28 October 2021

ਆੜਤੀਏ ਬਣੇ ਝੋਨਾ ਖਰੀਦ ਦੇ ‘ਖਸਮ’, ਪ੍ਰਤੀ ਗੱਟਾ ਡੇਢ ਕਿੱਲੋ ਵੱਧ ਝੋਨਾ ਭਰ ਕਿਸਾਨਾਂ ਨੂੰ ਲਗਾ ਰਹੇ ਕੁੰਡੀ


ਮੰਡੀ ਕਿੱਲਿਆਂਵਾਲੀ ਵਿਖੇ ਮੰਡੀ ’ਚ ਤੁਲਾਈ ਦੌਰਾਨ ਇਲੈਕਟ੍ਰਨਿਕ ਕੰਡੇ ’ਤੇ ਗੱਟੇ ’ਚ ਭਰਿਆ ਹੋਇਆ 
39.660 ਕਿੱਲੋ ਝੋਨਾ। 


* ਆੜਤੀਆਂ ਨੇ ਕਟੌਤੀ ਵਾਲੀ ਗੈਰਕਾਨੂੰਨੀ ਖਰੀਦ ਕਰਕੇ ਲਗਾਏ ਮੰਡੀ ’ਚ ਝੋਨੇ ਦੇ ਵਿਸ਼ਾਲ ਢੇਰ 

* ਮੰਡੀ ’ਚ ਹਜ਼ਾਰਾਂ ਕੁਇੰਟਲ ਝੋਨਾ, ਮੰਡੀ ’ਚ ਕਿਸਾਨ ਸਿਰਫ਼ ਸਵਾ ਦਰਜਨ

* ਖਰੀਦ ਪ੍ਰਬੰਧਾਂ ’ਚ ਖਾਮੀ ਬਰਦਾਸ਼ਤ ਨਹੀਂ: ਡੀ.ਸੀ. 


ਇਕਬਾਲ ਸਿੰਘ ਸ਼ਾਂਤ

ਲੰਬੀ: ਝੋਨਾ ਖਰੀਦ ਪ੍ਰਬੰਧ ਪੰਜਾਬ ਸਰਕਾਰ ਦੇ ਹੱਥੋਂ ਥਿੜਕ ਕੇ ਆੜਤੀਆਂ ਦੇ ‘ਭਿ੍ਰਸ਼ਟ ਹੱਥਾਂ’ ਦੀ ਕਠਪੁਤਲੀ ਬਣ ਗਏ ਹਨ। ਲੰਬੀ ਹਲਕੇ ਵਿੱਚ ਆੜਤੀਆਂ ਵੱਲੋਂ ਫ਼ਸਲ ਖਰੀਦ ’ਚ ਕਿਸਾਨਾਂ ਦੀ ਸ਼ਿਖ਼ਰਲੇ ਪੱਧਰ ਦੀ ਲੁੱਟ ਤਹਿਤ ਪ੍ਰਤੀ ਗੱਟਾ ਡੇਢ ਕਿੱਲੋ ਤੋਂ ਵੀ ਵੱਧ ਝੋਨਾ ਭਰਨ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। 

           ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ’ਚ ਗੱਟੇ ਦੇ ਵਜ਼ਨ ਸਮੇਤ 38 ਕਿੱਲੋ ਇੱਕ ਸੌ ਗਰਾਮ ਝੋਨਾ ਭਰਨ ਦੀ ਥਾਂ ਖੁੱਲੇਆਮ 39 ਕਿੱਲੋ 660 ਗਰਾਮ ਤੱਕ ਝੋਨਾ ਭਰਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਗੱਟਾ ਕਰੀਬ ਤੀਹ ਰੁਪਏ ਅਤੇ ਪ੍ਰਤੀ ਕੁਇੰਟਲ ਲਗਪਗ ਸਾਢੇ 78 ਰੁਪਏ ਕੁੰਡੀ ਲੱਗ ਰਹੀ ਹੈ। ਔਸਤਨ ਅੰਦਾਜ਼ੇ ਮੁਤਾਬਕ ਸਮੁੱਚੀ ਵਜ਼ਨ ਜਰੀਏ ਖਰੀਦ ’ਚ ਡੇਢ-ਦੋ ਕਰੋੜ ਰੁਪਏ ਤੋਂ ਵੱਧ ਆਰਥਿਕ ਮਾਰ ਪੈਣੀ ਹੈ। ਜਿਸ ਵਿੱਚ ਸ਼ੈਲਰਾਂ, ਆੜਤੀਆਂ ਅਤੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਦੱਸੀ ਜਾਂਦੀ ਹੈ। 


                                                              

ਸੂਤਰਾਂ ਮੁਤਾਬਕ ਖਰੀਦ ਪ੍ਰਬੰਧਾਂ ਪ੍ਰਤੀ ਜੁੰਮੇਵਾਰ ਮਾਰਕੀਟ ਕਮੇਟੀ ਤੰਤਰ ਪ੍ਰਤੀ ਗੱਟਾ ਕਥਿਤ ਤੈਅ ਸ਼ੁਦਾ ਕਮਿਸ਼ਨ ਕਾਰਨ ਜ਼ੁਬਾਨ ਬੰਦ ਕਰੀ ਬੈਠਾ ਹੈ। ਅਜਿਹੇ ਮਾਮਲੇ ਲੰਬੀ ਹਲਕੇ ਦੇ ਸਮੂਹ ਖਰੀਦ ਕੇਂਦਰਾਂ ’ਤੇ ਚੱਲ ਰਹੇ ਹਨ। ਸ਼ੈਲਰਾਂ ਅਤੇ ਆੜਤੀਆਂ ਦੀ ‘ਕਾਟ’ ਨੀਤੀ ਖੂਬ ਚੱਲ ਰਹੀ ਹੈ। 


ਦਾਣਾ ਮੰਡੀ ਕਿੱਲਿਆਂਵਾਲੀ ’ਚ ਇਹ ਸਿਰਫ਼ ਇੱਕ ਗੱਟੇ ਦੇ ਫ਼ਰਕ ਦਾ ਮਾਮਲਾ ਨਹੀਂ ਬਲਕਿ ਕਈ ਕਿਸਾਨਾਂ ਦੀ ਮੌਜੂਦਗੀ ’ਚ ਵੱਖ-ਵੱਖ ਗੱਟਿਆਂ ਦੀ ਤੁਲਾਈ ਅਤੇ ਪਹਿਲਾਂ ਤੋਂ ਤੁਲੇ ਹੋਏ ਝੋਨੇ ਦੇ ਗੱਟਿਆਂ ਦੀ ਦੁਬਾਰਾ ਤੁਲਾਈ ’ਚ ਮੀਡੀਆ ਪੜਤਾਲ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਿਸ ਨਾਲ ਮਾਰਕੀਟ ਕਮੇਟੀ ਅਮਲੇ, ਖਰੀਦ ਏਜੰਸੀਆਂ, ਕਿਸਾਨਾਂ ਦੀ ਸਮਝ ਅਤੇ ਸਰਕਾਰੀ ਨਿਯਮਾਂ ਦੀ ਖੇਹ ਉੱਡਦੀ ਵਿਖਾਈ ਦੇ ਰਹੀ ਹੈ। 


ਇਸ ਸਰਹੱਦੀ ਦਾਣਾ ਮੰਡੀ ਵਿਖੇ ਮੀਡੀਆ ਪੜਤਾਲ ਦੌਰਾਨ ਵੱਖ-ਵੱਖ ਆੜਤੀਆਂ ਦੇ ਮਜ਼ਦੂਰਾਂ ਵੱਲੋਂ ਮਨਰਮਰਜ਼ੀ ਨਾਲ ਗੱਟਿਆਂ ’ਚ 38.200 ਕਿੱਲੋਂ, 38.200 ਕਿੱਲੋਂ, 38.300 ਕਿੱਲੋ ਅਤੇ 38.700 ਕਿੱਲੋ ਝੋਨਾ ਭਰਿਆ ਜਾ ਰਿਹਾ ਹੈ। ਤੁਲਾਈ, ਭਰਾਈ ਵਾਲੇ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਕਹਿਣਾ ਸੀ ਕਿ ਆੜਤੀਆਂ ਦੇ ਕਹਿਣ ’ਤੇ ਵੱਧ ਗੱਟਿਆਂ ’ਚ ਭਰ ਰਹੇ ਹਨ, ਕਿਉਂਕਿ ਝੋਨੇ 'ਚ ਨਮੀ ਹੈ।



ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਹਵਾ ਵਿੱਚ ਕੁਆਲਿਟੀ ਕੰਟਰੋਲ ਅਤੇ ਨਿਯਮਾਂ ਦਾ ਵੱਡਾ ਹਊਆ ਖੜਾ ਕੀਤਾ ਹੋਇਆ ਹੈ। ਹਕੀਕਤ ਵਿੱਚ ਸਮੱੁਚੇ ਖਰੀਦ ਪ੍ਰਬੰਧਾਂ ਭਿ੍ਰਸ਼ਟਾਚਾਰ ਦੀ ਗੰੰਦਗੀ ਹੇਠਾਂ ਦੱਬ ਗਏ ਹਨ। ਨਿਯਮਾਂ ਦੇ ਹਵਾਲਿਆਂ ਤਹਿਤ ਆਮ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਆਖ਼ਰ ’ਚ ਕਿਸਾਨ ਦੁਖੀ ਹੋ ਕੇ ਆੜਤੀਆਂ ਅਤੇ ਸ਼ੈਲਰਾਂ ਵਾਲਿਆਂ ਮੂਹਰੇ ਗੋਡੇ ਟੇਕਦੇ ਵਿਖਾਈ ਦੇ ਰਹੇ ਹਨ। ਖਰੀਦ ਪ੍ਰਬੰਧ ਮਜ਼ਾਕ ਬਣ ਕੇ ਰੱਖ ਦਿੱਤੇ ਗਏ ਹਨ। 



ਨਮੀ ਦੇ ਲੁਕੋਅ ਵਿੱਚ ਪ੍ਰਤੀ ਕੁਇੰਟਲ ’ਤੇ ਗੈਰਕਾਨੂੰਨੀ ਅੱਠ-ਦਸ ਕਿਲੋ ਤੱਕ ਕਾਟ ਖੁੱਲੇਆਮ ਕੱਟ ਕੇ ਕਈ ਆੜਤੀਆਂ ਨੇ ਦਾਣਾ ਮੰਡੀ ਦੇ ਸ਼ੈੱਡਾਂ ਹੇਠਾਂ ਝੋਨੇ ਦੇ ਵਿਸ਼ਾਲ ਢੇਰ ਲਗਾ ਰੱਖੇ ਹਨ। ਇਹ ਕਾਟ ਵਾਲੀ ਗੈਰਕਾਨੂੰਨੀ ਖਰੀਦ ਦੀ ਹੋਰਨਾਂ ਆੜਤੀਆਂ ਨੇ ਬਕਾਇਦਾ ਪੁਸ਼ਟੀ ਕੀਤੀ ਹੈ। ਦਰਜਨਾਂ ਏਕੜ ਰਕਬੇ ਵਾਲੀ ਦਾਣਾ ਮੰਡੀ ’ਚ ਹਜ਼ਾਰਾਂ ਕੁਇੰਟਲ ਝੋਨੇ ਦੀ ਫ਼ਸਲ ’ਤੇ ਚੰਦ ਢੇਰਾਂ ’ਤੇ ਬੁਮਸ਼ਕਿਲ ਸਵਾ ਦਰਜਨ ਕਿਸਾਨ ਹੀ ਵਿਖਾਈ ਦਿੱਤੇ। 

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਸੀ ਕਿ ਮੰਡੀ ਕਿੱਲਿਆਂਵਾਲੀ ’ਚ ਖਰੀਦ ਪ੍ਰਬੰਧਾਂ ਵਿੱਚ ਕਾਫ਼ੀ ਖਾਮੀਆਂ ਸਾਹਮਣੇ ਆ ਰਹੀਆਂ ਹਨ। ਕੱਲ ਜ਼ਿਲਾ ਮੰਡੀ ਅਫ਼ਸਰ ਗੌਰਵ ਗਰਗ ਮੰਡੀ ਦਾ ਦੌਰਾ ਕਰਕੇ ਸਥਿਤੀ ਜਾਇਜ਼ਾ ਲੈਣਗੇ। ਉਨਾਂ ਕਿਹਾ ਕਿ ਖਰੀਦ ’ਚ ਊਣਤਾਈ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

 ਜ਼ਿਲਾ ਮੰਡੀ ਅਫ਼ਸਰ ਨੇ ਕਿਹਾ ਕਿ ਉਨਾਂ ਦੇ ਮਤਹਿਤ ਅਮਲਾ ਰੋਜ਼ਾਨਾ ਦਾਣਾ ਮੰਡੀਆਂ ਦਾ ਚੈਕਿੰਗ ਕਰਦਾ ਹੈ। ਜੇਕਰ ਕੋਈ ਵਜ਼ਨ ਵੱਧ ਭਰ ਰਿਹਾ ਜਾਂ ਕਾਟ ਵਾਲੀ ਖਰੀਦ ਕਰ ਰਿਹਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। 

27 October 2021

ਵਿਵਾਦਾਂ ’ਚ ਘਿਰੀ ਕਰੋੜਾਂ ਦੀ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਪ੍ਰਕਿਰਿਆ



* ਪਿੰਡ ਵਾਸੀਆਂ ਵੱਲੋਂ ਲੀਜ਼ ’ਤੇ ਰਿਸ਼ਤੇਦਾਰਾਂ ਨਾਲ ਮਿਲੀਭੁਗਤ 

* ਸ਼ਿਕਾਇਤ ਕਰਕੇ ਬੇਸ਼ਕੀਮਤੀ ਲੀਜ਼ ’ਤੇ ਦੇਣ ਦਾ ਵਿਰੋਧ

* ਪੰਚਾਇਤ ਨੇ ਪੇਂਡੂ ਅਤੇ ਵਿਕਾਸ ਵਿਭਾਗ ਤੋਂ ਲੀਜ਼ ਸੰਬੰਧੀ ਪਰਵਾਨਗੀ ਮੰਗੀ


ਇਕਬਾਲ ਸਿੰਘ ਸ਼ਾਂਤ

ਲੰਬੀ: ਪਿੰਡ ਫਤੂਹੀਵਾਲਾ ਵਿਖੇ ਗਰਾਮ ਪੰਚਾਇਤ ਵੱਲੋਂ ਕਰੋੜਾਂ ਰੁਪਏ ਦੀ ਕਰੀਬ 14 ਏਕੜ 16 ਮਰਲੇ ਜ਼ਮੀਨ ਇੱਕ ਵਿੱਦਿਅਕ ਅਦਾਰੇ ਨੂੰ 33 ਸਾਲਾ ਲੀਜ਼ ’ਤੇ ਦੇਣ ਦੀ ਪ੍ਰਕਿਰਿਆ ਸ਼ੁਰੂਆਤੀ ਪੜਾਅ ’ਤੇ ਵਿਵਾਦਾਂ ’ਚ ਘਿਰ ਗਈ ਹੈ। ਇਸ ਲੀਜ਼ ’ਤੇ ਸੁਆਲ ਉਠਾਉਂਦੇ ਪਿੰਡ ਵਾਸੀਆਂ ਨੇ ਕਾਨੂੰਨ ਦੀ ਕਥਿਤ ਦੁਰਵਰਤੋਂ ਤਹਿਤ ਪੰਚਾਇਤੀ ਨੁਮਾਇੰਦਿਆਂ ਵੱਲੋਂ ਖਾਸ ਰਿਸ਼ਤੇਦਾਰਾਂ ਜਰੀਏ ਕਥਿਤ ਜ਼ਮੀਨ ਹਥਿਆਉਣ ਬਾਰੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ।

ਡੱਬਵਾਲੀ-ਮਲੋਟ ਜਰਨੈਲੀ ਸੜਕ ਨਾਲ ਪਿੱਠ ਲੱਗਦੀ ਇਹ ਜ਼ਮੀਨ ਦੇ ਮੂਹਰਲੇ ਪਾਸੇ ਨੇੜਿਓਂ ਨਵਾਂ ਬਣਨ ਵਾਲਾ ਬਠਿੰਡਾ ਰੋਡ-ਮਲੋਟ ਰੋਡ ਬਾਈਪਾਸ ਨਿਕਲ ਰਿਹਾ ਹੈ। ਜਿਸ ਨਾਲ ਜ਼ਮੀਨ ਦੀ ਕੀਮਤ ਪੰਜਾਹ ਗੁਣਾ ਵਧ ਜਾਵੇਗੀ। ਗਰਾਮ ਪੰਚਾਇਤ ਨੇ ਉਕਤ ਜ਼ਮੀਨ ਕਿਸੇ ਵਿੱਦਿਅਕ ਅਦਾਰੇ ਨੂੰ ਲੀਜ਼ ’ਤੇ ਦੇਣ ਲਈ ਪੇਂਡੂ ਅਤੇ ਵਿਕਾਸ ਵਿਭਾਗ ਤੋਂ ਪਰਵਾਨਗੀ ਮੰਗੀ ਹੈ। 

ਸ਼ਿਕਾਇਤਕਰਤਾ ਧਿਰ ਦਾ ਕਹਿਣਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2016 ’ਚ ਦਿੱਤੇ ਇੱਕ ਫੈਸਲੇ ਮੁਤਾਬਕ ਗਰਾਮ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ/ਸ਼ਾਮਲਾਟ ਜ਼ਮੀਨ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਲੀਜ ’ਤੇ ਨਹੀਂ ਦਿੱਤਾ ਜਾ ਸਕਦਾ। 

ਸਾਬਕਾ ਸਰਪੰਚ ਰਣਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਨੰਬਰਦਾਰ, ਸਾਬਕਾ ਪੰਚ ਰਾਜਿੰਦਰ ਸਿੰਘ, ਬਲਜਿੰਦਰ ਸਿੰਘ, ਰਣਧੀਰ ਸਿੰਘ, ਸੁਖਪਾਲ ਸਿੰਘ, ਲੱਖਾ ਸਿੰਘ, ਕੋਰਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਫਤੂਹੀਵਾਲਾ ਦੀ ਜ਼ਮੀਨ ਵੱਖ-ਵੱਖ ਪੱਤੀਆਂ ਵੱਲੋਂ ਜ਼ਮੀਨ ਕੱਟ ਕੇ ਪੰਚਾਇਤ ਨੂੰ ਦਿੱਤੀ ਹੋਈ ਹੈ। ਉਨਾਂ ਕਿਹਾ ਕਿ ਚੋਣਾਂ ਸਮੇਂ ਮੌਜੂਦਾ ਪੰਚਾਇਤ ਨੇ ਪੰਚਾਇਤੀ ਚੋਣਾਂ ਸਮੇਂ ਇਸ ਜ਼ਮੀਨ ’ਤੇ ਗਰੀਬਾਂ ਨੂੰ ਪਲਾਟ ਕੱਟ ਕੇ ਦੇਣ ਦਾ ਵਾਅਦਾ ਕੀਤਾ ਸੀ। ਜਿਹੜੀ ਪੰਚਾਇਤੀ ਜ਼ਮੀਨ ਨੂੰ ਲੀਜ ’ਤੇ ਦੇ ਕੇ ਨਿੱਜੀ ਸਕੂਲ ਬਣਾਉਣਾ ਦੀ ਕਥਿਤ ‘ਗੇਮ’ ਚੱਲ ਰਹੀ ਹੈ ਉਸਦੇ ਇੱਕ-ਦੋ ਕਿਲੋਮੀਟਰ ਦੇ ਘੇਰੇ ’ਚ ਪਹਿਲਾਂ ਹੀ ਕਰੀਬ ਅੱਠ ਸਰਕਾਰੀ/ਨਿੱਜੀ ਸਕੂਲ-ਕਾਲਜ ਚੱਲ ਰਹੇ ਹਨ।

 ਉਨਾਂ ਦੋਸ਼ ਲਗਾਇਆ ਕਿ ਲੀਜ਼ ਵਿਉਂਤਬੰਦੀ ਕਾਰਨ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਉਕਤ ਜ਼ਮੀਨ ਇਸ ਸਾਲ ਠੇਕੇ ’ਤੇ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ  ਉਕਤ ਮਾਮਲੇ ’ਚ ਕਥਿਤ ਮਿਲੀਭੁਗਤ ਦੇ ਦੋਸ਼ ਲਗਾਉਂਦੇ ਗਰਾਮ ਸਭਾ ਬੁਲਾ ਕੇ ਲੀਜ ਸੰਬੰਧੀ ਕਾਰਵਾਈ ਦਾ ਫੈਸਲਾ ਹੋਣਾ ਚਾਹੀਦਾ ਹੈ। 

ਦੂਜੇ ਪਾਸੇ ਸਰਪੰਚ ਮਨਦੀਪ ਸਿੰਘ ਢਿੱਲੋਂ ਨੇ ਸਮੁੱਚੇ ਦੋਸ਼ਾਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਪੰਚਾਇਤ ਦੀ 14 ਏਕੜ 16 ਮਰਲੇ ਜ਼ਮੀਨ ਲੀਜ਼ ’ਤੇ ਦੇਣ ਦੀ ਪਰਵਾਨਗੀ ਮੰਗੀ ਗਈ ਹੈ। ਪਰਵਾਨਗੀ ਮਗਰੋਂ ਖੁੱਲੀ ਜਨਤਕ ਬੋਲੀ ਹੋਵੇਗੀ। ਜ਼ਮੀਨ ਦੀ ਮੁੱਢਲੀ ਬੋਲੀ ਕਰੀਬ ਸਲਾਨਾ 4 ਲੱਖ ਰੁਪਏ ਰੱਖੀ ਹੈ, ਉਸ ਤੋਂ ਵੱਧ ਬੋਲੀ ਦੇ ਕੇ ਕੋਈ ਵੀ ਵਿੱਦਿਅਕ ਅਦਾਰੇ ਲਈ ਜ਼ਮੀਨ ਲੀਜ਼ ’ਤੇ ਲੈ ਸਕਦਾ ਹੈ। ਠੇਕੇ ਦੀ ਰਕਮ ’ਚ ਸਲਾਨਾ ਦਸ ਫ਼ੀਸਦੀ ਵਾਧਾ ਹੋਵੇਗਾ। ਸਰਪੰਚ ਮੁਤਾਬਕ ਹੁਣ ਤੱਕ ਇਸ ਜ਼ਮੀਨ ਦਾ ਸਲਾਨਾ ਠੇਕਾ ਲਗਪਗ ਢਾਈ ਲੱਖ ਰੁਪਏ ਆਉਂਦਾ ਰਿਹਾ ਹੈ। 

ਲੰਬੀ ਦੇ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ ਦਾ ਕਹਿਣਾ ਸੀ ਕਿ ਫਤੂਹੀਵਾਲਾ ਦੀ ਜ਼ਮੀਨ ਨੂੰ 33 ਸਾਲਾ ਲੀਜ਼ ’ਤੇ ਦੇਣ ਖਾਤਰ ਕੇਸ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਨੂੰ ਪਰਵਾਨਗੀ ਲਈ ਭੇਜਿਆ ਗਿਆ ਹੈ। 

26 October 2021

‘ਕਲੇਸ਼ ਮੀਟ’ ’ਚ ਉੱਧੜੇ ਭਿ੍ਰਸ਼ਟਾਚਾਰ ਤੋਂ ਸਰਕਾਰ ਹਰਕਤ ’ਚ


ਆੜਤੀਆਂ ਦੀ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕਰਦੇ ਪਨਸਪ ਅਤੇ ਮਾਰਕਫੈੱਡ ਦੇ ਜ਼ਿਲਾ ਮੈਨੇਜਰ। 



* ਖਰੀਦ ਏਜੇਂਸੀਆਂ ਦੇ ਜ਼ਿਲਾ ਮੈਨੈਜਰਾਂ ਵੱਲੋਂ ਮੰਡੀ ਕਿੱਲਿਆਂਵਾਲੀ ਦਾ ਦੌਰਾ; ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ

     * ਭਿ੍ਰਸ਼ਟਾਚਾਰ ਬਾਰੇ ਆੜਤੀਆਂ ਨੂੰ ਲਿਖਤੀ ਸ਼ਿਕਾਇਤ ਕਰਨ ਲਈ ਆਖਿਆ


ਇਕਬਾਲ ਸਿੰਘ ਸ਼ਾਂਤ

ਲੰਬੀ: ਮੰਡੀ ਕਿੱਲਿਆਂਵਾਲੀ ਵਿਖੇ ਕੱਚਾ ਆੜਤੀਆ ਐਸੋਸੀਏਸ਼ਨ ਦੀ ਹੰਗਾਮਿਆਂ ਭਰੀ ‘ਕਲੇਸ਼ ਮੀਟ’ ਮੌਕੇ ਕੱਲ੍ਹ ਖਰੀਦ ਏਜੰਸੀਆਂ ਦੇ ਵੱਡੇ ਭਿ੍ਰਸ਼ਟਾਚਾਰ ਬਾਰੇ ਉੱਧੜੇ ਪਾਜ਼ ਮੀਡੀਆ ’ਚ ਨਸ਼ਰ ਹੋਣ ’ਤੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਪ੍ਰਸ਼ਾਸਨ ਨੇ ਆੜਤ ਤੰਤਰ ਅਤੇ ਖਰੀਦ ਏਜੰਸੀਆਂ ਦੇ ਕੰਮਕਾਜ਼ ’ਚ ਕਥਿਤ ਘਪਲੇਬਾਜ਼ੀ ਦੀ ਪੜਤਾਲ ਵਿੱਢ ਦਿੱਤੀ ਹੈ। ਅੱਜ ਪਨਸਪ ਦੇ ਜ਼ਿਲਾ ਮੈਨੇਜਰ ਮਾਨਵ ਜਿੰਦਲ ਅਤੇ ਮਾਰਕਫੈੱਡ ਦੇ ਜ਼ਿਲਾ ਮੈਨੇਜਰ ਮੁਨੀਸ਼ ਗਰਗ ਨੇ ਦਾਣਾ ਮੰਡੀ, ਮੰਡੀ ਕਿੱਲਿਆਂਵਾਲੀ ਵਿਖੇ ਦੌਰਾ ਕੀਤਾ। ਉੁਨਾਂ ਕੱਚਾ ਆੜਤੀਆ ਐਸੋਸੀਏਸ਼ਨ ਦੇ ਨਵਗਠਿਤ ਪੰਜ ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਨਾਲ ਮੀਟਿੰਗ ਕੀਤੀ। 

 ਸੂਤਰਾਂ ਮੁਤਾਬਕ ਚੰਨੀ ਸਰਕਾਰ ਕਿਸਾਨਾਂ ਦੀ ਫ਼ਸਲ ਖਰੀਦ ’ਚ ਘਪਲੇਬਾਜ਼ੀ ਅਤੇ ਊਣਤਾਈਆਂ ਪ੍ਰਤੀ ਬੇਹੱਦ ਗੰਭੀਰ ਹੈ। ਸਰਕਾਰ ਨੇ ਮਾਮਲੇ ਦੀ ਤਹਿ ’ਤੇ ਪੁੱਜ ਕੇ ਸਰਹੱਦੀ ਮੰਡੀ ’ਚ ਘਪਲੇਬਾਜ਼ੀਆਂ ’ਤੇ ਨੱਥ ਕਸਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਕੋਲ ਫ਼ਸਲ ਖਾਲੀ ਭਰੀ ਖਰੀਦ ਕਰਨ ਵਾਲੇ ਆੜਤੀਆਂ ਅਤੇ ਜਥੇਬੰਦੀ ਦੀ ਓਟ ’ਚ ਰੁਪਏ ਹੜੱਪਣ ਵਾਲੇ ਸਫ਼ੈਦਪੋਸ਼ਾਂ ਦੀ ਸੂਚੀ ਪੁੱਜ ਗਈ ਹੈ। ਇੱਥੇ ਪਨਸਪ ਦੇ ਖਾਤਿਆਂ ’ਚ 25 ਹਜ਼ਾਰ ਕੁਇੰਟਲ ਝੋਨੇ ਦੀ ਆਵਕ ਵਿੱਚੋਂ 21500 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ। ਮਾਰਕਫੈੱਡ ਵੱਲੋਂ 25-27 ਹਜ਼ਾਰ ਝੋਨੇ ਦੀ ਆਵਕ ਵਿੱਚੋਂ 25 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। 

ਕਿਸਾਨਾਂ ਦੀ ਫ਼ਸਲ ਖਰੀਦ ’ਚ ਭਿ੍ਰਸ਼ਟਾਚਾਰ ਸਾਹਮਣੇ ਆਉਣ ਮਗਰੋਂ ਸੂਹੀਆ ਵਿੰਗ ਵੀ ਸਰਗਰਮ ਹੋ ਗਿਆ ਹੈ। ਜ਼ਿਕਜਯੋਗ ਹੈ ਕਿ ਕੱਲ ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿੱਲਿਆਂਵਾਲੀ ਦੀ ਕਲੇਸ਼ ਮੀਟਿੰਗ ’ਚ ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਉਨਾਂ ’ਤੇ ਲੱਗੇ ਕਥਿਤ ਸੰਗੀਨ ਦੋਸ਼ਾਂ ਦੇ ਜਵਾਬ ਤਹਿਤ ਚਾਰ ਆੜਤੀਆਂ ਵੱਲੋਂ ਖਰੀਦ ਏਜੰਸੀ ‘ਪਨਸਪ’ ਦੇ ਇੱਕ ਇੰਸਪੈਕਟਰ ਨੂੰ ਕਣਕ ਸੀਜ਼ਨ ’ਚ ਦੋ ਲੱਖ ਰੁਪਏ ਰਿਸ਼ਵਤ ਦੇਣ ਦਾ ਮਾਮਲਾ ਉਠਾਇਆ ਸੀ। 

ਖਰੀਦ ਏਜੰਸੀ ਪਨਸਪ ਦੇ ਜ਼ਿਲਾ ਮੈਨੇਜਰ ਨੇ ਮੀਟਿੰਗ ’ਚ ਕਣਕ ਸੀਜਨ ਦੇ ਭਿ੍ਰਸ਼ਟਾਚਾਰ ਦੇ ਨਸ਼ਰ ਮਸਲੇ ’ਤੇ ਆੜਤੀਆਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਆਖਿਆ। ਉਨਾਂ ਕਿਹਾ ਕਿ ਆੜਤੀਏ ਆਪਣੇ ਮਸਲਿਆਂ ’ਚ ਖਰੀਦ ਏਜੰਸੀਆਂ ਨੂੰ ਬੇਵਜਾ ਨਾ ਉਲਝਾਉਣ, ਜੇਕਰ ਖਰੀਦ ਤੰਤਰ ਦੀ ਊਣਤਾਈਆਂ ਹੈ ਤਾਂ ਉਸ ਬਾਰੇ ਖੁੱਲ ਦੇ ਦੱਸਿਆ ਜਾਵੇ ਕਾਰਵਾਈ ਕੀਤੀ ਜਾਵੇਗੀ। ਆੜਤੀ ਆਗੂ ਸੁਧੀਰ ਝਾਲਰੀਆ, ਵਿੱਕੀ  ਬਾਬਾ, ਗੌਰਵ ਮੋਂਗਾ ਅਤੇ ਜਿੰਮੀ ਢਿੱਲੋਂ ਨੇ ਝੋਨੇ ਦੀ ਲਿਫ਼ਟਿੰਗ ਦੇ ਇਲਾਵਾ ਬਾਰਦਾਨੇ ਦੀ ਕੁਆਲਿਟੀ ’ਤੇ ਸੁਆਲ ਉਠਾਏ। ਉਨਾਂ ਲਿਫ਼ਟਿੰਗ ’ਚ ਵਹੀਕਲਾਂ ਦੀ ਥੁੜ ਦਾ ਰੋਣਾ ਰੋਇਆ। 

ਆੜਤੀਆਂ ਨੇ ਸਫ਼ਾਈ ਦੀ ਘਾਟ ਦਾ ਬਹਾਨਾ ਲਗਾ ਕੇ ਝੋਨਾ ਨਕਾਰੇ ਜਾਣ ਅਤੇ ਦੋ-ਦੋ ਗੱਟੇ ਪ੍ਰਤੀ ਟਰਾਲੀ ਲੈਣ ਦੇ ਮਾਮਲੇ ’ਤੇ ਪਨਸਪ ਦੇ ਜ਼ਿਲਾ ਮੈਨੇਜਰ ਮਾਨਵ ਜਿੰਦਲ ਨੇ ਕਿਹਾ ਕਿ ਸਰਕਾਰ ਆੜਤੀਆਂ ਨੂੰ ਫ਼ਸਲ ਤੁਲਾਈ, ਝਰਾਈ, ਟਾਂਕਾ ਲਗਵਾਈ ਅਤੇ ਲਿਫ਼ਟਿੰਗ ਦੀ ਸਫ਼ਾਈ ਲਈ ਵਜੋਂ ਬਕਾਇਦਾ ਨਿਸ਼ਚਿਤ ਰਕਮ ਅਦਾ ਕਰਦੀ ਹੈ। ਇਸਦੇ ਇਲਾਵਾ ਢਾਈ ਫ਼ੀਸਦੀ ਦਾਮੀ ਵੀ ਆੜਤੀਆਂ ਨੂੰ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸੌ ਫ਼ੀਸਦੀ ਝਰਾਈ ਕਰਵਾਉਣਾ ਆੜਤੀਏ ਦੀ ਬੁਨਿਆਦੀ ਜਿੰਮੇਵਾਰੀ ਹੈ। 

ਡੀ.ਐਮ ਮੁਤਾਬਕ ਸ਼ੈਲਰ ਦਾ ਇਤਰਾਜ਼ ਮੰਨਣਯੋਗ ਹੈ। ਦੋਵੇਂ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਤ ਦੋ ਹੋਰ ਸ਼ੈਲਰਾਂ ਦਾ ਆਰ.ਓ. ਕੱਟਿਆ ਗਿਆ ਹੈ, ਜਿਸ ਨਾਲ ਝੋਨਾ ਖਰੀਦ ਹੋਰ ਸੁਚੱਜਾ ਹੋ ਜਾਵੇਗਾ। ਇਸ ਮੌਕੇ ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਮੋਹਿਤ ਕੁਮਾਰ ਵੀ ਮੌਜੂਦ ਸਨ। 

ਖਰੀਦ ’ਚ ਖਾਮੀ ਬਾਰੇ ਲਿਖਤ ਸ਼ਿਕਾਇਤ ਕੀਤੀ ਜਾਵੇ: ਡੀ.ਸੀ.

ਜ਼ਿਲਾ ਸ੍ਰੀ ਮੁਕਸਤਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਖਰੀਦ ਪ੍ਰਬੰਧਾਂ ’ਚ ਕੋਈ ਖਾਮੀ ਸਹਿਣ ਨਹੀਂ ਹੋਵੇਗੀ। ਜੇਕਰ ਖਰੀਦ ਪ੍ਰਬੰਧਾਂ ’ਚ ਕਿਸੇ ਵੀ ਖਾਮੀ ਬਾਰੇ ਲਿਖਤ ਵਿੱਚ ਸ਼ਿਕਾਇਤ ਕੀਤੀ ਜਾਵੇ, ਉਸ ’ਤੇ ਤੁਰੰਤ ਕਾਰਵਾਈ ਹੋਵੇਗੀ। 




   

25 October 2021

ਗਾਲ੍ਹਾਂ ਨੇ ਪੁਆਇਆ ਪ੍ਰਧਾਨ ਜੀ ਦਾ 'ਪੰਗਾ', ਖਰੀਦ ਏਜੰਸੀਆਂ ਦੀ ਰਿਸ਼ਵਤਖੋਰੀ ਦੇ ਪਾਜ ਉੱਧੜੇ

ਮੀਟਿੰਗ ਮੌਕੇ ਬਹਿਸਦੇ ਹੋਏ ਕੱਚਾ ਆੜਤੀਆ ਐਸੋੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਸ਼ੈਲਰ ਸੰਚਾਲਕ ਭਿੰਦਾ ਸੇਠੀ।


* ਆੜਤੀਆਂ ਨੇ ਪ੍ਰਧਾਨ ਦੇ ਨਾਲ-ਨਾਲ ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ

* ਜਨਰਲ ਮੀਟਿੰਗ ’ਚ ਹੋਇਆ ਖੂਬ ਸ਼ੋਰ-ਸ਼ਰਾਬਾ

ਇਕਬਾਲ ਸਿੰਘ ਸ਼ਾਂਤ

ਲੰਬੀ: ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿਲਿਆਂਵਾਲੀ ਦੇ ਪ੍ਰਧਾਨ ਵੱਲੋਂ ਕਥਿਤ ਗਾਲਾਂ ਕੱਢਣ ਦਾ ਸੁਭਾਅ, ਏਜੰਸੀ ਇੰਸਪੈਕਟਰ ਵੱਲੋਂ ਕਣਕ ਖਰੀਦ ’ਚ ਆੜਤੀਆਂ ਤੋਂ ਲੱਖਾਂ ਰੁਪਏ ਅਤੇ ਐਸੋਸੀਏਸ਼ਨ ਦੇ ਇੱਕ ਅਹੁਦੇਦਾਰ ਵੱਲੋਂ ਵੀ ਆੜਤੀਆਂ ਤੋਂ ਫ਼ਸਲ ਖਰੀਦ ’ਚ ਸੱਤ-ਗੱਠ ਰੁਪਏ ਕਥਿਤ ਰਿਸ਼ਵਤ ਲੈਣ ਦਾ ਮਾਮਲਾ ਲੰਬੀ ਹਲਕੇ ’ਚ ਵਾਹਵਾ ਭਖਿਆ ਹੋਇਆ ਹੈ। ਪ੍ਰਧਾਨ ਦੇ ਕਥਿਤ ‘ਗਾਲ ਕੱਢੂ’ ਸੁਭਾਅ ਕਰਕੇ ਅੱਜ ਆੜਤੀਆਂ ਨੇ ਪ੍ਰਧਾਨ ਦੇ ਨਾਲ-ਨਾਲ ਕੰਮਕਾਜ਼ ਲਈ ਪੰਜ ਮੈਂਬਰੀ ਕਮੇਟੀ ਹੋਰ ਗਠਿਤ ਕਰ ਦਿੱਤੀ।


ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਉਂਦੇ ਆੜਤੀਏ ਭੁਪਿੰਦਰ ਮਿੱਡੂਖੇੜਾ, ਭਿੰਦਾ ਸੇਠੀ ਅਤੇ ਹੋਰ।

 ਬੀਤੇ ਕੱਲ ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿੱਲਿਆਂਵਾਲੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਦਾ ਇੱਕ ਕਿਸਾਨ ਦੇ ਝੋਨੇ ’ਚ ਕਿਣਕੀ ਆਦਿ ਨੂੰ ਲੈ ਕੇ ਸ਼ੈਲਰ ਸੰਚਾਲਕ ਭਿੰਦਾ ਸੇਠੀ ਅਤੇ ਉਸਦੇ ਮੁਨੀਮ ਨਾਲ ਕਟੌਤੀ ਬਾਰੇ ਝਗੜਾ ਹੋਇਆ ਸੀ। ਕੱਲ ਪੁਲੀਸ ਚੌਕੀ ਵਿਖੇ ਵੀ ਦੋਵੇਂ ਧਿਰਾਂ ’ਚ ਖੂਬ ਗਾਲੀ-ਗਲੌਜ ਹੋਇਆ ਸੀ। 


     ਐਤਵਾਰ ਨੂੰ ਐਸੋਸੀਏਸ਼ਨ ਦੀ ਜਨਰਲ ਮੀਟਿੰਗ ’ਚ ਵੀ ‘ਗਾਲ ਕਾਂਡ’ ਖੂਬ ਉਛਲਿਆ। ਸ਼ੋਰ-ਸ਼ਰਾਬੇ ਭਰੀ ਮੀਟਿੰਗ ’ਚ ਪ੍ਰਧਾਨ ਵੱਲੋਂ ਤਕਰੀਰ ਮੌਕੇ ਇੱਕ ਸਰਕਾਰੀ ਮੁਲਾਜਮ ਨੂੰ ਮੁੜ ਕਥਿਤ ਗਾਲ ਕੱਢਣ ’ਤੇ ਆੜਤੀਆ ਭੁਪਿੰਦਰ ਮਿੱਡੂਖੇੜਾ, ਭਿੰਦਾ ਸੇਠੀ, ਅਰਿਹੰਤ ਜੈਨ, ਜਨਕ ਰਾਜ ਤੇ ਗੌਰਵ ਮੋਂਗਾ ਸਮੇਤ ਬਹੁਗਿਣਤੀ ਆੜਤੀਏ ਭਖ ਉੱਠੇ ਅਤੇ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ। ਜਿਨਾਂ ਨੇ ਪ੍ਰਧਾਨ ਉੱਪਰ ਵਪਾਰੀ ਸੁਭਾਅ ਦੇ ਉਲਟ ਬੇਵਜਾ ਬਦਕਲਾਮੀ ਦੇ ਦੋਸ਼ ਲਗਾਏ।


ਇਸ ਮੌਕੇ ਸ਼ੈਲਰ ਸੰਚਾਲਕ-ਕਮ-ਆੜਤੀਆ ਭਿੰਦਾ ਸੇਠੀ ਅਤੇ ਕਈ ਆੜਤੀਆਂ ਨੇ ਮੀਟਿੰਗ ’ਚ ਉਨਾਂ ਤੋਂ ਕਣਕ ਸੀਜਨ ’ਚ ਐਸੋਸੀਏਸ਼ਨ ਦੇ ਇੱਕ ਪ੍ਰਮੁੱਖ ਅਹੁਦੇਦਾਰ ਵੱਲੋਂ ਕਥਿਤ ਦਸ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਖੁੱਲੇਆਮ ਦੋਸ਼ ਲਗਾਏ। ਜਦੋਂਕਿ ਇੱਕ ਹੋਰ ਆੜਤੀਏ ਹੈਪੀ ਨੇ ਤਾਂ ਉਸਦੀ ਦਾਮੀ/ਕਮਿਸ਼ਨ ਦੇ ਖਾਣ ਦੇ ਦੋਸ਼ ਲਗਾਏ ਪਰ ਹੋਰਨਾਂ ਆੜਤੀਏ ਉਸਦਾ ਮੂੰੰਹ ’ਤੇ ਹੱਥ ਰੱਖ ਕੇ ਪਰਾਂ ਲੈ ਗਏ। ਜਿਸ ’ਤੇ ਮੀਟਿੰਗ ’ਚ ਮਾਹੌਲ ਗਰਮਾ ਗਿਆ ਅਤੇ ਐਸੋਸੀਏਸ਼ਨ ਟੁੱਟਣ ਦੇ ਹਾਲਾਤ ਬਣ ਗਏ। ਬੀਤੇ ਕੱਲ ਵੀ ਚੌਕੀ ਕਿੱਲਿਆਂਵਾਲੀ ’ਚ ਝਗੜੇ ਮੌਕੇ ਵੀ ਛਾਬੜਾ ਨਾਮਕ ਆੜਤੀਏ ਨੇ ਇੱਕ ਪ੍ਰਮੁੱਖ ਅਹੁਦੇਦਾਰ ’ਤੇ ਉਸ ਤੋਂ ਵੀ ਸੱਤ-ਅੱਠ ਰੁਪਏ ਗੱਟੇ ਮੰਗਣ ਦੇ ਦੋਸ਼ ਲਗਾਏ। ਇਸ ਕਥਿਤ ਰਿਸ਼ਵਤਖੋਰੀ ਬਾਰੇ ਇੱਕ ਆੜਤੀ ਆਗੂ ਦਾ ਕਹਿਣਾ ਸੀ ਕਿ ਇਹ ਗੱਲਾਂ ਵਪਾਰੀ ਸਿਸਟਮ ਦਾ ਬੁਨਿਆਦੀ ਹਿੱਸਾ ਹੈ ਜਿਨਾਂ ਨੂੰ ਮੀਡੀਆ ਸਾਹਮਣੇ ਜਨਤਕ ਨਾ ਕੀਤਾ ਜਾਵੇ। ਮੀਟਿੰਗ ’ਚ ਜਾਤੀਵਾਦ ਅਤੇ ਰਾਜਨੀਤੀ ਦਾ ਅਸਰ ਵੀ ਝਲਕਦਾ ਵਿਖਿਆ।


ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਮੀਟਿੰਗ ’ਚ ਕਣਕ ਖਰੀਦ ਸਮੇਂ ਚਾਰ ਆੜਤੀਆਂ ਵੱਲੋਂ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਨੂੰ 50-50 ਹਜ਼ਾਰ ਰੁਪਏ ਇਕੱਠੇ ਕਰਕੇ ਕਥਿਤ ਰਿਸ਼ਵਤ ਦੇਣ ਦੀ ਗੱਲ ਆਖੀ ਅਤੇ ਆੜਤੀਆਂ ਤੋਂ ਚੰਦੇ ਦਾ ਹਿਸਾਬ ਪੇਸ਼ ਕਰਦੇ ਐਸੋਸੀਏਸ਼ਨ ਕਰਦੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ। ਬਾਅਦ ’ਚ ਪ੍ਰਧਾਨ ਨੂੰ ਹਟਾ ਕੇ ਪੰਜ ਮੈਂਬਰੀ ਸੰਚਾਲਨ ਕਮੇਟੀ ਬਣਾਉਣ ਦਾ ਜ਼ੋਰ ਪੈ ਗਿਆ। 


ਬਾਅਦ ’ਚ ਪ੍ਰਵੀਣ ਸਿੰਗਲਾ, ਰੋਹਿਤ ਝਾਲਰੀਆ, ਕੈਨੇਡੀ ਕਾਮਰਾ, ਸੰਜੈ ਮਿੱਡਾ ਅਤੇ ਹੋਰਨਾਂ ਨੇ ਐਸੋਸੀਏਸ਼ਨ ਦੀ ਸਾਖ ਤੇ ਵਪਾਰੀਆਂ ਦੀ ਬਿਹਤਰੀ ਲਈ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਗੁਰਜੰਟ ਸਿੰਘ ਬਰਾੜ ਨੂੰ ਵਿਵਹਾਰ ’ਚ ਸੁਧਾਰ ਲਿਆਉਣ ਅਤੇ ਕੰਮਕਾਜ ਲਈ ਉਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ’ਚ ਸੁਧੀਰ ਝਾਲਰੀਆ, ਪ੍ਰਵੀਣ ਸਿੰਗਲਾ, ਅਰਿਹੰਤ ਜੈਨ, ਜਿੰਮੀ ਢਿੱਲੋਂ ਅਤੇ ਭਿੰਦਾ ਸੇਠੀ ਨੂੰ ਸ਼ਾਮਲ ਕੀਤਾ ਗਿਆ। 


ਦੂਜੇ ਪਾਸੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਦਾ ਕਹਿਣਾ ਸੀ ਕਿ ਐਸੋਸੀਏਸ਼ਨ ਦਾ ਕੰਮ ਬਹੁਤ ਵਧੀਆ ਅਤੇ ਪਾਰਦਰਸ਼ੀ ਚੱਲ ਰਿਹਾ ਹੈ। ਉਹ ਖੁਦ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਸਾਨਾਂ ਅਤੇ ਆੜਤੀਆਂ ਦੀ ਬਿਹਤਰੀ ਲਈ ਯਤਨਸ਼ੀਲ ਹਨ। ਕੁੱਝ ਸ਼ਰਾਰਤੀ ਵਿਅਕਤੀ ਐਸੋਸੀਏਸ਼ਨ ਦਾ ਬੇਵਜਾ ਮਾਹੌਲ ਖ਼ਰਾਬ ਕਰ ਰਹੇ ਹਨ।

20 October 2021

ਨਵੀਂ ਮਿੰਨੀ ਕਹਾਣੀ : ‘ਵਿਸ਼ੇਸ਼’ ਮਗਰੋਂ ‘ਸੁਪਰ’

 


ਇਕਬਾਲ ਸਿੰਘ ਸ਼ਾਂਤ

ਲੰਬੀ, 13 ਅਕਤੂਬਰ 

ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਗੁਲਾਬੀ ਸੁੰਡੀ ਕਾਰਨ ਨਰਮੇ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ’ਚ ਮਾਲ ਵਿਭਾਗ ਦੀਆਂ ‘ਸਿਆਸੀ’ ਕਾਰਗੁਜਾਰੀਆਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਜਿਸਦੀ ਅਗਾਊਂ ਪੋਲ ਖੁੱਲਣ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲੀ ‘ਵਿਸ਼ੇਸ਼’ ਗਿਰਦਾਵਰੀ ਦੇ ਉੱਪਰ ‘ਸੁਪਰ’ ਗਿਰਦਾਵਰੀ ਕਰਵਾਈ ਜਾ ਰਹੀ ਹੈ। ਪਹਿਲਾਂ ਹੋਈ ਗਿਰਦਾਵਰੀ ’ਚ ਫ਼ਰਕ ਪਾਏ ਜਾਣ ’ਤੇ  ਕਈ ਮਾਲ ਪਟਵਾਰੀਆਂ ’ਤੇ ਸੁਪਰ ਕਾਰਵਾਈ ਪੈ ਸਕਦੀ ਹੈ। ਹੁਣ ਤੱਕ ਇਸੇ ਕਰਕੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਨਰਮਾ ਖਰਾਬੇ ਦੇ ਅੰਕੜੇ ਸਾਹਮਣੇ ਨਹੀਂ ਆ ਸਕੇ। ਜ਼ਿਲੇ ’ਚ ਮਾਲ ਵਿਭਾਗ ਪਿਛਲੇ ਕਰੀਬ ਤਿੰਨ-ਚਾਰ ’ਚ ਸਾਲਾਂ ਮਨਆਈਆਂ ਦਾ ਆਦੀ ਹੋ ਚੁੱਕਿਆ ਹੈ। ਵਿਭਾਗੀ ਤੰਤਰ ਵੱਲੋਂ ਹੁਣ ਜ਼ਿਲੇ ਦੀ ਨਵੀਂ ਪ੍ਰਸ਼ਾਸਨਿਕ ਵਜਾਰਤ ’ਚ ਵੀ ਪੁਰਾਣੀ 'ਕਹਾਣੀ' ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਨਿਰਦੇਸ਼ਾਂ ਨਾਲ ਜ਼ਿਲੇ ਦੇ ਮਾਲ ਵਿਭਾਗ ਨੂੰ ‘ਸਖ਼ਤੀ’ ਨਾਮਕ ਨਵੀਂ ਮਿੰਨੀ ਕਹਾਣੀ ਬਤੌਰ ਸਬਕ ਪੜਨ ਨੂੰ ਜ਼ਰੂਰ ਮਿਲ ਗਈ ਹੈ। ਦੂਜੇ ਪਾਸੇ ਗਿਰਦਾਵਰੀ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਨਹੀਂ ਬਣ ਸਕਿਆ।

'ਜੱਦੀ' ਬਰੂਹਾਂ ਤੋਂ 'ਸਿਆਸੀ' ਬਰੂਹਾਂ ਵੱਲ ਵਧਿਆ ਮੁਆਵਜ਼ੇ ਦਾ ਸੰਘਰਸ਼




ਬਾਦਲ ’ਚੋਂ ਪੱਕਾ ਮੋਰਚਾ ਚੁੱਕਿਆ,  25 ਤੋਂ ਬਠਿੰਡਾ ’ਚ ਮਿੰਨੀ ਸਕੱਤਰੇਤ ਦੇ ਘਿਰਾਓ ਦਾ ਐਲਾਨ

ਇਕਬਾਲ ਸਿੰਘ ਸ਼ਾਂਤ

ਲੰਬੀ: ਨਰਮਾ ਅਤੇ ਹੋਰ ਫ਼ਸਲੀ ਖਰਾਬੇ ਬਾਰੇ ਪਿੰਡ ਬਾਦਲ ਵਿੱਚ ਹਕੂਮਤੀ ਬੂਹੇ ’ਤੇ ਦੋ ਹਫ਼ਤਿਆਂ ਦੇ ਪੱਕੇ ਮੋਰਚੇ ਬਾਅਦ ਵੀ ਚੰਨੀ ਸਰਕਾਰ ਦੇ ਕੰਨ ’ਤੇ ਜੂੰ ਨਾ ਰੇਂਗਣ ’ਤੇ ਕਿਸਾਨਾਂ ਅਗਾਮੀ ਮੋਰਚਾ ਉਲੀਕ ਦਿੱਤਾ ਹੈ। ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਤੋਂ ਪੱਕਾ ਮੋਰਚਾ ਚੁੱਕ ਕੇ ਹੁਣ 25 ਅਕਤੂਬਰ ਨੂੰ ਬਠਿੰਡਾ ਵਿਖੇ ਮਿੰਨੀ ਸਕੱਤਰੇਤ ਦੇ ਮੁਕੰਮਲ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਸਪੱਸ਼ਟ ਐਲਾਨ ਹੈ ਕਿ ਫਿਰ ਵੀ ਚੰਨੀ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਵਾਂਗ ਕਾਂਗਰਸ ਦਾ ਵੀ ਪਿੰਡਾਂ-ਸ਼ਹਿਰਾਂ ’ਚ ਬਾਈਕਾਟ ਕਰਕੇ ਵਿਰੋਧ ਦੀ ਰਾਹ ਫੜੀ ਜਾਵੇਗੀ। 




ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਕੀਤੇ ਆਰ-ਪਾਰ ਦੇ ਫੈਸਲੇ ਦਾ ਐਲਾਨ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕੀਤਾ। ਯੂਨੀਅਨ ਦੇ ਇਸ ਫੈਸਲੇ ਨਾਲ ਕਿਸਾਨੀ ਸੰਘਰਸ਼ੀ ਵਿੱਤ ਮੰਤਰੀ ਦੀਆਂ ਜੱਦੀ ਬਰੂਹਾਂ ਤੋਂ ਅਗਾਂਹ ਵਧ ਕੇ ਸਿਆਸੀ ਕਿਲੇ ਦੀਆਂ ਕੰਧਾਂ ਵੱਲ ਤੁਰ ਪਿਆ ਹੈ। ਜਿਸਦੇ ਗੰਭੀਰ ਨਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਚੋਣ ’ਚ ਭੁਗਤਣੇ ਪੈ ਸਕਦੇ ਹਨ। ਜ਼ਿਕਰੌੋਗ ਹੈ ਕਿ ਗੁਲਾਬੀ ਸੁੰਡੀ ਤੋਂ ਬਠਿੰਡਾ ਅਤੇ ਮਾਨਸਾ ਜ਼ਿਲੇ ਸਭ ਤੋਂ ਵੱਧ ਜ਼ਿਲੇ ਪ੍ਰਭਾਵਿਤ ਹਨ। ਕਿਸਾਨੀ ਸੰਘਰਸ਼ ਦੀ ਚਿਣਗ ਇਸ ਸਰਜਮੀਂ ਤੋਂ ਉੱਠਦੀ ਹੈ ਅਤੇ ਜਿਸਦਾ ਪਹਿਲਾ ਤਪਾਅ ਵਿੱਤ ਮੰਤਰੀ ਦੀ ਸਿਆਸੀ ਰਾਜਸਧਾਨੀ ਬਠਿੰਡਾ ਦੇ ਮਿੰਨੀ ਦੇ ਸਕੱਤਰੇਤ ਦੇ ਘਿਰਾਓ ਦੇ ਐਲਾਨ ਨਾਲ ਹੋ ਗਿਆ ਹੈ।



ਪਿੰਡ ਬਾਦਲ ’ਚ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ਅਤੇ ਮੂਹਰੇ ਪੱਕਾ ਮੋਰਚਾ 5 ਅਕਤੂਬਰ ਨੂੰ ਸ਼ੋਰੂ ਹੋਇਆ ਸੀ। ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਨਰਮੇ ਖਰਾਬੇ ਕਾਰਨ ਮਾਨਸਾ, ਬਠਿੰਡਾ ਅਤੇ ਸੰਗਰੂਰ ਜ਼ਿਲਿਆਂ ਦੇ ਕਿਸਾਨਾਂ ਦਾ ਤਿੰਨ ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਸੂਬਾ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ’ਚ ਤੈਅਸ਼ੁਦਾ ਮੁਆਵਜੇ ਦੀ ਤਜਵੀਜ਼ ਪੇਸ਼ ਕੀਤੀ, ਜੋ ਕਿ ਸਿਰਫ਼ 477 ਕਰੋੜ ਰੁਪਏ ਬਣਦਾ ਹੈ।



ਯੂਨਂਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ 15 ਦਿਨਾਂ ਤੋਂ ਬਾਦਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਬਿਲਕੁੱਲ ਅਣਗੌਲਿਆ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਐਨੀ ਢੀਠਤਾ ਧਾਰ ਲਈ ਹੈ ਕਿ ਮੁਆਵਜੇ ਸੰਬੰਧੀ ਅਜੇ ਤੱਕ ਇੱਕ ਸ਼ਬਦ ਵੀ ਮੂੰਹੋਂ ਨਹੀਂ ਬੋਲਿਆ। ਉਨਾਂ ਅਗਲੇ ਐਕਸ਼ਨ ਦੇ ਐਲਾਨ ਉਪਰੰਤ ਬਾਦਲ ਮੋਰਚਾ ਸਮਾਪਤ ਕਰਨਾ ਐਲਾਨ ਕੀਤਾ।





ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਗੁਰਭਗਤ ਸਿੰਘ ਭਲਾਈਆਣਾ, ਗੁਰਭੇਜ ਸਿੰਘ ਰੋਹੀ ਆਲਾ, ਰਾਮ ਸਿੰਘ ਭੈਣੀਬਾਘਾ, ਜਗਦੇਵ ਸਿੰਘ ਜੋਗੇਵਾਲਾ, ਕੁਲਵੰਤ ਸ਼ਰਮਾ ਰਾਏਕੇ ਕਲਾਂ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਹੁਣੇ ਅੱਜ ਤੋਂ ਹੀ 25 ਅਕਤੂਬਰ ਨੂੰ ਵੱਡੀ ਲਾਮਬੰਦੀ ਵਾਸਤੇ ਤਿਆਰੀ ਵਿੱਚ ਜੁਟਣ ਦਾ ਸੱਦਾ ਦਿੱਤਾ। ਪਿੰਡਾਂ-ਮੁਹੱਲਿਆਂ ’ਚ ਮੀਟਿੰਗਾਂ ਕਰ ਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਕਾਫਲੇ ਬਣਾ ਕੇ ਘਰ-ਘਰ 25 ਅਕਤੂਬਰ ਨੂੰ ਵੱਡੀ ਗਿਣਤੀ ਬਠਿੰਡਾ ਦੇ ਮਿੰਨੀ ਸਕੰਤਰੇਤ ਦੇ ਘਿਰਾਓ ਵਿੱਚ ਪਹੁੰਚਣ ਦੇ ਸੁਨੇਹੇ ਲਾਏ ਜਾਣ।

13 October 2021

ਮੀਟਿੰਗ ਬੇਸਿੱਟਾ : ਸਰਕਾਰ ਪ੍ਰਤੀ ਮਾਪਦੰਡਾਂ 'ਤੇ ਅੜੀ ਰਹੀ, ਕਿਸਾਨ ਦਲੀਲਾਂ ਨਾਲ ਡਟੇ ਰਹੇ

* ਪੰਜਾਬ ਸਰਕਾਰ ਮੁਆਵਜੇ ਪ੍ਰਤੀ ਮਾਪਦੰਡਾਂ 'ਤੇ ਅੜੀ ਰਹੀ

* ਕਿਸਾਨ ਵਫ਼ਦ ਦਲੀਲਾਂ ਨਾਲ ਮੰਗੇ ਹੋਏ ਮੁਆਵਜੇ ਅੜਿਆ ਰਿਹਾ

* ਕਿਸਾਨ ਮੰਗ: ਸਰਕਾਰ ਕਿਸਾਨਾਂ ਤੋਂ ਕਰੋੜਾਂ ਰੁਪਏ ਮੰਡੀ ਫੀਸ ਕਮਾਉਣ ਵਾਲੇ ਮੰਡੀ ਬੋਰਡ ਤੋਂ ਦਿਵਾਏ ਮੁਆਵਜ਼ਾ


ਇਕਬਾਲ ਸਿੰਘ ਸ਼ਾਂਤ

ਲੰਬੀ, 13 ਅਕਤੂਬਰ 

ਕਿਸਾਨਾਂ ਨੂੰ ਨਰਮਾ ਖਰਾਬੇ ਮੁਆਵਜੇ ਲਈ ਭਾਕਿਯੂ ਏਕਤਾ ਉਗਰਾਹਾਂ ਲੀਡਰਸ਼ਿਪ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ। ਸੂਬਾ ਸਰਕਾਰ ਨੇ ਮਾਪਦੰਡਾਂ ਦਾ ਹਵਾਲਾ ਦਿੰਦੇ ਕਿਸਾਨਾਂ ਦੀ ਮੰਗ ਮੁਤਾਬਿਕ ਮੁਆਵਜਾ ਦੇਣ ਤੋਂ ਬੇਵੱਸੀ ਜਾਹਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਯੂਨੀਅਨ ਗੁਲਾਬੀ ਸੁੰਡੀ ਖਰਾਬੇ ਦਾ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ 30 ਪ੍ਰਤੀ ਪਰਿਵਾਰ ਉਜਾੜਾ ਭੱਤਾ ਦੇਣ ਦੀ ਮੰਗ ਕਰ ਰਹੀ ਹੈ। ਸਰਕਾਰ ਵੱਲੋਂ ਮਾਮਲਾ ਵਿਚਾਰਨ ਦੇ ਭਰੋਸੇ ਨਾਲ ਸਮਾਪਤ ਹੋ ਗਈਜ਼ਿਕਰਯੋਗ ਹੈ ਕਿ ਨਰਮਾ ਪੱਟੀ ਦੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਨਰਮੇ ਦੇ ਮੁਆਵਜ਼ੇ ਲਈ ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਨੇ ਪਿਛਲੇ ਅੱਠ ਦਿਨਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਮੁਹਰੇ ਪੱਕਾ ਮੋਰਚਾ ਲਗਾ ਰੱਖਿਆ ਹੈ। 


ਅੱਜ ਰਾਜਧਾਨੀ ਚੰਡੀਗੜ੍ਹ ਵਿਖੇ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹਸਨ ਲਾਲ ਅਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੇ ਮਿੱਥੇ ਸਮੇਂ ਡੇਢ ਘੰਟਾ ਦੇਰੀ ਨਾਲ ਸ਼ੁਰੂ ਹੋਈ। ਇਸ ਦੇਰੀ ਨੂੰ ਕਿਸਾਨਾਂ ਨੇ 'ਗਰੀਬ' ਮੁੱਖ ਮੰਤਰੀ ਦੀ ਅਗੁਵਾਈ ਵਾਲੀ ਸੂਬਾ ਸਰਕਾਰ ਦੀ ਕਿਸਾਨਾਂ ਮਜ਼ਦੂਰਾਂ ਪ੍ਰਤੀ ਹਕੀਕੀ ਬੇਰੁੱਖੀ ਦੀ ਜਿਉਂਦੀ-ਜਾਗਦੀ ਉਦਾਹਰਣ ਦੱਸਿਆ। ਮੀਟਿੰਗ ਵਿਚ ਕਿਸਾਨ ਵਫਦ ਨੇ ਦਲੀਲ ਦਿੱਤੀ ਕਿ ਸਰਕਾਰ ਕਿਸਾਨਾਂ ਨੂੰ ਫਸਲ ਖਰਾਬੇ ਦਾ ਮੁਆਵਜਾ ਪੰਜਾਬ ਮੰਡੀ ਬੋਰਡ ਤੋਂ ਦਿਵਾਏ। ਜਿਸਨੂੰ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਵਿਕਰੀ ਤੋਂ ਮੰਡੀ ਫੀਸ ਦੇ ਰੂਪ ਵਿਚ ਹਰ ਸਾਲ ਸੈਂਕੜੇ ਕਰੋੜ ਰੁਪਏ ਪੰਜਾਬ ਮੰਡੀ ਨੂੰ ਹਾਸਲ ਹੁੰਦੇ ਹਨ। 

ਜ਼ਿਕਰਯੋਗ ਹੈ ਕਿ ਕਣਕ ਅਤੇ ਝੋਨੇ ਦੀ ਖਰੀਦ ਵਿਚ 6 ਫੀਸਦੀ ਆਮਦਨ ਵਿਚੋਂ ਸਿੱਧੇ ਤੌਰ 'ਤੇ 2 ਪੰਜਾਬ ਮੰਡੀ ਨੂੰ ਜਾਂਦੇ ਹਨ ਅਤੇ ਇੱਕ ਫੀਸਦੀ ਸਥਾਨਕ ਮਾਰਕੀਟ ਕਮੇਟੀ ਦੇ ਇਲਾਵਾ ਤਿੰਨ ਫੀਸਦੀ ਪੇਂਡੂ ਡਿਵੈਲਪਮੈਂਟ ਫੰਡ (ਆਰ. ਡੀ. ਐਫ) ਤਹਿਤ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਾਂਦਾ ਹੈ। 



ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਮੀਟਿੰਗ ਉਪਰੰਤ ਫੋਨ 'ਤੇ ਆਖਿਆ ਕਿ ਪੰਜਾਬ ਸਰਕਾਰ ਮਾਪਦੰਡਾਂ ਅਤੇ ਆਰਥਿਕ ਮੰਦਹਾਲੀ ਦਾ ਹਵਾਲਾ ਦੇ ਕੇ ਕਿਸਾਨਾਂ ਦੇ ਬੀਜਾਂਦ ਅਤੇ ਫ਼ਸਲ ਪਲਾਈ 'ਤੇ ਆਏ ਹੋਰ ਅਤੇ ਖ਼ਰਚਿਆਂ ਦੇ ਨੁਕਸਾਨ ਨੂੰ ਦਰਕਿਨਾਰ ਕਰਕੇ ਅਸਲ ਮੁਆਵਜ਼ਾ ਦੇਣ ਭੱਜ ਰਹੀ ਹੈ। ਇਸ ਕਰਕੇ ਮੀਟਿੰਗ ਬੇਸਿੱਟਾ ਰਹੀ। 

ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਪਹਿਲਾਂ ਐਲਾਨਿਆ 12 ਹਜ਼ਾਰ ਰੁਪਏ ਪ੍ਰਤੀ ਮੁਆਵਜਾ ਦੇ ਕੇ ਕਾਗਜ਼ੀ ਬੁੱਤਾ ਸਾਰਨ ਦੀ ਕੋਸ਼ਿਸ਼ ਹੈ। ਸ੍ਰੀ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਗੁਲਾਬੀ ਸੁੰਡੀ ਅਤੇ ਹੋਰ ਫਸਲ ਖਰਾਬਾ ਸਰਕਾਰ ਅਤੇ ਅਫ਼ਸਰਸ਼ਾਹੀ ਦੀ ਨਲਾਇਕ ਅਤੇ  ਭ੍ਰਿਸ਼ਟ ਕਾਰਗੁਜਾਰੀ ਕਰਕੇ ਨਕਲੀ ਬੀਜਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਵੱਸੀ ਨਾਲ ਅਖੌਤੀ ਹੈ ਜਿਸਦਾ ਕਿਸਾਨਾਂ ਉੱਪਰ ਕੋਈ ਫਰਕ ਨਹੀਂ ਪੈਣਾ। ਉਨ੍ਹਾਂ ਕਿਹਾ ਪਿੰਡ ਬਾਦਲ ਮੋਰਚੇ ਸਮੇਤ ਸੰਘਰਸ਼ ਨੂੰ ਤਿੱਖੇ ਰੂਪ ਅਗਾਂਹ ਵਧਾਇਆ ਜਾਵੇਗਾ। ਜਿਸਦੀ ਜੁੰਮੇਵਾਰ ਸਰਕਾਰ ਹੋਵੇਗੀ। ਵਫਦ ਵਿਚ ਸ੍ਰੀ ਜੇਠੂਕੇ ਦੇ ਇਲਾਵਾ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ, ਗੁਰਪਾਸ਼ ਸਿੰਘੇਵਾਲਾ, ਗੁਰਭੇਜ ਸਿੰਘ ਫਾਜ਼ਿਲਕਾ, ਰਾਮ ਸਿੰਘ ਭੈਣੀ ਬਾਘਾ ਵੀ ਮੌਜੂਦ ਸਨ। ਦੱਸ ਦੇਈਏ ਕਿ ਯੂਨੀਅਨ ਨੇ ਕੱਲ੍ਹ ਹੀ ਸੂਬਾ ਸਰਕਾਰ ਰਵਈਏ ਮੁਤਾਬਿਕ ਇਸ ਮੀਟਿੰਗ ਵਿਚ ਪ੍ਰਭਾਵਿਤ ਕਿਸਾਨਾਂ ਦੇ ਕੁਝ ਪੱਲੇ ਨਾ ਪੈਣ ਦਾ ਖਦਸ਼ਾ ਜਤਾਇਆ ਸੀ। 

12 October 2021

ਮਨਪ੍ਰੀਤ ਬਾਦਲ ਨੂੰ ਚੁੱਪੀ ਪਵੇਗੀ ਭਾਰੀ, ਵਿਰੋਧੀ ਰੰਗ ਵਿਖਾਉਣ ਦੀ ਮਿਲੀ ਚਿਤਾਵਨੀ


 ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 11 ਅਕਤੂਬਰ

ਗੁਲਾਬੀ ਸੰੁਡੀ ਦੇ ਸਤਾਏ ਨਰਮਾ ਉਤਪਾਦਕ ਕਿਸਾਨਾਂ ਪ੍ਰਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਚੁੱਪੀ ਦੇ ਖਿਲਾਫ਼ ਪੱਕੇ ਮੋਰਚੇ ’ਤੇ ਡਟੇ ਕਿਸਾਨਾਂ ਪਿੰਡ ਬਾਦਲ ਦੀਆਂ ਗਲੀਆਂ ’ਚ ਮੁਜਾਹਰਾ ਕੱਢਿਆ। ਵੱਡੀ ਤਾਦਾਦ ਟਰੈਕਟਰ-ਟਰਾਲੀਆਂ ’ਤੇ ਮੌਜੂਦ ਸੈਂਕੜੇ ਕਿਸਾਨਾਂ ਨੇ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਦੀ ਗੁਲਾਬੀ ਸੁੰਡੀ ਦੇ ਪੀੜਤ ਕਿਸਾਨਾਂ ਪ੍ਰਤੀ ਬੇਰੁੱਖੀ ਖਿਲਾਫ਼ ਰੱਜ ਕੇ ਭੜਾਸ ਕੱਢੀ। ਕਿਸਾਨਾਂ ਦਾ ਪੱਕਾ ਮੋਰਚਾ ਅੱਜ ਸੱਤਵੇਂ ਦਿਨ ਵੀ ਭਖਵੇਂ ਜਲੌਅ ਵਿੱਚ ਰਿਹਾ। ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਚੁਣੇ ਹੋਏ ਲੋਕ-ਨੁਮਾਇੰਦੇ ਹਨ ਅਤੇ ਖੁਦ ਇੱਕ ਕਿਸਾਨ ਵੀ ਹਨ। ਇਸਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਦੇ ਭਵਿੱਖ ਅਤੇ ਜ਼ਿੰਦਗੀ ਨਾਲ ਜੁੜੇ ਮਸਲੇ ’ਤੇ ਚੁੱਪੀ ਨਾਮੋਸ਼ੀਜਨਕ ਹੈ। ਸ੍ਰੀ ਸਿੰਘੇਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਸਮਾਂ ਮੁੱਕਣ ਦੇ ਕਿਨਾਰੇ ਹੈ। ਇਸ ਕਰਕੇ ਵਿੱਤ ਮੰਤਰੀ ਨੂੰ ਸਮਾਂ ਰਹਿੰਦੇ ਆਪਣੇ ਜਨਤਕ ਫਰਜ਼ ਨਿਭਾਉਣੇ ਚਾਹੀਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਭੁਲੇਖਾ ਕੱਢ ਦੇਣ ਕਿ ਉਨ੍ਹਾਂ ਸ਼ਹਿਰੀ ਵਸੋਂ ਵਾਲੀ ਬਠਿੰਡਾ ਸੀਟ ’ਚੋਂ ਲੜਨਾ ਹੈ। ਵਿੱਤ ਮੰਤਰੀ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਕਿਸਾਨਾਂ ਪਰਿਵਾਰ ਦੀਆਂ ਬਹੁਗਿਣਤੀ ਵੋਟਾਂ ਬਠਿੰਡਾ ਸੀਟ ’ਤੇ ਵੀ ਹਨ ਅਤੇ ਕਿਸਾਨਾਂ ਪਿੰਡਾਂ ਵਿੱਚੋਂ ਬਠਿੰਡਾ ਸ਼ਹਿਰ ਆ ਕੇ ਚੋਣਾਂ ਸਮੇਂ ਵਿਰੋਧੀ ਰੰਗ ਵਿਖਾ ਸਕਦੇ ਹਨ। ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਗੁਰਭੇਜ ਸਿੰਘ ਰੋਹੀਵਾਲਾ, ਪਰਮਜੀਤ ਕੌਰ ਪਿੱਥੋ, ਗੁਰਭਗਤ ਸਿੰਘ ਭਲਾਈਆਣਾ, ਜਗਦੇਵ ਸਿੰਘ ਤਲਵੰਡੀ ਅਤੇ ਜਗਤਾਰ ਸਿੰਘ ਬੁਰਜ ਮੁਹਾਰ ਅਤੇ ਰਣਧੀਰ ਸਿੰਘ ਮਲੂਕਾ ਨੇ ਕਿਹਾ ਕਿ ਭਾਰੀ ਹਮਲੇ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜਾ, ਹੋਰ ਕੁਦਰਤੀ ਕਾਰਨਾਂ ਕਰਕੇ ਨਰਮਾ ਅਤੇ ਹੋਰ ਬਰਬਾਦ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਨਕਲੀ ਕੀਟਨਾਸ਼ਕ ਦਵਾਈਆਂ ਨਕਲੀ ਬੀਜ ਵੇਚਣ ਵਾਲਿਆਂ ਕੰਪਨੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਨਰਮੇ ਦੀ ਫਸਲ ਦੇ ਮੁਆਵਜੇ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।



11 October 2021

ਇਨੈਲੋ ਸੁਪਰੀਮੋ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕੀਤੀ

                                 

ਬੁਲੰਦ ਸੋਚ ਬਿਊਰੋ

ਚੰਡੀਗੜ੍ਹ, 11 ਅਕਤੂਬਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਵਿਖੇ 

ਸਾਬਕਾ ਮੁੱਖ ਮੰਤਰੀ ਨੇ ਦੇਸ਼ ਅਤੇ ਰਾਜ ਦੇ ਲੋਕਾਂ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਾ ਦੀ ਸ਼ਾਂਤੀ, ਕਿਸਾਨ ਸੰਘਰਸ਼ ਦੀ ਸਫਲਤਾ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ 


ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਚੌਟਾਲਾ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਨੈਲੋ ਸੁਪਰੀਮੋ ਨੇ ਇਸ ਮੌਕੇ ਵਿਜ਼ਟਰ ਬੁੱਕ ਵਿੱਚ ਆਪਣਾ ਭਾਵਨਾਵਾਂ ਪ੍ਰਗਟ ਕੀਤੀਆਂ ਅਤੇ ਸਭਨਾਂ  ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ


‘ਲੱਠ ਮਾਰ’ ਪੰਗਾ: ਸੰਵੈਧਾਨਕ ਸਹੁੰ ਦੀ ਉਲੰਘਣਾ ਲਈ ਹਾਈਕੋਰਟ ਤੋਂ ਮੰਗੀ ਜਾਵੇਗੀ ਖੱਟਰ ਦੀ ਬਰਖਾਸਤਗੀ


* ਡੱਬਵਾਲੀ ’ਚ ‘ਦਿੱਲੀ ਚੱਲੋਂ ਜਨ ਜਾਗ੍ਰਤੀ ਮਹਾਂਸੰਮੇਲਨ’ ’ਚ ਤਿੰਨ ਸੂਬਿਆਂ ਤੋਂ ਪੁੱਜਿਆ ਕਿਸਾਨ ਜਲੌਅ

*  ਐਲਨਾਬਾਦ ਉਪ ਚੋਣ : ਸੰਯੁਕਤ ਮੋਰਚਾ ਵੱਲੋਂ ਕਿਸੇ ਦੀ ਹਮਾਇਤ ਨਹੀਂ, ਭਾਜਪਾ ਦਾ ਹੱਦ ’ਚ ਰਹਿ ਕੇ ਵਿਰੋਧ ਹੋਵੇ

* ‘ਇਖ਼ਲਾਕੀ ਤੌਰ ’ਤੇ ਸੰਘਰਸ਼ ਜਿੱਤਿਆ ਜਾ ਚੁੱਕਾ, ਕੇਂਦਰ ਸਿਰਫ਼ ਇੱਜਤ ਬਚਾਉਣ ਦਾ ਰਾਹ ਲੱਭ ਰਹੀ’ 


ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਨੂੰ ਖੇਤੀ ਕਾਨੂੰਨੀ ਖਿਲਾਫ਼ ਸੰਘਰਸ਼ਸ਼ੀਲ ਕਿਸਾਨਾਂ ਖਿਲਾਫ਼ ਲੱਠ ਚੁੱਕਣ ਵਾਲਾ (ਵਾਪਸ ਲਿਆ) ਬਿਆਨ ਖਾਸਾ ਮਹਿੰਗਾ ਪੈਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੁਹਰੀ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਜਿਹਾ ਗੈਰ-ਲੋਕਤੰਤਰਿਕ ਬਿਆਨ ਦੇ ਕੇ ਸੰਵਿਧਾਨਕ ਸਹੁੰ ਦੀ ਉਲੰਘਣਾ ਕੀਤੀ ਹੈ। ਮਨੋਹਰ ਲਾਲ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਉਸਨੂੰ ਅਹੁਦੇ ਤੋਂ ਲਾਹੁਣ ਅਤੇ ਉਸਦੇ ਖਿਲਾਫ਼ ਮੁਕੱਦਮਾ ਕਰਨ ਦੀ ਮੰਗ ਕੀਤੀ ਜਾਵੇਗੀ। ਉਹ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਤਿ੍ਰਵੇਣੀ ਡੱਬਵਾਲੀ ਵਿਖੇ ਖੇਤੀ ਕਾਨੂੰਨਾਂ ਖਿਲਾਫ਼ ਅੱਜ ਇੱਥੇ ‘ਦਿੱਲੀ ਚੱਲੋਂ ਜਨ ਜਾਗ੍ਰਤੀ ਮਹਾਂਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ। ਦਾਣਾ ਮੰਡੀ ਵਿਖੇ ਕਰਵਾਏ ਮਹਾਂ ਸੰਮੇਲਨ ’ਚ ਤਿੰਨੇ ਸੂਬਿਆਂ ਤੋਂ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਖੇਤੀ ਕਾਨੂੰਨ ਖਿਲਾਫ਼ ਡਟਵੇਂ ਸੰਘਰਸ਼ ਵਚਨਬੱਧਤਾ ਦੁਹਰਾਈ। 

ਇਹ ਵੀ ਜ਼ਰੂਰ ਪੜ੍ਹੋ: ਕਾਂਗਰਸੀ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਵਧਾ ਸਕਦੀ ਮਨਪ੍ਰੀਤ ਬਾਦਲ ਦੀ ਚੁੱਪੀ!

   ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ, ਡਾ. ਸਭੈਮਾਨ ਸਿੰਘ (ਅਮਰੀਕਾ), ਸਵਰਨ ਸਿੰਘ ਵਿਰਕ ਅਤੇ ਰਮਨਦੀਪ ਕੌਰ ਮਰਖਾਈ ਸਮੇਤ ਹੋਰਨਾਂ ਪ੍ਰਮੁੱਖ ਕਿਸਾਨ ਆਗੂ ਪੁੱਜੇ ਹੋਏ ਸਨ। ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਨਿਆਂ ਦੀ ਪਿੱਛਲੱਗੂ ਬਣੀ ਕੇਂਦਰ ਸਰਕਾਰ ਨੇ ਕੋਵਿਡ ਜਿਹੇ ਨਾਜੁਕ ਸਮੇਂ ਖੇਤੀ ਕਾਨੂੰਨਾਂ ਸਮੇਤ ਕਾਫ਼ੀ ਲੋਕਮਾਰੂ ਕਾਨੂੰਨ ਵਜੂਦ ਵਿੱਚ ਲਿਆ ਦਿੱਤੇ। ਉਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਖੇਤੀ ਮਾਰਕਟਿੰਗ ਸੂਬਿਆਂ ਦਾ ਵਿਸ਼ਾ ਹੈ, ਪਰ ਭਾਜਪਾ ਸਰਕਾਰ ਨੇ ਧੱਕੇ ਨਾਲ ਕਾਨੂੰਨ ਪਾਸ ਕਰਕੇ ਦੇਸ਼ ਦੀ ਬਰਬਾਦੀ ਦਾ ਰਾਹ ਖੋਲ ਦਿੱਤਾ। ਉਨਾਂ ਸਰਕਾਰ ਨੂੰ ਦਿਮਾਗ ਦਰੁੱਸਤ ਕਰਨ ਦੀ ਚਿਤਾਵਨੀ ਦਿੰਦੇ ਕਿਹਾ ਕਿ ਕਿਹਾ ਸਰਕਾਰ ਪੁੱਠੇ ਰਾਹ ਤੁਰ ਪਈ ਹੈ, ਇੰਝ ਦੇਸ਼ ਨਹੀ ਬਚਣਾ। 

ਰਾਜੇਵਾਲ ਨੇ ਕਿਹਾ ਕਿ ਸਰਕਾਰ ਦੀ ਨੀਂਦ ਹਰਾਮ ਕਰਾਂਗੇ। ਜਿਸ ਲਈ ਲੋਕਾਂ ਨੂੰ ਸਖ਼ਤ ਫੈਸਲੇ ਲੈਣੇ ਪੈਣਗੇ। ਉਨਾਂ ਕਿਹਾ ਕਿ 18 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਕੇਸ ਕੇਂਦਰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਮੰਤਰੀ ਅਹੁਦੇ ਤੋਂ ਬਰਖਾਸਤਗੀ ਅਤੇ ਉਸਦੇ ਧਾਰਾ 120-ਬੀ ਦੇ ਮੁਕੱਦਮੇ ਦੀ ਮੰਗ ਤਹਿਤ ਦੇਸ਼ ਭਰ ’ਚ ਰੋਲੇ ਰੋਕੋ ਅੰਦੋਲਨ ਕੀਤਾ ਰਿਹਾ ਹੈ। 

ਰਾਜੇਵਾਲ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਨੂੰ ਕਿਸਾਨ ਇਖ਼ਲਾਕੀ ਤੌਰ ’ਤੇ ਜਿੱਤ ਚੁੱਕੇ ਹਨ। ਕੇਂਦਰ ਸਰਕਾਰ ਹੁਣ ਖੇਤੀ ਕਾਨੂੰਨੀ ਬਾਰੇ ਸਿਰਫ਼ ਆਪਣੀ ਇੱਜਤ ਬਚਾਉਣ ਦਾ ਰਾਹ ਲੱਭ ਰਹੀ ਹੈ। ਕਿਸਾਨਾਂ ਦੇ ਇਤਰਾਜ਼ਾਂ ਸਰਕਾਰ ਕੋਲ ਕੋਈ ਦਲੀਲ ਨਹੀਂ ਹੈ, ਉਹ ਤਾਂ ਸਿਰਫ਼ ਝੂਠ ਬੋਲ ਕੇ ਸਮਾਂ ਲੰਘਾ ਰਹੀ ਹੈ। ਸ੍ਰੀ ਰਾਜੇਵਾਲ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦੇ ਕਿਹਾ ਕਿ ਸੰਘਰਸ਼ ਬਗਾਵਤ ਨਾਲ ਹੀ ਬਲਕਿ ਸੰਯਮ ਨਾਲ ਜਿੱਤੇ ਜਾਂਦੇ ਹਨ। 

ਇਹ ਵੀ ਜ਼ਰੂਰ ਪੜ੍ਹੋ: ਨਵੀਂ ਘਰੇੜ: ਮੀਟਿੰਗ ਸੀ.ਐਮ ਜਾਂ ਅਫ਼ਸਰਾਂ ਨਾਲ ਬਾਰੇ ਉਗਰਾਹਾਂ ਯੂਨੀਅਨ ਵੱਲੋਂ ਵਿਚਾਰ ਕਰਨ ਦਾ ਐਲਾਨ

ਉਨਾਂ ਲੋਕਾਂ ਨੂੰ ਸੁਚੇਤ ਕਰਦੇ ਕਿਹਾ ਕਿ ਪਿੰਡਾਂ ’ਚ ਪੁੱਜ ਕੇ ਕੁੱਝ ਲੋਕ ਬਗਾਵਤ ਦਾ ਸਮਾਂ ਦੱਸ ਕੇ ਹਥਿਆਰ ਚੁੱਕਣ ਲਈ ਭਰਮਾ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਸਾਡਾ ਹੈ ਅਤੇ ਸਰਕਾਰ ਕੋਲ ਅਸੀਮ ਸ਼ਕਤੀਆਂ ਹਨ। ਇਸ ਲਈ ਮੌਕੇ ਦੀ ਸਰਕਾਰ ਨੂੰ ਸ਼ਾਂਤ ਮਈ ਸੰਘਰਸ਼ ਨਾਲ  ਸਿੱਧੇ ਰਾਹ ’ਤੇ ਲਿਆਉਣਾ ਪੈਣਾ ਹੈ। ਇਸ ਮੌਕੇ ਡਾ. ਸਵੈਮਾਨ ਸਿੰਘ ਨੇ ਦੇਸ਼ ਦੀ ਨੌਜਵਾਨੀ ਨੂੰ ਸਿੱਖਿਆ, ਸਿਹਤ, ਰੁਜ਼ਗਾਰ, ਨਸ਼ਾਖੋਰੀ ਤੋਂ ਮੁਕਤ ਭਾਰਤ ਸਿਰਜਣ ਦਾ ਸੱਦਾ ਦਿੱਤਾ। ਬੀਬੀ ਰਮਨਦੀਪ ਕੌਰ ਮਰਖਾਈ ਨੇ ਵੀ ਬੜੇ ਸਿੱਝਵੇਂ ਸ਼ਬਦਾਂ ’ਚ ਕਿਸਾਨਾਂ ਨੂੰ ਜੀਵਨ ਦਾ ਧੁਰਾ ਦੱਸਦੇ ਖੇਤੀ ਕਾਨੂੰਨੀ ਦੇ ਹੱਕ ’ਚ ਡਟਣ ਦਾ ਸੱਦਾ ਦਿੱਤਾ। ਐਲਨਬਾਦ ਉਪ ਚੋਣ ਬਾਰੇ ਮਹਾਂਸੰਮੇਲਨ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਕਿਸਾਨਾਂ ਦਾ ਕਿਸੇ ਉਮੀਦਵਾਰ ਨੂੰ ਸਮਰਥਨ ਨਹੀਂ ਹੈ। ਭਾਜਪਾ-ਜਜਪਾ ਦਾ ਵਿਰੋਧ ਜ਼ਰੂਰ ਕਰਨਾ ਹੈ, ਪਰ ਉਹ ਵਿਰੋਧ ਧੱਕੇਸ਼ਾਹੀ ਜਾਂ ਸੰਵਿਧਾਨਕ ਹੱਦਾਂ ਨੂੰ ਪਾਰ ਕਰਕੇ ਹੋਣਾ ਚਾਹੀਦਾ ਹੈ। 



ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੰਿਗਾਰਾ ਸਿੰਘ ਮਾਨ ਨੇ ਅਸ਼ੀਸ਼ ਮਿਸਰਾ ਦੀ ਗਿਰਫਤਾਰੀ ਨੂੰ ਕਿਸਾਨ ਰੋਹ ਦਾ ਸਿੱਟਾ ਦੱਸਦੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਨੇ ਮੋਦੀ ਹਕੂਮਤ ਦੇ ਫਿਰਕੂ , ਜਾਤਪਾਤੀ, ਇਲਾਕਾਈ ਤੇ ਅੰਨੇ ਰਾਸਟਰਵਾਦ ਰਾਹੀਂ ਲੋਕਾਂ ਚ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਮਾਤ ਦੇ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਨਾਂ ਭਾਜਪਾ ਦੁਆਰਾ  ਹਰਿਆਣਾ ਦੇ ਕਿਸਾਨਾਂ ਨੂੰ ਐਸ ਵਾਈ ਐਲ ਨਹਿਰ ਦੇ ਮੁੱਦੇ ਅਤੇ ਪੰਜਾਬੀ ਕਿਸਾਨੀ ਭੜਕਾਕੇ ਘੋਲ ਨੂੰ ਲੀਹੋਂ ਲਾਹੁਣ ਦੇ ਯਤਨਾਂ ਨੂੰ ਹਰਿਆਣਾ ਦੇ ਕਿਸਾਨਾਂ ਵੱਲੋਂ ਮਾਤ ਦੇ ਕੇ ਕਿਸਾਨ ਘੋਲ ਨੂੰ ਤਕੜਾਈ ਦੇਣ ਲਈ ਦਿਖਾਈ ਸੂਝ ਤੇ ਦਲੇਰੀ ਨੂੰ ਮਿਸਾਲੀ ਕਰਾਰ ਦਿੱਤਾ। 

ਇਹ ਵੀ ਜ਼ਰੂਰ ਪੜ੍ਹੋ: ਸ਼ਾਹੀ ਨੌਕਰੀ: ਤਰਨ ਤਾਰਨ ’ਚ ਬੈਠਿਆਂ ਭੀਟੀਵਾਲਾ ਸਿਹਤ ਸੈਂਟਰ ’ਚ ਲੱਗਦੀ ਰਹੀ ‘ਹਾਜ਼ਰੀ’

ਇਸ ਮੌਕੇ ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ, ਕੁੱਲ ਹਿੰਦ ਕਿਸਾਨ ਸਭਾ ਦੇ ਅੰਗਰੇਜ਼ ਸਿੰਘ ਬਨਵਾਲਾ, ਚਰਨਜੀਤ ਸਿੰਘ ਬਨਵਾਲਾ, ਡਾ. ਪਾਲਾ ਸਿੰਘ ਕਿੱਲਿਆਂਵਾਲੀ, ਡਾ. ਮਨਜਿੰਦਰ ਸਰਾਂ, ਸੰਜੈ ਮਿੱਡਾ, ਸੁਖਵਿੰਦਰ ਸਿੰਘ ਚੰਦੀ ਅਤੇ ਜਸਬੀਰ ਸਿੰਘ ਭਾਟੀ ਵੀ ਮੌਜੂਦ ਸਨ। 


ਐਲਨਾਬਾਦ ਉਪ ਚੋਣ ’ਚ ਭਾਜਪਾ-ਜਜਪਾ ਦਾ ਸੂਪੜਾ ਸਾਫ਼ ਤੈਅ: ਚੜੂਨੀ

ਮਹਾਂਸੰਮੇਲਨ ’ਚ ਸ਼ਾਮਲ ਹੋਣ ਪੁੱਜੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ’ਚ ਕਿਹਾ ਕਿ ਅਭੈ ਸਿੰਘ ਚੌਟਾਲਾ ਨੂੰ ਐਲਨਾਬਾਦ ਸੀਟ ਤੋਂ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਉਹ ਵਿਧਾਨਸਭਾ ਅੰਦਰ ਬੈਠ ਕੇ ਵਧੀਆ ਢੰਗ ਨਾਲ ਆਵਾਜ਼ ਉਠਾ ਸਕਦੇ ਸਨ। ਚੜੂਨੀ ਨੇ ਕਿਹਾ ਕਿ ਐਲਨਾਬਾਦ ਉਪ ਚੋਣ ’ਚ ਭਾਜਪਾ-ਜਜਪਾ ਦਾ ਸੂਪੜਾ ਸਾਫ਼ ਹੋਣਾ ਤੈਅ ਹੈ। ਉਨਾਂ ਕਿਹਾ ਕਿ ਐਲਨਾਬਾਦ ਉਪ ਚੋਣ ’ਚ ਭਾਜਪਾ ਉਮੀਦਵਾਰ ਨੂੰ ਵੋਟ ਨਾ ਦੇਣ ਵਾਜਬ ਹੈ। ਦਫ਼ਤਰ ਨਾ ਖੁੱਲਣ ਨਾ ਦੇਣਾ ਜਾਂ ਧੱਕਾ-ਮੁੱਕੀ ਕਰਨ ਕਿਸੇ ਪੱਖੋਂ ਵਾਜਬ ਨਹੀਂ ਹੈ। ਇਸ ਕਿਸਾਨਾਂ ਨੂੰ ਵਿਰੋਧ ਦਾ ਜਾਇਜ਼ ਢੰਗ ਵਰਤਣਾ ਚਾਹੀਦਾ ਹੈ। ਉਨਾਂ ਇੰਝ ਧੱਕਾ-ਮੁੱਕੀ ਨਾਲ ਕਿਸਾਨ ਸੰਘਰਸ਼ ਦੀ ਬਦਨਾਮੀ ਹੋ ਜਾਵੇਗੀ।  ਉਨਾਂ ਮੰਡੀਆਂ ’ਚ ਕਿਸਾਨਾਂ ਨੂੰ ਖਰੀਦ ਪ੍ਰਬੰਧਾਂ ’ਚ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਟੀਕਰੀ ਅਤੇ ਸਿੰਘੂ ਬਾਰਡਰ ਨੂੰ ਖਾਲੀ ਕਰਵਾਉਣ ਸਬੰਧੀ ਮੁੱਖ ਮੰਤਰੀ ਦੇ ਬਿਆਨ ਇੱਕ ਸੁਆਲ ’ਤੇ ਚੜੂਨੀ ਨੇ ਆਖਿਆ ਕਿ ਖਾਲੀ ਕਰਵਾਉਣਾ ਕਿਸੇ ਦੀ ਬਾਪ ਦਾ ਤਾਕਤ ਹੈ। ਰਸਤਾ ਕਿਸਾਨਾਂ ਨੇ ਨਹੀਂ, ਬਲਕਿ ਸਰਕਾਰ ਨੇ ਰੋਕਿਆ ਹੋਇਆ ਹੈ। 

ਕਾਂਗਰਸੀ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਵਧਾ ਸਕਦੀ ਮਨਪ੍ਰੀਤ ਬਾਦਲ ਦੀ ਚੁੱਪੀ!



ਇਕਬਾਲ ਸਿੰਘ ਸ਼ਾਂਤ

ਲੰਬੀ: ਫ਼ਸਲ ਖਰਾਬੇ ਸੰਬੰਧੀ ਪਿੰਡ ਬਾਦਲ ’ਚ ਹਜ਼ਾਰਾਂ ਕਿਸਾਨਾਂ ਵੱਲੋਂ ਪੱਕੇ ਮੋਰਚੇ ਦੇ ਛੇ ਦਿਨ ਬਾਅਦ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੁੱਪੀ ਲੋਕ ਸਫ਼ਾਂ ਨੂੰ ਹੈਰਾਨ ਕਰ ਰਹੀ ਹੈ। ਖੁਦ ਨੂੰ ਬੜਾ ਸੰਜ਼ੀਦਾ ਅਤੇ ਸਾਦਾ ਦੱਸਣ ਵਾਲੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਹੁਣ ਤੱਕ ਉਨਾਂ ਦੇ ਘਰ ਮੂਹਰੇ ਡਟੇ ਬੈਠੇ ਕਿਸਾਨਾਂ ਦਾ ਸਾਰ ਨਾ ਲੈਣ ਨਾਲ ਲੋਕ ਕਚਿਹਰੀ ’ਚ ਉਨਾਂ ਦੀ ਜਵਾਬਦੇਹੀ ਖੜੀ ਹੋ ਗਈ ਹੈ। ਸ੍ਰੀ ਬਾਦਲ ਬਠਿੰਡਾ ਸੀਟ ਤੋਂ ਵਿਧਾਇਕ ਹਨ। ਨਰਮਾ ਪੱਟੀ ਦਾ ਸਿਰਤਾਜ ਬਠਿੰਡਾ ਜ਼ਿਲਾ ਗੁਲਾਬੀ ਸੁੰਡੀ ਦੀ ਭਾਰੀ ਮਾਰ ਹੇਠਾਂ ਹੈ। ਆਗਾਮੀ ਚੋਣਾਂ ’ਚ ਮਾਲਵਾ ਅਤੇ ਖਾਸਲ ਨਰਮਾ ਪੱਟੀ ’ਚ ਮਨਪ੍ਰੀਤ ਬਾਦਲ ਦੀ ਚੁੱਪੀ ਕਈ ਹਲਕਿਆਂ ’ਚ ਕਾਂਗਰਸ ਉਮੀਦਵਾਰਾਂ ਲਈ ਜਨਤਕ ਮੁਸ਼ਕਿਲਾਂ ਵਧਾ ਸਕਦੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਵਿੱਤ ਮੰਤਰੀ ਨੂੰ ਲੋਕ ਨੁਮਾਇੰਦੇ ਦੇ ਨਾਤੇ ਇਸ ਮਸਲੇ ਦੇ ਹੱਲ ਲਈ ਮੂਹਰੇ ਆਉਣਾ ਚਾਹੀਦਾ ਸੀ। ਇਸ ਚੁੱਪੀ ਦਾ ਕਾਰਨ ਜਾਣਨ ਬਾਰੇ ਵਿੱਤ ਮੰਤਰੀ ਦਾ ਪੱਖ ਜਾਣਨ ’ਤੇ ਵਾਰ ਵਾਰ ਫੋਨ ’ਤੇ ਉਨਾਂ ਕਾਲ ਰਸੀਵ ਨਹੀਂ ਕੀਤੀ। 

   

ਨਵੀਂ ਘਰੇੜ: ਮੀਟਿੰਗ ਸੀ.ਐਮ ਜਾਂ ਅਫ਼ਸਰਾਂ ਨਾਲ ਬਾਰੇ ਉਗਰਾਹਾਂ ਯੂਨੀਅਨ ਵੱਲੋਂ ਵਿਚਾਰ ਕਰਨ ਦਾ ਐਲਾਨ



* ਛੇਵੇਂ ਦਿਨ ਵਿੱਤ ਮੰਤਰੀ ਦੇ ਬੂਹੇ ’ਤੇ ਪੱਕਾ ਮੋਰਚਾ ਭਖਵੇਂ ਤੌਰ ’ਤੇ ਜਾਰੀ

* ਕਿਸਾਨਾਂ ਨੇ ਮੁੱਖ ਮੰਤਰੀ ਚੰਨੀ ਨੂੰ ‘ਸ਼ੋਸ਼ੇਬਾਜ਼’ ਮੁੱਖ ਮੰਤਰੀ ਕਰਾਰ ਦਿੱਤਾ


ਇਕਬਾਲ ਸਿੰਘ ਸ਼ਾਂਤ

ਲੰਬੀ: ਨਰਮਾ ਅਤੇ ਹੋਰ ਫ਼ਸਲਾਂ ਦੇ ਖ਼ਰਾਬਾ ਮੁਆਵਜ਼ੇ ਵਜੀਰ-ਏ-ਖਜ਼ਾਨਾ ਦੇ ਬੂਹੇ ’ਤੇ ਡਟੇ ਬੈਠੀ ਭਾਕਿਯੂ ਏਕਤਾ ਉਗਰਾਹਾਂ ਦੀ ਹੁਣ 13 ਅਕਤੂਬਰ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਨੂੰ ਲੈ ਕੇ ਘਰੇੜ ਪੈ ਗਈ ਹੈ। ਯੂਨੀਅਨ ਨੇ ਪ੍ਰਸ਼ਾਸਨ ਦੀ ਚਿੱਠੀ ’ਤੇ ਸੁਆਲ ਖੜੇ ਕਰਦੇ ਐਲਾਨ ਕੀਤਾ ਹੈ ਕਿ ਇਹ ਵਿਚਾਰਅਧੀਨ ਹੈ ਕਿ ਮੁਆਵਜ਼ੇ ਬਾਰੇ ਗੱਲਬਾਤ ਮੁੱਖ ਮੰਤਰੀ ਨਾਲ ਕਰਨੀ ਹੈ ਜਾਂ ਉਨਾਂ ਦੇ ਅਧਿਕਾਰੀਆਂ ਨਾਲ। ਸਰਕਾਰ ਨੂੰ ਚਿੱਠੀ ਬਾਰੇ ਫੈਸਲਾ ਸੂਬਾ ਕਮੇਟੀ ਦੀ ਹੋਵੇਗਾ। 

ਜ਼ਿਕਰਯੋਗ ਹੈ ਕੱਲ ਜ਼ਿਲਾ ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਮਨਪ੍ਰੀਤ ਬਾਦਲ ਦਾ ਬੂਹਾ ਮੱਲਣ ਬਾਅਦ ਯੂਨੀਅਨ ਨੂੰ 13 ਅਕਤੂਬਰ ਨੂੰ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ, ਵਿੱਤ ਕਮਿਸ਼ਨਰ (ਮਾਲ) ਅਤੇ ਵਿੱਤ ਕਮਿਸ਼ਨਰ (ਵਿਕਾਸ) ਨਾਲ ਮੀਟਿੰਗ ਬਾਰੇ ਚਿੱਠੀ ਭੇਜੀ ਸੀ। ਪਿੰਡ ਬਾਦਲ ’ਚ ਵਜੀਰੇ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਹਿਸ਼ ਦੇ ਘਿਰਾਓ ਤਹਿਤ ਪੱਕਾ ਮੋਰਚਾ ਅੱਜ ਛੇਵੇਂ ਦਿਨ ’ਚ ਪੁੱਜ ਗਿਆ। 

ਯੂਨੀਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੱਲਬਾਤ ਮੁੱਖ ਮੰਤਰੀ ਨਾਲ ਕਰਨੀ ਹੈ ਜਾਂ ਉਨਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਸੂਬਾ ਕਮੇਟੀ ਵੱਲੋਂ ਵਿਚਾਰ ਕੇ ਦੱਸਿਆ ਜਾਵੇਗਾ। ਯੂਨੀਅਨ ਦੇ ਇਸ ਰਵਈਏ ਨਾਲ ਪ੍ਰਸ਼ਾਸਨ ਅਤੇ ਸਰਕਾਰ ਸ਼ਸ਼ੋਪੰਜ ਦੀ ਸਥਿਤੀ ਵਿਚ ਆ ਗਈ ਹੈ। ਜਿਲ੍ਹਾ ਪ੍ਰਸ਼ਾਸਨ ਖੁਦ ਨੂੰ ਦੋ  ਪਾਟਾਂ ਵਿਚਕਾਰ ਫਸਿਆ ਮਹਿਸੂਸ ਕਰ ਰਿਹਾ ਹੈ।

        ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਭੈਣੀਬਾਘਾ , ਬਿੱਟੂ ਮੱਲਣ, ਜਗਸੀਰ ਸਿੰਘ, ਮਲਕੀਤ ਸਿੰਘ ਅਤੇ ਮਹਿਲਾ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਹੁਣ ਤੱਕ ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਲੋਕਾਂ ਲਈ ਭਲੇ ਦੀ ਕੰਮ ਕਰਨ ਦੀ ਬਜਾਇ ਸਿਰਫ਼ ਫੋਕੀ ਸ਼ੋਹਰਤ ਨਾਲ ਅਖ਼ਬਾਰਾਂ ਟੈਲੀਵਿਜਨ ਦੀਆਂ ਸੁਰਖੀਆਂ ਬਣਨ ਵਾਲੀਆਂ ਗੱਲਾਂ ਹੀ ਕਰ ਰਹੇ ਹਨ। ਉਨਾਂ ਕਿਹਾ ਕਿ ਨਵੀਂ ਸਰਕਾਰ ਦੇ ਕੰਮ ਕਰਨ ਦੇ ਕੁਝ ਮਹੀਨੇ ਰਹਿੰਦਿਆਂ ਦੌਰਾਨ ਕੁਝ ਲੋਕਾਂ ਨੂੰ ਆਸਾਂ ਬੱਝੀਆਂ ਸਨ ਨਵੇਂ  ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਕਿਸਾਨਾਂ ਮਜ਼ਦੂਰਾਂ ਦੇ ਭਲੇ ਲਈ ਕੰਮ ਕਰਨਗੇ, ਪਰ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਰਾਜ ਗੱਦੀ ’ਤੇ ਕੋਈ ਗਰੀਬ ਦਲਿਤ ਦਾ ਚਿਹਰਾ ਪੇਸ਼ ਕਰਕੇ ਬਿਠਾਉਣ ਨਾਲ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ  ਅਤੇ ਆਪਣੀਆਂ ਮੰਗਾਂ ਮਸਲਿਆਂ ਦਾ ਇੱਕੋ ਇੱਕ ਹੱਲ ਜਮਾਤੀ ਏਕਤਾ ਅਤੇ ਸੰਘਰਸ਼ ਹੀ ਹੈ। 

ਉਨਾਂ ਕਿਹਾ ਕਿ ਛੇ ਦਿਨਾਂ ਤੋਂ ਕਿਸਾਨ ਮਜ਼ਦੂਰ ਆਪਣੀ ਫ਼ਸਲ ਖਰਾਬ ਹੋਈ ਫਸਲ ਦੇ ਮੁਆਵਜੇ ਲਈ ਸੜਕਾਂ ’ਤੇ ਰੋ ਰਹੇ ਹਨ, ਬਿਜਲੀ ਸੰਕਟ ਕਾਰਨ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ  ਲਈ ਕਿਸਾਨ ਖੇਤਾਂ ਵਿੱਚ ਉਡੀਕ ਕਰ ਰਹੇ ਹਨ, ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੋ ਰਹੇ ਹਨ, ਪਰ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਸੰਬੰਧੀ ਅਜੇ ਕੋਈ ਲੋੜ ਨਹੀਂ ਸਮਝੀ । ਕਿਸਾਨ ਆਗੂਆਂ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਜੋ ਵੱਧ ਤੋਂ ਵੱਧ ਸੰਘਰਸ਼ਾਂ ਦੇ ਮੈਦਾਨਾਂ ’ਚ ਆਉਣ ਤਾਂ ਕਿ ਸਰਕਾਰਾਂ ਨੂੰ ਮਜ਼ਬੂਰ ਕਰ ਕੇ  ਮੰਗਾਂ ਮਸਲਿਆਂ ਦੋ ਹੱਲ ਕਰਵਾਇਆ ਜਾਵੇ।


ਸ਼ਾਹੀ ਨੌਕਰੀ: ਤਰਨ ਤਾਰਨ ’ਚ ਬੈਠਿਆਂ ਭੀਟੀਵਾਲਾ ਸਿਹਤ ਸੈਂਟਰ ’ਚ ਲੱਗਦੀ ਰਹੀ ‘ਹਾਜ਼ਰੀ’




* ਅਫ਼ਸਰਾਂ ਦੀ ਮਿਲੀਭੁਗਤ ਨਾਲ ਸੀ.ਐਚ.ਸੀ. ਲੰਬੀ ਦੇ ਸਾਰੇ ਸੈਂਟਰਾਂ ’ਚ ਚੱਲਦੀਆਂ ਖੁੱਲ੍ਹੀਆਂ ਖੇਡਾਂ

* 7 ਸਤੰਬਰ ਤੋਂ 17 ਸਤੰਬਰ ਤੱਕ ਖਾਲੀ ਹਾਜ਼ਰੀ ‘ਖਾਨਾ’ ਦੇ ਰਿਹਾ ਗਵਾਹੀ


ਇਕਬਾਲ ਸਿੰਘ ਸ਼ਾਂਤ

ਲੰਬੀ: ਪਿਛਲੇ ਸਾਢੇ ਚਾਰ ਦੌਰਾਨ ਪੰਜਾਬ ਵਿੱਚ ਸਰਕਾਰੀ ਨੌਕਰੀ ਵੀ ਐਸ਼ੋ-ਆਰਾਮ ਵਾਲਾ ‘ਨਵਾਬੀ-ਕਿੱਤਾ’ ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰੀ ਅਮਲੇ ਨੂੰ ਦਫ਼ਤਰਾਂ ’ਚ ਸਹੀ ਸਮੇਂ ਪੁੱਜ ਕੇ ਡਿਊਟੀ ਕਰਨ ਨੂੰ ਆਖ ਰਹੇ ਹਨ। ਜਦੋਂਕਿ ਜ਼ਮੀਨ ਪੱਧਰ ’ਤੇ ਸਰਕਾਰੀ ਮੁਲਾਜਮਾਂ ਦੀ ਵਗੈਰ ਡਿਊਟੀ ’ਤੇ ਆਏ ਘਰੋਂ ਬੈਠਿਆਂ ਹੀ ਸਰਕਾਰੀ ਅਦਾਰਿਆਂ ’ਚ ਹਾਜ਼ਰੀ ਲੱਗ ਰਹੀ ਹੈ। ਵਗੈਰ ਡਿਊਟੀ ਕੀਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਵਾਲਾ ਇਹ ਕਾਰਗੁਜਾਰੀ ਕਮਿਊਨਿਟੀ ਸਿਹਤ ਸੈਂਟਰ ਲੰਬੀ ਦੇ ਅਧੀਨ ਪੈਂਦੇ ਪਿੰਡ ਭੀਟੀਵਾਲਾ ਵਿਖੇ ਹੈਲਥ ਐਂਡ ਵੈਲਨੈੱਸ ਸੈਂਟਰ ’ਤੇ ਸਾਹਮਣੇ ਆਇਆ ਹੈ। ਇਸ ਸੈਂਟਰ ਵਿਖੇ ਤਾਇਨਾਤ ਇੱਕ ਲੇਡੀ ਹੈਲਥ ਵਿਜ਼ਟਰ (ਐਲ.ਐਚ.ਵੀ.) ਦੀ ਘਰੇ ਬੈਠਿਆਂ ਹੀ ਹੈਲਥ ਸੈਂਟਰ ’ਚ ਕਥਿਤ ਹਾਜ਼ਰੀ ਲੱਗਦੀ ਆ ਰਹੀ ਹੈ। ਹਾਜ਼ਰੀ ਰਜਿਸਟਰ ਦੇ ਮਿਲੇ ਸਬੂਤਾਂ ਮੁਤਾਬਕ ਇਸ ਐਲ.ਐਚ.ਵੀ. ਮੁਲਾਜਮ ਦੀ ਬੀਤੀ 7 ਸਤੰਬਰ ਤੋਂ 17 ਸਤੰਬਰ 2021 ਤੱਕ ਹਾਜਰੀ ਵਾਲਾ ਖਾਨਾ ਖਾਲੀ (ਜਿਸਦੇ ਸਬੂਤ ਸਾਡੇ ਕੋਲ ਹਨ) ਪਾਇਆ ਗਿਆ। ਇਸ ਪੱਤਰਕਾਰ ਨੇ ਜਦੋਂ ਭੀਟੀਵਾਲਾ ਸੈਂਟਰ ’ਤੇ ਪੁੱਜ ਕੇ ਹਾਜ਼ਰੀ ਰਜਿਸਟਰ ਪੜਤਾਲਿਆ ਤਾਂ ਉਕਤ ਐਲ.ਐਚ.ਵੀ ਦੀਆਂ 7 ਤੋਂ 17 ਸਤੰਬਰ 2021 ਵਾਲੀ ਹਾਜ਼ਰੀਆਂ ਲੱਗੀਆਂ ਹੋਈਆਂ ਸਨ। ਨਿਯਮਾਂ ਮੁਤਾਬਕ ਮੁਲਾਜਮਾਂ ਦੀ ਹਾਜ਼ਰੀ ਰੋਜ਼ਾਨਾ ਅਤੇ ਉਸਦੀ ਡਿਊਟੀ/ਛੁੱਟੀ ਜਾਂ ਸਥਿਤੀ ਦਰਜ ਹੋਣੀ ਚਾਹੀਦੀ ਹੈ। ਉਸਦੇ ਨਾਲ ਹੋਰਨਾਂ ਦੇ ਮੁਲਾਜਮਾਂ ਦੀ ਹਾਜ਼ਰੀ ’ਚ ਊਣਤਾਈਆਂ ਵਿਖਦੀਆਂ ਹਨ। ਉਸਦੀ ਲੰਮੀ ਗੈਰਹਾਜ਼ਰੀ ਚਰਚਾ ਵਿੱਚ ਹੈ।
ਉਕਤ ਐਲ.ਐਚ.ਵੀ ਮੁਲਾਜਮ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਹਾਜਰੀ ਰਜਿਸਟਰ ਮੁਤਾਬਕ ਮਾਰਚ ਅਤੇ ਜੁਲਾਈ 2021 ’ਚ ਉਸਦੀ ਡਿਊਟੀ ਸੀ.ਐਚ.ਸੀ. ਲੰਬੀ ਵਿਖੇ ਵਿਖਾਈ ਗਈ ਹੈ। ਇਸ ਸਮੁੱਚੀ ਕਾਰਗੁਜਾਰੀ ’ਚ ਸੀਨੀਅਰ ਅਫ਼ਸਰਾਂ ਦੀ ਪੂਰੀ ਛਤਰ-ਛਾਇਆ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਇੱਥੋਂ ਦੇ ਸਿਹਤ ਅਮਲੇ ਵਿੱਚੋਂ ਕਿਸੇ ਵੱਲੋਂ ਘਰ ਬੈਠੀ ਐਲ.ਐਚ.ਵੀ ਦੀ ਹਾਜ਼ਰੀ ਰਜਿਸਟਰ ’ਚ ਉਸਦੀ ‘ਦੋ ਅੱਖਰਾਂ’ ਵਾਲੀ ਹਾਜ਼ਰੀ ਲਗਾ ਦਿੱਤੀ ਜਾਂਦੀ ਹੈ।
ਸਿਹਤ ਸੈਂਟਰ ਭੀਟੀਵਾਲਾ ਸੈਂਟਰ ’ਤੇ ਤਾਇਨਾਤ ਮਹਿਲਾ ਅਮਲੇ ਨੇ ਪੱਤਰਕਾਰ ਕੋਲ ਕਬੂਲਿਆ ਕਿ ਐਲ.ਐਚ.ਵੀ ਮਹਿਲਾ ਮੁਲਾਜਮ ਤਰਨਤਾਰਨ ਤੋਂ ਦੂਰੋਂ ਆਉਂਦੀ ਹੈ। ਉਹ ਕਦੇ-ਕਦੇ ਹੀ ਆਉਂਦੀ ਹਨ। ਜਦੋਂ ਵੀ ਉਹ ਆਉਂਦੇ ਹਨ ਉਦੋਂ ਹਾਜ਼ਰੀ ਕੰਪਲੀਟ ਕਰ ਜਾਂਦੇ ਹਨ। ਮੀਡੀਆ ਪੜਤਾਲ ਮੁਤਾਬਕ ਉਸਦੀ ਹਾਜ਼ਰੀ ਵਾਲੇ ਦੋਵੇਂ ਅੱਖਰ ਵੀ ਬਹੁਤ ਜਗ੍ਹਾ ਆਪਸ ’ਚ ਨਹੀਂ ਮੇਲ ਖਾਂਦੇ ਵਿਖਾਈ ਦਿੱਤੇ।



ਉਸਦੀ ਗੈਰਹਾਜ਼ਰੀ ਨਾਲ ਹੋਰਨਾਂ ਮੁਲਾਜਮਾਂ ’ਤੇ ਕੰਮ ਦਾ ਬੋਝ ਵਧ ਗਿਆ ਹੈ। ਹਾਲਾਂਕਿ ਇੱਥੇ ਹੋਰਨਾਂ ਮੁਲਾਜਮਾਂ ਦੀ ਵੀ ਡਿਊਟੀ ਪ੍ਰਤੀ ਖੁੱਲ੍ਹੀ ਖੇਡਾਂ ਦੀਆਂ ਰਿਪੋਰਟਾਂ ਹਨ। ਪੁਖਤਾ ਸੂਤਰਾਂ ਮੁਤਾਬਕ ਸੀ.ਐਚ.ਸੀ. ਅਤੇ ਉਸਦੇ ਅਧੀਨ ਸਾਰੇ ਸਿਹਤ ਕੇਂਦਰਾਂ ’ਚ ਕੰਮ-ਚੋਰੀ ਦੇ ਇਲਾਵਾ ਬਹੁਤ ਕੁੱਝ ਗੈਰਵਾਜਬ ਹੁੰਦਾ ਹੈ। ਚਰਚਾ ਹੈ ਕਿ ਸੀ.ਐਚ.ਸੀ ਦੇ ਹੇਠਲੇ ਸੈਂਟਰਾਂ ’ਚ ਹਾਜ਼ਰੀ ਘਪਲੇ ਅਤੇ ਹੋਰਨਾਂ ਕਾਰਗੁਜਾਰੀਆਂ ਦੀ ਕਥਿਤ ਸੈਟਿੰਗ ’ਚ ਇੱਕ ਡਾਕਟਰ ਅਹਿਮ ਭੂਮਿਕਾ ਨਿਭਾਉਂਦਾ ਹੈ।
ਪੱਖ ਜਾਣਨ ਲਈ ਮਹਿਲਾ ਐਲ.ਐਚ.ਵੀ. ਸਵਰਨਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਉਹ ਕੰਦੂਖੇੜਾ ਵਿਖੇ ਕਮਰਾ ਕਿਰਾਏ ’ਤੇ ਲੈ ਕੇ ਰਹਿੰਦੀ ਹੈ। ਜਦੋਂ ਉਸਨੂੰ ਸਹਿਯੋਗੀ ਸਟਾਫ਼ ਦੇ ਬਿਆਨਾਂ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਹ ਤਬਾਦਲਾ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਵੱਲੋਂ ਪੱਖ ਪੁੱਛਣ ’ਤੇ ਉਹ ਸਿੱਧੇ ਤੌਰ ’ਤੇ ਕੁੱਝ ਕਹਿਣ ਤੋਂ ਬਚਦੇ ਹੋਏ ਪੜਤਾਲ ਦੀ ਗੱਲ ਆਖਦੇ ਰਹੇ। ਇਸੇ ਦੌਰਾਨ ਅੱਜ ਇੱਕ ਅਧਿਕਾਰੀ ਨੇ ਭੀਟੀਵਾਲਾ ਸੈਂਟਰ ਦਾ ਦੌਰਾ ਕਰਕੇ ਗੈਰਹਾਜ਼ਰੀ ’ਤੇ ਸਖ਼ਤੀ ਵਿਖਾਉਣ ਨਾਲੋਂ ਖਾਲੀ ਹਾਜ਼ਰੀ ਰਜਿਸਟਰ ਦੀ ਮੀਡੀਆ ਨੂੰ ਸੁੰਦਕ ਦੇਣ ਵਾਲੇ ਸੂਤਰਾਂ ਦੀ ਵੱਧ ਪੜਤਾਲ ਕੀਤੀ।

10 October 2021

ਮੁਆਵਜ਼ਾ: ਕਿਸਾਨਾਂ ਨਾਲ ਉੱਚ ਪੱਧਰੀ ਮੀਟਿੰਗ ਲਈ ਸਰਕਾਰ ਵੱਲੋਂ ‘ਹੋਮ ਵਰਕ’ ਸ਼ੁਰੂ


- ਸਮੂਹ ਡੀ. ਸੀਜ਼ ਤੋਂ 11 ਅਕਤੂਬਰ ਤੱਕ ਨਰਮਾ ਖ਼ਰਾਬੇ ਦੇ ਪੂਰੇ ਵੇਰਵੇ ਮੰਗੇ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 9 ਅਕਤੂਬਰ 

ਪੰਜਾਬ ਸਰਕਾਰ ਨੇ ਗੁਲਾਬੀ ਸੰੁਡੀ ਕਰਕੇ ਖ਼ਰਾਬੇ ’ਤੇ ਭਾਕਿਯੂ ਏਕਤਾ ਉਗਰਾਹਾਂ ਨਾਲ 13 ਅਕਤੂਬਰ ਦੀ ਉੱਚ ਪੱਧਰੀ ਮੀਟਿੰਗ ਲਈ ‘ਹੋਮ ਵਰਕ’ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਦੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫ਼ਸਲ ਸੰਬੰਧੀ ਵੇਰਵੇ 11 ਅਕਤੂਬਰ ਤੱਕ ਮੰਗੇ ਹਨ। ਸਰਕਾਰ ਵੱਲੋਂ ਜਾਰੀ ਹਦਾਇਤ ’ਚ ਗੁਲਾਬੀ ਸੁੰਡੀ ਕਰਕੇ ਨਰਮਾ ਫ਼ਸਲ ਦੇ ਨੁਕਸਾਨ ਦੀ ਸਾਰੇ ਪੱਖਾਂ ਤੋਂ ਮੁਕੰਮਲ ਵਿਸ਼ੇਸ਼ ਗਿਰਦਾਵਰੀ ਦੀ ਮੰਗੀ ਹੈ। ਪਤਾ ਲੱਗਿਆ ਹੈ ਕਿ ਸਰਕਾਰ ਨੂੰ ਅਜੇ ਤੱਕ ਕਾਫ਼ੀ ਜ਼ਿਲਿਆਂ ਗੁਲਾਬੀ ਸੁੰਡੀ ਕਰਕੇ ਨਰਮਾ ਫ਼ਸਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਪੁੱਜੀ ਹੈ। ਸੂਤਰਾਂ ਅਨੁਸਾਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਮੌਕੇ ਪੂਰੇ ਵੇਰਵਿਆਂ ਸਮੇਤ ਗੱਲਬਾਤ ਦੇ ਰੌਂਅ ਵਿੱਚ ਹੈ। ਨੁਕਸਾਨ ਦੇ ਜ਼ਮੀਨੀ ਵੇਰਵਿਆਂ ਦੀ ਘਾਟ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਬਣਦੀ ਰਾਹਤ ਜਾਰੀ ਕਰਨ ’ਚ ਅੜਿੱਕਾ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 26 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਰਮਾ ਪੱਟੀ ਦਾ ਦੌਰਾ ਕਰਕੇ ਗੁਲਾਬੀ ਸੁੰਡੀ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਤੁਰੰਤ ਸਰਵੇ ਦੇ ਨਿਰਦੇਸ਼ ਦਿੱਤੇ ਸਨ। 

   

ਚੰਨੀ ਦੇ ਮੁੰਡੇ ਦੇ ਵਿਆਹ ’ਤੇ ਕਿਸਾਨ ਸੰਘਰਸ਼ ਦਾ ਪਰਛਾਵਾਂ

                                                   

- ਭਾਕਿਯੂ ਏਕਤਾ ਉਗਰਾਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੱਦਾ ਭੇਜਣ ’ਤੇ ਇਤਰਾਜ਼ ਜਤਾਇਆ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 9 ਅਕਤੂਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੜਕੇ ਨਵਜੀਤ ਸਿੰਘ ਦੇ ਵਿਆਹ ’ਤੇ ਵੀ ਕਿਸਾਨ ਸੰਘਰਸ਼ ਦਾ ਪਰਛਾਵਾਂ ਵਿਖਾਈ ਦੇ ਰਿਹਾ ਹੈ। ਸੂਬੇ ਦੀ ਸਭ ਤੋਂ ਵੱਡੇ ਕਾਡਰ ਵਾਲੀ ਜਥੇਬੰਦੀ ਭਾਕਿਯੂ ਏਕਤਾ ਉਗਰਾਹਾਂ ਨੇ ਮੁੱਖ ਮੰਤਰੀ ਦੇ ਲੜਕੇ ਦੇ ਵਿਆਹ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੱਦਾ ਪੱਤਰ ਭੇਜਣ ’ਤੇ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਦੇ ਲੜਕੇ ਦਾ ਵਿਆਹ 10 ਅਕਤੂਬਰ ਨੂੰ ਮੁਹਾਲੀ ’ਚ ਹੋਣਾ ਹੈ ਅਤੇ 11 ਅਕਤੂਬਰ ਨੂੰ ਖਰੜ ਵਿਖੇ ਰਿਸੈਪਸ਼ਨ ਰੱਖੀ ਗਈ ਹੈ। ਸ੍ਰੀ ਚੰਨੀ ਨੇ ਵਿਆਹ ਲਈ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਵੀ ਸੱਦਾ ਭੇਜਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਪਹਿਲਾਂ ਕਰਨਾਲ ਘਟਨਾ ਅਤੇ ਹੁਣ ਕਿਸਾਨਾਂ ਖਿਲਾਫ਼ ਭਖਵੇਂ ਬਿਆਨ ਨੂੰ ਲੈ ਕੇ ਕਿਸਾਨ ਧਿਰਾਂ ਦੇ ਪ੍ਰਮੁੱਖ ਨਿਸ਼ਾਨੇ ਉੱਪਰ ਹਨ। ਹਾਲਾਂਕਿ ਖੱਟਰ ਨੇ ਤਾਜ਼ਾ ਬਿਆਨ ਵਾਪਸ ਲੈ ਲਿਆ ਸੀ। ਕਿਸਾਨਾਂ ਦੇ ਵਿਰੋਧ ਕਰਕੇ ਮਨੋਹਰ ਲਾਲ ਨੂੰ ਹਰਿਆਣਾ ’ਚ ਹੈਲੀਕਾਪਟਰ ਵੀ ਲਾਹੁਣਾ ਔਖਾ ਹੋਇਆ ਹੈ।
ਯੂਨੀਅਨ ਦੇ ਸੂਬਾ ਸਕੱਤਰ ਸ਼ੰਗਰਾ ਮਾਨ ਨੇ ਕਿਹਾ ਕਿ ਖੇਤੀ  ਕਾਨੂੰਨਾਂ ਦੇ ਘਾੜੇ ਕਿਸਾਨਾਂ ਦੇ ਵਿਰੋਧੀ ਭਾਜਪਾ ਦੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬੇਟੇ ਦੇ ਵਿਆਹ ’ਤੇ ਸੱਦ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਸਖ਼ਤ ਵਿਰੋਧ ਕਰਨ ਦੇ ਸੱਦੇ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਭਾਜਪਾਈ ਮੁੱਖ ਮੰਤਰੀ ਨੂੰ ਵਿਆਹ ’ਚ ਬੁਲਾਉਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਵੀ ਹੋ ਸਕਦਾ ਹੈ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਨੇ ਭਖਦੇ ਕਿਸਾਨ ਸੰਘਰਸ਼ ਦੇ ਮਾਹੌਲ ’ਚ ਮੁੱਖ ਮੰਤਰੀ ਚੰਨੀ ਦੇ ਇਸ ਕਦਮ ਨੂੰ ਸਿਆਸੀ ਅਤੇ ਸਮਾਜਿਕ ਦੋਗਲੇ ਚਿਹਰੇ ਵਾਲੀ ਕਾਰਗੁਜਾਰੀ ਦੱਸਿਆ। ਉਨਾਂ ਕਿਹਾ ਕਿ ਭਾਜਪਾ ਨੇ ਸਿਰਫ ਖੇਤੀ ਕਾਨੂੰਨ ਹੀ ਨਹੀਂ ਲਾਗੂ ਕੀਤੇ, ਬਲਕਿ ਉਸਦੇ ਰਾਜ ’ਚ ਦੇਸ਼ ਅੰਦਰ ਐਸ.ਸੀ/ਐਸ.ਟੀ. ਭਾਈਚਾਰੇ ’ਤੇ ਤਸ਼ੱਦਦ ਦੇ ਸਾਰੇ ਪੁਰਾਣੇ ਟੁੱਟੇ ਹਨ। ਕਿਸਾਨਾਂ ਅਤੇ ਮਜ਼ਦੂਰ ਨੂੰ ਤਿੱਖਾ ਰੋਸ ਹੈ ਕਿ ਗਰੀਬ ਹੋਣ ਦਾ ਦਾਅਵਾ ਕਰਦੇ ਮੁੱਖ ਮੰਤਰੀ ਚੰਨੀ ਨੇ ਉਨਾਂ ਨੂੰ ਸੱਦਾ ਪੱਤਰ ਭੇਜ ਕੇ ਭਾਜਪਾ ਲੀਡਰਾਂ ਨਾਲ ਜਮਾਤੀ ਅਤੇ ਸਿਆਸੀ ਸਾਂਝ ਨੂੰ ਨੰਗਾ ਚਿੱਟਾ ਕਰ ਦਿੱਤਾ ਹੈ। ਇਸ ਸੱਦੇ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਜਖਮਾਂ ’ਤੇ ਲੂਣ ਛਿੜਕਣ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। 

   

ਮੀਟਿੰਗ ਰੱਦ ਕਰਨ ਤੋਂ ਤ੍ਰਭਕੇ ਕਿਸਾਨਾਂ ਨੇ ਤਿਹਰੇ-ਚੋਹਰੇ ਨਾਕੇ ਤੋੜ ਕੇ ਵਿੱਤ ਮੰਤਰੀ ਰਿਹਾਇਸ਼ ਦੇ ਦੋਵੇਂ ਬੂਹੇ ’ਤੇ ਘੇਰੇ


- ਘਰ ਮੂਹਰੇ ਬਠਿੰਡਾ-ਲੰਬੀ ਸੜਕ ’ਤੇ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ

- ਤਿੱਖੇ ਸੰਘਰਸ਼ ਕਾਰਨ ਡੀ. ਸੀ. ਅਤੇ ਐਸ.ਐਸ.ਪੀ. ਨੇ ਪਿੰਡ ਬਾਦਲ ’ਚ ਲਗਾਇਆ ਡੇਰਾ

ਇਕਬਾਲ ਸਿੰਘ ਸ਼ਾਂਤ

ਲੰਬੀ, 9 ਅਕਤੂਬਰ : ਨਰਮੇ ਨੂੰ ਗੁਲਾਬੀ ਸੁੰਡੀ ਖਰਾਬੇ ਦੇ ਮੁਆਵਜੇ ਬਾਰੇ ਪੰਜਾਬ ਸਰਕਾਰ ਨਾਲ ਅੱਜ ਕਿਸਾਨਾਂ ਦੀ ਮੁਕੱਰਰ ਮੀਟਿੰਗ ਮੁਲਤਵੀ ਹੋਣ ਖਿਲਾਫ਼ ਬਾਦਲ ਪਿੰਡ ’ਚ ਡਟੀ ਬੈਠੀ ਭਾਕਿਯੂ ਏਕਤਾ ਉਗਰਾਹਾਂ ਨੇ ਸਿਖਰਲਾ ਕਦਮ ਚੁੱਕ ਦਿੱਤਾ। ਯੂਨੀਅਨ ਦੇ ਹਜ਼ਾਰਾਂ ਕਿਸਾਨਾਂ ਨੇ ਪੁਲੀਸ ਦੇ ਤਿਹਰੇ-ਚੋਹਰੇ ਨਾਕੇ ਢਹਿ-ਢੇਰੀ ਕਰਦੇ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਪੱਕੇ ਤੌਰ ’ਤੇ ਘੇਰ ਲਏ। ਯੂਨੀਅਨ ਨੇ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਪੱਕਾ ਟੈਂਟ ਲਗਾ ਕੇ ਸਰਕਾਰ ਨਾਲ ਸਿੱਧਾ ਆਹਡਾ ਲਗਾ ਲਿਆ ਹੈ। ਕੱਲ ਸ਼ਾਮ ਡਿਪਟੀ ਕਮਿਸ਼ਨਰ ਵੱਲੋਂ ਅੱਜ ਮੀਟਿੰਗ ਨਾ ਹੋਣ ਸਕਣ ਦੀ ਸੂਚਨਾ ਮਗਰੋਂ ਕਿਸਾਨ ਦਾ ਸਰਕਾਰ ਪ੍ਰਤੀ ਰੋਹ ਪਨਪ ਪਿਆ। ਅੱਜ ਸਵੇਰੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਂ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ’ਚ ਵਿੱਤ ਮੰਤਰੀ ਦੇ ਘਰ ਮੂਹਰੇ ਮੋਰਚਾ ਲਾਉਣ ਦਾ ਫੈਸਲਾ ਹੋਇਆ। ਬਾਅਦ ’ਚ ਸ਼ੰਗਾਰਾ ਸਿੰਘ ਮਾਨ ਨੇ ਸਟੇਜ ਤੋਂ ਦੋਵੇਂ ਗੇਟਾਂ ਦਾ ਘਿਰਾਓ ਦਾ ਐਲਾਨ ਕਰ ਦਿੱਤਾ। ਕੁਝ ਮਿੰਟਾਂ ’ਚ ਹੀ ਹਜ਼ਾਰਾਂ ਕਿਸਾਨ ਸਮੁੱਚੀਆਂ ਰੋਕਾਂ ਨੂੰ ਖਿੰਡਾਅ ਕੇ ਅਗਾਂਹ ਵਧ ਗਏ ਅਤੇ ਮੁਕੰਮਲ ਘਿਰਾਓ ਕਰ ਲਿਆ।

ਜ਼ਿਕਰਯੋਗ ਹੈ ਕਿ ਮੀਟਿੰਗ ਮੁਲਤਵੀ ਹੋਣ ਕਰਕੇ ਅੱਜ ਪੁਲਿਸ ਨੇ ਰੋਹਜਦਾ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਵਿੱਤ ਮੰਤਰੀ ਦੇ ਘਰ ਅਤੇ ਪੱਕੇ ਮੋਰਚੇ ਵਿਚਕਾਰ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਸੀ। ਉਥੇ ਨਾਕਿਆਂ ’ਤੇ ਕੰਡਿਆਲੀ ਤਾਰਾਂ, ਅੱਧੀ ਦਰਜਨ ਵਜਰ ਵਾਹਨ, ਜਲ ਤੋਪਾਂ ਅਤੇ ਸੈਂਕੜੇ ਮਰਦ ਔਰਤ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਘਰ ਦੀ ਮੂਹਰਲੀ ਕੰਧ ਅਤੇ ਬੂਹਿਆਂ ਅੱਗੇ ਲੰਮੀਆਂ ਰੋਕਾਂ ਲਗਾ ਕੇ ਕਤਾਰਬੱਧ ਪੁਲਿਸ ਮੁਲਾਜਮ ਖੜੇ ਕੀਤੇ ਸਨ। ਡਿਪਟੀ ਕਮਿਸ਼ਨਰ ਐਚ.ਐਸ. ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਸਵੇਰੇ ਤੋਂ ਪਿੰਡ ਬਾਦਲ ’ਚ ਪਾਵਰਕਾਮ ਰੈਸਟ ਹਾਊਸ ਵਿੱਚੋਂ ਸਥਿਤੀ ’ਤੇ ਨਜ਼ਰ ਬਣਾਏ ਹੋਏ ਸਨ। ਰੋਹਜਦਾ ਕਿਸਾਨਾਂ ਨੇ ਮਹਿਜ਼ ਅੱਧੇ ਘੰਟੇ ਵਿੱਚ ਵਿੱਤ ਮੰਤਰੀ ਦੇ ਘਰ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਵਿਸ਼ਾਲ ਟੈਂਟ ਗੱਡ ਕੇ ਪੱਕਾ ਮੋਰਚਾ ਸਥਾਪਿਤ ਕਰ ਦਿੱਤਾ। 


ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵਿੱਤ ਮੰਤਰੀ ਦੇ ਘਰ ਮੂਹਰੇ ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਆਖਿਆ ਕਿ ਕਾਂਗਰਸ ਸਰਕਾਰ ਨੇ ਮੀਟਿੰਗ ਰੱਦ ਕਰਕੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਨੂੰ ਉਜਾਗਰ ਕੀਤਾ ਹੈ। ਉਨਾਂ ਕਿਹਾ ਕਿ ਯੂਨੀਅਨ ਨੇ ਪਹਿਲਾਂ ਵੀ ਸਰਕਾਰ ਦੀ ਮਾੜੀ ਨੀਯਤ ਵੇਖੀ ਹੈ ਅਤੇ ਬਾਅਦ ਵਿਚ ਇਹੋ ਸਰਕਾਰ ਐਤਵਾਰ ਨੂੰ ਵੀ ਮੁਆਵਜੇ ਦੇ ਕਰੋੜਾਂ ਰੁਪਏ ਜਾਰੀ ਕਰਨ ਲਈ ਮਜ਼ਬੂਰ ਹੋਈ ਹੈ। ਮੋਰਚੇ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਘੇਰੇ ਜਾ ਚੁੱਕੇ ਹਨ। ਹੁਣ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਉਨਾਂ ਨੂੰ ਇਸ ਘਰ ਦੀ ਬਾਕੀ ਦਰਵਾਜ਼ਿਆਂ ਦੀ ਵੀ ਪੂਰੀ ਜਾਣਕਾਰੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ  ਔਰਤ  ਕਿਸਾਨ  ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਸਰਕਾਰ ਦੀ ਨਾਂਹ-ਪੱਖੀ ਰਵੱਈਏ ਨੂੰ ਗੈਰਲੋਕਤੰਤਰਿਕ ਦੱਸਿਆ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਰਾਮ ਸਿੰਘ ਭੈਣੀਬਾਘਾ, ਗੁਰਭੇਜ ਸਿੰਘ, ਗੁਰਪਾਸ਼ ਸਿੰਘੇਵਾਲਾ, ਨੱਥਾ ਸਿੰਘ ਰੋੜੀਕਪੂਰਾ ਨੇ ਸੰਬੋਧਨ ’ਚ ਕਿਹਾ ਕਿ ਪੰਜ ਦਿਨਾਂ ਤੋਂ ਕਿਸਾਨਾਂ ਮਜਦੂਰਾਂ ਨੂੰ ਅਣਗੌਲਿਆਂ ਕਰਨ ’ਤੇ ਸਰਕਾਰ ਪ੍ਰਤੀ ਕਿਸਾਨਾਂ ਮਜਦੂਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ  ਅਤੇ  ਇਹ ਗੁੱਸਾ ਨਰਮਾ ਤੇ ਹੋਰ ਖਰਾਬ ਹੋਈਆਂ ਫਸਲਾਂ ਦਾ ਪੂਰਾ ਮੁਆਵਜਾ ਲੈਣ ਤੋਂ ਬਾਅਦ ਹੀ ਮੱਠਾ ਪਵੇਗਾ। 


08 October 2021

ਪੱਕਾ ਮੋਰਚਾ: ਵਿੱਤ ਮੰਤਰੀ ਦਾ ਘਰ 'ਪੱਕਾ' ਘੇਰਨ ਦੇ ਦਬਕੇ ’ਤੇ ਹਿੱਲੀ ਹਕੂਮਤ

             


* ਮੁਕਤਸਰ ਦੇ ਡੀ.ਸੀ ਤੇ ਐਸ.ਐਸ.ਪੀ. ਨੇ ਦਿਵਾਇਆ  ਅੱਜ 11 ਵਜੇ ਚੰਨੀ ਦੇ ਪਿੰ੍ਰਸੀਪਲ ਸਕੱਤਰ ਨਾਲ ਮੀਟਿੰਗ ਦਾ ਸਮਾਂ 

* ਸੂਤਰਾਂ ਮੁਤਾਬਕ ਪ੍ਰਸ਼ਾਸਨਕ ਦਿੱਕਤਾਂ ਕਰਕੇ ਮੀਟਿੰਗ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ

*ਮੀਟਿੰਗ ਦੇਰੀ ਨਾਲ ਪੱਕੇ ਮੋਰਚੇ ਦਾ ਰਵੱਈਆ ਭਖਣ ਦੀ ਉਮੀਦ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ: ਨਰਮਾ ਖਰਾਬੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜੇ ਲਈ ਪਿੰਡ ਬਾਦਲ ’ਚ ਵਿੱਤ ਮੰਤਰੀ ਦੇ ਬੂਹੇ ’ਤੇ ਲਗਾਏ ਕਿਸਾਨਾਂ-ਮਜ਼ਦੂਰਾਂ ਦੇ ਪੱਕੇ ਮੋਰਚੇ ਦੀਆਂ ਮੰਗਾਂ ਦੇ ਰੇਹੜਕੇ ਦੇ ਹੱਲ ਖਾਤਰ ਜ਼ਿਲਾ ਪ੍ਰਸ਼ਾਸਨ ਲਈ ਪਿੰਡ ਬਾਦਲ ’ਚ ਬੈਠਾ ਰਿਹਾ। ਸ਼ਾਮ ਤੱਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਦੀ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਦੋ ਪੜਾਵੀਂ ਮੀਟਿੰਗ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਪਿੰ੍ਰਸੀਪਲ ਸਕੱਤਰ, ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਵਿੱਤ ਕਮਿਸ਼ਨਰ ਨਾਲ ਕੱਲ 9 ਅਕਤੂਬਰ ਨੂੰ 11 ਵਜੇ ਚੰਡੀਗੜ ’ਚ ਮੀਟਿੰਗ ’ਤੇ ਸਹਿਮਤੀ ਬਣੀ।


 ਉੱਚ-ਪੱਧਰੀ ਸੂਤਰਾਂ ਮੁਤਾਬਕ ਪ੍ਰਸ਼ਾਸਨਿਕ ਦਿੱਕਤਾਂ ਕਾਰਨ ਇਹ ਮੀਟਿੰਗ 13 ਅਕਤੂਬਰ (ਬੁੱਧਵਾਰ) ਨੂੰ ਹੋਣ ਦੀ ਸੰਭਾਵਨਾ ਹੈ। ਇਸ ਦੇਰੀ ਨਾਲ ਪੱਕੇ ਮੋਰਚੇ ਦਾ ਤਿੱਖਾ ਰਵੱਈਆ ਸਾਹਮਣੇ ਆਉਣ ਦੀ ਉਮੀਦ ਹੈ।


ਅੱਜ ਸਵੇਰੇ 11 ਵਜੇ ਪਾਵਰਕਾਮ ਦੇ ਰੈਸਟ ਹਾਊਸ ਵਿੱਚ ਕਰੀਬ ਘੰਟੇ ਢਾਈ ਘੰਟੇ ਲੰਮੀ ਮੀਟਿੰਗ ਕਿਸਾਨਾਂ-ਮਜ਼ਦੂਰਾਂ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਿਚਕਾਰ ਮੰਗ ਮੁਤਾਬਕ ਸਰਕਾਰੀ ਧਿਰ ਦੀ ਕੋਈ ਸੁਚੱਜੀ ਅਤੇ ਠੋਸ ਤਜਵੀਜ਼ ਸਾਹਮਣੇ ਨਾ ਆਉਣ ’ਤੇ ਵਗੈਰ ਬੇਸਿੱਟਾ ਸਮਾਪਤ ਹੋ ਗਈ। ਕਿਸਾਨਾਂ ਨੇ ਗੱਲਬਾਤ ਟੁੱਟਣ ਦਾ ਐਲਾਨ ਕਰਦੇ ਹੋਏ ਬਾਅਦ ਦੁਪਿਹਰ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਘਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ। ਜਿਸ ’ਤੇ ਸੂਬਾ ਸਰਕਾਰ ਹਰਕਤ ਵਿੱਚ ਆਈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਭਾਕਿਯੂ ਏਕਤਾ ਉਗਰਾਹਾਂ ਦੇ ਵਫ਼ਦ ਦੀ ਕੱਲ 11 ਵਜੇ ਸਿਖ਼ਰਲੇ ਅਧਿਕਾਰੀਆਂ ਨਾਲ ਮੀਟਿੰਗ ਮੁਕਰਰ ਕਰਵਾ ਦਿੱਤੀ।



 ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕੱਲ ਕਿਸਾਨ, ਮਜ਼ਦੂਰ ਅਤੇ ਔਰਤਾਂ ਵੰਡੀ ਗਿਣਤੀ ’ਚ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਪੁੱੁਜਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ ਮੀਟਿੰਗ ’ਚ ਕਿਸਾਨਾਂ ਦੀਆਂ ਮੰਗਾਂ ਮਸਲੇ ਹੱਲ ਨਾ ਕੀਤੇ ਤਾਂ ਤੁਰੰਤ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।


 ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਉਥੇ ਤੰਗੀਆਂ-ਤੁਰਸ਼ੀਆਂ ’ਚ ਜ਼ਿੰਦਗੀ ਜਿਉਂ ਰਹੇ ਮਜਦੂਰਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ। ਇਸ ਲਈ ਮਜ਼ਦੂਰਾਂ ਨੂੰ ਵੀ ਇਸ ਪੱਕੇ ਮੋਰਚੇ ਨੂੰ ਵੰਧ ਮਜਬੂਤ ਕਰਨ ਦੀ ਲੋੜ ਹੈ।


ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਮੀਟਿੰਗ ’ਚ ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਨੁਕਸਾਨ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਤੀਹ ਹਜ਼ਾਰ ਰੁਪਏ ਰੁਜ਼ਗਾਰ ਉਜਾੜਾ ਭੱਤਾ, ਨਰਮੇ ਦੇ ਖਰਾਬੇ ਕਾਰਨ ਖੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਅਤੇ ਉੁਨਾਂ ਪਰਿਵਾਰਾਂ ਸਿਰ ਚੜਿਆ ਸਾਰਾ ਕਰਜ਼ਾ ਖਤਮ ਕਰਨ ਸਮੇਤ ਹੋਰਨਾਂ ਮੰਗਾਂ ਰੱਖੀਆਂ ਗਈਆਂ। 


ਪ੍ਰਸ਼ਾਸਨ ਨਾਲ ਮੀਟਿੰਗ ਮੌਕੇ ਕਿਸਾਨਾਂ ਵਫਦ ’ਚ ਮਾਨਸਾ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਫਾਜਲਿਕਾ ਦੇ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਜ਼ਿਲਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਸ਼ਾਮਲ ਸਨ।



‘ਸਿਆਸੀ ਸ਼ਾਬਾਸ਼ੀ’ ਲਈ ਮੁਕਤਸਰੀਆਂ ਤੋਂ ਉਤਾਂਹ ਹੋ ਕੇ ਪੇਸ਼ਕਸ਼ਾਂ ਕਰਦੇ ਰਹੇ ਬਠਿੰਡੇ ਵਾਲੇ

ਜ਼ਿਲਾਵਾਰ ਹੱਦਾਂ ਨੂੰ ਦਰਕਿਨਾਰ ਕਰਕੇ ਜ਼ਿਲਾ ਪ੍ਰਸ਼ਾਸਨ ਬਠਿੰਡਾ ਵੀ ਚੰਨੀ ਸਰਕਾਰ ਅਤੇ ਵਿੱਤ ਮੰਤਰੀ ਦੇ ਦਰਬਾਰ ਦੀ ਸ਼ਾਬਾਸ਼ੀ ਲਈ ਖੂਬ ਹੱਥ ਪੈਰ ਮਾਰਦਾ ਵਿਖਾਈ ਦਿੱਤਾ। ਪੱਕੇ ਮੋਰਚੇ ਦੀਆਂ ਮੰਗਾਂ ਬਾਰੇ ਪਿੰਡ ਬਾਦਲ ’ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਕਿਸਾਨਾਂ ਨਾਲ ਰਾਬਤੇ ਤਹਿਤ ਬੈਠਾ ਹੋਇਆ ਸੀ। ਇਸੇ ਵਿਚਕਾਰ ਜ਼ਿਲਾ ਬਠਿੰਡਾ ਤੋਂ ਉਥੇ ਪੁੱਜਿਆ ਇੱਕ ਮਾਲ ਅਧਿਕਾਰੀ ਬਠਿੰਡਾ ਪ੍ਰਸ਼ਾਸਨ ਦੇ ਜਰੀਏ ਸੂਬਾ ਸਰਕਾਰ ਤੋਂ ਤੁਰੰਤ ਮੀਟਿੰਗ ਦਾ ਸਮਾਂ ਦਿਵਾਉਣ ਦੀ ਪੇਸ਼ਕਸ਼ਾਂ ਕਰਦਾ ਰਿਹਾ। ਜਿਸਨੂੰ ਭਾਕਿਯੁ ਏਕਤਾ ਉਗਰਾਹਾਂ ਯੂਨੀਅਨ ਨੇ ਨਕਾਰਦੇ ਕਿਹਾ ਕਿ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇੱਕ ਚੈਨਲ ਗੱਲਬਾਤ ਹੋਣਾ ਚਾਹੀਦੀ ਹੈ।

'ਘਰ ਸੰਭਲਦਾ ਨਹੀਂ ਯੂ.ਪੀ. ਪੁੱਜ ਕੇ ਕਿਸਾਨੀ ਦੇ ਨਾਂਅ ਸਿਆਸਤਾਂ ਕਰਦੀ ਫਿਰਦੀ!'

 - ਸਰਕਾਰੀ ਚੁੱਪੀ ਤੋਂ ਖਫ਼ਾ ਕਿਸਾਨਾਂ ਨੇ ਨਾਕਾ ਤੋੜ ਕੇ ਵਿੱਤ ਮੰਤਰੀ ਦਾ ਬੂਹਾ ਘੇਰਿਆ

 - ਕਿਸਾਨੀ ਰੋਹ ਦੇ ਮੂਹਰੇ ਪੁਲਿਸ ਪ੍ਰਸ਼ਾਸਨ, ਕਤਾਰਬੱਧ ਅਮਲਾ, ਜਲ ਤੋਪਾਂ ਹੋਈਆਂ ਬੇਵੱਸ 

- ਪ੍ਰਸ਼ਾਸਨ ਨੇ ਮੰਗਾਂ-ਮਸਲਿਆਂ ਦੇ ਹੱਲ ਲਈ ਕੱਲ 11 ਵਜੇ ਤੱਕ ਸਮਾਂ ਲਿਆ

ਇਕਬਾਲ ਸਿੰਘ ਸ਼ਾਂਤ

ਲੰਬੀ: ਨਰਮਾ ਪੱਟੀ ਕਿਸਾਨਾਂ ਦੇ ਗੁਲਾਬੀ ਸੁੰਡੀ ਵਾਲੇ ਜਖ਼ਮਾਂ ਨੂੰ ਭੁਲਾ ਕੇ ਸਿਆਸਤ ਖਾਤਰ ਉੱਤਰ ਪ੍ਰਦੇਸ਼ ’ਚ ਕਰੋੜਾਂ ਰੁਪਏ ਦੇ ਮੁਆਵਜ਼ੇ ਵੰਡਣ ਪੁੱਜ ਚੁੱਕੀ ਕਾਂਗਰਸ ਸਰਕਾਰ ਖਿਲਾਫ਼ ਖੇਤੀ ਪੁੱਤਰ ਦਾ ਗੁੱਸਾ ਸਿਖ਼ਰ ਨੂੰ ਸਬਰ ਦਾ ਬੰਨ ਟੁੱਟ ਗਿਆ। ਤਿੰਨ ਦਿਨਾਂ ਤੋਂ ਮੁਆਵਜੇ ਖਾਤਰ ਬਾਦਲ ਪਿੰਡ ’ਚ ਪੱਕੇ ਮੋਰਚੇ ’ਤੇ ਬੈਠੇ ਮਾਲਵਾ ਪੱਟੀ ਦੀ ਹਜ਼ਾਰਾਂ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਸਾਰ ਨਾ ਲੈਣ ’ਤੇ ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁੰਨਾਂ ਨੇ ਪੁਲਿਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਦਾ ਬੂਹਾ ਘੇਰ ਲਿਆ। ਵੱਡੇ ਕਿਸਾਨੀ ਰੋਹ ਦੇ ਮੂਹਰੇ ਬੇਵੱਸ ਹੋਏ ਪੁਲਿਸ ਪ੍ਰਸ਼ਾਸਨ, ਕਤਾਰਬੱਧ ਪੁਲਿਸ ਅਮਲਾ, ਜਲ ਤੋਪਾਂ ਅਤੇ ਵੱਡੀਆਂ-ਉੱਚੀਆਂ ਰੋਕਾਂ ਪਲਾਂ ’ਚ ਢਹਿਢੇਰੀ ਹੋ ਗਈਆਂ। ਨਾਕਾ ਤੋੜਨ ਉਪਰੰਤ ਤੇਜ਼ ਕਦਮੀਂ ਅਗਾਂਹ ਵਧਦੇ ਕਿਸਾਨਾਂ ਦੇ ਕਾਫ਼ਲੇ ਨੂੰ ਵੇਖ ਪ੍ਰਸ਼ਾਸਨਕ ਅਧਿਕਾਰੀਆਂ ਦੀ ਉੱਥੇ ਪੁੱਜ ਰਹੀਆਂ ਗੱਡੀਆਂ ਘਬਰਾਹਟ ’ਚ ਬੈਕ ਗੇਅਰ ਵਿੱਚ ਰਫ਼ਤਾਰ ਪੁੱਠੇ ਪੈਰੀਂ ਹੋ ਗਈਆਂ। ਯੂਨੀਅਨ ਨੇ ਦੋ ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਨਾਕਾ ਤੋੜਨ ਦੀ ਅਗਾਊਂ ਚਿਤਾਵਨੀ ਦਿੱਤੀ ਸੀ। ਤਰ ਮੌਜੂਦ ਅਫ਼ਸਰਾਂ ਨੇ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰਵਾਉਣ ਦਾ ਦਾਅ ਖੇਡਿਆ, ਪਰ ਕਿਸਾਨਾਂ ਨੇ ਮੁਆਵਜੇ ਤੋਂ ਘੱਟ ਕਿਸੇ ਗੱਲਬਾਤ ਤੋਂ ਨਾਂਹ ਕਰ ਦਿੱਤੀ। 

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੇ ਕੁਦਰਤੀ ਕਾਰਨਾਂ ਨਰਮਾ ਸਮੇਤ ਹੋਰ ਸਾਉਣੀ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜਿਸਦੇ ਮੁਆਵਜੇ ਲਈ ਪੰਜ ਅਕਤੂਬਰ ਤੋਂ ਕਿਸਾਨ, ਮਜ਼ਦੂਰ ਬਾਦਲ ਪਿੰਡ ’ਚ ਮੋਰਚਾ ਲਾਈ ਬੈਠੇ ਹਨ। ਸਰਕਾਰ ਨੇ ਮੁਆਵਜਾ ਦੇਣ ਦੀ ਬਜਾਇ ਚੁੱਪ ਧਾਰ ਲਈ। ਉਨਾਂ ਕਿਹਾ ਕਿ ਸਰਕਾਰ ਭੁਲੇਖਾ ਕੱਢ ਦੇਵੇ ਕਿ ਕਿਸਾਨ-ਮਜ਼ਦੂਰ ਅੱਕ-ਥੱਕ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ। ਉਹ ਤਾਂ ਸੰਘਰਸ਼ ਹੋਰ ਤੇਜ਼ ਕਰਕੇ ਮੰਗਾਂ ਮਨਵਾ ਕੇ ਘਰਾਂ ਨੂੰ ਪਰਤਨਗੇ। 

ਜ਼ਿਲਾ ਮਾਨਸਾ ਦੇ ਰਾਮ ਸਿੰਘ ਭੈਣੀ ਬਾਘਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਖੇਖਣ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਸੜਕਾਂ ’ਤੇ ਖੜੇ ਲੋਕਾਂ ਨੂੰ ਗੱਡੀ ਰੋਕ ਮਿਲਣ ਨਾਲ ਚਿਹਰਾ ਨਹੀਂ ਲੋਕਪੱਖੀ ਬਣਦਾ, ਸਗੋਂ ਉਸ ਲੋਕਾਂ ਦੀ ਮੁਸ਼ਕਿਲਾਂ ਨੂੰ ਆਪਣਾ ਪਿੰਡੇ ’ਤੇ ਮਹਿਸੂਸ ਕਰਨਾ ਪੈਂਦਾ ਹੈ। ਸ੍ਰੀ ਭੈਣੀ ਬਾਘਾ ਨੇ ਪੰਜਾਬ ਦੇ ਕਾਂਗਰਸੀ ਮੰਤਰੀਆਂ-ਵਿਧਾਇਕਾਂ ’ਤੇ ਕੁਰਸੀ ਯੁੱਧ ਲੜਨ ਦੇ ਦੋਸ਼ ਲਗਾਉਂਦੇ ਕਿਹਾ ਕਿ ਕਿਸਾਨਾਂ ਦੀ ਸਮੱਸਿਆਵਾਂ ਨਾਲ ਵੱਧ ਤਿੰਨ-ਤਿੰਨ ਮਹੀਨਿਆਂ ਲਈ ਮੰਤਰੀ ਬਣਨ ਤੇ ਸਾਬਕਾ ਮੁੱਖ ਮੰਤਰੀ ਕਹਿਲਾਉਣ ਦੀ ਦੌੜ ਲੱਗੀ ਹੈ। ਪ੍ਰਧਾਨ ਮੰਤਰੀ ਕੋਲ ਜਾ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਕੇ ਆਇਆ ਹੈ। ਉਨਾਂ ਕਿਹਾ ਕਿ ਜੇਕਰ ਚੰਨੀ ਕਿਸਾਨਾਂ ਦਾ ਸੱਚਾ ਹਿਤੈਸ਼ੀ ਹੈ ਤਾਂ ਗੁਲਾਬੀ ਸੁੰਡੀ ਦੇ ਨਰਮੇ ਦਾ ਮੁਆਵਜ਼ਾ ਦੇਣ ਦੀ ਉਸ ਕੋਲ ਲੋਕਤੰਤਰਿਕ ਤਾਕਤ ਹੈ, ਉਹ ਇਸ ਬਾਰੇ ਤੁਰੰਤ ਕਿਉਂ ਨਹੀਂ ਕਰਦਾ।  ਉਨਾਂ ਕਿਹਾ ਕਿ ਜੇਕਰ ਚੰਨੀ ਸੱਚਮੁੱਚ ਗਰੀਬ ਹੈ ਤਾਂ ਨਰਮਾ ਖਰਾਬੇ ਕਰਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਘਰਾਂ ’ਚ ਕਿਉਂ ਨਹੀਂ ਗਿਆ। ਸੜਕਾਂ ’ਤੇ ਬੈਠੇ ਹਜ਼ਾਰਾਂ ਮੁੱਖ ਮੰਤਰੀ ਨੂੰ ਕਿਉਂ ਨਹੀਂ ਵਿਖਾਈ ਦੇ ਰਹੇ। 


ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਵਾਪਰੀ ਲਖੀਮਪੁਰ ਖੀਰੀ ਬੇਹੱਦ ਦਰਦਨਾਕ ਅਤੇ ਸਰਕਾਰੀ ਗੁੰਡਾਗਰਦੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮਸਿਆਵਾਂ ਤੋਂ ਧਿਆਨ ਵੰਡਾਉਣ ਅਤੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਉੱਤਰ ਪ੍ਰਦੇਸ਼ ’ਚ ਜਾ ਕੇ ਹਾਅ ਦੇ ਨਾਅਰੇ ਮਾਰ ਰਹੇ ਹਨ। ਜਦੋਂਕਿ ਪੰਜਾਬ ਦੇ ਸੜਕਾਂ ’ਤੇ ਰੁਲ ਰਹੇ ਹਨ। ਜਿਨਾਂ ਗੱਲ ਸੁਣਨ ਦਾ ਸਰਕਾਰ ਕੋਲ ਸਮਾਂ ਨਹੀਂ। ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪੀੜਤ ਕਿਸਾਨ ਦੀ ਬਾਂਹ ਫੜ ਕੇ ਯੂ.ਪੀ. ਵਾਲਿਆਂ ਨੂੰ ਸੁਨੇਹਾ ਦੇਵੇ ਤਾਂ ਉਥੇ ਇਨਾਂ ਦੀ ਸਰਕਾਰ ਆਪਣੇ ਆਪ ਬਣ ਜਾਵੇਗੀ। 

ਵਿੱਤ ਮੰਤਰੀ ਦੇ ਘਰ ਦੇ ਘਿਰਾਓ ਮਗਰੋਂ ਪ੍ਰਸ਼ਾਸਨ ਹਰਕਤ ’ਚ ਆ ਗਿਆ। ਇਸ ਮਗਰੋਂ ਮਲੋਟ ਦੇ ਕਾਰਜਕਾਰੀ ਐੱਸ.ਡੀ.ਐੱਮ ਗਿੱਦੜਬਾਹਾ, ਐਸ.ਪੀ. (ਡੀ) ਰਾਜਪਾਲ ਸਿੰਘ ਅਤੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਨੂੰ ਕੱਲ 11 ਵਜੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾ ਕੇ ਮੰਗਾਂ-ਮਸਲਿਆਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਜਿਸ ਮਗਰੋਂ ਕਿਸਾਨ ਬੂਹੇ ਦਾ ਘਿਰਾਓ ਛੱਡ ਕੇ ਇੱਕ ਸੌ ਮੀਟਰ ਪਿਛਾਂਹ ਪਹਿਲਾਂ ਤੋਂ ਜਾਰੀ ਮੋਰਚੇ ਵਿੱਚ ਪੁੱਜ ਕੇ ਡਟ ਗਏ। ਕਿਸਾਨ ਨੇ ਐਲਾਨ ਕੀਤਾ ਕਿ ਕੱਲ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਵਿੱਤ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ।


06 October 2021

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਝੱਖੜ-ਮੀਂਹ ਨਾਲ ਝੋਨਾ ਤੇ ਨਰਮੇ ਦੀ ਫ਼ਸਲ ਬਰਬਾਦ, ਬਾਦਲ ਨੇ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਗਿਰਦਾਵਰੀ ਅਤੇ ਮੁਆਵਜਾ ਮੰਗਿਆ


 - ਲੰਬੀ ਹਲਕਾ ਅਤੇ ਮਲੋਟ ਬਲਾਕ ਦੇ ਵੱਡੀ ਗਿਣਤੀ ਪਿੰਡਾਂ ਅਤੇ ਗਿੱਦੜਬਾਹਾ ਦੇ 20 ਪਿੰਡਾਂ ’ਚ ਝੋਨੇ ਤੇ ਨਰਮੇ ਦਾ ਫ਼ਸਲਾਂ ਦਾ ਵੱਡਾ ਨੁਕਸਾਨ

- ਮਲੋਟ ਸਬ ਡਿਵੀਜਨ ’ਚ 25 ਸੌ ਏਕੜ ਫ਼ਸਲੀ ਰਕਬਾ ਪ੍ਰਭਾਵਿਤ

ਇਕਬਾਲ ਸਿੰਘ ਸ਼ਾਂਤ

ਲੰਬੀ, 5 ਅਕਤੂਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰ ਵਿੱਚ ਝੱਖੜ ਅਤੇ ਮੀਂਹ ਨਾਲ ਬਾਸਮਤੀ ਝੋਨਾ ਅਤੇ ਨਰਮੇ ਦੀਆਂ ਫ਼ਸਲ ਦੇ ਵੱਡੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਅਤੇ ਕਿਸਾਨਾਂ ਲਈ ਤੁਰੰਤ ਮੁਆਵਜੇ ਮੰਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਲੋਟ ਸਬ-ਡਿਵੀਜਨ ’ਚ ਕੱਲ ਮੀਂਹ ਅਤੇ ਝੱਖੜ ਕਾਰਨ ਪੱਕੀਆਂ ਤਿਆਰ ਫ਼ਸਲਾਂ ਵਾਲਾ ਕਰੀਬ 25 ਸੌ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਫ਼ਸਲਾਂ ’ਚ ਪਾਣੀ ਵੀ ਖੜਾ ਦੱਸਿਆ ਜਾ ਰਿਹਾ ਹੈ। 

ਲੰਬੀ ਹਲਕੇ ਦੇ ਅਧੀਨ ਪੈਂਦੇ ਬਲਾਕ ਮਲੋਟ ਦੇ ਵੱਡੀ ਗਿਣਤੀ ਪਿੰਡਾਂ ਦੇ ਇਲਾਵਾ ਬਲਾਕ ਲੰਬੀ ਦੇ ਪਿੰਡ ਬਲੋਚਕੇਰਾ, ਭਾਈਕੇਰਾ, ਮਾਹਣੀਖੇੜਾ, ਡੱਬਵਾਲੀ ਮੱਲਕੋ ਕੀ, ਅਰਨੀਵਾਲਾ ਵਜੀਰਾ, ਫੁੱਲੂਖੇੜਾ, ਕੰਗਣਖੇੜਾ, ਭੀਟੀਵਾਲਾ, ਕੱਖਾਂਵਾਲੀ, ਲਾਲਬਾਈ, ਥਰਾਜਵਾਲਾ, ਚੰਨੂ ਅਤੇ ਤੱਪਾਖੇੜਾ ਵਿਚ ਵੀ ਮੀਂਹ ਅਤੇ ਝੱਖੜ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੈ।

ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਦੀ ਫ਼ਸਲਾਂ ਬਰਬਾਦ ਹੋ ਗਈਆਂ ਹਨ, ਹੁਣ ਇਸ ਮੀਂਹ ਅਤੇ ਝੱਖੜ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਉਨਾਂ ਪੰਜਾਬ ਸਰਕਾਰ ਤੋਂ ਕੱਲ ਸ਼ਾਮ ਦੇ ਝੱਖੜ ਕਰਕੇ ਫ਼ਸਲਾਂ ਦੇ ਖਰਾਬੇ ਦੇ ਪ੍ਰਭਾਵਿਤ ਰਕਬਿਆਂ ਦੀ ਤੁਰੰਤ ਗਿਰਦਾਵਰੀ ਦੀ ਮੰਗ ਕੀਤੀ ਅਤੇ ਆਖਿਆ ਕਿ  ਨੁਕਸਾਨ ਦਾ ਇਕਮੁਸ਼ਤ ਮੁਆਵਜ਼ਾ ਤੁਰੰਤ ਜਾਰੀ ਕਰਕੇ ਪੀੜਤ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇ। ਸ੍ਰੀ ਬਾਦਲ ਨੇ ਕਿਹਾ ਕਿ ਮਾਲਵੇ ਦੇ ਇਸ ਖੇਤਰ ਨੇ ਸੇਮ ਕਰਕੇ ਵੱਡਾ ਸੰਤਾਪ ਹੰਢਾਇਆ ਹੈ। ਸੂਬਾ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਮਹਿਸੂਸ ਕਰਕੇ ਛੇਤੀ ਯੋਗ ਕਦਮ ਉਠਾਏ। 
ਕਿਸਾਨਾਂ ਮੁਤਾਬਕ ਮੁੱਢਲੇ ਅੰਦਾਜ਼ੇ ’ਚ 30 ਤੋਂ 35 ਫ਼ੀਸਦੀ ਨੁਕਸਾਨ ਦਾ ਅਨੁਮਾਨ ਹੈ। ਖੇਤੀਬਾੜੀ ਵਿਭਾਗ ਮੁਤਾਬਕ ਸਬ ਡਿਵੀਜਨ ਮਲੋਟ (ਸਮੇਤ ਲੰਬੀ ਹਲਕਾ) ਅਤੇ ਗਿੱਦੜਬਾਹਾ ਹਲਕੇ ’ਚ ਕਰੀਬ 22 ਐਮ.ਐਮ. ਮੀਂਹ ਪਿਆ। ਬਾਕੀ ਹਕੀਕਤ ਫ਼ਸਲਾਂ ’ਚੋਂ ਪਾਣੀ ਸੁੱਕਣ ’ਤੇ ਬਾਹਰ ਆਵੇਗੀ।

ਨਰਮਾ ਚੁਵਾਈ ਦੇ ਸਿਖ਼ਰਲੇ ਮੌਕੇ ਮੀਂਹ ਕਾਰਨ ਨਰਮੇ ਦੀ ਕੁਆਲਿਟੀ ’ਤੇ ਵੱਡਾ ਅਸਰ ਪੈਣ ਕਰਕੇ ਚੰਗੀਆਂ ਕੀਮਤਾਂ ਦੇ ਸੀਜਨ ’ਚ ਨਰਮਾ ਉਤਪਾਦਕ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸ਼ਿਕਾਰ ਹੋਣਾ ਪਵੇਗਾ। ਨਰਮੇ ਦੀ ਕੀਮਤ ਵਿੱਚ ਕੁਆਲਿਟੀ ਅਤੇ ਰੰਗ ਵਗੈਰਾ ਦਾ ਵੱਡਾ ਰੋਲ ਰਹਿੰਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਖੇਤਰ ’ਚ ਝੋਨੇ ਅਤੇ ਨਰਮੇ ਦੀਆਂ ਲੰਮੇ ਕੱਦ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦੋਗੀਆਂ ’ਚ ਡਿੱਗ ਪਈ ਹੈ। ਫ਼ਸਲੀ ਨੁਕਸਾਨ ਦੇ ਇਲਾਵਾ ਤਿਆਰ ਨਰਮੇ ਦੀ ਫ਼ਸਲ ਚੁਗਾਈ ਵਿੱਚ ਹਫ਼ਤੇ ਭਰ ਦੀ ਦੇਰੀ ਹੋਵੇਗੀ। ਇਸਦੇ ਇਲਾਵਾ ਮਲੋਟ ਹਲਕੇ ਦੇ ਕਾਫ਼ੀ ਪਿੰਡਾਂ ਪਿੰਡਾਂ ’ਚ ਮੀਂਹ ਕਰਕੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਗਿੱਦੜਬਾਹਾ ਹਲਕੇ ਦੇ ਪਿੰਡ ਦੋਲਾ, ਗਿੱਦੜਬਾਹਾ, ਪਿਊਰੀ, ਕੋਟਭਾਈ, ਚੋਟੀਆਂ, ਸਾਹਿਬਚੰਦ, ਸੋਥਾ, ਗੁਰੂਸਰ, ਗਿਲਜੇਵਾਲਾ, ਬੁੱਟਰ ਬਖੂਆ, ਬਬਾਣੀਆਂ, ਬਾਦੀਆਂ, ਕਰਾਈਵਾਲਾ, ਖੁੰਨਣ ਖੁਰਦ, ਗਿਲਜੇਵਾਲਾ, ਚੱਕ ਗਿਲਜੇਵਾਲਾ, ਛੱਤੇਆਣਾ, ਘੱਗਾ, ਫ਼ਕਰਸਰ ਅਤੇ ਥੇੜੀ ਵਿਖੇ ਵੀ ਝੋਨਾ ਅਤੇ ਬਾਸਮਤੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਸਿੰਘੇਵਾਲਾ-ਫਤੂਹੀਵਾਲਾ ਅਤੇ ਘੁਮਿਆਰਾ ਦੇ ਕਈ ਖੇਤਾਂ ’ਚ ਗੁਲਾਬੀ ਸੰੁਡੀ ਦੀ ਮਾਰ ਸਾਹਮਣੇ ਆਈ ਸੀ। ਪਹਿਲਾਂ ਤੋਂ ਖੇਤੀ ਕਾਨੂੰਨਾਂ ਦੇ ਝੰਬੇ ਅਤੇ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਫ਼ਸਲਾਂ ਦੇ ਝਾੜ ਚੰਗੇ ਹੋਣ ਦੇ ਬਾਵਜੂਦ ਵੱਖ-ਵੱਖ ਕੁਦਰਤੀ ਮਾਰਾਂ ਪੈ ਰਹੀਆਂ ਹੈ।

05 October 2021

ਖਾਕੀ ਨਾ ਰੋਕ ਸਕੀ ਨਰਮਾ ਖਰਾਬੇ ਦੇ ਮੁਆਵਜੇ ਲਈ ਪੁੱਜੇ ਹਜ਼ਾਰਾਂ ਕਿਸਾਨਾਂ ਦਾ ਰਾਹ

-ਭਾਕਿਯੂ ਏਕਤਾ ਉਗਰਾਹਾਂ ਦੇ ਵੱਲੋਂ ਵਿੱਤ ਮੰਤਰੀ ਦੇ ਘਰ ਨੇੜੇ ਪੱਕਾ ਮੋਰਚਾ ਸ਼ੁਰੂ 

ਇਕਬਾਲ ਸਿੰਘ ਸ਼ਾਂਤ

ਬਾਦਲ ਪਿੰਡ, 5 ਅਕਤੂਬਰ

ਪਿੰਡ ਬਾਦਲ ਵਿਖੇ ਗੁਲਾਬੀ ਸੁੰਡੀ ਕਾਰਨ ਖਰਾਬ ਨਰਮਾ ਦੇ ਮੁਆਵਜ਼ਾ ਲਈ ਵਿੱਤ ਮੰਤਰੀ ਦੀ ਰਿਹਾਇਸ਼ ਮੂਹਰੇ ਜਾ ਰਹੇ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁੰਨਾਂ ਦੇ ਵਲਵਲਿਆਂ ਮੂਹਰੇ ਸਖਤ ਪੁਲਿਸ ਰੋਕ ਪਲ ਭਰ ਨਾ ਟਿਕ ਸਕੀਆਂ। ਸੂਬਾ ਕਮੇਟੀ ਮੈਂਬਰ ਹਰਿੰਦਰ ਬਿੰਦੂ ਦੀ ਅਗਵਾਈ ਹੇਠ ਨਰਮਾ ਪੱਟੀ ਦੇ ਹਜ਼ਾਰਾਂ ਮਰਦ ਔਰਤਾਂ ਨੇ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਨੇੜੇ ਬਠਿੰਡਾ-ਲੰਬੀ ਸੜਕ 'ਤੇ ਪੱਕਾ ਮੋਰਚਾ ਲਗਾ ਦਿੱਤਾ।

 ਪੱਕੇ ਮੋਰਚੇ ਵਿਚ ਮਾਲਵੇ ਦੇ ਪੰਜ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹਨ। ਪੰਜਾਬ ਪੁਲਿਸ ਦੇ ਅਮਲੇ ਦੀ ਅਗਵਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ. ਪੀ. ਰਾਜਪਾਲ ਸਿੰਘ ਹੁੰਦਲ ਕਰ ਰਹੇ ਹਨ। ਪੁਲਿਸ ਨੇ ਭਾਕਿਯੂ ਏਕਤਾ ਉਗਰਾਹਾਂ ਨੂੰ ਰੋਕਣ ਲਈ ਕਾਲਝਰਾਨੀ ਤੋਂ ਪਿੰਡ ਬਾਦਲ ਵਿਚ ਕਰੀਬ ਚਾਰ ਨਾਕੇ ਲਗਾਏ ਸਨ।

 ਪਿੰਡ ਬਾਦਲ ਵਿਖੇ ਵਾਟਰ ਵਰਕਸ ਕੋਲ ਸੜਕ 'ਤੇ ਪੁਲਿਸ ਵਹੀਕਲ ਖੜ੍ਹੇ ਕਰ ਦਿੱਤੇ ਗਏ। ਜਿਹੜੇ ਕਿਸਾਨਾਂ ਦਾ ਭਖਵਾਂ ਜਲੌਅ ਵੇਖ ਕੇ ਗੱਡੀਆਂ ਪਾਸੇ ਕਰ ਦਿੱਤੀਆਂ ਗਈਆਂ। ਜਦੋਂ ਸਿਵਲ ਹਸਪਤਾਲ ਬਾਦਲ ਕੋਲ ਲੱਗਿਆਂ ਪੁਲਿਸ ਨਾਕਾ ਕਿਸਾਨਾਂ ਨੇ ਹਟਾ ਦਿੱਤਾ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਕੋਲ ਪੁੱਜ ਗਏ। ਜਿਥੇ ਮੁੱਖ


ਪੁਲੀਸ ਨਾਕੇ ਮੂਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ  ਰਾਏ ਕੇ ਕਲਾਂ, ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਜਗਦੀਪ ਖੁੱਡੀਆਂ, ਸੁੱਚਾ ਸਿੰਘ ਕੋਟਭਾਈ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ  ,ਜ਼ਿਲ੍ਹਾ ਫ਼ਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ ਅਤੇ ਸੁਖਦੇਵ ਸਿੰਘ ਰਾਮੂਵਾਲਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਲਾਬੀ ਸੁੰਡੀ ਕਰਕੇ ਨਰਮੇ ਸੁੰਡੀ 60 ਹਜ਼ਾਰ ਰੁਪਏ ਪ੍ਰਤੀ ਏਕੜ , ਅਤੇ ਮਜਦੂਰਾਂ ਨੂੰ  ਰੁਜ਼ਗਾਰ ਉਜਾੜਾ ਭੱਤਾ 30 ਹਜਾਰ ਰੁਪਏ ਪ੍ਰਤੀ ਪਰਿਵਾਰ ਲੈਣ ਅਤੇ ਹੋਰ ਕੁਦਰਤੀ ਕਾਰਨਾਂ ਕਰਕੇ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ 5 ਅਕਤੂਬਰ ਤੋਂ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਲਈ ਐਲਾਨਿਆ ਹੋਇਆ ਸੀ। ਖਬਰ ਲਿਖੇ ਜਾਣ ਤੱਕ ਮੋਰਚੇ ਵਿਚ ਸੰਘਰਸ਼ੀ ਵਲਵਲਿਆਂ ਤਹਿਤ ਲੋਕਪੱਖੀ ਗੀਤਾਂ ਦਾ ਦੌਰ ਜਾਰੀ ਸੀ। 




04 October 2021

ਧਰਤੀ ਦੇ ਪੁੱਤਰ ਖਾਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਦਾ ‘ਬੂਹਾ’ ਮੱਲ ਕੇ ਲੈਣਗੇ ਮੁਆਵਜ਼ਾ

                                  


- ਮੋਰਚੇ ਦੀ ਵਿਉਂਤਬੰਦੀ ਲਈ ਉਗਰਾਹਾਂ ਦੇ ਪੰਜ ਜ਼ਿਲਿਆਂ ਦੇ ਆਗੂਆਂ ਦੀ ਲੰਬੀ ’ਚ ਮੀਟਿੰਗ
-ਸਿਰਫ਼ ਨਰਮਾ ਖ਼ਰਾਬਾ ਹੀ ਨਹੀਂ, ਝੋਨੇ ਦੀ ਖਰੀਦ ਲਈ ਲੜਨਾ ਪਵੇਗਾ ਸੰਘਰਸ਼: ਸ਼ੰਗਾਰਾ ਮਾਨ 


ਇਕਬਾਲ ਸਿੰਘ ਸ਼ਾਂਤ
ਲੰਬੀ, 3 ਅਕਤੂਬਰ 
ਨਰਮਾ ਪੱਟੀ ਦੇ ਕਿਸਾਨ ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ‘ਖਾਲੀ’ ਖਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬੂਹਾ ਮੱਲ ਕੇ ਲੈਣਗੇ। ਪਿੰਡ ਬਾਦਲ ਦੀਆਂ ਬਰੂਹਾਂ ਤੋਂ ਕਿਸਾਨੀ ਨੂੰ ਹੱਕੀ ਇਨਸਾਫ਼ ਦਿਵਾਉਣ ਸੂਬੇ ਦੀ ਸਭ ਤੋਂ ਵੱਧ ਕਾਡਰ ਗਿਣਤੀ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਪੱਕੀ ਵਿਉਂਤਬੰਦੀ ਕਰ ਲਈ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਪੰਜ ਜ਼ਿਲਿਆਂ ਦੀ ਲੀਡਰਸ਼ਿਪ ਦੀ ਮੀਟਿੰਗ ਅੱਜ ਪਿੰਡ ਲੰਬੀ ਵਿਖੇ ਗੁਦਰੁਆਰੇ ਵਿਖੇ ਹੋਈ। ਜਿਸਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕੀਤੀ। 

ਮੀਟਿੰਗ ’ਚ ਵਿੱਤ ਮੰਤਰੀ ਦੀ ਬਾਦਲ ਪਿੰਡ ਰਿਹਾਇਸ਼ ਮੂਹਰੇ 5 ਅਕਤੂਬਰ ਤੋਂ ਐਲਾਨੇ ਹੋਏ ਅਣਮਿਥੇ ਸਮੇਂ ਦੇ ਧਰਨੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਗਰਾਹਾਂ ਜਥੇਬੰਦੀ ਨੇ ਗੁਲਾਬੀ ਸੁੰਡੀ ਨਰਮਾ ਖ਼ਰਾਬੇ ਦਾ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ਾ 60 ਹਜ਼ਾਰ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਅਤੇ ਹੋਰਨਾਂ ਕੁਦਤਰੀ ਕਾਰਨਾਂ ਖ਼ਰਾਬ ਫ਼ਸਲਾਂ ਦੇ ਮੁਆਵਜੇ ਦੇ ਇਲਾਵਾ ਗੁਲਾਬੀ ਸੰੁਡੀ ਦੀ ਪੈਦਾਇਸ਼ ਲਈ ਜੁੰਮੇਵਾਰ ਬੀਜ/ਪੈਸਟੀਸਾਈਡਜ਼ ਕੰਪਨੀਆਂ ਖਿਲਾਫ਼ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ। ਮੋਰਚੇ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜਿਲਕਾ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। 

ਲੰਬੀ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ। 

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਉਨਾਂ ਕਿਹਾ ਕਿ ਸੁੰਡੀ ਦਾ ਇੰਨਾ ਭਿਆਨਕ ਹਮਲਾ ਹੈ ਕਿ ਨਰਮੇ ਦੀ ਫਸਲ 100 ਫ਼ੀਸਦੀ ਤਬਾਹ ਹੋ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਖ਼ੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ ਹੋਰ ਤੇਜ਼ ਹੋ ਗਿਆ ਹੈ। ਸ੍ਰੀ ਮਾਨ ਨੇ ਸਮੂਹ ਕਿਸਾਨ-ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਵੱਧ ਤੋਂ ਵੱਧ ਮੋਰਚੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਬਾਦਲ ਪਿੰਡ ਮੋਰਚੇ ਦੀਆਂ ਸਮੁੱਚੇ ਇੰਤਜਾਮ ਨੇਪਰੇ ਚਾੜ ਲਏ ਗਏ ਹਨ। ਯੂਨੀਅਨ ਕਾਰਕੁੰਨਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸ੍ਰੀ ਮਾਨ ਨੇ ਕਿਹਾ ਕਿ ਮੋਰਚੇ ਦਾ ਮਕਸਦ ਸਿਰਫ਼ ਖ਼ਰਾਬ ਨਰਮੇ ਦਾ ਮੁਆਵਜ਼ਾ ਹੀ ਨਹੀਂ, ਬਲਕਿ ਮੰਡੀਆਂ ’ਚ ਝੋਨੇ ਦੀ ਸੁਚਾਰੂ ਖਰੀਦ ਅਤੇ ਸਮੇਂ ਸਿਰ ਲਿਫ਼ਟਿੰਗ ਦੇ ਨਾਲ ਅਤੇ ਬਾਹਰੀ ਝੋਨੇ ਦੀ ਆਮਦ ਨੂੰ ਨੱਥ ਪੁਆਉਣਾ ਵੀ ਹੈ। 


ਮੀਟਿੰਗ ਵਿੱਚ ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਜ਼ਿਲਾ ਮੁਕਤਸਰ ਸਾਹਿਬ ਤੋਂ ਗੁਰਪਾਸ਼ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂ ਅਤੇ ਸੁੱਚਾ ਸਿੰਘ ਕੋਟਭਾਈ, ਜ਼ਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲਾ ਫਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ ਅਤੇ ਸੁਖਦੇਵ ਸਿੰਘ ਰਾਮੂਵਾਲਾ, ਜ਼ਿਲਾ ਫਾਜਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਅਤੇ ਜ਼ਿਲਾ ਆਗੂ ਪੂਰਨ ਸਿੰਘ ਸ਼ਾਮਲ ਸਨ। 


ਨਰਮੇ ਖ਼ਰਾਬੇ ਦੇ ਖੁਦਕੁਸ਼ੀ ਪੀੜਤਾਂ ਲਈ ਤੁਰੰਤ ਮੁਆਵਜੇ ਦੀ ਮੰਗ
ਭਾਕਿਯੂ ਏਕਤਾ ਉਗਰਾਹਾਂ ਨੇ ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਦੇ ਆਰਥਿਕ ਝੋਰੇ ਵਿੱਚ ਖੁਦਕੁਸ਼ੀਆਂ ਕਰ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ, ਨੌਕਰੀ ਅਤੇ ਸਾਰਾ ਕਰਜ਼ਾ ਮਾਫ਼ੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਨਰਮਾ ਖ਼ਰਾਬੇ ਕਰਕੇ ਜ਼ਿਲਾ ਅਤੇ ਮਾਨਸਾ ਅਤੇ ਬਠਿੰਡਾ ’ਚ ਦੋ-ਦੋ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਹੋ ਚੁੱਕੀਆਂ ਹਨ। 

   

03 October 2021

2022 ਲਈ ਉੱਬਲਦੀ ਸਿਆਸਤ 'ਚ ਵੱਡੇ ਬਾਦਲ ਨਿਭਾਉਣਗੇ ਗਰਜਵੀਂ ਭੂਮਿਕਾ



ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਬਠਿੰਡਾ: ਸੂਬਾਈ ਚੋਣ ਲਈ ਉੱਬਲ ਰਹੀ ਪੰਜਾਬ ਦੀ ਸਿਆਸਤ ਵਿਚ ਸੂਬੇ ਦੇ ਰਵਾਇਤੀ ਸ਼ਾਹ-ਅਸਵਾਰ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਗੱਰਜਵਾਂ ਰੋਲ ਨਿਭਾਉਣਗੇ। ਇਸਦੇ ਖੁੱਲ੍ਹੇਆਮ ਸੰਕੇਤ ਦਿੰਦੇ ਅੱਜ ਸਾਬਕਾ ਮੁੱਖ ਮੰਤਰੀ  ਨੇ ਖੁਦ ਆਖ ਦਿੱਤਾ ਕਿ ਉਹ ਆਉਂਦੇ ਦਿਨਾਂ ਵਿਚ ਜਨਤਕ ਜੀਵਨ ਵਿਚ ਹੋਰ ਸਰਗਰਮੀ ਨਾਲ ਵਿਚਰਨਗੇ। 

ਉਨ੍ਹਾਂ ਇਹ ਸੰਕੇਤ ਅੱਜ ਬਠਿੰਡਾ ਵਿਖੇ ਕਿਸਾਨ ਮਾਮਲਿਆਂ ’ਤੇ ਹੋਈ ਅਕਾਲੀ ਦਲ ਦੀ ਰੈਲੀ ਵਿਚ ਆਪਣੇ ਭਾਸ਼ਣ ਅਤੇ ਬਾਅਦ ਵਿਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ 2022 ਵਿਚ ਪੰਜਾਬ ਦਾ ਚੋਣ ਰੰਗ ਪਹਿਲਾਂ ਨਾਲੋਂ ਵੀ ਹੋਰ ਬਹੁਰੰਗੀ  ਅਤੇ ਦਿਲਚਸਪ ਹੋਵੇਗਾ। ਸੂਬੇ ਦੇ ਹਾਲਤ ਜੱਗਜਾਹਰ ਹਨ ਕਿ ਤਾਜ਼ਾ-ਤਾਜ਼ਾ ਗੱਦੀ ਤੋਂ ਉੱਤਰੇ ਸਾਬਕਾ ਮੁੱਖ ਮੰਤਰੀ ਵੀ ਨਵੀਂ ਪਾਰਟੀ ਪੰਜਾਬ ਵਿਕਾਸ ਪਾਰਟੀ ਰਾਹੀਂ ਮੁੜ ਤੋਂ ਪੰਜਾਬ ਦਾ 'ਵਿਕਾਸ' ਕਰਨ ਲਈ ਕਾਹਲੇ ਹਨ। 

ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਅਮਰਿੰਦਰ ਸਿੰਘ ਦੇ ਪੁੱਟੇ ਟੋਇਆਂ ਭਰ ਕੇ ਮੁੜ ਤੋਂ ਸਰਕਾਰ ਲਿਆਉਣ ਦੀ ਕੋਸ਼ਿਸ਼ ਵਿਚ ਤਨਦੇਹੀ ਨਾਲ ਜੁਟੇ ਹੋਏ ਹਨ, ਉਥੇ ਆਮ ਆਦਮੀ ਪਾਰਟੀ ਦੇ ਮੁਫਤ ਬਿਜਲੀ ਵਾਲੇ ਦਾਅਵਿਆਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਨਜਰ ਆ ਰਿਹਾ। ਅਕਾਲੀ-ਬਸਪਾ ਗਠਜੋੜ ਵੱਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਹੇਠ ਲਗਭਗ ਹਰ ਮੁੱਦੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿਧੂ, ਆਮ ਆਦਮੀ ਪਾਰਟੀ, ਭਾਜਪਾ ਅਤੇ ਹੋਰ ਕਈ ਦਲ ਆਪੋ ਆਪਣੀ ਵਾਹ ਲਗਾ ਰਹੇ ਹਨ.ਇਨ੍ਹਾਂ  ਸਭ ਵਿਚਕਾਰ ਕਿਸਾਨ ਸੰਘਰਸ਼ ਆਪਣੇ ਤਿੱਖੇ ਰੰਗ ਵਿਖਾ ਰਿਹਾ ਹੈ। 

ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਵੱਡੇ ਬਾਦਲ ਨੇ ਕਿਹਾ ਕਿ ਉਮਰ ਅਤੇ ਸਿਹਤ ਦੀ ਪਰਵਾਹ ਨਹੀਂ, ਮੈਂ ਪੰਜਾਬੀਆਂ ਖਾਸ ਤੌਰ ’ਤੇ ਕਿਸਾਨਾਂ ਵਾਸਤੇ ਆਪਣੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਮੈਂ ਦਬਾਅ ਝੱਲ ਸਕਦਾ ਹਾਂ ਅਤੇ ਚੁਣੌਤੀਆਂ ਨਾਲ ਲੜ ਸਕਦਾ ਹਾਂ। ਅਨਿਆਂ, ਜ਼ਬਰ ਅਤੇ ਵਿਤਕਰੇ ਖਿਲਾਫ ਆਪਣੇ ਲੋਕਾਂ ਦਾ ਬਚਾਅ ਕਰ ਸਕਦਾ ਹਾਂ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ 94 ਸਾਲ ਦੀ ਵਡੇਰੀ ਉਮਰ ਕਰਕੇ ਕੋਰੋਨਾ ਮਹਾਮਾਰੀ ਦੌਰਾਨ ਕਾਫੀ ਸਮਾਂ ਡਾਕਟਰੀ ਸ੍ਲਾਹ 'ਤੇ ਏਕਾਂਤਵਾਸ ਵਿਚ ਲੰਘਾਉਣਾ ਪਿਆ ਇਸ ਸਭ ਦੇ ਬਾਵਜੂਦ ਉਹ ਸਰਗਰਮ ਸਿਆਸਤ ਵਿਚ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਲੋਕਾਂ ਨੂੰ ਮਿਲਦੇ ਹਨ। ਰਵਾਇਤੀ ਸੀਟ ਲੰਬੀ ਤੋਂ ਵੀ ਚੋਣ ਲੜ੍ਹਨ ਬਾਰੇ ਉਨ੍ਹਾਂ ਦੀ ਚੁੱਪੀ ਨੇ ਵਿਰੋਧੀਆਂ ਨੂੰ ਉੱਸਲਵੱਟੇ ਪਾਏ ਹੋਏ ਹਨ। ਉਨ੍ਹਾਂ ਦੇ ਤਾਜ਼ਾ ਸੰਕੇਤਾਂ ਨਾਲ ਸੂਬਾ ਪੱਧਰ ਦੀ ਸਿਆਸਤ ਵਿਚ ਨਵੇਂ ਰੰਗ ਵੇਖਣ ਨੂੰ ਮਿਲਣਗੇ।