30 October 2011

ਕੈਂਸਰ ਰਾਹਤ ਫੰਡ ਸਿਰਫ਼ ਸਰਕਾਰੀ ਤਕਰੀਰਾਂ 'ਚ ਸਿਆਸੀ ਫਿਜ਼ਾ ਦਾ ਸ਼ਿੰਗਾਰ


                  -ਬਹੁਗਿਣਤੀ ਕੈਂਸਰ ਪੀੜਤ ਮਰੀਜ ਮਾਲੀ ਮੱਦਦ ਤੋਂ ਵਾਂਝੇ-
                                                       ਇਕਬਾਲ ਸਿੰਘ ਸ਼ਾਂਤ
           ਲੰਬੀ-ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਲਈ 20 ਕਰੋੜ ਰੁਪਏ ਨਾਲ ਕਾਇਮ ਕੀਤਾ ਗਿਆ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਿਰਫ਼ ਸਰਕਾਰੀ ਸਟੇਜਾਂ ਤੋਂ ਤਕਰੀਰਾਂ ਰਾਹੀਂ ਸੂਬੇ ਦੀ ਸਿਆਸੀ ਫਿਜ਼ਾ ਦਾ ਸ਼ਿੰਗਾਰ ਬਣ ਰਿਹਾ ਹੈ, ਪਰ ਸੂਬੇ ਦੇ ਬਹੁਗਿਣਤੀ ਕੈਂਸਰ ਪੀੜਤ ਮਰੀਜ ਅੱਜ ਵੀ ਮਾਲੀ ਮੱਦਦ ਤੋਂ ਵਾਂਝੇ ਹਨ।
           ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੜੀ ਸੁਹਿਰਦਤਾ ਨਾਲ ਆਰੰਭੀ ਗਈ ਇਹ ਸਕੀਮ ਦਾ ਕੌੜਾ ਸੱਚ ਹੈ ਕਿ ਕੈਂਸਰ ਦੀ ਬੀਮਾਰੀ ਕਰਕੇ ਤਿੱਲ-ਤਿੱਲ ਮੌਤ ਵੱਲ ਵਧ ਰਹੇ ਮਰੀਜ ਪੰਜਾਬ ਸਰਕਾਰ ਅਤੇ ਕੈਂਸਰ ਦੇ ਹਸਪਤਾਲਾਂ ਦੀ ਲਾਲਫੀਤਾਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ। ਕਿਉਂਕਿ ਜਿੱਥੇ ਕੈਂਸਰ ਦੇ ਬੀਕਾਨੇਰ ਜਿਹੇ ਨਾਮੀ ਹਸਪਤਾਲਾਂ ਦੇ ਡਾਕਟਰ ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜਾਂ ਲਈ ਜਾਰੀ ਫਾਰਮ ਨੂੰ ਮਨਜੂਰ ਨਹੀਂ ਕਰਦੇ, ਦੂਜੇ ਪਾਸੇ ਪੰਜਾਬ ਸਰਕਾਰ ਦਾ ਸੁਸਤ ਅਤੇ ਨਲਾਇਕ ਢਾਂਚਾ ਉਨ੍ਹਾਂ ਡਾਕਟਰਾਂ ਵੱਲੋਂ ਆਪਣੇ ਫਾਰਮਾਂ 'ਤੇ ਬਣਾਏ ਇਲਾਜ ਅੰਦਾਜ਼ਾ ਰਾਸ਼ੀ (ਐਸਟੀਮੇਟ) ਨੂੰ ਮੰਨਣ  ਨੂੰ ਤਿਆਰ ਨਹੀਂ।
              ਜਿਸਦਾ ਪ੍ਰਤੱਖ ਨਜ਼ਾਰਾ ਅੱਜ ਮੁੱਖ ਮੰਤਰੀ ਦੇ ਜੱਦੀ ਪਿੰਡ ਬਾਦਲ ਵਿਖੇ ਕੈਂਸਰ ਦੀ ਬੀਮਾਰੀ ਨੂੰ ਮੁੱਢਲੇ ਪੜਾਅ 'ਤੇ ਪਹਿਚਾਣਨ ਦੇ ਉਦੇਸ਼ ਨਾਲ 28 ਅਕਤੂਬਰ ਨੂੰ ਲਾਏ ਕੈਂਪ ਵਿਚ ਵੇਖਣ ਨੂੰ ਮਿਲਿਆ। ਜਿੱਥੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕੈਂਸਰ ਦੇ ਮਰੀਜ ਇਲਾਜ ਨਾਲੋਂ ਜ਼ਿਆਦਾ ਸਰਕਾਰੀ ਮਾਲੀ ਮੱਦਦ ਦੇ ਫਾਰਮ ਜਮ੍ਹਾ ਕਰਵਾਉਣ ਲਈ ਇਸ ਉਮੀਦ ਨਾਲ ਪੁੱਜੇ ਹੋਏ ਸਨ ਕਿ ਸ਼ਾਇਦ ਪਿੰਡ ਬਾਦਲ ਦੀ ਜੂਹ ਵਿਚ ਉਨ੍ਹਾਂ ਦੀ ਸੁਣਵਾਈ ਹੋ ਜਾਵੇ।
            ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਕੱਲ੍ਹ ਐਤਵਾਰ ਨੂੰ ਕੈਂਸਰ ਕੈਂਪ ਲੱਗਣ ਬਾਰੇ ਵੱਡੇ-ਵੱਡੇ ਅਖ਼ਬਾਰੀ ਇਸ਼ਤਿਹਾਰ ਪੜ੍ਹ ਕੇ ਪਹੁੰਚੇ ਕੈਂਸਰ ਦੇ ਮਾਰੇ ਲੋਕਾਂ ਦੀ ਅੱਖਾਂ ਵਿਚ ਜਿੱਥੇ ਸਰਕਾਰ ਪ੍ਰਤੀ ਰੋਸਾ ਸਪੱਸ਼ਟ ਝਲਕ ਰਿਹਾ ਸੀ, ਉਥੇ ਖੁੱਲ੍ਹੇ ਸ਼ਬਦਾਂ ਵਿਚ ਇਸ ਕੈਂਸਰ ਚੈੱਕਅਪ ਕੈਂਪ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਨੂੰ ਮਹਿਜ਼ ਸਿਆਸੀ ਛਲਾਵਾ ਕਰਾਰ ਦਿੱਤਾ।
ਗਿੱਦੜਬਾਹਾ ਸਰਵਾਇਕਲ ਕੈਂਸਰ ਨਾਲ ਪੀੜਤ ਪਤਨੀ ਕਾਂਤਾ ਰਾਣੀ ਨੂੰ ਵਿਖਾਉਣ ਲਈ ਕੈਂਪ ਵਿਚ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਨੀ ਨੂੰ ਕੈਂਸਰ ਹੋਣ 13 ਅਪਰੈਲ ਨੂੰ ਖੁਲਾਸਾ ਹੋਇਆ ਸੀ। ਮੌਜੂਦਾ ਸਮੇਂ 'ਚ ਪੀ.ਜੀ.ਆਈ. ਚੰਡੀਗੜ੍ਹ ਤੋਂ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਬਹੁਤ ਮਹਿੰਗਾ ਹੈ। ਉਨ੍ਹਾਂ ਕਿਹਾ ਕਿ ਲਗਪਗ ਚਾਰ ਮਹੀਨੇ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਬਾਦਲ ਦੇ ਗਿੱਦੜਬਾਹਾ ਵਿਖੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਦੇ ਸਨਮੁੱਖ ਪੇਸ਼ ਹੋਣ ਉਪਰੰਤ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੀ.ਜੀ.ਆਈ. ਤੋਂ ਐਸਟੀਮੇਟ ਬਣਵਾ ਕੇ ਲਿਆਉਣ ਲਈ ਕਿਹਾ ਪਰ ਉਥੋਂ ਦੇ ਡਾਕਟਰ ਐਸਟੀਮੇਟ ਬਣਾਉਣ ਤੋਂ ਇਨਕਾਰੀ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਇਲਾਜ 'ਤੇ 4-5 ਲੱਖ ਰੁਪਏ ਖਰਚ ਕਰ ਚੁੱਕਾ ਹੈ ਪਰ ਬਹੁਕਰੋੜੀ ਕੈਂਸਰ ਫੰਡ ਵਿਚੋਂ ਮੱਦਦ ਦੇ ਨਾਂਅ 'ਤੇ ਦਫ਼ਤਰਾਂ ਦੇ ਧੱਕਿਆਂ ਅਤੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਕੁਝ ਪੱਲੇ ਨਹੀਂ ਪਿਆ।
           ਕੁਝ ਅਜਿਹਾ ਹੀ ਹਾਲ ਗਿੱਦੜਬਾਹਾ ਵਿਖੇ ਸੁਨਿਆਰੇ ਦੇ ਕੰਮ ਨਾਲ ਜੁੜੇ ਬਲਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੀ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹਨ। ਉਸਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਐਸਟੀਮੇਟ ਨਾ ਲਿਖ ਕੇ ਦੇਣ ਕਰਕੇ ਉਸਨੇ ਸਰਕਾਰੀ ਮੱਦਦ ਤੋਂ ਪਹਿਲਿਆਂ ਹੀ ਤੌਬਾ ਕਰ ਲਈ ਅਤੇ ਹੁਣ ਆਪਣੇ ਪੱਲਿਓਂ ਜਾਂ ਰਿਸ਼ਤੇਦਾਰਾਂ ਦੀ ਮੱਦਦ ਨਾਲ 20-20 ਹਜ਼ਾਰ ਰੁਪਏ ਦੇ ਕੀਮੋ ਦੇ ਟੀਕੇ ਲਗਵਾ ਕੇ ਪਤਨੀ ਦਾ ਇਲਾਜ ਕਰ ਵਾ ਰਿਹਾ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦਾ ਖੇਤ ਮਜ਼ਦੂਰ ਬੁੱਧ ਰਾਮ, ਜੋ ਕਿ ਗਲੇ ਦੇ ਕੈਂਸਰ ਤੋਂ ਪੀੜਤ ਹਨ। ਉਸਦੀ ਪਤਨੀ ਨੇ ਜਗਮੇਘ ਕੌਰ ਨੇ ਦੱਸਿਆ ਕਿ ਉਸਦੇ ਘਰਵਾਲੇ ਦਾ ਬੀਕਾਨੇਰ ਤੋਂ ਇਲਾਜ ਚੱਲ ਰਿਹਾ ਹੈ। ਪਰ ਡਾਕਟਰ ਵੱਲੋਂ 70 ਹਜ਼ਾਰ ਰੁਪਏ ਦੇ ਐਸਟੀਮੇਟ ਦੇਣ ਦੇ ਬਾਵਜੂਦ ਥਾਂ-ਥਾਂ ਧੱਕੇ ਖਾਣ ਉਪਰੰਤ ਵੀ ਉਨ੍ਹਾਂ ਨੂੰ ਕੈਂਸਰ ਮਰੀਜਾਂ ਵਾਲੀ ਮੱਦਦ ਨਹੀਂ ਮਿਲ ਸਕੀ। ਉਸਨੇ ਦੱਸਿਆ ਗੁਜਾਰਾ ਤਾਂ ਪਹਿਲਾਂ ਹੀ ਔਖਾ ਸੀ ਤੇ ਹੁਣ ਬੀਮਾਰੀ ਨੇ ਜਿਉਂਦੀ ਜੀਅ ਮਾਰ ਘੱਤਿਆ ਹੈ।
              ਇਸੇ ਤਰ੍ਹਾਂ ਕੈਂਪ ਵਿਚ ਪਹੁੰਚੇ ਲੰਬੀ ਹਲਕੇ ਦੇ ਪਿੰਡ ਮਾਨ ਦੇ ਕਿਸਾਨ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਪੰਜ ਸਾਲ ਪਹਿਲਾਂ ਛਾਤੀ ਦਾ ਕੈਂਸਰ ਹੋਇਆ ਸੀ ਤੇ ਛਾਤੀ ਕਟਵਾ ਦਿੱਤੀ ਪਰ ਹੁਣ ਕੈਂਸਰ ਨੇ ਮੁੜ ਪੈਰ ਪਸਾਰ ਕੇ ਉਸਦੀ ਪਤਨੀ ਦੇ ਫੇਫੜਿਆਂ ਅਤੇ ਲੀਡਰ 'ਤੇ ਹਮਲਾ ਬੋਲ ਦਿੱਤਾ ਹੈ। ਜ਼ਿੰਦਗੀ ਦੀਆਂ ਡੂੰਘੀਆਂ ਉਦਾਸੀਆਂ ਵਿਚੋਂ ਲੰਘ ਰਹੇ ਹਰਕੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਾਈਲ ਭਰਨ ਦੇ ਬਾਵਜੂਦ ਕੋਈ ਕੈਂਸਰ ਰਾਹਤ ਮੱਦਦ ਹਾਸਲ ਹੋ ਸਕੀ।
             ਇੱਕ ਮਰੀਜ ਨਾਲ ਪੁੱਜੇ ਮਹਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਕੈਂਸਰ ਰਾਹਤ ਫੰਡ ਤਾਂ ਵਿਧਾਨਸਭਾ ਚੋਣਾਂ ਵਿਚ ਸਰਕਾਰ ਵੱਲੋਂ ਆਪਣੀ ਕੁਰਸੀ ਨੂੰ ਦੁਹਰਾਉਣ ਲਈ ਪ੍ਰਚਾਰਿਆ ਜਾ ਰਿਹਾ ਜਦਕਿ ਅਸਲ ਵਿਚ ਇਹ ਵੀ ਫੋਕਾ ਸਿਆਸੀ ਨਾਅਰਾ ਬਣ ਕੇ ਰਹਿ ਗਿਆ ਹੈ। ਜਦੋਂ ਕਿ ਕੁਝ ਮਹੀਨੇ ਪਹਿਲਾਂ ਇਹ ਕੈਂਸਰ ਮਰੀਜਾਂ ਲਈ ਜ਼ਿੰਦਗੀ ਦੀ ਚਮਕ ਬਣ ਕੇ ਬਹੁੜਿਆ ਸੀ। ਇਸੇ ਤਰ੍ਹਾਂ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੀ ਜਸਪਾਲ ਕੌਰ ਦੇ ਧੀ ਪਰਮਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦੀ ਮੱਦਦ ਵੀ ਉਨ੍ਹਾਂ ਦੀ ਮਾਂ ਲਈ ਬੇਮਾਇਨੇ ਸਾਬਤ ਹੋ ਰਹੀ ਹੈ। ਬੀਕਾਨੇਰ 'ਚ ਡਾਕਟਰ ਐਸਟੀਮੇਟ ਲਿਖ ਕੇ ਨਹੀਂ ਦਿੰਦੇ ਤੇ ਇਥੋਂ ਦੇ ਹਾਕਮਾਂ ਕੋਲ ਗਰੀਬਾਂ ਦੀ ਸੁਣਨ ਲਈ ਸ਼ਾਇਦ ਸਮਾਂ ਨਹੀਂ।
           ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਕੋਲ ਮਾਮਲਾ ਉਠਾਇਆ ਗਿਆ ਅਤੇ ਉਨ੍ਹਾਂ ਰਵਾਇਤੀ ਸੁਭਾਅ ਵਿਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਪਰ ਵਿਧਾਨਸਭਾ ਚੋਣਾਂ ਕਰਕੇ ਹੋਰ ਵਿਉਂਤਬੰਦੀਆਂ ਕੈਂਸਰ ਪੀੜਤਾਂ ਦਾ ਦੁੱਖ ਦਰਦ ਅਜੇ ਘਟਦਾ ਨਜ਼ਰ ਨਹੀਂ ਆ ਰਿਹਾ। ਮੁਕਸਤਰ ਦੇ ਸਿਵਲ ਸਰਜਨ ਡ: ਗੁਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ 75 ਕੈਂਸਰ ਮਰੀਜਾਂ ਦੇ ਫਾਰਮ ਭਰਵਾਏ ਗਏ ਹਨ। ਜਿਨ੍ਹਾਂ 'ਤੇ ਕਾਰਵਾਈ ਕਰਕੇ ਅਗਾਮੀ ਕਾਰਵਾਈ ਲਈ ਮੁੱਖ ਮੰਤਰੀ ਦਫ਼ਤਰ ਭੇਜਿਆ ਜਾਵੇਗਾ।

              
                 ਕੈਂਸਰ ਚੈੱਕਅਪ ਕੈਂਪ 'ਚ ਮਰੀਜ ਇੱਧਰ-ਉੱਟਕਦੇ ਰਹੇ
-ਡੇਢ ਵਜੇ ਪੰਡਾਲ ਖਾਲੀ ਕਰਕੇ ਚੱਲਦੇ ਬਣੇ ਬਹੁਤੇ ਡਾਕਟਰ
-ਮਰੀਜਾਂ ਨੂੰ ਅਲਟਰਾਸਾਉਂਡ ਲਈ ਮਲੋਟ-ਬਠਿੰਡਾ ਜਾਣਾ ਪਿਆ
ਲੰਬੀ-ਮੁੱਖ ਮੰਤਰੀ ਦੇ ਪਿੰਡ ਬਾਦਲ 'ਚ 28 ਅਕਤੂਬਰ ਨੂੰ  ਲੱਗੇ ਕੈਂਸਰ ਚੈੱਕਅਪ ਕੈਂਪ ਵਿਚ ਮਰੀਜ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਘਾਟ ਕਰਕੇ ਇੱਧਰ-ਉੱਧਰ ਭਟਕਦੇ ਰਹੇ। ਜਦੋਂ ਕਿ ਦੁਪਿਹਰ 3 ਵਜੇ ਤੱਕ ਚੱਲਣ ਵਾਲੇ ਕੈਂਪ 'ਚ ਕੈਂਸਰ ਮਰੀਜਾਂ ਵਾਲੇ ਪੰਡਾਲ ਵਿਚੋਂ ਵਧੇਰੇ ਡਾਕਟਰ  ਡੇਢ ਵਜੇ ਹੀ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਲੈ ਗਏ।
ਸਰਕਾਰ ਵੱਲੋਂ ਖੂਬ ਪ੍ਰਚਾਰੇ ਗਏ ਇਸ ਕੈਂਪ ਵਿਚ ਜਿੱਥੇ 939 ਮਰੀਜ ਪੁੱਜੇ ਪਰ ਕੈਂਸਰ ਦੇ ਮਰੀਜਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਦੇ ਪਿੰਡ ਵੀ ਲਇਆ ਇਹ ਕੈਂਪ ਇੱਕ ਸਧਾਰਨ ਕੈਂਪ ਸਾਬਤ ਹੋਇਆ, ਜਿੱਥੇ ਸਰਕਾਰ ਵੱਲੋਂ ਅਲਟਰਾਸਾਊਂਡ ਦੀ ਸਹੂਲਤ ਵੀ ਮੁਹੱਈਆ ਨਹੀਂ ਕਰਵਾਈ ਗਈ ਤੇ ਕੈਂਸਰ ਦੇ ਕਾਫ਼ੀ ਮਰੀਜ ਡਾਕਟਰਾਂ ਦੇ ਕਹਿਣ ਅਨੁਸਾਰ ਅਲਟਰਾ ਸਾਊਂਡ ਲਈ ਮਲੋਟ ਜਾਂ ਬਠਿੰਡਾ ਜਾਂਦੇ ਵੇਖੇ ਗਏ।
ਸੁਖਜੀਤ ਕੌਰ ਵਾਸੀ ਮਲੋਟ ਨੇ ਦੱਸਿਆ ਕਿ ਬੱਚੇਦਾਨੀ ਵਿਚ ਕੈਂਸਰ ਹੈ। ਉਸਨੇ ਦੱਸਿਆ ਕਿ ਬੱਚੇਦਾਨੀ ਤਾਂ ਕਢਵਾ ਦਿੱਤੀ ਪਰ ਹੁਣ ਲੱਤਾਂ-ਬਾਹਾਂ ਵਿਚ ਬਹੁਤ ਦਰਦ ਹੁੰਦਾ ਹੈ ਅਤੇ ਢੂਈ ਦੁਖਦੀ ਹੈ। ਉਨ੍ਹਾਂ ਕੈਂਪ ਵਿਚ ਬੜੀ ਆਸ ਨਾਲ ਆਏ ਸਨ ਅਤੇ ਪਰ ਇੱਥੋਂ ਡਾਕਟਰਾਂ ਨੇ ਅਲਟਰਾ ਸਾਊਂਡ ਬਾਰੇ ਕਹਿ ਕੇ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਦੇ ਸਿਵਲ ਹਸਪਤਾਲ ਅਲਟਰਾਸਾਊਂਡ ਕਰਵਾਉਣ ਗਏ ਤਾਂ ਉਥੋਂ ਅਲਟਰਾਸਾਊਂਡ 'ਤੇ ਕੋਈ ਕਰਮਚਾਰੀ ਗਾਇਬ ਸੀ। ਇਸੇ ਤਰ੍ਹਾਂ ਬਾਅਦ ਦੁਪਿਹਰ ਲਗਭਗ ਡੇਢ ਵਜੇ ਮੁੜ ਤੋਂ ਕੈਂਪ ਪੁੱਜੇ ਪੱਤਰਕਾਰਾਂ ਨੇ ਵੇਖਿਆ ਤਾਂ ਕੈਂਸਰ ਮਰੀਜਾਂ ਵਾਲੇ ਪੰਡਾਲ ਨੰਬਰ 8 ਵਿਚੋਂ ਡਾਕਟਰ ਗਾਇਬ ਸਨ। ਜਦੋਂ ਕਿ ਮਰੀਜ ਖਾਲੀ ਪੰਡਾਲ ਵੇਖ-ਵੇਖ ਕੇ ਵਾਪਸ ਮੁੜ ਰਹੇ ਸਨ। ਪੱਰਤਾਕਾਰਾਂ ਨੂੰ ਫੋਟੋਆਂ ਖਿੱਚਦੇ ਵੇਖ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਹੋਰ ਡਾਕਟਰ ਨੂੰ ਪੰਡਾਲ 'ਚ ਬਿਠਾਇਆ।
ਮੁਕਤਸਰ ਤੋਂ ਆਏ ਕੈਂਸਰ ਦੇ ਮਰੀਜ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਇੱਥੇ ਚੰਗੇ ਇਲਾਜ ਲਈ ਆਏ ਸਨ ਪਰ ਡਾਕਟਰਾਂ ਨੇ ਪਰਚੀ 'ਤੇ ਲਿਖ ਕੇ ਮੁਕਤਸਰ ਆ ਕੇ ਵਿਖਾਉਣ ਦਾ ਫੁਰਮਾਨ ਸੁਣਾ ਦਿੱਤਾ।
ਇਸੇ ਤਰ੍ਹਾਂ ਪਿੰਡ ਕੱਖਾਂਵਾਲੀ ਦੀਆਂ ਤਿੰਨ ਔਰਤਾਂ ਜਗਦੀਪ ਕੌਰ, ਹਰਬੰਸ ਕੌਰ ਅਤੇ ਅਮਨਦੀਪ ਕੌਰ ਨੇ ਕੈਂਪ ਵਿਖ ਖੱਜਲ ਖੁਆਰੀ ਦੇ ਦੋਸ਼ ਲਾਏ। ਇਸ ਕੈਂਪ ਵਿਚ ਭਾਵੇਂ 939 ਮਰੀਜਾਂ ਦੀ ਜਾਂਚ ਦਾ ਅੰਕੜਾ ਵਿਖਾਇਆ ਗਿਆ ਹੈ  ਪਰ ਮਰੀਜਾਂ ਨਾਲੋਂ ਜ਼ਿਆਦਾ ਨਰਸਾਂ ਅਤੇ ਫਾਰਮਾਸਿਸਟਾਂ ਦੀ ਭੀੜ ਵੱਧ ਵਿਖਾਈ ਗਈ ਸੀ।
ਇਸ ਪੂਰੇ ਕੈਂਪ ਦੌਰਾਨ ਰੋਕੋ ਕੈਂਸਰ ਦੀ ਟੀਮ ਡਾ: ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੜੀ ਤਨਦੇਹੀ ਨਾਲ ਮਰੀਜਾਂ ਦੀ ਜਾਂਚ ਵਿਚ ਲੱਗੀ ਰਹੀ। ਜਿਨ੍ਹਾਂ ਵੱਲੋਂ 31 ਮਰੀਜਾਂ ਦੀ ਮੈਮੋਗ੍ਰਾਫ਼ੀ ਕੀਤੀ ਗਈ। ਜਦੋਂਕਿ ਕੈਂਸਰ ਦੇ 12 ਮਰੀਜਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿਚੋਂ 6 ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ।
ਇਸ ਬਾਰੇ ਸੰਪਰਕ ਕਰਨ 'ਤੇ ਮੁਕਤਸਰ ਦੇ ਸਿਵਲ ਡਾ: ਗੁਰਦੀਪ ਸਿੰੰਘ ਭੁੱਲਰ ਅਨੁਸਾਰ ਕੈਂਪ ਦੇ ਸਮੇਂਂ ਤਿੰਨ ਵਜੇ ਤੱਕ ਡਾਕਟਰ ਡਿਉਟੀ 'ਤੇ ਤਾਇਨਾਤ ਰਹੇ । ਉਨ੍ਹਾਂ ਦੱਸਿਆ ਕਿ ਵੱਖ-ਵੱਖ ਬੀਮਾਰੀਆਂ ਦੇ 939 ਮਰੀਜਾਂ ਨੇ ਜਾਂਚ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਕੈਂਪ ਬੇਹੱਦ ਸਫ਼ਲ ਰਿਹਾ ਅਤੇ 31 ਮਰੀਜਾਂ ਦੀ ਮੈਮੋਗ੍ਰਾਫ਼ੀ ਅਤੇ ਕੈਂਪ 57 ਮਰੀਜਾਂ ਦੀ ਪੈਪ ਸਮੀਅਰ ਕੀਤੀ ਗਈ।



ਅਵਾਮ ਨੂੰ ਬੀਮਾਰੀ ਤੋਂ ਬਚਾਉਣ ਲਈ ਹਰ ਮਨੁੱਖ ਦੀ ਲਾਮਜੀ ਸਿਹਤ ਜਾਂਚ ਤੇ ਸਿਹਤ ਬੀਮਾ ਸਮੇ ਦੀ ਜ਼ਰੂਰਤ : ਬਾਦਲ
ਲੰਬੀ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੋਕੇ ਮਾਹੌਲ ਵਿਚ ਬੀਮਾਰੀਆਂ ਦੇ ਵਧਦੇ ਜਾਲ ਬਾਰੇ ਪੰਜਾਬ ਦੇ ਅਵਾਮ ਨੂੰ ਸਿਹਤ ਪੱਖੋਂ ਸੁਚੇਤ ਕਰਨ ਅਤੇ ਬਚਾਉਣ ਲਈ ਹਰ ਮਨੁੱਖ ਦੀ ਸਮੇਂ-ਸਮੇਂ 'ਤੇ ਲਾਜਮੀ ਡਾਕਟਰੀ ਜਾਂਚ ਅਤੇ ਸਿਹਤ ਬੀਮਾ ਸਮੇਂ ਦੀ ਜ਼ਰੂਰਤ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਪੂਰੀ ਘੋਖ ਉਪਰੰਤ ਕਿਸੇ ਠੋਸ ਨੀਤੀ ਨੂੰ ਅਮਲੀਜਾਮਾ ਪਹਿਨਾਉਣ ਦੀ ਤਜਵੀਜ਼ ਹੈ।
        ਉਹ ਆਪਣੇ ਜੱਦੀ ਪਿੰਡ ਬਾਦਲ ਵਿਖੇ ਕੈਂਸਰ ਦੀ ਮੁੱਢਲੀ ਜਾਂਚ ਅਤੇ ਜਾਗਰੂਕਤਾ ਸਬੰਧੀ ਰਾਜ ਪੱਧਰੀ ਮੁਹਿੰਮ ਤਹਿਤ ਲੱਗੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
          ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਵਿਸ਼ਵ ਵਿਆਪੀ ਹੈ ਅਤੇ ਇਸਦੇ ਫੈਲਣ ਦੇ ਅਸਲ ਕਾਰਨਾਂ ਸਬੰਧੀ ਹਾਲੇ ਵੀ ਖੋਜ ਜਾਰੀ ਹੈ। ਪਰ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਰਾਜ ਸਰਕਾਰ ਹੈ ਜਿਸ ਨੇ ਕੈਂਸਰ ਦੀ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਮਰੀਜਾਂ ਦੀ ਮਾਲੀ ਮਦਦ ਲਈ ਲਈ ਰਾਜ ਵਿਚ 20 ਕਰੋੜ ਰੁਪਏ ਦਾ ਮੁੱਖ ਮੰਤਰੀ ਕੈਂਸਰ ਰਾਹਤ ਫੰਡ  ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਇਸ ਰਾਹਤ ਫੰਡ ਨੂੰ ਵਧਾ ਕੇ 100 ਕਰੋੜ ਰੁਪਏ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੁਕ ਹੋਣ ਅਤੇ ਸਾਲ ਵਿਚ ਘੱਟੋ ਘੱਟ ਇਕ ਵਾਰ ਆਪਣਾ ਮੈਡੀਕਲ ਚੈਕਅੱਪ ਕਰਵਾਉਣ ਦੀ ਕੋਸ਼ਿਸ ਕਰਿਆ ਕਰਨ। ਉਨ੍ਹਾਂ ਮੌਜੂਦ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਿਹਤ ਬੀਮਾ ਅਤੇ ਸਿਹਤ ਦੀ ਲਾਜਮੀ ਜਾਂਚ ਬਾਰੇ ਠੋਸ ਨੀਤੀ ਬਾਰੇ ਘੋਖ ਕਰਨ ਦੇ ਨਿਰਦੇਸ਼ ਵੀ ਦਿੱਤੇ।
          ਕੈਂਸਰ ਦੀ ਬੀਮਾਰੀ ਹੱਥੋਂ ਆਪਣੇ ਪਿਤਾ ਸ: ਰਘੁਰਾਜ ਸਿੰਘ ਬਾਦਲ, ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਚਾਚਾ ਸ: ਗੁਰਰਾਜ ਸਿੰਘ ਨੂੰ ਗੁਆ ਚੁੱਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਸੁਹਿਰਦਤਾ ਨਾਲ ਕਿਹਾ ਕਿ ਇਹ ਨਾਮੁਰਾਦ ਬੀਮਾਰੀ ਦੇ ਕਹਿਰ ਤੋਂ ਮੇਰਾ ਪਰਿਵਾਰ ਵਾਂਝਾ ਨਹੀਂ ਰਿਹਾ ਹੈ ਅਤੇ ਭਾਵੇਂ ਅਜੇ ਤੱਕ ਕੈਂਸਰ ਦੀ ਬੀਮਾਰੀ ਦੇ ਅਸਲ ਕਾਰਨ ਦੀ ਸੂਹ ਨਹੀਂ ਲਾਈ ਜਾ ਸਕੀ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅਵਾਮ ਨੂੰ ਕੈਂਸਰ ਦੀ ਭਿਅੰਕਰ ਬੀਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਜਿਸਦੇ ਤਹਿਤ ਸੂਬੇ ਵਿਚ ਅਗਲੇ ਤਿੰਨ ਮਹੀਨਿਆਂ ਵਿਚ ਪੰਜਾਬ ਭਰ ਵਿਚ ਅਜਿਹੇ 300 ਕੈਂਪ ਲਗਾਏ ਜਾਣਗੇ। ਜ਼ਿਨ੍ਹਾਂ ਵਿਚ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਸੰਬੰਧੀ ਲੋਕਾਂ ਵਿਚ ਜਾਗਰੁਕਤਾ ਪੈਦਾ ਕਰਨ ਅਤੇ ਮੌਕੇ 'ਤੇ ਹੀ ਕੈਂਸਰ ਦੀ ਮੁੱਢਲੀ ਜਾਂਚ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਜ਼ਿਨ੍ਹਾਂ ਵਿਚ ਮੈਮੋਗ੍ਰਾਫੀ ਅਤੇ ਪੈਪ ਸਮੀਅਰ ਟੈਸਟ ਦੀ ਸੁਵਿਧਾ ਸ਼ਾਮਿਲ ਹੈ। ਮੁੱਖ ਮੰਤਰੀ ਨੇ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਰੋਕੋ ਕੈਂਸਰ ਵੱਲੋਂ ਕੈਂਸਰ ਵਿਰੁੱਧ ਵਿੱਢੀ ਮੁਹਿੰਮ ਦੀ ਖੁੱਲ੍ਹਦਿਲੀ ਨਾਲ ਸ਼ਲਾਘਾ ਕੀਤੀ।
             ਸ੍ਰੀ ਬਾਦਲ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਪੰਜਾਬ ਵਿਚ ਮੁਹਾਲੀ ਅਤੇ ਬਠਿੰਡਾ ਵਿਚ ਦੋ ਨਵੇਂ ਮਲਟੀ ਸਪੈਸਲਟੀ ਹਸਪਤਾਲ ਸਥਾਪਿਤ ਕੀਤੇ ਗਏ ਹਨ। ਇਸਤੋਂ ਬਿਨ੍ਹਾਂ ਤਿੰਨਾਂ ਮੈਡੀਕਲ ਕਾਲਜਾਂ ਫਰੀਦਕੋਟ, ਸ੍ਰੀ ਅਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿਚ ਵੀ ਇਸ ਦੇ ਇਲਾਜ ਲਈ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਦਾ ਪਹਿਲੀ ਸਟੇਜ 'ਤੇ ਹੀ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ ਇਸ ਲਈ ਸਰਕਾਰ ਨੇ ਮੁੱਢਲੀ ਸਟੇਜ 'ਤੇ ਹੀ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਅਤੇ ਕੈਂਸਰ ਦੇ ਮਰੀਜਾਂ ਦੀ ਪੰਜਾਬ ਵਿਚ ਅਸਲ ਗਿਣਤੀ ਦਾ ਪਤਾ ਲਗਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਸਾਡੇ ਮੁਲਕ ਵਿਚ ਕੇਂਦਰ ਸਰਕਾਰ ਕੋਲ ਹੀ ਸਾਰੀਆਂ ਵਿੱਤੀ ਸ਼ਕਤੀਆਂ ਹਨ ਅਤੇ ਰਾਜ ਸਰਕਾਰਾਂ ਕੋਲ ਆਮਦਨ ਦੇ ਬਹੁਤ ਘੱਟ ਵਸੀਲੇ ਹਨ। ਜਿਸ ਕਾਰਨ ਰਾਜ ਸਰਕਾਰਾਂ ਚਾਹ ਕੇ ਵੀ ਸਿਹਤ ਆਦਿ ਵਰਗੀਆਂ ਜਰੂਰੀ ਸੇਵਾਵਾਂ  ਉਪਲਬੱਧ ਕਰਵਾਉਣ ਲਈ ਸੀਮਤ ਸਾਧਨ ਹੀ ਖਰਚ ਕਰ ਸਕਦੀਆਂ ਹਨ। ਪਰ ਫਿਰ ਵੀ ਪੰਜਾਬ ਸਰਕਾਰ ਬੇਹਤਰ ਸਿਹਤ ਸਹੁਲਤਾਂ ਲੋਕਾਂ ਨੂੰ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਜਾਂਦੇ ਪ੍ਰੋਜੈਕਟਾਂ ਪ੍ਰਤੀ ਵੀ ਕੇਂਦਰ ਸਰਕਾਰ  ਦਾ ਰਵਈਆਂ ਨਾਂਹ ਪੱਖੀ ਹੀ ਹੁੰਦਾ ਹੈ।
          ਇਸ ਮੌਕੇ ਡਾ. ਐਸ. ਐਸ. ਗਿੱਲ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਫਰੀਦਕੋਟ ਯੂਨੀਵਰਸਿਟੀ ਵਿਖੇ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਵਿਸੇਸ਼ ਸੈਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਮਰੀਜਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਇਲਾਜ ਮੁਹਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਾ: ਜੇ.ਪੀ. ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਕੈਂਸਰ ਰਾਹਤ ਫੰਡ ਵਿਚੋਂ ਸਹਾਇਤਾ ਲੈਣ ਲਈ ਮਰੀਜ਼ ਅਰਜੀ ਸਿਵਲ ਸਰਜਨ ਦਫ਼ਤਰ ਵਿਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਮੁੱਢਲੀ ਜਾਂਚ ਕੈਂਪ  ਵਿਚ 1 ਹਜ਼ਾਰ ਤੋਂ ਵਧੇਰੇ ਮਰੀਜਾਂ ਦੀ ਰਜਿਸਟਰੇਸ਼ਨ ਹੋਈ ਹੈ।
              ਇਸ ਮੌਕੇ ਰੋਕੋ ਕੈਂਸਰ ਦੇ ਪੰਜਾਬ ਇੰਚਾਰਜ਼ ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਲਈ ਬਣਾਈ ਮੋਬਾਇਲ ਕੈਂਸਰ ਰੋਕੋ ਵੈਨ ਵੱਲੋਂ 365 ਮਰੀਜਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿਚੋਂ 31 ਦੀ ਮੈਮੇਗਰਾਫ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 12 ਮਰੀਜ ਸ਼ੱਕੀ ਪਾਏ ਗਏ।
            ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਮਾਰਕਫੱੈਡ ਦੇ ਨਿਰਦੇਸ਼ਕ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਜ਼ਿਲਾ ਵਿਕਾਸ ਬੋਰਡ ਦੇ ਚੇਅਰਮੈਨ ਹਰਮੀਤ ਸਿੰਘ ਭੀਟੀਵਾਲਾ, ਬਲਕਰਨ ਸਿੰਘ ਬੱਲਾ ਨਿੱਜੀ ਸਕੱਤਰ ਮੁੱਖ ਮੰਤਰੀ, ਰੋਕੋ ਕੈਂਸਰ ਦੇ ਪੰਜਾਬ ਇੰਚਾਰਜ਼ ਧਰਮਿੰਦਰ ਸਿੰਘ ਦਿਓਲ, ਗੁਰਦੀਪ ਸਿੰਘ ਭੁੱਲਰ ਸਿਵਲ ਸਰਜਨ, ਬਲਬੀਰ ਸਿੰਘ ਐਸ. ਡੀ. ਐਮ. ਮਲੋਟ ਅਤੇ ਰਾਕੇਸ਼ ਢੀਂਗੜਾ, ਡਾ: ਰੀਟਾ ਗੁਪਤਾ ਵੀ ਮੌਜੂਦ ਸਨ।

27 October 2011

'ਮੋਇਆਂ' ਦੀ ਦੀਵਾਲੀ

                                                          -ਇਕਬਾਲ ਸਿੰਘ ਸ਼ਾਂਤ-
    ਕੀ ਇਹ ਉਹ ਦੀਵਾਲੀ ਹੈ ? ਸ਼ਾਇਦ ਨਹੀਂ! ਕਿਉਂਕਿ ਜਿਹੜੀ ਦੀਵਾਲੀ ਦੀ ਚਾਹਤ ਇੱਕ ਜਿਉਂਦੀ ਜਾਗਦੀ ਜਮੀਰ ਵਾਲਾ ਸਮਾਜ ਕਰ ਸਕਦਾ ਹੈ ਇਹ ਉਹ ਤਾਂ ਕਿਸੇ ਕੀਮਤ 'ਤੇ ਨਹੀਂ। ਕਿਉਂਕਿ ਕੰਧਾਂ, ਕਾਉਲਿਆਂ 'ਤੇ ਦੀਵੇ ਬਾਲ ਕੇ ਪਟਾਖੇ-ਆਤਿਸ਼ਬਾਜ਼ੀ ਕਰਕੇ ਪੁਰਾਣੇ ਰੀਤੀ-ਰਿਵਾਜ਼ਾਂ ਅਨੁਸਾਰ ਉੱਪਰੀ ਤੌਰ 'ਤੇ ਖੁਸ਼ੀਆਂ-ਖੇੜਿਆਂ ਤੇ ਰੋਸ਼ਨੀਆਂ ਦਾ ਤਿਉਹਾਰ ਤਾਂ ਮਨਾਇਆ ਜਾ ਸਕਦਾ ਹੈ ਪਰ ਇਖਲਾਕੀ ਤੌਰ 'ਤੇ ਸਾਡਾ ਅਜੋਕਾ ਭ੍ਰਿਸ਼ਟ, ਮਿਲਾਵਟਖੋਰ, ਕੁਨਬਾਪ੍ਰਸਤ ਤੇ ਗੈਰ ਜੁੰਮੇਵਾਰਾਨਾ ਸਮਾਜਕ ਵਰਤਾਰਾ ਦੀਵਾਲੀ ਤਾਂ ਕੀ ਇੱਕ ਦੀਵਾ ਬਾਲਣ ਦਾ ਹੱਕਦਾਰ ਵੀ ਨਹੀਂ। ਬੁਰਾ ਨਾ ਮੰਨਣਾ ਪਰ ਸਾਡੀ ਨਿਗਾਹ ਵਿਚ ਹਰ ਸਾਲ ਸੈਂਕੜੇ ਕਰੋੜ ਰੁਪਏ ਦੇ ਪਟਾਖੇ ਫੂਕ ਕੇ ਮਨਾਈ ਜਾਣ ਵਾਲੀ ਦੀਵਾਲੀ ਅਸਲ ਵਿਚ ਜ਼ਮੀਰ ਪੱਖੋਂ 'ਮੋਇਆਂ' ਦੀ ਦੀਵਾਲੀ ਹੈ ਜਿਨ੍ਹਾਂ ਨੂੰ ਦੇਸ਼ ਨਾਲੋਂ 'ਧਰਮ' ਅਤੇ 'ਕਰਮ' ਨਾਲੋਂ 'ਭਰਮ' ਜ਼ਿਆਦਾ ਪਿਆਰਾ ਹੈ। ਅੱਜ ਲੋਕਾਂ ਨੂੰ ਚਾਨਣ ਨਾਲ ਪਿਆਰ ਤਾਂ ਹੈ ਪਰ ਹਮੇਸ਼ਾਂ ਸੋਚ ਪੱਖੋਂ 'ਚਿੱਟੇ ਦਿਨ' ਵੀ ਹਨ੍ਹੇਰੇ ਵਿਚ ਰਹਿੰਦੇ ਹਨ। ਜਿਹੜੇ ਦੀਵਾਲੀ ਮੌਕੇ ਘਰ ਦੀਆਂ ਕੰਧਾਂ ਤਾਂ ਰੁਸ਼ਨਾ ਲੈਂਦੇ ਹਨ ਪਰ ਮਨ ਵਿਚ ਹੋਰ ਗੰਦਲਾਪਨ ਵਧਾ ਲੈਂਦੇ ਹਨ। ਜਿਨ੍ਹਾਂ ਨੂੰ ਪਿਆਰ ਹੈ ਅਮੀਰੀ ਨਾਲ ਪਰ ਜੂਏ ਵਿਚ ਹਾਰ ਕੇ ਗਰੀਬੀ ਨੂੰ ਪੱਲੇ ਪਾ ਬੈਠਦੇ ਹਨ।
ਫੋਕੇ ਚਾਨਣ ਵਾਲੀ ਦੀਵਾਲੀ ਮਨਾਉਣ ਵਾਲੇ ਇਹ 'ਮੋਏ' ਕਦੇ ਇਹ ਨਹੀਂ ਸੋਚਦੇ ਕਿ ਗੁੜ ਨਾ ਖਾਣ ਦੀ ਨਸੀਹਤ ਦੇਣ ਤੋਂ ਪਹਿਲਾਂ ਖੁਦ ਗੁੜ ਖਾਣਾ ਕਰਨਾ ਬੰਦ ਕਰਨਾ ਪੈਂਦਾ ਹੈ। ਸ਼ਾਇਦ ਇਸੇ ਕਰਕੇ ਬਹੁਤੇ ਮੌਕਾਪ੍ਰਸਤ ਲੋਕ ਮੋਮਬੱਤੀਆਂ ਤਾਂ ਅੰਨਾ ਹਜ਼ਾਰੇ ਦੇ ਨਾਂਅ 'ਤੇ ਬਾਲਦੇ ਰਹੇ, ਪਰ 'ਅਲਖ਼' ਭ੍ਰਿਸ਼ਟਾਚਾਰ ਦੀ ਜਗਾਉਂਦੇ ਹਨ।
               125 ਕਰੋੜ ਦੇ ਨੇੜੇ ਪੁੱਜੇ ਇਹ ਭਲੇ ਮਾਣਸ ਸ਼ਾਇਦ ਇਹ ਨਹੀਂ ਜਾਣਦੇ ਇਹ ਤੁਹਾਡੀ ਕਾਹਦੀ ਦੀਵਾਲੀ ਹੈ। ਕਿਉਂਕਿ ਤੁਹਾਡੀ ਦੀ ਸਿਫ਼ਤ ਹੈ ਕਿ ਬਹੁਤ ਸਾਰੇ ਆਪਣੀ ਇੱਕ ਦੀਵਾਲੀ ਨੂੰ ਮੁਫ਼ਤ 'ਚ ਮਨਾਉਣ ਖਾਤਰ ਆਪਣੀਆਂ ਹੱਕ-ਹਲਾਲ ਤੇ ਜਮੀਰ ਨਾਲ ਭਰਪੂਰ ਚਾਰ ਦੀਵਾਲੀਆਂ ਜਾਇਆ ਕਰ ਦਿੰਦੇ ਹਨ। ਭਾਵ ਵੋਟਾਂ ਸਮੇਂ ਇੱਕ-ਦੋ ਦਿਨ ਚੰਗੇ ਲੰਘਾਉਣ ਲਈ ਆਪਣੀ ਵੋਟ 1000-1100 ਸੌ ਰੁਪਏ 'ਚ ਵੇਚ ਕੇ ਅਗਲੇ ਚਾਰ ਵਰ੍ਹਿਆਂ ਦੇ 1824 ਦਿਨਾਂ ਨੂੰ ਬੇਗੈਰਤਪੁਣੇ ਦੀ ਭੇਟ ਚਾੜ੍ਹ ਜਾਂਦੇ ਹਨ। ਨਸ਼ਿਆਂ ਦਾ ਜਲੌਅ ਇਨ੍ਹਾਂ 'ਮੋਇਆਂ' ਦੀ ਦੀਵਾਲੀ 'ਤੇ ਐਨਾ ਕੁ ਭਾਰੂ ਹੈ ਕਿ ਨਿੱਤ ਇੱਕ-ਅੱਧਾ ਨੌਜਵਾਨ ਆਪਣਾ ਦੀਵਾ ਬੁਝਾ ਬੈਠਦਾ ਹੈ। ਬਾਕੀ ਦੇ ਵਿਚਾਰੇ ਸੜਕਾਂ 'ਤੇ ਰੁਜ਼ਗਾਰ ਲਈ ਸੰਘਰਸ਼ ਕਰਦੇ ਜਵਾਨੀ ਰੋਲ ਰਹੇ ਹਨ। ਰੁੱਖਾਂ ਅਤੇ ਕੁੱਖਾਂ ਦੀ ਰਾਖੀ ਦੀ ਹਮਾਇਤ ਹਰ ਕੋਈ ਕਰਦਾ ਹੈ ਪਰ ਇਸਨੂੰ ਦੂਸਰਿਆਂ 'ਤੇ ਲਾਗੂ ਕਰਨ ਦੀ ਚਾਹਤ ਰੱਖਦਾ ਹੈ।
             ਅਸਲ ਵਿਚ ਦੀਵਾਲੀ ਤਾਂ ਉਨ੍ਹਾਂ ਸਫੈਦਪੋਸ਼ਾਂ/ਰਿਸ਼ਵਤਖੋਰਾਂ ਦੀ ਹੈ ਜਿਹੜੇ 'ਕ੍ਰਿਮਨਲ' ਤੋਂ ਥੋੜ੍ਹੇ ਹੀ ਸਮੇਂ 'ਚ ਸਮਾਜ ਦੀ 'ਕ੍ਰੀਮ' ਬਣ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੀ, ਜਿਹੜੇ 6 ਤੋਂ 160 ਬੱਸਾਂ ਦੇ ਮਾਲਕ ਬਣ ਗਏ ਜਾਂ ਜਿਹੜੇ 2-ਜੀ ਸਪੈਕਟ੍ਰਮ ਘੁਟਾਲਿਆਂ ਰਾਹੀਂ ਦੇਸ਼ ਦੀ ਜਨਤਾ ਦੇ ਸੈਂਕੜੇ ਹਜ਼ਾਰ ਕਰੋੜ ਰੁਪਏ ਡਕਾਰ ਗਏ।
            ਇਹੋ ਜਿਉਂਦੇ-ਜਾਗਦੇ ਮੋਇਆ ਦੀ 'ਜਾਗਰੁਕਤਾ' ਦਾ ਨਤੀਜਾ ਹੈ ਕਿ ਪੰਜਾਬ ਦੀ ਜਨਤਾ ਨੂੰ ਸਿਆਸਤਦਾਨਾਂ ਵੱਲੋਂ ਲਗਾਤਾਰ  ਅਣਗੌਲਿਆ ਬਣਾਇਆ ਜਾ ਰਿਹਾ ਹੈ। ਧੀਆਂ ਨੂੰ ਸਾਇਕਲ ਦੇਣਾ ਤਾਂ ਚੰਗੀ ਗੱਲ ਹੈ ਪਰ ਇਹ ਸਭ ਵੋਟਾਂ ਦੇ ਨਾਂਅ 'ਤੇ ਚੇਤੇ ਆਉਂਦਾ ਹੈ। ਕਦੇ ਤਾਏ-ਭਤੀਜੇ ਦੇ ਕਲੇਸ਼ ਅਤੇ ਕਦੇ ਕੈਪਟਨ-ਕਾਕੇ ਦੀਆਂ ਝੱਫ਼ੀਆਂ ਨੇ ਲੋਕਾਂ ਦੇ 'ਦਿਮਾਗ ਚੱਕਰ' ਨੂੰ ਖ਼ਰਾਬ ਕਰ ਰੱਖਿਆ ਹੈ। ਹਾਲਾਤ ਇਹ ਹੈ ਕਿ ਹਰ ਪੰਜ ਸਾਲਾਂ ਬਾਅਦ 'ਰਾਵਣ' ਬਦਲ ਜਾਂਦਾ ਹੈ ਪਰ ਸੀਤਾ (ਜਨਤਾ) ਉਹੀ ਰਹਿੰਦੀ ਹੈ।
ਇਸ ਸਭ ਦੇ ਵਿਚਕਾਰ ਜਨਤਾ ਅੱਜ ਵੀ ਕੱਖੋਂ ਹੌਲੀ ਹੈ ਕਿਉਂਕਿ ਉਸੇ ਦੇ ਵੋਟ ਦੀ ਤਾਕਤ ਅਤੇ ਜਨਤਕ ਪੈਸੇ ਜਰੀਏ ਰੁਜ਼ਗਾਰ ਦੇਣ ਦੀ ਥਾਂ ਚੰਦ ਕੁ ਸਸਤੀਆਂ ਸਰਕਾਰੀ ਸਕੀਮਾਂ ਅਤੇ ਮੁਫ਼ਤ ਆਟਾ-ਦਾਲ ਜਿਹੇ ਸੁਆਦ ਪਾ ਕੇ ਖੁਦ ਪੂਰੇ ਪੰਜ ਸਾਲ ਆਪਣੇ ਟੱਬਰਾਂ ਨਾਲ ਹਵਾਈ ਜਹਾਜ਼ਾਂ ਦੇ ਝੂਟੇ ਲੈਂਦੇ ਹਨ ਜਾਂ ਫਿਰ ਅਸਲੀ ਦੀਵਾਲੀ ਹੁੰਦੀ ਹੈ ਉਨ੍ਹਾਂ ਪੰਚਾਂ-ਸਰਪੰਚਾਂ ਦੀ, ਜਿਨ੍ਹਾਂ ਨੂੰ ਸੰਗਤ ਦਰਸ਼ਨਾਂ ਵਿਚ ਲੱਖਾਂ-ਕਰੋੜਾਂ ਦੀਆਂ ਗਰਾਟਾਂ ਦੇ ਖੁੱਲ੍ਹੇ ਗੱਫੇ ਮਿਲ ਜਾਂਦੇ ਹਨ। ਕੇਂਦਰ ਵਾਲਿਆਂ ਦੇ ਨਾਕਸ ਰਵੱਈਏ ਕਰਕੇ ਮਹਿੰਗਾਈ ਦੇ ਮਹਿੰਗੇ ਗੇੜਿਆਂ ਦੀ ਮਾਰੀ ਜਨਤਾ ਦੀ ਹਾਲਤ ਦੀਵਾਲੀ ਦੇ ਪਟਾਖਿਆਂ ਦੀ ਉਸ ਰਾਖ ਵਾਂਗ ਹੈ, ਜਿਹੜੀ ਭਾਂੜੇ ਮਾਂਜਣ ਦੇ ਕੰਮ ਵੀ ਨਹੀਂ ਆਉਂਦੀ, ਕਿਉਂਕਿ ਮੁਫ਼ਤ ਦੇ ਆਟੇ-ਦਾਲ, ਪੈਨਸ਼ਨਾਂ ਅਤੇ ਹੋਰ ਲੋਕ ਲੁਭਾਊ ਫੋਕੀਆਂ ਸਕੀਮਾਂ ਨੇ ਅਜਿਹਾ ਕੋਹੜ-ਕੀੜਾ ਚਲਾਇਆ ਹੈ ਕਿ ਬੁਢਾਪਾ ਤਾਂ ਕੀ ਜਵਾਨੀ ਵੀ ਦਿਹਾੜੀ-ਮਜ਼ਦੂਰੀ ਕਰਨ ਦੀ ਥਾਂ ਰਾਸ਼ਨ ਦੇ ਡੀਪੂਆਂ ਦੀ ਮੁਥਾਜ ਹੋ ਕੇ ਰਹਿ ਗਈ ਹੈ। ਇਨ੍ਹਾਂ ਸਕੀਮਾਂ ਦੇ 'ਅਖੌਤੀ ਲੋਕਪੱਖੀ' ਪਰਛਾਵੇਂ ਕਰਕੇ ਸੂਬੇ ਦਾ ਨੌਜਵਾਨ ਰੁਜ਼ਗਾਰ ਪੱਖੋਂ ਹੌਲਾ ਨਹੀਂ, ਬਲਕਿ ਨੌਜਵਾਨਾਂ ਦੇ ਨਿਠੱਲੇ ਹੋਣ ਕਰਕੇ ਰੁਜ਼ਗਾਰ ਵੀ ਮਿਹਨਤੀ ਹੱਥਾਂ ਤੋਂ ਵਾਂਝਾ ਹੋ ਗਿਆ ਹੈ।
               ਅੱਜ ਸੂਬਾ ਸਰਮਾਏਦਾਰੀ ਦੀ ਸੋਚ ਹੇਠ ਵਧ ਫੁੱਲ ਰਿਹਾ ਹੈ। ਜਿਸਦੇ ਚੱਲਦੇ 99ਵਿਆਂ ਦੀ ਜ਼ੇਬ ਵਿਚ ਲੱਖ ਰੁਪਇਆਂ ਨਹੀਂ ਪਰ ਫਿਰ ਵੀ ਕਈ-ਕਈ ਕਰੋੜ ਦੀਆਂ ਸਕੀਮਾਂ ਘੜ੍ਹਦੇ ਹਨ। ਅੱਜ ਤਿਥ-ਤਿਉਹਾਰ ਤੋਂ ਲੈ ਕੇ ਸੁਮੱਚਾ ਮਾਹੌਲ ਜੁਗਾੜੂ ਸੋਚ 'ਤੇ ਟਿਕਿਆ ਹੋਇਆ ਹੈ। ਸਾਡੀ ਖੁਸ਼ੀ ਵੀ ਜੁਗਾੜੂ ਹੋ ਗਈ ਹੈ। ਅਸੀਂ ਉੱਪਰੀ, ਸਸਤੀ ਤੇ ਵਿਖਾਵੇ ਦੀ ਖੁਸ਼ੀ ਮਾਣ ਕੇ ਚੰਗਾ ਮਹਿਸੂਸ ਕਰਦੇ ਹਾਂ ਤਦੇ ਸ਼ਾਇਦ ਅੱਜ ਮਹਿੰਗਾਈ ਵਧਦੀ ਤੇ ਸਮਾਜ ਹਰ ਪਾਸਿਓਂ ਨਿਘਰਦਾ ਜਾ ਰਿਹਾ ਹੈ ਜਿਸਤੋਂ ਕਲਮ ਦੇ 'ਸਿਪਾਹੀ' ਵੀ ਵਾਂਝੇ ਨਹੀਂ ਰਹੇ ਅਤੇ ਕੁਝ ਮਾੜੇ 'ਸਿਓ' ਸਾਰੀ ਪੇਟੀ ਨੂੰ 'ਘੁਣ' ਲਾ ਰਹੇ ਹਨ। ਦੇਸ਼ 'ਚ ਕਿਤੇ ਘੱਟ ਗਿਣਤੀਆਂ ਨਾਲ ਵਿਤਕਰਾ ਅਤੇ ਕਿਧਰੇ ਬਹੁ ਗਿਣਤੀ ਦੀ ਦਬੰਗ ਸਿਆਸਤ। ਕੋਈ ਅਮੀਰ ਹੁੰਦਾ ਜਾ ਰਿਹਾ ਹੈ ਕਿ ਕਿਸੇ ਕੋਲ ਖਾਣ ਲਈ ਰੋਟੀ ਦੀ ਬੁਰਕੀ ਤੇ ਪੀਣ ਨੂੰ ਪਾਣੀ ਦੀ ਬੂੰਦ ਨਹੀਂ।
            ਮੰਨਦੇ ਹਾਂ ਖੁਸ਼ੀਆਂ ਇਨਸਾਨੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਤਰੱਕੀ ਵੱਲ ਲਿਜਾਣ ਵਿਚ ਸਹਾਈ ਹੁੰਦੀਆਂ ਹਨ ਪਰ ਅਜਿਹੀ ਫੋਕੀਆਂ ਖੁਸ਼ੀਆਂ ਤੋਂ ਗਮ ਦੇ ਸਾਗਰ ਸੌ ਗੁਣਾ ਚੰਗੇ ਹਨ ਜਿਨ੍ਹਾਂ ਦੇ ਮੰਥਨ ਵਿਚੋਂ ਦੇਸ਼, ਕੌਮ ਅਤੇ ਸਮਾਜ ਲਈ ਇੱਕ ਨਵੀਂ ਸਵੇਰ ਦਾ ਚਾਨਣ ਭਰਿਆ ਸਵੇਰਾ ਤਾਂ ਹੁੰਦਾ ਹੈ। ਜਿਉਂਦੇ ਜ਼ਮੀਰ ਨਾਲ ਜਗਾਇਆ ਦੀਵਾ 'ਮੋਇਆਂ ਦੀ ਸੌ ਦੀਵਾਲੀਆਂ' 'ਤੇ ਭਾਰੂ ਪੈਂਦਾ ਹੈ। ਕਿਉਂਕਿ ਉਸਦੀ ਲੋਅ ਵਿਚੋਂ ਦੇਸ਼, ਕੌਮ ਦੀ ਚੜ੍ਹਦੀ ਕਲਾ,  ਇਨਸਾਫ਼ ਪਸੰਦ ਤੇ ਬਰਾਬਰੀ ਦੇ ਸਮਾਜ ਦੀ ਚਮਕ ਦਿਸਦੀ ਹੈ। ਇਸ ਲਈ ਆਓ, ਭ੍ਰਿਸ਼ਟ ਅਤੇ ਤਾਨਾਸ਼ਾਹ ਹੁੰਦੇ ਢਾਂਚੇ ਖਿਲਾਫ਼ ਕਦਮ ਪੁੱਟ ਕੇ ਜਿਉਂਦੇ ਜੀਆਂ ਵਾਲੀ ਦੀਵਾਲੀ ਮਨਾਉਣ ਦੇ ਰਾਹ ਤੁਰੀਏ।
       ਅਜੋਕੇ ਮਾਹੌਲ ਵਿਚ ਸ਼ਾਇਦ 96 ਫ਼ੀਸਦੀ ਲੋਕਾਂ ਵੱਲੋਂ ਮੋਇਆਂ ਵਾਲੀ  ਦੀਵਾਲੀ ਮਨਾਉਣ ਦਾ ਰੁਝਾਨ ਹੈ। ਸਾਨੂੰ ਗਿਆਨ ਹੈ ਕਿ ਇਨ੍ਹਾਂ ਸਤਰਾਂ 'ਤੇ ਸ਼ਾਇਦ 96 ਫ਼ੀਸਦੀ ਲੋਕਾਂ ਨੂੰ ਇਤਰਾਜ਼ ਹੋਵੇ ਪਰ ਸਾਡੇ ਮਹਿਜ਼ 4 ਫ਼ੀਸਦੀ ਲੋਕਾਂ ਦੀ ਇਹ ਅਵਾਜ਼ ਜਮੀਰ ਤੇ ਇਖਲਾਕ ਦੇ ਹੱਕ 'ਚ 1857 ਦੀ ਪਹਿਲੀ ਕ੍ਰਾਂਤੀ ਵਾਂਗ ਜਨਤਾ ਇੱਕ 'ਵਿਚਾਰ' ਬਣਨ ਤੱਕ ਬੜੀ ਸ਼ਿੱਦਤ ਨਾਲ ਗੂੰਜਦੀ ਰਹੇਗੀ।   

22 October 2011

'ਪਾਸ਼' ਦੇ ਬਿਆਨ ਤੋਂ ਖਫ਼ਾ 'ਦਾਸ' ਵੀ ਖੁੱਲ੍ਹ ਕੇ ਆਏ ਮੈਦਾਨ ਵਿਚ

                                        ''ਮਨਪ੍ਰੀਤ ਨੇ ਅਕਾਲੀ ਦਲ ਨੂੰ ਕੋਈ ਧੱਬਾ ਨਹੀਂ ਲਾਇਆ''
                             -ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਲੰਬੀ ਤੋਂ ਚੋਣ ਲੜਣ ਦਾ ਐਲਾਨ ਕੀਤਾ
-
                                                         -ਇਕਬਾਲ ਸਿੰਘ ਸ਼ਾਂਤ-
ਲੰਬੀ - ਸੁਖਬੀਰ-ਮਨਪ੍ਰੀਤ ਦੇ ਸਿਆਸੀ ਕਲੇਸ਼ ਨੇ ਸਾਰੀ ਉਮਰ ਜਿੰਦ ਜਾਨ ਵਜੋਂ ਵਿਚਰੇ ਸਕੇ ਭਰਾਵਾਂ 'ਪਾਸ਼' ਅਤੇ 'ਦਾਸ' ਨੂੰ ਵੀ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ ਹੈ। 21 ਅਕਤੂਬਰ ਨੂੰ ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ਮਨਪ੍ਰੀਤ 'ਤੇ ਅਕਾਲੀ ਦਲ ਨੂੰ ਕਲੰਕਤ ਕਰਨ ਜਿਹੇ ਦੋਸ਼ਾਂ ਦੇ ਖਿਲਾਫ਼ ਮੁੱਖ ਮੰਤਰੀ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਅੱਜ ਖੁੱਲ੍ਹ ਕੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਵਿਚ ਖੁੱਲ੍ਹ ਕੇ ਮੈਦਾਨ 'ਚ ਆ ਗਏ ਅਤੇ ਉਨ੍ਹਾਂ ਆਪਣੇ ਵੱਡੇ ਭਰਾ 'ਪਾਸ਼' ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ।
         
            ਉਨ੍ਹਾਂ ਅੱਜ ਆਪਣੇ ਨਾਨਕੇ ਪਿੰਡ ਅਬੁੱਲਖੁਰਾਣਾ ਵਿਖੇ ਇੱਕ ਗੱਲਬਾਤ ਦੌਰਾਨ ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਲੰਬੀ ਤੋਂ ਖੁਦ ਚੋਣ ਲੜਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦੇ ਉਦੇਸ਼ ਨਾਲ ਮਨਪ੍ਰੀਤ ਸਿੰਘ ਬਾਦਲ 'ਤੇ ਅਕਾਲੀ ਦਲ ਬਾਦਲ ਨੂੰ ਧੋਖਾ ਦਿੱਤੇ ਜਾਣ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਅਕਾਲੀ ਦਲ (ਬ) ਵੱਲੋਂ ਇੱਕ ਯੋਜਨਾਬੱਧ ਰਣਨੀਤੀ ਤਹਿਤ ਵਗੈਰ ਕਿਸੇ ਕਸੂਰ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਉਪਰੰਤ ਪਾਰਟੀ ਵਿਚੋਂ ਖਾਰਜ਼ ਕਰ ਦਿੱਤਾ ਗਿਆ। ਸਾਬਕਾ ਸਾਂਸਦ ਨੇ ਅਕਾਲੀ ਦਲ ਤੋਂ ਕਰੜੇ ਸ਼ਬਦਾਂ ਵਿਚ ਸੁਆਲ ਕੀਤਾ ਕੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਅਜਿਹਾ ਕੀ ਕੀਤਾ ਸੀ ਜਿਸ ਕਰਕੇ ਅਕਾਲੀ ਦਲ ਨੂੰ ਧੱਬਾ ਲੱਗਿਆ ਹੋਵੇ।

             ਗੁਰਦਾਸ ਸਿੰਘ ਬਾਦਲ ਨੇ ਬੜੀ ਸ਼ਿੱਦਤ ਨਾਲ ਉਨ੍ਹਾਂ ਆਪਣੇ ਪੁੱਤਰ (ਮਨਪ੍ਰੀਤ ਬਾਦਲ) ਨੂੰ ਬੇਦਾਗ ਅਤੇ ਲੋਕਪੱਖੀ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫਰਜੰਦ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦਾ ਖਜ਼ਾਨਾ ਮੰਤਰੀ ਹੁੰਦਿਆਂ ਕਦੇ ਕੋਈ ਰਿਸ਼ਵਤ ਨਹੀਂ ਲਈ ਤੇ ਨਾ ਹੀ ਉਹ ਕਦੇ ਕਿਸੇ ਭ੍ਰਿਸ਼ਟ ਕਾਰਗੁਜਾਰੀ ਦਾ ਹਿੱਸਾ ਬਣਿਆ। ਬਲਕਿ ਉਹ ਤਾਂ ਹਮੇਸ਼ਾਂ ਪੱਲਿਓਂ ਤੇਲ ਪਾ ਕੇ ਆਪਣੀ ਗੱਡੀ ਖੁਦ ਚਲਾਉਂਦਾ ਹੋਇਆ ਸੂਬੇ ਦੀ ਆਰਥਿਕਤਾ ਨੂੰ ਸੁਚੱਜੇ ਥਾਂ 'ਤੇ ਲਿਆਉਣ ਲਈ ਫਿਕਰਮੰਦ ਰਿਹਾ ਪਰ ਉਸਦਾ ਸਿਲਾ ਅਕਾਲੀ ਦਲ ਵਿਚੋਂ ਬਾਹਰ ਕੱਢ ਕੇ ਦਿੱਤਾ ਗਿਆ।

             ਉਨ੍ਹਾਂ ਆਪਣੇ ਵੱਡੇ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਮੁੜ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਦੇ ਦਾਅਵਿਆਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਅਗਾਮੀ ਵਿਧਾਨਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ.ਪੀ.ਪੀ. ਦੀ ਅਗਵਾਈ ਵਾਲਾ ਸਾਂਝਾ ਮੋਰਚਾ ਪੂਰਨ ਬਹੁਮਤ ਨਾਲ ਸੱਤਾ ਵਿਚ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਅਤੇ ਵਰਕਰ ਵੀ ਮੌਜੂਦ ਸਨ।
                              
                       
                   ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ

ਮਨਪ੍ਰੀਤ ਨੇ ਸਿਆਸੀ ਸੁਆਰਥਾਂ ਲਈ ਬਾਦਲ ਪਰਿਵਾਰ ਦੇ ਰੁਤਬੇ 'ਤੇ ਕਲੰਕਤ ਕੀਤਾ : ਬਾਦਲ
 ਲੰਬੀ, 20 ਅਕਤੂਬਰ-ਵਿਧਾਨਸਭਾ ਚੋਣਾਂ ਨੇੜੇ ਦੇ ਆਉਣ ਦੇ ਨਾਲ-ਨਾਲ ਬਾਦਲ ਪਰਿਵਾਰ ਵਿਚਲੀ ਸੱਤਾ ਦੀ ਜੰਗ ਸਟੇਜਾਂ ਦਾ ਸ਼ਿੰਗਾਰ ਬਣਨ ਲੱਗੀ ਹੈ। ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੇ ਦੂਸਰੇ ਦਿਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਆਪਣੇ ਲਾਡਲੇ ਭਤੀਜੇ ਰਹੇ ਪੀ.ਪੀ.ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਠੇ ਹੱਥੀਂ ਲੈਂਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਿਆਸੀ ਸੁਆਰਥਾਂ ਲਈ 'ਮਾਂ ਪਾਰਟੀ' ਸ਼੍ਰੋਮਣੀ ਅਕਾਲੀ ਦਲ ਨਾਲ ਗੱਦਾਰੀ ਕਰਕੇ ਬਾਦਲ ਪਰਿਵਾਰ ਦੇ ਰੁਤਬੇ ਨੂੰ ਕਲੰਕਤ ਕੀਤਾ ਹੈ।
 
ਖੇਤਰ ਦੇ ਵੱਖ-ਵੱਖ ਪਿੰਡਾਂ ਸੰਗਤ ਦਰਸ਼ਨਾਂ ਮੌਕੇ ਮੁੱਖ ਮੰਤਰੀ ਦੀਆਂ ਤਕਰੀਰਾਂ ਵਿਚ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਸਿੱਧੇ ਨਿਸ਼ਾਨੇ 'ਤੇ ਰਹੇ। ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਵਿਧਾਇਕ ਨੂੰ ਪਹਿਲੀ ਵਾਰ ਹੀ ਖਜਾਨੇ ਜਿਹੇ ਅਹਿਮ ਵਿਭਾਗ ਦੀ ਜੁੰਮੇਵਾਰੀ (ਕੁਰਸੀ) ਦੇਣੀ ਸੰਭਵ ਨਹੀਂ ਹੁੰਦੀ ਪਰ ਅਕਾਲੀ ਦਲ ਨੇ ਫਿਰ ਵੀ ਉਸਦੀ ਇੱਛਾ ਮੁਤਾਬਿਕ ਖਜਾਨਾ ਮੰਤਰੀ ਬਣਾਇਆ ਪਰ ਉਸ ਨੇ ਇੰਨ੍ਹਾਂ ਕੁਝ ਹਾਸਲ ਕਰ ਲੈਣ ਦੇ ਬਾਵਜੂਦ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ।

ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਨਾਲੋਂ ਵਖਰੇਵੇਂ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਮੁੱਖ ਮੰਤਰੀ ਸ੍ਰੀ ਬਾਦਲ ਦੇ ਸ਼ਬਦਾਂ ਵਿਚੋਂ ਅਜੇ ਤੱਕ ਉਹ ਜਖ਼ਮ ਅੱਲੇ ਜਾਪ ਰਹੇ ਸਨ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਂਝੇ ਮੋਰਚੇ ਦਾ ਗਠਨ ਕਰਕੇ ਸੂਬੇ ਦੀ ਸਿਆਸਤ ਵਿਚ ਇੱਕ ਤੀਜਾ ਧਿਰ ਸਥਾਪਿਤ ਕਰਨ ਬਾਰੇ ਕਿਹਾ  ''ਮਨਪ੍ਰੀਤ ਇਸ ਭੁਲੇਖੇ ਦਾ ਸਿਕਾਰ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾ ਸਕਦਾ ਹੈ ਪਰ ਇਹ ਉਸਦੀ ਬਹੁਤ ਵੱਡੀ ਭੁੱਲ ਹੈ, ਕਿਉਂਕਿ ਉਸ ਨੂੰ ਪੰਜਾਬ ਦੇ ਸੂਝਵਾਨ ਲੋਕ ਹੀ ਸਬਕ ਸਿਖਾਉਣ ਲਈ ਕਾਫੀ ਹਨ।'' ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਉੱਪਰ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਪਾਰਟੀ ਨੂੰ ਢਾਹ ਲਾਉਣ ਦੇ ਸਮਰੱਥ ਬਣ ਸਕਦਾ ਹੈ। ਉਨ੍ਹਾਂ ਕਿਹਾ, ''ਜੇ ਮੈਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ ਵੀ ਕਰਾਂ ਤਾਂ ਉਸ ਲਈ ਮੈਨੂੰ ਰੱਬ ਹੀ ਬਚਾਵੇ ਕਿਉਂਕਿ ਮੇਰੇ ਲਈ ਅਜਿਹਾ ਕਰਨਾ ਸੰਭਵ ਹੀ ਨਹੀਂ।'' 

19 October 2011

ਲੰਬੀ ਤੇ ਗਿੱਦੜਬਾਹਾ ਤੋਂ ਦੋਹਰਾ 'ਮਹਾਭਾਰਤ' ਲੜਣਗੇ ਐਤਕੀਂ ਵੱਡੇ ਬਾਦਲ !

                 -ਲੰਬੀ ਅਤੇ ਗਿੱਦੜਬਾਹਾ 'ਚ ਸੰਗਤ ਦਰਸ਼ਨਾਂ ਦੀ ਝੜੀ-
 
                                                               ਇਕਬਾਲ ਸਿੰਘ ਸ਼ਾਂਤ
           ਪੰਜਾਬ ਵਿਧਾਨਸਭਾ ਚੋਣਾਂ ਲਈ ਚੋਣ ਜ਼ਾਬਤੇ ਦੇ ਦਿਨ ਨੇੜੇ ਆਉਂਦੇ ਵੇਖ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਗੇੜੇ 'ਤੇ ਗੇੜਾ ਬੰਨ ਰੱਖਿਆ ਹੈ। ਅਜੇ ਕੱਲ੍ਹ 17 ਅਕਤੂਬਰ ਨੂੰ ਮੁੱਖ ਮੰਤਰੀ ਗਿੱਦੜਬਾਹਾ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਕੇ ਗਏ ਸਨ ਅਤੇ ਹੁਣ ਉਹ ਮੁੜ ਤੋਂ 19 ਅਤੇ 20 ਅਕਤੂਬਰ ਨੂੰ ਲੰਬੀ ਹਲਕੇ ਦੇ ਦੋ ਦਿਨਾਂ ਦੌਰੇ 'ਤੇ ਹਨ। ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਬਰਾਬਰੀ ਵਾਲੇ ਰੁਝੇਵੇਂ ਵੱਡੇ ਬਾਦਲ ਦੀ ਅਗਾਮੀ ਸਿਆਸੀ ਰਣਨੀਤੀ ਦੀ ਅਗਾਊਂ ਹਿੱਸਾ ਜਾਪਦੇ ਹਨ।
             ਭਾਵੇਂ ਸਿਆਸੀ ਮਾਹਰਾਂ ਅਨੁਸਾਰ ਮੁੱਖ ਮੰਤਰੀ ਸ: ਬਾਦਲ ਦਾ ਐਤਕੀਂ ਲੰਬੀ ਦੀ ਸਿਆਸੀ ਰਣਭੂਮਿ 'ਤੇ ਕਾਂਗਰਸ ਪਾਰਟੀ ਦੇ ਥੰਮ ਆਗੂ ਸ: ਮਹਸ਼ੇਇੰਦਰ ਸਿੰਘ ਬਾਦਲ ਤੋਂ ਇਲਾਵਾ ਛੋਟੇ ਸਕੇ ਭਰਾ ਸ: ਗੁਰਦਾਸ ਸਿੰਘ ਬਾਦਲ ਵੱਲੋਂ ਪੀ.ਪੀ.ਪੀ. ਵੱਲੋਂ ਉਮੀਦਵਾਰ ਥਾਪੇ ਜਾਣ ਉਪਰੰਤ ਸਰੀਕਾਂ 'ਚ ਤਿਹਰੀ ਸਿਆਸੀ ਮਹਾਂਭਾਰਤ ਹੋਣ ਦੇ ਮੱਦੇਨਜ਼ਰ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਣਾ ਯਕੀਨੀ ਹੈ। ਕਿਉਂਕਿ ਪਿਛਲੇ ਵਿਧਾਨਸਭਾ ਚੋਣਾਂ ਵਿਚ ਲੰਬੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਚਚੇਰੇ ਭਰਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਤੋਂ ਇੰਨੀ ਸਖ਼ਤ ਟੱਕਰ ਮਿਲੀ ਸੀ ਕਿ ਜਿੱਤ ਹਾਰ ਦਾ ਫ਼ਰਕ ਸਿਰਫ਼ 9 ਹਜ਼ਾਰ ਦੇ ਕਰੀਬ ਤੱਕ ਸਿਮਟ ਗਿਆ ਸੀ। ਅਜਿਹੇ ਵਿਚ ਸਾਰੀ ਉਮਰ ਮੋਢੇ ਨਾਲ ਮੋਢਾ ਲਾ ਚੋਣ ਪਿੜਾਂ ਵਿਚ ਸਾਰਥੀ ਬਣ ਕੇ ਵਿਚਰਦੇ ਰਹੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੱਲੋਂ ਇਹ ਵਾਰ ਵਿਰੋਧੀ ਵਜੋਂ ਸਾਹਮਣੇ ਮੈਦਾਨ 'ਚ ਆ ਡਟਣ ਨਾਲ ਸਿਆਸੀ ਸਮੀਕਰਨ ਹੋਰ ਵੀ ਗੁੰਝਲਦਾਰ ਬਣ ਗਏ ਹਨ। ਜਿਸ ਕਰਕੇ ਅਜੋਕੇ ਹਾਲਾਤਾਂ ਵਿਚ ਲੰਬੀ ਤੋਂ ਵੱਡੇ ਬਾਦਲ ਦੀ ਜਿੱਤ ਬਾਰੇ ਸਿਆਸੀ ਸਫ਼ਾਂ 'ਚ ਕੋਈ ਹਾਂ-ਪੱਖੀ ਹੁੰਗਾਰਾ ਸੁਣਨ ਨਹੀਂ ਮਿਲ ਰਿਹਾ ਹੈ ਪਰ ਫਿਰ ਵੀ ਲੰਬੀ ਦੇ ਚੋਣ ਦੰਗਲ ਵਿਚ ਨਿੱਤਰਨਾ ਅਕਾਲੀ ਦਲ ਦੀ ਇਖਲਾਕੀ ਮਜ਼ਬੂਰੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਬਾਦਲ ਵੱਲੋਂ ਲੰਬੀ ਹਲਕੇ ਨੂੰ ਛੱਡ ਕੇ ਕਿਸੇ ਹੋਰ ਹਲਕੇ ਤੋਂ ਲੜਣ ਨੂੰ ਅਕਾਲੀ ਦਲ (ਬ) ਦੀ ਕਮਜ਼ੋਰੀ ਵੀ ਮੰਨਿਆ ਜਾ ਸਕਦਾ ਹੈ।
                ਇਨ੍ਹਾਂ ਸਭ ਹਾਲਾਤਾਂ ਵਿਚ ਦੋ ਪਹਿਲੂਆਂ ਨੂੰ ਮੁੱਖ ਰੱਖ ਕੇ ਦੇਸ਼ ਦੀ ਗੈਰ ਕਾਂਗਰਸੀ ਸਿਆਸਤ ਵਿਚ ਬਾਬਾ ਬੋਹੜ ਦਾ ਰੁਤਬਾ ਰੱਖਦੇ ਪ੍ਰਕਾਸ਼ ਸਿੰਘ ਬਾਦਲ ਇੱਕ ਪੂਰੀ ਤਰ੍ਹਾਂ ਵਿਉਂਤਬੰਦ ਰਣਨੀਤੀ ਦੇ ਤਹਿਤ ਲੰਬੀ ਤੋਂ ਤਾਂ ਵਿਧਾਨਸਭਾ ਚੋਣ ਲੜਣਗੇ ਤੇ ਨਾਲ ਹੀ ਗਿੱਦੜਬਾਹਾ ਹਲਕੇ ਵਿਚ ਆਪਣੇ ਭਤੀਜੇ ਦੇ ਸਾਹਮਣੇ ਹਿੱਕ ਚੁਣੌਤੀ ਵਜੋਂ ਡਟਣਗੇ। ਜਿਸਦਾ ਇੱਕ ਪਹਿਲੂ ਇਹ ਹੈ ਕਿ ਇਹ ਦੋਵੇਂ ਹਲਕੇ ਆਪਸ ਵਿਚ ਜੁੜਦੇ ਹਨ ਤੇ ਦੋਵੇਂ ਹਲਕਿਆਂ ਦੀ ਸਿਆਸੀ ਗਲੀਆਂ ਦੇ ਚੱਪੇ-ਚੱਪੇ ਤੋਂ ਸ੍ਰੀ ਬਾਦਲ ਭਲੀ-ਭਾਂਤ ਜਾਣੂ ਹਨ ਦੇ ਦੂਸਰਾ ਇਸ ਮੁੱਖ ਮੰਤਰੀ ਦੇ ਇਨ੍ਹਾਂ ਹਲਕਿਆਂ ਤੋਂ ਖੜ੍ਹਣ ਦਾ ਅਸਰ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਸਮਰਥਕਾਂ ਵੱਲੋਂ ਮਾਲਵੇ ਵਿਚ ਲਾਏ ਜਾਣ ਵਾਲੇ ਖੋਰੇ ਨੂੰ ਵੀ ਮੱਠਾ ਪਾਵੇਗਾ। ਇਸਦੇ ਇਲਾਵਾ ਇਨ੍ਹਾਂ ਦੋਵੇਂ ਹਲਕਿਆਂ ਵਿਚ ਸ੍ਰੀ ਵੱਡੇ ਬਾਦਲ ਦੇ ਖੁਦ ਖੜੇ ਅਤੇ ਵੋਟਰਾਂ ਤੱਕ ਨਿੱਜੀ ਤੌਰ ਪਹੁੰਚਣ ਨਾਲ 50 ਸਾਲ ਪੁਰਾਣੇ ਸਬੰਧਾਂ ਦੀ ਸ਼ਰਮ ਨਾਲ ਵੀ ਵੋਟ ਪੈਣ ਦਾ ਇੱਕ ਚੰਗਾ ਫੈਕਟਰ ਮੰਨਿਆ ਜਾ ਰਿਹਾ ਹੈ।
                 ਮੁੱਖ ਮੰਤਰੀ ਬਾਦਅ ਵੱਲੋਂ ਕਿਸੇ ਸਮੇਂ ਆਪਣੇ ਹੱਥੀਂ ਗਿੱਦੜਬਾਹਾ 'ਚ ਲਾਏ ਬੂਟੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਡੇਢ ਦਹਾਕੇ ਪੁਰਾਣੇ ਕਿਲ੍ਹੇ ਨੂੰ ਮੌਜੂਦਾ ਸਹਿਜੇ ਲਹਿਜੇ ਅਨੁਸਾਰ ਨੇਸਤਾਬੂਤ ਕਰਨਾ ਪਹਿਲ ਬਣੀ ਹੋਈ ਹੈ। ਉਥੇ ਜੱਦੀ ਹਲਕੇ ਲੰਬੀ ਵਿਚ ਦੋ-ਦੋ ਸਰੀਕ ਭਰਾਵਾਂ ਨਾਲ ਹੋਣ ਵਾਲੀ ਚੋਣ ਜੰਗ ਵਿਚ ਗਿੱਦੜਬਾਹੇ ਤੋਂ ਚੋਣ ਲੜਣ ਦਾ ਹਮਲਾਵਰ ਸਿਆਸਤ ਦਾ ਦੋਹਰਾ ਪੈਂਤੜਾ ਖੇਡ ਕੇ ਸੂਬੇ ਦੇ ਵੋਟਰਾਂ ਦੇ ਸਾਹਮਣੇ ਸੱਤਾ ਵਾਪਸੀ ਲਈ ਇੱਕ ਮਜ਼ਬੂਤ ਮਾਹੌਲ ਦੀ ਰਣਨੀਤੀ ਹਿੱਸਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ (ਬ) ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲੰਬੀ ਤੋਂ ਚੋਣ ਲੜਣ ਦੀ ਕਣਸੋਆਂ ਹਨ ਪਰ ਅਜੇ ਤੱਕ ਉਨ੍ਹਾਂ ਦੇ ਜਲਾਲਾਬਾਦ ਜਾਂ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਦੀ ਸੰਭਾਵਨਾਵਾਂ ਜ਼ਿਆਦਾ ਜਾਪਦੀਆਂ ਹਨ।
                 ਇਸੇ ਮਨਸ਼ਾ ਦੇ ਤਹਿਤ ਮੁੱਖ ਮੰਤਰੀ ਦੇ ਦੌਰਿਆਂ ਵਿਚ ਪ੍ਰਮੁੱਖਤਾ ਨਾਲ ਸ਼ਰੀਕ ਹੁੰਦੀ ਲੰਬੀ ਤੋਂ ਇਲਾਵਾ ਹੁਣ ਗਿੱਦੜਬਾਹਾ ਵੀ 'ਹਾਈ ਪਾਵਰ ਜ਼ੋਨ' ਬਣਿਆ ਹੋਇਆ ਹੈ। ਤਦੇ ਲੜੀਵਾਰ ਸੰਗਤ ਦਰਸ਼ਨ ਸਮਾਗਮਾਂ ਰਾਹੀਂ ਗਿੱਦੜਬਾਹਾ ਅਤੇ ਲੰਬੀ ਦੇ ਪਿੰਡਾਂ ਗਰਾਂਟਾਂ ਦਾ ਮੀਂਹ ਵਰ੍ਹਾ ਕੇ ਚੋਣ ਪਿੜ ਨੂੰ ਆਪਣੇ ਹੱਕ ਕਰਨ ਦਾ ਹਰਵਾ ਕੀਤਾ ਜਾ ਰਿਹਾ ਹੈ।

13 October 2011

ਦੁਨੀਆਂ ਭਰ 'ਚ ਏਡਜ ਨਾਲੋਂ ਵੀ ਚਾਰ ਗੁਣਾ ਵੱਧ ਫੈਲਿਆ ਕੈਂਸਰ

-ਤਾਜੇ ਅੰਕੜਿਆਂ ਅਨੁਸਾਰ ਦੁਨੀਆਂ ਭਰ 'ਚ ਕੈਂਸਰ ਦੀ ਬੀਮਾਰੀ 'ਚ 
20 ਫ਼ੀਸਦੀ ਦਾ ਔਸਤਨ ਵਾਧਾ-
                                          
                                                     ਇਕਬਾਲ ਸਿੰਘ ਸ਼ਾਂਤ
                  ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ 'ਰੋਕੋ ਕੈਂਸਰ' ਦੇ ਗਲੋਬਲ ਰਾਜਦੂਤ ਸ੍ਰੀ ਕੁਲਵੰਤ ਧਾਲੀਵਾਲ ਨੇ ਕਿਹਾ ਕਿ ਅਜੋਕੇ ਤਣਾਅਪੂਰਨ ਮਾਹੌਲ ਨੇ ਮਨੁੱਖਤਾ ਨੂੰ ਸਾਦੇ ਜੀਵਨ ਤੋਂ ਕੋਹਾਂ ਦੂਰ ਲਿਜਾ ਕੇ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦੇ ਚੰਗੁਲ ਵਿਚ ਅਜਿਹਾ ਉਲਝਾ ਦਿੱਤਾ ਹੈ ਕਿ ਕੈਂਸਰ ਦੁਨੀਆਂ 'ਚ ਸਭ ਤੋਂ ਭਿਆਨਕ ਤੇ ਨਾਮੁਰਾਦ ਬੀਮਾਰੀ ਮੰਨੇ ਜਾਂਦੀ ਏਡਜ਼ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਫੈਲ ਚੁੱਕਿਆ ਹੈ।
                ਉਨ੍ਹਾਂ ਅੱਜ ਇਸ ਪ੍ਰਤਿਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਖਿਆ ਕਿ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਕੈਂਸਰ ਦੀ ਬੀਮਾਰੀ ਵਿਚ 20 ਫ਼ੀਸਦੀ ਦਾ ਔਸਤਨ ਵਾਧਾ ਹੋਇਆ ਹੈ, ਜੋ ਕਿ ਮਨੁੱਖਤਾ ਲਈ ਬੇਹੱਦ ਭਿਆਨਕ ਸੰਕੇਤ ਹੈ। ਇਸ ਖ਼ਤਰੇ ਦੀ ਘੰਟੀ ਨੂੰ ਮਹਿਸੂਸ ਕਰਦਿਆਂ ਯੂਰਪੀਅਨ ਮੁਲਕਾਂ ਦੀਆਂ ਸਰਕਾਰਾਂ ਬੇਹੱਦ ਗੰਭੀਰ ਹਨ। ਜਿਸਦੇ ਮੱਦੇਨਜ਼ਰ ਰੋਕੋ ਕੈਂਸਰ ਦੇ ਯਤਨਾਂ ਸਦਕਾ ਕੈਂਸਰ ਦੀ ਰੋਕਥਾਮ ਲਈ ਵਿਸ਼ਵ ਪੱਧਰ 'ਤੇ ਹੱਲ ਕੱਢਣ ਲਈ ਕੱਲ੍ਹ 12 ਅਕਤੂਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਖੇ 17 ਮੁਲਕਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਜਿਸ ਵਿਚ 17 ਮੁਲਕਾਂ ਦੇ ਸੰਸਦ ਮੈਂਬਰ ਹਿੱਸਾ ਲੈਣਗੇ।
ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਮਾਜ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਵਧ ਰਹੇ ਤਣਾਅ ਅਤੇ ਰਸਾਇਣਿਕ ਖਾਦਾਂ ਕਰਕੇ ਹੋਏ ਦੂਸ਼ਿਤ ਹੁੰਦੇ ਪਾਣੀਆਂ ਸਮੇਤ ਵੱਖ-ਵੱਖ ਵਿਸ਼ੇ-ਵਿਕਾਰਾਂ ਕਰਕੇ ਅਜੋਕੇ ਤਰੱਕੀ ਦੇ ਵਸੀਲੇ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਵੀ ਸਿੱਧ ਹੋ ਰਹੇ ਸਨ।
              ਸ੍ਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅਸੀਂ ਤੜਕ-ਭੜਕ ਅਤੇ ਤਣਾਅ ਭਰੇ ਜੀਵਨ ਤੋਂ ਪਾਸਾ ਵੱਟ ਕੇ ਇਕਜੁਟਤਾ ਨਾਲ ਸਾਦੇ ਜੀਵਨ ਵੱਲ ਮੂੰਹ ਨਾ ਮੋੜਿਆ ਤਾਂ ਅਗਲੇ ਇੱਕ-ਡੇਢ ਦਹਾਕੇ ਵਿਚ ਦੁਨੀਆਂ ਦੇ ਤਕਰੀਬਨ ਹਰੇਕ ਦੂਸਰੇ ਪਰਿਵਾਰ ਨੂੰ ਕੈਂਸਰ ਦਾ ਮਾੜਾ ਪਰਛਾਵਾਂ ਭੋਗਣਾ ਪਵੇਗਾ।
                ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਨਾਲ ਜੂਝ ਰਿਹਾ ਹੈ, ਉਥੇ ਦੁਨੀਆਂ ਦੇ ਹੋਰਨਾਂ ਮੁਲਕ ਵੀ ਇਸਦੀ ਮਾਰ ਹੇਠ ਹਨ। ਉਨ੍ਹਾਂ ਕੈਂਸਰ ਦੀ ਬੀਮਾਰੀ ਖਿਲਾਫ਼ ਰੋਕੋ ਕੈਂਸਰ ਦੀਆਂ ਕਾਰਗੁਜਾਰੀਆਂ ਅਤੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਵੱਲੋਂ ਰੋਕੋ ਕੈਂਸਰ ਦੇ ਸਹਿਯੋਗ ਨਾਲ 28 ਅਕਤੂਬਰ ਤੋਂ ਸੂਬੇ ਵਿਚ ਕੈਂਸਰ ਨੂੰ ਮੁੱਢਲੇ ਪਛਾਣਨ ਦੇ ਉਦੇਸ਼ ਨਾਲ ਆਰੰਭੀ ਮੁਹਿੰਮ ਨੂੰ ਇੱਕ ਚੰਗੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਹੁਣ ਜੇਕਰ ਲੋਕ ਗੰਭੀਰਤਾ ਨਾਲ ਇਸ ਮੁਹਿੰਮ ਨੂੰ ਸਾਥ ਦੇਣ ਤਾਂ ਸੂਬੇ ਦੇ ਹਰ ਕੈਂਸਰ ਬਾਰੇ ਸ਼ੱਕੀ ਵਿਅਕਤੀ ਦਾ ਮੁੱਢਲੇ ਪੜਾਅ 'ਤੇ ਚੈਕਅੱਪ ਕਰਵਾ ਕੇ ਪੰਜਾਬ 'ਚ ਵੀ ਵਿਦੇਸ਼ਾਂ ਵਾਂਗ ਕੈਂਸਰ ਨਾਲ ਹੋਣ ਵਾਲੀਆਂ 'ਤੇ ਮੌਤਾਂ ਦੀ ਦਰਾਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ।
                   ਕੈਂਸਰ ਦੀ ਬੀਮਾਰੀ ਖਿਲਾਫ਼ ਆਪਣੇ ਜੀਵਨ ਸਮਰਪਿਤ ਕਰਨ ਵਾਲੇ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਰੋਕੋ ਕੈਂਸਰ ਵੱਲੋਂ ਪੰਜਾਬ ਵਿਚ ਕੈਂਸਰ ਚੈੱਕਅਪ ਲਈ ਪਹਿਲਾਂ 5 ਬੱਸਾਂ ਚੱਲ ਰਹੀਆਂ ਸਨ, ਪਰ ਹੁਣ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਇੱਕ ਨਵੀਂ ਬੱਸ ਰੋਕੋ ਕੈਂਸਰ ਦੇ ਭਾਰਤ ਵਿਚ ਨੁਮਾਇੰਦੇ ਸ: ਅਰਵਿੰਦਰ ਸਿੰਘ ਚਾਵਲਾ ਨੂੰ ਸੌਂਪੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ ਪਿੰਗਲਵਾੜਾ (ਅੰਮ੍ਰਿਤਸਰ) ਵਿਖੇ ਇੱਕ ਕੈਂਸਰ ਚੈੱਕਅੱਪ ਕੈਂਪ ਲਾਇਆ ਜਾ ਰਿਹਾ ਹੈ।

02 October 2011

ਪਿੰਡ ਲੰਬੀ ਦਾ ਨੌਜਵਾਨ ਭਾਰਤੀ ਫੌਜ ਦੀ ਜੱਜ-ਐਡਵੋਕੇਟ ਜਨਰਲ ਬਰਾਂਚ 'ਚ ਲੈਫਟੀਨੈਂਟ ਚੁਣਿਆ ਗਿਆ

                                        ਇਕਬਾਲ ਸਿੰਘ ਸ਼ਾਂਤ
ਲੰਬੀ-ਬਾਬੂ ਰਜ਼ਬ ਅਲੀ ਦੀ ਸ਼ਾਇਰੀ ਵਿਚ ਸ਼ਿਕਾਇਤੀਆਂ ਦੇ ਪਿੰਡ ਲੂਲੂਵਜੋਂ ਜਾਣੀ ਜਾਂਦੀ 'ਲੰਬੀ' ਦਾ ਇੱਕ ਨੌਜਵਾਨ ਪਵਨਦੀਪ ਸਿੰਘ ਧਾਲੀਵਾਲ ਹੁਣ ਭਾਰਤੀ ਫੌਜ ਦੀ ਜੱਜ-ਐਡਵੋਕੇਟ ਜਰਨਲ ਬਰਾਂਚ (ਜੇ.ਏ.ਜੀ.) ਵਿਚ ਫੌਜੀਆਂ ਨਾਲ ਸਬੰਧਤ ਮਾਮਲਿਆਂ 'ਤੇ ਬਤੌਰ ਜੱਜ-ਐਡਵੋਕੇਟ ਸ਼ਿਕਾਇਤਾਂ ਸੁਣਦਾ ਅਤੇ ਪੈਰਵੀ ਕਰਦਾ ਨਜ਼ਰ ਆਵੇਗਾ। ਆਰਮੀ ਇੰਸਟੀਟਿਉਟ ਆਫ਼ ਲਾਅ ਤੋਂ ਗ੍ਰੇਜੂਏਟ ਪਵਨਦੀਪ ਸਿੰਘ ਭਾਰਤੀ ਫੌਜ ਦੇ ਟੈਸਟ ਵਿਚੋਂ ਜੱਜ-ਐਡਵੋਕੇਟ ਦੇ ਅਹੁਦੇ ਲਈ ਦੇਸ਼ ਭਰ ਵਿਚੋਂ ਪਹਿਲੇ ਸਥਾਨ 'ਤੇ ਰਿਹਾ।
            ਪਵਨਦੀਪ ਸਿੰਘ ਦੀ ਇਸ ਵਕਾਰੀ ਪ੍ਰਾਪਤੀ 'ਤੇ ਉਸਦੇ ਪਰਿਵਾਰ ਵਿਚ ਬਹੁਤ ਖੁਸ਼ੀ ਦਾ ਮਾਹੌਲ ਹੈ। ਪਿੰਡ ਲੰਬੀ ਦੇ ਸਧਾਰਨ ਕਿਸਾਨ ਪਰਿਵਾਰ ਬਹਾਲ ਸਿੰਘ ਦੇ ਹੋਣਹਾਰ ਪੋਤਰੇ ਪਵਨਦੀਪ ਸਿੰਘ ਦੇ ਸਿਰੋਂ ਬਚਪਨ 'ਚ ਆਪਣੇ ਪਿਤਾ ਛਿੰਦਰਪਾਲ ਪਾਲ ਸਿੰਘ ਦਾ ਸਾਇਆ ਸਿਰ ਤੋਂ ਉੱਠਣ ਦੇ ਬਾਵਜੂਦ ਉਸਦੇ ਦਾਦਾ ਬਹਾਲ ਸਿੰਘ, ਮਾਤਾ ਸੁਖਪ੍ਰੀਤ ਕੌਰ ਅਤੇ ਚਾਚਾ ਗੁਰਵਿੰਦਰ ਸਿੰਘ ਹੁਰਾਂ ਦੀ ਛਤਰਛਾਇਆ ਹੇਠ ਵਧ ਫੁੱਲ ਕੇ ਭਾਰਤੀ ਫੌਜ ਜਰੀਏ ਦੇਸ਼ ਸੇਵਾ ਲਈ ਜਜ਼ਬਾ ਪਰਵਾਨ ਚੜਿ•ਆ।
             ਪਵਨਦੀਪ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ 11 ਮਹੀਨਿਆਂ ਦੀ ਟਰੇਨਿੰਗ ਲਈ ਚੇਨੰਈ ਵਿਖੇ ਆਫਿਸਰਜ਼ ਟਰੇਨਿੰਗ ਅਕੈਡਮੀ ਵਿਖੇ ਜਾ ਰਿਹਾ ਹੈ। ਪਵਨਦੀਪ ਨੇ ਦੱਸਿਆ ਕਿ ਭਾਰਤੀ ਫੌਜ ਦੇ ਨਿਯਮਾਂ ਅਨੁਸਾਰ ਟਰੇਨਿੰਗ ਉਪਰੰਤ ਉਸਦਾ ਸ਼ੁਰੂਆਤੀ ਰੈਂਕ ਲੈਫਟੀਨੈਂਟ ਹੋਵੇਗਾ, ਪਰ ਤਾਇਨਾਤੀ ਜੱਜ-ਐਡਵੋਕੇਟ ਜਰਨਲ ਬਰਾਂਚ ਵਿਚ ਜੱਜ-ਐਡਵੋਕੇਟ ਦੇ ਅਹੁਦੇ 'ਤੇ ਹੋਵੇਗੀ।
ਉਸਨੇ ਦੱਸਿਆ ਕਿ ਇੱਕ ਕਿਸਾਨ ਪਰਿਵਾਰ ਦਾ ਜੰਮਪਲ ਹੋਣ ਕਰਕੇ 'ਜੈ ਜਵਾਨ-ਜੈ ਕਿਸਾਨ' ਦੇ ਨਾਹਰੇ ਅਨੁਸਾਰ ਉਸਦੀ ਬਚਪਨ ਤੋਂ ਭਾਰਤੀ ਫੌਜ ਵਿਚ ਸੇਵਾ ਕਰਨ ਦੀ ਤਾਂਘ ਸੀ ਜਿਸਨੂੰ ਪਰਮਾਤਮਾ ਨੇ ਹੁਣ ਪੂਰਾ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਆਪਣੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਆਪਣੇ ਖਾਨਦਾਨ , ਪਿੰਡ ਲੰਬੀ ਅਤੇ ਪੰਜਾਬ ਦਾ ਸਿਰ ਫਖ਼ਰ ਨਾਲ ਉੱਚ ਕਰਨ ਲਈ ਹਮੇਸ਼ਾਂ ਤਤੱਪਰ ਰਹੇਗਾ।