14 January 2024

ਮਾਘੀ ਮੇਲਾ: ਤਰਕਸ਼ੀਲ ਨਾਟ-ਉਤਸਵ ਨੇ ਦਿੱਤਾ, ਵਿਰਸੇ ਦੀ ਲੋਅ ਜਗਦੀ ਰੱਖਣ ਦਾ ਹੋਕਾ

               


 * ਡਾ. ਸਵਰਾਜਬੀਰ ਨੂੰ ਭਰੇ ਪੰਡਾਲ ਵੱਲੋਂ ਸਲਾਮ!

* ਤਰਕਸ਼ੀਲ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

*  ਜਮਹੂਰੀ ਹੱਕਾਂ ਲਈ ਦਿੱਤਾ ਚਾਨਣ ਦਾ ਛੱਟਾ 

* ਪੰਜਾਬੀ ਪੱਤਰਕਾਰਤਾ ਦੀ ਮਟਕ ਭਰੀ ਤੋਰ ਲਈ

* ਕੇਵਲ ਧਾਲੀਵਾਲ ਅਤੇ ਇਕੱਤਰ 15,16 ਜਨਵਰੀ


ਬੁਲੰਦ ਸੋਚ ਬਿਊਰੋ

ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਮਾਘੀ ਮੇਲੇ 'ਤੇ ਤਰਕਸ਼ੀਲ ਸੁਸਾਇਟੀ ਪੰਜਾਬ, ਮੁਕਤਸਰ-ਫਾਜ਼ਿਲਕਾ ਜੋਨ ਵੱਲੋਂ ਪੰਜਾਬ ਲੋਕ ਸਭਿਆਚਾਰਕ (ਪਲਸ ਮੰਚ) ਅਤੇ ਲੋਕ- ਪੱਖੀ ਸੰਸਥਾਵਾਂ ਦੇ ਸਹਿਯੋਗ ਨਾਲ ਨਾਟਕਕਾਰ ਗੁਰਸ਼ਰਨ ਭਾਅ ਜੀ ਨੂੰ ਯਾਦ ਕਰਦਿਆਂ 25ਵੇਂ ਪ੍ਰਭਾਵਸ਼ਾਲੀ ਤਿੰਨ ਰੋਜ਼ਾ ਨਾਟ ਉਤਸਵ ਦਾ 40 ਮੁਕਤਿਆਂ, ਮਾਈ ਭਾਗੋ, ਦੁੱਲਾ ਭੱਟੀ ਨੂੰ ਸਿਜਦਾ ਕਰਦਿਆਂ ਹੋਇਆ ਆਗਾਜ਼ ।

ਤਿੰਨ ਰੋਜ਼ਾ ਨਾਟ- ਉਤਸਵ ਦੇ ਪਹਿਲੇ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਤਰਫੋਂ ਸਮਾਜਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਹੋਣ ਅਤੇ ਪੁਸਤਕ ਸਭਿਆਚਾਰ ਨਾਲ ਜੁੜਨ ਦਾ ਸੁਨੇਹਾ ਸੁਸਾਇਟੀ ਦੇ ਨੁਮਾਇੰਦੇ ਰਾਮ ਸਵਰਨ ਲੱਖੇਵਾਲੀ ਤੇ ਜ਼ੋਨ ਪ੍ਰਧਾਨ ਪ੍ਰਵੀਨ ਜੰਡ ਵਾਲਾ ਨੇ ਦਿੱਤਾ।

ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਖਿਦਰਾਣੇ ਦੀ ਢਾਬ ਦੀ ਸਾਡੇ ਸਮਿਆਂ ਅੰਦਰ ਪ੍ਰਸੰਗਕਤਾ ਉਭਾਰਦੇ ਹੋਏ ਕਿਹਾ ਕਿ ਮਨੀਪੁਰ, ਪਹਿਲਵਾਨ ਕੁੜੀਆਂ ਸ਼ਾਹੀਨ ਬਾਗ, ਆਦਿਵਾਸੀ ਅਤੇ ਦੇਸ਼ ਭਰ ਅੰਦਰ ਜੂਝਦੀਆਂ ਔਰਤਾਂ ਅਸਲ 'ਚ ਮਾਈ ਭਾਗੋ ਦੇ ਸਿਰਜੇ ਵਰਕਿਆਂ ਤੋਂ ਅੱਗੇ ਦਾ ਸਫ਼ਰ ਜਾਰੀ ਰੱਖ ਰਹੀਆਂ ਨੇ। ਉਹਨਾਂ ਕਿਹਾ ਕਿ ਪੰਜਾਬੀ ਇਨਕਲਾਬੀ ਰੰਗ ਮੰਚ ਅਤੇ ਪੱਤਰਕਾਰਤਾ ਉੱਪਰ ਗਾੜ੍ਹੇ ਬੱਦਲ਼ ਮੰਡਲਾ ਰਹੇ ਹਨ ਪਰ ਇਤਿਹਾਸ ਦੇ ਸਿਰਜਕ ਲੋਕਾਂ ਨੂੰ ਕੋਈ ਵੀ ਜਾਬਰ ਹਰਾ ਨਹੀਂ ਸਕਦਾ।

ਅਮੋਲਕ ਸਿੰਘ ਨੇ ਖੇਤੀ, ਸਨਅਤ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਜਮਹੂਰੀ ਹੱਕਾਂ ਉਪਰ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਚੌਤਰਫੇ ਹੱਲੇ ਅਤੇ ਵਿਸ਼ੇਸ਼ ਕਰਕੇ ਫਿਰਕੂ ਫਾਸ਼ੀ ਮਾਹੌਲ ਦੇ ਬੱਦਲ਼ ਲੰਗਾਰ ਕਰਨ ਲਈ ਲੋਕ ਸੰਗਰਾਮ ਦਾ ਸੁਨੇਹਾ ਦਿੱਤਾ।

ਉਹਨਾਂ ਕਿਹਾ ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਦੀ ਪੰਜਾਬੀ ਪੱਤਰਕਾਰਤਾ ਦੇ ਪਿੜ ਨੂੰ ਅਮਿੱਟ ਦੇਣ ਉਪਰ ਆਉਣ ਵਾਲੀਆਂ ਪੀੜ੍ਹੀਆਂ ਨਾਜ਼ ਕਰਨਗੀਆਂ।

ਉਹਨਾਂ ਆਪਣੀ ਤਕਰੀਰ ਵਿੱਚ ਜਿਹੜੇ ਕਾਲੇ ਕਾਨੂੰਨਾਂ ਦੇ ਸ਼ਿਕੰਜੇ ਕਸਣ ਦਾ ਵਿਰੋਧ ਕੀਤਾ ਅਤੇ ਫੜੇ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਲੋਕਾਂ ਨੇ ਤਾੜੀਆਂ ਦੀ ਗੂੰਜ ਵਿੱਚ ਇਸਦਾ ਜ਼ੋਰਦਾਰ ਸਮਰਥਨ ਕੀਤਾ।

ਉਹਨਾਂ ਕਿਹਾ ਕਿ ਇਹ ਦਿਨ ਚਾਲੀ ਮੁਕਤਿਆਂ,ਮਾਈ ਭਾਗੋ, ਕੂਕਾ ਲਹਿਰ ਅਤੇ ਦੁੱਲਾ ਭੱਟੀ ਦੀ ਲਾਸਾਨੀ ਭੂਮਿਕਾ ਉਪਰ ਨਾਜ਼ ਕਰਨ ਅਤੇ ਹਰ ਵੰਨਗੀ ਦੀ ਗੁਲਾਮੀ, ਦਾਬੇ, ਵਿਤਕਰੇ ਵਿਰੁੱਧ ਲੋਕ ਲਹਿਰ ਉਸਾਰਨ ਦਾ ਅਹਿਦ ਕਰਨ ਦੇ ਦਿਨ ਹਨ।

ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਵੱਲੋਂ ਗੁਰਦਿਆਲ ਰੌਸ਼ਨ ਅਤੇ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਬੋਲਾਂ ਉੱਪਰ ਕੋਰੀਓਗ੍ਰਾਫੀਆਂ ਤੋਂ ਇਲਾਵਾ ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਦਾ ਨਿਰਦੇਸ਼ਤ ਨਾਟਕ 'ਚਿੜੀਆਂ ਦਾ ਚੰਬਾ' ਦੀ ਨਰਗਿਸ ਵੱਲੋਂ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। 

ਲੋਕ ਸੰਗੀਤ ਮੰਡਲੀ ਜੀਦਾ (ਪਲਸ ਮੰਚ) ਦੇ ਜਗਸੀਰ ਜੀਦਾ ਵੱਲੋਂ ਲੋਕ ਬੋਲੀਆਂ ਅਤੇ ਸੁਖਦੇਵ ਮਲੂਕਪੁਰੀ ਵੱਲੋਂ ਤਰਕਸ਼ੀਲ ਸ਼ੋਅ ਅਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਮੰਚ ਨੂੰ ਗੁਰਸ਼ਰਨ ਸਿੰਘ, ਗਦਰੀ ਦੇਸ਼ ਭਗਤਾਂ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ, ਅਰੁੰਧਤੀ ਰਾਏ, ਤਰਕਸ਼ੀਲ ਅਤੇ ਲੋਕ ਲਹਿਰ ਦੇ ਸ਼ਹੀਦਾਂ ਦਾ ਸੁਨੇਹਾ ਦਿੰਦੀਆਂ ਤਸਵੀਰਾਂ ਅਤੇ ਵਿਗਿਆਨਕ ਤੇ ਟੂਕਾਂ ਨਾਲ ਸਜਾਇਆ ਗਿਆ।

ਇਸ ਮੌਕੇ ਤਰਕਸ਼ੀਲ ਅਤੇ ਉਸਾਰੂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਤਰਕਸ਼ੀਲ ਕੈਲੰਡਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਮੇਲੇ ਦੀ ਸਫ਼ਲਤਾ ਲਈ ਬਲਦੇਵ ਸਿੰਘ ਲੱਧੂਵਾਲਾ,ਬੂਟਾ ਸਿੰਘ ਵਾਕਫ਼, ਪਰਮਿੰਦਰ ਖੋਖਰ, ਗੁਰਮੀਤ ਭਲਵਾਨ, ਭੁਪਿੰਦਰ  ਵੜਿੰਗ ਦੇ ਨਾਲ਼ ਕਾਕਾ ਸਿੰਘ ਖੁੰਡੇ ਹਲਾਲ, ਅਜਾਇਬ ਸਿੰਘ ਕੋਠੇ ਅਬਲੂ, ਤਜਿੰਦਰ ਸੋਥਾ, ਜਗਦੀਸ਼ ਕਿੱਕਰ ਖੇੜਾ, ਸੰਜੇ ਕੁਮਾਰ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਜੀਵਨ ਸਿੰਘ, ਉਪਕਾਰ ਸਿੰਘ ਨੇ ਭਰਵਾਂ ਯੋਗਦਾਨ ਪਾਇਆ।

ਇਹ ਮੇਲਾ 16 ਜਨਵਰੀ ਤੱਕ ਨਿਰੰਤਰ ਚੱਲੇਗਾ। 15 ਤੇ 16 ਜਨਵਰੀ ਨੂੰ ਕੇਵਲ ਧਾਲੀਵਾਲ ਅਤੇ ਇਕੱਤਰ ਵੱਲੋਂ ਕ੍ਰਮਵਾਰ ਧਮਕ ਨਗਾਰੇ ਦੀ ਅਤੇ ਠੱਗੀ ਨਾਟਕ ਖੇਡੇ ਜਾਣਗੇ। ਗੀਤ ਸੰਗੀਤ ਅਤੇ ਤਰਕਸ਼ੀਲ ਵਿਚਾਰਾਂ ਹੋਣਗੀਆਂ।