28 July 2022

ਭਗਵੰਤ ਮਾਨ ਬਰਸਾਤੀ ਖਰਾਬੇ ਦਾ ਜਾਇਜ਼ਾ ਲੈਣ ਅੱਜ ਲੰਬੀ ਹਲਕੇ 'ਚ ਪੁੱਜਣਗੇ, ਕਿਸਾਨਾਂ ਨੂੰ ਗਲਤ ਬਣਤਰ ਵਾਲੇ ਸੇਮ ਨਾਲਿਆਂ ਦੇ ਹੱਲ ਬਾਰੇ ਵੱਡੀਆਂ ਉਮੀਦਾਂ


- ਮਹਿਰਾਜਵਾਲਾ ਡਰੇਨ ਦੇ ਮੁੜ ਸਰਵੇ ਦੀ ਮੰਗ ਉੱਠੀ

- ਖੇਤਾਂ 'ਚ ਪਾਣੀ ਨਿਕਾਸੀ ਲਈ ਸਰਕਾਰੀ ਮੱਦਦ ਸ਼ੁਰੂ ਨਾ ਹੋਣ ਦੇ ਦੋਸ਼


ਇਕਬਾਲ ਸਿੰਘ ਸ਼ਾਂਤ

ਲੰਬੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 28 ਜੁਲਾਈ ਨੂੰ ਹਲਕਾ ਲੰਬੀ ਦੇ ਸਰਾਵਾਂ ਜੈਲ 'ਚ ਮੀਂਹ ਦੇ ਪਾਣੀਆਂ 'ਚ ਡੁੱਬੇ ਹਜ਼ਾਰਾਂ ਏਕੜ ਫ਼ਸਲੀ ਰਕਬੇ ਦਾ ਦੁਖਾਂਤ ਅੱਖੀਂ ਵਾਚਣ ਲਈ ਪੁੱਜਣਗੇ। ਮੁੱਖ ਮੰਤਰੀ ਮੀਂਹ ਦੇ ਪਾਣੀ ਦੀ ਸੁਚੱਜੀ ਨਿਕਾਸੀ ਨਾ ਹੋਣ ਕਾਰਨ ਸਭ ਤੋਂ ਵੱਧ ਨੁਕਸਾਨੇ ਗਏ ਪਿੰਡ ਪੰਨੀਵਾਲਾ ਅਤੇ ਮਿੱਡਾ ਦਾ ਬਾਅਦ ਦੁਪਿਹਰ 2:30 ਵਜੇ ਦੌਰਾ ਕਰਨਗੇ। ਇਸਦੇ ਉਪਰੰਤ ਮੁੱਖ ਮੰਤਰੀ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਮੂਲਿਆਂਵਾਲੀ ਵੀ ਖਰਾਬੇ ਦਾ ਜਾਇਜ਼ਾ ਲੈਣ ਜਾਣਗੇ। 

ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਦੀ ਬਾਦਲਾਂ ਦੇ ਗੜ੍ਹ ਰਹੇ ਹਲਕੇ ਲੰਬੀ 'ਚ ਪਹਿਲੀ ਫੇਰੀ ਤੋਂ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਹਨ। ਇਸ ਖੇਤਰ ਵਿੱਚ ਸੇਮ ਨਾਲਿਆਂ ਦੀ ਗਲਤ ਬਣਤਰ ਕਾਰਨ ਵੱਡੀ ਗਿਣਤੀ ਪਿੰਡਾਂ 'ਚ ਲਗਪਗ ਭਰਵੀਂ ਬਰਸਾਤ ਮੌਕੇ ਹੜ੍ਹਾਂ ਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ। ਜਿਸਦੇ ਮੂਹਰੇ ਪ੍ਰਸ਼ਾਸਨ ਦੇ ਕਾਗਜ਼ੀ ਉਪਰਾਲੇ ਵੀ ਨਾਕਾਫ਼ੀ ਸਾਬਤ ਹੁੰਦੇ ਹਨ। ਇਸ ਵਾਰ ਵੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਸਮੁੱਚਾ ਇਲਾਕਾ ਜਲਥਲ ਕਰ ਦਿੱਤਾ। ਮਿੱਡਾ ਦਾ ਰਕਬਾ ਨਿਵਾਣ 'ਚ ਇੱਥੋਂ ਦਾ ਸੌ ਫ਼ੀਸਦੀ ਰਕਬਾ ਪਾਣੀ 'ਚ ਡੁੱਬ ਗਿਆ। 

ਖੇਤਰ ਵਾਸੀਆਂ ਮੁਤਾਬਕ ਤਾਜ਼ਾ ਮੀਂਹਾਂ ਉਪਰੰਤ ਪ੍ਰਸ਼ਾਸਨੀ ਉਪਰਾਲੇ ਯਤਨਾਂ ਦੇ ਮੁਤਾਬਕ ਕਾਰਗਰ ਸਾਬਤ ਨਹੀਂ ਹੋਏ। ਬੀਤੇ ਦਿਨ੍ਹੀਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਦੀ ਮਾੜੀ ਸਥਿਤੀ ਕਾਰਨ ਦੌਰਾ ਕੀਤਾ ਸੀ। ਉਨ੍ਹਾਂ ਦੀ ਕਾਰਕੁੱਨ ਟੀਮ ਲਗਾਤਾਰ ਰਾਹਤ ਕਾਰਜਾਂ 'ਤੇ ਜੁਟੀ ਹੋਈ ਹੈ।

ਮਹਿਰਾਜਵਾਲਾ ਡਰੇਨ (ਸੇਮ ਨਾਲਾ) ਦੇ ਗਲਤ ਡੀਜਾਇਨ ਕਾਰਨ ਪਿੰਡ ਮਿੱਡਾ ਨਾਲ ਸਾਲ-ਦੋ ਸਾਲ ਮਗਰੋਂ ਜੱਗੋਂ ਤੇਰਵੀਂ ਹੋ ਜਾਂਦੀ ਹੈ। ਪਿੰਡ ਮਿੱਡਾ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ 1997 ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਸਿਆਸੀ ਦਬਾਅ ਕਾਰਨ ਤਰਖਾਣਵਾਲਾ ਤੋਂ ਉੜਾਂਗ ਨੂੰ ਬਣਨ ਵਾਲੀ ਡਰੇਨ ਨੂੰ ਵਾਇਆ ਮਿੱਡਾ ਕਰ ਦਿੱਤਾ। ਗਿਆ। ਜੇਕਰ ਸਹੀ ਸਰਵੇ ਕਰਵਾ ਡਰੇਨ ਅਰਨੀਵਾਲਾ ਡਰੇਨ 'ਚ ਪਾਈ ਜਾਣੀ ਸੀ। ਜਿਸ ਨਾਲ ਮੀਂਹਾਂ ਸਮੇਂ ਇਹ ਖੇਤਰ ਬਰਸਾਤੀ ਖ਼ਰਾਬਿਆਂ ਤੋਂ ਬਚ ਜਾਣਾ ਸੀ। ਉਨ੍ਹਾਂ ਕਿਹਾ ਕਿ ਸੇਮ ਨਾਲਿਆਂ ਦਾ ਮੁੜ ਸਰਵੇ ਕਰਵਾ ਮੁੜ ਤੋਂ ਸਹੀ ਲੇਬਲ ਨਾਲ ਬਣਾਉਣ ਮੰਗ ਕੀਤੀ। 

ਬਲਾਕ ਸੰਮਤੀ ਮੈਂਬਰ ਭਗਵੰਤ ਸਿੰਘ ਮਿੱਡਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਹੁਣ ਇੰਨੇ ਦਿਨਾਂ ਮਗਰੋਂ ਸੇਮ ਨਾਲੇ 'ਚ ਇੱਕ ਫੁੱਟ ਪਾਣੀ ਘਟਿਆ ਹੈ। ਜਦਕਿ ਖੇਤਾਂ 'ਚ ਸਥਿਤੀ ਪਹਿਲਾਂ ਵਾਂਗ ਹੀ ਹੈ। ਖੇਤਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਮੱਦਦ ਸ਼ੁਰੂ ਨਹੀਂ ਹੋ ਸਕੀ। ਕਿਸਾਨ ਆਪਣੇ ਪੱਧਰ 'ਤੇ ਮੋਟਰ ਵਗੈਰਾ ਲਗਾ ਕੇ ਪਾਣੀ ਨਿਕਾਸੀ ਕਰ ਰਹੇ ਹਨ। ਮੀਂਹਾਂ ਦੇ ਮਾਰੂ ਹਾਲਾਤਾਂ 'ਚ ਜਵਾਬਦੇਹੀ ਵਾਲੀ ਸਥਿਤੀ ਕਾਰਨ ਮੁੱਖ ਮੰਤਰੀ ਦੀ ਫੇਰੀ ਪ੍ਰਬੰਧਾਂ ਨੂੰ ਪੁਖਤਾ ਬਣਾਉਣ 'ਚ ਪ੍ਰਸ਼ਾਸਨ ਹੱਦੋਂ ਵੱਧ ਚੌਕਸੀ ਵਿਖਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੀਂਹਾਂ ਦੌਰਾਨ ਪ੍ਰਭਾਵਿਤ ਪਿੰਡਾਂ 'ਚ ਰਾਹਤ ਕਾਰਜਾਂ ਸਿਆਸੀ ਦਖ਼ਲਅੰਦਾਜ਼ੀ ਖਿਲਾਫ਼ ਪੀੜਤ ਲੋਕਾਂ ਨੂੰ ਬਚਾਅ ਖਾਤਰ ਸੜਕਾਂ 'ਤੇ ਉੱਤਰ ਕੇ ਰੋਹ ਜਤਾਉਣਾ ਪਿਆ। ਸੂਤਰਾਂ ਮੁਤਾਬਰਕ ਉਹ ਸਮੁੱਚੀਆਂ ਰਿਪੋਰਟਾਂ ਮੁੱਖ ਮੰਤਰੀ ਦਫ਼ਤਰ ਤੱਕ ਪੁੱਜਦੀਆਂ ਰਹੀਆਂ ਹਨ। 

26 July 2022

ਮਾਰੂ ਮੀਂਹ: ਪ੍ਰਸ਼ਾਸਨ ਦੇ ਫਿੱਕੇ ਕਦਮਾਂ ‘ਤੇ ਭਾਰੀ ਪੈ ਰਹੇ ਸੰਤ ਸੀਚੇਵਾਲ ਦੇ ਮੱਦਦੀ ਹੱਥ

-ਪਾਣੀਆਂ ’ਚ ਘਿਰੇ ਖੇਤਾਂ ਚ ਮੁੜ ਹਰਿਆਲੀ ਲਈ ਵੰਡੇ ਜਾ ਰਹੇ ਬਾਸਮਤੀ ਬੀਜ




ਇਕਬਾਲ ਸਿੰਘ ਸ਼ਾਂਤ

ਲੰਬੀ: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਮੱਦਦੀ ਹੱਥ ਲੰਬੀ ਹਲਕੇ ਸਮੇਤ ਮਾਲਵੇ ਭਰ ’ਚ ਮਾਰੂ ਮੀਂਹਾਂ ਮਗਰੋਂ ਪੀੜਤਾਂ ਦੀ ਬਾਂਹ ਫੜਨ ਲਈ ਲੋਕਾਂ ਤੱਕ ਪੁੱਜਣ ਲੱਗੇ ਹ ਉਨ੍ਹਾਂ ਦੀ ਸੇਵਾਦਾਰਾਂ ਟੀਮ ਨੇ ਪਾਣੀ ਨਾਲ ਭਰੇ ਖੇਤਾਂ ਨੂੰ ਮੁੜ ਸੁਰਜੀਤੀ ਦੇ ਰਾਹ ਪਾਉਣ ਲਈ ਕਿਸਾਨਾਂ ਦੀ ਮੰਗ ’ਤੇ ਸੈਂਕੜੇ ਏਕੜ ਰਕਬੇ ਲਈ ਬਾਸਮਤੀ ਦੇ ਬੀਜ ਉਨ੍ਹਾਂ ਤੱਕ ਪਹੁੰਚਾ ਦਿੱਤੇ ਹਨ ਨਾਲ ਹੀ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਿੰਡਾਂ ਵਿੱਚ ਪਸ਼ੂਆਂ ਲਈ ਲਗਾਤਾਰ ਹਰੇ-ਚਾਰੇ ਦੀ ਸੇਵਾ ਦੀ ਲਗਾਤਾਰ ਜਾਰੀ ਹੈ ਸੰਤ ਸੀਚੇਵਾਲ ਦੀ ਨਿਸ਼ਕਾਮ ਸੇਵਾ ਭਾਵਨਾ ਜੱਗਜਾਹਰ ਹੈ ਇਨ੍ਹਾਂ ਉਪਰਾਲਿਆਂ ਮੁਹਰੇ ਸਰਕਾਰੀ-ਕਮ-ਪ੍ਰਸ਼ਾਸਨੀ ਉਪਰਾਲੇ ਫਿੱਕੇ ਨਜ਼ਰਾ ਰਹੇ ਹਨ

ਜੇਕਰ ਰਾਜਸਭਾ ਮੈਂਬਰ ਸੀਚੇਵਾਲ ਦੀ ਕਾਰਕੁਨ ਟੀਮ ਵੱਲੋਂ ਜਾਰੀ ਪ੍ਰੇੱਸ ਬਿਆਨ ਦੇ ਸ਼ਬਦਾਂ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਵਿਚੋਂ ਮੀਂਹਾਂ ਦੇ ਕਾਫੀ ਦਿਨਾਂ ਬਾਅਦ ਵੀ ਲੋਕਾਂ ਦੀ ਵਿਥਿਆ ਝਲਕਦੀ ਹੈ ਕਿ ਲੋਕ ਬੇਵੱਸ ਅਤੇ ਲਾਚਾਰ ਨਜ਼ਰ ਆ ਰਹੇ ਹਨ ‘ਮੁਕਤਸਰ, ਗਿੱਦੜਬਾਹਾ, ਬੁੱਢਲਾਡਾ ਤੇ ਮਲੋਟ ਖੇਤਰਾਂ ਸਮੇਤ ਮਾਲਵੇ ਦੇ ਵੱਡੇ ਹਿੱਸੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ

ਜਿਸਤੋਂ ਜਾਪਦਾ ਹੈ ਸਰਕਾਰ ਉਪਰਾਲੇ ਮਾਲਵੇ ਭਰ ਵਿਚ ਲੋਕਾਂ ਦੀ ਮੱਦਦ ਕਰਨ ‘ਚ ਕਮਜੋਰ ਸਾਬਤ ਹੋਏ ਹਨ ਜਿਕਰਯੋਗ ਹੈ ਕਿ ਸੰਤ ਸੀਚੇਵਾਲ ਹੁਰਾਂ ਦੇ ਕਾਰਕੁਨ ਮੀਂਹ ਪ੍ਰਭਾਵਤ ਖੇਤਰਾਂ ਵਿੱਚ ਜਮੀਨ ਲੇਬਲ ’ਤੇ ਸੇਵਾ ਨਿਭਾ ਰਹੇ ਹਨ ਉਹ ਖੁਦ ਵੀ ਬੀਤੇ ਦਿਨੀਂ ਲੰਬੀ ਹਲਕੇ ਵਿਚ ਜਮੀਨੀ ਹਕੀਕਤ ਵਾਚ ਕੇ ਗਏ ਹਨ

ਸੀਚੇਵਾਲ ਟੀਮ ਦੇ ਮੈਂਬਰ ਸੰਤ ਸੁਖਜੀਤ ਸਿੰਘ ਤੇ ਸੁਰਜੀਤ ਸਿੰਘ ਸ਼ੰਟੀ ਦੱਸਿਆ ਕਿ ਸ਼ੁਰੁਆਤੀ ਤੌਰ ’ਤੇ ਮੀਂਹ ਤੋਂ ਸੌ ਫੀਸਦੀ ਪ੍ਰਭਾਵਿਤ ਪਿੰਡ ਮਿੱਡਾ ਵਿਖੇ 1509 ਤੇ 1692 ਕਿਸਮ ਦੀ ਬਾਸਮਤੀ ਦੇ ਸਾਢੇ 6 ਕੁਇੰਟਲ ਬੀਜ ਵੰਡਿਆ ਗਿਆ ਇਸ ਬੀਜ ਨਾਲ 150 ਏਕੜ ‘ਚ ਬਾਸਮਤੀ ਬੀਜਾਂਦ ਹੋ ਸਕੇਗੀ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਬਾਸਮਤੀ ਦਾ ਹੋਰ ਬੀਜ ਵੀ ਭੇਜਿਆ ਜਾ ਰਿਹਾ ਹੈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹਰੇ ਚਾਰੇ ਦੀ ਢੋਆ ਢੋਆਈ ਵਾਸਤੇ ਟੱਰਕ ਅਤੇ ਟ੍ਰੈਕਟਰ ਟਰਾਲੀਆਂ ਵਰਤੀਆਂ ਜਾ ਰਹੀਆਂ ਹਨ

ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੇ ਇਸ ਇਲਾਕੇ ਪਿੰਡਾਂ ਵਿੱਚ ਮਿੱਡਾ, ਬਾਮ ਡਰੇਨ, ਤਰਖਾਣਵਾਲਾ, ਲਖਮੀਰੇਆਣਾ, ਲੱਕੜਵਾਲਾ ਤੇ ਮਹਾਂਬੱਧਰ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਸੀ ਇੱਥੇ ਹਜ਼ਾਰਾਂ ਏਕੜ ਲੋਕਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਮਾਲਵੇ ਦੇ ਵੱਡੇ ਹਿੱਸੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ ਉਨ੍ਹਾਂ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਹਦਾਇਤਾਂ `ਤੇ ਉਹ ਇਲਾਕੇ ਦਾ ਸਰਵੇ ਕਰਕੇ ਪਾਣੀ ਕੱਢਣ ਦਾ ਪੱਕਾ ਪ੍ਰਬੰਧ ਕਰਨ ਦਾ ਯਤਨ ਕਰਨਗੇ ਇਲਾਕੇ ਦੇ ਲੋਕ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ

ਦੂਜੇ ਪਾਸੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦਾ ਕਹਿਣਾ ਸੀ ਕਿ ਪੀੜਤ ਲੋਕਾਂ ਦੀ ਮੰਗ ਮੁਤਾਬਿਕ ਹਰਾ-ਚਾਰਾ ਅਤੇ ਤਿਰਪਾਲਾਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ, ਪ੍ਰਸ਼ਾਸਨ ਦਾ ਅਮਲਾ ਪਿੰਡ ਤਾਇਨਾਤ ਹੈ ਖੇਤਾਂ ਵਿਚੋਂ ਪਾਣੀ ਨਿਕਾਸੀ ਦਾ ਕਾਰਜ ਜਾਰੀ ਹੈ

 

ਸੁਲਤਾਨਪੁਰ ਲੋਧੀ ਤੋਂ ਚੱਲ ਰਹੀ ਪਸ਼ੂਆਂ ਲਈ ਹਰਾ-ਚਾਰੇ ਦੀ ਸੇਵਾ 

ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਕਿਸਾਨ ਮਾਲਵੇ ਦੇ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜੇ ਹਨ ਉਨ੍ਹਾਂ ਕਿਹਾ ਕਿ ਹਰੇ ਚਾਰੇ ਦੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਵੀ ਭੇਜਿਆ ਗਿਆ ਹੈ ਇਹ ਅਚਾਰ ਸਵਰਨ ਸਿੰਘ ਕੌੜਾ ਅਤੇ ਸੁਖਵਿੰਦਰ ਸਿੰਘ ਗੱਟੀ ਨੇ ਸ਼ਾਂਝੇ ਤੌਰ ’ਤੇ 200 ਗੱਠਾਂ ਭੇਜੀਆਂ ਹਨ ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਬਾਸਮਤੀ ਦੀਆਂ ਦੋਵੇਂ ਕਿਸਮਾਂ ਦੇ ਬੀਜ ਦੋਆਬੇ ਵਿੱਚ ਵੀ ਪਨੀਰੀ ਬੀਜੀ ਜਾ ਰਹੀ ਹੈ ਗਿੱਦੜਪਿੰਡੀ ਦੇ ਲੋਕਾਂ ਵੱਲੋਂ ਵੀ ਇੱਕ ਟਰੱਕ ਹਰੇ ਚਾਰੇ ਦਾ ਭੇਜਿਆ ਗਿਆ

21 July 2022

ਸਿਹਤ ਸੰਭਾਲੀ ਮਗਰੋਂ ਵੱਡੇ ਬਾਦਲ ਮੁੜ ਜਨਤਕ ਹੋਏ, ਪੇਂਡੂ ਜਰਨੈਲਾਂ ਲਈ 'ਤੰਗ' ਹੋਏ 'ਵੱਡੇ' ਘਰ ਦੇ ਬੂਹੇ


ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਸੰਭਾਲੀ ਦੇ ਬਾਅਦ ਅੱਜ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਏ। ਸ੍ਰੀ ਬਾਦਲ ਬੁੱਧਵਾਰ ਨੂੰ ਪਿੰਡ ਮਾਨਾ 'ਚ ਉਨ੍ਹਾਂ ਦੇ ਬਾਗਾਂ ਦੇ ਮੁਨੀਮ ਕ੍ਰਿਸ਼ਨ ਸ਼ਰਮਾ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰਨ ਲਈ ਪਿੰਡ ਮਾਨ ਪੁੱਜੇ। 

ਜਾਣਕਾਰੀ ਮੁਤਾਬਕ ਪਰਸੋਂ 60 ਸਾਲਾ ਕ੍ਰਿਸ਼ਨ ਸ਼ਰਮਾ ਨੂੰ ਬਾਦਲ ਪਰਿਵਾਰ ਦੇ ਬਾਗ 'ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਸੀ। ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦੋ ਸਟੰਟ ਪਾਉਣ ਦੇ ਬਾਵਜੂਦ ਉਹ ਬਚ ਨਹੀਂ ਸਕਿਆ। ਸ੍ਰੀ ਬਾਦਲ ਨੇ ਮ੍ਰਿਤਕ ਦੇ ਲੜਕੇ ਚਰਨਜੀਤ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਮਾ ਨੂੰ ਵਫ਼ਾਦਾਰ ਸਾਥੀ ਦੱਸਿਆ।

ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸਿਹਤ ਨਾਸਾਜ਼ ਹੋਣ ਕਾਰਨ ਵੱਡੇ ਬਾਦਲ ਚੰਡੀਗੜ੍ਹ 'ਚ ਜ਼ੇਰੇ ਇਲਾਜ ਰਹੇ ਸਨ। ਉਸਦੇ ਬਾਅਦ ਡਾਕਟਰਾਂ ਦੀ ਹਦਾਇਤਾਂ ਮੁਤਾਬਤ ਚੰਡੀਗੜ੍ਹ ਰਿਹਾਇਸ਼ 'ਤੇ ਸਮਾਂ ਲੰਘਾਉਣ ਉਪਰੰਤ ਬੀਤੀ 11 ਜੁਲਾਈ ਨੂੰ ਪਿੰਡ ਬਾਦਲ ਪਰਤੇ ਸਨ। ਉਸਦੇ ਬਾਅਦ ਉਹ ਪਹਿਲੀ ਵਾਰ ਜਨਤਕ ਹੋਏ। ਜਦਕਿ ਚੰਡੀਗੜ੍ਹੋਂ ਵਾਪਸੀ ਉਪਰੰਤ ਸਾਬਕਾ ਮੁੱਖ ਮੰਤਰੀ ਨੇ ਇੱਕ ਫੇਰੀ ਲਗਾ ਕੇ ਆਪਣੇ ਖੇਤਾਂ ਦੀ ਰੌਣਕ ਪਰਖੀ ਸੀ। 

ਜਾਣਕਾਰੀ ਮੁਤਾਬਕ ਸ੍ਰੀ ਬਾਦਲ ਜਨਤਕ ਮੁਲਾਕਾਤਾਂ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਵਿਧਾਨਸਭਾ ਚੋਣਾਂ 'ਚ ਕਰਾਰੀ ਹਾਰ ਉਪਰੰਤ ਅਕਾਲੀ ਦਲ ਦੇ ਸਥਾਨਕ ਪੇਂਡੂ ਜਰਨੈਲਾਂ ਲਈ ਵੱਡੇ ਘਰ ਦੇ ਬੂਹੇ ਤੰਗ ਹੋਏ ਹਨ। ਜਨਤਕ ਸਫ਼ਾਂ 94 ਸਾਲ ਦੀ ਉਮਰ 'ਚ ਮਿਲੀ ਸ਼ਿਕਸਤ ਨੂੰ ਹਾਈਕਮਾਂਡ ਨੂੰ ਘੇਰਾਬੰਦੀ 'ਚ ਰੱਖਣ ਵਾਲੇ ਹਲਕੇ ਭਰ ਦੇ ਆਗੂਆਂ ਨੂੰ ਜੁੰਮੇਵਾਰ ਮੰਨ ਰਹੀਆਂ ਹਨ। 

ਬੀਤੇ ਦਿਨ੍ਹੀਂ ਹਰਸਿਮਰਤ ਕੌਰ ਬਾਦਲ ਵੀ ਹਲਕੇ 'ਚ ਕਈ ਪਰਿਵਾਰਾਂ 'ਚ ਮੌਤਾਂ 'ਤੇ ਦੁੱਖ ਸਾਂਝਾਂ ਕਰਨ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਕਰਾਰੀ ਹਾਰ ਉਪਰੰਤ ਨਿਰਵਿਵਾਦ ਅਤੇ ਲੋਕ ਜੁੜਾਅ ਵਾਲੇ ਨਵੇਂ ਹਾਲਾਤਾਂ ਨੂੰ ਜ਼ਮੀਨ ' ਸੁਰਜੀਤ ਕਰਨ ਲਈ ਨਜ਼ਰਸ਼ਾਨੀ ਕਰ ਰਿਹਾ ਹੈ। ਜਿਸਦੇ ਨਤੀਜ਼ੇ ਅਗਾਮੀ ਨੇੜਲੇ ਸਮੇਂ ਕਈ ਬਦਲਵੇਂ ਚਿਹਰਿਆਂ ਰਾਹੀਂ ਸਾਹਮਣੇ ਆ ਸਕਦੇ ਹਨ ।

19 July 2022

ਮੁੱਢਲੇ ਦਸਤਾਵੇਜ਼ੀ ਅੰਦਾਜ਼ੇ: ਲੰਬੀ ਹਲਕੇ 'ਚ ਮੀਂਹ ਨੇ 41 ਹਜ਼ਾਰ ਏਕੜ ਫ਼ਸਲਾਂ ਦੀ ਪੋਚੀ ਫੱਟੀ

ਵੇਰਵਿਆਂ ਮੁਤਾਬਕ ਸਰਾਵਾਂ ਜੈਲ 'ਚ ਕਰੀਬ 34 ਹਜ਼ਾਰ ਏਕੜ ਰਕਬੇ ਦੀ ਫ਼ਸਲ ਪਾਣੀਆਂ ਦੇ ਹੇਠਾਂ ਲੁਕੀ

- ਪੰਨੀ ਫੱਤਾ ਤੇ ਮਿੱਡਾ ਦਾ ਸੌ ਫ਼ੀਸਦੀ ਖੇਤੀ ਰਕਬਾ ਖਰਾਬੇ ਦੀ ਮਾਰ ਹੇਠਾਂ

- ਡੀ.ਸੀ. ਮੁਕਤਸਰ ਵੱਲੋਂ ਮੀਂਹ ਪ੍ਰਭਾਵਿਤ ਕਈ ਪਿੰਡਾਂ ਦਾ ਦੌਰਾ



ਇਕਬਾਲ ਸਿੰਘ ਸ਼ਾਂਤ

ਲੰਬੀ: ਵਰ੍ਹਿਆਂ ਤੋਂ ਸੇਮ ਦੇ ਝੰਬੇ ਹੋਏ ਲੰਬੀ ਹਲਕੇ ਦੀ ਕਿਰਸਾਨੀ ਦੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਤ੍ਰਾਹ ਕੱਢ ਦਿੱਤੇ ਹਨ। ਮੀਂਹ ਕਾਰਨ ਪ੍ਰਸ਼ਾਸਨ ਦੇ ਫੋਕੇ ਉਪਰਾਲਿਆਂ ਵਿਚਕਾਰ ਦਰਜਨਾਂ ਪਿੰਡ ਹੜ੍ਹਾਂ ਦੀ ਸਥਿਤੀ 'ਚ ਘਿਰੇ ਹੋਏ ਹਨ। ਹਲਕੇ 'ਚ ਮੀਂਹ ਨਾਲ ਘਿਰੀਆਂ ਜ਼ਮੀਨੀ ਬਾਰੇ ਮੁੱਢਲੇ ਮਾਲ ਅਤੇ ਖੇਤੀ ਸੂਤਰਾਂ ਦੇ ਅੰਕੜਿਆਂ ਮੁਤਾਬਕ ਹਲਕੇ ਦਾ ਕਰੀਬ 41 ਹਜ਼ਾਰ ਏਕੜ ਰਕਬੇ 'ਚ ਖੜ੍ਹੀ ਮੀਂਹਾਂ ਦੇ ਪਾਣੀ ਹੇਠਾਂ ਲੁਕੀ ਹੋਈ ਹੈ।

ਲੋਟ ਮਾਲ ਖੇਤਰ ਅਧੀਨ 145851 ਰਕਬੇ 'ਚੋਂ ਮੁੱਢਲੇ ਸਰਕਾਰੀ ਸਰਵੇ ਮੁਤਾਬਕ 66070 ਏਕੜ ਰਕਬਾ ਖ਼ਰਾਬੇ ਦੇ ਅਧੀਨ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਲਕੇ ਦੀ ਸਰਾਵਾਂ ਜੈਲ ਦੇ ਪਿੰਡਾਂ ਵਿੱਚ ਕਰੀਬ 34 ਹਜ਼ਾਰ ਏਕੜ ਰਕਬਾ 80 ਤੋਂ 100 ਫ਼ੀਸਦੀ ਨੁਕਸਾਨ ਵਿੱਚ ਹੈ। ਖੇਤੀਬਾੜੀ ਸੂਤਰਾਂ ਮੁਤਾਬਕ ਲੰਬੀ ਬਲਾਕ ਦੀ ਖੇਤੀ ਬੈਲਟ 'ਚ ਤੱਪਾਖੇੜਾ, ਆਧਨੀਆਂ, ਦਿਉਣਖੇੜਾ, ਫਤਿਹਪੁਰ ਮਨੀਆਂਵਾਲਾ, ਥਰਾਜਵਾਲਾ ਆਦਿ ਦਾ ਸੱਤ ਹਜ਼ਾਰ ਏਕੜ ਰਕਬਾ ਮੀਂਹਾਂ ਨੇ ਲਗਪਗ ਬਰਬਾਦ ਕਰ ਦਿੱਤਾ ਹੈ। ਜਿਸਦੇ ਟਾਂਵੇਂ-ਟਾਂਵੇਂ ਬਚਣ ਦੇ ਆਸਾਰ ਆਗਾਮੀ ਮੌਸਮ 'ਤੇ ਨਿਰਭਰ ਹਨ।

ਮਾਲ ਵਿਭਾਗ ਲੰਬੀ ਵੱਲੋਂ ਸਰਕਾਰ ਨੂੰ ਭੇਰੇ ਨੁਕਸਾਨ ਦੇ ਮੁੱਢਲੇ ਅੰਦਾਜ਼ਿਆਂ ਮੁਤਾਬਕ ਬਲਾਕ ਦੇ ਸਿਰਫ਼ ਦੋ ਪਿੰਡ ਤੱਪਾਖੇੜਾ 'ਚ 1880 ਏਕੜ ਤੇ ਦਿਉਣਖੇੜਾ 'ਚ 1240 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।

ਸ਼ੁਰੂਆਤੀ ਤੌਰ 'ਤੇ ਪ੍ਰਭਾਵਤ ਮਕਾਨਾਂ ਦੀ ਗਿਣਤੀ 335 ਹੈ। ਹਲਕੇ ਵਿੱਚ ਸੇਮ ਨਾਲਿਆਂ ਦੀ ਗਲਤ ਬਣਤਰ ਨੇ ਸਰਾਵਾਂ ਜੈਲ ਦੀ ਕਿਰਸਾਨੀ ਨੂੰ ਡੁਬੋ ਕੇ ਰੱਖਿਆ ਹੋਇਆ ਹੈ।


ਪਿੰਡ ਪੰਨੀਵਾਲਾ ਫੱਤਾ ਦਾ ਸੌ ਫ਼ੀਸਦੀ ਰਕਬਾ 22 ਸੌ ਏਕੜ ਅਤੇ 3250 ਏਕੜ ਰਕਬੇ ਵਾਲੇ ਪਿੰਡ ਮਿੱਡਾ ਦਾ ਸੌ ਫ਼ੀਸਦੀ ਰਕਬਾ ਖਰਾਬੇ ਦੀ ਮਾਰ ਹੇਠ ਹੈ। ਪਿੰਡ ਮੋਹਲਾਂ,ਰਾਣੀਵਾਲਾ ਅਤੇ ਰੱਤਾਟਿੱਬਾ ਦੇ ਕੁੱਲ ਰਕਬੇ ਵਿੱਚ ਕਰੀਬ 80 ਤੋਂ 90 ਫ਼ੀਸਦੀ ਰਕਬੇ 'ਚ ਕਈ-ਕਈ ਫੁੱਟ ਪਾਣੀ ਖੜ੍ਹਾ ਹੈ।

ਪਿੰਡ ਆਲਮ ਵਾਲਾ 'ਚ 1700 ਏਕੜ, ਰੱਤਾਖੇੜਾ 'ਚ 12 ਸੌ ਏਕੜ, ਬੋਦੀਵਾਲਾ ਖੜਕ ਸਿੰਘ 'ਚ 17 ਸੌ, ਅਸਪਾਲ ਅਤੇ ਸਰਾਵਾਂ ਬੋਦਲਾ 15-15 ਸੌ ਏਕੜ, ਮਿੱਡਾ 'ਚ 3250 ਏਕੜ, ਪੱਕੀ ਟਿੱਬੀ 'ਚ 13 ਸੌ, ਮੋਹਲਾਂ 'ਚ 27 ਸੌ ਏਕੜ, ਰੱਤਾ ਟਿੱਬਾ 'ਚ 2180, ਰਾਣੀਵਾਲਾ 'ਚ 2873 ਏਕੜ, ਕਰਮ ਪੱਟੀ 'ਚ 14 ਸੌ ਏਕੜ, ਕੋਲਿਆਂਵਾਲੀ 'ਚ ਇੱਕ ਹਜ਼ਾਰ ਏਕੜ, ਛਾਪਿਆਂਵਾਲੀ 'ਚ ਪੰਜ ਸੋ ਏਕੜ, ਬੁਰਜ ਸਿੰਧਵਾਂ' ਚ 25 ਸੌ ਏਕੜ, ਡੱਬਵਾਲੀ ਢਾਬ 'ਚ ਇੱਕ ਹਜ਼ਾਰ ਅਤੇ ਸ਼ਾਮਖੇੜਾ 'ਚ 15 ਸੌ ਏਕੜ ਅਤੇ ਮਾਹਣੀਖੇੜਾ 'ਚ ਅੱਠ ਸੌ ਏਕੜ 'ਚ ਫ਼ਸਲ ਖ਼ਰਾਬ ਹੋ ਚੁੱਕੀ ਹੈ।

ਪੱਕੀ ਟਿੱਬੀ 'ਚ ਸੇਮਨਾਲੇ ਦੀ ਪਟੜੀ ਤੋਂ ਖੁਰਚੀ ਹੋਈ ਮਿੱਟੀ ਕਰਕੇ ਕਮਜ਼ੋਰ ਸਥਿਤੀ ਵਿਗੜੀ ਹੋਈ ਹੈ ਅਤੇ ਆਗਾਮੀ ਮੀਂਹਾਂ 'ਚ ਹੋਰ ਖ਼ਤਰਾ ਵਧਣ ਦੇ ਆਸਾਰ ਹਨ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਤੱਪਾਖੇੜਾ ਸਮੇਤ ਹਲਕੇ ਦੇ ਕਈ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

ਤੱਪਾਖੇੜਾ ਦੇ ਨੀਟੂ ਨੇ ਦੋਸ਼ ਲਗਾਇਆ ਕਿ ਸੁੱਚਜੀ ਨਿਕਾਸੀ ਨਾ ਹੋਣ ਕਰਕੇ ਪਿੰਡ 'ਚ ਬਾਹਰੀ ਪਾਣੀ ਦਾ ਦਬਾਅ ਵਧ ਰਿਹਾ ਹੈ। ਪ੍ਰਸ਼ਾਸਨੀ ਅਮਲਾ ਸਿਰਫ਼ ਛੱਪੜ 'ਤੇ ਗੇੜਾ ਮਾਰ ਕੇ ਚਲਾ ਗਿਆ। ਜਦਕਿ ਮਾਹੂਆਣਾ ਵਾਲੇ ਪਾਸਿਓਂ ਆਉਂਦੇ ਪਾਣੀਆਂ ਕਾਰਨ ਸਭ ਤੋਂ ਖ਼ਤਰੇ ਨਾਲ ਜੂਝ ਰਹੇ ਬਾਹਰੀ ਮਕਾਨਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਿਆ।

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦਾ ਪੱਖ ਲੈਣ ਖਾਤਰ ਕੋਈ ਫੋਨ ਕੀਤੇ ਗਏ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। ਲੰਬੀ ਦੇ ਨਾਇਬ ਤਹਿਸੀਲਦਾਰ ਭੋਲਾ ਰਾਮ ਨੇ ਕਿਹਾ ਕਿ ਤੱਪਾਖੇੜਾ 'ਚ ਰਾਹਤ ਕਾਰਜ ਜਾਰੀ ਹਨ। -93178-26100

06 July 2022

ਮੀਡੀਆ ਸਟਿੰਗ: ਮੁਕਤਸਰ ਪੁਲਿਸ ਲਾਈਨ 'ਚ ਸਿਖਲਾਈ ਸਰਟੀਫਿਕੇਟ ਲਈ ਬਿਨਾਂ ਰਸੀਦ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ



ਇਕਬਾਲ ਸਿੰਘ ਸ਼ਾਂਤ

 ਸ੍ਰੀ ਮੁਕਤਸਰ ਸਾਹਿਬ/ਲੰਬੀ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਲਾਈਨ 'ਚ ਸੂਬੇ ਵਿਚਲਾ ਅਸਲੀ 'ਬਦਲਾਅ' ਖੁੱਲ੍ਹੇਆਮ ਰੰਗ ਵਿਖਾ ਰਿਹਾ ਹੈ। ਪੁਲਿਸ ਲਾਈਨ 'ਚ ਅਸਲਾ ਨਵੀਨੀਕਰਨ (ਰਿਨਿਊਲ) ਲਈ ਰਾਈਫ਼ਲ ਵੈਲਫੇਅਰ ਟ੍ਰੇਨਿੰਗ ਸੈਂਟਰ ਦੇ ਸਰਟੀਫਿਕੇਟ ਲਈ ਹਜ਼ਾਰਾਂ ਰੁਪਏ ਵਸੂਲੇ ਜਾ ਰਹੇ ਹਨ। ਮਹਿੰਗੀ ਸਰਟੀਫਿਕੇਟ ਫੀਸ ਅਤੇ ਉੱਪਰੋਂ ਰਸੀਦ ਵੀ ਨਾ ਦੇਣ 'ਤੇ ਅਸਲਾ ਧਾਰਕਾਂ 'ਚ ਭਾਰੀ ਰੋਸ ਹੈ। ਇਸ ਨਾਲ ਜਨਤਾ 'ਚ ਭਗਵੰਤ ਮਾਨ ਸਰਕਾਰ ਦੀ ਬਦਲਾਅ ਨੀਤੀ ਦੇ ਉਲਟ 'ਸਾਖ਼' ਸਾਹਮਣੇ ਆ ਰਹੀ ਹੈ।

ਰਿਵਾਲਵਰ/ਪਿਸਟਲ ਲਾਇਸੰਸ ਦੇ ਨਵੀਨੀਕਰਨ ਲਈ ਦੋ ਹਜ਼ਾਰ ਰੁਪਏ ਤੇ ਬੰਦੂਕ ਲਈ ਅਸਲਾ ਧਾਰਕਾਂ ਤੋਂ ਇੱਕ ਹਜ਼ਾਰ ਲਏ ਜਾ ਰਹੇ ਹਨ। ਜਦਕਿ ਸਾਂਝ ਕੇਂਦਰਾਂ 'ਤੇ ਅਸਲਾ ਨਵੀਨੀਕਰਨ ਦੀ ਸਰਕਾਰੀ ਫੀਸ ਕਰੀਬ 4 ਹਜ਼ਾਰ ਰੁਪਏ ਇਸਤੋਂ ਵੱਖਰੀ ਹੈ। ਜ਼ਿਲ੍ਹੇ 'ਚ ਥਾਣਾ ਲੰਬੀ ਤਹਿਤ 'ਚ ਕਰੀਬ ਪੰਜ ਹਜ਼ਾਰ ਅਸਲਾ ਲਾਇਸੰਸ ਹਨ। ਖੇਤਰ ਵਿੱਚੋਂ ਬਿਨ੍ਹਾਂ ਰਸੀਦ ਰਕਮ ਵਸੂਲੀ ਬਾਰੇ ਜਨਤਕ ਸੂਚਨਾਵਾਂ 'ਤੇ ਇਸ ਪ੍ਰਤੀਨਿਧ ਨੇ ਪੁਲਿਸ ਲਾਈਨ ਪੁੱਜ ਕੇ ਬਿਨ੍ਹਾਂ ਰਸੀਦ ਤੋਂ ਹਜ਼ਾਰਾਂ ਰੁਪਏ ਦੀ ਵਸੂਲੀ ਨੂੰ ਅੱਖੀਂ ਵਾਚਿਆ ਅਤੇ ਮੌਕੇ ਦੇ ਵੀਡੀਓ ਤੱਥ ਜੁਟਾਏ। ਰੇਂਜ ਆਰਮੋਰ ਬਰਾਂਚ ਵਿਖੇ ਤਿੰਨ ਦਿਨਾਂ ਵਾਲੀ ਅਸਲਾ ਸਿਖਲਾਈ ਕਰੀਬ ਸਵਾ ਤਿੰਨ ਮਿੰਟਾਂ 'ਚ ਨਿਪਟਾਈ ਜਾ ਰਹੀ ਹੈ।

ਹਕੀਕਤ ਵਿੱਚ ਅਸਲਾ ਨਵੀਨੀਕਰਨ ਦੇ ਨਾਂਅ 'ਤੇ ਪੁਲਿਸ ਲਾਈਨ 'ਚ ਅਸਲੇ ਜਿਹੇ ਗੰਭੀਰ ਮਸਲੇ 'ਤੇ ਸਿਖਲਾਈ ਦੇ ਨਾਂਅ 'ਤੇ ਸਿੱਧਾ ਖਿਲਵਾੜ ਹੋ ਰਿਹਾ ਹੈ। ਅਸਲਾ ਨਵੀਨੀਕਰਨ 'ਚ ਬੇਹੱਦ ਮਹਿੰਗੀ ਅਤੇ 'ਫੋਕੀ' ਸਿਖਲਾਈ ਭਗਵੰਤ ਮਾਨ ਸਰਕਾਰ ਲਈ ਬਦਨਾਮੀ ਦਾ ਦਾਗ ਬਣ ਰਹੇ ਹਨ। ਸੰਗੀਨਾਂ ਦੇ ਸ਼ੌਕੀਨ ਅਸਲਾ ਧਾਰਕ ਕਿਸੇ ਨਵੇਂ ਪੰਗੇ 'ਚ ਪੈਣ ਦੀ ਜਗ੍ਹਾ ਦੁੱਖੀ ਮਨ ਨਾਲ ਹਜ਼ਾਰਾਂ ਰੁਪਏ ਦੀ ਕਥਿਤ ਚੱਟੀ ਭੁਗਤ ਰਹੇ ਹਨ। ਆਰਥਿਕਤਾ ਨਾਲ ਜੁੜਿਆ ਅਸਲਾ ਨਵੀਨੀਕਰਨ ਲਈ ਇਹ ਫੰਡਾ ਪਿੱਛੇ ਜਿਹੇ ਸ਼ੁਰੂ ਹੋਇਆ ਹੈ। ਸੂਤਰਾਂ ਮੁਤਾਬਕ ਹੁਣ ਪੁਲਿਸ ਲਾਈਨ ਤੋਂ ਨੇੜਲੀ ਨਵੀਨੀਕਰਨ ਤਰੀਕ ਵਾਲੇ ਅਸਲਾ ਧਾਰਕਾਂ ਨੂੰ ਸਿੱਧਾ ਸੱਦਿਆ ਜਾ ਰਿਹਾ ਹੈ, ਤਾਂ ਜੋ ਕਥਿਤ 'ਬਿਨ੍ਹਾਂ ਰਸੀਦ' ਵਾਲੇ ਸਰਟੀਫਿਕੇਟ ਵੱਧ ਤੋਂ ਵੱਧ ਜਾਰੀ ਹੋ ਸਕਣ।

ਲਾਇਸੰਸ ਨਵੀਨੀਕਰਨ ਲਈ ਸਿਖਲਾਈ ਸਰਟੀਫਿਕੇਟ ਲੈਣ ਪੁੱਜੇ ਕਿੱਲਿਆਂਵਾਲੀ ਵਾਸੀ ਲਖਵਿੰਦਰ ਸਿੰਘ ਨੇ ਕਿਹਾ ਕਿ ਉਸਤੋਂ ਪੁਲੀਸ ਲਾਈਨ 'ਚ ਰਾਇਫ਼ਲ ਤੇ ਰਿਵਾਲਵਰ ਲਾਇਸੰਸ ਖਾਤਰ ਸਿਖਲਾਈ ਸਰਟੀਫਿਕੇਟ ਲਈ ਮੌਜੂਦ ਅਮਲੇ ਨੇ ਤਿੰਨ ਹਜ਼ਾਰ ਰੁਪਏ ਲਏ, ਪਰ ਮੰਗਣ 'ਤੇ ਵੀ ਰਸੀਦ ਨਹੀਂ ਦਿੱਤੀ। ਉਸਨੂੰ ਕਿਹਾ ਕਿ ਰਸੀਦ ਤੁਹਾਡੇ ਥਾਣੇ ਪਹੁੰਚਾ ਦੇਵਾਂਗੇ।

ਨਛੱਤਰ ਸਿੰਘ ਹਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਵੀ ਸਿਖਲਾਈ ਸਰਟੀਫਿਕੇਟ ਲਈ ਬਿਨ੍ਹਾਂ ਰਸੀਦ ਦੋ ਹਜ਼ਾਰ ਤੇ ਗੁਰਮੀਤ ਸਿੰਘ ਵਾਸੀ ਔਲਖ ਨੇ ਦੋ ਅਸਲਿਆਂ ਲਈ ਬਿਨ੍ਹਾਂ ਰਸੀਦ ਦੇ 3 ਹਜ਼ਾਰ ਰੁਪਏ ਵਸੂਲੇ ਜਾਣ ਦੀ ਗੱਲ ਆਖੀ।

ਮੀਡੀਆ ਨੇ ਪੁਖਤਗੀ ਲਈ ਬਰਾਂਚ ਸੀਟ 'ਤੇ ਮੌਜੂਦ ਹੌਲਦਾਰ ਨੂੰ ਬਿਨ੍ਹਾਂ ਤਿੰਨ ਦਿਨਾਂ ਦੀ ਸਿਖਲਾਈ ਦੇ ਸਰਟੀਫਿਕੇਟ ਅਤੇ ਤਿੰਨ ਹਜ਼ਾਰ ਰੁਪਏ ਵਗੈਰ ਰਸੀਦ ਬਾਰੇ ਪੁੱਛਿਆ ਤਾਂ ਉਨ੍ਹਾਂ ਖਿਝ ਕੇ ਕਿਹਾ ਕਿ 'ਜਾਓ, ਫਿਰ ਉਥੇ ਜਾ ਕੇ ਅਮਰੀਕ ਸਿੰਘ ਤੋਂ ਤਿੰਨ ਦਿਨਾਂ ਦੀ ਸਿਖਲਾਈ ਲੈ ਲਵੋ। ਸਾਨੂੰ ਨਹੀਂ ਕੁੱਝ ਪਤਾ, ਅਫ਼ਸਰਾਂ ਨਾਲ ਗੱਲ ਕਰੋ।' ਕਿਹਾ ਜਾ ਰਿਹਾ ਕਿ ਨਵੀਨੀਕਰਨ ਸਮੇਂ ਵੀ ਅਸਲਾ ਧਾਰਕ ਨੂੰ ਤਿੰਨਾਂ ਦਿਨਾਂ ਦੀ ਸਿਖਲਾਈ ਦੇਣੀ ਹੁੰਦੀ ਹੈ।

ਪੁਲਿਸ ਦਾ ਪੱਖ ਲੈਣ ਸਮੇਂ ਅਫ਼ਸਰਸ਼ਾਹੀ ਦੀ ਗੱਲਬਾਤ ਵਿੱਚੋਂ ਭਗਵੰਤ ਮਾਨ ਦੀ ਨੀਤੀਆਂ ਵਾਲੀ ਸਪੱਸ਼ਟਤਾ/ਪਾਰਦਰਸ਼ਿਤਾ ਕਿਧਰੇ ਨਜ਼ਰ ਨਹੀਂ ਆਈ। ਪੁਲਿਸ ਲਾਈਨ 'ਚ ਸਿਖਲਾਈ ਦੇਣ ਵਾਲੀ ਰੇਂਜ ਆਰਮੋਰ ਬਰਾਂਚ ਦੇ ਮੁਖੀ ਏ.ਐਸ.ਆਈ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੀ ਕਰੀਏ ਲੋਕ ਕਾਹਲੀ ਕਰਦੇ ਹਨ। ਪੱਤਰ ਤਾਂ ਤਿੰਨਾਂ ਦਿਨਾਂ ਸਿਖਲਾਈ ਦਾ ਆਇਆ ਹੋਇਆ ਹੈ।

ਬਰਾਂਚ ਮੁਖੀ ਕਰਮਜੀਤ ਨੇ ਕਿਹਾ ਕਿ ਐਚ.ਡੀ.ਐਫ਼.ਸੀ ਬੈਂਕ 'ਚ ਖਾਤਾ ਖੁਲ੍ਹਵਾਇਆ ਹੈ ਤੇ ਰਸੀਦ ਵੀ ਦਿੰਦੇ ਹਾਂ। ਐਸ.ਪੀ (ਐਚ) ਜਗਦੀਸ਼ ਬਿਸ਼ਨੋਈ ਨੂੰ ਪੱਖ ਲਈ ਕਾਲ ਕੀਤੀ ਤਾਂ ਉਹ ਅੱਧਵਿਚਕਾਰ ਫੋਨ ਕਾਲ ਕੱਟ ਗਏ ਅਤੇ ਮੁੜ ਕਾਲ ਰਸੀਵ ਨਹੀਂ ਕੀਤੀ। ਪੁਲਿਸ ਸੀ.ਪੀ.ਆਰ.ਸੀ. ਬਰਾਂਚ ਦੇ ਮੁਖੀ ਇੰਸਪੈਕਟਰ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ ਉਹ ਛੁੱਟੀ 'ਤੇ ਹਨ। ਉਨ੍ਹਾਂ ਇੱਕ ਹੋਰ ਮੁਲਾਜਮ ਅੰਮ੍ਰਿਤ ਨਾਲ ਰਾਬਤਾ ਕਰਨ ਨੂੰ ਆਖਿਆ। ਅੰਮ੍ਰਿਤ ਨੇ ਮੁੜ ਸਰਟੀਫਿਕੇਟ ਬਰਾਂਚ ਦਾ ਰਾਹ ਵਿਖਾ ਦਿੱਤਾ।

ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਨਿੰਬਲੇ ਨੇ ਫੋਨ ਕਾਲ 'ਤੇ ਗੱਲ ਕਰਨ ਦੀ ਬਜਾਇ ਵੱਟਸਐਪ ਚੈਟ 'ਤੇ ਦਿੱਤੇ ਪੱਖ 'ਚ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਤੁਸੀਂ ਸਬੂਤ ਭੇਜ ਦਿਓ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਅਤੇ ਅਸਲਾ ਸਿਖਲਾਈ ਅਤੇ ਸਰਟੀਫਿਕੇਟ ਬਰਾਂਚ ਇਹ ਸਾਰੇ ਹੀ ਪੁਲਿਸ ਲਾਈਨ ਅੰਦਰ ਸਥਿਤ ਹਨ।