26 May 2013

ਰਾਹੁਲ ਦੇ 'ਦੱਬਕੇ' ਮਗਰੋਂ ਕਾਂਗਰਸੀਆਂ ਲਈ 'ਸ਼ਿਮਲਾ' ਬਣਿਆ ਪਿੰਡ ਮਾਨਾ

                                            ਇਕਬਾਲ ਸਿੰਘ ਸ਼ਾਂਤ
         ਲੰਬੀ, 25 ਮਈ : ਪੰਜਾਬ ਦੀ ਮੌਜੂਦਾ ਸਿਆਸਤ ਤਪਦੇ ਮਸਲਿਆਂ ਤੋਂ ਲਗਾਤਾਰ ਅਵੇਸਲੀ ਹੁੰਦੀ ਜਾ ਰਹੀ ਹੈ। ਅਤਿ ਦੀ ਗਰਮੀ 'ਚ ਵੋਟਾਂ ਦੀ ਖਾਤਰ ਆਮ ਲੋਕਾਂ ਵਿਚਕਾਰ ਫਿੱਕ ਅਤੇ ਫੁੱਟ ਪੁਆ ਕੇ ਸਮੁੱਚਾ ਉੱਚ ਪੱਧਰੀ ਸਿਆਸੀ ਤਾਣਾ-ਬਾਣਾ ਏਅਰ ਕੰਡੀਸ਼ਨਡ ਕਮਰਿਆਂ 'ਚ ਠੰਡਕ ਮਾਣ ਰਿਹਾ ਹੈ। ਪੰਜਾਬ ਦੀਆਂ ਗੂੜ੍ਹੀਆਂ ਭਾਈਚਾਰਕ ਤੰਦਾਂ ਨੂੰ ਵੋਟਾਂ ਦੇ ਗੇੜ 'ਚ 'ਜਹਿਰਵਾਦ' ਦੀ ਚਰਮ ਸੀਮਾ 'ਤੇ ਲਿਜਾਣ ਵਾਲੇ ਪਿੰਡ ਮਾਨਾ ਕਾਂਡ ਦੇ ਦੁਖਾਂਤ ਬਾਰੇ ਘੋਖਣ/ਸੋਚਣ ਦਾ ਸਮਾਂ ਸੂਬਾਈ ਸਿਆਸਤ ਦੀਆਂ ਨੀਲੇ-ਕੇਸਰੀ ਅਤੇ ਚਿੱਟੇ ਬਾਣੇ ਵਾਲੀਆਂ ਦੋਵੇਂ ਸਿਆਸੀ ਧੁਰੀਆਂ ਕੋਲ ਨਹੀਂ। 

        ਬੀਤੀ 19 ਮਈ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਕੂਮਤੀ ਹਲਕੇ ਲੰਬੀ ਦੇ ਪਿੰਡ ਮਾਨਾਂ 'ਚ ਅਕਾਲੀ ਦਲ ਅਤੇ ਕਾਂਗਰਸੀਆਂ ਵਿਚਕਾਰ ਹੋਏ ਖੂਨੀ ਟਾਕਰੇ ਦੇ ਬਾਅਦ ਅੱਜ ਤੱਕ ਸੂਬੇ ਦੀ ਕਿਸੇ ਸਿਆਸੀ ਪਾਰਟੀ ਦਾ ਵੱਡਾ ਲੀਡਰ ਪਿੰਡ ਮਾਨਾ 'ਚ ਘਟਨਾ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਨਹੀਂ ਪੁੱਜਿਆ। 
ਗੌਰਤਲਬ ਹੈ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪਿਛਲੇ ਤਿੰਨ-ਚਾਰ ਦਿਨ ਤੋਂ ਪਿੰਡ ਮਾਨਾ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਸਥਿਤ ਆਪਣੇ ਜੰਦੀ ਪਿੰਡ ਬਾਦਲ 'ਚ ਵਿਚਰਦੇ ਰਹੇ ਹਨ ਪਰ ਉਨ੍ਹਾਂ ਨੇ ਪਿੰਡ ਮਾਨਾ ਵੱਲ ਰੁੱਖ ਕਰਨ ਦੀ ਜ਼ਰੂਰਤ ਨਹੀਂ ਸਮਝੀ। ਹਾਲਾਂਕਿ ਅਜੇ ਵੀ ਪੁਲੀਸ ਅਮਲਾ ਵੱਡੀ ਗਿਣਤੀ ਵਿਚ  ਮਾਨਾ ਵਿਖੇ ਤਾਇਨਾਤ ਹੈ। ਆਮ ਜਨਤਾ ਵਿਚ ਸਿਆਸੀ ਹਿੱਤਾਂ ਕਰਕੇ ਵਾਪਰੇ ਉਕਤ ਮਾਮਲੇ ਖੂਨੀ ਘਟਨਾਕ੍ਰਮ ਤੋਂ ਸਿਆਸੀ ਲੋਕਾਂ ਵੱਲੋਂ ਹੌਲੇਪਨ 'ਚ ਲੈਣ ਪ੍ਰਤੀ ਗਹਿਰਾ ਰੋਸ ਹੈ। 

 ਇਸ ਤਪਦੇ ਮਸਲੇ 'ਤੇ ਇੱਕ ਪੂਰੇ ਇੱਕ ਹਫ਼ਤੇ ਬਾਅਦ ਹੁਣ ਪੰਜਾਬ ਕਾਂਗਰਸ ਦੀ ਹਾਈਕਮਾਂਡ ਦੀ ਜਾਗ ਖੁਲ੍ਹੀ ਹੈ 
ਅਤੇ ਪੰਜਾਬ ਕਾਂਗਰਸ ਦੇ ਮਝੈਲ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਰਸੋਂ 27 ਮਈ ਨੂੰ ਸਵੇਰੇ 10 ਵਜੇ ਪਿੰਡ ਮਾਨਾ ਪੁੱਜ ਕੇ ਪੁਲੀਸ ਕੇਸਾਂ ਦੀ ਮਾਰ ਹੇਠ ਆਏ ਕਾਂਗਰਸ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ, ਉਥੇ ਪੰਜਾਬ ਕਾਂਗਰਸ ਦੇ 'ਬੁੱਢੇ ਸ਼ੇਰ' ਕੈਪਟਨ ਅਮਰਿੰਦਰ ਸਿੰਘ ਨੇ 'ਰੁਝੇਵਿਆਂ' 'ਚੋਂ ਸਮਾਂ ਕੱਢ ਕੇ ਅੱਜ ਇੱਕ ਗਰਮਾ-ਗਰਮ ਬਿਆਨ ਜਾਰੀ ਕੀਤਾ ਹੈ।
ਪਤਾ ਲੱਗਿਆ ਹੈ ਕਿ ਚੋਣਾਂ ਦੌਰਾਨ ਵਾਪਰੇ ਮਾਨਾ ਕਾਂਡ ਦਾ ਮਾਮਲਾ ਨਵੀਂ ਦਿੱਲੀ 'ਚ ਕਾਂਗਰਸ ਹਾਈਕਮਾਂਡ ਦੇ ਕੰਨਾਂ ਤੱਕ ਜਾ ਪੁੱਜਿਆ। ਜਿਸਦੇ ਬਾਅਦ ਪਾਰਟੀ ਦੇ ਦਾਦੀ ਸਟਾਈਲ 'ਚ ਨਵੇਂ-ਨਵੇਂ 'ਸਖ਼ਤ' ਹੋਏ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸੂਬਾਈ ਕਾਂਗਰਸ ਤੋਂ ਉਕਤ ਮਾਮਲੇ ਸਬੰਧੀ ਤਿੱਖੀ ਜਵਾਬ ਤਲਬੀ ਕੀਤੀ। ਜਿਸਦੇ ਬਾਅਦ ਬਾਦਲਾਂ ਦੇ ਹਲਕੇ ਲੰਬੀ 'ਚ ਵੜਨੋਂ ਟਾਲਾ ਵੱਟਦੇ ਕਾਂਗਰਸ ਦੇ ਸੂਬਾਈ ਆਗੂਆਂ ਦੇ ਦਿਲੋ-ਦਿਮਾਗ ਉੱਪਰ ਮਾਨਾ ਕਾਂਡ ਤਰੋ-ਤਾਜ਼ਾ ਹੋ ਆਇਆ ਹੈ ਅਤੇ ਹੁਣ ਕਾਂਗਰਸ ਦੇ ਪ੍ਰਮੁੱਖ ਆਗੂ ਮਾਨਾ ਪਿੰਡ ਨੂੰ ਵਹੀਰਾ ਘੱਤਣ ਨੂੰ ਉਤਾਵਲੇ ਹੋਏ ਪਏ ਹਨ। ਜਿਨ੍ਹਾਂ ਵਿਚ ਤੇਜ਼ ਤਰਾਰ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵੀ ਸ਼ਾਮਲ ਦੱਸੇ ਜਾਂਦੇ ਹਨ। ਜਿਨ੍ਹਾਂ ਦੇ ਵੀ ਇੱਕ-ਦੋ ਦਿਨਾਂ 'ਚ ਆਉਣ ਦੀ ਉਮੀਦ ਹੈ। 

ਕਾਂਗਰਸ ਦੇ ਸੂਬਾਈ ਹਾਈਕਮਾਂਡ ਵੱਲਂੋ ਪਿੰਡ ਮਾਨਾ ਵੱਲ ਉਕਤ ਕਦਮ ਉਦੋਂ ਪੁੱਟਿਆ ਗਿਆ ਹੈ ਜਦੋਂ ਬੀਤੀ 19 ਮਈ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੇ ਟਾਕਰੇ ਵਿਚ ਫੂਕੀਆਂ ਤੇ ਭੰਨੀਆਂ 8 ਕਾਰਾਂ ਅਤੇ ਇੱਕ ਮੋਟਰ ਸਾਇਕਲ ਲੰਬੀ ਥਾਣੇ ਦੇ ਮਾਲਖਾਨੇ 'ਚ ਪਹੁੰਚਾਏ ਜਾ ਚੁੱਕੇ ਹਨ। ਜਦੋਂਕਿ ਲੰਬੀ ਪੁਲੀਸ ਵੱਲੋਂ 12 ਭਰ ਸੰਗੀਨ ਧਾਰਾਵਾਂ ਵਾਲੇ ਦਰਜ ਪਰਚੇ 'ਚ ਪਿੰਡ ਮਾਨਾ ਦੇ 24 ਵਿਅਕਤੀਆਂ ਨੂੰ ਨਾਮਜਦ ਕਰਨ ਅਤੇ 150 ਅਣਪਛਾਤੇ ਕਾਨੂੰਨੀ ਸ਼ਿਕੰਜੇ ਦੇ ਗੇੜ 'ਚ ਆਉਣ ਕਰਕੇ ਪਿੰਡ ਦੇ ਬਹੁਗਿਣਤੀ ਕਾਂਗਰਸ ਆਗੂ ਅਤੇ ਵਰਕਰ ਆਪਣੇ ਪਰਿਵਾਰਾਂ ਸਮੇਤ ਗਾਇਬ ਹਨ ਅਤੇ ਰੂਪੋਸ਼ ਹੋ ਕੇ ਕਾਨੂੰਨੀ ਚਾਰਾਜੋਈ ਵਿਚ ਰੁੱਝੇ ਹੋਣ ਕਰਕੇ ਉਨ੍ਹਾਂ ਦੇ ਘਰ ਦੇ ਬੂਹਿਆਂ 'ਤੇ ਜਿੰਦਰੇ ਲਟਕੇ ਹੋਏ ਹਨ। ਅਜਿਹੇ ਵਿਚ 7 ਦਿਨ ਬਾਅਦ ਹੁਣ ਕੌਮੀ ਹਾਈਕਮਾਂਡ ਮੂਹਰੇ 'ਅੱਛਾ' ਬਣਨ ਅਤੇ ਪਾਰਟੀ ਰਿਕਾਰਡ ਲਈ ਅਖ਼ਬਾਰਾਂ ਦੀ ਸੁਰਖੀਆਂ 'ਚ ਆਉਣ ਤੋਂ ਜ਼ਿਆਦਾ ਕੁਝ ਨਹੀਂ ਜਾਪਦਾ । 

ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ 27 ਮਈ ਨੂੰ ਪਿੰਡ ਮਾਨਾ 'ਚ ਸੰਭਾਵੀ ਫੇਰੀ ਲਈ ਅੱਜ ਪਿੰਡ ਬਾਦਲ ਵਿਖੇ ਹਲਕਾ ਇੰਚਾਰਜ਼ ਸ: ਮਹੇਸ਼ਇੰਦਰ ਸਿੰਘ ਬਾਦਲ ਦੀ ਰਿਹਾਇਸ਼ 'ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਸ੍ਰੀ ਬਾਜਵਾ ਦੀ ਫੇਰੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਹਲਕਾ ਇੰਚਾਰਜ਼ ਮਹੇਸ਼ਇੰਦਰ ਸਿੰਘ ਬਾਦਲ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ 'ਰਾਜਾ ਵੜਿੰਗ', ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਧੀਰਾ ਖੁੱਡੀਆਂ ਸਮੇਤ ਹੋਰਨਾਂ ਪਾਰਟੀ ਆਗੂ ਵੀ ਮੌਜੂਦ ਸਨ। 
ਇਸ ਸਬੰਧ ਵਿਚ ਸੀਨੀਅਰ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਰਸੋਂ 27 ਮਈ ਨੂੰ ਪਹਿਲਾਂ ਲੰਬੀ ਹਲਕੇ 'ਚ ਅਕਾਲੀ ਦਲ ਦੀਆਂ ਧੱਕੇਸ਼ਾਹੀਆਂ ਅਤੇ ਬੂਥਾਂ 'ਤੇ ਜ਼ਬਰੀ ਕਬਜ਼ਿਆਂ ਕਰਕੇ ਹਾਰੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨਾਲ ਪਹਿਲਾਂ ਪਿੰਡ ਬਾਦਲ ਵਿਖੇ ਮੀਟਿੰਗ ਕਰਨਗੇ। ਜਿਸਦੇ ਉਪਰੰਤ ਪਿੰਡ ਮਾਨਾ ਪੁੱਜ ਕੇ ਧੱਕੇਸ਼ਾਹੀਆਂ ਦੇ ਸ਼ਿਕਾਰ ਕਾਂਗਰਸੀ ਪਰਿਵਾਰਾਂ ਨਾਲ ਮਿਲਣਗੇ। 
ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਪੀ.ਪੀ.ਪੀ. ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਿੰਡ ਮਾਨਾ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਬਾਅਦ ਵਿਚ ਅਣਦੱਸੇ ਕਾਰਨਾਂ ਕਰਕੇ ਦੌਰਾ ਮੁਲਤਵੀ ਹੋ ਗਿਆ। 

     ਪਿੰਡ ਮਾਨਾ ਦੇ ਦੁਖਾਂਤ ਬਾਰੇ ਇੱਕ ਉੱਘੇ ਸਿਆਸੀ ਮਾਹਰ ਨੇ ਆਖਿਆ ਕਿ ਸੱਤਾ ਪੱਖ ਕੋਲ ਪੁਲੀਸ ਦਾ ਫਲੈਗ ਮਾਰਚ ਇੱਕ ਬਿਹਤਰੀਨ ਜਰੀਆ ਹੈ। ਜਿਸਦੇ ਸਦਕਾ 100-125 ਅਣਪਛਾਤੇ ਵਿਅਕਤੀਆਂ ਦੇ ਭੁਲੇਖੇ ਤੋਂ ਬਚਣ ਲਈ ਪਿੰਡ ਮਾਨਾ ਦੇ ਗੈਰ ਸਿਆਸੀ ਆਮ ਵਿਅਕਤੀ ਵੀ ਆਪਣੇ ਘਰਾਂ ਦੀਆਂ ਖੁਰਲੀਆਂ 'ਚ ਲੁਕ ਜਾਂਦੇ ਹਨ ਤਾਂ ਫਿਰ ਕਾਂਗਰਸੀਆਂ ਨੇ ਤਾਂ ਥਿਆਉਣਾ ਹੀ ਕੀ ਹੈ। ਉਨ੍ਹਾਂ ਆਖਿਆ ਕਿ ਬੀਤੇ ਪਰਸੋਂ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਮਾਨਾ 'ਚ ਜਾਣ ਸਬੰਧੀ ਐਲਾਨੇ ਸਮੇਂ 'ਤੇ ਪੁਲੀਸ ਵੱਲੋਂ ਪਿੰਡ ਵਿਖੇ 'ਅਮਨ ਕਾਨੂੰਨ' ਦੀ 'ਮਜ਼ਬੂਤੀ' ਲਈ ਫਲੈਗ ਮਾਰਚ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਲੰਬੀ ਪੁਲੀਸ ਵੱਲੋਂ ਮਾਨਾ ਮਾਮਲੇ 'ਚ ਹੁਣ ਤੱਕ 5 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਜੇਲ੍ਹ ਭੇਜਿਆ ਜਾ ਚੁੱਕਿਆ ਹੈ।