25 March 2021

ਪਿਤਾ ਦੀ ਜ਼ਮੀਨ ਚੌਗੁਣੀ ਕਰਨ ਦੀ ਲਗਨ ਨੇ ਕਮਲਪ੍ਰੀਤ ਹੱਥੋਂ ਚਾਰ-ਚਾਰ ਰਿਕਾਰਡ ਤੁੜਵਾ ਦਿੱਤੇ

* ਕਬਰਵਾਲਾ ਦੀ ਕਮਲਪ੍ਰੀਤ ਦਾ ਰਿਕਾਰੜੁ ਤੋੜੂ ਸੁਭਾਅ ਬਣਿਆ ਓਲੰਪਿਕ ਦਾ ਗੇਟਵੇਅ

* ਹਰ ਮੁਕਾਬਲੇ ਨੂੰ ਸੋਨ ਤਮਗੇ ਅਤੇ ਰਿਕਾਰਡ ਤੋੜ ਦੇ ਬਣਾਇਆ ਇਤਿਹਾਸਕ 

* ਸਾਬਕਾ ਸੀ.ਐਮ. ਬਾਦਲ ਨੇ ਅੱਜ ਫੋਨ ’ਤੇ ਗੱਲ ਕਰਕੇ ਦਿੱਤੀ ਸ਼ਾਬਾਸ਼ 



ਇਕਬਾਲ ਸਿੰਘ ਸ਼ਾਂਤ
ਲੰਬੀ:  ਕਿਸਾਨ ਪਿਤਾ ਵੱਲੋਂ ਜੱਦੀ ਜ਼ਮੀਨ ਨੂੰ ਚੌਗੁਣਾ ਬਣਾਉਣ ਦੇ ਕਦਮਾਂ ’ਤੇ ਪੈਰ ਧਰਦੇ ਐਥਲੀਟ ਕਮਲਪ੍ਰੀਤ ਕੌਰ ਬੱਲ ਨੇ 4-4 ਰਿਕਾਰਡ ਤੋੜ ਕੇ ਲੰਬੀ ਹਲਕੇ ਦੇ ਸੇਮ ਪੀੜਤ ਪਿੰਡ ਕਬਰਵਾਲਾ ਲਈ ਓਲੰਪਿਕ ਦਾ ਬੂਹਾ ਖੋਲ ਦਿੱਤਾ। ਉਸਨੇ ਤਿਨ ਦਿਨ ਪਹਿਲਾਂ ਕਿ੍ਰਸ਼ਨਾ ਪੂਨੀਆ ਦਾ 64.76 (ਸਾਲ 2012) ਨੈਸ਼ਨਲ ਰਿਕਾਰਡ ਤੋੜ ਕੇ ਸਿੱਧਾ ਓਲੰਪਿਕ ’ਚ ਪ੍ਰਵੇਸ਼ ਪਾਇਆ ਹੈ। ਹੁਣ ਉਹ ਡਿਸਕਸ ਥਰੋਅ ’ਚ 65 ਮੀਟਰ ਸਕੋਰ ਪਾਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਐਥਲੇਟਿਕ ਹੈ। ਓਲੰਪਿਕ ਦਾ ਡਿਸਕਸ ਥਰੋਅ ’ਚ ਕੁਆਲੀਫਾਇੰਗ ਸਕੋਰ 63.50 ਮੀਟਰ ਹੈ। ਉਸਨੇ ਹੁਣ ਤੱਕ ਤਿੰਨ ਮੀਟ ਤੇ ਇੱਕ ਨੈਸ਼ਨਲ ਰਿਕਾਰਡ ਤੋੜਿਆ ਹੈ। ਕਰੀਬ 9 ਸਾਲਾਂ ’ਚ ਡਿਸਕਸ ਥਰੋਅ ’ਚ ਸਿਖ਼ਰਲੇ ਪੜਾਅ ’ਤੇ ਪੁੱਜਣ ਵਾਲੀ ਕਮਲਪ੍ਰੀਤ ਬੱਲ ਦਾ ਖੇਡ ਸਫ਼ਰ ਸੌਖਾ ਨਹੀਂ ਰਿਹਾ। 2017 ’ਚ ਖੇਡ ਦੌਰਾਨ ਲੱਗੀ ਸੱਟ ਦੇ ਲਗਾਤਾਰ ਦਰਦ ਨੇ ਉਸਨੂੰ ਲਗਪਗ ਹਰਾ ਦਿੱਤਾ ਸੀ। ਤਿੱਖੇ ਦਰਦ ਨੇ ਉਸਦੀ ਖੇਡ ਛੱਡਣ ਦੇ ਆਸਾਰ ਬਣਾ ਦਿੱਤੇ ਸਨ। ਉਹ ਆਖਦੀ ਹੈ ਕਿ ਉਸਨੂੰ ਪਿਤਾ ਕੁਲਦੀਪ ਸਿੰਘ ਬੱਲ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਠੇਕੇ ’ਤੇ ਵਾਹ ਕੇ ਜੱਦੀ ਸੱਤ ਏਕੜ ਜ਼ਮੀਨ ਨੂੰ 28 ਏਕੜ ਬਣਾਉਣ ਦਾ ਮਿਹਨਤੀ ਅਤੇ ਔਖਾ ਸਫ਼ਰ ਯਾਦ ਆਇਆ ਅਤੇ ਉਸਦੇ ਪਿੱਠ ਦਰਦ ਨੂੰ ਤਾਕਤ ਬਣਾ ਲਿਆ। ਪਿਤਾ ਦੀ ਉਸਾਰੂ ਮਿਹਨਤ ਦੀ ਪ੍ਰੇਰਨਾ ਬਣਾਉਣ ਸਦਕਾ ਕਮਲਪ੍ਰੀਤ ਬੱਲ ਨੇ ਜਿੱਤਾਂ ਦੀ ਲੜੀ 2014 ’ਚ ਜੂਨੀਅਰ ਨੈਸ਼ਨਲ ਡਿਸਕਸ ਥਰੋਅ 39 ਮੀਟਰ ਸਕੋਰ ਨਾਲ ਸੋਨ ਤਮਗੇ ਤੋਂ ਵਿੱਢੀ। ਉਸੇ ਸਾਲ ਸਕੂਲ ਗੇਮਜ਼ 42 ਮੀਟਰ ਸਕੋਰ ਨਾਲ ਸੋਨ ਤਮਗਾ ਅਤੇ 2016 ’ਚ ਓਪਨ ਨੈਸ਼ਨਲ ’ਚ ਸੋਨ ਤਮਗਾ ਫੁੰਡਿਆ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲਿਆਂ ’ਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਮਗੇ ਜਿੱਤ ਕੇ ਖੁਦ ਨੂੰ ਸਾਬਤ ਕੀਤਾ। ਲਗਾਤਾਰ ਜਿੱਤਾਂ ਨੂੰ ਹੱਥਾਂ ਦੀ ਕਰਾਮਾਤ ਬਣਾਉਣ ਵਾਲੀ ਕਮਲਪ੍ਰੀਤ ਬੱਲ ਨੂੰ ਰਿਕਾਰਡ ਤੋੜਨ ਦਾ ਜਿਵੇਂ ਸੁਭਾਅ ਹੀ ਪੈ ਗਿਆ। ਉਸਨੇ 2016 ’ਚ ਰਾਜਸਥਾਨ ਦੀ ਪਰਮਿਲਾ ਦਾ ਜੂਨੀਅਰ ਖੇਡਾਂ ’ਚ ਰਿਕਾਰਡ ਤੋੜਿਆ। 2107 ’ਚ ਉਸਨੇ ਹਰਵੰਤ ਕੌਰ ਵੱਲੋਂ ਸਾਲ 2001 ਵਿੱਚ ਕਾਇਮ ਕੀਤਾ ਕਰੀਬ 53 ਮੀਟਰ ਦਾ ਰਿਕਾਰਡ 55.11 ਮੀਟਰ ਸਕੋਰ ਨਾਲ ਤੋੜ ਸੁੱਟਿਆ। ਫਿਰ ਉਸਨੇ ਆਲ ਇੰਡੀਆ ਇੰਟਰ ਰੇਲਵੇ ਖੇਡਾਂ ’ਚ ਲਖਨਊ ਵਿਖੇ ਕਿ੍ਰਸ਼ਨਾ ਪੂਨੀਆ ਦਾ ਮੀਟ ਰਿਕਾਰਡ ਤੋੜਿਆ। ਉਲੰਪਿਕ ਪੁੱਜਣ ਲਈ 24ਵੇਂ ਨੈਸ਼ਨਲ ਫੈਡਰੇਸ਼ਨ ਕੱਪ ’ਚ ਡਿਸਕਥ ਥਰੋਅ ’ਚ ਕਿ੍ਰਸ਼ਨਾ ਪੂਨੀਆ ਦਾ ਪੁਰਾਣਾ ਰਿਕਾਰਡ ਹੀ ਉਸਦੇ ਗੇਟਵੇਅ ਬਣਿਆ। ਉਹ ਰੋਜ਼ਾਨਾ ਅੱਠ ਘੰਟੇ ਪ੍ਰੈਕਟਿਸ ਕਰਦੀ ਹੈ ਅਤੇ ਉਸਨੂੰ ਖੁਸ਼ੀ ਹੈ ਕਿ ਹੁਣ ਉਸਦਾ ਪਿੰਡ ਕਬਰਵਾਲਾ ਅਣਗੌਲਿਆ ਨਹੀਂ ਰਿਹਾ। ਲੋਕਾਂ ਨੂੰ 'ਕਬਰਾਂ' ਦੇ ਭੁਲੇਖੇ ਪਾਉਣ ਵਾਲਾ ਸੇਮ ਪੀੜਤ ਪਿੰਡ ਕਬਰਵਾਲਾ ਹੁਣ ਓਲੰਪਿਕ ਖੇਡ ’ਚ ਆਪਣੀ ਪੁਗਤ ਬਣਾ ਗਿਆ ਹੈ। ਉਸਨੂੰ ਯਕੀਨ ਹੈ ਕਿ ਉਹ ਤਮਗਾ ਜਿੱਤ ਕੇ ਦੇਸ਼ ਅਤੇ ਪਿੰਡ ਦਾ ਮਾਣ ਜਰੂਰ ਵਧਾਏਗੀ। ਉਸਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਸਦੀ ਪ੍ਰਾਪਤੀ ਤੋਂ ਬੇਹੱਦ ਪ੍ਰਸੰਨ ਹਨ। ਜਿਨਾਂ ਨੇ ਉਸਦੇ ਨਾਲ ਫੋਨ ’ਤੇ ਗੱਲ ਕਰਕੇ ਉਸਦਾ ਹੌਂਸਲਾ ਵਧਾਉਂਦੇ ਓਲੰਪਿਕ ਜਿੱਤਣ ਦੇ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਕਿਹਾ। ਉਹ ਆਖਦੀ ਕਿ ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਉਸਨੂੰ ਮਾਣ ਬਖਸ਼ਿਆ। ਅੱਜ ਖੇਡ ਮੰਤਰੀ ਰਾਣਾ ਸੋਢੀ ਅਤੇ ਅਕਾਲੀ ਦਲ ਦੇ ਕੌਮੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਫੋਨ ਵੀ ਆਇਆ ਸੀ। ਕਮਲਪ੍ਰੀਤ ਕੌਰ ਬੱਲ ਦਾ ਕਹਿਣਾ ਹੈ ਕਿ ਉਸਨੂੰ ਖੇਡਾਂ ’ਚ ਲਗਾਤਾਰਤਾ ਬਣਾਏ ਰੱਖਣ ਲਈ ਸਰਕਾਰੀ ਨੌਕਰੀ ਦੀ ਜ਼ਰੂਰਤ ਹੈ। ਉਸਦੀ ਪਿਤਾ ਦੀ ਮਿਹਨਤ ਦਾ ਸਿੱਟਾ 27 ਏਕੜ ਦੀ ਉਸਦੇ ਪਰਿਵਾਰ ਦੀ ਇਮਾਨਦਾਰੀ ਦਾ ਮਾਣ ਹੈ ਪਰ ਉਹ ਆਪਣੇ ਹੱਥੀਂ ਵਜੂਦ ਸਿਰਜਣ ਦੀ ਭਾਈਵਾਲੀ ਹੈ। ਜਿਸ ਵਿੱਚ ਸਰਕਾਰੀ ‘ਹੌਂਸਲਾ’ (ਨੌਕਰੀ) ਅਤੇ ਕਦਮ ਬੇਹੱਦ ਜ਼ਰੂਰੀ ਹਨ। 

No comments:

Post a Comment