16 August 2016

ਆਜ਼ਾਦੀ ਦਾ ਅਹਿਸਾਸ

                                                      ਇਕਬਾਲ ਸਿੰਘ ਸ਼ਾਂਤ
ਆਜ਼ਾਦੀ ਇੱਕ ਦਿਹਾੜਾ ਹੀ ਨਹੀਂ ਇੱਕ ਭਾਵਨਾ ਅਤੇ ਅਹਿਸਾਸ ਵੀ ਹੈ। ਜਿਸਨੂੰ ਸਧਾਰਨ ਬੰਦੇ ਲਈ ਮੁਕਾ ਦਿੱਤਾ ਗਿਆ ਹੈ। ਅੱਜ ‘ਆਜ਼ਾਦੀ’ ਇੱਕ ਅਜਿਹੇ ਸ਼ਰਾਬੀ ਪਤੀ ਜਿਹੀ ਬਣ ਕੇ ਰਹਿ ਗਈ ਜਿਹੜਾ ਰਾਤ ਨੂੰ ਆਪਣੀ ਸਰੀਰਕ ਭੁੱਖ ਲਈ ਪਤਨੀ ਨੂੰ ਅਪੱਣਤ ਵਿਖਾਉਂਦਾ ਹੈ ਪਰ ਦਿਨ ਸਮੇਂ ਉਸਦੇ ਤੇਵਰ ਇਸਦੇ ਬਿਲਕੁੱਲ ਉਲਟ ਹੁੰਦੇ ਹਨ। ਉੱਚੀਆਂ ਸਫ਼ੀਲਾਂ ’ਤੇ ਬੈਠੇ ‘ਸਿਆਸਤਦਾਨਾਂ’ ਨੇ ਸਾਜਿਸ਼ਨ ਆਜ਼ਾਦੀ ਦੇ ਅਹਿਸਾਸ ਮਾਰ ਦਿੱਤੇ ਹਨ ਅਤੇ ਭਾਵਨਾਵਾਂ ਧਾਰਮਿਕ ਕਰ ਦਿੱਤੀਆਂ ਹਨ। ਇਖਲਾਕ ਨੂੰ ਕਿੱਤਾਮੁਖੀ ਕਰ ਦਿੱਤਾ ਅਤੇ ਜਮੀਰ ਅਤੇ ਗੈਰਤਾਂ ਮੁਫ਼ਤਖੋਰੀ ਦੇ ਵੱਸ ਪਾ ਦਿੱਤੀਆਂ। ਸਧਾਰਨ ਬੰਦੇ ਦੇ ਵਿਕਾਸ ਦੇ ਨਾਂਅ ’ਤੇ ਸਧਾਰਨ ਬੰਦੇ ਦਾ ਹੀ ਸਭ ਕੁਝ ‘ਖੋਹਿਆ’ ਜਾ ਰਿਹਾ ਹੈ। 
ਹਕੀਕਤ ’ਚ ‘ਆਜ਼ਾਦੀ’ ਲਫ਼ਜ਼ ਦੇ ਬੜੇ ਡੂੰਘੇ ਮਾਇਨੇ ਹਨ। ਆਜ਼ਾਦੀ ਦੇ ਨਾਲ ਹਰ ਬਾਸ਼ਿੰਦੇ, ਪੰਛੀ ਅਤੇ ਪਰਿੰਦੇ ਅਤੇ ਮਾਤ-ਭੂਮੀ ਦੇ ਕਣ-ਕਣ ਦੀ ਆਸ ਵੀ ਜੁੜੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ‘‘ਉਹ ਆਜ਼ਾਦ ਫਿਜ਼ਾ ਅੰਦਰੀਂ ਪਰਵਾਜ਼ ਭਰੇ। ਉਸ ਕੋਲ ਰਹਿਣ ਲਈ ਰੈਣ-ਬਸੇਰਾ ਹੋਵੇ, ਕਰਨ ਲਈ ਕਿੱਤਾ ਅਤੇ ਸਿਰ ਉਠਾ ਕੇ ਜਿਉਣ ਲਈ ਮਾਹੌਲ ਹੋਵੇ।’’ ਅੱਜ ਉਹ ਆਪਣੇ ਇਸ ਸੁਪਨੇ ਦੀ ਪੂਰਤੀ ਲਈ ਹਰ ਪਲ ਸੋਚਦਾ ਹੈ, ਸੁਪਨੇ ਬੁਣਦਾ ਹੈ ਅਤੇ ਪੂਰੇ ਯਤਨ ਵੀ ਜੁਟਾਉਂਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹਰ ਮੁਲਕ, ਹਰ ਜਾਤ-ਧਰਮ ਅਤੇ ਫਿਰਕੇ ਦਾ ਮਨੁੱਖ ਇਸੇ ‘ਅਹਿਸਾਸ’ ਨਾਲ ਸਾਹਾਂ ਦੀ ਉਮੀਦ ਨੂੰ ਅਗਾਂਹ ਵਧਾਉਂਦਾ ਹੈ ਕਿ ਉਸਦੀ ਮਿਹਨਤ ਸਦਕਾ ਤਰੱਕੀ ਅਤੇ ਖੁਸ਼ਹਾਲੀ ਦੇ ਦਿਨ ਆਉਣਗੇ। ਅੱਜ ਆਜ਼ਾਦ ਭਾਰਤ ’ਚ ਸਧਾਰਨ ਬੰਦੇ ਦੇ ਹੱਥ-ਪੱਲੇ ਕੁਝ ਨਜ਼ਰ ਪੈਂਦਾ ਆਉਂਦਾ। ਵੱਡੀਆਂ ਸੜਕਾਂ, ਚੌੜੇ ਪੁੱਲਾਂ ਅਤੇ ਉੱਚੀਆਂ ਇਮਾਰਤਾਂ ਨੂੰ ਮੁਲਕ ਦਾ ‘ਵਿਕਾਸ’ ਅਤੇ ਖੁਸ਼ਹਾਲੀ ਦਰਸਾਇਆ ਜਾ ਰਿਹਾ ਹੈ। ਅਜੋਕੇ ਦੌਰ ਦਾ ਸੜਕੀ ਵਿਕਾਸ ਅੰਗਰੇਜ਼ਾਂ ਵਾਂਗ ਭਾਰਤੀ ਸਿਆਸਤਦਾਨਾਂ ਦੇ ‘ਠਰਕ’ ਦਾ ਜਰੀਆ ਹੈ। ਜਿਨ੍ਹਾਂ ’ਤੇ ਚੱਲਣ ਖਾਤਰ ਵੀ ਸਧਾਰਨ ਬੰਦੇ ਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ। ਸਧਾਰਨ ਬੰਦੇ ਲਈ ਆਜ਼ਾਦੀ ਦੇ ਹਾਲਾਤ ਅੰਗਰੇਜ਼ ਰਾਜ ਤੋਂ ਵੀ ਮਾੜੇ ਹੋਏ ਪਏ ਹਨ। ਸਧਾਰਨ ਬੰਦਾ ਲਗਾਤਾਰ ਬਦਹਾਲੀ ਵੱਲ ਧੱਕਣ ਵਾਲੀਆਂ ਸਰਕਾਰੀ ਨੀਤੀਆਂ ’ਚ ਉਲਝ ਕੇ ਰਹਿ ਗਿਆ ਹੈ। ਮਹਿੰਗਾਈ ਨੇ ਆਮ ਬੰਦੇ ਦੀ ‘ਮੱਤ’ ਮਾਰ ਕੇ ਰੱਖ ਦਿੱਤੀ ਹੈ ਅਤੇ ਕਮਾਈ ਦੇ ਬਹੁਗਿਣਤੀ ਵਸੀਲੇ ਸਿਆਸਤਦਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਸਿੱਖਿਆ ਦੀ ਪਰਪੱਕ ਡੂੰਘਾਈ ਤੋਂ ਖੁਣੇ ਪੜ੍ਹੇ-ਲਿਖੇ ਲੋਕ ਸਿਰਫ਼ (ਸੂਟਡ-ਬੂਟਡ ਮਜ਼ਦੂਰ) 10-12 ਹਜ਼ਾਰ ਵਾਲੀ ਨਿਗੁਣੀਆਂ ਤਨਖ਼ਾਹਾਂ ’ਤੇ ਸੀਮਤ ਹੋ ਕੇ ਰਹਿ ਗਏ ਹਨ। ਉਸ ਕੋਲੋਂ ਮਾਰੂ ਸਰਕਾਰੀ ਨੀਤੀਆਂ ਅਤੇ ਚੰਗੇ-ਬੁਰੇ ਨੂੰ ਪਰਖਣ ਦੀ ਸ਼ਕਤੀ ‘ਨਿਪੁੰਸਕ’ ਕਰ ਦਿੱਤੀ ਗਈ ਹੈ। ਜਨਤਾ ਲਈ ਫੋਕੀਆਂ ਨੀਤੀਆਂ ਉਸਾਰ ਕੇ ਰਾਜ ਨੇਤਾ ਅਤੇ ਅਫਸਰਾਂ ਦੇ ਘਰ ‘ਵੱਡੇ’ ਹੋ ਰਹੇ ਹਨ। ਪੰਜਾਬ ਵਿੱਚ ਸੰਗਤ ਦਰਸ਼ਨ ਸਮਾਗਮ ਦਾ ਵਰਤਾਰਾ ਵੀ ਇਸੇ ਅਮਲ ਦੀ ਤਰਜ਼ਮਾਨੀ ਕਰਦਾ ਹੈ। ਪੰਜਾਬ ਦਾ ਰਾਜ-ਭਾਗ ਅੱਜ ਵਪਾਰੀ ਸੋੋਚ ਦੇ ਕਬਜ਼ੇ ਹੇਠਾਂ ਹੈ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਹੈ ਪਰ ਨਸ਼ਿਆਂ ਦੇ ਕਥਿਤ ਤਸਕਰ ਭੋਲਾ ਜਿਹੇ ਲੋਕ ਅਦਾਲਤਾਂ ਵਿਚੋਂ ਬਰੀ ਹੋ ਰਹੇ ਹਨ। ਨਸ਼ਿਆਂ ਦੇ ਦੋਸ਼ਾਂ ’ਚ ਘਿਰੇ ਲੋਕ ਮੁੱਛਾਂ ਨੂੰ ਵੱਟ ਦੇ ਕੇ ਆਜ਼ਾਦੀ ਦਾ ਅਹਿਸਾਸ ਮਾਣ ਰਹੇ ਹਨ। ਆਮ ਬੰਦਾ ਮਹਿਸੂਸ ਕਰਦਾ ਹੈ ਕਿ ਥਾਣੇ-ਕਚਿਹਰੀਆਂ ਵਿਚੋਂ ਇਨਸਾਫ਼ ਮਿਲਣਾ ਅੰਗਰੇਜ਼ਾਂ ਨਾਲੋਂ ਵੀ ਮਾੜਾ ਹੋ ਗਿਆ ਹੈ। ਥਾਣੇ-ਦਫ਼ਤਰਾਂ ਵਿੱਚ ਦੁਕਾਨ ਵਾਂਗ ਇਨਸਾਫ਼ ‘ਮੁੱਲ’ ਵਿਕਦਾ ਹੈ। 
ਅੱਜ ਹਿੰਦੁਸਤਾਨ ਦੀ ਆਜ਼ਾਦੀ, ਸਿੱਖ ਧਰਮ ’ਤੇ ਜੱਟ ਸਿੱਖਾਂ ਦੇ ਕਬਜ਼ੇ ਵਾਂਗ ਸਫ਼ੈਦਪੋਸ਼ ਸਿਆਸਤ ਅਤੇ ਵੱਡੇ ਸਨਅਤਕਾਰਾਂ ਦੀ ਜਗੀਰ ਬਣ ਚੁੱਕੀ ਹੈ। ਜਿਹੜੇ ਆਪਣੇ ਫਾਇਦੇ ਅਤੇ ਮੁਫ਼ਾਦਾਂ ਲਈ ਜਨਤਾ ਦੇ ਰਹਿਣ-ਸਹਿਣ ਅਤੇ ਸੋਚ-ਵਿਚਾਰ ਤੱਕ ਨੂੰ ਮਨ-ਮੁਤਾਬਕ ਢਾਲ ਰਹੇ ਹਨ। ਕੁਝ ਵਰਗਾਂ ਨੂੰ ਲੋਕ-ਸਹੂਲਤਾਂ ਦੀ ਓਟ ’ਚ ‘ਮੁਫ਼ਤ’ ਦਾ ਸਵਾਦ ਪਾ ਕੇ ਮਿਹਨਤ ਦੀ ਆਦਤ ਖ਼ਤਮ ਕੀਤੀ ਜਾ ਰਹੀ ਹੈ। ਟੀ.ਵੀ ਸੀਰੀਅਲਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਜਿਨ੍ਹਾਂ ’ਤੇ ਸਰਕਾਰਾਂ ਕੋਲ ਕੋਈ ਸੈਂਸਰ ਨਹੀਂ। 
   
ਚੋਣ-2017 ਦੇ ਬਰੂਹਾਂ ’ਤੇ ਖੜ੍ਹੀ ਪੰਜਾਬ ਦੀ ਸਿਆਸਤ ਨੂੰ ਲੋਕ ਮੁੱਦਿਆਂ ਨਾਲ ਵਾਹ-ਵਾਸਤਾ ਨਹੀਂ ਜਾਪ ਰਿਹਾ। ਰਾਜਸੀ ਆਗੂ ਅਸਲ ਮੁੱਦਿਆਂ ਅਤੇ ਜਨਤਾ ਦੀਆਂ ਹਕੀਕੀ ਸਮੱਸਿਆਵਾਂ ਨੂੰ ਪਛਾਨਣ ਦੀ ਬਜਾਏ ਇੱਕ-ਦੂਜੇ ’ਤੇ ਤੋਹਮਤਾਂ ਅਤੇ ਦਬਕੇ ਮਾਰਨ ਤੱਕ ਸੀਮਤ ਰਹਿ ਗਏ ਹਨ। ਸੂਬਾ ਨਸ਼ੇ ਅਤੇ ਆਰਥਿਕ ਨੀਤੀਆਂ ਦੀ ਮਾਰ ਹੇਠਾਂ ਹੈ, ਕਿਸੇ ਨੂੰ ਫ਼ਿਕਰ ਨਹੀਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕੁੜੀਆਂ ਦੀਆਂ ਇੱਜਤਾਂ ਰੁਲ ਰਹੀਆਂ ਹਨ। ਰਾਜ ਨੇਤਾਵਾਂ ਦੇ ਫਰਜੰਦਾਂ ਦਾ ਰਹਿਣ-ਸਹਿਣ ਰਜਵਾੜਿਆਂ ਨਾਲੋਂ ਅਗਾਂਹ ਟੱਪ ਗਿਆ ਹੈ। ਜਦੋਂਕਿ ਵੱੜੀ ਗਿਣਤੀ ਜਨਤਾ ਅੱਜ ਬੇਸਹਾਰਾ ਰੁਲਦੀ ਫਿਰਦੀ। ਮਨ ਰੋਂਦਾ ਹੇ ਸੜਕਾਂ ’ਤੇ ਰੇਲਵੇ ਫਾਟਕਾਂ ਦੇ ਕੰਢੇ ਭੱਜ-ਭੱਜ ਕੇ ਰਾਹਗੀਰਾਂ ਦੇ ਤਰਲੇ ਕਰਦੇ ਵੇਖ ਕੇ, ਜਿਹੜੇ ਨਿੱਕੀ ਉਮਰੇ ਗੁਰਬਤ ਦੇ ਪਸੀਨੇ ਦੀਆਂ ਪਰਤਾਂ ਚੜ੍ਹੇ ਚਿਹਰਿਆਂ ਨਾਲ ਛੱਲੀਆਂ ਅਤੇ ਮੱਕੀ ਵਾਲੇ ਫੁੱਲੇ (ਪੌਪਕਾਰਨ) ਖਰੀਦਣ ਦੀਆਂ ਅਰਜੋਈਆਂ ਕਰਦੇ ਹਨ। ਅਜਿਹੇ ’ਚ ਲਾਜਮੀ ਸਿੱਖਿਆ ਅਧਿਕਾਰਾਂ ਅਤੇ ਬਾਲ ਮਜ਼ਦੂਰੀ ਕਾਨੂੰਨ ਬਣਾਉਣ ’ਤੇ ਲਾਹਣਤਾਂ ਪਾਉਣ ਨੂੰ ਜੀਅ ਕਰਦਾ ਹੈ ਕਿ ਆਜ਼ਾਦੀ ਦੀ ਭਾਵਨਾ ਅਜਿਹੀ ਨਹੀਂ ਸੀ ਅਤੇ ਨਾ ਉਸਦੇ ਅਹਿਸਾਸ। ਜਿਨ੍ਹਾਂ ਦੀ ਜ਼ਿੰਦਗੀ ਦੀ ਸਵੇਰ ਢਿੱਡ ਦੀ ਅੱਗ ਬੁਝਾਉਣ ਅਤੇ ਸਿਰ ਦੀ ਛੱਤ ਟੋਲਣ ’ਚ ਰੁਲ ਗਈ ਹੈ।
ਮੇਰੇ ਸੁਤੰਤਰਤਾ ਸੇਨਾਨੀ ਪਿਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਆਖਿਆ ਕਰਦੇ ਸਨ ਕਿ ‘‘ਗਰੀਬ ਦਾ ਢਿੱਡ 10-20 ਹਜ਼ਾਰ ਨਾਲ ਰੱਜ ਸਕਦਾ ਹੈ ਪਰ ਲੀਡਰਾਂ ਦਾ ਢਿੱਡ ਸਾਰੇ ਜਹਾਨ ਨੂੰ ਖਾ ਕੇ ਵੀ ਨਹੀਂ ਭਰ ਸਕਦਾ।’’ ਅੱਖੀਂ ਵੇਖਿਆ ਵਰਤਾਰਾ ਹੈ ਕਿ ਮੁਲਕ ’ਚ ਪੰਜ ਸਾਲਾਂ ਦੀ ਸਿਆਸੀ ‘ਚੌਧਰ’ ਸੈਂਕੜੇ ਕਰੋੜ ਦੀ ਰਿਆਸਤ ਉਸਰ ਦਿੰਦੀ ਹੈ। ਜੇਕਰ ਦਸ ਸਾਲਾਂ ਦਾ ਰਾਜਭਾਗ ਟੱਕਰ ਜਾਵੇ ਤਾਂ ਸੂਬੇ ਦੇ ਸਾਹਾਂ ’ਤੇ ਕਬਜ਼ਾ ਹੋ ਜਾਂਦਾ ਹੈ। 25-30 ਸਾਲਾਂ ਵਾਲੇ ਦੀ ਕਮਾਈ ਬਾਰੇ ਤਾਂ ਰੱਬ ਹੀ ਜਾਣਦਾ ਹੈ ਜਾਂ ਮੰ...ੀ ਬੋਰਡ ਦੇ ਉੱਚੀਆਂ ਮੁੱਛਾਂ ਵਾਲੇ ਬਰਾ... ਸਾਹਿਬ, ਪੰਚਾਇਤੀ ਰਾਜ ਜਾਂ ਡਰੇਨੇਜ ਵਾਲੇ ਫਲਾਣੇ ਸਾਬ੍ਹ। ਕੌੜਾ ਸੱਚ ਹੈ ਕਿ ਸਧਾਰਨ ਵਿਅਕਤੀ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਇੱਕ ਚੰਗਾ ਘਰ ਵੀ ਨਹੀਂ ਉਸਰ ਸਕਦਾ ਤਾਂ ਫਿਰ ਇਹ ਕਾਹਦੀ ਆਜ਼ਾਦੀ ਅਤੇ ਕਿਹੋ-ਜਿਹਾ ਅਹਿਸਾਸ। ਅੱਜ ਅਸੀਂ ਬਰਾਂਡਿਡ ਕੱਪੜਿਆਂ, ਫਾਸਟ ਫੂਡ ਅਤੇ ਮਹਿੰਗੇ ਮੋਬਾਇਲਾਂ ਨੂੰ ਆਜ਼ਾਦੀ ਦਾ ਨਾਂਅ ਦੇ ਰਹੇ ਹਾਂ ਪਰ ਇਹ ਤਾਂ ਵੱਡਿਆਂ ਦਾ ਫੈਲਾਇਆ ਜਾਲ ਹੈ ਤੁਹਾਡੀ ਹੱਕ-ਸੱਚ ਦੀ ਕਮਾਈ ਨੂੰ ਪਲਾਂ ’ਚ ਖੋਰਨ ਦਾ। ਸਰਕਾਰੀ ਨੀਤੀਆਂ ਅਤੇ ਆਜ਼ਾਦੀ ’ਤੇ ਵੱਡਿਆਂ ਦੇ ਕਬਜ਼ੇ ਕਰਕੇ ਗੁਆਚੇ ਅਹਿਸਾਸਾਂ ’ਚ ਸਧਾਰਨ ਵਿਅਕਤੀ ਅੱਜ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਤੋਂ ਦੂਰ ਹੋ ਗਿਆ ਹੈ। 
ਆਮ ਸਧਾਰਨ ਵਿਅਕਤੀ ਨੂੰ ਆਜ਼ਾਦੀ ਦਾ ਅਹਿਸਾਸ ਹਾਸਲ ਕਰਨ ਲਈ ਕੁਦਰਤੀ ਕਰਿਸ਼ਮੇ ਨੂੰ ਉਡੀਕਣ ਨਾਲੋਂ ਖੁਦ ਨੂੰ ਸਿੱਖਿਆ, ਸਿਹਤ, ਪਰਿਵਾਰ ਅਤੇ ਸਮਾਜ ਪੱਖੋਂ ਪਰਿਪੂਰਨ ਲਈ ਅੱਜ ਸਾਨੂੰ ਖੁਦ ਨੂੰ ਉਸ ਸੁਪਨੇ ਨਾਲ ਜੋੜਨ ਦੀ ਲੋੜ ਹੈ ਜਿਸ ਨਾਲ ਸਾਡੇ ਨਾਇਕਾਂ-ਸੂਰਮਿਆਂ ਨੇ ਚੜ੍ਹਦੀ ਉਮਰੇ ਉਚੇਰੇ ਆਦਰਸ਼ਾਂ ਲਈ ਫਾਂਸੀ ਦੇ ਰੱਸੇ ਚੁੰਮੇ। 
                                                                                                                   098148-26100/93178-26100