਪ੍ਰਚੱਲਤ ਹੈ। ਇੱਕ ਸਰਹੱਦੀ ਚੌਕੀ ਦੀ ਮੌਜੂਦਾ ਸਮੇਂ ’ਚ ਉਤਾਂਹ ਸੈਟਿੰਗ 85 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਚਰਚਾ ਹੈ। ਅੱਜ-ਕੱਲ੍ਹ ਪੁਲੀਸ ਚੈੱਕ ਪੋਸਟ ਆਧਨੀਆਂ ਨੇੜਲੇ ਪਿੰਡ ਵਿਖੇ ਯੁਵਰਾਜ ਦੇ ਦਰਬਾਰੀ ਦਾ ‘ਦਰਬਾਰ’ ਵੀ ਕਾਫ਼ੀ ਮਸ਼ਹੂਰ ਹੈ। ਜਿਸਦੀ ਪੁਲੀਸ ਸਮੇਤ ਲਗਪਗ ਹਰੇਕ ਵਿਭਾਗ ’ਚ ਅਦਲਾ-ਬਦਲੀ ’ਚ ਸਿੱਧੀ ਦਖ਼ਲਅੰਦਾਜ਼ੀ ਕਾਫ਼ੀ ਮਸ਼ਹੂਰ ਹੈ। ਬੀਤੀ 6 ਜਨਵਰੀ ਨੂੰ ਨਗਰ ਕੀਰਤਨ ਵਿਵਾਦ ਤਹਿਤ ਕਿੱਲਿਆਂਵਾਲੀ ਵਾਸੀਆਂ ਨੇ
ਡੀ.ਐਸ.ਪੀ ਮਲੋਟ ਦੇ ਸਨਮੁੱਖ ਪਿੰਡ ’ਚ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ’ਚ ਪੁਲਿਸ ਮਿਲੀਭੁਗਤ ਦੇ ਦੋਸ਼ ਲਗਾਏ ਸਨ। ਖਾਕੀ ਤੰਤਰ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਚਾਰ-ਪੰਜ ਹੋਮਗਾਰਡ ਜਵਾਨ ਬਦਲ ਕੇ ਕਾਗਜ਼ਾਂ ਦਾ ਢਿੱਡ ਭਰ ਦਿੱਤਾ। ਡੰਕੇ ਦੀ ਚੋਟ ’ਤੇ ਇਸੇ ਦਰਬਾਰ ਦੀ ‘ਪੌਧ’ ਅਖਵਾਉਂਦੇ ਕਿੱਲਿਆਂਵਾਲੀ ਚੌਕੀ ਮੁਖੀ ਨੂੰ ਅੱਜ ਤੱਕ ਛੇੜਿਆ ਤੱਕ ਨਹੀਂ ਗਿਆ। ਇਸਤੋਂ ਪਹਿਲੇ ਚੌਕੀ ਇੰਚਾਰਜ਼ ਦਾ ਤਬਾਦਲਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਬਾਰੇ ਸਿਰਫ਼ ਅਨਜਾਣ ਮੋਬਾਇਲ ਕਾਲ ਨੂੰ ਆਧਾਰ ਬਣਾ ਕਰ ਦਿੱਤਾ ਸੀ। ਹਲਕੇ ਦੀ ਸਥਾਪਿਤ ਕਾਂਗਰਸ ਲੀਡਰਸ਼ਿਪ ਉਕਤ ਦਰਬਾਰ ਦੀਆਂ ਕਾਰਗੁਜਾਰੀਆਂ ’ਤੇ ਕਾਫ਼ੀ ਅੌਖੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸੈਟਿੰਗ ਕਲਚਰ ਦੇ ਮਹੀਨਾਵਾਰ ਬੋਝ ਵਧਣ ਕਰਕੇ ਮੰਡੀ ਕਿੱਲਿਆਂਵਾਲੀ ਖੇਤਰ ’ਚ ਨਸ਼ਾ ਤਸਕਰੀ, ਜੂਏ-ਸੱਟੇ ਅਤੇ ਜਿਸਮ ਫਰੋਸ਼ੀ ਦੇ ਧੰਦੇ ਨੂੰ ਖੁੱਲ੍ਹੀਆਂ ਛੂਟਾਂ ਮਿਲੀਆਂ ਹੋਈਆਂ ਹਨ। ਸੂਹੀਆ ਵਿਭਾਗ ਨੇ ਕਈ ਵਾਰ ਸੂਬਾ ਹਕੂਮਤ ਨੂੰ ਲੰਬੀ ਹਲਕੇ ਬਾਰੇ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ ਪਰ ਮੋਤੀਆਂ ਵਾਲੀ ਸਰਕਾਰ ਨੂੰ ਪੰਜਾਬ ਨਾਲੋਂ ਪਾਕਿਸਤਾਨ ਦੀ ਵੱਧ ਫ਼ਿਕਰ ਹੈ। 
ਮੌਜੂਦਾ ਹਾਲਾਤਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਨਸ਼ਿਆਂ ਖਿਲਾਫ਼ ਮੁਹਿੰਮ ਜ਼ਮੀਨੀ ਪੱਧਰ ’ਤੇ ਖਾਕੀ ਤੰਤਰ ਦੀ ਜੇਬਾਂ ਭਰਨ ਦਾ ਜਰੀਆ ਬਣੀ ਹੋਈ ਹੈ। ਜਨਤਾ ਨਸ਼ਾਖੋਰੀ ਦੇ ਵਧਦੇ ਪ੍ਰਭਾਵ ਕਾਰਨ ਬੇਹੱਦ ਖੌਫ਼ ’ਚ ਹੈ ਅਤੇ ਨਸ਼ੇਬਾਜ਼ਾਂ ਨੂੰ ਖਾਕੀ-ਸ਼ਹਿ ਹੋਣ ਕਾਰਨ ਜਨਤਾ ਵਿਰੋਧ ਜਤਾਉਣ ਤੋਂ ਡਰਦੀ ਹੈ। ਲੋਕਾਂ ਨੂੰ ਸਾਬਕਾ ਅਕਾਲੀ ਸਰਕਾਰ ਸਮੇਂ ਵਿਗੜਿਆ ਅਖਵਾਉਂਦਾ ਤੰਤਰ ਵੀ ਮੌਜੂਦਾ ਹਾਲਾਤਾਂ ਤੋਂ ਚੰਗਾ ਲੱਗਣ ਲੱਗਿਆ ਹੈ। ਮੰਡੀ ਕਿੱਲਿਆਂਵਾਲੀ ’ਚ ਸਿੰਥੈਅਿਕ ਨਸ਼ੇ ਚਿੱਟੇ ਦੀ ਲੱਤ ’ਚ ਘਿਰ ਕੇ ਕਈ ਰੱਜੇ-ਪੁੱਜੇ ਘਰਾਂ ਆਪਣੇ ਨਸ਼ੇ ਵੇਚਣ ਦੀ ਰਾਹ ਪੈ ਰਹੇ ਹਨ। ਫੱਤਾਕੇਰਾ ਦੇ ਇੱਕ ਬਜ਼ੁਰਗ ਅਨੁਸਾਰ ਪਿਛਲੇ ਛੇ ਮਹੀਨੇ ਤੋਂ ਉਨ੍ਹਾਂ ਦਾ ਪਿੰਡ ਨਸ਼ਿਆਂ ਦਾ ਗੜ੍ਹ ਬਣ ਗਿਆ। ਨਸ਼ਾ ਘਰ-ਘਰ ਸਪਲਾਈ ਹੋ ਰਿਹਾ ਹੈ। ਬਜ਼ੁਰਗ ਨੇ ਦੱਸਿਆ ਕਿ ਕਈ ਅੌਰਤਾਂ ਵੀ ਮੈਡੀਕਲ ਨਸ਼ਾ ਕਰਨ ਲੱਗੀਆਂ ਹਨ। ਬਜ਼ੁਰਗ ਨੇ ਆਖਿਆ ਕਿ ਪੁਲੀਸ ਚੌਕੀ ’ਚ ਸ਼ਿਕਾਇਤ ਕੀਤੀ ਤਾਂ ਪੁਲਿਸ ਨਸ਼ੇ ਵਿਕਣ ਦੀ ਗੱਲ ਝੂਠ ਦੱਸ ਕੇ ਟਾਲਾ ਵੱਟ ਗਈ। ਫੱਤਾਕੇਰਾ ਦੇ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਕਾਰਵਾਈ ਲਈ ਉਹ ਤਿੰਨ ਹਫ਼ਤੇ ਤੱਕ ਵਿਸ਼ੇਸ਼ ਟਾਸਕ ਫੋਰਸ ਦੇ ਸੰਪਰਕ ਵਿੱਚ ਰਹੇ। ਤਸਕਰਾਂ ਦੀ ਸਫ਼ਲ ਰੈਕੀ ਅਤੇ ਨਸ਼ੇ ਤੱਕ ਖਰੀਦ ਕੇ ਲਿਆ ਦੇਣ ਬਾਅਦ ਐਸ.ਟੀ.ਐਫ਼ ਨੇ ਕਾਰਵਾਈ ਨਹੀਂ ਕੀਤੀ। ਹੁਣ ਨਸ਼ਿਆਂ ਦੇ ਖਾਤਮੇ ਦੀ ਉਮੀਦ ਰੱਬ ਦੇ ਆਸਰੇ ਹੈ। ਗੱਗੜ ਵਿਖੇ 4-5 ਅੌਰਤਾਂ ਨਸ਼ਿਆਂ ਦੀ ਸਪਲਾਇਰ ਹਨ। ਮਿਠੜੀ ਬੁੱਧਗਿਰ ’ਚ ਮੈਡੀਕਲ ਨਸ਼ਾ ਵਿਕ ਰਿਹਾ ਹੈ। ਆਮ ਆਦਮੀ ਪਾਰਟੀ ਆਗੂ ਨੇ ਆਖਿਆ ਕਿ ਸਿੰਘੇਵਾਲਾ ਨੇੜੇ ਨਸ਼ੇ ਸਮੇਤ ਫੜੇ ਨੌਜਵਾਨ ਨੂੰ ਐਸ.ਟੀ.ਐਫ਼ ਨੇ ਦਸ ਹਜ਼ਾਰ ਰੁਪਏ ਲੈ ਕੇ ਛੱਡ ਦਿੱਤਾ। ਕੈਪਟਨ ਦੀ ਨਸ਼ਿਆਂ ਖਿਲਾਫ਼ ਸਹੁੰ ਦੀ ਪੋਲ ਖੋਲ੍ਹ ਦਿੱਤੀ ਹੈ। ਪਿੰਡ ਕਿੱਲਿਆਂਵਾਲੀ ਦੇ ਕਿਸਾਨ ਕੁਲਦੀਪ ਸਿੰਘ ਬਿੱਲਾ, ਕੁਲਬੀਰ ਸਿੰਘ, ਹਰਜਿੰਦਰ ਸਿੰਘ, ਰਣਧੀਰ ਸਿੰਘ, ਚਰਨਜੀਤ ਸਿੰਘ, ਅਮਰਪਾਲ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਨੇ ਆਖਿਆ ਕਿ ਡੀ.ਐਸ.ਪੀ ਭੁਪਿੰਦਰ ਸਿੰਘ ਦੇ ਸਨਮੁੱਖ ਪਿੰਡ ’ਚ ਪੁਲੀਸ ਮਿਲੀਭੁਗਤ ਨਾਲ ਨਸ਼ੇ ਵਿਕਣ ਦਾ ਖੁਲਾਸਾ ਕੀਤਾ ਗਿਆ ਸੀ। ਕੁਲਦੀਪ ਸਿੰਘ ‘ਬਿੱਲਾ’ ਅਨੁਸਾਰ ਪਿੰਡ ਨੇ ਚੌਕੀ ਮੁੱਖੀ ਸਮੇਤ ਸਾਰਾ ਸਟਾਫ਼ ਬਦਲਣ ਦੀ ਮੰਗ ਕੀਤੀ ਸੀ ਪਰ ਦਦਰਬਾਰ’ ਦੇ ਹੁਕਮਾਂ ਕਾਰਨ ਜ਼ਿਲ੍ਹਾ ਪੁਲੀਸ ਨੇ ਸਿਰਫ਼ ਚਾਰ ਹੋਮਗਾਰਡ ਮੁਲਾਜਮ ਬਦਲ ਕੇ ਬੁੱਤਾ ਸਾਰ ਦਿੱਤਾ, ਜਦੋਂਕਿ ਅਸਲ ਜੜ੍ਹਾਂ ਨੂੰ ਛੇੜਿਆ ਤੱਕ ਨਹੀਂ ਗਿਆ। ਉਨ੍ਹਾਂ ਆਖਿਆ ਕਿ ਕਿੱਲਿਆਂਵਾਲੀ ਪੁਲਿਸ ਨੂੰ ਖੇਤਰ ਦੇ ਪਤਵੰਤੇ ਵਿਅਕਤੀਆਂ ਦੇ ਨਾਂਅ ਨਹੀਂ ਪਤਾ, ਪਰ ਨਸ਼ੇ ਦੇ ਸਾਰੇ ਸੌਦਾਗਰਾਂ ਦੀ ਸੂਚੀ ਦਿਲ ’ਤੇ ਛਪੀ ਹੋਈ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਪੀ ਨੇ ਪਿੰਡ ਗੋਦ ਲੈ ਨਸ਼ਾਮੁਕਤ ਕਰਨ ਦੀ ਗੱਲ ਆਖੀ ਪਰ ਅੱਜ ਤੱਕ ਨਸ਼ਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਨਸ਼ਿਆਂ ਦਾ ਫੈਲਾਅ ਹੋਰ ਵਧ ਗਿਆ।

  ਸਖ਼ਤ ਕਾਰਵਾਈ ਕਰਕੇ ਮਾਹੌਲ ਨੂੰ ਸੁਧਾਰਾਂਗੇ
ਪੁਲਿਸ ’ਚ ਸੈਟਿੰਗ ਕਲਚਰ ਅਤੇ ਨਸ਼ਿਆਂ ਬਾਰੇ ਪੁਲੀਸ ਰੇਂਜ ਬਠਿੰਡਾ ਦੇ ਆਈ.ਜੀ ਸ੍ਰੀ ਐਮ.ਐਸ ਛੀਨਾ ਨੇ ਆਖਿਆ ਕਿ ਮਾਮਲਾ ਹੁਣ ਧਿਆਨ ਵਿੱਚ ਆਇਆ ਹੈ। ਸਖ਼ਤ ਕਾਰਵਾਈ ਕਰਕੇ ਮਾਹੌਲ ਨੂੰ ਸੁਧਾਰਿਆ ਜਾਵੇਗਾ। ਜ਼ਿਲਂਾ ਸ੍ਰੀ ਮੁਕਤਸਰ ਦੇ ਹਾਲਾਤਾਂ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਸਭ ਕੁਝ ਦਰੁੱਸਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ। 

 ਜਨਤਾ ਖੁੱਲਂ ਕੇ ਐਸ.ਟੀ.ਐਫ਼. ਨੂੰ ਸਾਥ ਦੇਵੇ
ਐਸ.ਟੀ.ਐਫ਼ ਦੇ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਨੇ ਨਸ਼ਿਆਂ ਖਿਲਾਫ਼ ਜਨਤਾ ਖੁੱਲਂ ਕੇ ਸਾਹਮਣੇ ਆਵੇ ਅਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਐਸ.ਟੀ.ਐਫ਼. ਨੂੰ ਪੂਰਾ ਸਾਥ ਦੇਵੇ। 

No comments:

Post a Comment