28 March 2012

ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਮੁੱਖ ਮੰਤਰੀ ਦੇ ਘਰ 'ਤੇ ਵੀ ਝੂਲੇ ਕੇਸਰੀ ਝੰਡੇ

         ਪਿੰਡ ਬਾਦਲ 'ਚ ਨਾ ਮਿਲਿਆ 'ਪੰਜਾਬ ਬੰਦ' ਨੂੰ ਪੂਰਾ ਸਮਰਥਨ- 64 ਫ਼ੀਸਦੀ ਦੁਕਾਨਾਂ ਖੁੱਲ੍ਹੀਆਂ
                                                             ਇਕਬਾਲ ਸਿੰਘ ਸ਼ਾਂਤ

        ਲੰਬੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਾਈ ਬਲੰਵਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ' ਰੋਸ ਪ੍ਰਗਟਾਉਣ ਲਈ ਦਿੱਤੇ ਬੰਦ ਦੇ ਸੱਦੇ ਅਤੇ ਘਰਾਂ 'ਤੇ ਕੇਸਰੀ ਝੰਡੇ ਲਹਿਰਾਉਣ ਦੇ ਹੁਕਮਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਫਰਜੰਦ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਚਲੇ ਕਿਲ੍ਹਾਨੁਮਾ ਘਰ 'ਤੇ ਅੱਜ ਦਰਜਨਾਂ ਕੇਸਰੀ ਝੰਡੇ ਝੂਲਦੇ ਵੇਖਣ ਨੂੰ ਮਿਲੇ। ਜਦੋਂਕਿ ਮੁੱਖ ਮੰਤਰੀ ਦੇ ਜਦੀ (ਪੁਰਾਣੇ) ਘਰ 'ਤੇ ਕੋਈ ਵੀ ਕੇਸਰੀ ਝੰਡਾ ਵੇਖਣ ਨੂੰ ਨਾ ਮਿਲਿਆ। ਹਾਲਾਂਕਿ ਪਿੰਡ ਬਾਦਲ ' ਬੰਦ ਨੂੰ ਬਹੁਤਾ ਸਮਰਥਨ ਨਾ ਮਿਲ ਸਕਿਆ
         ਬਾਦਲ ਪਰਿਵਾਰ ਦੇ ਇਸ ਕਦਮ ਨੇ ਪਿਛਲੇ ਕੁਝ ਸਮੇਂ ਤੋਂ ਪੰਥਕ ਏਜੰਡੇ ਨੂੰ ਤਿਆਗ ਕੇ ਪੰਜਾਬੀਅਤ ਦੇ ਏਜੰਡੇ ਨੂੰ ਗਲ ਲਾਉਣ ਵਾਲੇ ਇਸ ਘਾਗ ਸਿਆਸਤਦਾਨ ਨੇ ਮੁੜ ਤੋਂ ਸਮੇਂ ਦੀ ਨਬਜ਼ ਨੂੰ ਪਛਾਣਨ ਦੇ ਸੰਕੇਤ ਵੀ ਦੇ ਦਿੱਤੇ ਹਨ।
ਹਾਲਾਂਕਿ ਸ੍ਰੀ ਬਾਦਲ ਨੂੰ ਦੇਸ਼ ਭਰ ਦੇ ਸਾਊ ਅਤੇ ਨਰਮ ਸਿਆਸਤ ਦੇ ਧਾਰਨੀ ਆਗੂਆਂ ਵਿਚੋਂ ਮੋਹਰੀ ਆਗੂ ਮੰਨਿਆ ਜਾਂਦਾ ਹੈ, ਪਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ' ਸ੍ਰੀ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਤੋਂ ਪਾਸੇ ਹਟ ਕੇ ਆਪਣੇ ਸਾਬਕਾ ਹਮਰੁਤਬਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ਾਂ ਵਿਚ ਸਜ਼ਾ ਯਾਫ਼ਤਾ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਐਲਾਨ ਨੂੰ ਗੈਰ ਵਾਜਬ ਦੇ ਕੇ ਜਿੱਥੇ ਖੁਦ 'ਤੇ ਪੰਥਕ ਏਜੰਡੇ ਤੋਂ ਮੁਨਕਰ ਹੋਣ ਦੇ ਲੱਗਦੇ ਦੋਸ਼ਾਂ ਹਵਾ ਕੱਢ ਕੇ ਰੱਖ ਦਿੱਤੀ ਹੈ, ਉਥੇ ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਨੂੰ ਇੱਕ ਵਾਰ ਮੁੜ ਤੋਂ ਆਪਣੇ ਘਾਗਪੁਣੇ ਤੋਂ ਵਧੇਰੇ ਜਾਣੂ ਕਰਵਾ ਦਿੱਤਾ। ਪੰਜਾਬ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਮਾਤ ਦੇ ਕੇ ਮੁੜ ਤੋਂ ਸਿਆਸੀ ਜੰਗ ਵਿਚ ਫਤਿਹ ਹਾਸਲ ਕਰਨ ਵਾਲੇ ਬਾਦਲ ਪਿਉ-ਪੁੱਤ ਨੇ ਅਕਾਲ ਤਖ਼ਤ ਦੇ ਹੁਕਮਾਂ 'ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਰਾਸ਼ਟਰਪਤੀ ਤੱਕ ਬੜੀ ਗੰਭੀਰਤਾ ਨਾਲ ਚਾਰਾਜੋਈ ਰਾਹੀਂ ਪੰਥਕ ਏਜੰਡੇ 'ਤੇ  ਵੀ ਵਿਰੋਧੀਆਂ ਨੂੰ ਮਾਤ ਪਾਉਣ ਵੱਲ ਬੜੀ ਮਜ਼ਬੂਤੀ ਕਦਮ ਪੁੱਟਿਆ ਹੈ।
            ਅੱਜ ਮੁੱਖ ਮੰਤਰੀ ਬਾਦਲ ਦੀ ਕਿਲ੍ਹਾਨੁਮਾ ਰਿਹਾਇਸ਼ ਦੇ ਮੁੱਖ ਦਰਵਾਜੇ ਦੇ ਇਲਾਵਾ ਬਾਹਰੀ ਕੰਧਾਂ 'ਤੇ ਚਹੁੰ ਪਾਸੇ ਲੱਗੇ ਦਰਜਨਾਂ ਝੰਡੇ ਆਮ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਹਾਲਾਂਕਿ ਸਮੁੱਚੇ ਪੰਜਾਬ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਐਲਾਨ ਦੇ ਉਪਰੰਤ ਪਿਛਲੇ ਕਈ ਦਿਨ੍ਹਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਕੇਸਰੀ ਝੰਡੇ ਲੋਕਾਂ ਦੇ ਘਰਾਂ ਵਿਚ ਆਮ ਝੂਲਦੇ ਨਜ਼ਰ ਰਹੇ ਹਨ, ਪਰ ਫਖ਼ਰ--ਕੌਮ ਦੇ ਖਿਤਾਬ ਨਾਲ ਨਿਵਾਜੇ ਗਏ ਮੁੱਖ ਮੰਤਰੀ ਬਾਦਲ ਦੀ ਜੱਦੀ ਰਿਹਾਇਸ਼ 'ਤੇ ਕੇਸਰੀ ਝੰਡੇ ਅੱਜ ਸਵੇਰੇ 11 ਕੁ ਵਜੇ ਝੁਲਾਏ ਗਏ। ਜਦੋਂਕਿ ਪਿੰਡ ਬਾਦਲ ਵਿਖੇ ਸਥਿਤ ਅਕਾਲੀ ਦਲ ਦਾ ਦਫ਼ਤਰ ਅਜੇ ਵੀ ਕੇਸਰੀ ਝੰਡਿਆਂ ਤੋਂ ਸੱਖਣਾ ਵਿਖਾਈ ਦੇ ਰਿਹਾ ਸੀ। ਜਿੱਥੇ ਕੇਸਰੀ ਝੰਡਿਆਂ ਦਾ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਬਾਦਲ ਦੀ ਪੁਰਾਣੀ ਰਿਹਾਇਸ਼ 'ਤੇ ਵੀ ਝੰਡਾ ਵੇਖਣ ਨੂੰ ਨਹੀਂ ਮਿਲਿਆ। ਜਦੋਂਕਿ ਪਿੰਡ ਬਾਦਲ ਵਿਚ ਘਰਾਂ ਅਤੇ ਦੁਕਾਨਾਂ 'ਤੇ ਕੇਸਰੀ ਝੰਡਿਆਂ ਲਾਉਣ ਦਾ ਬਹੁਤਾ ਰੁਝਾਨ ਨਹੀਂ ਵਿਖਾਈ ਦੇ ਰਿਹਾ। ਅੱਜ ਮੁੱਖ ਮੰਤਰੀ ਦੇ ਘਰ ਤੋਂ ਇਲਾਵਾ ਪਿੰਡ ਦੇ ਬਮੁਸ਼ਕਿਲ ਅੱਧੀ ਦਰਜਨਾਂ ਤੋਂ ਵੀ ਘੱਟ ਘਰਾਂ 'ਤੇ ਕੇਸਰੀ ਝੰਡੇ ਝੁਲਦੇ ਵਿਖਾਈ ਦਿੱਤੇ। ਇਸੇ ਤਰ੍ਹਾਂ ਹਲਕੇ ਦੇ ਹੋਰਨਾਂ ਪਿੰਡਾਂ ਲੰਬੀ, ਖਿਉਵਾਲੀ, ਮਹਿਣਾ, ਮੰਡੀ ਕਿੱਲਿਆਂਵਾਲੀ ਸਮੇਤ ਵੱਖ-ਵੱਖ ਪਿੰਡਾਂ ਵਿਚ ਗਿਣਤੀ ਦੇ ਘਰਾਂ 'ਤੇ ਝੰਡੇ ਲੱਗੇ ਵਿਖਾਈ ਦਿੱਤੇ।
          ਇਸੇ ਤਰ੍ਹਾਂ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਪਿੰਡ ਬਾਦਲ ' ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਪਿੰਡ ਬਾਦਲ ਵਿਚ ਬਠਿੰਡਾ ਰੋਡ 'ਤੇ ਇਕਲੌਤੇ ਬਾਜ਼ਾਰ ਵਿਚ ਲਗਭਗ 65 ਫ਼ੀਸਦੀ ਦੁਕਾਨਦਾਰਾਂ ਨੇ ਆਮ ਦਿਨਾਂ ਵਾਂਗ ਦੁਕਾਨਾਂ ਖੋਲ੍ਹੀਆਂ। ਜਿਨ੍ਹਾਂ ਨੂੰ ਬਾਅਦ ਦੁਪਹਿਰ ਪੱਤਰਕਾਰਾਂ ਵੱਲੋਂ ਪਿੰਡ ਵਿਚ ਖੁੱਲ੍ਹੀਆਂ ਦੁਕਾਨਾਂ ਦੀਆਂ ਫੋਟੋਆਂ ਖਿੱਚਣ 'ਤੇ ਬੰਦ ਕਰਵਾ ਦਿੱਤਾ ਗਿਆ।
            ਇਸਦੇ ਇਲਾਵਾ ਲੰਬੀ ਹਲਕੇ ਦੇ ਮੁੱਖ ਕਸਬੇ ਲੰਬੀ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਪੰਜਾਬ ਬੰਦ ਦੇ ਸੱਦੇ 'ਤੇ ਕਾਰੋਬਾਰ ਬਿਲਕੁੱਲ ਬੰਦ ਰਹੇ। ਜਦੋਂਕਿ ਮੰਡੀ ਕਿੱਲਿਆਂਵਾਲੀ ਦੇ ਬੱਸ ਅੱਡੇ ਵਿਚ ਬੱਸਾਂ ਦੀ ਆਵਾਜਾਈ ਬੰਦ ਰਹਿਣ ਕਰਕੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

15 March 2012

ਨਿੱਕੇ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਉਸਦੇ ਪਰਿਵਾਰ 'ਚ ਮਾਤਮ ਛਾਇਆ

 -ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਨੇ ਅਦਾਲਤੀ ਫੈਸਲੇ ਨੂੰ ਦਿੱਤਾ ਸੌ ਫ਼ੀਸਦੀ ਦਰੁੱਸਤ ਕਰਾਰ-
 -ਮੁਦਈ ਅਤੇ ਮੁਜਰਿਮ ਸਾਂਵਤਖੇੜਾ ਦੇ ਹੋਣ ਕਰਕੇ ਪਿੰਡ ਦੇ ਲੋਕ ਕੁਝ ਕਹਿਣੋਂ ਮੁਨਕਰ-
                                                           ਇਕਬਾਲ ਸਿੰਘ ਸ਼ਾਂਤ
              ਡੱਬਵਾਲੀ- ਪਿੰਡ ਸਾਵੰਤਖੇੜਾ ਵਿਚ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ 22 ਸਾਲਾ ਨਿੱਕਾ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨਾਲ ਉਸਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਦੂਸਰੇ ਪਾਸੇ ਮ੍ਰਿਤਕ ਔਰਤ ਦਾ ਪਰਿਵਾਰ ਇਸਨੂੰ ਅਦਾਲਤ ਦਾ ਸਹੀ ਇਨਸਾਫ ਕਰਾਰ ਦੇ ਰਿਹਾ ਹੈ। ਹਾਲਾਂਕਿ ਪਿੰਡ ਵਿਚ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣ ਬਾਰੇ ਚਰਚਾ ਤਾਂ ਜ਼ਰੂਰ ਹੈ ਪਰ ਇਸ 'ਤੇ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ।
ਬੀਤੇ ਕੱਲ੍ਹ ਸਿਰਸਾ ਦੀ ਜ਼ਿਲ੍ਹਾ ਐਡੀਸ਼ਨ ਸ਼ੈਸ਼ਨ ਜੱਜ ਨੀਲਿਮਾ ਸਾਂਗਲਾ ਵੱਲੋਂ 11 ਫਰਵਰੀ 2011 ਨੂੰ ਦੁਪਿਹਰ ਬਾਅਦ ਘੁੰਮਣ ਜਾ ਰਹੀ 75 ਸਾਲਾ ਬਜ਼ੁਰਗ ਔਰਤ ਗੁਰਦੇਵ ਕੌਰ ਨਾਲ ਜ਼ਬਰਦਸਤੀ ਉਪਰੰਤ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪਿੰਡ ਸਾਂਵਤਖੇੜਾ ਦੇ ਹੀ ਨਿੱਕਾ ਸਿੰਘ ਪੁੱਤਰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਨਿੱਕਾ ਸਿੰਘ ਦੇ ਘਰ 'ਤੇ ਮਾਤਮ ਛਾਇਆ ਹੋਇਆਹੈ। ਪਰਿਵਾਰ ਵਾਲੇ ਅਦਾਲਤ ਦੇ ਇਸ ਫੈਸਲੇ ਨਾਲ ਸਦਮੇ ਵਿਚ ਹਨ।
             ਅੱਜ ਪੱਤਰਕਾਰਾਂ ਦੀ ਟੀਮ ਜਦੋਂ ਪਿੰਡ ਸਾਵੰਤਖੇੜਾ ਵਿਖੇ ਨਿੱਕਾ ਸਿੰਘ ਦੇ ਘਰ ਪੁੱਜੀ ਤਾਂ ਨਿੱਕਾ ਸਿੰਘ ਦੀ ਮਾਤਾ ਤੇਜ ਕੌਰ ਘਰ ਦੇ ਇਕ ਕੋਨੇ ਵਿਚ ਮੰਜੇ 'ਤੇ ਪਈ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਅੰਖਾਂ ਵਿਚ ਹੰਝੂ ਕੇਰ ਰਹੀ ਸੀ। ਕੁਝ ਇਸੇ ਤਰ੍ਹਾਂ ਦਾ ਹਾਲ ਉਸਦੇ ਭਰਾ ਜੱਗਾ ਸਿੰਘ, ਚਚੇਰੀ ਭੈਣ ਰਾਣੀ ਅਤੇ ਪਿੰਡ ਦੇ ਚੌਂਕੀਦਾਰ ਅਤੇ ਤਾਇਆ ਹੰਸਰਾਜ ਦਾ ਹੈ। ਜਿਹੜੇ ਕਿ ਨਿੱਕਾ ਸਿੰਘ ਨੂੰ ਫਾਂਸੀ ਸਜ਼ਾ ਹੋਣ ਕਰਕੇ ਬੇਹੱਦ ਨਾਮੋਸ਼ੀ ਵਿਚ ਹਨ।
             ਨਿੱਕਾ ਮਾਤਾ ਤੇਜ਼ ਕੌਰ ਨੇ ਅੱਖਾਂ ਵਿਚੋਂ ਵਗਦੇ ਹੰਝੂਆਂ ਨੂੰ ਕਾਬੂ ਪਾਉਂਦਿਆਂ ਕਿਹਾ ਉਸਦੇ ਪੁੱਤ ਨੂੰ ਸਾਜਿਸ਼ ਦੇ ਤਹਿਤ ਕਤਲ ਦੇ ਮਾਮਲੇ ਵਿਚ ਫਸਾ ਕੇ ਫਾਂਸੀ ਦੇ ਇਲਜਾਮ ਤੱਕ ਪਹੁੰਚਾਇਆ ਗਿਆ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਨਾ ਤਾਂ ਗੁਰਦੇਵ ਕੌਰ ਦੇ ਪਰਿਵਾਰ ਨਾਲ ਕੋਈ ਦੁਸ਼ਮਣੀ ਸੀ ਅਤੇ ਨਾ ਹੀ ਕੋਈ ਰੰਜ਼ਿਸ਼। ਬਲਕਿ ਉਸਨੇ ਤਾਂ ਗੁਰਦੇਵ ਕੌਰ ਦੇ ਪਰਿਵਾਰ ਵਿਚ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ। ਉਸਨੇ ਕਿਹਾ ਕਿ ਸਾਨੂੰ ਗਰੀਬਾਂ ਨੂੰ ਦੋ ਜੂਨ ਦੀ ਰੋਟੀ ਵਾਸਤੇ ਲਾਲੇ ਪਏ ਰਹਿੰਦੇ ਹਨ। ਇਸ ਘਟਨਾ ਨੂੰ ਉਸਦੇ ਪਰਿਵਾਰ ਨੂੰ ਖਲਿਆਰ ਕੇ ਰੱਖ ਦਿੱਤਾ ਹੈ। ਨਿੱਕਾ ਸਿੰਘ ਦੀ ਪਤਨੀ ਹਰਜਿੰਦਰ ਕੌਰ ਘਟਨਾ ਦੇ ਦੋ ਮਹੀਨੇ ਬਾਅਦ ਆਪਣੇ ਪੇਕੇ ਸੰਗਰੀਆ (ਰਾਜਸਥਾਨ) ਚਲੀ ਗਈ। ਇਸੇ ਦੌਰਾਨ ਨਿੱਕੇ ਦੇ ਭਰਾ ਜੱਗਾ ਸਿੰਘ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਇਨਸਾਫ਼ ਤਾਂ ਕੁਦਰਤ ਕਰੇਗੀ ਪਰ ਉਹ ਆਪਣੇ ਭਰਾ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਹਾਈਕੋਰਟ ਵਿਚ ਅਪੀਲ ਕਰਨਗੇ।
             ਦੂਜੇ ਪਾਸੇ ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ ਸਿਰਫ਼ 395 ਦਿਨਾਂ ਦੇ ਛੋਟੇ ਜਿਹੇ ਵਕਫ਼ੇ ਵਿਚ ਸੁਣਾਏ ਹੱਤਿਆਕਾਂਡ ਦੇ ਇਤਿਹਾਸਕ ਫੈਸਲੇ ਨਾਲ ਸੰਤੁਸ਼ਟੀ ਦਾ ਮਾਹੌਲ ਹੈ। ਅੱਜ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਭਰਾ ਅਜੈਬ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਦੀ ਵੱਡੀ ਭੈਣ ਦੀ ਹੱਤਿਆ ਦੇ ਮਾਮਲੇ ਵਿਚ ਜਿਹੜੀ ਤੇਜ਼ੀ ਨਾਲ ਸੌ ਫ਼ੀਸਦੀ ਇਨਸਾਫ਼ ਦੇ ਕੇ ਅਪਰਾਧੀਆਂ ਨੂੰ ਸਬਕ ਸਿਖਾਇਆ ਹੈ। ਇਸ ਨਾਲ ਭਵਿੱਖ 'ਚ ਗੈਰ ਸਮਾਜਿਕ ਕੰਮਾਂ ਨੂੰ ਅੰਜਾਮ ਦੋਣ ਤੋਂ ਪਹਿਲਾਂ ਜਰਾਇਮਪੇਸ਼ਾ ਲੋਕ ਅਦਾਲਤ ਦਾ ਇਹ ਫੈਸਲਾ ਚੇਤੇ ਕਰਨਗੇ। ਉਨ੍ਹਾਂ ਕਿਹਾ ਕਿ ਨਿੱਕਾ ਸਿੰਘ ਮੰਦੀਆਂ ਆਦਤਾਂ ਦਾ ਸ਼ਿਕਾਰ ਵਿਅਕਤੀ ਸੀ। ਜਿਸਨੇ ਪਹਿਲਾਂ ਵੀ ਹੋਰਨਾਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਥੇ ਹੀ ਅਜੈਬ ਸਿੰਘ ਦੇ ਭਤੀਜੇ ਸ਼ਿਵਰਾਜ ਸਿੰਘ ਨੇ ਆਪਣੀ ਮ੍ਰਿਤਕਾ ਭੂਆ ਦੀ ਤਸਵੀਰ ਹੱਥਾਂ ਵਿਚ ਲੈ ਕੇ ਉਸਨੂੰ ਆਪਣੇ ਪਰਿਵਾਰ ਦੀ ਪ੍ਰੇਰਣਾ ਸ੍ਰੋਤ ਅਤੇ ਵੱਡੀ ਬਜ਼ੁਰਗ ਦੱਸਦੇ ਹੋਏ ਕਿਹਾ ਕਿ ਪੂਰੇ ਪਰਿਵਾਰ ਨੂੰ ਭੂਆ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਅਦਾਲਤ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਹੋਰ ਗੂੜ੍ਹਾ ਹੋਇਆ ਹੈ।
           ਉਸਦੇ ਪਿੰਡ ਦੇ ਆਮ ਲੋਕ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਮੁਦਈ ਅਤੇ ਮੁਜ਼ਰਿਮ ਇਸੇ ਹੀ ਪਿੰਡ ਦੇ ਹੋਣ ਕਾਰਨ ਕੋਈ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਬਚਦੇ ਰਹੇ। ਜ਼ਿਕਰਯੋਗ ਹੈ ਕਿ ਨਿੱਕਾ ਸਿੰਘ ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਫਾਂਸੀ ਦਿੱਤੀ ਜਾਣੀ ਹੈ।

05 March 2012

ਚੋਣਾਂ ਦੀ ਗਿਣਤੀ ਦੇ ਡੇਢ ਦਿਨ ਪਹਿਲਾਂ ਤੱਕ ਖਾਮੋਸ਼ ਹੈ ਪਿੰਡ ਬਾਦਲ

                             -ਬਾਦਲ ਪਿੰਡ ਦੇ ਹਲਵਾਈ ਬਿਨਾਂ ਆਰਡਰ ਤੋਂ ਬਣਾਉਣ ਲੱਗੇ ਲੱਡੂ-
      ਪਿੰਡ ਦੇ ਬਜ਼ੁਰਗਾਂ ਦੇ ਕਥਨ : ਕਿਹਦੇ ਲਈ ਕੁਝ ਕਹੀਏ, ਜਿੱਤਣਾ ਵੀ ਪਿੰਡ ਬਾਦਲ ਨੇ ਹੈ ਤੇ ਹਾਰਨਾ ਵੀ
                                                            ਇਕਬਾਲ ਸਿੰਘ ਸ਼ਾਂਤ
        ਕਈ ਦਹਾਕਿਆਂ ਤੋਂ ਸੂਬੇ ਦੀ ਸਿਆਸਤ 'ਤੇ ਆਪਣੀ ਗਹਿਰੀ ਛਾਪ ਰੱਖਦੀ ਪਿੰਡ ਬਾਦਲ ਦੀ ਸਰਜਮੀਂ ਆਪਣੇ ਤਿੰਨ ਬਾਦਲ ਪੁੱਤਾਂ ਪਾਸ਼, ਦਾਸ ਅਤੇ ਮਹੇਸ਼ਇੰਦਰ ਵਿਚਕਾਰ ਹੋਈ ਚੋਣ ਜੰਗ ਦੇ ਨਤੀਜਿਆਂ ਦੇ ਡੇਢ ਦਿਨ ਪਹਿਲਾਂ ਤੱਕ ਵੀ ਬਿਲਕੁੱਲ ਖਾਮੋਸ਼ ਹੈ, ਕਿਉਂਕਿ ਚੋਣਾਂ ਦੇ ਨਤੀਜਿਆਂ ਉਪਰੰਤ ਜਿੱਤੇਗਾ ਵੀ ਪਿੰਡ ਬਾਦਲ ਅਤੇ ਹਾਰੇਗਾ ਵੀ ਪਿੰਡ ਬਾਦਲ। ਅਜਿਹੇ ਵਿਚ ਨਤੀਜੇ ਆਉਣ 'ਤੇ ਜਿੱਤ ਅਤੇ ਹਾਰ ਨੂੰ ਇੱਕੋ ਸਮੇਂ ਸਾਹਮਣੇ ਵੇਖ ਇੱਥੋਂ ਦੇ ਆਮ ਬਾਸ਼ਿੰਦੇ ਵੀ ਖੁੱਲ੍ਹ ਕੇ ਕੁਝ ਕਹਿਣੋਂ ਗੁਰੇਜ਼ ਕਰ ਰਹੇ ਹਨ। ਹਰ ਹਾਲਤ ਵਿਚ ਲੰਬੀ ਹਲਕੇ ਤੋਂ ਜਿੱਤ ਬਾਦਲ ਪਿੰਡ ਦੀ ਹੀ ਹੋਣ ਕਰਕੇ ਇੱਥੋਂ ਦੇ ਹਲਵਾਈਆਂ ਵੱਲੋਂ ਆਪਣੀਆਂ ਦੁਕਾਨਾਂ 'ਤੇ ਵੱਡੀ ਗਿਣਤੀ ਲੱਡੂ ਬਣਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਧਿਰ ਵੱਲੋਂ ਅਗਾਊਂ ਆਰਡਰ ਨਹੀਂ ਮਿਲਿਆ।
               ਪਰਸੋਂ 6 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਵਿਚ ਪਾਸ, ਦਾਸ ਅਤੇ ਮਹੇਸ਼ਇੰਦਰ ਦੇ ਧੜੇ ਆਪੋ-ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਸਵੰਦ ਹਨ, ਪਰ ਉਥੇ ਸਰੀਕਾਂ ਹੱਥੋਂ ਹਾਰ ਦਾ ਡਰ ਵੀ ਕਿਸੇ ਕੋਨੇ ਵਿਚੋਂ ਝਲਕਾਰੇ ਮਾਰ ਰਿਹਾ ਹੈ। ਸ਼ਾਇਦ ਇਸੇ ਕਰਕੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਰਿਹਾਇਸ਼ 'ਤੇ ਬੀਤੀ 1 ਮਾਰਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਟ ਪਾਠ ਚੱਲ ਰਹੇ ਹਨ। ਜਿਸ ਦਾ ਭੋਗ ਵੋਟਾਂ ਦੀ ਗਿਣਤੀ ਵਾਲੇ ਦਿਨ 6 ਮਾਰਚ ਨੂੰ ਪੈਣਾ ਹੈ। ਜਿਸ ਦੀ ਸੇਵਾ ਨਾਨਕਸਰ ਟਕਸਾਲ (ਜਗਰਾਓਂ) ਦੇ ਗ੍ਰੰਥੀ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਬਾਦਲ ਦੀ ਸੰਸਦ ਮੈਂਬਰ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਸੰਪਟ ਪਾਠ ਦੇ ਪ੍ਰਕਾਸ਼ ਵਾਲੇ ਦਿਨ ਤੋਂ ਪਿੰਡ ਬਾਦਲ ਵਿਖੇ ਰਿਹਾਇਸ਼ 'ਤੇ ਹਨ।
              ਵਿਧਾਨਸਭਾ ਚੋਣਾਂ ਦੇ ਨਤੀਜੇ ਆਉਣ ' ਮਹਿਜ਼ ਡੇਢ ਕੁ ਦਿਨ ਬਾਕੀ ਰਹਿਣ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸਵੇਰੇ 11 ਵਜੇ ਪਿੰਡ ਬਾਦਲ ਵਿਖੇ ਪੁੱਜ ਗਏ। ਜਦੋਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦੇਰ ਬਾਦਲ ਪਿੰਡ ਪੁੱਜ ਰਹੇ ਹਨ। ਇਸਤੋਂ ਇਲਾਵਾ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਰੋਜ਼ਾਨਾ ਵਾਂਗ ਆਪਣੀ ਜੱਦੀ ਰਿਹਾਇਸ਼ 'ਤੇ ਵਰਕਰਾਂ ਨੂੰ ਮਿਲ ਰਹੇ ਹਨ। ਪੀ.ਪੀ.ਪੀ. ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਹੁਰਾਂ ਦੀ ਦਿਨ ਚਰਿਆ ਵੀ ਆਮ ਵਾਂਗ ਹੀ ਹੈ।

                  ਪਿੰਡ ਬੱਸ ਅੱਡੇ ਕੋਲ ਖੜ੍ਹੇ ਖੁੰਡ ਚਰਚਾ ਕਰ ਰਹੇ ਬਜ਼ੁਰਗਾਂ ਨੇ ਚੋਣ ਨਤੀਜਿਆਂ ਬਾਰੇ ਪੁੱਛਣ 'ਤੇ ਚੁੱਪੀ ਵੱਟਦਿਆਂ ਪਹਿਲਾਂ ਤਾਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਪੁੱਛਣ 'ਤੇ ਗੁਰਦੇਵ ਸਿੰਘ ਨਾਂਅ ਦੇ ਇੱਕ ਬਜ਼ੁਰਗ ਨੇ ਕਿਹਾ ਕਿ ਤਿਕੋਣਾ ਮੁਕਾਬਲਾ ਹੈ ਕੁਝ ਕਿਹਾ ਨਹੀਂ ਜਾ ਸਕਦਾ ਹੈ। ਸਾਡੇ ਲਈ ਤਿੰਨੋ ਇੱਕੋ ਜਿਹੇ ਹਨ। ਉਥੇ ਹੀ ਕੋਲ ਖੜ੍ਹੇ ਇੱਕ ਹੋਰ ਬਜ਼ੁਰਗ ਨੇ ਕਿਹਾ ਕਿ ਅਸਲ ਮੁਕਾਬਲਾ ਤਾਂ ਦੋ ਭਰਾਵਾਂ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਹਦੇ ਲਈ ਕੁਝ ਕਹੀਏ, ਜਿੱਤਣਾ ਵੀ ਪਿੰਡ ਬਾਦਲ ਨੇ ਹੈ ਤੇ ਹਾਰਨਾ ਵੀ ਇਸੇ ਪਿੰਡ ਦੀ ਕਿਸਮਤ ਵਿਚ ਹੈ।
              ਉਥੋਂ ਮਹਿਜ਼ ਸੌ ਕੁ ਫੁੱਟ ਦੂਰੀ 'ਤੇ ਸਥਿਤ ਹਲਵਾਈ ਦੀਆਂ ਦੁਕਾਨਾਂ 'ਤੇ ਵੱਟੇ ਜਾ ਰਹੇ ਲੱਡੂਆਂ ਅਤੇ ਬਣਾਈ ਜਾ ਲੱਡੂਆਂ ਲਈ ਬੂੰਦੀ ਬਾਰੇ ਪੁੱਛੇ ਜਾਣ 'ਤੇ ਹਲਵਾਈਆਂ ਨੇ ਪੁੱਛੇ ਜਾਣ 'ਤੇ ਜਿੱਤ ਹਾਰ ਦੇ ਮਸਲੇ ਤੋਂ ਖੁਦ ਨੂੰ ਦੂਰ ਕਰਦਿਆਂ ਕਿਹਾ ਕਿ ਵਿਆਹਾਂ ਦਾ ਸੀਜਨ ਹੈ ਇਸ ਲਈ ਬਣਾ ਰਹੇ ਹਾਂ। ਜਦੋਂ ਦੁਕਾਨ ਵਿਚ ਬੇਸਨ ਨਾਲ ਭਰੀਆਂ ਬੋਰੀਆਂ ਬਾਰੇ ਪੁੱਛੇ ਜਾਣ 'ਤੇ ਹਲਵਾਈ ਨੇ ਕਿਹਾ ਤੁਹਾਡੀ ਖ਼ਬਰ ਰਹਿ ਜਾਣੀ ਹੈ ਅਤੇ ਸਾਡੇ ਕੁਝ ਵੱਟਿਆ ਨਹੀਂ ਜਾਣਾ।
               ਬਾਅਦ ਕੁਝ ਮਿੰਟਾਂ ਦੀ ਗੱਲਬਾਤ ਦੌਰਾਨ ਹਲਵਾਈਆਂ ਨੇ ਮੰਨਦਿਆਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਲੱਡੂਆਂ ਬਣਾਉਣ ਦਾ ਆਰਡਰ ਕਿਸੇ ਧਿਰ ਵੱਲੋਂ ਨਹੀਂ ਆਇਆ ਪਰ ਚੋਣ ਨਤੀਜਿਆਂ ਨੂੰ ਲੈ ਕੇ 13-14 ਕੁਇੰਟਲ ਬੇਸਨ ਮੰਗਵਾਇਆ ਗਿਆ ਹੈ। ਜਦੋਂ ਕਿ ਉਸਦੇ ਗੁਆਂਢੀ ਹਲਵਾਈ ਨੇ ਕਿਹਾ ਕਿ ਵੱਡੀ ਗਿਣਤੀ ਲੱਡੂ ਤਾਂ ਲੰਬੀ ਕਸਬੇ ਵਿਚ ਬਣ ਰਹੇ ਹਨ। ਇਸੇ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਦਲਿਤ ਬਜ਼ੁਰਗ ਨੂੰ ਜਦੋਂ ਚੋਣ ਨਤੀਜਿਆਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਤਲਖੀ ਭਰੇ ਲਹਿਜੇ ਵਿਚ ਕਿਹਾ ਕਿ 5 ਵਰ੍ਹਿਆਂ ' ਤਾਂ ਕੁਝ ਮਿਲਿਆ ਹੁਣ ਸਾਨੂੰ ਕੀ ਮਿਲ ਜਾਣਾ

04 March 2012

ਅਨਸਾਰ ਬਰਨੀ ਤੇ ਰੂਬੀ ਢੱਲਾ ਦੀ ਪੰਜਾਬ ’ਚ ਹੋਈ ਸਭ ਤੋਂ ਵੱਧ ਖਾਤਿਰਦਾਰੀ

ਬਰਨੀ ਦੀ ਆਗਰਾ ਤੇ ਅਜਮੇਰ ਫੇਰੀ ਦਾ ਖਰਚਾ ਵੀ ਰਾਜ ਸਰਕਾਰ ਨੇ ਅਦਾ ਕੀਤਾ

                                                    ਚਰਨਜੀਤ ਭੁੱਲਰ ਪੰਜਾਬ ਦੀ ਮਹਿਮਾਨਨਿਵਾਜ਼ੀ ਦਾ ਮੌਜ ਮੇਲਾ ਅਨਸਾਰ ਬਰਨੀ ਤੇ ਰੂਬੀ ਢੱਲਾ ਨੇ ਲੁੱਟ ਲਿਆ। ਪਿਛਲੇ ਪੌਣੇ ਪੰਜ ਵਰ੍ਹਿਆਂ ਦੌਰਾਨ ਪੰਜਾਬ ’ਚ ਅਜਿਹੇ ਮਹਿਮਾਨਾਂ ਵੱਲੋਂ 110 ਗੇੜੇ ਲਾਏ ਗਏ ਜਿਨ੍ਹਾਂ ਨੂੰ ‘ਸਟੇਟ ਗੈਸਟ’ ਦਾ ਰੁਤਬਾ ਦਿੱਤਾ ਗਿਆ ਸੀ। ਵਿਦੇਸ਼ੀ ਮਹਿਮਾਨ ਵਫਦਾਂ ਦੇ ਰੂਪ ਵਿੱਚ ਵੀ ਆਏ ਅਤੇ ਇਕੱਲੇ ਇਕੱਲੇ ਵੀ ਪੰਜਾਬ ਪੁੱਜੇ। ਸਭਨਾਂ ਵਿਦੇਸ਼ੀ ਮਹਿਮਾਨਾਂ ’ਚੋਂ ਜੋ ਟਹਿਲ ਸੇਵਾ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਅਨਸਾਰ ਬਰਨੀ ਅਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਢੱਲਾ ਦੀ ਹੋਈ ਹੈ, ਉਸ ਦਾ ਲੁਤਫ਼ ਹੋਰਨਾਂ ਵਿਦੇਸ਼ੀ ਮਹਿਮਾਨਾਂ ਦੇ ਹਿੱਸੇ ਨਹੀਂ ਆਇਆ। ਅਕਾਲੀ-ਭਾਜਪਾ ਸਰਕਾਰ ਵੱਲੋਂ ਇਨ੍ਹਾਂ ਮਹਿਮਾਨਾਂ ਲਈ ਪੰਜ ਤਾਰਾ ਹੋਟਲਾਂ ’ਚ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਇੰਤਜ਼ਾਮ ਕੀਤਾ ਗਿਆ। ਲੰਮੀਆਂ ਗੱਡੀਆਂ ਕਿਰਾਏ ’ਤੇ ਘੁੰਮਣ ਫਿਰਨ ਲਈ ਦਿੱਤੀਆਂ ਗਈਆਂ। ਫੁੱਲਾਂ ਨਾਲ ਸਵਾਗਤ ਅਤੇ ਮਹਿੰਗੇ ਤੋਹਫੇ ਵੀ ਇਨ੍ਹਾਂ ਮਹਿਮਾਨਾਂ ਨੂੰ ਸਰਕਾਰ ਵੱਲੋਂ ਭੇਟ ਕੀਤੇ ਗਏ। ਪੌਣੇ ਪੰਜ ਵਰ੍ਹਿਆਂ ਦੌਰਾਨ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਟਹਿਲ ਸੇਵਾ ’ਤੇ ਕਰੀਬ 45 ਲੱਖ ਰੁਪਏ ਅਤੇ ਫੁੱਲਾਂ ਅਤੇ ਤੋਹਫਿਆਂ ’ਤੇ 7.26 ਲੱਖ ਰੁਪਏ ਖਰਚੇ ਗਏ। ਵਿਅਕਤੀਗਤ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਨਸਾਰ ਬਰਨੀ ’ਤੇ ਆਇਆ। ਇਹ ਰਕਮ 9.91 ਲੱਖ ਰੁਪਏ ਬਣਦੀ ਹੈ ਜਦੋਂ ਕਿ ਦੂਸਰੇ ਨੰਬਰ ’ਤੇ ਰੂਬੀ ਢੱਲਾ ਹੈ ਜਿਸ ਦਾ 4.83 ਲੱਖ ਰੁਪਏ ਬਣਿਆ।
                   ਪ੍ਰਾਹੁਣਚਾਰੀ ਵਿਭਾਗ ਪੰਜਾਬ ਵੱਲੋਂ ਸੂਚਨਾ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਪਾਕਿਸਤਾਨੀ ਵਫ਼ਦਾਂ ਅਤੇ ਪ੍ਰਾਹੁਣਿਆਂ ਵੱਲੋਂ ਪੰਜਾਬ ਦੇ 31 ਗੇੜੇ ਲਾਏ ਗਏ ਹਨ। ਪਾਕਿਸਤਾਨੀ ਮਹਿਮਾਨਾਂ ’ਤੇ ਸਰਕਾਰ ਵੱਲੋਂ 15,08,904 ਰੁਪਏ ਦਾ ਖਰਚ  ਕੀਤਾ ਗਿਆ ਹੈ। ਸਭ ਤੋਂ ਮਹਿੰਗਾ ਦੌਰਾ ਅਨਸਾਰ ਬਰਨੀ ਦਾ 6 ਅਪਰੈਲ, 2008 ਤੋਂ 17 ਅਪਰੈਲ 2008 ਤਕ ਦਾ ਰਿਹਾ ਹੈ। ਉਹ 9 ਤੋਂ 11 ਅਪਰੈਲ ਤਕ ਆਗਰਾ ਅਤੇ ਰਾਜਸਥਾਨ ਗਏ ਅਤੇ ਉੱਥੋਂ ਦੇ ਖਾਣ-ਪੀਣ ਦਾ ਖਰਚਾ 11054 ਰੁਪਏ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਬਰਨੀ ਦੀ ਟਰਾਂਸਪੋਰਟ ਦਾ ਖਰਚਾ ਦੋ ਲੱਖ ਰੁਪਏ ਆਇਆ। ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਤਿੰਨ ਦਿਨਾ ਦੌਰੇ ਦਾ ਖਰਚਾ 4,64,609 ਰੁਪਏ ਰਿਹਾ। ਤੋਹਫਿਆਂ ਦੀ ਗੱਲ ਕਰੀਏ ਤਾਂ ਬਰਨੀ ਨੂੰ ਸਰਕਾਰ ਤਰਫੋਂ 12,179 ਰੁਪਏ ਦਾ ਸਿਲਵਰ ਮੋਮੈਂਟੋ ਦਿੱਤਾ ਗਿਆ। ਫਰੇਮਾਂ ਸਮੇਤ 13 ਪੋਰਟਰੇਟ ਵੀ ਤੋਹਫੇ ਵਜੋਂ ਦਿੱਤੇ ਗਏ ਜਿਨ੍ਹਾਂ ’ਤੇ 63,700 ਰੁਪਏ ਖਰਚ ਆਏ। ਏਨੀ ਟਹਿਲ ਸੇਵਾ ਕਿਸੇ ਹੋਰ ਵਿਦੇਸ਼ੀ ਮਹਿਮਾਨ ਦੀ ਵਿਅਕਤੀਗਤ ਰੂਪ ਵਿੱਚ ਨਹੀਂ ਹੋਈ।
ਰੂਬੀ ਢੱਲਾ ’ਤੇ ਸਰਕਾਰੀ ਖਰਚਾ 4,83,436 ਰੁਪਏ ਹੋਇਆ। ਢੱਲਾ 16 ਜਨਵਰੀ, 2008 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਮੁੱਖ ਮੰਤਰੀ ਵੱਲੋਂ ਰੂਬੀ ਨੂੰ 4200 ਰੁਪਏ ਦੀ ਕੀਮਤ ਦੇ ਦੋ ਦੁਪੱਟੇ ਤੋਹਫੇ ਵਜੋਂ ਦਿੱਤੇ ਗਏ ਅਤੇ ਦਰਬਾਰ ਸਾਹਿਬ ਦੀ 6090 ਰੁਪਏ ਦੀ  ਤਸਵੀਰ ਵੀ ਤੋਹਫੇ ਵਜੋਂ ਭੇਟ ਕੀਤੀ ਗਈ। ਉਸ ਤੋਂ ਪਹਿਲਾਂ ਰੂਬੀ ਢੱਲਾ 3 ਤੋਂ 4 ਜਨਵਰੀ 2008 ਤਕ ਅੰਮ੍ਰਿਤਸਰ ਦੇ ਮੋਹਨ ਇੰਟਰਨੈਸ਼ਨਲ ਹੋਟਲ ਵਿੱਚ ਠਹਿਰੀ ਜਿੱਥੋਂ ਦੇ ਖਾਣੇ ਆਦਿ ਦਾ ਖਰਚਾ 16893 ਰੁਪਏ ਪੰਜਾਬ ਸਰਕਾਰ ਤਰਫੋਂ ਦਿੱਤਾ ਗਿਆ। ਉਸ ਮਗਰੋਂ ਰੂਬੀ ਢੱਲਾ ਫਿਰ ਆਪਣੇ ਪਰਿਵਾਰ ਸਮੇਤ 6 ਜਨਵਰੀ, 2011 ਨੂੰ ਪੰਜਾਬ ਆਈ। ਉਹ ਕਾਫੀ ਸਮਾਂ ਪੰਜਾਬ ਰਹੀ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਟਰਾਂਸਪੋਰਟ ਦਾ ਖਰਚਾ 3,00,656 ਰੁਪਏ ਤਾਰਿਆ ਗਿਆ। ਇਸ ਤੋਂ ਇਲਾਵਾ 1,55,597 ਰੁਪਏ ਦਾ ਵੱਖਰਾ ਬਿੱਲ ਤਾਰਿਆ ਗਿਆ। ਇਵੇਂ ਹੀ ਕੈਨੇਡਾ ਦੇ ਐਮ.ਪੀ. ਗੁਰਬਖਸ਼ ਸਿੰਘ ਮੱਲ੍ਹੀ ਦੀ ਟਹਿਲ ਸੇਵਾ ’ਤੇ ਸਰਕਾਰ ਨੇ 1,53,236 ਰੁਪਏ ਖਰਚ ਕੀਤੇ। ਉਨ੍ਹਾਂ ਨੂੰ ਡੈਲੀਗੇਸ਼ਨ ਸਮੇਤ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਠਹਿਰਾਇਆ ਗਿਆ ਜਿਸ ਦਾ ਖਰਚਾ 82908 ਰੁਪਏ ਆਇਆ। ਪੰਜਾਬ ਸਰਕਾਰ ਨੂੰ ਸਭ ਤੋਂ ਸਸਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ ਅਤੇ ਟਿੱਮ ਉੱਪਲ ਪਏ। ਦੁਸਾਂਝ ਦੇ ਪੰਜਾਬ ਦੇ ਦੋ ਗੇੜਿਆਂ ’ਤੇ ਸਿਰਫ 20,488 ਰੁਪਏ ਖਰਚ ਆਏ ਜਦੋਂ ਕਿ ਟਿੱਮ ਉੱਪਲ ਦੇ ਦੌਰੇ ’ਤੇ ਸਿਰਫ 1218 ਰੁਪਏ ਹੀ ਖਰਚ ਕਰਨੇ ਪਏ। ਡੈਲੀਗੇਸ਼ਨ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਮਰੀਕੀ ਵਫ਼ਦ ’ਤੇ ਆਇਆ ਹੈ ਜੋ ਕਿ 10 ਅਕਤੂਬਰ, 2007 ਨੂੰ ਪੰਜਾਬ ਆਇਆ ਸੀ। ਇਸ ਵਫ਼ਦ ’ਤੇ ਸਰਕਾਰ ਵੱਲੋਂ 8,63,609 ਰੁਪਏ ਖਰਚ ਕੀਤੇ ਗਏ।