04 August 2022

ਲੋਕਪੱਖੀ ਬਦਲਾਅ! : ਵਿਸ਼ੇਸ਼ ਸੁਵਿਧਾ ਵਾਲੇ ਸਰਕਾਰੀ ਕੈਂਪਾਂ 'ਚ 'ਨਿੱਜੀ ਹੱਥਾਂ' ਵੱਲੋਂ ਲੋਕਾਂ ਦੀ ਵੱਡੀ ਲੁੱਟ


- ਲਾਭਪਾਤਰੀਆਂ ਤੋਂ ਫਾਰਮ ਅਤੇ ਫੋਟੋ ਸਟੇਟ ਲਈ ਵਸੂਲੇ ਜਾ ਰਹੇ 25 ਤੋਂ 70 ਰੁਪਏ

- 12 ਕੈਂਪਾਂ 'ਚ 36 ਸੌ ਲਾਭਪਾਤਰੀਆਂ ਨੂੰ ਮਿਲ ਚੁੱਕੀ ਔਸਤਨ 1.08 ਲੱਖ ਰੁਪਏ ਦੀ ਮਹਿੰਗੀ ਸੁਵਿਧਾ


ਇਕਬਾਲ ਸਿੰਘ ਸ਼ਾਂਤ

ਲੰਬੀ: ਲੰਬੀ ਹਲਕੇ 'ਚ ਲੱਗੇ ਰਹੇ ਵਿਸ਼ੇਸ਼ ਸੁਵਿਧਾ ਕੈਂਪ ਲਾਭਪਾਤਰੀਆਂ ਤੋਂ ਫਾਰਮ ਅਤੇ ਫੋਟੋ ਸਟੇਟ ਦੀ ਭਾਰੀ ਰਕਮ ਵਸੂਲ ਜਾਣ ਕਰਕੇ ਵਿਵਾਦਾਂ 'ਚ ਘਿਰ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ 'ਸਿਆਸੀ ਚਿਹਰਿਆਂ' ਦੀ ਅਗਵਾਈ ਹੇਠ ਲੱਗਦੇ ਇਨ੍ਹਾਂ ਕੈਂਪਾਂ 'ਚ ਫਾਰਮ ਅਤੇ ਫੋਟੋ ਸਟੇਟ ਲਈ ਇੱਕ-ਇੱਕ ਲਾਭਪਾਤਰੀ ਤੋਂ ਪ੍ਰਤੀ ਫਾਰਮ ਅਤੇ ਫੋਟੋ ਸਟੇਟ ਲਈ 25 ਰੁਪਏ ਤੋਂ ਲੈ ਕੇ 70 ਰੁਪਏ ਦੀ ਵਸੂਲਣ ਦੀ ਕਥਿਤ ਘਪਲੇਬਾਜ਼ੀ ਨਸ਼ਰ ਹੋਈ ਹੈ।

ਸੁਵਿਧਾ ਕੈਂਪਾਂ ਵਿੱਚ ਕਰੀਬ ਪੰਜ ਗੁਣਾ ਜ਼ਿਆਦਾ ਫੋਟੋ ਸਟੇਟ ਕੀਮਤ ਵਸੂਲੇ ਅਤੇ ਲਗਪਗ ਮੁਫ਼ਤ ਕੀਮਤ ਵਾਲੇ ਫਾਰਮਾਂ ਦੀ ਕੀਮਤ ਵਸੂਲਣ ਖਿਲਾਫ਼ ਲੋਕਾਂ 'ਚ ਭਾਰੀ ਰੋਸ ਹੈ। ਪਤਾ ਲੱਗਿਆ ਹੈ ਕਿ ਸਰਕਾਰੀ ਕੈਂਪਾਂ 'ਚ ਪ੍ਰਾਈਵੇਟ ਵਿਅਕਤੀ ਖੁੱਲ੍ਹੇਆਮ ਬੈਠ ਕੇ ਫਾਰਮਾਂ ਅਤੇ ਫੋਟੋ ਸਟੇਟ ਦੀ ਮੋਟੀ ਫੀਸ ਵਸੂਲਦੇ ਹਨ। ਵੱਡੀ ਹੈਰਾਨੀ ਹੈ ਕਿ ਬੀ.ਡੀ.ਪੀ.ਓ ਦਫ਼ਤਰ ਲੰਬੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਇਨ੍ਹਾਂ ਫਾਰਮ/ਫੋਟੋ ਸਟੇਟ ਵਾਲੀ ਵਿਸ਼ੇਸ਼ ਸੁਵਿਧਾ ਤੋਂ ਅਨਜਾਨਤਾ ਜਾਹਰ ਕਰ ਰਿਹਾ ਹੈ। ਫਿਰ ਸਰਕਾਰੀ ਕੈਂਪਾਂ 'ਚ ਕਿਸਦੀ ਪੁਸ਼ਤਪਨਾਹੀ ਹੇਠ ਮਹਿੰਗੀ ਸੁਵਿਧਾ ਵਾਲੀ ਨਿੱਜੀ ਦੁਕਾਨਦਾਰੀ ਚੱਲ ਰਹੀ ਹੈ। ਹਰੇਕ ਕੈਂਪ 'ਚ ਪੰਜ-ਦਸ ਗੁਣਾ ਮਹਿੰਗੀ ਸੁਵਿਧਾ ਵਾਲੀ ਟੀਮ ਲਗਾਤਾਰ ਪੁੱਜ ਰਹੀ ਹੈ। ਲੰਬੀ ਹਲਕੇ 'ਚ ਪ੍ਰਸ਼ਾਸਨ ਸੁੱਤਾ ਪਿਆ ਹੈ ਜਾਂ ਪ੍ਰਸ਼ਾਸਨ ਹੇਠਲੇ ਪੱਧਰ 'ਤੇ ਚੰਦ ਵਿਅਕਤੀਆਂ ਦੀ ਬੇਰਜ਼ੁਗਾਰੀ ਦੂਰ ਕਰਨ ਦੀ ਰਾਹ ਪਿਆ ਹੋਇਆ ਹੈ। ਇਹ ਪੜਤਾਲ ਦਾ ਵਿਸ਼ਾ ਹੈ।

ਇਨ੍ਹਾਂ ਕੈਂਪਾਂ 'ਚ ਪੈਨਸ਼ਨ, ਦਿਵਿਆਂਗ ਸਰਟੀਫਿਕੇਟ, ਪੋਸ਼ਣ ਅਭਿਆਨ ਸਬੰਧੀ, ਲੇਬਰ ਕਾਰਡ, ਸ਼ਗਨ ਸਕੀਮ, ਸਮਾਰਟ ਰਾਸ਼ਨ ਕਾਰਡ, ਮਗਨਰੇਗਾ ਸਕੀਮਾਂ ਅਤੇ ਵਨ ਸਟਾਪ ਸੈਂਟਰ (ਸਖੀ) ਆਦਿ ਲਈ ਫਾਰਮ ਵਗੈਰਾ ਆਦਿ ਭਰੇ ਜਾਂਦੇ ਹਨ।

ਸਰਕਾਰੀ ਜਾਣਕਾਰੀ ਅਨੁਸਾਰ ਲੰਬੀ ਬਲਾਕ 'ਚ ਹੁਣ ਤੱਕ 12 ਕੈਂਪ ਲੱਗ ਚੁੱਕੇ ਹਨ। ਤਿੰਨ-ਚਾਰ ਪਿੰਡਾਂ 'ਤੇ ਆਧਾਰਤ ਪ੍ਰਤੀ ਕੈਂਪ 'ਚ ਔਸਤਨ ਤਿੰਨ ਸੌ ਲਾਭਪਾਤਰੀ ਪੁੱਜਦੇ ਹਨ। ਜੇਕਰ ਇੱਕ ਵਿਅਕਤੀ ਤੋਂ ਘੱਟੋ-ਘੱਟ ਤੀਹ ਰੁਪਏ ਦੀ ਫਾਰਮ ਵਸੂਲੀ ਮੁਤਾਬਕ 12 ਕੈਂਪਾਂ ਵਿੱਚ 36 ਸੌ ਲਾਭਪਾਤਰੀਆਂ ਤੋਂ 1.08 ਲੱਖ ਰੁਪਏ ਆਮ ਲੋਕਾਂ ਤੋਂ ਫਾਰਮ ਅਤੇ ਫੋਟੋ ਸਟੇਟ ਦੀ ਸੁਵਿਧਾ ਦੀ ਆਰਥਿਕ ਵਸੂਲੀ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਲਾਨੇ ਕੈਂਪਾਂ 'ਚ ਸਿਆਸੀ ਚਿਹਰਿਆਂ ਦੀ ਮੌਜੂਦਗੀ 'ਚ ਅਜਿਹਾ ਵਰਤਾਰਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਖ਼ 'ਤੇ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ। ਅੱਜ ਪਿੰਡ ਹਾਕੂਵਾਲਾ ਵਿਖੇ ਵਿਸ਼ੇਸ਼ ਸੁਵਿਧਾ ਕੈਂਪ 'ਚ ਬੁਢਾਪਾ ਪੈਨਸ਼ਨ ਦਾ ਫਾਰਮ ਭਰਨ ਗਏ ਦਰਸ਼ਨ ਸਿੰਘ ਉਰਫ਼ ਵਕੀਲ ਦਾ ਕਹਿਣਾ ਸੀ ਕਿ ਸਰਕਾਰੀ ਸੁਵਿਧਾ ਕੈਂਪ 'ਚ ਫੋਟੋ ਸਟੇਟ ਅਤੇ ਫਾਰਮ ਬਦਲੇ ਤੀਹ ਰੁਪਏ ਵਸੂਲੇ ਜਾਣ ਤੋਂ ਉਸਦੇ ਮਨ ਨੂੰ ਡੂੰਘੀ ਠੇਸ ਪੁੱਜੀ।

ਉਸਨੇ ਕਿਹਾ ਕਿ ਬਾਜ਼ਾਰ 'ਚ ਫੋਟੋ ਇੱਕ ਰੁਪਏ ਵਿੱਚ ਹੋ ਜਾਂਦੀ ਹੈ। ਜਦਕਿ ਕੈਂਪ 'ਚ ਪੰਜ ਗੁਣਾ ਫੀਸ ਵਸੂਲੀ ਜਾ ਰਹੀ ਸੀ। ਜਿਸਦੀ ਕੋਈ ਰਸੀਦ ਵੀ ਨਹੀਂ ਦਿੱਤੀ ਗਈ। ਪ੍ਰੀਤਮ ਸਿੰਘ ਨੰਬਰਦਾਰ ਨੇ ਇਹ ਫੀਸ ਲਗਪਗ ਹਰੇਕ ਲਾਭਪਾਤਰੀ ਤੋਂ ਲਈ ਗਈ। ਮੰਡੀ ਕਿੱਲਿਆਂਵਾਲੀ ਵਾਸੀ ਮਹਿੰਦਰ ਕੁਮਾਰ ਨੇ ਵੀ ਬੀਤੇ ਦਿਨ੍ਹੀਂ ਵਿਸ਼ੇਸ਼ ਸੁਵਿਧਾ ਕੈਂਪ 'ਚ ਫਾਰਮ ਅਤੇ ਫੋਟੋ ਸਟੇਟ ਲਈ 25 ਰੁਪਏ ਤੋਂ 70 ਰੁਪਏ ਵਸੂਲੇ ਜਾਣ ਦੀ ਗੱਲ ਆਖੀ।


ਡੀ.ਸੀ. ਵੱਲੋਂ ਤੁਰੰਤ ਪੜਤਾਲ ਅਤੇ ਐਕਸ਼ਨ

ਮਾਮਲਾ ਧਿਆਨ 'ਚ ਲਿਆਉਣ 'ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਤੁਰੰਤ ਐਕਸ਼ਨ ਲੈਂਦੇ ਪੜਤਾਲ ਕੀਤੀ ਅਤੇ ਮੀਡੀਆ ਨੂੰ ਪੱਖ ਭੇਜ ਕੇ ਦੱਸਿਆ ਪੰਚਾਇਤ ਸਕੱਤਰ ਅਨੁਸਾਰ ਕੈਂਪ 'ਚ ਪ੍ਰਾਈਵੇਟ ਵਿਅਕਤੀ ਅਰਜੀ ਫਾਰਮ ਭਰਨ ਲਈ 10 ਤੋਂ 20 ਰੁਪਏ ਵਸੂਲ ਰਹੇ ਹਨ ਅਤੇ ਫੋਟੋ ਕਾਪੀ ਲਈ ਪ੍ਰਤੀ ਪੰਨਾ 2 ਰੁਪਏ ਵਸੂਲ ਰਹੇ ਸਨ। ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ ਨੂੰ ਅਗਾਮੀ ਕੈਂਪ 'ਚ ਇਸਨੂੰ ਰੋਕਣ ਅਤੇ ਸਵੈ-ਇੱਛਾ ਨਾਲ ਫਾਰਮ ਭਰਨ ਲਈ ਫੋਟੋ ਕਾਪੀ ਮਸ਼ੀਨ ਅਤੇ ਇੱਕ ਵਿਅਕਤੀ ਦਾ ਪ੍ਰਬੰਧ ਕਰਨ ਦੀ ਤਾਕੀਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ 'ਚ ਅਜਿਹਾ ਵਰਤਾਰਾ ਹੈ ਜਦੋਂ ਕਿਸੇ ਜ਼ਿਲ੍ਹਾ ਅਧਿਕਾਰੀ ਨੇ ਤੁਰੰਤ ਐਕਸ਼ਨ ਨੂੰ ਮੀਡੀਆ ਨੂੰ ਵੱਟਸਐਪ ਸੁਨੇਹੇ ਰਾਹੀਂ ਪੱਖ ਭੇਜਿਆ ਹੋਵੇ।