09 July 2021

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਕਲੰਕ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ/ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ‘ਨਸ਼ਾ ਮੁਕਤ’ ਪੰਜਾਬ ’ਚ ਸਿਆਸੀ ਅਤੇ ਪ੍ਰਸ਼ਾਸਨਿਕ ਮਾੜੇਪਨ ਕਾਰਨ ਨੌਜਵਾਨੀ ਦੇ ਬਾਅਦ ਨਸ਼ਿਆਂ ਦੇ ਕੋਹੜ ਨੇ ਹੱਸਦੇ-ਖੇਡਦੇ ਬਚਪਨ ਨੂੰ ਵੀ ਵਾਢਾ ਲਗਾ ਲਿਆ ਹੈ। ਮੌਜੂਦਾ ਮੁੱਖ ਮੰਤਰੀ ਦੇ ਚੋਣ ਹਲਕੇ ਲੰਬੀ ਵਿਖੇ ਨਸ਼ਿਆਂ ਦੀ ਰਾਜਧਾਨੀ ਅਖਵਾਉਂਦੇ ਤੱਪਾਖੇੜਾ ’ਚ 13 ਸਾਲਾ ਲੜਕਾ ਲਖਵਿੰਦਰ ਸਿੰਘ ਚਿੱਟਾ ਨਸ਼ੇ ਦਾ ਟੀਕਾ ਲਗਾਉਣ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ। 

ਵੱਡ ਉਮਰੇ ਨਸ਼ੇੜੀਆਂ ਦੀ ਸੰਗਤ ਨੇ ਗਰਕਿਆ ਲਖਵਿੰਦਰ

ਲਖਵਿੰਦਰ ਪਿਛਲੇ ਕਰੀਬ ਦੋ ਸਾਲਾਂ ਤੋਂ ਨਸ਼ਾ ਕਰਨ ਵਾਲੇ ਉਸਤੋਂ ਵੱਡੀ ਉਮਰ ਦੇ ਨੌਜਵਾਨਾਂ ਦੇ ਸੰਪਰਕ ਵਿੱਚ ਸੀ। ਨਸ਼ੇ ਦੀ ਓਵਰ ਡੋਜ਼ ਕਰਨ ਹਾਲਤ ਵਿਗੜਨ ’ਤੇ ਲਖਵਿੰਦਰ ਨੂੰ ਉਸਦੇ ਨਸ਼ੇੜੀ ਸਾਥੀ ਘਰ ਦੇ ਬੂਹੇ ’ਤੇ ਗਲੀ ’ਚ ਸੁੱਟ ਕੇ ਤੁਰਦੇ ਬਣੇ। ਜਦ ਤੱਕ ਗਲੀ ਵਾਲਿਆਂ ਨੇ ਉਸਨੂੰ ਸੰਭਾਲਿਆ ਤਾਂ ਲਖਵਿੰਦਰ ਦੇ ਪ੍ਰਾਣ-ਪਖੇਰੂ ਹੋ ਚੁੱੱਕੇ ਹਨ ਅਤੇ ਉਸਦੀ ਟੀਕਾ ਲੱਗਣ ਕਰਕੇ ਬਾਂਹ ਦੀ ਨਾਢ ਫੁੱਲੀ ਹੋਈ ਸੀ ਅਤੇ ਲਹੂ ਰਿਸ ਰਿਹਾ ਸੀ। ਪੰਜਾਬ ਦੇ ਸਿਆਸੀ, ਪ੍ਰਸ਼ਾਸਨਿਕ ਅਤੇ ਸਮਾਜਿਕ ਤੰਤਰ ਦੀ ਸਿਤਮਜਰੀਫ਼ੀ ਹੈ ਕਿ ਸੱਤਵੀਂ ਜਮਾਤ ਦਾ ਪਿਉ ਬਾਹਰਾ ਨਾਬਾਲਗ ਅਤੇ ਨਾਸਮਝ ਲਖਵਿੰਦਰ ਪਿੰਡ ਦੇ ਨਸ਼ੇੜੀਆਂ ਦੇ ਅੜਿੱਕੇ ਚੜ ਗਿਆ ਅਤੇ ਵਿਧਵਾ ਮਾਂ ਦੀਆਂ ਦੁਸ਼ਵਾਰੀਆਂ ਨੂੰ ਮੁੜ ਤੋਂ ਹਨੇਰੀ ਭਵਿੱਖ ਦੇ ਰਾਹ ਪਾ ਗਿਆ। ਇਹ ਘਟਨਾ ਸਿੱਧੇ ਤੌਰ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਵੱਡਾ ਕਲੰਕ ਹੈ। 

ਸ਼ਮਸ਼ਾਨ ਘਾਟ ਸਜਦੀਆਂ ਮਹਿਫ਼ਿਲਾਂ, ਬਾਪ ਸੱਤ ਪਹਿਲਾਂ ਮੁੱਕ ਗਿਆ ਸੀ

ਜਾਣਕਾਰੀ ਅਨੁਸਾਰ ਲਖਵਿੰਦਰ ਦੇ ਪਿਤਾ ਰਣਜੀਤ ਸਿੰਘ ਦੀ ਕਰੀਬ ਸੱਤ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਂ, ਵੱਡੀ ਭੈਣ ਅਤੇ ਛੋਟੇ ਭਰਾ ਨਾਲ ਨਾਨਕੇ ਪਿੰਡ ਤੱਪਾਖੇੜਾ ’ਚ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਸਕੂਲ ਦੇ ਨੇੜੇ ਸ਼ਮਸ਼ਾਨ ਘਾਟ ’ਚ ਨਸ਼ੇੜੀਆਂ ਦੀਆਂ ਮਹਿਫ਼ਿਲਾਂ ਸਜਦੀਆਂ ਹਨ। ਉਸਦੀ ਵਿਧਵਾ ਮਾਂ ਪਰਮਜੀਤ ਕੌਰ ਦਿਹਾੜੀ ਮਜ਼ਦੂਰ ਕਰਕੇ ਬੱਚਿਆਂ ਨੂੰ ਪਾਲਦੀ ਹੈ। 

ਲੰਬੀ ਦੇ ਪਿੰਡ-ਪਿੰਡ ’ਚੱਟਾ ਨਸ਼ੇ ਦਾ ਕੋਹੜ

ਉਂਝ ਤਾਂ ਲੰਬੀ ਹਲਕੇ ਦੇ ਪਿੰਡ-ਪਿੰਡ ’ਚ ਚਿੱਟਾ ਨਸ਼ੇ ਦਾ ਕੋਹੜ ਫੈਲ ਚੁੱਕਿਆ ਹੈ। ਲੰਬੀ ਹਲਕੇ ਵਿੱਚ ਬੀਤੇ ਹਫ਼ਤੇ ’ਚ ਪਿੰਡ ਕਿੱਲਿਆਂਵਾਲੀ ਅਤੇ ਵੜਿੰਗਖੇੜਾ ਵਿਖੇ ਵੀ  ਚਿੱਟੇ ਨਸ਼ੇ ਦੇ ਕਾਰਨ ਦੋ ਮੌਤ ਹੋਈਆਂ ਹਨ। ਤੱਪਾਖੇੜਾ ਵਿੱਚ ਤਾਂ ਖੁੱਲੇਆਮ ਚਿੱਟਾ ਨਸ਼ਾ ਖੁੱਲੇਆਮ ਵਿਕਦਾ ਹੈ। ਇੱਥੇ ਬਹੁਤੇ ਘਰਾਂ ’ਚ ਸ਼ਰੇਆਮ ਚਿੱਟਾ ਨਸ਼ੇ ਦੀਆਂ ਦੀ ਵਿਕਰੀ ਹੁੰਦੀ ਹੈ ਅਤੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ। 

ਦਸ-ਦਸ ਸਾਲਾ ਲੜਕੇ ਚਿੱਟਾ ਨਸ਼ੇ ਦੇ ਆਦੀ 

ਪਿੰਡ ਵਾਸੀਆਂ ਅਨੁਸਾਰ ਸਿਰਫ਼ ਲਖਵਿੰਦਰ ਹੀ ਨਹੀਂ, ਗਰੀਬ ਘਰਾਂ ਦੇ ਦਸ-ਦਸ ਸਾਲਾਂ ਦੇ ਲੜਕੇ ਖੇਡਣ ਕੁੱਦਣ ਅਤੇ ਪੜਨ ਦੀ ਉਮਰ ’ਚ ਚਿੱਟਾ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਾਂ ਨਸ਼ਾ ਵਿਕਰੀ ਏਜੰਟ ਬਣਾ ਦਿੱਤੇ ਹਨ। ਜਿਨਾਂ ਹੱਥੀਂ ਸਸਤੇ ਰੇਟਾਂ ’ਤੇ ਸੌ-ਦੋ ਸੌ ਰੁਪਏ ਟੀਕਾ ਵੇਚਿਆ ਜਾਂਦਾ ਹੈ। ਦੂਰੋਂ-ਦੂਰੋਂ ਅਮੀਰ ਘਰਾਂ ਦੇ ਕਾਕੇ ਇਨਾਂ ਤੋਂ ਪੰਜ-ਸੱਤ ਸੌ ਰੁਪਏ ਪ੍ਰਤੀ ਡੋਜ਼ ਖਰੀਦਣ ਆਉਂਦੇ ਹਨ। ਪਿੰਡ ਦੇ ਕਾਫ਼ੀ ਗਿਣਤੀ ਨੌਜਵਾਨ ਵੀ ਨਸ਼ੇ ਦੀ ਮਾਰ ਹੇਠ ਹਨ। ਦੋ ਘਰ ਚਿੱਟਾ ਨਸ਼ਾ ਵੇਚਣ ਲਈ ਬੇਹੱਦ ਬਦਨਾਮ ਦੱਸੇ ਜਾਂਦੇ ਹਨ। ਜਿਨਾਂ ਆਲੇ-ਦੁਆਲੇ ਪੁਲਿਸ ਤੋਂ ਅਗਾਊਂ ਬਚਾਅ ਖਾਤਰ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ। 

ਨਸ਼ੇ ਖੁੱਲੇਆਮ ਵਿਕਦੇ, ਪੁਲਿਸ ਦੇ ਕਾਨੂੰਨੀ ‘ਹੱਥ’ ਖਾਲੀ, ਜੇਬਾਂ....

ਬੀਤੇ ਹਫ਼ਤੇ ਉਕਤ ਨਸ਼ਾ ਤਸਕਰ ਦੇ ਘਰ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਅਬੁੱਲਖੁਰਾਣਾ ਦਾ ਇੱਕ ਨੌਜਵਾਨ ਨਸ਼ਾ ਤਸਕਰ ਦੇ ਘਰ ਬੇਹੋਸ਼ ਹੋ ਗਿਆ ਸੀ। ਮਾਪਿਆਂ ਨੂੰ ਉਸਨੂੰ ਜੀਪ ਲੱਦ ਕੇ ਘਰ ਲਿਜਾਣਾ ਪਿਆ ਸੀ। ਕੱਲ ਦੇਰ ਸ਼ਾਮ 13 ਸਾਲਾ ਲੜਕੇ ਦੀ ਮੌਤ ਨੇ ਆਮ ਲੋਕਾਂ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਪੁਲਿਸ ਨੂੰ ਨਸ਼ੇ ਦੇ ਸੌਦਾਗਰਾਂ ਦੀ ਸਮੁੱਚੀ ਜਾਣਕਾਰੀ ਹੈ ਪਰ ਉਹ ਵੀ ਨਸ਼ਾ ਤਸਕਰਾਂ ਮੂਹਰੇ ਬੇਵੱਸ ਹੈ। ਜਨਤਾ ਅਨੁਸਾਰ ਪੁਲਿਸ ਤਸਕਰਾਂ ਨਾਲ ਮਿਲੀ ਹੋਈ ਹੈ, ਪਰ ਇਹ ਸਮਾਜਿਕ ਦੁਖਾਂਤ ਅਤੇ ਸਰਕਾਰੀ ਘੋਖ ਦਾ ਵਿਸ਼ਾ ਹੈ। ਪੁਲਿਸ ਅਨੁਸਾਰ ਘਟਨਾ ਤੋਂ ਪਹਿਲਾਂ ਕੱਲ ਤੜਕੇ ਪਿੰਡ ਘੇਰ ’ਤੇ ਛਾਪੇ ਮਾਰੇ ਗਏ ਸਨ। ਨਜਾਇਜ਼ ਸ਼ਰਾਬ ਦੇ ਇਲਾਵਾ ਕੁਝ ਬਰਾਮਦ ਨਹੀਂ ਹੋਇਆ। ਸਭ ਤੋਂ ਵੱਡਾ ਦੁਖਾਂਤ ਹੈ ਕਿ ਸਾਰਾ ਪਿੰਡ ਚੀਖ ਚੀਖ ਕੇ ਤੱਪਾਖੇੜਾ ’ਚ ਨਸ਼ਾ ਵਿਕਣ ਦੀ ਦੁਹਾਈ ਦਿੰਦਾ ਹੈ ਪਰ ਮੁੱਠੀ ਭਰ ਨਸ਼ਾ ਤਸਕਰਾਂ ਦੇ ਗੈਂਗਾਂ ਅਤੇ ਖ਼ਤਰਨਾਕ ਇਰਾਦਿਆਂ ਮੂਹਰੇ ਡਟਣ ਲਈ ਕੋਈ ਤਿਆਰ ਨਹੀਂ। ਜੇਕਰ ਪੁਲਿਸ ਅਤੇ ਪਿੰਡ ਵਾਸੀ ਇੱਛਾਸ਼ਕਤੀ ਵਿਖਾਉਣ ਤਾਂ ਨਸ਼ਾ ਤਸਕਰੀ ਨੂੰ 24 ਘੰਟਿਆਂ ’ਚ ਨੇਸਤੋ-ਨਾਬੂਤ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਖਾਮੀ ਹੈ ਕਿ ਮਿ੍ਰਤਕ ਲਖਵਿੰਦਰ ਸਿੰਘ ਦਾ ਵਗੈਰ ਪੋਸਟਮਾਰਟਮ ਦੇ ਅੰਤਮ ਸਸਕਾਰ ਕਰ ਦਿੱਤਾ ਗਿਆ। 

ਅੰਨੇਵਾਹ ਨਸ਼ਾ ਵਿਕਦਾ: ਸਰਪੰਚ

ਸਰਪੰਚ ਸੁਖਮੰਦਰ ਸਿੰਘ ਨੇ ਕਿਹਾ ਕਿ ਤੱਪਾਖੇੜਾ ’ਚ ਅੰਨੇਵਾਹ ਨਸ਼ਾ ਵਿਕਦਾ ਹੈ। ਪੁਲਿਸ ਆਖਦੀ ਕਿ ਨਸ਼ਾ ਸਮੇਤ ਬੰਦਾ ਫੜਾਓ। ਪਿੰਡ ਲਈ ਨਸ਼ੇ ਵੱਡੀ ਤ੍ਰਾਸਦੀ ਹਨ ਅਤੇ ਪਿੰਡ ਬਰਬਾਦੀ ਦੀ ਰਾਹ ’ਤੇ ਹੈ। ਅਸੀਂ ਕੀ ਕਰਦੇ ਸਕਦੇ ਹਾਂ। 

 ਲੜਕੇ ਦੀ ਮੌਤ ਬਾਰੇ ਪੁਲਿਸ ਨੂੰ ਸੂਚਨਾ ਨਹੀਂ

ਲੰਬੀ ਥਾਣਾ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਕੱਲ ਹੀ ਤੱਪਾਖੇੜਾ ’ਚ 80-90 ਮੁਲਾਜਮਾਂ ਨਾਲ ਬਹੁਤ ਘਰਾਂ ’ਚ ਛਾਪਾ ਮਾਰਿਆ ਸੀ। 13 ਸਾਲਾ ਲੜਕੇ ਦੀ ਮੌਤ ਬਾਰੇ ਪੁਲਿਸ ਨੂੰ ਕੋਈ ਸੂਚਨਾ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਝ ਗਿਆ ਹੈ ਕਿ ਕਿਸੇ ਨੇ ਇਸ ਵੱਡੀ ਘਟਨਾ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਜਾਂ ਪੁਲਿਸ ਦੀਆਂ ਸੁੱਤੀਆਂ ਅੱਖਾਂ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ।    

ਡੀ.ਜੀ.ਪੀ/ਐਸ.ਐਸ.ਪੀ. ਮੋਬਾਇਲ ਫੋਨ ਸੁਣਨ ਨੂੰ ਮੁਨਕਰ

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਹਿਲਾ  ਐਸ.ਐਸ.ਪੀ. ਡੀ. ਸੂਡਰਵਿੱਲੀ ਨੇ ਰਵਾਇਤੀ ਸੁਭਾਅ ਮੁਤਾਬਕ ਅੱਜ ਵੀ ਗੰਭੀਰ ਮਸਲੇ ’ਤੇ ਫੋਨ ਕਾਲ ਰਸੀਵ ਨਹੀਂ ਕੀਤੀ। ਉਹ ਪਹਿਲਾਂ ਵੀ ਆਮ ਲੋਕਾਂ ਦੇ ਫੋਨ ਕਾਲ ਰਸੀਵ ਨਹੀਂ ਕਰਦੇ। ਆਮ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਨਤਕ ਫਰਜ਼ਾਂ ਵਾਲੇ ਅਹੁਦਿਆਂ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਵੀ ਮੋਬਾਇਲ ਕਾਲ ਨਹੀਂ ਰਸੀਵ ਕੀਤੀ। 

ਅਮਰਿੰਦਰ ਸਿੰਘ ਤੋਂ ਵੱਡਾ ਸੁਆਲ

ਸੂਬੇ ਦੇ ਦਰਦਰਨਾਕ ਅਤੇ ਨਿੱਘਰ ਚੁੱਕੇ ਮਾੜੇ ਹਾਲਾਤ ਅਮਰਿੰਦਰ ਸਿੰਘ ਤੋਂ ਸਿਆਸੀ ਹਿੱਤਾਂ ਵਾਲੀ ਧਾਰਮਿਕ ਸਹੁੰਆਂ ਬਾਰੇ ਚੀਕ-ਚੀਕ ਕੇ ਜਵਾਬ ਮੰਗ ਰਹੇ ਹਨ ਕਿ ਮੁੱਖ ਮੰਤਰੀ ਲਈ ‘ਸੀਤਾਫ਼ਲ’ ਜ਼ਰੂਰੀ ਹਨ ਜਾਂ ਪੰਜਾਬ ਦੀ ਨੌਜਵਾਨੀ ਅਤੇ ਬਚਪਨ ਦੀ ਸੁੱਖ-ਸਾਂਦ ਅਤੇ ਚੜਦੀ ਕਲਾ। ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ਵਿੱਚ ਨਸ਼ਾ ਮੁੱਕਣਾ ਤਾਂ ਕੀ ਛੋਟੇ-ਛੋਟੇ ਜੁਆਕਾਂ ਦੇ ਬਚਪਨ ਵਿੱਚ ਨਸ਼ਾ ਵੜ ਗਿਆ ਹੈ। ਆਰਥਿਕ ਮੰਦਹਾਲੀ ’ਚ ਬਹੁਗਿਣਤੀ ਮਾਪੇ ਰੁਜ਼ਗਾਰ ਦੀ ਗੁੰਝਲ ’ਚ ਫਸ ਗਏ ਅਤੇ ਨਵੀਂ ਪਨੀਰੀ। ਮਾਪਿਆਂ ਦੇ ਲਗਾਤਾਰ ਧਿਆਨ ਨਾ ਦੇਣ ਕਰਕੇ ਨੌਜਵਾਨ ਬਦਮਾਸ਼ੀ ਅਤੇ ਨਸ਼ਿਆਂ ਦੀ ਭੇਟ ਚੜ ਕੇ ਅਜੋਕੇ ਦੌਰ ਦੇ ‘ਨਸ਼ੇੜੀ ਅਤੇ ਨਪੁੰਸਕ ਯੋਧੋ’ ਸਾਬਤ ਹੋ ਰਹੇ ਹਨ। ਅਜਿਹਾ ਹੇਠਲੇ ਦਰਜੇ ਦਾ ਸਿਸਟਮ ਅਮਰਿੰਦਰ ਸਿੰਘ ਨੂੰ ਪਲਾਂ ’ਚ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਸ਼ਾਹਦੀ ਭਰਦਾ ਹੈ। M. No. 93178-26100



   

No comments:

Post a Comment